ਦੱਖਣੀ ਭਾਰਤ ਦੇ ਇਸ ਮਸ਼ਹੂਰ ਹਿੰਦੂ ਮੰਦਰ ਤੋਂ ਸੋਨੇ ਦੀ ਚੋਰੀ ਸਬੰਧੀ ਪੂਰਾ ਵਿਵਾਦ ਕੀ ਹੈ

ਸਬਰੀਮਾਲਾ ਮੰਦਰ

ਤਸਵੀਰ ਸਰੋਤ, Vivek Nair

ਤਸਵੀਰ ਕੈਪਸ਼ਨ, ਮੌਜੂਦਾ ਵਿਵਾਦ ਦੇ ਕੇਂਦਰ ਵਿੱਚ ਸਬਰੀਮਾਲਾ ਮੰਦਰ ਦੇ ਦਰਬਾਨਾਂ ਦੀਆਂ ਦੋ ਸੋਨੇ ਦੀਆਂ ਝਾਲਰੀਆਂ ਮੂਰਤੀਆਂ ਹਨ, ਜੋ ਪਵਿੱਤਰ ਸਥਾਨ ਦੇ ਬਾਹਰ ਰੱਖੀਆਂ ਹੁੰਦੀਆਂ ਹਨ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼, ਦਿੱਲੀ ਤੋਂ
    • ਲੇਖਕ, ਅਸ਼ਰਫ ਪਡੰਨਾ
    • ਰੋਲ, ਬੀਬੀਸੀ ਨਿਊਜ਼, ਤਿਰੂਵਨੰਤਪੁਰਮ ਤੋਂ

ਦੱਖਣੀ ਭਾਰਤ ਦਾ ਇੱਕ ਮਸ਼ਹੂਰ ਹਿੰਦੂ ਮੰਦਰ ਉਸ ਵੇਲੇ ਵਿਵਾਦ ਵਿੱਚ ਘਿਰ ਗਿਆ ਜਦੋਂ ਕੇਰਲ ਹਾਈ ਕੋਰਟ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਕੁਝ ਮੂਰਤੀਆਂ ਤੋਂ ਸੋਨੇ ਦੀ ਪਰਤ ਹਟਾ ਦਿੱਤੀ ਗਈ ਹੈ।

ਭਾਰਤੀ ਮੰਦਰਾਂ ਵਿੱਚ ਮੂਰਤੀਆਂ 'ਤੇ ਸੋਨੇ ਅਤੇ ਚਾਂਦੀ ਦੀ ਪਰਤ ਚੜ੍ਹਾਉਣਾ ਆਮ ਗੱਲ ਹੈ, ਜਿਸ ਦਾ ਫੰਡ ਸ਼ਰਧਾਲੂਆਂ ਦੇ ਦਾਨ ਨਾਲ ਆਉਂਦਾ ਹੈ।

ਹਰ ਸਾਲ ਲੱਖਾਂ ਸ਼ਰਧਾਲੂ ਸਬਰੀਮਾਲਾ ਮੰਦਰ ਜਾਂਦੇ ਹਨ ਪਰ ਚੋਰੀ ਨੇ ਸ਼ਰਧਾਲੂਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ ਸੁਰਖੀਆਂ ਵਿੱਚ ਆ ਰਹੀ ਹੈ।

ਕੇਰਲ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਆਈਆਈਟੀ) ਬਣਾਈ ਹੈ।

ਪੁਲਿਸ ਨੇ ਸੋਨੇ ਦੇ ਗਾਇਬ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੰਦਰ ਦੇ ਇੱਕ ਸਾਬਕਾ ਸਹਾਇਕ ਪੁਜਾਰੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਂਚ ਦੀ ਨਿਗਰਾਨੀ ਕਰਨ ਵਾਲੀ ਦੋ ਜੱਜਾਂ ਦਾ ਬੈਂਚ ਸਤੰਬਰ ਮਹੀਨੇ ਤੋਂ ਲਗਾਤਾਰ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਹਿੰਦੂ ਦੇਵਤਾ ਭਗਵਾਨ ਅਯੱਪਾ ਨੂੰ ਸਮਰਪਿਤ ਇਹ ਪਹਾੜੀ ਮੰਦਰ ਕੁਝ ਸਾਲ ਪਹਿਲਾਂ ਵੀ ਸੁਰਖੀਆਂ ਵਿੱਚ ਆਇਆ ਸੀ।

ਇਸ ਮੰਦਰ ਵਿੱਚ ਮਾਹਵਾਰੀ ਦੀ ਉਮਰ ਵਾਲੀਆਂ ਮਹਿਲਾਵਾਂ ਨੂੰ ਦਾਖਲ ਹੋਣ ਦੀ ਮਨਾਹੀ ਹੈ ਅਤੇ ਸੁਪਰੀਮ ਕੋਰਟ ਨੇ ਇਸ ਵਿਤਕਰੇ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ।

ਪਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਅਦਾਲਤ ਆਪਣੇ ਇਤਿਹਾਸਕ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਸਹਿਮਤ ਹੋ ਗਈ ਅਤੇ ਆਪਣੇ ਆਦੇਸ਼ ਨੂੰ ਮੁਅੱਤਲ ਕਰ ਦਿੱਤਾ।

ਕੀ ਚੋਰੀ ਹੋਇਆ ਹੈ?

ਸਬਰੀਮਾਲਾ ਮੰਦਰ
ਤਸਵੀਰ ਕੈਪਸ਼ਨ, ਹਰ ਸਾਲ ਲੱਖਾਂ ਸ਼ਰਧਾਲੂ ਸਬਰੀਮਾਲਾ ਮੰਦਰ ਜਾਂਦੇ ਹਨ

ਮੌਜੂਦਾ ਵਿਵਾਦ ਮੰਦਰ ਦੇ ਪਵਿੱਤਰ ਸਥਾਨ ਦੇ ਬਾਹਰ ਸਥਿਤ ਦੋ ਦਰਬਾਨਾਂ ਦੀਆਂ ਮੂਰਤੀਆਂ ਨਾਲ ਸਬੰਧਤ ਹੈ, ਗਰਭ ਗ੍ਰਹਿ ਵਿੱਚ ਮੁੱਖ ਦੇਵਤਾ ਦੀ ਮੂਰਤੀ ਹੈ।

ਅਦਾਲਤ ਨੇ ਸਤੰਬਰ ਮਹੀਨੇ ਵਿੱਚ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਜਦੋਂ ਅਦਾਲਤ ਦੁਆਰਾ ਨਿਯੁਕਤ ਸਬਰੀਮਾਲਾ ਵਿਸ਼ੇਸ਼ ਕਮਿਸ਼ਨਰ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਕਈ ਥਾਵਾਂ 'ਤੇ ਮੂਰਤੀਆਂ ਤੋਂ ਸੋਨੇ ਦੀ ਪਰਤ ਹਟਾ ਦਿੱਤੀ ਗਈ ਸੀ।

ਸੁਣਵਾਈ ਦੌਰਾਨ ਇੱਕ ਤੋਂ ਬਾਅਦ ਇੱਕ ਆਏ ਆਦੇਸ਼ਾਂ ਵਿੱਚ ਜਸਟਿਸ ਰਾਜਾ ਵਿਜੇਰਾਘਵਨ ਵੀ ਅਤੇ ਕੇਵੀ ਜੈਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਮੰਦਰ ਦੇ ਅਧਿਕਾਰੀਆਂ ਦੁਆਰਾ ਜਮ੍ਹਾਂ ਕੀਤੇ ਗਏ ਰਿਕਾਰਡਾਂ, ਪਹਿਲਾਂ ਅਤੇ ਬਾਅਦ ਦੀਆਂ ਫੋਟੋਆਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ।

ਇਹ "ਭਗਵਾਨ ਅਯੱਪਾ ਨੂੰ ਪਵਿੱਤਰ ਕੀਮਤੀ ਵਸਤੂਆਂ ਦੀ ਚੋਰੀ ਨਾਲ ਜੁੜੇ ਇਸ ਅਸਾਧਾਰਨ ਮਾਮਲੇ" ਵਿੱਚ ਐੱਸਆਈਟੀ ਦੁਆਰਾ ਇਕੱਠੇ ਕੀਤੇ ਗਏ ਸਨ।

ਜੱਜਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੰਦਰ ਦੇ ਅਧਿਕਾਰੀਆਂ ਨੂੰ ਮੂਰਤੀਆਂ ਦੀ ਮੁਰੰਮਤ ਨਾਲ ਸਬੰਧਤ ਪੂਰੀਆਂ ਫਾਈਲਾਂ ਅਤੇ ਰਿਕਾਰਡ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਤਾਂ "ਸਾਨੂੰ ਇਹ ਅਹਿਸਾਸ ਨਹੀਂ ਸੀ ਕਿ ਅਸੀਂ ਅਸਲ ਵਿੱਚ ਭਰਿੰਡਾਂ ਦੇ ਛੱਤੇ ਨੂੰ ਹੱਥ ਪਾ ਰਹੇ ਹਾਂ।''

ਮੰਦਰ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ 30.291 ਕਿਲੋਗ੍ਰਾਮ ਸੋਨਾ ਹੁਣ ਬਦਨਾਮ ਹੋ ਚੁੱਕੇ ਭਗੌੜੇ ਅਰਬਪਤੀ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਦਾਨ ਕੀਤਾ ਗਿਆ ਸੀ।

ਇਸ ਰਕਮ ਦੀ ਵਰਤੋਂ 1998-99 ਵਿੱਚ ਮੂਰਤੀਆਂ ਅਤੇ ਮੰਦਰ ਦੇ ਕਈ ਹਿੱਸਿਆਂ 'ਤੇ ਸੋਨਾ ਚੜ੍ਹਾਉਣ ਲਈ ਕੀਤੀ ਗਈ ਸੀ, ਜਿਸ ਵਿੱਚ ਕੁਝ ਥੰਮ੍ਹ, ਦਰਵਾਜ਼ਿਆਂ ਦੇ ਮਿਹਰਾਬ ਅਤੇ ਭਗਵਾਨ ਅਯੱਪਾ ਦੀਆਂ ਕਹਾਣੀਆਂ ਨੂੰ ਦਰਸਾਉਣ ਵਾਲੇ ਪੈਨਲ ਸ਼ਾਮਲ ਸਨ।

ਅਦਾਲਤ ਨੇ ਕਿਹਾ ਕਿ ਜੁਲਾਈ 2019 ਵਿੱਚ ਮੰਦਰ ਦਾ ਪ੍ਰਬੰਧਨ ਕਰਨ ਵਾਲੇ ਤ੍ਰਾਵਣਕੋਰ ਦੇਵਸਵਮ ਬੋਰਡ (ਟੀਡੀਬੀ) ਨੇ ਮੁੱਖ ਸ਼ੱਕੀ, ਉਨੀਕ੍ਰਿਸ਼ਨਨ ਪੋਟੀ, ਜੋ ਕਿ ਸਬਰੀਮਾਲਾ ਦੇ ਸਾਬਕਾ ਸਹਾਇਕ ਪੁਜਾਰੀ ਸਨ, ਨੂੰ ਨਵੀਂ ਸੋਨੇ ਦੀ ਪਰਤ ਚੜ੍ਹਾਉਣ ਲਈ ਮੂਰਤੀਆਂ ਨੂੰ ਬਾਹਰ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ।

ਸਬਰੀਮਾਲਾ ਮੰਦਰ
ਤਸਵੀਰ ਕੈਪਸ਼ਨ, ਸਿਰਫ਼ ਛੋਟੀਆਂ ਕੁੜੀਆਂ ਜਾਂ ਬਜ਼ੁਰਗ ਮਹਿਲਾ ਸ਼ਰਧਾਲੂ ਹੀ ਮੰਦਰ ਵਿੱਚ ਦਾਖਲ ਹੋ ਸਕਦੀਆਂ ਹਨ

ਜਦੋਂ ਉਨ੍ਹਾਂ ਨੂੰ ਦੋ ਮਹੀਨੇ ਬਾਅਦ ਵਾਪਸ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਤੋਲਿਆ ਨਹੀਂ ਗਿਆ। ਪਰ ਅਦਾਲਤ ਨੇ ਕਿਹਾ ਕਿ ਬਾਅਦ ਦੀਆਂ ਜਾਂਚਾਂ ਵਿੱਚ ਕਾਫ਼ੀ ਘੱਟ ਭਾਰ ਦਾ ਖੁਲਾਸਾ ਹੋਇਆ।

ਐੱਸਆਈਟੀ ਦੁਆਰਾ ਹੋਰ ਜਾਂਚ ਵਿੱਚ ਚੌਂਕੀਆਂ ਅਤੇ ਦਰਵਾਜ਼ਿਆਂ ਦੀਆਂ ਚੁਗਾਠਾਂ ਤੋਂ ਚੋਰੀਆਂ ਦਾ ਖੁਲਾਸਾ ਹੋਇਆ ਹੈ, ਅਤੇ ਅਦਾਲਤ ਨੇ ਕਿਹਾ ਹੈ ਕਿ 2019 ਤੋਂ ਲਗਭਗ 4.54 ਕਿਲੋਗ੍ਰਾਮ ਸੋਨਾ ਗਾਇਬ ਹੋ ਗਿਆ ਹੈ।

ਗੁੰਮ ਹੋਏ ਸੋਨੇ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਜੱਜਾਂ ਨੇ ਇਸ ਨੂੰ "ਸੋਨੇ ਦੀ ਚੋਰੀ ਅਤੇ ਲੁੱਟ" ਕਿਹਾ।

ਅਦਾਲਤ ਨੇ ਨੋਟ ਕੀਤਾ ਕਿ ਇਹ ਬਹੁਤ ਹੀ ਅਸਾਧਾਰਨ ਸੀ ਕਿ ਪੋਟੀ ਨੂੰ ਮੂਰਤੀਆਂ ਬਾਹਰ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਹਾਲਾਂਕਿ ਮੁਰੰਮਤ ਦਾ ਕੰਮ ਆਮ ਤੌਰ 'ਤੇ ਮੰਦਰ ਦੇ ਅੰਦਰ ਕੀਤਾ ਜਾਂਦਾ ਹੈ।

ਅਦਾਲਤ ਨੇ ਅੱਗੇ ਕਿਹਾ ਕਿ "ਕੀਮਤੀ ਸਮਾਨ ਉਨ੍ਹਾਂ ਨੂੰ ਸੌਂਪਦੇ ਸਮੇਂ,"ਮੰਦਰ ਬੋਰਡ ਨੇ ਸੋਨੇ ਨਾਲ ਮੜ੍ਹੇ ਸਮਾਨ ਨੂੰ "ਤਾਂਬੇ ਦੀਆਂ ਪਲੇਟਾਂ" ਵਜੋਂ ਦਰਜ ਕੀਤਾ ਸੀ।

ਮੁਰੰਮਤ ਤੋਂ ਬਾਅਦ ਪੋਟੀ ਨੂੰ ''ਗਲਤ ਢੰਗ ਨਾਲ ਲਗਭਗ 474.9 ਗ੍ਰਾਮ ਸੋਨਾ ਰੱਖਣ ਦੀ ਗਲਤ ਇਜਾਜ਼ਤ" ਦੇਣ ਲਈ ਜੱਜਾਂ ਨੇ ਮੰਦਰ ਬੋਰਡ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ।

ਅਦਾਲਤ ਨੇ ਪੋਟੀ ਦੁਆਰਾ ਬੋਰਡ ਨੂੰ ਭੇਜੀ ਗਈ ਇੱਕ ਈਮੇਲ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ "ਆਪਣੇ ਜਾਣਕਾਰ ਜਾਂ ਰਿਸ਼ਤੇਦਾਰ ਦੀ ਕੁੜੀ ਦੇ ਵਿਆਹ" ਲਈ "ਵਧੇਰੇ ਸੋਨਾ" ਵਰਤਣ ਦੀ ਇਜਾਜ਼ਤ ਮੰਗੀ ਸੀ।

ਅਦਾਲਤ ਨੇ ਕਿਹਾ ਕਿ ਇਹ "ਬਹੁਤ ਚਿੰਤਾਜਨਕ ਹੈ ਅਤੇ ਇੱਕ ਵਾਰ ਫਿਰ ਇਸ ਮਾਮਲੇ ਵਿੱਚ ਕੀਤੀਆਂ ਗਈਆਂ ਬੇਨਿਯਮੀਆਂ ਦੀ ਹੱਦ ਨੂੰ ਉਜਾਗਰ ਕਰਦਾ ਹੈ।"

ਸ਼ੱਕੀ ਅਤੇ ਉਨ੍ਹਾਂ ਦਾ ਸਪੱਸ਼ਟੀਕਰਨ

ਸਬਰੀਮਾਲਾ ਮੰਦਰ
ਤਸਵੀਰ ਕੈਪਸ਼ਨ, ਸਬਰੀਮਾਲਾ ਭਾਰਤ ਦੇ ਸਭ ਤੋਂ ਪ੍ਰਸਿੱਧ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ

ਪੋਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬੀਬੀਸੀ ਉਨ੍ਹਾਂ ਨਾਲ ਗੱਲ ਨਹੀਂ ਕਰ ਸਕਿਆ।

ਹਾਲਾਂਕਿ, ਜਦੋਂ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਉਡੀਕ ਕਰ ਰਹੇ ਪੱਤਰਕਾਰਾਂ 'ਤੇ ਚੀਕਦੇ ਹੋਏ ਕਿਹਾ ਕਿ ਉਨ੍ਹਾਂ ਨੂੰ "ਫਸਾਇਆ ਜਾ ਰਿਹਾ ਹੈ।"

ਉਨ੍ਹਾਂ ਕਿਹਾ, "ਸੱਚ ਸਾਹਮਣੇ ਆਵੇਗਾ। ਜਿਨ੍ਹਾਂ ਨੇ ਮੈਨੂੰ ਇਸ ਵਿੱਚ ਫਸਾਇਆ, ਉਹ ਕਾਨੂੰਨ ਦਾ ਸਾਹਮਣਾ ਕਰਨਗੇ। ਸਭ ਕੁਝ ਸਾਹਮਣੇ ਆ ਜਾਵੇਗਾ।"

ਪਿਛਲੇ ਕੁਝ ਦਿਨਾਂ ਵਿੱਚ ਪੁਲਿਸ ਨੇ ਬੋਰਡ ਦੇ ਦੋ ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬੋਰਡ ਦੇ ਚੇਅਰਮੈਨ ਪੀਐੱਸ ਪ੍ਰਸ਼ਾਂਤ ਵੀ ਜਾਂਚ ਅਧੀਨ ਹਨ ਅਤੇ ਉਨ੍ਹਾਂ ਨੇ ਬੀਬੀਸੀ ਦੀਆਂ ਕਾਲਾਂ ਜਾਂ ਸੰਦੇਸ਼ਾਂ ਦਾ ਜਵਾਬ ਨਹੀਂ ਦਿੱਤਾ।

ਉਨ੍ਹਾਂ ਨੇ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੌਜੂਦਾ ਬੋਰਡ ਦਾ ਇਸ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਇਹ ਵੀ ਕਿਹਾ ਕਿ ਉਹ "ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ" ਅਤੇ "ਉਮੀਦ ਹੈ ਕਿ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।"

ਵੀਡੀ ਸਤੀਸ਼ਨ

ਐੱਸਆਈਟੀ ਨੂੰ ਆਪਣੀ ਜਾਂਚ ਪੂਰੀ ਕਰਨ ਲਈ ਛੇ ਹਫ਼ਤੇ ਦਿੱਤੇ ਗਏ ਹਨ ਅਤੇ ਅਦਾਲਤ ਨੇ "ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਰੇਕ ਵਿਅਕਤੀ ਦੀ ਪਛਾਣ ਕਰਨ ਅਤੇ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ... ਭਾਵੇਂ ਉਸਦੀ ਸਥਿਤੀ, ਪ੍ਰਭਾਵ ਜਾਂ ਹੈਸੀਅਤ ਕੁਝ ਵੀ ਹੋਵੇ।"

ਅਦਾਲਤ ਨੇ ਬੁੱਧਵਾਰ, 5 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਲਈ ਸਮਾਂ ਦਿੱਤਾ ਸੀ।

ਅੰਗਰੇਜ਼ੀ ਅਖਬਾਰ 'ਦਿ ਹਿੰਦੂ' ਦੇ ਅਨੁਸਾਰ, ਬੁੱਧਵਾਰ ਨੂੰ ਐੱਸਆਈਟੀ ਨੇ ਸੰਕੇਤ ਦਿੱਤਾ ਕਿ ਉਹ ਇੱਕ ਵੱਖਰੀ ਜਾਂਚ ਅਤੇ ਮੁਕੱਦਮੇ ਨਾਲ ਅੱਗੇ ਵਧ ਸਕਦੀ ਹੈ।

ਇਸ ਮਾਮਲੇ ਵਿੱਚ ਉੱਚ-ਪੱਧਰੀ ਅਧਿਕਾਰੀਆਂ ਦੁਆਰਾ ਮਿਲੀਭੁਗਤ ਅਤੇ ਸੰਭਾਵਿਤ ਭ੍ਰਿਸ਼ਟਾਚਾਰ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ।

ਰਿਪੋਰਟ ਦੇ ਅਨੁਸਾਰ, "ਅਧਿਕਾਰੀਆਂ ਨੇ ਕਿਹਾ ਕਿ ਹਾਈ ਕੋਰਟ ਨੇ ਜਾਂਚ ਦਾ ਦਾਇਰਾ ਵਧ ਕੇ ਇਸ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਸੰਭਾਵਿਤ ਉਲੰਘਣ ਨੂੰ ਵੀ ਸ਼ਾਮਲ ਕਰ ਲਿਆ ਹੈ।''

ਸਿਆਸੀ ਵਿਵਾਦ ਅਤੇ ਵਿਰੋਧ ਪ੍ਰਦਰਸ਼ਨ

ਕੇਰਲ ਵਿਧਾਨ ਸਭਾ

ਤਸਵੀਰ ਸਰੋਤ, KB JAYACHANDRAN

ਤਸਵੀਰ ਕੈਪਸ਼ਨ, ਸੋਨੇ ਦੀ ਚੋਰੀ ਦੇ ਖਿਲਾਫ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ

ਇਸ ਘੁਟਾਲੇ ਨੇ ਸੂਬੇ ਵਿੱਚ ਇੱਕ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਹੈ, ਵਿਰੋਧੀ ਪਾਰਟੀਆਂ ਕੇਰਲ ਦੀ ਕਮਿਊਨਿਸਟ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।

ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਵੀ.ਡੀ. ਸਤੀਸ਼ਨ ਨੇ ਬੀਬੀਸੀ ਨੂੰ ਦੱਸਿਆ, "ਲਗਭਗ 5 ਕਿਲੋ ਸੋਨਾ ਚੋਰੀ ਹੋ ਗਿਆ ਹੈ।"

ਉਨ੍ਹਾਂ ਅੱਗੇ ਕਿਹਾ, "ਅਦਾਲਤ ਨੇ ਹੈਰਾਨੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਧਿਕਾਰੀ, ਜੇ ਜ਼ਿਆਦਾ ਨਹੀਂ ਤਾਂ ਬਰਾਬਰ ਦੇ ਦੋਸ਼ੀ ਹਨ।"

ਸਤੀਸ਼ਨ ਅਤੇ ਹੋਰ ਵਿਰੋਧੀ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਮੰਦਰ ਮਾਮਲਿਆਂ ਦੇ ਮੰਤਰੀ, ਵੀ.ਐਨ. ਵਾਸਾਵਨ, ਦੇਵਤੇ ਦੀਆਂ ਕੀਮਤੀ ਵਸਤਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹਿਣ ਦੀ ਜ਼ਿੰਮੇਵਾਰੀ ਲੈਣ ਅਤੇ ਅਸਤੀਫਾ ਦੇਣ।

ਵਾਸਾਵਨ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਵਿਰੋਧੀ ਧਿਰ ਦੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਅਸੀਂ ਅਦਾਲਤ ਦੀ ਨਿਗਰਾਨੀ ਹੇਠ ਉੱਚ-ਪੱਧਰੀ ਪੁਲਿਸ ਟੀਮ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ।"

ਉਨ੍ਹਾਂ ਕਿਹਾ, "ਲੋਕਾਂ ਨੂੰ 1998 ਤੋਂ ਬਾਅਦ ਹੋਏ ਸਾਰੇ ਲੈਣ-ਦੇਣ ਅਤੇ ਹੁਣ ਕੀ ਹੋ ਰਿਹਾ ਹੈ, ਬਾਰੇ ਪਤਾ ਹੋਣਾ ਚਾਹੀਦਾ ਹੈ। ਸਾਡੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।"

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)