'ਮੈਂ ਡਰੋਨ ਹਮਲੇ 'ਚ ਗੰਭੀਰ ਜ਼ਖ਼ਮੀ ਹੋ ਗਿਆ ਹਾਂ', ਰੂਸ 'ਚ ਫਸੇ ਪੰਜਾਬੀ ਨੌਜਵਾਨ ਨੇ ਕੀ-ਕੀ ਦੱਸਿਆ, ਮਾਂ ਨੇ ਲਾਈ ਮਦਦ ਦੀ ਗੁਹਾਰ

ਬੂਟਾ ਸਿੰਘ
ਤਸਵੀਰ ਕੈਪਸ਼ਨ, ਬੂਟਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਲਈ ਰੂਸ ਗਿਆ ਸੀ

''ਉਹ ਮਹਿਲਾ ਬੂਟਾ ਸਿੰਘ ਨੂੰ ਨੌਕਰੀ ਦੁਆਉਣ ਦੇ ਨਾਮ 'ਤੇ ਆਪਣੇ ਨਾਲ ਲੈ ਗਈ ਅਤੇ ਮੇਰੇ ਭਰਾ ਨਾਲ ਇੱਕ ਐਗਰੀਮੈਂਟ ਕਰਕੇ ਉਸ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਕਰੀਬ 10 ਦਿਨ ਦੀ ਟ੍ਰੇਨਿੰਗ ਮਗਰੋਂ ਮੇਰੇ ਭਰਾ ਨੂੰ ਲੜਣ ਲਈ ਜੰਗ ਵਿੱਚ ਧੱਕ ਦਿੱਤਾ।''

ਇਹ ਸ਼ਬਦ ਰੂਸ 'ਚ ਫਸੇ ਬੂਟਾ ਸਿੰਘ ਦੀ ਭੈਣ ਕਰਮਜੀਤ ਕੌਰ ਦੇ ਹਨ, ਜੋ ਦਿਨ-ਰਾਤ ਆਪਣੇ ਭਰਾ ਦੀ ਸਹੀ-ਸਲਾਮਤ ਵਾਪਸੀ ਦੀ ਉਡੀਕ ਕਰ ਰਹੇ ਹਨ।

ਬੂਟਾ ਸਿੰਘ ਉਨ੍ਹਾਂ ਭਾਰਤੀ ਨੌਜਵਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀਆਂ ਰੂਸ ਵਿੱਚ ਫਸੇ ਹੋਣ ਦੀਆਂ ਰਿਪੋਰਟਾਂ ਹਨ।

ਇਸ ਮਾਮਲੇ 'ਚ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜੁਲਾਈ ਮਹੀਨੇ ਵਿੱਚ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਸੀ ਕਿ ਉਪਲੱਬਧ ਜਾਣਕਾਰੀ ਦੇ ਅਨੁਸਾਰ, ਰੂਸੀ ਹਥਿਆਰਬੰਦ ਫੌਜਾਂ ਵਿੱਚ 127 ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ 98 ਵਿਅਕਤੀਆਂ ਦੀਆਂ ਸੇਵਾਵਾਂ ਨੂੰ ਇਸ ਮਾਮਲੇ 'ਤੇ ਭਾਰਤ ਅਤੇ ਰੂਸੀ ਸਰਕਾਰਾਂ ਵਿਚਕਾਰ ਚੱਲ ਰਹੀ ਗੱਲਬਾਤ ਦੇ ਨਤੀਜੇ ਵਜੋਂ ਖ਼ਤਮ ਕਰ ਦਿੱਤਾ ਗਿਆ ਸੀ।

ਵਿਦੇਸ਼ ਮੰਤਰਾਲੇ ਮੁਤਾਬਕ, ਰੂਸੀ ਹਥਿਆਰਬੰਦ ਫੌਜਾਂ ਵਿੱਚ 13 ਭਾਰਤੀ ਨਾਗਰਿਕ ਅਜੇ ਵੀ ਮੌਜੂਦ ਹਨ, ਜਿਨ੍ਹਾਂ ਵਿੱਚੋਂ 12 ਬਾਰੇ ਰੂਸ ਵੱਲੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।

'ਮੇਰੇ ਪੁੱਤ ਬਿਨਾਂ ਘਰ ਸੁੰਨਾ ਹੈ'

ਬੂਟਾ ਸਿੰਘ ਦੇ ਮਾਤਾ ਪਰਮਜੀਤ ਕੌਰ
ਤਸਵੀਰ ਕੈਪਸ਼ਨ, ਬੂਟਾ ਸਿੰਘ ਦੇ ਮਾਤਾ ਪਰਮਜੀਤ ਕੌਰ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ

ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਨੇ ਮੋਗਾ ਜ਼ਿਲ੍ਹੇ 'ਚ ਪੈਂਦੇ ਬੂਟਾ ਸਿੰਘ ਦੇ ਪਿੰਡ ਚੱਕ ਕੰਨੀਆਂ ਕਲਾਂ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਰੂਸੀ ਫੌਜ 'ਚ ਜਬਰੀ ਭਰਤੀ ਕੀਤਾ ਗਿਆ ਹੈ।

ਪਿੰਡ ਦੇ ਅੰਦਰ ਇੱਟਾਂ ਵਾਲੇ ਖੜਵੰਜੇ ਵਾਲੀ ਸੜਕ 'ਤੇ ਬਣਿਆ ਆਖ਼ਰੀ ਘਰ 25 ਸਾਲ ਦੇ ਬੂਟਾ ਸਿੰਘ ਦਾ ਹੈ‌‌ ਜਿਸ ਵਿੱਚ ਉਨ੍ਹਾਂ ਦੀ ਮਾਂ ਪਰਮਜੀਤ ਕੌਰ, ਛੋਟੀ ਭੈਣ ਕਰਮਜੀਤ ਕੌਰ ਅਤੇ ਪਿਤਾ ਰਾਮ ਸਿੰਘ ਰਹਿੰਦੇ ਹਨ।

ਬੂਟਾ ਸਿੰਘ ਦੇ ਪਿਤਾ ਰਾਮ ‌‌ਪਿੰਡ ਦੇ ਇੱਕ ਕਿਸਾਨ ਦੇ ਖੇਤ ਵਿੱਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਮਾਂ ਪਰਮਜੀਤ ਕੌਰ ਘਰੇਲੂ ਮਹਿਲਾ ਹਨ।

ਬੂਟਾ ਸਿੰਘ ਦੇ ਮਾਤਾ ਪਰਮਜੀਤ ਕੌਰ ਨੇ ਭਾਵੁਕ ਹੁੰਦਿਆਂ ਕਹਿੰਦੇ ਹਨ, ''ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡਾ ਬੇਟਾ ਵਾਪਸ ਲਿਆ ਦਿਓ। ਉਸ ਦੇ ਬਿਨਾਂ ਘਰ ਸੁੰਨਾ-ਸੁੰਨਾ ਲੱਗ ਰਿਹਾ ਹੈ।''

ਪਰਿਵਾਰ ਦਾ ਦਾਅਵਾ - 'ਨੌਕਰੀ ਦੇ ਨਾਮ 'ਤੇ ਫਸਾਇਆ ਗਿਆ'

ਬੂਟਾ ਸਿੰਘ ਦੇ ਭੈਣ ਕਰਮਜੀਤ
ਤਸਵੀਰ ਕੈਪਸ਼ਨ, ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪੈਸੇ ਉਧਾਰ ਲੈ ਕੇ ਬੂਟਾ ਸਿੰਘ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਸੀ

ਬੂਟਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਦੇ ਮੁੰਡੇ ਨੂੰ ਫਸਾਇਆ ਗਿਆ ਹੈ। ਉਹ ਘਰ ਦੇ ਤੰਗ ਹਾਲਾਤਾਂ ਕਾਰਨ 12ਵੀਂ ਤੱਕ ਦੀ ਪੜ੍ਹਾਈ ਕਰਕੇ ਰੂਸ ਗਿਆ ਸੀ।

ਬੂਟਾ ਸਿੰਘ ਦੇ ਭੈਣ ਕਰਮਜੀਤ ਦੱਸਦੇ ਹਨ ਕਿ ਬੂਟਾ ਸਿੰਘ ਨੇ ਯੂਟਿਊਬ ਰਾਹੀਂ ਟਰੈਵਲ ਏਜੰਟ ਦੀ‌ ਭਾਲ ਕੀਤੀ ਸੀ ਅਤੇ ਉਸ ਨੇ ਸਾਢੇ ਤਿੰਨ ਲੱਖ ਰੁਪਏ ਮੰਗੇ ਸਨ। ਇਸ ਦੇ ਲਈ ਪਰਿਵਾਰ ਨੇ ਗਹਿਣੇ ਗਿਰਵੀ ਰੱਖੇ ਤੇ ਵਿਆਜ 'ਤੇ ਪੈਸੇ ਉਧਾਰੇ ਲਏ ਤਾਂ ਉਨ੍ਹਾਂ ਦਾ ਭਰਾ ਰੂਸ ਜਾ ਸਕੇ।

ਉਨ੍ਹਾਂ ਮੁਤਾਬਕ, ਰੂਸ ਦੇ ਮਾਸਕੋ ਵਿਖੇ ਬੂਟਾ ਸਿੰਘ ਆਪਣੀ ਪੜ੍ਹਾਈ ਦੌਰਾਨ ਥੋੜ੍ਹਾ ਬਹੁਤ ਕੰਮ ਕਰਦੇ ਸਨ ਪਰ ਗੁਜ਼ਾਰਾ ਨਾ ਚੱਲਣ ਕਰਕੇ ਉਹ ਨੌਕਰੀ ਦੀ ਭਾਲ਼ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਮਹਿਲਾ ਨਾਲ ਹੋਈ।

ਕਮਰਜੀਤ ਕੌਰ ਮੁਤਾਬਕ, ''ਉਹ ਮਹਿਲਾ ਬੂਟਾ ਸਿੰਘ ਨੂੰ ਨੌਕਰੀ ਦੁਆਉਣ ਦੇ ਨਾਮ 'ਤੇ ਆਪਣੇ ਨਾਲ ਲੈ ਗਈ ਅਤੇ ਮੇਰੇ ਭਰਾ ਨਾਲ ਇੱਕ ਐਗਰੀਮੈਂਟ ਕਰਕੇ ਉਸ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਕਰੀਬ 10 ਦਿਨ ਦੀ ਟ੍ਰੇਨਿੰਗ ਮਗਰੋਂ ਮੇਰੇ ਭਰਾ ਨੂੰ ਲੜਣ ਲਈ ਜੰਗ ਵਿੱਚ ਧੱਕ ਦਿੱਤਾ।''

ਕਰਮਜੀਤ ਦੱਸਦੇ ਹਨ ਕਿ ਸਤੰਬਰ ਮਹੀਨੇ ਤੱਕ ਉਨ੍ਹਾਂ ਦੀ ਆਪਣੇ ਭਰਾ ਨਾਲ ਗੱਲਬਾਤ ਹੁੰਦੀ ਸੀ, ਉਹ ਦੱਸ ਰਿਹਾ ਸੀ ਕਿ ਉਹ ਬਹੁਤ ਤੰਗ ਹੈ। ਉਸ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਹੋਣੀ ਬੰਦ ਹੋ ਗਈ ਸੀ।

ਇਹ ਵੀ ਪੜ੍ਹੋ-

ਗੁਆਂਢੀਆਂ ਨੇ ਦਿਖਾਇਆ ਵੀਡੀਓ

ਪਰਿਵਾਰ ਮੁਤਾਬਕ ਉਨ੍ਹਾਂ ਦੇ ਇੱਕ ਗੁਆਂਢੀ ਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਦਿਖਾਈ, ਜਿਸ ਤੋਂ ਪਰਿਵਾਰ ਨੂੰ ਸਾਰੇ ਹਾਲਾਤ ਪਤਾ ਲੱਗੇ ਕਿ ਬੂਟਾ ਸਿੰਘ ਦੇਸ਼ ਦੇ ਹੋਰ ਕਈ ਨੌਜਵਾਨ ਨਾਲ ਉੱਥੇ ਫਸੇ ਹੋਏ ਹਨ।

ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਬੂਟਾ ਸਿੰਘ ਦੇ ਪਰਿਵਾਰ ਦੀ ਮਦਦ ਲਈ ਡਿਪਟੀ ਕਮਿਸ਼ਨਰ ਮੋਗਾ ਕੋਲ ਦਰਖਾਸਤ ਦਿੱਤੀ ਗਈ ਹੈ। ਉਹ ਧਰਮਕੋਟ ਦੇ ਵਿਧਾਇਕ ਦੇਵਿੰਦਰ ਢੋਸ਼ ਦੀ‌ ਮਦਦ ਨਾਲ ਕੇਂਦਰੀ ਰਾਜ ਮੰਤਰੀ ਐਸ.ਪੀ ਸਿੰਘ ਬਘੇਲ ਨੂੰ ਮਿਲੇ। ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਈਮੇਲ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ, ਉਸ ਤੋਂ ਬਾਅਦ ਪਰਿਵਾਰ ਦਿੱਲੀ ਵਿਖੇ ਭਾਰਤੀ ਦੂਤਾਵਾਸ ਦਫ਼ਤਰ ਕੋਲ ਗਿਆ।

ਪਰਿਵਾਰ ਮੁਤਾਬਕ ਵਿਦੇਸ਼ ਮੰਤਰਾਲੇ ਨੇ ਪਰਿਵਾਰ ਨੂੰ ਧਰਵਾਸ ਦਿੱਤਾ ਕੀ ਉਨ੍ਹਾਂ ਦੀ ਅਰਜ਼ੀ ਈਮੇਲ ਰਾਹੀਂ ਪਹੁੰਚ ਚੁੱਕੀ ਹੈ ਜਿਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਕੀ ਨਜ਼ਰ ਆਇਆ

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਭਾਰਤੀ ਨੌਜਵਾਨ ਫੌਜ ਦੀ ਵਰਦੀ ਵਿੱਚ ਬੈਠੇ ਹਨ ਅਤੇ ਕਹਿ ਰਹੇ ਹਨ ਕਿ ''ਅਸੀਂ ਇੱਥੇ ਆ ਕੇ ਫਸ ਗਏ ਹਾਂ। ਸਾਡੇ ਨਾਲ ਬਹੁਤ ਧੋਖਾ ਹੋਇਆ ਹੈ। ਕਿਰਪਾ ਕਰਕੇ ਸਾਨੂੰ ਇੱਥੋਂ ਕਢਵਾ ਦਿਓ।''

ਇਸੇ ਵੀਡੀਓ ਵਿੱਚ ਦਸਤਾਰ ਸਜਾਏ ਇੱਕ ਵਿਅਕਤੀ ਵੀ ਨਜ਼ਰ ਆ ਰਿਹਾ ਹੈ, ਜੋ ਕਿ ਬੂਟਾ ਸਿੰਘ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰ ਨੂੰ ਲਿਖਿਆ ਪੱਤਰ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ
ਤਸਵੀਰ ਕੈਪਸ਼ਨ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਉਮੀਦ ਜਤਾਈ ਹੈ ਕਿ ਛੇਤੀ ਇਸ ਮਾਮਲੇ ਵਿੱਚ ਕਾਰਵਾਈ ਹੋਵੇਗੀ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ ਉਠਾਇਆ ਹੈ ।

ਸਤਨਾਮ ਸਿੰਘ ਸੰਧੂ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਤਰ 'ਚ "ਰੂਸ ਵਿੱਚ ਫਸੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਹੈ।"

ਪੱਤਰ ਵਿੱਚ ਕਿਹਾ ਗਿਆ ਹੈ ਕਿ ਰੂਸ ਪਹੁੰਚਣ 'ਤੇ ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਇਕਰਾਰਨਾਮੇ 'ਤੇ ਦਸਤਖ਼ਤ ਕਰਨ, ਰੂਸੀ ਫੌਜ ਵਿੱਚ ਸਿਖਲਾਈ ਲੈਣ ਅਤੇ ਰੂਸ-ਯੂਕਰੇਨ ਟਕਰਾਅ ਵਾਲੇ ਖੇਤਰ ਦੇ ਨੇੜੇ ਤਾਇਨਾਤ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਉਨ੍ਹਾਂ ਨੇ ਨੌਜਵਾਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਆਪਣੇ ਘਰ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਬੂਟਾ ਸਿੰਘ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਮੈਂ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਦਾ ਮੁੱਦਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹਾਂ।"

"ਮੈਂ ਆਪਣੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਚੌਕਸ ਰਹਿਣ ਅਤੇ ਵਿਦੇਸ਼ਾਂ ਵਿੱਚ ਮੁਨਾਫ਼ੇ ਵਾਲੇ ਨੌਕਰੀ ਦੇ ਮੌਕਿਆਂ ਦਾ ਵਾਅਦਾ ਕਰਨ ਵਾਲੇ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚਣ ਦੀ ਅਪੀਲ ਕਰਦਾ ਹਾਂ।"

ਬੂਟਾ ਸਿੰਘ ਨੇ ਵੌਇਸ ਮੈਸੇਜ 'ਚ ਕੀ ਦਾਅਵਾ ਕੀਤਾ

ਬੂਟਾ ਸਿੰਘ
ਤਸਵੀਰ ਕੈਪਸ਼ਨ, ਬੂਟਾ ਸਿੰਘ ਦੀ ਪੁਰਾਣੀ ਤਸਵੀਰ

ਸਤਨਾਮ ਸਿੰਘ ਸੰਧੂ ਮੁਤਾਬਕ ਰੂਸ ਵਿੱਚ ਫਸੇ ਬੂਟਾ ਸਿੰਘ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਸੰਸਦ ਮੈਂਬਰ ਸਤਨਾਮ ਸੰਧੂ ਨਾਲ ਸਾਂਝੇ ਕੀਤੇ ਇੱਕ ਵੌਇਸ ਮੈਸੇਜ ਵਿੱਚ ਬੂਟਾ ਸਿੰਘ ਨੇ ਕਿਹਾ, "ਮੈਨੂੰ ਦਿੱਲੀ ਦੇ ਇੱਕ ਏਜੰਟ ਰਾਹੀਂ 3.5 ਲੱਖ ਰੁਪਏ ਵਿੱਚ ਰੂਸੀ ਵੀਜ਼ਾ ਮਿਲਿਆ, ਜਿਸਨੇ ਮੈਨੂੰ ਰੂਸ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ।''

''ਮੇਰੇ ਪਰਿਵਾਰ ਨੇ ਇਸ ਲਈ 3.5 ਲੱਖ ਰੁਪਏ ਦੇਣ ਲਈ ਜ਼ਮੀਨ ਵੇਚ ਦਿੱਤੀ। ਅਕਤੂਬਰ 2024 ਵਿੱਚ ਪੰਜਾਬ ਦੇ ਦੋ ਹੋਰ ਨੌਜਵਾਨਾਂ, ਲੁਧਿਆਣਾ ਤੋਂ ਸਮਰਜੀਤ ਸਿੰਘ ਅਤੇ ਗੁਰਦਾਸਪੁਰ ਤੋਂ ਗੁਰਸੇਵਕ ਸਿੰਘ ਨਾਲ ਰੂਸ ਪਹੁੰਚਣ 'ਤੇ ਸਾਨੂੰ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਲਿਜਾਇਆ ਗਿਆ ਅਤੇ ਰੂਸੀ ਭਾਸ਼ਾ ਵਿੱਚ ਕਾਗਜ਼ਾਂ 'ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ।''

''ਬਾਅਦ ਵਿੱਚ ਸਾਨੂੰ ਇੱਕ ਫੌਜੀ ਕੈਂਪ ਵਿੱਚ ਭੇਜ ਦਿੱਤਾ ਗਿਆ ਜਿੱਥੇ ਸਾਡੇ ਪਾਸਪੋਰਟ ਜ਼ਬਤ ਕਰ ਲਏ ਗਏ। ਸਾਨੂੰ ਵਰਦੀਆਂ ਦਿੱਤੀਆਂ ਗਈਆਂ, 15 ਦਿਨਾਂ ਲਈ ਸਿਖਲਾਈ ਦਿੱਤੀ ਗਈ ਅਤੇ ਮਾਰਨ ਦੀ ਧਮਕੀ ਦੇ ਕੇ ਰੂਸ-ਯੂਕਰੇਨ ਜੰਗ ਵਿੱਚ ਲੜਨ ਲਈ ਮਜਬੂਰ ਕੀਤਾ ਗਿਆ। ਜੰਗ ਦੇ ਮੋਰਚੇ 'ਤੇ ਮੈਂ ਇੱਕ ਡਰੋਨ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਲਗਭਗ ਇੱਕ ਮਹੀਨੇ ਤੱਕ ਮਾਸਕੋ ਦੇ ਹਸਪਤਾਲਾਂ ਵਿੱਚ ਮੇਰਾ ਇਲਾਜ ਕੀਤਾ ਗਿਆ। ਮੈਂ ਅਜੇ ਵੀ ਸਿਵਲ ਹਸਪਤਾਲ ਵਿੱਚ ਹਾਂ।''

ਵਿਦੇਸ਼ ਮੰਤਰਾਲੇ ਨੇ ਰੂਸ 'ਚ ਫਸੇ ਭਾਰਤੀ ਨਾਗਰਿਕਾਂ ਬਾਰੇ ਕੀ ਦੱਸਿਆ

ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ

ਤਸਵੀਰ ਸਰੋਤ, @KVSinghMPGonda

ਤਸਵੀਰ ਕੈਪਸ਼ਨ, ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ

24 ਜੁਲਾਈ ਨੂੰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵੀ ਇਸ ਮਾਮਲੇ ਸਬੰਧੀ ਰਾਜ ਸਭ ਵਿੱਚ ਇਸ ਸਬੰਧੀ ਸਵਾਲ ਕੀਤਾ ਸੀ। ਜਿਸ ਦੇ ਜਵਾਬ 'ਚ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਨੇ ਜਾਣਕਾਰੀ ਦਿੱਤੀ ਸੀ।

ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਰੂਸ 'ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਵਤਨ ਵਾਪਸੀ ਅਤੇ ਇਸ ਕੰਮ 'ਚ ਆਉਂਦੀਆਂ ਚੁਣੌਤੀਆਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਤਾਇਨਾਤ ਭਾਰਤੀ ਮਿਸ਼ਨ ਅਤੇ ਪੋਸਟਾਂ (ਅਧਿਕਾਰੀ) ਉਨ੍ਹਾਂ ਦੇਸ਼ਾਂ 'ਚ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ।

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਪਲੱਬਧ ਜਾਣਕਾਰੀ ਦੇ ਅਨੁਸਾਰ, ਰੂਸੀ ਹਥਿਆਰਬੰਦ ਫੌਜਾਂ ਵਿੱਚ 127 ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ 98 ਵਿਅਕਤੀਆਂ (ਉੱਚ ਪੱਧਰੀ ਸਮੇਤ) ਦੀਆਂ ਸੇਵਾਵਾਂ ਨੂੰ ਇਸ ਮਾਮਲੇ 'ਤੇ ਭਾਰਤ ਅਤੇ ਰੂਸੀ ਸਰਕਾਰਾਂ ਵਿਚਕਾਰ ਚੱਲ ਰਹੀ ਗੱਲਬਾਤ ਦੇ ਨਤੀਜੇ ਵਜੋਂ ਖਤਮ ਕਰ ਦਿੱਤਾ ਗਿਆ ਸੀ। ਰੂਸੀ ਹਥਿਆਰਬੰਦ ਫੌਜਾਂ ਵਿੱਚ 13 ਭਾਰਤੀ ਨਾਗਰਿਕ ਅਜੇ ਵੀ ਮੌਜੂਦ ਹਨ, ਜਿਨ੍ਹਾਂ ਵਿੱਚੋਂ 12 ਬਾਰੇ ਰੂਸ ਵੱਲੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਬੰਧਤ ਰੂਸੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬਾਕੀ ਰਹਿੰਦੇ/ਲਾਪਤਾ ਵਿਅਕਤੀਆਂ ਬਾਰੇ ਅੱਪਡੇਟ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ, ਤੰਦਰੁਸਤੀ ਅਤੇ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸੇਵਾਵਾਂ ਰੂਸੀ ਹਥਿਆਰਬੰਦ ਫੌਜਾਂ ਵਿੱਚ ਖਤਮ ਕਰ ਦਿੱਤੀਆਂ ਗਈਆਂ ਹਨ, ਰੂਸ ਵਿੱਚ ਭਾਰਤੀ ਮਿਸ਼ਨਾਂ/ਪੋਸਟਾਂ ਨੇ ਉਨ੍ਹਾਂ ਦੀ ਭਾਰਤ ਵਾਪਸੀ ਵਿੱਚ ਸਹਾਇਤਾ ਕੀਤੀ ਹੈ, ਜਿਸ ਵਿੱਚ ਯਾਤਰਾ ਦਸਤਾਵੇਜ਼ਾਂ ਲਈ ਸਹਾਇਤਾ ਅਤੇ ਲੋੜ ਅਨੁਸਾਰ ਹਵਾਈ ਟਿਕਟਾਂ ਪ੍ਰਦਾਨ ਕਰਨਾ ਸ਼ਾਮਲ ਹੈ।

ਰੂਸ 'ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਾਡੇ ਮਿਸ਼ਨ ਅਤੇ ਪੋਸਟ ਵਿਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਸੁਰੱਖਿਆ ਅਤੇ ਤੰਦਰੁਸਤੀ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ ਅਤੇ ਸਹਾਇਤਾ ਲਈ ਕੋਈ ਵੀ ਬੇਨਤੀ ਪ੍ਰਾਪਤ ਹੋਣ 'ਤੇ ਢੁਕਵੀਂ ਕਾਰਵਾਈ ਕਰਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)