ਮਹਿਲਾ 'ਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਅਤੇ ਫਿਰ ਉਸ ਨੂੰ ਰਸੋਈ ਵਿੱਚ ਦੱਬਣ ਦੇ ਇਲਜ਼ਾਮ, ਇੱਕ ਸਾਲ ਬਾਅਦ ਕਿਵੇਂ ਖੁੱਲ੍ਹਿਆ ਭੇਤ

ਰੂਬੀ

ਤਸਵੀਰ ਸਰੋਤ, Bhargav Parikh/ Getty Images

ਤਸਵੀਰ ਕੈਪਸ਼ਨ, ਇਲਜ਼ਾਮ ਹਨ ਕਿ 2 ਮਹੀਨਿਆਂ ਤੱਕ ਰੂਬੀ ਨੇ ਉਸੇ ਰਸੋਈ ਵਿੱਚ ਖਾਣਾ ਪਕਾਇਆ ਜਿਸ 'ਚ ਉਸ ਨੇ ਆਪਣੇ ਪਤੀ ਨੂੰ ਮਾਰ ਕੇ ਦੱਬਿਆ ਸੀ
    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਪੱਤਰਕਾਰ

"ਜੇਕਰ ਕੋਈ ਮੇਰੇ ਪਤੀ ਬਾਰੇ ਪੁੱਛਦਾ, ਤਾਂ ਮੈਂ ਇਹੀ ਕਹਿੰਦੀ ਕਿ ਉਹ ਪੈਸੇ ਕਮਾਉਣ ਲਈ ਦੁਬਈ ਗਿਆ ਸੀ। ਦਰਅਸਲ, ਮੈਂ ਹੀ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਰਸੋਈ ਵਿੱਚ ਦੱਬ ਦਿੱਤੀ ਸੀ। ਦੋ ਮਹੀਨਿਆਂ ਤੱਕ ਮੈਂ ਉੱਥੇ ਖਾਣਾ ਪਕਾਇਆ ਅਤੇ ਆਪਣੇ ਬੱਚਿਆਂ ਨੂੰ ਖੁਆਇਆ। ਫਿਰ, ਮੈਂ ਆਪਣੇ ਪ੍ਰੇਮੀ ਨਾਲ ਕਿਤੇ ਹੋਰ ਰਹਿਣ ਚਲੀ ਗਈ।"

ਰੂਬੀ ਨਾਮ ਦੀ ਇੱਕ ਮਹਿਲਾ ਨੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਪੁਲਿਸ ਅੱਗੇ ਜਦੋਂ ਅਜਿਹਾ ਕਿਹਾ ਤਾਂ ਪੁਲਿਸ ਹੈਰਾਨ ਰਹਿ ਗਈ।

ਰੂਬੀ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਅਤੇ ਕਤਲ ਨੂੰ ਛੁਪਾਉਣ ਲਈ ਲਾਸ਼ ਨੂੰ ਰਸੋਈ ਵਿੱਚ ਹੀ ਇੱਕ ਟੋਏ ਵਿੱਚ ਦੱਬ ਦਿੱਤਾ।

ਸਬੂਤ ਲੁਕਾਉਣ ਲਈ ਟੋਏ ਵਿੱਚ ਨਮਕ ਵੀ ਪਾਇਆ ਗਿਆ। ਫਿਰ ਉੱਪਰ ਟਾਈਲਾਂ ਲਗਾ ਕੇ ਰਸੋਈ ਨੂੰ ਪਹਿਲਾਂ ਵਾਂਗ ਹੀ ਸੈਟ ਕਰ ਦਿੱਤਾ ਗਿਆ।

ਇੱਕ ਸਾਲ ਤੱਕ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ, ਪਰ ਅੰਤ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਅਤੇ ਭੇਤ ਸੁਲਝ ਗਿਆ।

ਪੁਲਿਸ ਨੂੰ ਮੁਹੰਮਦ ਇਜ਼ਰਾਈਲ ਅਕਬਰ ਅਲੀ ਅੰਸਾਰੀ ਉਰਫ ਸਮੀਰ ਬਿਹਾਰੀ ਨਾਮ ਦੇ ਇੱਕ ਵਿਅਕਤੀ ਦੇ ਅਵਸ਼ੇਸ਼ ਮਿਲੇ। ਇਸ ਤੋਂ ਬਾਅਦ, ਰੂਬੀ, ਉਸ ਦੇ ਕਥਿਤ ਪ੍ਰੇਮੀ ਇਮਰਾਨ ਵਾਘੇਲਾ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੀ ਹੈ ਪੂਰਾ ਮਾਮਲਾ?

ਸਮੀਰ ਬਿਹਾਰੀ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਸਮੀਰ ਬਿਹਾਰੀ ਰਾਤ ਨੂੰ ਆਪਣੇ ਘਰ ਵਿੱਚ ਸੌਂ ਰਿਹਾ ਸੀ, ਜਦੋਂ ਉਸ ਦਾ ਕਤਲ ਕਰ ਦਿੱਤਾ ਗਿਆ

ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਸਮੀਰ ਬਿਹਾਰੀ ਅਤੇ ਰੂਬੀ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਸਨ, ਅਤੇ ਲਗਭਗ ਅੱਠ ਸਾਲ ਪਹਿਲਾਂ ਆਪਣੇ ਪਰਿਵਾਰਾਂ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਤੋਂ ਬਾਅਦ ਭੱਜ ਕੇ ਅਹਿਮਦਾਬਾਦ ਆ ਗਏ ਸਨ।

ਸਮੀਰ ਮੂਲ ਰੂਪ ਵਿੱਚ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ। ਉਹ ਦੋਵੇਂ ਅਹਿਮਦਾਬਾਦ ਦੇ ਸਰਖੇਜ ਇਲਾਕੇ ਵਿੱਚ ਰਹਿੰਦੇ ਸਨ। ਸਮੀਰ ਇੱਕ ਰਾਜ ਮਿਸਤਰੀ ਅਤੇ ਪੇਂਟਰ ਸੀ।

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਜੀਤ ਰਾਜੀਅਨ ਨੇ ਕਿਹਾ, "ਕੋਵਿਡ-19 ਮਹਾਂਮਾਰੀ ਦੌਰਾਨ, ਇਮਰਾਨ ਵਾਘੇਲਾ ਨਾਮ ਦਾ ਇੱਕ ਵਿਅਕਤੀ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਆਇਆ। ਰੂਬੀ ਅਤੇ ਇਮਰਾਨ ਦੀ ਮੁਲਾਕਾਤ ਹੋਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ। ਜਦੋਂ ਸਮੀਰ ਨੂੰ ਆਪਣੀ ਪਤਨੀ ਦੇ ਅਫੇਅਰ ਬਾਰੇ ਪਤਾ ਲੱਗਾ, ਤਾਂ ਘਰ ਵਿੱਚ ਲੜਾਈਆਂ ਹੋਣ ਲੱਗ ਪਈਆਂ। ਰੂਬੀ ਦੇ ਅਨੁਸਾਰ, ਸਮੀਰ ਉਸ ਨੂੰ ਬਹੁਤ ਕੁੱਟਦਾ-ਮਾਰਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਮਰਾਨ ਨੂੰ ਇਸ ਬਾਰੇ ਦੱਸਿਆ ਅਤੇ ਉਸ ਨੂੰ ਮਾਰਨ ਦੀ ਕਥਿਤ ਯੋਜਨਾ ਬਣਾਈ।"

ਪੁਲਿਸ ਦੇ ਅਨੁਸਾਰ, ਇਮਰਾਨ ਨੇ ਪਹਿਲਾਂ ਆਪਣੇ ਦੋ ਚਚੇਰੇ ਭਰਾਵਾਂ, ਰਹੀਮ ਸ਼ੇਖ (22 ਸਾਲ) ਅਤੇ ਮੋਹਸਿਨ ਪਠਾਨ (20 ਸਾਲ) ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ।

ਇੱਕ ਸਾਲ ਪਹਿਲਾਂ, ਜਦੋਂ ਸਮੀਰ ਰਾਤ ਨੂੰ ਆਪਣੇ ਘਰ ਵਿੱਚ ਸੌਂ ਰਿਹਾ ਸੀ, ਇਮਰਾਨ, ਰੂਬੀ, ਰਹੀਮ ਅਤੇ ਮੋਹਸਿਨ - ਚਾਰਾਂ ਨੇ ਮਿਲ ਕੇ ਸਮੀਰ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਆਪਣੇ ਹੀ ਘਰ ਦੀ ਰਸੋਈ ਵਿੱਚ ਇੱਕ ਟੋਏ ਵਿੱਚ ਲੂਣ ਪਾ ਕੇ ਦੱਬ ਦਿੱਤਾ ਤੇ ਉੱਪਰੋਂ ਟਾਈਲਾਂ ਲਗਾ ਕੇ ਢੱਕ ਦਿੱਤਾ।

ਜਦੋਂ ਪੁਲਿਸ ਨੇ ਇੱਕ ਕਾਰਜਕਾਰੀ ਮੈਜਿਸਟ੍ਰੇਟ ਅਤੇ ਐਫਐਸਐਲ ਮਾਹਿਰਾਂ ਦੀ ਮੌਜੂਦਗੀ ਵਿੱਚ ਘਟਨਾ ਵਾਲੀ ਥਾਂ ਦੀ ਖੁਦਾਈ ਕੀਤੀ, ਤਾਂ ਉੱਥੋਂ ਸਮੀਰ ਦੇ ਵਾਲ, ਹੱਡੀਆਂ ਅਤੇ ਮਾਸਪੇਸ਼ੀਆਂ ਮਿਲੀਆਂ, ਜਿਨ੍ਹਾਂ ਨੂੰ ਡੀਐਨਏ ਟੈਸਟ ਲਈ ਭੇਜਿਆ ਗਿਆ।

ਡੀਸੀਪੀ ਰਾਜੀਅਨ ਨੇ ਕਿਹਾ, "ਜਦੋਂ ਅਸੀਂ ਇਮਰਾਨ ਨੂੰ ਬੁਲਾਇਆ, ਤਾਂ ਉਸ ਨੇ ਸ਼ੁਰੂ ਵਿੱਚ ਕੁਝ ਵੀ ਨਹੀਂ ਦੱਸਿਆ, ਪਰ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੇ ਆਪਣਾ ਅਪਰਾਧ ਕਬੂਲ ਲਿਆ।"

ਇਮਰਾਨ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਤੋਂ ਉਸ ਦੀ ਦੂਜੀ ਪਤਨੀ ਨੂੰ ਰੂਬੀ ਨਾਲ ਉਸ ਦੇ ਸਬੰਧਾਂ ਬਾਰੇ ਪਤਾ ਲੱਗਾ, ਉਹ ਅਕਸਰ ਰੂਬੀ ਨਾਲ ਝਗੜਾ ਕਰਦੀ ਰਹਿੰਦੀ ਸੀ, ਇਸ ਲਈ ਉਹ ਵੱਖਰੇ ਰਹਿਣ ਲੱਗ ਪਏ।

ਪੁਲਿਸ ਨੂੰ ਕਤਲ ਬਾਰੇ ਕਿਵੇਂ ਪਤਾ ਲੱਗਾ?

ਰੂਬੀ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਰੂਬੀ ਮੁਤਾਬਕ, ਇਮਰਾਨ ਨਾਲ ਉਸ ਦੇ ਸਬੰਧਾਂ ਦਾ ਪਤਾ ਲੱਗਣ ਮਗਰੋਂ ਸਮੀਰ ਉਸ ਨੂੰ ਕੁੱਟਦਾ ਸੀ

ਇੱਕ ਸਾਲ ਤੱਕ ਸਮੀਰ ਦੇ ਕਤਲ ਬਾਰੇ ਕਿਸੇ ਨੂੰ ਪਤਾ ਨਹੀਂ ਚੱਲਿਆ। ਇੱਥੋਂ ਤੱਕ ਕਿ ਉਸ ਦੇ ਪਰਿਵਾਰ ਨੇ ਵੀ ਉਸ ਤੋਂ ਪੁੱਛਗਿੱਛ ਨਹੀਂ ਕੀਤੀ।

ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਕ੍ਰਾਈਮ ਬ੍ਰਾਂਚ ਦੇ ਹੈੱਡ ਕਾਂਸਟੇਬਲ ਸ਼ਕੀਲ ਮੁਹੰਮਦ ਨੂੰ ਉਨ੍ਹਾਂ ਦੇ ਇੱਕ ਮੁਖਬਰ ਨੇ ਦੱਸਿਆ ਕਿ ਫਤਿਹਵਾੜੀ ਇਲਾਕੇ ਦੇ ਅਹਿਮਦੀ ਰੋਅ ਹਾਊਸ ਵਿੱਚ ਰਹਿਣ ਵਾਲੀ ਇੱਕ ਮਹਿਲਾ ਦਾ ਪਤੀ ਇੱਕ ਸਾਲ ਤੋਂ ਲਾਪਤਾ ਹੈ, ਪਰ ਕੁਝ ਸ਼ੱਕੀ ਮਾਮਲਾ ਲੱਗ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਐਸ.ਜੇ. ਜਡੇਜਾ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਪਤਾ ਲੱਗਾ ਕਿ ਸਮੀਰ ਅਤੇ ਰੂਬੀ ਅੱਠ ਸਾਲ ਪਹਿਲਾਂ ਬਿਹਾਰ ਤੋਂ ਅਹਿਮਦਾਬਾਦ ਆਏ ਸਨ। ਸਮੀਰ ਬਾਰੇ ਪੁੱਛੇ ਜਾਣ 'ਤੇ ਰੂਬੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਪਤੀ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਹੈ। ਗੁਆਂਢੀਆਂ ਨੇ ਦੱਸਿਆ ਕਿ ਰੂਬੀ ਪਹਿਲਾਂ ਇੱਥੇ ਹੀ ਰਹਿੰਦੀ ਸੀ ਪਰ ਬਾਅਦ ਵਿੱਚ ਇਮਰਾਨ ਨਾਲ ਕਿਤੇ ਹੋਰ ਰਹਿਣ ਚਲੀ ਗਈ। ਇਸ ਨਾਲ ਸਾਡਾ ਸ਼ੱਕ ਹੋਰ ਵੀ ਵਧ ਗਿਆ।"

ਇਹ ਵੀ ਪੜ੍ਹੋ-
ਇਮਰਾਨ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਇਮਰਾਨ ਦੇ ਇੱਕ ਗੁਆਂਢੀ ਮੁਤਾਬਕ, ਉਸ ਦੀ ਪਹਿਲਾਂ ਹੀ ਇੱਕ ਪਤਨੀ ਸੀ ਅਤੇ ਫਿਰ ਉਸ ਨੇ ਦੂਜੀ ਮਹਿਲਾ ਨਾਲ ਵਿਆਹ ਕਰਵਾ ਲਿਆ

ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਜੀਤ ਰਾਜੀਅਨ ਨੇ ਬੀਬੀਸੀ ਨੂੰ ਦੱਸਿਆ, ''ਇੱਕ ਵਿਅਕਤੀ ਜੋ ਅੱਠ ਸਾਲ ਪਹਿਲਾਂ ਆਪਣੇ ਪਰਿਵਾਰਾਂ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਕੇ ਅਹਿਮਦਾਬਾਦ ਆ ਗਿਆ ਸੀ, ਮਿਸਤਰੀ ਵਜੋਂ ਕੰਮ ਕੀਤਾ, ਉੱਥੇ ਇੱਕ ਘਰ ਬਣਾਇਆ, ਅਤੇ ਫਿਰ ਆਪਣੇ ਦੋ ਬੱਚਿਆਂ ਨੂੰ ਪਿੱਛੇ ਛੱਡ ਕੇ ਦੁਬਈ ਚਲਾ ਗਿਆ, ਇਸ ਗੱਲ 'ਤੇ ਵਿਸ਼ਵਾਸ ਕਰਨਾ ਔਖਾ ਸੀ। ਇਮਰਾਨ ਦੀਆਂ ਪਹਿਲਾਂ ਹੀ ਦੋ ਪਤਨੀਆਂ ਸਨ, ਅਤੇ ਰੂਬੀ ਦਾ ਉਸਦੀ ਤੀਜੀ ਪਤਨੀ ਬਣਨਾ ਸਮਝ ਤੋਂ ਬਾਹਰ ਸੀ।''

ਰੂਬੀ ਨੇ ਪੁਲਿਸ ਨੂੰ ਦੱਸਿਆ ਕਿ ਕਤਲ ਤੋਂ ਬਾਅਦ ਦੋ ਮਹੀਨਿਆਂ ਤੱਕ ਉਹ ਆਪਣੇ ਬੱਚਿਆਂ ਨਾਲ ਉਸੇ ਘਰ ਵਿੱਚ ਰਹਿੰਦੀ ਰਹੀ ਅਤੇ ਉਸੇ ਰਸੋਈ ਵਿੱਚ ਖਾਣਾ ਵੀ ਬਣਾਉਂਦੀ ਸੀ, ਜਿੱਥੇ ਸਮੀਰ ਦਫ਼ਨਾਇਆ ਗਿਆ ਸੀ।

ਪਰ ਗੁਆਂਢੀ ਪੁੱਛਦੇ ਰਹੇ ਕਿ ਉਸ ਦਾ ਪਤੀ, ਸਮੀਰ ਬਿਹਾਰੀ ਕਦੋਂ ਵਾਪਸ ਆਵੇਗਾ। ਇਸ ਲਈ ਉਸ ਨੇ ਘਰ ਕਿਰਾਏ 'ਤੇ ਲਿਆ ਅਤੇ ਇਮਰਾਨ ਦੀ ਤੀਜੀ ਪਤਨੀ ਬਣ ਕੇ ਉਸ ਦੇ ਨਾਲ ਰਹਿਣ ਲੱਗ ਪਈ।

ਪੁਲਿਸ ਮੁਤਾਬਕ ਸਾਜਿਸ਼ ਵਿੱਚ ਦੋ ਹੋਰ ਲੋਕ ਵੀ ਸ਼ਾਮਿਲ ਹਨ

ਰਹੀਮ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਵਿੱਚ ਰੂਬੀ ਅਤੇ ਇਮਰਾਨ ਦੇ ਇਲਾਵਾ ਦੋ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ

ਪੁਲਿਸ ਨੂੰ ਪਤਾ ਲੱਗਾ ਕਿ ਸਮੀਰ ਬਿਹਾਰੀ ਦਾ ਪੂਰਾ ਨਾਮ ਇਜ਼ਰਾਈਲ ਅਕਬਰ ਅਲੀ ਅੰਸਾਰੀ ਸੀ ਅਤੇ ਉਹ 2016 ਵਿੱਚ ਰੂਬੀ ਨਾਲ ਵਿਆਹ ਕਰਨ ਲਈ ਪਿੰਡ ਤੋਂ ਭੱਜ ਗਿਆ ਸੀ। ਉਸ ਤੋਂ ਬਾਅਦ, ਉਸ ਦਾ ਪਿੰਡ ਵਿੱਚ ਕਿਸੇ ਨਾਲ ਕੋਈ ਸੰਪਰਕ ਨਹੀਂ ਰਿਹਾ ਸੀ।

ਸਮੀਰ ਦੇ ਗੁਆਂਢ ਵਿੱਚ ਰਹਿਣ ਵਾਲੀ ਸ਼ਬੀਨਾਬੇਨ ਨਾਮ ਦੇ ਇੱਕ ਮਹਿਲਾ ਨੇ ਕਿਹਾ, "ਸਮੀਰ 2018 ਵਿੱਚ ਇਸ ਇਲਾਕੇ ਵਿੱਚ ਰਹਿਣ ਆਇਆ ਸੀ ਅਤੇ ਰਾਜ ਮਿਸਤਰੀ ਦਾ ਕੰਮ ਕਰਕੇ ਚੰਗੀ ਰੋਜ਼ੀ-ਰੋਟੀ ਕਮਾ ਰਿਹਾ ਸੀ। ਜਦੋਂ ਕੋਵਿਡ-19 ਲੌਕਡਾਊਨ ਦੌਰਾਨ ਕੰਮ ਬੰਦ ਹੋ ਗਿਆ, ਤਾਂ ਉਸ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।''

''ਉਸ ਸਮੇਂ ਦੌਰਾਨ, ਇਮਰਾਨ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਆਪਣੀ ਦੂਜੀ ਪਤਨੀ ਨਾਲ ਇੱਥੇ ਰਹਿਣ ਲੱਗ ਪਿਆ ਅਤੇ ਖੁੱਲ੍ਹ ਕੇ ਪੈਸੇ ਉਡਾ ਰਿਹਾ ਸੀ। ਉਸੇ ਦੌਰਾਨ, ਰੂਬੀ ਅਤੇ ਇਮਰਾਨ ਵਿਚਕਾਰ ਪਿਆਰ ਹੋ ਗਿਆ, ਜਿਸ ਦੇ ਬਾਰੇ ਸੁਸਾਇਟੀ ਵਿੱਚ ਹਰ ਕੋਈ ਜਾਣਦਾ ਸੀ।"

ਉਨ੍ਹਾਂ ਅੱਗੇ ਕਿਹਾ, "ਸਮੀਰ ਦੇ ਲਾਪਤਾ ਹੋਣ ਤੋਂ ਬਾਅਦ ਰੂਬੀ ਨੇ ਉਸ ਦੇ ਕੱਪੜੇ ਸਾੜ ਦਿੱਤੇ ਅਤੇ ਲੋਕਾਂ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਚਲਾ ਗਿਆ ਹੈ। ਰੂਬੀ ਅਤੇ ਇਮਰਾਨ ਦੀ ਦੂਜੀ ਪਤਨੀ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਸਮੀਰ ਲੰਬੇ ਸਮੇਂ ਤੋਂ ਲਾਪਤਾ ਸੀ, ਪਰ ਸਾਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਹੋਵੇਗੀ।"

ਮੋਹਸਿਨ

ਤਸਵੀਰ ਸਰੋਤ, Bhargav Parikh

ਤਸਵੀਰ ਕੈਪਸ਼ਨ, ਇਮਰਾਨ ਦੇ ਚਚੇਰੇ ਭਰਾ ਮੋਹਸਿਨ ਨੂੰ ਵੀ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ

ਫਤਿਹਵਾੜੀ ਵਿੱਚ ਇਮਰਾਨ ਦੇ ਗੁਆਂਢੀ ਖਾਲਿਦ ਸ਼ੇਖ ਨੇ ਬੀਬੀਸੀ ਨੂੰ ਦੱਸਿਆ, "ਇਮਰਾਨ ਇੱਕ ਪੇਂਟਰ ਸੀ ਅਤੇ ਉਸ ਦੇ ਕੋਲ ਠੇਕੇ ਸਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਅਹਿਮਦਾਬਾਦ ਬੁਲਾ ਕੇ ਉਨ੍ਹਾਂ ਨੂੰ ਕੰਮ ਦਿਵਾਉਂਦਾ ਸੀ ਅਤੇ ਪੈਸੇ ਉਧਾਰ ਦਿੰਦਾ ਸੀ। ਉਸ ਦੀ ਪਹਿਲਾਂ ਹੀ ਇੱਕ ਪਤਨੀ ਸੀ ਅਤੇ ਫਿਰ ਉਸ ਨੇ ਦੂਜੀ ਮਹਿਲਾ ਨਾਲ ਵਿਆਹ ਕਰਵਾ ਲਿਆ।"

ਮੋਦਾਸਾ ਦੇ ਕੁਕਰੀ ਪਿੰਡ ਦੇ ਮੂਲ ਵਸਨੀਕ ਇਮਰਾਨ ਦੇ ਚਚੇਰੇ ਭਰਾ ਰਹੀਮ ਨੂੰ ਵੀ ਇਸ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੇ ਪਿੰਡ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ, "ਜਦੋਂ ਵੀ ਇਮਰਾਨ ਪਿੰਡ ਆਉਂਦਾ ਸੀ, ਉਹ ਦਿਲ ਖੋਲ੍ਹ ਕੇ ਪੈਸਾ ਖ਼ਰਚ ਕਰਦਾ ਸੀ, ਇਸ ਲਈ ਬਹੁਤ ਸਾਰੇ ਲੋਕ ਉਸ ਨਾਲ ਕੰਮ ਕਰਨ ਲਈ ਅਹਿਮਦਾਬਾਦ ਜਾਂਦੇ ਸਨ।"

ਇਮਰਾਨ ਦੇ ਚਚੇਰੇ ਭਰਾ ਮੋਹਸਿਨ ਨੂੰ ਵੀ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸ ਦੇ ਇੱਕ ਪਰਿਵਾਰਕ ਮੈਂਬਰ, ਇਮਤਿਆਜ਼ ਪਠਾਨ ਨੇ ਬੀਬੀਸੀ ਨੂੰ ਦੱਸਿਆ ਕਿ "ਇਮਰਾਨ ਨੇ ਮੋਹਸਿਨ ਨੂੰ ਇੱਕ ਟੈਂਪੂ ਦਿੱਤਾ ਸੀ ਅਤੇ ਉਸ ਨੂੰ ਡਰਾਈਵਰ ਵਜੋਂ ਨੌਕਰੀ 'ਤੇ ਰੱਖਿਆ ਸੀ। ਜਦੋਂ ਮੁੰਡੇ ਤਿਉਹਾਰਾਂ ਦੌਰਾਨ ਪਿੰਡ ਆਉਂਦੇ ਸਨ ਤਾਂ ਉਹ ਇਮਰਾਨ ਦੀ ਮਿਹਰਬਾਨੀ ਸਦਕਾ ਪੈਸੇ ਕਮਾਉਣ ਦੀਆਂ ਗੱਲਾਂ ਕਰਦੇ ਸਨ। ਅਜਿਹਾ ਲੱਗਦਾ ਹੈ ਕਿ ਮੋਹਸਿਨ ਇਮਰਾਨ ਦੇ ਅਹਿਸਾਨਾਂ ਹੇਠਾਂ ਦਬ ਗਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)