ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਮੰਤਰੀ ਦੇ ਪੁੱਤ ਦੀ ਮੌਤ ਮਾਮਲੇ 'ਚ ਨਵਾਂ ਮੋੜ, ਪਰਿਵਾਰ 'ਤੇ ਦਰਜ ਹੋਏ ਮਾਮਲੇ ਬਾਰੇ ਮੁਹੰਮਦ ਮੁਸਤਫ਼ਾ ਨੇ ਕੀ ਕਿਹਾ

ਤਸਵੀਰ ਸਰੋਤ, Charanjeev Kaushal/BBC
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਪੁੱਤਰ ਅਕਿਲ ਅਖ਼ਤਰ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹੁਣ ਪੰਚਕੁਲਾ ਪੁਲਿਸ ਵੱਲੋਂ ਅਕਿਲ ਅਖ਼ਤਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਬੀਐੱਨਐੱਸ ਦੀ ਧਾਰਾ 103(1) ਤਹਿਤ ਪੰਚਕੁਲਾ ਪੁਲਿਸ ਵੱਲੋਂ ਦਰਜ ਐੱਫਆਈਆਰ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਅਕਿਲ ਦੇ ਮਾਤਾ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਮਰਹੂਮ ਅਕਿਲ ਅਖ਼ਤਰ ਦੀ ਪਤਨੀ ਤੇ ਭੈਣ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਮੌਤ ਕਦੋਂ ਹੋਈ ਤੇ ਪੁਲਿਸ ਨੇ ਕੀ ਕੀਤਾ

ਇਸ ਮਾਮਲੇ ਵਿੱਚ ਪੰਚਕੁਲਾ ਦੇ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ 16 ਅਕਤੂਬਰ, 2025 ਨੂੰ ਅਕਿਲ ਅਖ਼ਤਰ ਨੂੰ ਪੰਚਕੁਲਾ ਸਥਿਤ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਖ਼ੁਦ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪਰਿਵਾਰਿਕ ਮੈਂਬਰਾਂ ਦਾ ਬਿਆਨ ਦਰਜ ਕੀਤਾ ਗਿਆ ਸੀ।
"ਮੁੱਢਲੀ ਜਾਂਚ ਵਿੱਚ ਇਸ ਮਾਮਲੇ ਵਿੱਚ ਕੋਈ ਵੀ ਸ਼ੱਕੀ ਤੱਥ ਸਾਹਮਣੇ ਨਹੀਂ ਸੀ ਆਇਆ, ਜਿਸ ਕਾਰਨ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਗਈ ਤਾਂ ਜੋ ਅੰਤਿਮ ਸਸਕਾਰ ਕੀਤਾ ਜਾ ਸਕੇ।"
ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਮੌਜੂਦ ਕੁਝ ਵੀਡੀਓਜ਼ ਸਾਹਮਣੇ ਆਈਆਂ। ਜਿਨ੍ਹਾਂ ਬਾਰੇ ਦਾਅਵਾ ਹੈ ਕਿ ਇਹ ਵੀਡੀਓਜ਼ ਮ੍ਰਿਤਕ ਵੱਲੋਂ ਮੌਤ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਸਨ।
"ਇਨ੍ਹਾਂ ਵੀਡੀਓਜ਼ ਵਿੱਚ ਅਕਿਲ ਨੇ ਨਿੱਜੀ ਵਿਵਾਦਾਂ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਦਾ ਖ਼ਦਸ਼ਾ ਜਤਾਇਆ ਸੀ।"
ਸਾਬਕਾ ਡੀਜੀਪੀ ਨੇ ਇਲਜ਼ਾਮਾਂ ਬਾਰੇ ਕੀ ਕਿਹਾ

ਤਸਵੀਰ ਸਰੋਤ, Razia Sultana/FB
ਹਾਲਾਂਕਿ, ਉੱਧਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਹੋਈ ਐੱਫਆਈਆਰ ਬੇਬੁਨਿਆਦ ਹੈ।
ਬੀਬੀਸੀ ਪੰਜਾਬੀ ਦੀ ਸਹਿਯੋਗੀ ਨਵਜੋਤ ਕੌਰ ਨਾਲ ਗੱਲ ਕਰਦਿਆਂ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ, "ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਤਾਂ ਉਨ੍ਹਾਂ ਨੇ ਆਪਣੀ ਬਣਦੀ ਕਾਰਵਾਈ ਕੀਤੀ ਹੈ ਪਰ ਅਸੀਂ ਇਸ ਐੱਫਆਈਆਰ ਦਾ ਕਾਨੂੰਨੀ ਤੌਰ 'ਤੇ ਜਵਾਬ ਦੇਵਾਂਗੇ।"
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਕਿਹਾ ਉਨ੍ਹਾਂ ਦਾ ਬੇਟਾ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ।
ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਉਸ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਵੀ ਭੇਜਦੇ ਰਹੇ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। 2021-2023 ਤੱਕ ਉਹ ਠੀਕ ਰਿਹਾ ਪਰ 2024 ਵਿੱਚ ਉਸਦੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ।"
"ਉਹ ਘਰ ਵਿੱਚ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ, ਅਸੀਂ ਮਾਪੇ ਹੋਣ ਦੇ ਨਾਤੇ ਉਸ ਨੂੰ ਬਚਾਅ ਕੇ ਰੱਖਦੇ ਸੀ। ਕਈ ਵਾਰ ਅਸੀਂ ਖੁਦ ਉਸ ਦੇ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ ਅਸੀਂ ਉਸ ਨੂੰ ਮੁਆਫ਼ ਵੀ ਕਰ ਦਿੰਦੇ ਸੀ।"
ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਾਰੇ ਗੱਲ ਕਰਦਿਆਂ ਸਾਬਕਾ ਡੀਜੀਪੀ ਨੇ ਕਿਹਾ, "ਜਿਸ ਵੀਡੀਓ ਵਿੱਚ ਮੇਰਾ ਬੇਟਾ ਮੇਰੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਉਹ 27 ਅਗਸਤ ਦੀ ਵੀਡੀਓ ਹੈ ਅਤੇ ਮੇਰੇ ਬੇਟੇ ਦੀ ਹੀ ਵੀਡੀਓ ਹੈ।"
"ਕੋਈ ਬੇਟਾ ਆਪਣੀ ਮਾਂ ਉੱਤੇ ਕਿਵੇਂ ਇਲਜ਼ਾਮ ਲਗਾ ਸਕਦਾ ਹੈ, ਉਸ ਦੀ ਦਿਮਾਗ਼ੀ ਹਾਲਾਤ ਠੀਕ ਨਹੀਂ ਸੀ। ਇਹ ਸਿਰਫ਼ ਪਰਿਵਾਰ ਨੂੰ ਹੀ ਪਤਾ ਸੀ, ਹੁਣ ਉਸ ਵੀਡੀਓ ਨੂੰ ਅਧਾਰ ਬਣਾ ਕੇ ਸਾਡੇ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ।"
ਉਨ੍ਹਾਂ ਨੇ ਕਿਹਾ, "16 ਅਕਤੂਬਰ 2025 ਨੂੰ ਉਸ ਨੇ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦਾ ਸੇਵਨ ਲੋੜ ਤੋਂ ਜ਼ਿਆਦਾ ਕੀਤਾ ਸੀ ਜਿਸ ਦੀ ਓਵਰਡੋਜ਼ ਕਰਕੇ ਉਸਦੀ ਮੌਤ ਹੋ ਗਈ। ਮੇਰੀ ਪਤਨੀ, ਬੇਟੀ ਤੇ ਨੂੰਹ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਰਹੇ ਪਰ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਮੇਰੀ ਬੇਟੀ ਨੇ ਬਾਲਕਨੀ ਵਿੱਚੋਂ ਦੀ ਜਾ ਕੇ ਅੰਦਰ ਦੇਖਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।"
"ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।"
ਪਰਿਵਾਰ ਨੇ ਪੋਸਟਮਾਰਟਮ ਤੋਂ ਬਾਅਦ ਕੀ ਕੀਤਾ
ਇਸ ਮਾਮਲੇ ਵਿੱਚ ਪਰਿਵਾਰ ਨੇ ਖ਼ੁਦ ਹੀ ਪੁਲਿਸ ਨੂੰ ਅਕਿਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਪੋਸਟਮਾਰਟਮ ਤੋਂ ਬਾਅਦ ਅਕਿਲ ਦਾ ਅੰਤਿਮ ਸੰਸਕਾਰ ਕੀਤਾ ਸੀ।
ਬੀਬੀਸੀ ਸਹਿਯੋਗੀ ਚਰਨਜੀਵ ਮੁਤਾਬਕ ਅਕਿਲ ਨੂੰ 17 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਹਨਾਂ ਹਰਡਾ ਖੇੜੀ, ਸਹਾਰਨਪੁਰ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ।
ਹੁਣ ਪੁਲਿਸ ਨੇ ਮਾਮਲਾ ਦਰਜ ਕਿਉਂ ਕੀਤਾ ਕਿਸ ਬੰਦੇ ਨੇ ਸ਼ਿਕਾਇਤ ਕੀਤੀ
ਇਸ ਮਾਮਲੇ ਵਿੱਚ ਮਲੇਰਕੋਟਲਾ ਵਾਸੀ ਸ਼ਮਸ਼ੁੱਦਦੀਨ ਨੇ ਇਸ ਘਟਨਾ ਦੇ ਸ਼ੱਕੀ ਹਾਲਾਤ ਵਿੱਚ ਵਾਪਰਨ ਸਬੰਧੀ 17 ਅਕਤੂਬਰ, ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਹਾਲਾਂਕਿ ਸ਼ਮਸ਼ੁੱਦਦੀਨ ਦੀ ਪਰਿਵਾਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ ਪਰ ਉਹ ਮੁਸਤੱਫ਼ਾ ਪਰਿਵਾਰ ਦੇ ਕਾਫ਼ੀ ਕਰੀਬੀ ਸਨ।
ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਪੋਸਟ ਅਤੇ ਸ਼ਿਕਾਇਤ ਦੇ ਅਧਾਰ ਉੱਤੇ 17 ਅਕਤੂਬਰ ਨੂੰ ਹੀ ਐੱਫ਼ਆਈਆਰ ਦਰਜ ਕਰ ਲਈ ਗਈ ਸੀ।
ਡੀਸੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਬੂਤ-ਅਧਾਰਤ ਜਾਂਚ ਲਈ ਏਸੀਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ।
"ਐੱਸਆਈਟੀ ਇਸ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰੇਗੀ।"
ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਜਾਂਚ ਨਿਰਪੱਖਤਾ ਅਤੇ ਖੁੱਲ੍ਹੇ ਮਨ ਨਾਲ ਕੀਤੀ ਜਾਵੇਗੀ, ਤਾਂ ਜੋ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਾ ਜਾਵੇ ਅਤੇ ਕਿਸੇ ਵੀ ਬੇਕਸੂਰ ਵਿਅਕਤੀ ਨਾਲ ਅਨਿਆਂ ਨਾ ਹੋਵੇ।
"ਪੁਲਿਸ ਇਸ ਮਾਮਲੇ ਵਿੱਚ ਪਾਰਦਰਸ਼ਤਾ ਅਤੇ ਨਿਆਂ ਦੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।"
ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਅਤੇ ਰਜ਼ੀਆ ਸੁਲਤਾਨਾ ਦਾ ਪਿਛੋਕੜ

ਤਸਵੀਰ ਸਰੋਤ, Former DGP Mohammad Mustafa/X
ਮਰਹੂਮ ਅਕਿਲ ਮੁਸਤਫ਼ਾ ਇੱਕ ਰਸੂਖ਼ਦਾਰ ਪਰਿਵਾਰ ਦਾ ਹਿੱਸਾ ਸਨ। ਉਨ੍ਹਾਂ ਦੇ ਪਿਤਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਹਨ।
ਮੁਹੰਮਦ ਮੁਸਤਫ਼ਾ ਸੇਵਾਮੁਕਤੀ ਤੋਂ ਬਾਅਦ ਕਾਂਗਰਸ ਦੇ ਕਾਫ਼ੀ ਨਜ਼ਦੀਕ ਰਹੇ।
ਅਕਿਲ ਦੇ ਮਾਤਾ ਰਜ਼ੀਆ ਸੁਲਤਾਨਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਨ।
ਮਲੇਰਕੋਟਲਾ ਹਲਕੇ ਤੋਂ ਚੋਣ ਲੜਨ ਵਾਲੇ ਰਜ਼ੀਆ ਪੰਜਾਬ ਵਿਧਾਨ ਸਭਾ ਦੀ ਇਕਲੌਤੀ ਮੁਸਲਿਮ ਮੈਂਬਰ ਸੀ, ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।
ਰਜ਼ੀਆ ਸੁਲਤਾਨਾ ਕਾਂਗਰਸ ਸਰਕਾਰ ਵੇਲੇ ਸਮਾਜਿਕ ਸੁਰੱਖਿਆ, ਪਰਿਵਾਰ ਭਲਾਈ ਵਰਗੇ ਵਿਭਾਗ ਦੇ ਮੰਤਰੀ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












