ਉਸ ਪਾਕਿਸਤਾਨੀ ਦੀ ਕਹਾਣੀ ਜੋ ਕਥਿਤ ਪਿਆਰ ਲਈ ਸਰਹੱਦ ਟੱਪ ਕੇ ਭਾਰਤ ਪਹੁੰਚਿਆ

- ਲੇਖਕ, ਨਿਆਜ਼ ਫਾਰੂਕੀ
- ਰੋਲ, ਬੀਬੀਸੀ
ਅਕਸਰ ਕਿਹਾ ਜਾਂਦਾ ਹੈ ਕਿ ਪਿਆਰ ਲੋਕਾਂ ਨੂੰ ਜੋੜਦਾ ਹੈ ਪਰ ਜੇਕਰ ਬਿਨਾਂ ਸੋਚੇ ਸਮਝੇ ਪਿਆਰ ਵਿੱਚ ਕੋਈ ਵੱਡਾ ਕਦਮ ਚੁੱਕਿਆ ਜਾਵੇ ਤਾਂ ਇਹ ਪਿਆਰ ਤੁਹਾਨੂੰ ਰੇਗਿਸਤਾਨ ਵਿੱਚ ਅਤੇ ਸਲਾਖਾਂ ਪਿੱਛੇ ਵੀ ਰੋਲ ਸਕਦਾ ਹੈ।
ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਦੇ ਰਹਿਣ ਵਾਲੇ ਮੁਹੰਮਦ ਅਹਿਮਰ ਨਾਲ ਕੁਝ ਅਜਿਹਾ ਹੀ ਹੋਇਆ। ਉਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਪਾਕਿਸਤਾਨ ਸਰਹੱਦ ਪਾਰ ਕਰਕੇ ਮੁੰਬਈ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ।
ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਬਜਾਏ ਅਹਿਮਰ ਰੇਗਿਸਤਾਨ ਵਿੱਚ ਪਹੁੰਚ ਗਏ ਅਤੇ ਹੁਣ ਭਾਰਤ ਦੇ ਸੁਰੱਖਿਆ ਬਲ ਉਨ੍ਹਾਂ ਦੀ ਤਫਤੀਸ਼ ਕਰ ਰਹੇ ਹਨ ਅਤੇ ਉਹ ਹਿਰਾਸਤ ਵਿੱਚ ਹਨ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਗ੍ਰਿਫਤਾਰੀ ਦੇ ਸਮੇਂ ਉਨ੍ਹਾਂ ਕੋਲ ਪੰਜ ਸੌ ਰੁਪਏ ਮਿਲੇ ਹਨ। ਅਹਿਮਰ ਕੋਲ ਕੋਈ ਹਥਿਆਰ ਤਾਂ ਨਹੀਂ ਮਿਲਿਆ ਹਾਲਾਂਕਿ ਸੁਰੱਖਿਆ ਅਧਿਕਾਰੀਆਂ ਨੂੰ ਐਮਰ ਤੋਂ ਇੱਕ ਪ੍ਰੇਮ ਕਹਾਣੀ ਜ਼ਰੂਰ ਸੁਣਨ ਨੂੰ ਮਿਲੀ ਹੈ।
ਜਾਂਚ ਵਿੱਚ ਸ਼ਾਮਲ ਅਧਿਕਾਰੀਆਂ ਮੁਤਾਬਕ ਅਹਿਮਰ ਸੋਸ਼ਲ ਮੀਡਿਆ ਦੇ ਜ਼ਰੀਏ ਮੁੰਬਈ ਦੀ ਰਹਿਣ ਵਾਲੀ ਇਕ ਕੁੜੀ ਦੇ ਸੰਪਰਕ ਵਿੱਚ ਸੀ।
ਇਹ ਵੀ ਪੜ੍ਹੋ:
ਬਹਾਵਲਪੁਰ ਵਿੱਚ ਰਹਿਣ ਵਾਲੇ ਇਕ ਰਿਸ਼ਤੇਦਾਰ ਮੁਤਾਬਕ ਫੇਸਬੁੱਕ ਉੱਪਰ ਦੀ ਦੋਸਤੀ ਇਸ ਭਾਰਤ ਦੀ ਕੁੜੀ ਨਾਲ ਹੋਈ ਸੀ ਅਤੇ ਉਹ ਉਸ ਨਾਲ ਹਰ ਰੋਜ਼ ਕਈ ਘੰਟੇ ਗੱਲ ਕਰਦਾ ਸੀ।
ਭਾਰਤੀ ਮੀਡੀਆ ਰਿਪੋਰਟਸ ਮੁਤਾਬਕ ਅਹਿਮਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਇਸ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਰਹੱਦ ਪਾਰ ਕਰਨ ਦਾ ਫ਼ੈਸਲਾ ਕੀਤਾ।
ਸੋਸ਼ਲ ਮੀਡੀਆ ਦਾ ਕਥਿਤ ਪਿਆਰ
ਸ੍ਰੀ ਗੰਗਾਨਗਰ ਦੇ ਪੁਲਿਸ ਅਧਿਕਾਰੀ ਆਨੰਦ ਸ਼ਰਮਾ ਨੇ ਦੱਸਿਆ,"ਅਹਿਮਰ ਤੋਂ ਜਦੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਰਾਹੀਂ ਉਹ ਮੁੰਬਈ ਦੀ ਰਹਿਣ ਵਾਲੀ ਕੁੜੀ ਦੇ ਸੰਪਰਕ ਵਿੱਚ ਸੀ ਜਿਸ ਨਾਲ ਉਸ ਨੂੰ ਪਿਆਰ ਹੋ ਗਿਆ। ਅਹਿਮਰ ਨੇ ਦੱਸਿਆ ਕਿ ਉਸ ਕੁੜੀ ਨੇ ਅਹਿਮਰ ਨੂੰ ਮੁੰਬਈ ਆਉਣ ਵਾਸਤੇ ਆਖਿਆ ਅਤੇ ਉਹ ਤਾਰ ਪਾਰ ਕਰ ਕੇ ਏਧਰ ਆ ਗਿਆ।"
"ਉਸ ਨੂੰ ਲੱਗਦਾ ਸੀ ਕਿ ਤਾਰ ਪਾਰ ਕਰ ਕੇ ਉਹ ਮੁੰਬਈ ਪਹੁੰਚ ਜਾਵੇਗਾ ਜਿਵੇਂ ਕਿ ਤਾਰ ਦੇ ਦੂਜੇ ਪਾਰ ਮੁੰਬਈ ਹੋਵੇ।"

ਤਸਵੀਰ ਸਰੋਤ, Getty Images
ਜਿਸ ਜਗ੍ਹਾ ਤੋਂ ਅਹਿਮਰ ਨੇ ਸਰਹੱਦ ਪਾਰ ਕੀਤੀ ਹੈ ਯਾਨੀ ਅਨੂਪਗੜ ਅਤੇ ਮੁੰਬਈ ਵਿੱਚ 1400 ਕਿਲੋਮੀਟਰ ਦਾ ਫਾਸਲਾ ਹੈ।
ਸਥਾਨਕ ਐਸਐਚਓ ਫੂਲ ਚੰਦ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ,"4 ਦਸੰਬਰ ਦੀ ਰਾਤ ਨੂੰ ਬਹਾਵਲਪੁਰ ਦੇ ਕੋਲ ਰਾਜਸਥਾਨ ਦੇ ਰੇਗਿਸਤਾਨੀ ਜ਼ਿਲ੍ਹੇ ਸ੍ਰੀਗੰਗਾਨਗਰ ਦੇ ਅਨੂਪਗੜ੍ਹ ਇਲਾਕੇ ਵਿਚ ਕਥਿਤ ਤੌਰ ਤੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਬੀਐਸਐਫ ਨੇ ਅਹਿਮਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ।"
ਐਸ ਪੀ ਆਨੰਦ ਸ਼ਰਮਾ ਨੇ ਕਿਹਾ,"ਤਾਰ ਪਾਰ ਕਰਕੇ ਭਾਰਤ ਵੱਲ ਆਉਂਦੇ ਹੀ ਬੀਐਸਐਫ ਦੇ ਅਧਿਕਾਰੀ ਨੇ ਅਹਿਮਦ ਨੂੰ ਦੇਖ ਲਿਆ ਅਤੇ ਉਸ ਨੂੰ ਆਪਣੇ ਆਪ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਕਰਨ ਨੂੰ ਕਿਹਾ ਜਿਸ ਤੋਂ ਬਾਅਦ ਉਸ ਨੇ ਅਜਿਹਾ ਹੀ ਕੀਤਾ।"
ਬੇਕਸੂਰ ਸਾਬਤ ਹੋਣ 'ਤੇ ਭੇਜਿਆ ਜਾਵੇਗਾ ਵਾਪਸ
ਐਸਐਚਓ ਫੂਲ ਚੰਦ ਨੇ ਕਿਹਾ ਕਿ ਗ੍ਰਿਫ਼ਤਾਰ ਮੁੰਡੇ ਤੋਂ ਪੁੱਛਗਿੱਛ ਅਤੇ ਉਸ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਵੱਖ ਵੱਖ ਸੁਰੱਖਿਆ ਏਜੰਸੀਆਂ ਦੇ ਨੁਮਾਇੰਦਿਆਂ ਨੇ ਇੱਕ ਸਾਂਝੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਇਸ ਜਾਂਚ ਕਮੇਟੀ ਨੇ ਇਹ ਪਤਾ ਲਗਾਉਣ ਲਈ ਮੁੰਬਈ ਦਾ ਦੌਰਾ ਵੀ ਕੀਤਾ ਕਿ ਅਹਿਮਰ ਜਿਸ ਕੁੜੀ ਨਾਲ ਪਿਆਰ ਦੇ ਦਾਅਵੇ ਕਰ ਰਹੇ ਹਨ ਉਹ ਹੈ ਵੀ ਜਾਂ ਨਹੀਂ।
ਕੀ ਸੱਚਮੁੱਚ ਉਹ ਅਜਿਹੀ ਕਿਸੇ ਕੁੜੀ ਦੇ ਸੰਪਰਕ ਵਿੱਚ ਸੀ ਅਤੇ ਉਸ ਦਾ ਇਰਾਦਾ ਕੋਈ ਗੈਰ-ਕਾਨੂੰਨੀ ਕੰਮ ਤਾਂ ਨਹੀਂ।
ਆਨੰਦ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਟੀਮ ਉਸ ਕੁੜੀ ਨੂੰ ਮਿਲ ਚੁੱਕੀ ਹੈ।
"ਸਾਨੂੰ ਲਗਪਗ ਯਕੀਨ ਹੈ ਕਿ ਇਸ ਵਿੱਚ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਸ਼ਾਮਲ ਨਹੀਂ ਹੈ ਪਰ ਕੇਂਦਰ ਦੀਆਂ ਜਾਂਚ ਏਜੰਸੀਆਂ ਆਪਣੇ ਪੱਧਰ ’ਤੇ ਜਾਂਚ ਕਰ ਰਹੀਆਂ ਹਨ।"
ਜਦੋਂ ਇਹ ਸਾਬਤ ਹੋ ਜਾਵੇਗਾ ਕਿ ਅਹਿਮਰ ਪੂਰੀ ਤਰ੍ਹਾਂ ਬੇਕਸੂਰ ਹੈ ਤਾਂ ਬੀਐਸਐਫ ਦੀ ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਹੋਵੇਗੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਨੰਦ ਸ਼ਰਮਾ ਅੱਗੇ ਦੱਸਦੇ ਹਨ,"ਜੇਕਰ ਪਾਕਿਸਤਾਨ ਉਸ ਨੂੰ ਆਪਣਾ ਨਾਗਰਿਕ ਸਵੀਕਾਰ ਕਰਦਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸ ਨੇ ਤਾਰ ਟੱਪੀ ਹੈ ਤਾਂ ਉਸ ਨੂੰ ਵਾਪਿਸ ਭੇਜ ਦਿੱਤਾ ਜਾਵੇਗਾ।
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਵੀਂ ਦਿੱਲੀ ਵਿੱਚ ਪਾਕਿਸਤਾਨ ਅੰਬੈਸੀ ਨੂੰ ਸੂਚਿਤ ਕੀਤਾ ਜਾਵੇਗਾ ਤਾਂ ਕਿ ਇਸ ਮਾਮਲੇ ਨੂੰ ਅੱਗੇ ਵਧਾਇਆ ਜਾ ਸਕੇ।
ਕੌਣ ਹੈ ਉਹ ਕੁੜੀ ਜਿਸ ਨਾਲ ਹੋਇਆ ਹੈ ਪਿਆਰ?
ਜਾਂਚ ਟੀਮ ਮੁਤਾਬਕ ਜਿਸ ਕੁੜੀ ਦੇ ਕਥਿਤ ਪਿਆਰ ਵਿੱਚ ਅਹਿਮਰ ਨੇ ਸਰਹੱਦ ਪਾਰ ਕੀਤੀ ਉਹ ਕਾਲਜ ਵਿੱਚ ਪੜ੍ਹਨ ਵਾਲੇ ਇੱਕ ਸਾਧਾਰਨ ਕੁੜੀ ਹੈ ਅਤੇ ਉਸ ਨੇ ਮੰਨਿਆ ਕਿ ਉਹ ਅਹਿਮਰ ਨਾਲ ਗੱਲ ਕਰਦੀ ਸੀ। ਉਸ ਕੁੜੀ ਨੇ ਇਹ ਵੀ ਆਖਿਆ ਕਿ ਉਹ ਇਸ ਪਿਆਰ ਨੂੰ ਲੈ ਕੇ ਗੰਭੀਰ ਨਹੀਂ ਸੀ।
ਕੁੜੀ ਨੇ ਜਾਂਚ ਟੀਮ ਨੂੰ ਦੱਸਿਆ,"ਮੈਂ ਤਾਂ ਸਾਧਾਰਨ ਗੱਲਬਾਤ ਕਰ ਰਹੀ ਸੀ। ਮੈਂ ਮਜ਼ਾਕ ਵਿੱਚ ਕਿਹਾ ਸੀ ਕਿ ਤੁਸੀਂ ਆ ਜਾਓ ਪਰ ਇਹ ਨਹੀਂ ਸੋਚਿਆ ਕਿ ਉਹ ਸੱਚੀ ਮੁੱਚੀ ਆ ਜਾਵੇਗਾ।"
ਅਹਿਮਰ ਦੇ ਇੱਕ ਰਿਸ਼ਤੇਦਾਰ ਅਰਸ਼ਦ ਨੇ ਪੱਤਰਕਾਰ ਮੁਹੰਮਦ ਇਮਰਾਨ ਭਿੰਡਰ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਅਹਿਮਰ ਦੇ ਪਿਤਾ ਅਕਸਰ ਬਿਮਾਰ ਰਹਿੰਦੇ ਹਨ।

ਤਸਵੀਰ ਸਰੋਤ, Getty Images
ਉਹ ਲੰਬੇ ਸਮੇਂ ਤੋਂ ਬਿਸਤਰੇ ਦੇ ਹਨ ਜਦੋਂਕਿ ਬਜ਼ੁਰਗ ਮਾਂ ਦੀਆਂ ਅੱਖਾਂ ਆਪਣੇ ਬੱਚੇ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੀਆਂ ਹਨ। ਉਮਰ ਦੇ ਦੋ ਭਰਾ ਆਲੇ ਦੁਆਲੇ ਦੇ ਇਲਾਕਿਆਂ ਵਿਚ ਮਿਹਨਤ ਮਜ਼ਦੂਰੀ ਕਰਦੇ ਹਨ।
ਅਹਿਮਰ ਦੇ ਰਿਸ਼ਤੇਦਾਰ ਨੇ ਭਾਰਤ ਦੇ ਮੀਡੀਆ ਵਿੱਚ ਜਾਰੀ ਅਹਿਮਰ ਦੀ ਤਸਵੀਰ ਦੀ ਪੁਸ਼ਟੀ ਕੀਤੀ ਹੈ ਅਤੇ ਆਖਿਆ ਹੈ ਕਿ ਇਹ ਤਸਵੀਰ ਅਹਿਮਰ ਦੀ ਹੀ ਹੈ।
ਭਾਰਤੀ ਮੀਡੀਆ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਨੌਜਵਾਨ ਦੀ ਉਸ ਦੀ ਮਾਂ ਅਤੇ ਪਿੰਡ ਦੇ ਨੰਬਰਦਾਰ ਨਾਲ ਗੱਲ ਵੀ ਕੀਤੀ ਹੈ। ਫ਼ਿਲਹਾਲ ਰਿਹਾਈ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ।
ਪਹਿਲੀ ਵਾਰ ਨਹੀਂ ਹੋਈ ਅਜਿਹੀ ਘਟਨਾ
ਹਾਲਾਂਕਿ ਸਿੰਧ ਨਾਲ ਲੱਗਦੇ ਰਾਜਸਥਾਨ ਅਤੇ ਗੁਜਰਾਤ ਵਿੱਚ ਵੱਡੇ ਇਲਾਕੇ ਵਿੱਚ ਸਰਹੱਦ ਉੱਪਰ ਕੰਡਿਆਲੀ ਤਾਰ ਲੱਗੀ ਹੋਈ ਹੈ ਪਰ ਇਨ੍ਹਾਂ ਦਿਨਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਪਿਛਲੇ ਮਹੀਨੇ ਬਹਾਵਲਪੁਰ ਦੇ ਰਹਿਣ ਵਾਲੇ ਤੀਹ ਸਾਲਾ ਅਲਾਊਦੀਨ ਨੇ ਸ੍ਰੀਗੰਗਾਨਗਰ ਸੀਮਾ ਪਾਰ ਕੀਤੀ ਪਰ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਕੁਝ ਵੀ ਸੀ ਗ਼ੈਰ-ਕਾਨੂੰਨੀ ਨਹੀਂ ਮਿਲਿਆ।
ਅਗਸਤ 2021 ਵਿੱਚ ਸਿੰਧ ਦੇ ਥਰਪਾਰਕਰ ਜ਼ਿਲ੍ਹੇ ਦਾ ਇਕ ਨੌਜਵਾਨ ਆਪਣੇ ਪਰਿਵਾਰ ਨਾਲ ਲੜਾਈ ਝਗੜੇ ਤੋਂ ਬਾਅਦ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਿਆ ਸੀ।
ਇਸੇ ਹੀ ਸਾਲ ਅਪ੍ਰੈਲ ਵਿਚ ਬਾੜਮੇਰ ਸੈਕਟਰ ਵਿੱਚ ਇਕ ਅੱਠ ਸਾਲ ਦਾ ਬੱਚਾ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਪਹੁੰਚਿਆ ਸੀ।
ਇਸੇ ਤਰ੍ਹਾਂ ਭਾਰਤ ਤੋਂ ਵੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਨਵੰਬਰ ਵਿਚ ਰਾਜਸਥਾਨ ਦੇ ਬਾੜਮੇਰ ਤੋਂ ਇਕ ਵਿਅਕਤੀ ਸਰਹੱਦ ਪਾਰ ਕਰਕੇ ਸਿੰਧ ਚਲਾ ਗਿਆ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਦੇ ਘਰੇ ਵੜਿਆ ਸੀ ਅਤੇ ਪਰਿਵਾਰ ਨੇ ਇਸ ਨੂੰ ਦੇਖ ਲਿਆ ਸੀ।

ਇਸ ਤੋਂ ਪਹਿਲਾਂ ਜੁਲਾਈ 2020 ਵਿੱਚ ਮਹਾਰਾਸ਼ਟਰ ਦੇ ਉਸਮਾਨਾਬਾਦ ਦੇ ਰਹਿਣ ਵਾਲੇ ਇਕ ਆਦਮੀ ਨੇ ਕਰਾਚੀ ਦੀ ਇਕ ਕੁੜੀ ਨੂੰ ਮਿਲਣ ਵਾਸਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਕੁੜੀ ਉਸ ਨੂੰ ਆਨਲਾਈਨ ਮਿਲੀ ਸੀ ਅਤੇ ਉਸ ਨੂੰ ਪਿਆਰ ਹੋ ਗਿਆ ਸੀ।
ਗੂਗਲ ਮੈਪ ਰਾਹੀਂ ਮੋਟਰਸਾਈਕਲ ਤੇ ਆਪਣੇ ਘਰ ਤੋਂ ਨਿਕਲਿਆ। ਆਪਣੇ ਘਰ ਤੋਂ ਇੱਕ ਹਜਾਰ ਕਿਲੋਮੀਟਰ ਤੋਂ ਜ਼ਿਆਦਾ ਦੂਰੀ ’ਤੇ ਕੱਛ ਜ਼ਿਲ੍ਹੇ ਦੇ ਇਕ ਸੁੰਨਸਾਨ ਇਲਾਕੇ ਵਿਚ ਪਾਣੀ ਦੀ ਕਮੀ ਕਾਰਨ ਬੇਹੋਸ਼ ਹੋ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਹੀ ਲੋਕਾਂ ਨੂੰ ਉਹ ਮਿਲਿਆ ਸੀ।
ਐਸਪੀ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਇੱਕ ਸੰਯੋਗ ਹੀ ਹੈ ਕਿ ਅਨੂਪਗੜ ਵਿੱਚ ਜਿਥੇ ਅਹਿਮਰ ਨੇ ਸਰਹੱਦ ਪਾਰ ਕੀਤੀ ਹੈ ਉੱਥੇ ਕਿਸੇ ਲੈਲਾ ਮਜਨੂ ਦੀ ਮਜ਼ਾਰ ਵੀ ਹੈ।"
ਇਹ ਸੱਚ ਨਹੀਂ ਹੈ ਕਿ ਲੈਲਾ ਮਜਨੂ ਉੱਥੇ ਦਫ਼ਨਾਏ ਗਏ ਸਨ ਪਰ ਇਕ ਸਮਾਂ ਸੀ ਜਦੋਂ ਸਰਹੱਦ ਦੇ ਦੋਵੇਂ ਪਾਸੇ ਉਨ੍ਹਾਂ ਦੇ ਪਿਆਰ ਨੂੰ ਮੰਨਣ ਵਾਲੇ ਮੁਹੱਬਤ ਆਪਣੀ ਕਾਮਯਾਬੀ ਦੀ ਮੰਨਤ ਮੰਗਣ ਆਇਆ ਕਰਦੇ ਸਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













