ਪਾਕਿਸਤਾਨ ਤੋਂ ਭੱਜ ਕੇ 'ਸਰਹੱਦ ਤੇ ਮਾਰੂਥਲ ਪਾਰ ਕਰਕੇ ਗੁਜਰਾਤ' ਕਿਉਂ ਪਹੁੰਚੇ ਇਹ ਨੌਜਵਾਨ ਮੁੰਡਾ-ਕੁੜੀ, ਭਾਰਤ 'ਚ ਹੁਣ ਇਨ੍ਹਾਂ ਖ਼ਿਲਾਫ਼ ਕੀ ਕਾਰਵਾਈ ਹੋਵੇਗੀ

ਪਾਕਿਸਤਾਨ ਤੋਂ ਭੱਜ ਕੇ ਤੇ ਸਰਹੱਦ ਪਾਰ ਕਰਕੇ ਭਾਰਤ ਦੇ ਗੁਜਰਾਤ ਪਹੁੰਚੇ ਨੌਜਵਾਨ ਮੁੰਡਾ-ਕੁੜੀ

ਤਸਵੀਰ ਸਰੋਤ, Kutch (East) Police

ਤਸਵੀਰ ਕੈਪਸ਼ਨ, ਪਾਕਿਸਤਾਨ ਤੋਂ ਭੱਜ ਕੇ ਤੇ ਸਰਹੱਦ ਪਾਰ ਕਰਕੇ ਭਾਰਤ ਦੇ ਗੁਜਰਾਤ ਪਹੁੰਚੇ ਨੌਜਵਾਨ ਮੁੰਡਾ-ਕੁੜੀ ਲਗਭਗ 16 ਸਾਲ ਦੀ ਉਮਰ ਦੇ ਦੱਸੇ ਗਏ ਹਨ
    • ਲੇਖਕ, ਗੋਪਾਲ ਕਟੇਸ਼ੀਆ
    • ਰੋਲ, ਬੀਬੀਸੀ ਪੱਤਰਕਾਰ

ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜ ਗਏ ਹਨ।

ਦੋਵਾਂ ਗੁਆਂਢੀ ਦੇਸ਼ਾਂ ਵਿੱਚ ਭਾਵੇਂ ਇਸ ਵੇਲੇ ਕੌੜੇ ਸਬੰਧ ਹਨ, ਪਰ ਬੁੱਧਵਾਰ ਨੂੰ ਇੱਕ ਘਟਨਾ ਵਾਪਰੀ ਜੋ ਦੱਸਦੀ ਹੈ ਕਿ ਪਿਆਰ ਕੋਈ ਸੀਮਾ ਨਹੀਂ ਜਾਣਦਾ ਅਤੇ ਜੇਕਰ ਲੋੜ ਪਵੇ ਤਾਂ ਸਰਹੱਦਾਂ ਵੀ ਪਾਰ ਕਰ ਸਕਦਾ ਹੈ।

ਬੁੱਧਵਾਰ ਸਵੇਰੇ, ਕੱਛ ਦੇ ਰਣ ਵਿੱਚ ਖਾਦਿਰ ਟਾਪੂ 'ਤੇ ਧੋਲਾਵੀਰਾ ਪਿੰਡ ਦੇ ਨੇੜੇ ਰਤਨਪਾਰ ਪਿੰਡ ਦੇ ਲੋਕਾਂ ਨੇ ਅਣਜਾਣ ਕਿਸ਼ੋਰ ਅਵਸਥਾ ਵਾਲੇ ਮੁੰਡੇ-ਕੁੜੀ ਨੂੰ ਦੇਖਿਆ।

ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜੋੜਾ 'ਆਪਣੇ ਪਿਆਰ ਦੀ ਖ਼ਾਤਰ' ਪਾਕਿਸਤਾਨ ਛੱਡ ਕੇ 'ਸ਼ਰਣ' ਲਈ ਭਾਰਤ ਆਇਆ ਹੈ।

ਇਹ ਮੁੰਡਾ ਅਤੇ ਕੁੜੀ ਲਗਭਗ 16 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕੀਤੀ, ਕੱਛ ਮਾਰੂਥਲ ਨੂੰ ਪਾਰ ਕੀਤਾ, ਅਤੇ ਤਿੰਨ ਦਿਨਾਂ ਦੀ ਯਾਤਰਾ ਤੋਂ ਬਾਅਦ, ਆਪਣੇ ਪਿੰਡ ਤੋਂ ਲਗਭਗ ਪੰਜਾਹ ਕਿਲੋਮੀਟਰ ਦੂਰ ਕੱਛ ਸਰਹੱਦ 'ਤੇ ਪਹੁੰਚੇ, ਇਸ ਉਮੀਦ ਵਿੱਚ ਕਿ ਉਨ੍ਹਾਂ ਦੇ 'ਪਿਆਰ ਨੂੰ ਇੱਥੇ ਅਸਵੀਕਾਰ ਨਹੀਂ ਕੀਤਾ ਜਾਵੇਗਾ'।

ਇਹ ਜੋੜਾ ਪਾਕਿਸਤਾਨ ਦੇ ਥਾਰਪਾਰਕਰ ਤੋਂ ਕਿਉਂ ਭੱਜ ਆਇਆ?

ਜਾਂਚ ਕਰਨ 'ਤੇ ਪੁਲਿਸ ਨੂੰ ਸ਼ੁਰੂ 'ਚ ਪਤਾ ਲੱਗਾ ਕਿ ਜੋੜਾ 'ਆਪਣੇ ਪਿਆਰ ਦੀ ਖ਼ਾਤਰ' ਪਾਕਿਸਤਾਨ ਛੱਡ ਕੇ 'ਸ਼ਰਣ' ਲਈ ਭਾਰਤ ਆਇਆ ਹੈ

ਤਸਵੀਰ ਸਰੋਤ, Kutch (East) Police

ਤਸਵੀਰ ਕੈਪਸ਼ਨ, ਜਾਂਚ ਕਰਨ 'ਤੇ ਪੁਲਿਸ ਨੂੰ ਸ਼ੁਰੂ 'ਚ ਪਤਾ ਲੱਗਾ ਕਿ ਜੋੜਾ 'ਆਪਣੇ ਪਿਆਰ ਦੀ ਖ਼ਾਤਰ' ਪਾਕਿਸਤਾਨ ਛੱਡ ਕੇ 'ਸ਼ਰਣ' ਲਈ ਭਾਰਤ ਆਇਆ ਹੈ

ਫਿਲਹਾਲ, ਪੁਲਿਸ ਨੇ ਉਨ੍ਹਾਂ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਅਧਿਕਾਰੀ ਕਹਿ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਨੌਜਵਾਨ ਜੋੜੇ ਨੂੰ ਭਾਰਤ ਦੀਆਂ ਵੱਖ-ਵੱਖ ਏਜੰਸੀਆਂ, ਜਿਸ ਵਿੱਚ ਖੁਫੀਆ ਵਿਭਾਗ ਵੀ ਸ਼ਾਮਲ ਹੈ, ਤੋਂ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ।

ਬੀਬੀਸੀ, ਪਾਕਿਸਤਾਨ ਤੋਂ ਆਏ ਇਸ ਮੁੰਡੇ ਅਤੇ ਕੁੜੀ ਦੀ ਪਛਾਣ ਨਹੀਂ ਦੱਸ ਸਕਦਾ ਕਿਉਂਕਿ ਉਹ ਨਾਬਾਲਗ ਹਨ।

ਕੱਛ (ਪੂਰਬੀ) ਪੁਲਿਸ ਦੇ ਸੁਪਰੀਟੇਂਡੈਂਟ (ਐਸਪੀ) ਸਾਗਰ ਬਾਗਮਾਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਜੋੜੇ ਕੋਲ ਕੋਈ ਸਬੂਤ ਨਹੀਂ ਹੈ, ਪਰ ਉਹ ਕਹਿੰਦੇ ਹਨ ਕਿ ਉਹ ਸੋਲ਼ਾਂ ਸਾਲ ਦੇ ਹਨ।

ਐਸਪੀ ਸਾਗਰ ਬਾਗਮਾਰ ਨੇ ਕਿਹਾ, "ਉਹ ਕਹਿੰਦੇ ਹਨ ਕਿ ਉਹ ਪਾਕਿਸਤਾਨ ਦੇ ਥਾਰਪਾਰਕਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਸਨੀਕ ਹਨ ਅਤੇ ਭੀਲ ਭਾਈਚਾਰੇ ਨਾਲ ਸਬੰਧਤ ਹਨ। ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਭਗ ਦਸ ਕਿਲੋਮੀਟਰ ਦੂਰ ਸਥਿਤ ਹੈ।"

"ਸ਼ੁਰੂਆਤੀ ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਦੱਸਿਆ ਕਿ ਉਹ ਇੱਕ-ਦੂਜੇ ਨਾਲ ਪਿਆਰ ਕਰਦੇ ਸਨ, ਪਰ ਕੁੜੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਮੁੱਦੇ 'ਤੇ ਮੁੰਡੇ ਦੇ ਪਰਿਵਾਰ ਅਤੇ ਕੁੜੀ ਦੇ ਪਰਿਵਾਰ ਵਿਚਕਾਰ ਲੜਾਈ ਵੀ ਹੋਈ ਸੀ। ਕਿਉਂਕਿ ਪਰਿਵਾਰ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕੀਤਾ, ਇਸ ਲਈ ਜੋੜੇ ਨੇ ਭੱਜ ਕੇ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਤਿੰਨ-ਚਾਰ ਦਿਨ ਪਹਿਲਾਂ ਆਪਣੇ ਪਿੰਡ ਤੋਂ ਭੱਜ ਗਏ।"

ਲੋਕਾਂ ਵੱਲੋਂ, ਖ਼ਾਸ ਕਰਕੇ ਪਾਕਿਸਤਾਨ ਤੋਂ, ਆਪਣਾ ਰਸਤਾ ਭੁੱਲ ਕੇ ਸਰਹੱਦ ਪਾਰ ਕਰਕੇ ਕੱਛ ਪਹੁੰਚਣ ਦੀਆਂ ਘਟਨਾਵਾਂ ਕਈ ਵਾਰ ਵਾਪਰਦੀਆਂ ਹਨ। ਪਰ ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ।

ਐਸਪੀ ਸਾਗਰ ਬਾਗਮਾਰੇ ਨੇ ਅੱਗੇ ਕਿਹਾ, "ਆਪਣੇ ਪਿੰਡ ਤੋਂ ਭੱਜਣ ਤੋਂ ਬਾਅਦ, ਇਹ ਨੌਜਵਾਨ ਮੁੰਡਾ-ਕੁੜੀ ਭਾਰਤੀ ਸਰਹੱਦ ਵੱਲ ਚਲੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਈ ਰਸਤਾ ਭੁੱਲਣ ਕਰਕੇ ਭਾਰਤ ਨਹੀਂ ਪਹੁੰਚੇ, ਸਗੋਂ ਉਹ ਤਾਂ ਖੁਦ ਭਾਰਤ ਆਉਣਾ ਚਾਹੁੰਦੇ ਸਨ ਅਤੇ ਇਸੇ ਲਈ ਉਹ ਸਰਹੱਦ ਪਾਰ ਕਰਕੇ ਕੱਛ ਪਹੁੰਚੇ।"

ਜੋੜੇ ਨੇ ਮਾਰੂਥਲ ਦਾ ਸਫ਼ਰ ਕਿਵੇਂ ਤੈਅ ਕੀਤਾ?

ਕੱਛ ਦਾ ਰਣ

ਤਸਵੀਰ ਸਰੋਤ, SAM PANTHAKY/AFP via Getty Images

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਮੁੰਡਾ-ਕੁੜੀ ਨੇ ਪਾਣੀ ਨਾਲ ਭਰੇ ਕੱਛ ਮਾਰੂਥਲ ਨੂੰ ਪਾਰ ਕੀਤਾ (ਸੰਕੇਤਕ ਤਸਵੀਰ)

ਬੀਬੀਸੀ ਨਾਲ ਹੋਰ ਗੱਲ ਕਰਦੇ ਹੋਏ, ਐਸਪੀ ਸਾਗਰ ਬਾਗਮਾਰ ਨੇ ਕਿਹਾ ਕਿ ਇਹ ਜੋੜਾ ਸਰਹੱਦ ਪਾਰ ਕਰਕੇ, ਪਾਰ ਨਾ ਕੀਤੇ ਜਾ ਸਕਣ ਵਾਲੇ ਮਾਰੂਥਲ ਨੂੰ ਵੀ ਪਾਰ ਕਰਕੇ ਸਰਹੱਦ ਤੋਂ ਚਾਲੀ ਕਿਲੋਮੀਟਰ ਦੂਰ ਖਾਦਿਰ ਟਾਪੂ ਪਹੁੰਚਿਆ ਹੈ।

ਉਨ੍ਹਾਂ ਦੱਸਿਆ ਕਿ ਕਿਵੇਂ ਦੋਵੇਂ ਜਣੇ ਮਾਰੂਥਲ ਦੇ ਪੂਰਬੀ ਕੰਢੇ 'ਤੇ ਮੌਜੂਦ ਖਾਦਿਰ ਟਾਪੂ 'ਤੇ ਪਹੁੰਚਣ ਵਿੱਚ ਕਾਮਯਾਬ ਕਿਵੇਂ ਹੋਏ, ਜਦਕਿ ਪਿਛਲੇ ਮਹੀਨੇ ਪਈ ਭਾਰੀ ਬਾਰਿਸ਼ ਕਾਰਨ ਕੱਛ ਦਾ ਵਿਸ਼ਾਲ ਰਣ ਇਸ ਸਮੇਂ ਹੜ੍ਹ ਦੀ ਮਾਰ ਹੇਠ ਹੈ।

ਐਸਪੀ ਸਾਗਰ ਨੇ ਦੱਸਿਆ, "ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਆਪਣੇ ਪਿੰਡ ਤੋਂ ਨਿਕਲੇ ਸਨ ਤਾਂ ਉਹ ਆਪਣੇ ਨਾਲ ਪੀਣ ਵਾਲਾ ਪਾਣੀ ਅਤੇ ਭੋਜਨ ਲੈ ਕੇ ਤੁਰੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੁਝ ਦੂਰੀ ਤੱਕ ਪਾਣੀ ਵਿੱਚ ਤੈਰਨਾ ਵੀ ਪਿਆ ਕਿਉਂਕਿ ਕੁਝ ਥਾਂ ਉੱਤੇ ਪਾਣੀ ਭਰਿਆ ਹੋਇਆ ਸੀ।"

"ਉਨ੍ਹਾਂ ਦੀ ਹਿਰਾਸਤ ਤੋਂ ਬਾਅਦ, ਅਸੀਂ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਈ ਹੈ ਅਤੇ ਡਾਕਟਰਾਂ ਨੇ ਵੀ ਇਹੀ ਕਿਹਾ ਹੈ ਕਿ ਇਨ੍ਹਾਂ ਉਨ੍ਹਾਂ ਦੋਵਾਂ ਨੂੰ ਆਪਣੀ ਯਾਤਰਾ ਦੌਰਾਨ ਤੈਰਨਾ ਪਿਆ ਹੋਵੇਗਾ।"

ਇਹ ਵੀ ਪੜ੍ਹੋ-
ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੇ ਦੱਸਿਆ ਕਿ ਉਹ ਕੋਈ ਰਾਹ ਭੁੱਲਣ ਕਰਕੇ ਭਾਰਤ ਨਹੀਂ ਪਹੁੰਚੇ, ਸਗੋਂ ਆਪ ਇੱਥੇ ਆਉਣਾ ਚਾਹੁੰਦੇ ਸਨ (ਸੰਕੇਤਕ ਤਸਵੀਰ)

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੇ ਦੱਸਿਆ ਕਿ ਉਹ ਕੋਈ ਰਾਹ ਭੁੱਲਣ ਕਰਕੇ ਭਾਰਤ ਨਹੀਂ ਪਹੁੰਚੇ, ਸਗੋਂ ਆਪ ਇੱਥੇ ਆਉਣਾ ਚਾਹੁੰਦੇ ਸਨ (ਸੰਕੇਤਕ ਤਸਵੀਰ)

ਜਦੋਂ ਦੋਵੇਂ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਖਾਦਿਰ ਟਾਪੂ 'ਤੇ ਪਹੁੰਚਣ ਤੋਂ ਬਾਅਦ ਰਤਨਪਾਰ ਪਿੰਡ ਦੇ ਬਾਹਰਵਾਰ ਦਾਖਲ ਹੋਏ, ਤਾਂ ਰਤਨਪਾਰ ਦੇ ਕੁਝ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਪਈਆਂ।

ਐਸਪੀ ਸਾਗਰ ਨੇ ਕਿਹਾ ਕਿ ਕਿਉਂਕਿ ਨੌਜਵਾਨ ਮੁੰਡਾ ਅਤੇ ਕੁੜੀ ਸਿੰਧੀ ਬੋਲ ਰਹੇ ਸਨ, ਇਸ ਲਈ ਰਤਨਪਾਰ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਦੋਵੇਂ ਕੱਛ ਦੇ ਨਹੀਂ ਹਨ।

ਸਾਗਰ ਬਾਗਮਾਰ ਨੇ ਕਿਹਾ, "ਸਥਾਨਕ ਲੋਕਾਂ ਨੇ ਪੁਲਿਸ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ, ਸਾਡੇ ਖਾਦਿਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਉੱਥੇ ਪਹੁੰਚੇ। ਸ਼ੁਰੂਆਤੀ ਪੁੱਛਗਿੱਛ ਦੌਰਾਨ, ਮੁੰਡੇ ਅਤੇ ਕੁੜੀ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਥਾਰਪਾਰਕਰ ਜ਼ਿਲ੍ਹੇ ਤੋਂ ਹਨ।"

ਪਾਕਿਸਤਾਨ ਤੋਂ ਭੱਜ ਕੇ ਤੇ ਸਰਹੱਦ ਪਾਰ ਕਰਕੇ ਭਾਰਤ ਦੇ ਗੁਜਰਾਤ ਪਹੁੰਚੇ ਨੌਜਵਾਨ ਮੁੰਡਾ-ਕੁੜੀ

ਪਾਕਿਸਤਾਨ ਤੋਂ ਆਏ ਇਸ ਨੌਜਵਾਨ ਜੋੜੇ ਦਾ ਹੁਣ ਕੀ ਹੋਵੇਗਾ?

ਭਾਰਤ ਦੇ ਵਿਦੇਸ਼ੀ ਐਕਟ, 1946 ਦੇ ਤਹਿਤ ਬਿਨਾਂ ਵੈਧ ਵੀਜ਼ੇ ਦੇ ਭਾਰਤ ਵਿੱਚ ਦਾਖਲ ਹੋਣਾ ਇੱਕ ਅਪਰਾਧ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ੀ ਐਕਟ, 1946 ਦੇ ਤਹਿਤ ਬਿਨਾਂ ਵੈਧ ਵੀਜ਼ੇ ਦੇ ਭਾਰਤ ਵਿੱਚ ਦਾਖਲ ਹੋਣਾ ਇੱਕ ਅਪਰਾਧ ਹੈ

ਭਾਰਤ ਦੇ ਵਿਦੇਸ਼ੀ ਐਕਟ, 1946 ਦੇ ਤਹਿਤ ਬਿਨਾਂ ਵੈਧ ਵੀਜ਼ੇ ਦੇ ਭਾਰਤ ਵਿੱਚ ਦਾਖਲ ਹੋਣਾ ਇੱਕ ਅਪਰਾਧ ਹੈ ਅਤੇ ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੁੰਦਾ ਹੈ, ਤਾਂ ਇਸ ਅਪਰਾਧ ਲਈ ਪੰਜ ਸਾਲ ਤੱਕ ਦੀ ਕੈਦ ਜਾਂ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਰ ਐਸਪੀ ਸਾਗਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਕੱਛ (ਪੂਰਬੀ) ਪੁਲਿਸ ਨੇ ਅਜੇ ਤੱਕ ਇਨ੍ਹਾਂ ਨੌਜਵਾਨਾਂ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ, "ਇਸ ਵੇਲੇ ਖਾਦਿਰ ਪੁਲਿਸ ਸਟੇਸ਼ਨ ਵਿੱਚ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਮੁੰਡੇ-ਕੁੜੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਗਿਆ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ, ਅਸੀਂ ਉਨ੍ਹਾਂ ਨੂੰ ਭੁਜ ਦੇ ਸੰਯੁਕਤ ਪੁੱਛਗਿੱਛ ਕੇਂਦਰ ਦੇ ਹਵਾਲੇ ਕਰ ਦੇਵਾਂਗੇ ਤਾਂ ਜੋ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਉਨ੍ਹਾਂ ਤੋਂ ਪੁੱਛਗਿੱਛ ਕਰ ਸਕਣ।"

ਪਾਕਿਸਤਾਨੀ ਨਾਗਰਿਕ ਜਾਂ ਕਥਿਤ ਪਾਕਿਸਤਾਨੀ ਨਾਗਰਿਕ ਜੋ ਸਰਹੱਦ ਪਾਰ ਕਰਕੇ ਕੱਛ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ 'ਤੇ ਅਪਰਾਧ ਦਾ ਚਾਰਜ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕੱਛ ਦੇ ਜ਼ਿਲ੍ਹਾ ਹੈੱਡਕੁਆਰਟਰ ਭੁਜ ਦੇ ਸੰਯੁਕਤ ਪੁੱਛਗਿੱਛ ਕੇਂਦਰ ਵਿੱਚ ਹਿਰਾਸਤ ਵਿੱਚ ਲਿਆ ਜਾਂਦਾ ਹੈ।

ਜੇਕਰ ਉਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਆਮ ਤੌਰ 'ਤੇ ਕੱਛ ਜਾਂ ਜਾਮਨਗਰ ਦੀਆਂ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸੰਯੁਕਤ ਪੁੱਛਗਿੱਛ ਕੇਂਦਰ ਵਿੱਚ ਰੱਖਿਆ ਜਾਂਦਾ ਹੈ। ਫਿਰ ਪਾਕਿਸਤਾਨ ਵੱਲੋਂ ਅਜਿਹੇ ਵਿਅਕਤੀ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਉਸ ਵਿਅਕਤੀ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਜਾਂਦਾ ਹੈ।

ਭਾਰਤੀ ਕਾਨੂੰਨ ਮੁਤਾਬਕ, ਗੈਰ ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖਲ ਹੋਣ ਲਈ ਪੰਜ ਸਾਲ ਤੱਕ ਦੀ ਕੈਦ ਜਾਂ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕਾਨੂੰਨ ਮੁਤਾਬਕ, ਗੈਰ ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖਲ ਹੋਣ ਲਈ ਪੰਜ ਸਾਲ ਤੱਕ ਦੀ ਕੈਦ ਜਾਂ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ

ਇੱਥੇ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਤੋਂ ਦੋ ਆਦਮੀਆਂ ਨੇ ਪਾਕਿਸਤਾਨ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਮਿਲਣ ਜਾਣ ਲਈ ਕੱਛ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਫੜੇ ਗਏ।

ਸਾਲ 2024 ਵਿੱਚ ਜੰਮੂ ਅਤੇ ਕਸ਼ਮੀਰ ਦੇ ਇੱਕ ਆਦਮੀ ਨੇ ਪਾਕਿਸਤਾਨ ਦੇ ਮੁਲਤਾਨ ਵਿੱਚ ਰਹਿਣ ਵਾਲੀ ਇੱਕ ਔਰਤ ਨੂੰ ਮਿਲਣ ਲਈ ਕੱਛ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਉਸ ਨੂੰ ਕੱਛ ਦੇ ਪੱਛਮੀ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਖਾਵੜਾ ਪਿੰਡ ਤੋਂ ਫੜ ਲਿਆ ਸੀ।

ਇਸੇ ਤਰ੍ਹਾਂ, ਸਾਲ 2020 ਵਿੱਚ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦਾ ਇੱਕ ਕਾਲਜ ਵਿਦਿਆਰਥੀ ਪਾਕਿਸਤਾਨ ਵਿੱਚ ਰਹਿਣ ਵਾਲੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਸਰਹੱਦ ਪਾਰ ਕਰਨ ਦੇ ਇਰਾਦੇ ਨਾਲ ਮਹਾਰਾਸ਼ਟਰ ਤੋਂ ਕੱਛ ਦੇ ਰਣ ਤੱਕ ਮੋਟਰਸਾਈਕਲ 'ਤੇ ਪਹੁੰਚਿਆ ਸੀ। ਪਰ ਜਦੋਂ ਉਹ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਸੀ, ਤਾਂ ਉਸ ਨੂੰ ਸਰਹੱਦ ਦੀ ਰਾਖੀ ਕਰ ਰਹੇ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜ ਲਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)