ਈਰਾਨ ਵਿੱਚ ਲਾਪਤਾ ਹੋਏ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਭਾਰਤ ਵਾਪਸੀ, 'ਮੇਰੇ ਪੂਰੇ ਸਰੀਰ 'ਤੇ ਮਾਰੇ ਗਏ ਚਾਕੂਆਂ ਦੇ ਨਿਸ਼ਾਨ ਹਨ'

ਤਸਵੀਰ ਸਰੋਤ, Source by Kulveer Singh
ਪੰਜਾਬ ਦੇ ਤਿੰਨ ਨੌਜਵਾਨ ਜੋ ਮਈ ਮਹੀਨੇ ਆਸਟ੍ਰੇਲੀਆ ਲਈ ਘਰੋਂ ਨਿਕਲੇ ਸਨ ਤੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਕਥਿਤ ਤੌਰ ਉੱਤੇ ਈਰਾਨ ਵਿੱਚ ਅਗਵਾ ਕਰ ਲਿਆ ਸੀ, ਹੁਣ ਉਹ ਵਾਪਸ ਭਾਰਤ ਆ ਗਏ ਹਨ।
ਧੂਰੀ ਦੇ ਰਹਿਣ ਵਾਲੇ ਹੁਸਨਪ੍ਰੀਤ ਸਿੰਘ ਨੂੰ ਵੀ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਈਰਾਨ ਭੇਜ ਦਿੱਤਾ ਗਿਆ ਸੀ, ਜਿੱਥੇ ਉਹ ਆਪਣੇ ਦੋ ਦੋਸਤਾਂ, ਅੰਮ੍ਰਿਤਪਾਲ ਸਿੰਘ ਅਤੇ ਜਸਪਾਲ ਸਿੰਘ ਸਮੇਤ ਕਿਡਨੈਪ ਹੋ ਗਏ ਸਨ।
ਵਾਪਸ ਪਰਤ ਕੇ ਹੁਸਨਪ੍ਰੀਤ ਨੇ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਨਾਲ ਗੱਲ ਕਰਦਿਆਂ ਦੱਸਿਆ ਕਿ ਇਰਾਨ ਪਹੁੰਚਣ ʼਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਤਿੰਨ ਦਿਨ ਦੇ ਲਈ ਏਅਰਪੋਰਟ ਦੇ ਉੱਪਰ ਸਟੇਅ ਹੈ, ਤੁਸੀ ਏਅਰਪੋਰਟ ਆਊਟ ਨਹੀਂ ਕਰਨਾ।
"ਏਅਰਪੋਰਟ ਦੇ ਉੱਪਰ ਏਜੰਟ ਤੋਂ ਸਾਡੀਆਂ ਫੋਟੋਆਂ ਮੰਗਵਾਈਆਂ ਤੇ ਇਸ ਤੋਂ ਬਾਅਦ ਸਾਨੂੰ ਉਥੋਂ ਕਿਡਨੈਪਰ ਲੈ ਗਏ। ਰਸਤੇ ਦੇ ਵਿੱਚ ਹੀ ਉਨ੍ਹਾਂ ਨੇ ਸਾਡੇ ਮੋਬਾਇਲ ਅਤੇ ਪਾਸਪੋਰਟ ਜ਼ਬਤ ਕਰ ਲਏ।"
"ਇਸ ਤੋਂ ਬਾਅਦ ਇੱਕ ਮਹੀਨਾ ਉਨ੍ਹਾਂ ਨੇ ਸਾਨੂੰ ਤਸੀਹੇ ਦਿੱਤੇ, ਮੇਰੇ ਪੂਰੇ ਸਰੀਰ ਦੇ ਉੱਪਰ ਉਨ੍ਹਾਂ ਵੱਲੋਂ ਮਾਰੇ ਗਏ ਚਾਕੂਆਂ ਦੇ ਨਿਸ਼ਾਨ ਹਨ। ਮੇਰੀ ਲੱਤ ਹਾਲੇ ਵੀ ਜਖ਼ਮੀ ਹੈ।"
ਹੁਸਨਪ੍ਰੀਤ ਨੇ ਦੱਸਿਆ ਕਿ ਉਹ ਹੁਣ ਵੀ ਮਾਨਸਿਕ ਤੌਰ ʼਤੇ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੇ ਸਿਰ ਦੇ ਉੱਪਰ ਬਾਰਬੀਕਿਊ ਦੀਆਂ ਚਿਕਨ ਸਟਿਕ ਨੂੰ 15 ਮਿੰਟ ਤੱਕ ਮਾਰਿਆ ਗਿਆ।
ਉਹ ਦੱਸਦੇ ਹਨ ਕਿ ਕਿਡਨੈਪਰ ਜ਼ਿਆਦਾਤਰ ਪਾਕਿਸਤਾਨੀ ਪੰਜਾਬੀ ਬੋਲਦੇ ਸਨ ਤੇ ਇੱਕ ਉਨ੍ਹਾਂ ਦੇ ਵਿੱਚੋਂ ਇਰਾਨੀ ਸੀ।
ਸ਼ੁਰੂ ਦੇ ਵਿੱਚ ਉਨ੍ਹਾਂ ਨੇ ਦੋ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਇਸ ਤੋਂ ਬਾਅਦ ਇੱਕ ਕਰੋੜ ਮੰਗਿਆ ਤੇ ਆਖ਼ਰ ਦੇ ਵਿੱਚ ਉਨ੍ਹਾਂ ਨੇ 54 ਲੱਖ ਦੀ ਮੰਗ ਰੱਖੀ।
ਇਸ ਸਮੇਂ ਦੌਰਾਨ ਉਨਾਂ ਦੀ ਆਪਣੇ ਭਰਾ ਮਨਪ੍ਰੀਤ ਦੇ ਨਾਲ ਗੱਲ ਹੋ ਰਹੀ ਸੀ, ਉਨਾਂ ਨੇ ਆਪਣੀ ਮਦਦ ਦੇ ਲਈ ਕੇਂਦਰ ਸਰਕਾਰ ਅਤੇ ਈਰਾਨ ਦੇ ਵਿੱਚ ਭਾਰਤੀ ਐਂਬੈਸੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, Family
ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਵੱਲੋਂ ਗੁਹਾਰ ਲਗਾਏ ਜਾਣ ਤੋਂ ਬਾਅਦ ਅਤੇ ਭਾਰਤੀ ਦਖ਼ਲਅੰਦਾਜ਼ੀ ਤੋਂ ਬਾਅਦ ਜੂਨ ਵਿੱਚ ਜੂਨ ਵਿੱਚ ਇਨ੍ਹਾਂ ਨੂੰ ਈਰਾਨ ਦੀ ਪੁਲਿਸ ਵੱਲੋਂ ਛੁਡਵਾ ਲਿਆ ਸੀ।
ਉਸ ਵੇਲੇ ਈਰਾਨ ਦੇ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਜਾਣਕਾਰੀ ਸਾਂਝੀ ਕਰਦੇ ਹੋਏ ਈਰਾਨ ਪੁਲਿਸ ਦੇ ਹਵਾਲੇ ਨਾਲ ਲਿਖਿਆ ਸੀ, "ਸਥਾਨਕ ਮੀਡੀਆ ਮੁਤਾਬਕ ਈਰਾਨ ਵਿੱਚ ਲਾਪਤਾ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਪੁਲਿਸ ਵੱਲੋਂ ਰਿਹਾਅ ਕਰਵਾ ਲਿਆ ਗਿਆ ਹੈ।"
ਜ਼ਿਲ੍ਹਾ ਸੰਗਰੂਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨਾਲ ਸਬੰਧਿਤ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਇਲਜ਼ਾਮ ਸੀ ਕਿ ਇਨ੍ਹਾਂ ਮੁੰਡਿਆਂ ਨੂੰ ਈਰਾਨ ਵਿੱਚ ਹੀ ਅਗਵਾ ਕਰ ਲਿਆ ਗਿਆ ਸੀ।
ਲਾਪਤਾ ਨੌਜਵਾਨਾਂ ਦੇ ਪਰਿਵਾਰ ਨੇ ਕੀ ਦੱਸਿਆ ਸੀ

ਤਸਵੀਰ ਸਰੋਤ, Pradeep Kumar Sharma/BBC
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, 23 ਸਾਲਾ ਅੰਮ੍ਰਿਤਪਾਲ ਸਿੰਘ ਆਪਣੇ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ ਪਰ ਉੱਥੇ ਪਹੁੰਚੇ ਨਹੀਂ ਸਨ।
ਅੰਮ੍ਰਿਤਪਾਲ ਦੀ ਮਾਤਾ ਗੁਰਦੀਪ ਕੌਰ ਨੇ ਦੱਸਿਆ, "ਅੰਮ੍ਰਿਤਪਾਲ ਦਾ ਹਾਲੇ ਤੱਕ ਕੋਈ ਫ਼ੋਨ ਨਹੀਂ ਆਇਆ। ਪਰ ਇਹ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ।"
ਗੁਰਦੀਪ ਕੌਰ ਨੇ ਭਾਰਤ ਅਤੇ ਈਰਾਨ ਦੀ ਸਰਕਾਰ ਦਾ ਧੰਨਵਾਦ ਕਰਨ ਦੇ ਨਾਲ-ਨਾਲ ਮੀਡੀਆ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਪਰਿਵਾਰ ਦੇ ਇੱਕ ਮੈਂਬਰ ਨਾਲ ਗੱਲ ਕੀਤੀ ਸੀ ਅਤੇ ਪੁਸ਼ਟੀ ਕੀਤੀ ਸੀ ਕਿ ਰਿਹਾਅ ਹੋ ਗਏ ਹਨ।
ਇਸ ਘਟਨਾ ਤੋਂ ਬਾਅਦ ਏਜੰਟ ਨਾਲ ਵੀ ਕੋਈ ਗੱਲਬਾਤ ਹੋਣ ਬਾਰੇ ਉਨ੍ਹਾਂ ਕਿਹਾ ਕਿ ਏਜੰਟ ਨੇ ਪਹਿਲਾਂ ਕਿਹਾ ਸੀ ਕਿ ਉਹ ਬੱਚਿਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਉਸ ਵੱਲੋਂ ਕੋਈ ਵੀ ਰਾਬਤਾ ਨਹੀਂ ਕੀਤਾ ਗਿਆ ਹੈ।
ਗੁਰਦੀਪ ਕੌਰ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐੱਫ਼ਆਈਆਰ ਜ਼ਰੂਰ ਦਰਜ ਕੀਤੀ ਹੈ ਪਰ ਹਾਲੇ ਤੱਕ ਕਿਸੇ ਦੀ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪਰਿਵਾਰ ਨੇ ਕਰੀਬ 18 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਤਾਂ ਜੋ ਅੰਮ੍ਰਿਤਪਾਲ ਸਿੰਘ ਆਸਟ੍ਰੇਲੀਆ ਪਹੁੰਚ ਸਕਣ। ਪਰਿਵਾਰ ਦਾ ਦਾਅਵਾ ਹੈ ਕਿ ਇਹ ਪੈਸੇ ਉਨ੍ਹਾਂ ਨੇ ਰਿਸ਼ਤੇਦਾਰਾਂ ਦੀ ਮਦਦ ਨਾਲ ਇਕੱਠੇ ਕੀਤੇ ਸਨ।
'ਕੇਂਦਰ ਸਰਕਾਰ ਦੇ ਉਪਰਾਲਿਆਂ ਕਰਕੇ ਹੋਏ ਰਿਹਾਅ'

ਤਸਵੀਰ ਸਰੋਤ, Pradeep Kumar Sharma/BBC
ਅੰਮ੍ਰਿਤਪਾਲ ਸਿੰਘ ਨੇ ਆਪਣੇ ਰਿਹਾਅ ਹੋਣ ਬਾਰੇ ਮਾਮੇ ਦੇ ਬੇਟੇ ਯੁੱਧਵੀਰ ਸਿੰਘ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਸੀ।
ਯੁੱਧਵੀਰ ਸਿੰਘ ਕਹਿੰਦੇ ਹਨ,"ਉਸ ਨੇ ਸਿਰਫ਼ ਕੁਝ ਸੈਕਿੰਟਾਂ ਦੀ ਕਾਲ ਕੀਤੀ ਸੀ। ਇਹ ਕੇਂਦਰ ਸਰਕਾਰ ਦੇ ਉਪਰਾਲਿਆਂ ਸਕਦਾ ਹੋਇਆ ਹੈ ਅਤੇ ਅਸੀਂ ਕੇਂਦਰ ਸਰਕਾਰ ਦੇ ਸ਼ੁਕਰਗ਼ੁਜ਼ਾਰ ਹਾਂ।"
ਯੁੱਧਵੀਰ ਸਿੰਘ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪਰਿਵਾਰ ਦਾ ਸਾਥ ਨਹੀਂ ਦਿੱਤਾ ਗਿਆ ਅਤੇ ਕਿਸੇ ਵੱਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਏਜੰਟ ਖ਼ਿਲਾਫ਼ ਐੱਫ਼ਆਈਆਰ ਦਰਜ ਹੋਈ ਉਸ ਦੇ ਬਾਅਦ ਤੋਂ ਉਸ ਦਾ ਫ਼ੋਨ ਸਵਿੱਚ ਆਫ਼ ਆ ਰਿਹਾ ਹੈ।
ਯੁੱਧਵੀਰ ਨੇ ਨੌਜਵਾਨਾਂ ਨੂੰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਸਲਾਹ ਦਿੱਤੀ।
'ਬੱਚੇ ਦੇ ਵਾਪਸ ਆਉਣ ਦੀ ਆਸ ਤਾਂ ਬੱਝੀ ਹੈ' - ਜਸਪਾਲ ਸਿੰਘ ਦੀ ਮਾਂ

ਤਸਵੀਰ ਸਰੋਤ, Family
ਇੱਕ ਹੋਰ ਨੌਜਵਾਨ ਜਸਪਾਲ ਸਿੰਘ ਦਾ ਪਰਿਵਾਰ ਸ਼ਹੀਦ ਭਗਤ ਸਿੰਘ ਨਗਰ ਦੇ ਲੰਗੜੋਆ ਪਿੰਡ ਵਿੱਚ ਆਪਣੇ ਛੋਟੇ ਜਿਹੇ ਘਰ ਵਿੱਚ ਬੈਠਾ ਆਪਣੇ ਪੁੱਤ ਦੇ ਵਾਪਸ ਆਉਣ ਦੀ ਉਡੀਕ ਵਿੱਚ ਹੈ।
ਜਸਪਾਲ ਸਿੰਘ ਦੇ ਮਾਂ ਨਰਿੰਦਰ ਕੌਰ ਨੇ ਕਿਹਾ,"ਸਾਨੂੰ ਅਖ਼ਬਾਰ ਪੜ੍ਹ ਕੇ ਪਤਾ ਲੱਗਿਆ ਹੈ ਕਿ ਸਾਡੇ ਬੱਚੇ ਨੂੰ ਈਰਾਨ ਦੀ ਅੰਬੈਸੀ ਨੇ ਛੁਡਵਾ ਲਿਆ ਹੈ। ਇਸ ਤੋਂ ਇਲਾਵਾ ਸਾਨੂੰ ਕੋਈ ਜਾਣਕਾਰੀ ਨਹੀਂ ਹੈ।"
ਪਰਿਵਾਰ ਨੇ ਦੱਸਿਆ ਕਿ ਜਸਪਾਲ ਸਿੰਘ 1 ਅਪ੍ਰੈਲ ਨੂੰ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਫ਼ਿਰ ਪਰਿਵਾਰ ਨੂੰ ਮਹੀਨੇ ਬਾਅਦ ਪਤਾ ਲੱਗਿਆ ਕਿ ਉਹ 1 ਮਈ ਨੂੰ ਈਰਾਨ ਪਹੁੰਚਿਆ ਸੀ।
“1 ਮਈ ਨੂੰ ਜਸਪਾਲ ਨੇ ਈਰਾਨ ਏਅਰਪੋਰਟ 'ਤੇ ਪਹੁੰਚ ਜਾਣ ਬਾਰੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਵੀ ਸੀ।”
ਪਰਿਵਾਰ ਦਾ ਦਾਅਵਾ ਹੈ ਕਿ ਉਸੇ ਸਮੇਂ ਏਜੰਟ ਨੇ ਵੀ ਫ਼ੌਰਨ ਇੱਕ ਲੱਖ ਰੁਪਿਆ ਮੰਗਿਆ ਸੀ ਅਤੇ ਜਸਪਾਲ ਨੂੰ ਫ਼ੋਨ ਨਾ ਕਰਨ ਦਾ ਤਾਕੀਦ ਵੀ ਕੀਤੀ ਸੀ।

ਤਸਵੀਰ ਸਰੋਤ, Pradeep
ਨਰਿੰਦਰ ਕੌਰ ਨੇ ਕਿਹਾ,"ਰਾਤ ਨੂੰ ਕਰੀਬ ਸਾਢੇ ਤਿੰਨ ਵਜੇ ਜਸਪਾਲ ਨੇ ਫ਼ੋਨ ਕੀਤਾ ਸੀ ਅਤੇ ਕਿਹਾ ਕਿ ਸਾਨੂੰ ਤਿੰਨ ਮੁੰਡਿਆਂ ਨੂੰ ਪਾਕਿਸਤਾਨ ਦੇ ਡੌਂਕਰਾਂ ਨੇ ਅਗਵਾ ਕਰ ਲਿਆ ਹੈ ਅਤੇ ਛੱਡਣ ਬਦਲੇ 18 ਲੱਖ ਰੁਪਏ ਦੀ ਮੰਗ ਕੀਤੀ ਹੈ।
ਉਨ੍ਹਾਂ ਇਲਜ਼ਾਮ ਲਾਇਆ, "ਇਸ ਤੋਂ ਪਹਿਲਾਂ ਜਦੋਂ ਜਸਪਾਲ ਨਾਲ ਵੀਡੀਓ ਕਾਲ ਰਾਹੀਂ ਗੱਲ ਹੋਈ ਸੀ, ਉਸ ਸਮੇਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੋਈ ਸੀ ਅਤੇ ਬੱਚੇ ਕਾਫੀ ਜ਼ਖ਼ਮੀ ਸਨ।"
ਪਰਿਵਾਰ ਦਾ ਦਾਅਵਾ ਹੈ ਕਿ ਏਜੰਟ ਦਾ ਫ਼ੋਨ ਬੰਦ ਹੈ ਅਤੇ ਉਸ ਨਾਲ ਉਨ੍ਹਾਂ ਦਾ ਕੋਈ ਰਾਬਤਾ ਨਹੀਂ ਹੈ।
ਧੂਰੀ ਦਾ ਹੁਸਨਪ੍ਰੀਤ ਵੀ ਈਰਾਨ ਵਿੱਚ ਬੰਦੀ ਬਣਾਇਆ ਗਿਆ ਸੀ
ਧੂਰੀ ਦੇ ਵਾਰਡ ਨੰਬਰ 21 ਦੇ ਨਗਰ ਨਿਗਮ ਕੌਂਸਲਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਹੱਲੇ ਦਾ ਬੱਚਾ ਇੱਕ ਮਹੀਨਾ ਪਹਿਲਾਂ ਆਸਟ੍ਰੇਲੀਆ ਲਈ ਨਿਕਲਿਆ ਸੀ ਪਰ ਫ਼ਿਰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਉਹ ਈਰਾਨ ਵਿੱਚ ਫ਼ਸ ਗਿਆ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਹੁਸਨਪ੍ਰੀਤ ਦੇ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਮਦਦ ਲਈ ਅਪੀਲ ਕੀਤੀ ਸੀ।
ਫਿਲਹਾਲ ਹੁਸਨਪ੍ਰੀਤ ਦੇ ਵੀ ਰਿਹਾਅ ਹੋਣ ਦੀ ਖ਼ਬਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












