ਉਸ ਸ਼ਖ਼ਸ ਦੀ ਕਹਾਣੀ ਜਿਸ ਨੇ ਅਮਰੀਕਾ ਵਿੱਚ 40 ਸਾਲ ਮੌਤ ਦੀ ਸਜ਼ਾ ਉਸ ਅਪਰਾਧ ਲਈ ਕੱਟੀ ਜੋ ਉਸ ਨੇ ਕੀਤਾ ਹੀ ਨਹੀਂ ਸੀ

ਤਸਵੀਰ ਸਰੋਤ, Piano Producciones
- ਲੇਖਕ, ਰੋਨਾਲਡ ਅਲੈਗਜ਼ੈਂਡਰ ਐਵਿਲਾ-ਕਲੌਡੀਓ
- ਰੋਲ, ਬੀਬੀਸੀ ਪੱਤਰਕਾਰ
ਕੀੜੀਆਂ ਨੂੰ ਗਿਣਨਾ, ਮੱਖੀਆਂ ਨੂੰ ਉੱਡਦੇ ਦੇਖਣਾ, ਆਪਣੇ ਨਹੁੰਆਂ ਨਾਲ ਕੰਧ ਨੂੰ ਖੁਰਚਣਾ, ਗਾਉਣਾ।
20 ਸਾਲਾਂ ਤੋਂ ਵੱਧ ਸਮੇਂ ਤੋਂ ਤੱਕ ਸੀਜ਼ਰ ਫਿਏਰੋ ਤਕਰੀਬਨ ਇਹ ਹੀ ਕਰ ਰਹੇ ਸਨ।
ਉੱਤਰੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵਿੱਚ ਜਨਮੇ, 69 ਸਾਲਾ ਬਜ਼ੁਰਗ ਨੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ ਅਤੇ ਅਮਰੀਕਾ ਦੇ ਟੈਕਸਸ ਵਿੱਚ ਉਨ੍ਹਾਂ ਦੇ ਅਪਰਾਧ ਲਈ ਮੌਤ ਦੀ ਸਜ਼ਾ ਸੁਣਾਈ ਜੋ ਅਸਲ ਵਿੱਚ ਉਨ੍ਹਾਂ ਨੇ ਨਹੀਂ ਕੀਤਾ ਸੀ।
ਉਸ ਸਜ਼ਾ ਦਾ ਅੱਧਾ ਹਿੱਸਾ ਇਕਾਂਤ ਕੈਦ ਵਿੱਚ ਕੱਟਿਆ ਗਿਆ।
ਮੈਕਸੀਕੋ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਸੀਐੱਨਡੀਐੱਚ) ਮੁਤਾਬਕ, 1980 ਦੇ ਦਹਾਕੇ ਦੇ ਸ਼ੁਰੂ ਵਿੱਚ, ਫਿਏਰੋ ਜੋ ਉਸ ਸਮੇਂ ਐਲ ਪਾਸੋ ਵਿੱਚ ਮਿਰਚਾਂ ਚੁੱਕਣ ਵਾਲਾ ਕੰਮ ਕਰਦੇ ਸਨ, ਨੂੰ ਪੁਲਿਸ ਅਧਿਕਾਰੀਆਂ ਦੇ ਇੱਕ ਗਰੁੱਪ ਨੇ ਇੱਕ ਟੈਕਸੀ ਡਰਾਈਵਰ ਦੇ ਕਤਲ ਦੇ ਇਕਬਾਲੀਆ ਬਿਆਨ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਸੀ।
ਉਹ ਦਾਅਵਾ ਕਰਦਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੇ ਦੁਰਵਿਵਹਾਰ ਸਹਿਣ ਕੀਤਾ ਅਤੇ ਉਨ੍ਹਾਂ ਤਸੀਹਿਆਂ ਨੂੰ ਸਹਿਣ ਕੀਤਾ ਜੋ ਇਕੱਲਤਾ ਮਨ ਅਤੇ ਸਰੀਰ 'ਤੇ ਛੱਡਦੀ ਹੈ।
ਉਨ੍ਹਾਂ ਨੇ ਮੈਕਸੀਕੋ ਸਿਟੀ ਵਿੱਚ ਇੱਕ ਇਮਾਰਤ ਦੀ ਛੱਤ 'ਤੇ ਆਪਣੇ ਛੋਟੇ ਜਿਹੇ ਅਪਾਰਟਮੈਂਟ ਤੋਂ ਬੀਬੀਸੀ ਨਿਊਜ਼ ਮੁੰਡੋ ਨਾਲ ਇੱਕ ਇੰਟਰਵਿਊ ਵਿੱਚ ਅਫ਼ਸੋਸ ਜ਼ਾਹਰ ਕੀਤਾ।
ਉਨ੍ਹਾਂ ਕਿਹਾ, "ਇਨਸਾਫ਼ ਨੇ ਮੇਰਾ ਸਭ ਕੁਝ ਖੋਹ ਲਿਆ। ਜੇ ਇਹ ਮੇਰੇ ਨਾਲ ਹੋਇਆ, ਤਾਂ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਮੈਂ ਆਜ਼ਾਦ ਹਾਂ, ਪਰ ਮੇਰੇ ਕੋਲ ਜੀਣ ਲਈ ਬਹੁਤਾ ਸਮਾਂ ਨਹੀਂ ਬਚਿਆ ਹੈ।"
ਉਨ੍ਹਾਂ ਨੂੰ 2020 ਵਿੱਚ ਰਿਹਾਅ ਕੀਤਾ ਗਿਆ ਸੀ।
ਉਸੇ ਸਾਲ, ਫਿਲਮ ਨਿਰਮਾਤਾ ਸੈਂਟੀਆਗੋ ਐਸਟੀਨੋ ਨਾਲ ਮਿਲ ਕੇ ਉਨ੍ਹਾਂ ਨੇ "ਲਾ ਲਿਬਰੇਟਿਡ ਡੀ ਫਿਏਰੋ" (2024) 'ਤੇ ਕੰਮ ਕਰਨਾ ਸ਼ੁਰੂ ਕੀਤਾ, ਜੋ ਕਿ ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਵਿੱਚ ਘੁੱਲ-ਮਿਲ ਬਾਰੇ ਬਣੀ ਇੱਕ ਦਸਤਾਵੇਜ਼ੀ ਫ਼ਿਲਮ ਸੀ।
ਇਸ ਦਾ ਪ੍ਰੀਮੀਅਰ ਇਸੇ ਸਾਲ 10 ਅਕਤੂਬਰ ਨੂੰ ਮੈਕਸੀਕਨ ਸਿਨੇਮਾਘਰਾਂ ਵਿੱਚ ਹੋਇਆ ਸੀ ਅਤੇ ਪਹਿਲਾਂ ਟੋਰਾਂਟੋ ਫਿਲਮ ਫੈਸਟੀਵਲ ਵਿੱਚ ਦਿਖਾਇਆ ਗਈ ਸੀ।
ਇਸ ਦਾ ਇੱਕ ਹੋਰਸੀਕਵਲ "ਲੋਸ ਐਨੋਸ ਡੀ ਫਿਏਰੋ" ਸਾਲ 2014 ਦੀ ਕਹਾਣੀ ਦਰਸਾਉਂਦਾ ਹੈ, ਜੋ ਉਨ੍ਹਾਂ ਦੇ ਕਾਨੂੰਨੀ ਕੇਸ ਨੂੰ ਬਿਆਨ ਕਰਦੀ ਹੈ ਅਤੇ ਇਸਦਾ ਨਿਰਦੇਸ਼ਨ ਵੀ ਐਸਟੀਨੋ ਨੇ ਹੀ ਕੀਤਾ ਸੀ।
ਦੋਵੇਂ ਫਿਲਮਾਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਫਿਏਰੋ ਅਜੇ ਵੀ ਸਿਉਦਾਦ ਜੁਆਰੇਜ਼ ਅਤੇ ਐਲ ਪਾਸੋ ਦੇ ਅਧਿਕਾਰੀਆਂ ਤੋਂ ਮਾਫ਼ੀ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਨੇ ਇਸ ਆਉਟਲੈਟ ਤੋਂ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਹੁਣ ਇਹ ਮੈਕਸੀਕਨ, ਵਿੱਤੀ ਸਹਾਰੇ ਲਈ ਇੱਕ ਸਹਾਇਤਾ ਨੈੱਟਵਰਕ ਬਣਾਉਣ ਅਤੇ ਆਪਣੀ ਸਿਹਤ ਨੂੰ ਠੀਕ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਇਹ ਉਨ੍ਹਾਂ ਦੀ ਕਹਾਣੀ ਹੈ।
ਇਕਬਾਲ ਕਰਨਾ

ਤਸਵੀਰ ਸਰੋਤ, Piano Producciones
ਫਰਵਰੀ 1979 ਵਿੱਚ ਐਲ ਪਾਸੋ ਪੁਲਿਸ ਨੂੰ ਮੈਕਸੀਕਨ ਸਰਹੱਦ ਦੇ ਨੇੜੇ ਟੈਕਸੀ ਡਰਾਈਵਰ ਨਿਕੋਲਸ ਕਾਸਟਾਨੋਨ ਦੀ ਲਾਸ਼ ਮਿਲੀ। ਉਸ ਨੂੰ ਗੋਲੀ ਲੱਗੀ ਹੋਈ ਸੀ।
ਅਪਰਾਧ ਤੋਂ ਪੰਜ ਮਹੀਨੇ ਬਾਅਦ, ਸੀਜ਼ਰ ਫਿਏਰੋ ਨੂੰ ਟੈਕਸਸ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਆਪਣੇ ਇੱਕ ਭਰਾ ਨੂੰ ਮਿਲਣ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ 'ਤੇ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਤੋਂ ਉਹ ਇਨਕਾਰ ਕਰਦੇ ਹਨ।
ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਉਨ੍ਹਾਂ ਨੇ ਮੇਰੀ ਜਾਂਚ ਕੀਤੀ ਅਤੇ ਕੁਝ ਨਹੀਂ ਮਿਲਿਆ।"
ਹਾਲੇ ਉਹ ਟੈਕਸਸ ਵਿੱਚ ਹੀ ਸਨ ਅਜੇ ਪੁਲਿਸ ਹਿਰਾਸਤ ਵਿੱਚ ਸਨ ਜਦੋਂ ਉਨ੍ਹਾਂ 'ਤੇ ਟੈਕਸੀ ਡਰਾਈਵਰ ਦੇ ਕਤਲ ਦੇ ਇਕਬਾਲੀਆ ਬਿਆਨ 'ਤੇ ਦਸਤਖਤ ਕਰਨ ਲਈ ਦਬਾਅ ਪਾਇਆ ਗਿਆ।
ਉਨ੍ਹਾਂ ਨੇ ਸਿਉਦਾਦ ਜੁਆਰੇਜ਼ ਦੇ ਅਧਿਕਾਰੀਆਂ ਦਾ ਫ਼ੋਨ ਆਉਣ ਤੋਂ ਬਾਅਦ ਅਜਿਹਾ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਗੁਪਤ ਸੇਵਾ ਦਾ ਹਿੱਸਾ, ਜੋਰਜ ਪਲਾਸੀਓਸ ਨੇ ਉਨ੍ਹਾਂ ਦੀ ਮਾਂ ਅਤੇ ਮਤਰੇਏ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਿਹਾ ਗਿਆ ਕਿ ਜੇਕਰ ਫਿਏਰੋ ਨੇ ਅਪਰਾਧ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਉਨ੍ਹਾਂ ਦੀ ਮਾਂ ਤੇ ਪਿਤਾ ਦੋਵਾਂ ਨੂੰ ਤਸੀਹੇ ਦਿੱਤੇ ਜਾਣਗੇ।

2021 ਅਤੇ 2024 ਦੇ ਵਿਚਕਾਰ ਕੀਤੀ ਗਈ ਆਪਣੀ ਜਾਂਚ ਵਿੱਚ, ਸੀਐੱਨਡੀਐੱਚ ਨੇ ਫਿਏਰੋ ਦੇ ਬਿਆਨ ਦੀ ਪੁਸ਼ਟੀ ਕੀਤੀ।
ਏਜੰਸੀ ਦੇ ਇੱਕ ਬਿਆਨ ਮੁਤਾਬਕ, “ਮਿਊਂਸੀਪਲ ਏਜੰਟਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ, ਇੱਕ ਅਜਿਹੀ ਸਥਿਤੀ ਜਿਸਨੇ ਸੀਜ਼ਰ ਫਿਏਰੋ ਨੂੰ ਜ਼ੁਰਮ ਮੰਨਣ ਲਈ ਮਜਬੂਰ ਕੀਤਾ।"
ਆਪਣੇ ਮਾਪਿਆਂ ਦੀ ਰਿਹਾਈ ਤੋਂ ਤਕਰੀਬਨ ਫ਼ੌਰਨ ਬਾਅਦ, ਫਿਏਰੋ ਨੇ ਆਪਣਾ ਫ਼ੈਸਲਾ ਬਦਲ ਲਿਆ।
"ਫਿਏਰੋ ਨੇ ਆਪਣਾ ਇਕਬਾਲੀਆ ਬਿਆਨ ਵਾਪਸ ਲੈ ਲਿਆ, ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੇ ਸਿਰਫ ਇਸ ਡਰ ਤੋਂ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਖ਼ੌਫ਼ ਸੀ ਕਿ ਜੇ ਇਕਬਾਲ ਨਾ ਕੀਤਾ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਪੁਲਿਸ ਵੱਲੋਂ ਬੇਰਹਿਮੀ ਨਾਲ ਤਸੀਹੇ ਦਿੱਤੇ ਜਾਣਗੇ।"
ਐਵੇਨਾ ਕੇਸ ਵਿੱਚ ਇੱਕ ਸੰਖੇਪ ਵਿੱਚ ਕਿਹਾ ਗਿਆ ਹੈ।
ਐਵੇਨਾ ਮਾਮਲਾ ਇੱਕ ਉਹ ਮੁਕੱਦਮਾ ਹੈ, ਜੋ ਮੈਕਸੀਕੋ ਨੇ ਕੌਮਾਂਤਰੀ ਅਦਾਲਤ ਦੇ ਸਾਹਮਣੇ ਅਮਰੀਕਾ ਦੇ ਖ਼ਿਲਾਫ਼ ਦਾਇਰ ਕੀਤਾ ਸੀ। ਇਸ ਵਿੱਚ ਮੈਕਸੀਕੋ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਕਈ ਨਾਗਰਿਕਾਂ 'ਤੇ ਅਪਰਾਧਿਕ ਇਲਜ਼ਾਮ ਲਗਾ ਕੇ, ਉਨ੍ਹਾਂ ਦੇ ਕੌਂਸਲਰ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।
ਸੀਐੱਨਡੀਐੱਚ ਨੇ ਇਹ ਵੀ ਨੋਟ ਕੀਤਾ ਕਿ ਪਲਾਸੀਓਸ, ਜਿਸ ਅਧਿਕਾਰੀ ਨੇ ਫਿਏਰੋ ਦੇ ਮਾਪਿਆਂ ਨੂੰ ਹਿਰਾਸਤ ਵਿੱਚ ਲਿਆ ਸੀ, ਉਹ ਵ੍ਹਾਈਟ ਬ੍ਰਿਗੇਡ ਦਾ ਮੈਂਬਰ ਸੀ। ਇਹ ਇੱਕ ਅਰਧ ਸੈਨਿਕ ਸਮੂਹ ਜਿਸਦਾ ਤਸ਼ੱਦਦ ਦਾ ਇਤਿਹਾਸ ਮੈਕਸੀਕੋ ਵਿੱਚ 1970 ਅਤੇ 1980 ਦੇ ਦਹਾਕੇ ਦੌਰਾਨ ਜਾਰੀ ਰਿਹਾ ਸੀ।
ਫਿਏਰੋ ਨੂੰ ਅਪਰਾਧ ਨਾਲ ਜੋੜਨ ਦਾ ਕੋਈ ਭੌਤਿਕ ਸਬੂਤ ਨਹੀਂ ਸੀ ਅਤੇ ਉਨ੍ਹਾਂ ਦੇ ਮਕਾਨ ਮਾਲਕ ਤੋਂ ਪੁੱਛਗਿੱਛ ਕੀਤੀ ਗਈ। ਜਿਸ ਨੇ ਕਿਹਾ ਕਿ ਕਤਲ ਦੇ ਸਮੇਂ ਫਿਏਰੋ ਆਪਣੇ ਅਪਾਰਟਮੈਂਟ ਵਿੱਚ ਸੀ।
ਇਹ ਇਲਜ਼ਾਮ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ 16 ਸਾਲ ਦੇ ਲੜਕੇ ਦੇ ਦਸਤਖ਼ਤ ਕੀਤੇ ਇਕਬਾਲੀਆ ਬਿਆਨ ਅਤੇ ਅਨਿਯਮਿਤ ਗਵਾਹੀ 'ਤੇ ਅਧਾਰਤ ਸੀ। ਇਸ ਮੁੰਡੇ ਨੇ ਕਿਹਾ ਸੀ ਕਿ ਉਹ ਟੈਕਸੀ ਵਿੱਚ ਸੀ ਅਤੇ ਉਸ ਨੇ ਫਿਏਰੋ ਨੂੰ ਬੰਦੂਕ ਚਲਾਉਂਦੇ ਦੇਖਿਆ ਸੀ।
ਇਸ ਦੇ ਬਾਵਜੂਦ, ਫਿਏਰੋ ਦੋਸ਼ੀ ਪਾਇਆ ਗਿਆ ਅਤੇ 1980 ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਕਈ ਸਾਲਾਂ ਬਾਅਦ, 1994 ਵਿੱਚ ਇੱਕ ਜੱਜ ਸੁਣਵਾਈ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ "ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਬਚਾਓ ਪੱਖ ਦੇ ਇਕਬਾਲ ਨੂੰ ਸਿਉਦਾਦ ਜੁਆਰੇਜ਼ ਪੁਲਿਸ ਵੱਲੋਂ ਜ਼ਬਰਦਸਤੀ ਕਰਵਾਇਆ ਗਿਆ ਸੀ..."
ਪਰ ਕਾਨੂੰਨੀ ਤਕਨੀਕੀ ਕਾਰਨਾਂ ਕਰਕੇ, ਉਨ੍ਹਾਂ ਨੇ ਇੱਕ ਨਵੇਂ ਮੁਕੱਦਮੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਹ ਜੇਲ੍ਹ ਵਿੱਚ ਹੀ ਰਹੇ।
ਜੇਲ੍ਹ ਦੀ ਇਕੱਲਤਾ

ਤਸਵੀਰ ਸਰੋਤ, Piano Producciones
ਫਿਏਰੋ ਨੇ ਆਪਣੇ ਸਿਰ ਦੇ ਵਾਲ ਸ਼ੇਵ ਕੀਤੇ ਹੋਏ ਹਨ ਅਤੇ ਉਨ੍ਹਾਂ ਨੇ ਸਲੇਟੀ ਦਾੜ੍ਹੀ ਰੱਖੀ ਹੋਈ ਹੈ। ਉਹ ਹੁਣ ਲੰਬੇ ਵਾਲਾਂ ਵਾਲੇ, ਚੌਰਸ ਚਿਹਰੇ ਵਾਲੇ ਨੌਜਵਾਨ ਮੁੰਡਾ ਨਹੀਂ ਜਿਸ ਨੂੰ 45 ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਬਲਕਿ ਬਿਲਕੁਲ ਅਲੱਗ ਆਦਮੀ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੈਕਸੀਕੋ ਸਿਟੀ ਸਬਵੇਅ ਤੋਂ ਡਰ ਲੱਗਦਾ ਹੈ। ਇਹ ਇੱਕ ਭੀੜ-ਭੜੱਕੇ ਵਾਲੀ ਜਗ੍ਹਾ ਹੈ। ਉਹ ਸਾਲਾਂ ਤੱਕ 3-ਬਾਈ-3 ਮੀਟਰ ਦੀ ਕੋਠੜੀ ਵਿੱਚ ਰਹੇ ਸਨ।
ਜੇਲ੍ਹ ਵਿੱਚ ਉਨ੍ਹਾਂ ਦਾ ਪਹਿਲਾ ਕਾਰਜਕਾਲ ਵਾਕਰ ਕਾਉਂਟੀ ਦੇ ਐਲਿਸ ਯੂਨਿਟ ਵਿੱਚ ਸੀ। ਪਰ 1999 ਵਿੱਚ, ਉਨ੍ਹਾਂ ਨੂੰ ਪੋਲੰਸਕੀ ਯੂਨਿਟ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਆਪਣੀ ਬਾਕੀ ਦੀ ਸਜ਼ਾ ਇਕਾਂਤ ਕੈਦ ਵਿੱਚ ਬਿਤਾਈ।
ਦਿਨ ਦੇ 23 ਘੰਟੇ ਬਿਨ੍ਹਾਂ ਮਨੁੱਖੀ ਸੰਪਰਕ ਅਤੇ ਕੁਦਰਤੀ ਰੌਸ਼ਨੀ ਦੇ ਬਿਤਾਉਣੇ ਪੈਂਦੇ ਸਨ।
ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਉਨ੍ਹਾਂ ਨੇ ਕੱਪੜੇ ਉਤਾਰ ਦਿੱਤੇ। ਉਹ ਉਨ੍ਹਾਂ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣਾ ਚਾਹੁੰਦੇ ਸਨ।
ਫਿਏਰੋ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਦਾ ਦੁਰਵਿਵਹਾਰ ਵੀ ਸਹਿਣਾ ਪਿਆ।
ਉਹ ਕਹਿੰਦੇ ਹਨ, "ਉਨ੍ਹਾਂ ਨੇ ਮੇਰੇ 'ਤੇ ਸਾਬਣ ਸੁੱਟਿਆ, ਉਨ੍ਹਾਂ ਨੇ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ ਅਤੇ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਿਆ ਕਿ ਮੈਂ ਜੀਣਾ ਨਹੀਂ ਚਾਹੁੰਦਾ।"
ਉਨ੍ਹਾਂ ਨੇ ਇੱਕ ਹੱਲ ਲੱਭਿਆ।
ਫਿਏਰੋ ਕਹਿੰਦੇ ਹਨ, "ਮੈਂ ਕਸਰਤ ਕਰਨੀ, ਗਾਉਣਾ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜੋ ਵੀ ਕੀਤਾ, ਮੈਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ, ਮੈਂ ਸ਼ਿਕਾਇਤ ਨਹੀਂ ਕੀਤੀ, ਜਾਂ ਕੁਝ ਵੀ ਨਹੀਂ ਕੀਤਾ।"
ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਿੰਤਾ ਅਤੇ ਡਿਪਰੈਸ਼ਨ ਲਈ ਲੋੜੀਂਦੀ ਦਵਾਈ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਉਹ ਕੁਝ ਸਮੇਂ ਲਈ "ਉਲਝਣ" ਵਿੱਚ ਰਹੇ ਅਤੇ ਉਨ੍ਹਾਂ ਨੂੰ ਹੁਣ ਮਨੋਵਿਗਿਆਨਕ ਰੀਹੈਬਲੀਟੇਸ਼ਨ ਦੀ ਲੋੜ ਸੀ।

ਤਸਵੀਰ ਸਰੋਤ, Piano Producciones
ਸਾਲ ਬੀਤਦੇ ਗਏ ਅਤੇ ਅਮਰੀਕੀ ਮੀਡੀਆ ਨੇ ਫਿਏਰੋ ਨੂੰ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੌਤ ਦੀ ਸਜ਼ਾ ਵਾਲੇ ਕੈਦੀ ਵਜੋਂ ਦਰਸਾਇਆ।
ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ।
ਆਪਣੀ ਮਾਂ ਬਾਰੇ ਉਨ੍ਹਾਂ ਨੇ ਹੋਰ ਇੰਟਰਵਿਊਆਂ ਵਿੱਚ ਕਿਹਾ ਸੀ, "ਉਹ ਮੇਰੀ ਸਭ ਤੋਂ ਚੰਗੀ ਦੋਸਤ" ਸੀ ਅਤੇ ਹਰ ਵਾਰ ਜਦੋਂ ਉਸਨੂੰ ਇਹ ਖ਼ਬਰ ਮਿਲਦੀ ਸੀ ਕਿ ਉਹ ਘਾਤਕ ਟੀਕੇ ਨਾਲ ਮਰਨ ਵਾਲਾ ਹੈ, ਤਾਂ ਉਹ ਸਭ ਤੋਂ ਵੱਧ ਚਿੰਤਤ ਹੁੰਦੀ ਸੀ।
ਇਹ 17 ਵਾਰ ਹੋਇਆ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਦੇ ਡਰ ਨਹੀਂ ਲੱਗਾ।
ਉਹ ਸ਼ਾਂਤ ਸੁਰ ਵਿੱਚ ਕਹਿੰਦੇ ਹਨ, "ਜਦੋਂ ਮੈਨੂੰ ਪਹਿਲੀ ਵਾਰ ਫਾਂਸੀ ਦੀ ਤਾਰੀਖ ਦਿੱਤੀ ਗਈ ਸੀ, ਮੈਂ ਮਰਨ ਤੋਂ ਮਹਿਜ਼ ਚਾਰ ਘੰਟੇ ਦੂਰ ਸੀ।"
ਉਹ ਅੱਗੇ ਕਹਿੰਦੇ ਹਨ, "ਮੈਨੂੰ ਕੋਈ ਚਿੰਤਾ ਨਹੀਂ ਸੀ। ਕਿਉਂਕਿ ਮੈਂ ਕੁਝ ਗ਼ਲਤ ਨਹੀਂ ਕੀਤਾ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਸੱਚ ਜਲਦੀ ਜਾਂ ਫ਼ਿਰ ਬਾਅਦ ਵਿੱਚ ਸਾਹਮਣੇ ਆ ਜਾਵੇਗਾ...ਅਤੇ ਅਜਿਹਾ ਹੀ ਹੋਇਆ।"
ਫਿਏਰੋ ਦੀ ਆਜ਼ਾਦੀ
ਦਸਤਾਵੇਜ਼ੀ 'ਲਾ ਲਿਬਰੇਟਿਡ ਡੀ ਫਿਏਰੋ (2024)' ਦੇ ਪਹਿਲੇ ਦ੍ਰਿਸ਼ਾਂ ਵਿੱਚੋਂ ਇੱਕ ਵਿੱਚ, ਫਿਏਰੋ ਨੇ ਇੱਕ ਵਾਹਨ ਵਿੱਚ ਸੈਨੇਟਰੀ ਮਾਸਕ ਪਹਿਨਿਆ ਹੋਇਆ ਦੇਖਿਆ ਗਿਆ ਹੈ।
ਇਹ 2020 ਸੀ ਅਤੇ ਕੋਵਿਡ-19 ਮਹਾਂਮਾਰੀ ਦੇ ਪ੍ਰਬੰਧਨ ਦੇ ਉਪਾਵਾਂ ਕਾਰਨ ਲੌਕਡਾਊਨ ਚੱਲ ਰਿਹਾ ਸੀ। ਫਿਏਰੋ ਨੂੰ ਉਸੇ ਸਾਲ 14 ਮਈ ਨੂੰ ਰਿਹਾਅ ਕੀਤਾ ਗਿਆ ਸੀ।
ਟੈਕਸਸ ਦੀ ਇੱਕ ਅਦਾਲਤ ਨੇ ਮੁਕੱਦਮੇ ਵਿੱਚ ਗਲਤੀਆਂ ਲੱਭਣ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਲਟਾ ਦਿੱਤਾ ਸੀ।
ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਉਹ ਤੁਰੰਤ ਪੈਰੋਲ ਲਈ ਯੋਗ ਹੋ ਗਏ ਸਨ। ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਮੈਕਸੀਕੋ ਭੇਜ ਦਿੱਤਾ ਗਿਆ।
ਉਨ੍ਹਾਂ ਨੂੰ ਕਦੇ ਵੀ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸੰਘੀ ਅਦਾਲਤਾਂ ਨੇ ਫ਼ੈਸਲਾ ਸੁਣਾਇਆ ਕਿ ਉਨ੍ਹਾਂ ਦੀ ਬੇਨਤੀ ਸਮੇਂ ਸਿਰ ਦਾਇਰ ਨਹੀਂ ਕੀਤੀ ਗਈ ਸੀ।
ਉਹ ਕਹਿੰਦੇ ਹਨ, "ਮੇਰੇ ਕੋਲ ਰਹਿਣ ਲਈ ਕਿਤੇ ਵੀ ਥਾਂ ਨਹੀਂ ਸੀ, ਕੋਈ ਨੌਕਰੀ ਨਹੀਂ ਸੀ, ਕੋਈ ਸਹਾਇਤਾ ਨੈੱਟਵਰਕ ਨਹੀਂ ਸੀ, ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਆਜ਼ਾਦੀ ਨਾਲ ਕਿਵੇਂ ਨਜਿੱਠਣਾ ਹੈ।"
ਉਨ੍ਹਾਂ ਦੱਸਿਆ, "ਮਹਾਂਮਾਰੀ ਨੇ ਮੈਨੂੰ ਕੁਝ ਤਰੀਕਿਆਂ ਨਾਲ ਫਾਇਦਾ ਪਹੁੰਚਾਇਆ। ਜੇ ਸਭ ਕੁਝ ਆਮ ਹੁੰਦਾ, ਤਾਂ ਮੇਰਾ ਬਹੁਤ ਬੁਰਾ ਹਾਲ ਹੁੰਦਾ।"
"ਪਰ ਕਿਉਂਕਿ ਸੜਕਾਂ 'ਤੇ ਘੱਟ ਲੋਕ ਸਨ, ਇਸ ਲਈ ਮੈਨੂੰ ਬਿਹਤਰ ਢੰਗ ਨਾਲ ਬਾਹਰੀ ਸਮਾਜ ਵਿੱਚ ਢਲਣ ਦਾ ਮੌਕਾ ਮਿਲਿਆ, ਹਾਲਾਂਕਿ ਮੈਂ ਹਾਲੇ ਵੀ ਪੂਰੀ ਤਰ੍ਹਾਂ ਢਲਿਆ ਨਹੀਂ ਹਾਂ।"

ਤਸਵੀਰ ਸਰੋਤ, Piano Producciones
ਦਸਤਾਵੇਜ਼ੀ ਦੇ ਨਿਰਦੇਸ਼ਕ ਸੈਂਟੀਆਗੋ ਐਸਟੀਨੋ ਨੇ ਜੇਲ੍ਹ ਤੋਂ ਰਿਹਾਅ ਹੋਣ 'ਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ, ਕਿਉਂਕਿ ਸਿਹਤ ਐਮਰਜੈਂਸੀ ਦੌਰਾਨ ਆਸਰਾ ਲੱਭਣਾ ਮੁਸ਼ਕਲ ਸੀ।
ਫਿਏਰੋ ਅਜੇ ਵੀ ਇਸੇ ਅਪਾਰਟਮੈਂਟ ਵਿੱਚ ਰਹਿੰਦੇ ਹਨ।
ਸੀਐੱਨਡੀਐੱਚ ਨੇ ਸਿਫ਼ਾਰਸ਼ ਕੀਤੀ ਕਿ ਮੈਕਸੀਕਨ ਸਰਕਾਰ ਉਨ੍ਹਾਂ ਨੂੰ ਜਨਤਕ ਮਾਫ਼ੀ, ਮਨੋਵਿਗਿਆਨਕ ਸਹਾਇਤਾ, ਵਿੱਤੀ ਮੁਆਵਜ਼ਾ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਪਾਰਕ ਜਾਂ ਗਲੀ ਦਾ ਨਾਮ ਰੱਖਣ ਦੀ ਪੇਸ਼ਕਸ਼ ਕਰੇ, ਪਰ ਅਜਿਹਾ ਅਜੇ ਤੱਕ ਨਹੀਂ ਹੋਇਆ ਹੈ।
ਉਹ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਆਪਣੇ ਸਮਾਜਿਕ ਪੁਨਰ-ਏਕੀਕਰਨ ਨੂੰ ਜਾਰੀ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ।
ਉਨ੍ਹਾਂ ਨੇ ਖਾਣਾ ਪਕਾਉਣ ਦੀਆਂ ਕਲਾਸਾਂ ਲਈਆਂ ਅਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਨੌਕਰੀ ਤੋਂ ਪੈਦਾ ਹੋਈ ਚਿੰਤਾ ਤੋਂ ਘਬਰਾ ਕੇ ਨੌਕਰੀ ਛੱਡ ਦਿੱਤੀ।
ਉਹ ਤਾਈ ਚੀ ਦਾ ਅਭਿਆਸ ਵੀ ਕਰਦੇ ਹਨ ਅਤੇ ਇੱਕ ਕਮਿਊਨਿਟੀ ਸੈਂਟਰ ਵਿੱਚ ਅੰਗਰੇਜ਼ੀ ਦੀਆਂ ਕਲਾਸਾਂ ਲੈਂਦੇ ਹਨ।
ਉਹ ਕਹਿੰਦੇ ਹਨ, "ਵਿਦਿਆਰਥੀਆਂ ਨੂੰ ਬੋਲਣ ਵਿੱਚ ਸ਼ਰਮ ਆਉਂਦੀ ਹੈ। ਉਹ ਅਧਿਆਪਕ ਨੂੰ ਕਹਿੰਦੇ ਹਨ ਕਿ ਉਹ ਡਰਦੇ ਹਨ, ਸੰਗਦੇ ਹਨ। ਪਰ ਮੈਨੂੰ ਅੰਗਰੇਜ਼ੀ ਬੋਲਣ ਤੋਂ ਡਰ ਨਹੀਂ ਲੱਗਦਾ।"
ਪਰ ਉਨ੍ਹਾਂ ਨੂੰ ਇੱਕ ਹੋਰ ਡਰ ਵੀ ਹਨ।
ਉਹ ਮੰਨਦੇ ਹਨ, "ਮੈਨੂੰ ਅਜੇ ਵੀ ਬਹੁਤ ਡਰ ਹਨ। ਸਬਵੇਅ ਤੋਂ ਇਲਾਵਾ, ਮੈਨੂੰ ਟਰੱਕਾਂ ਤੋਂ ਵੀ ਡਰ ਲੱਗਦਾ ਹੈ। ਮੈਨੂੰ ਉਨ੍ਹਾਂ ਥਾਵਾਂ 'ਤੇ ਆਰਾਮਦਾਇਕ ਮਹਿਸੂਸ ਨਹੀਂ ਹੁੰਦਾ ਅਤੇ ਮੈਂ ਘਬਰਾ ਜਾਂਦਾ ਹਾਂ।"
"ਮੈਂ ਅਜੇ 100ਫ਼ੀਸਦ ਠੀਕ ਨਹੀਂ ਹਾਂ, ਪਰ ਮੈਂ ਠੀਕ ਹੋਣ ਦੀ ਰਾਹ ਉੱਤੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












