ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫ਼ੇ 'ਤੇ ਤੀਜੀ ਵਾਰ ਹਮਲਾ, ਪੁਲਿਸ ਨੇ ਵਾਰਦਾਤ ਨਾਲ ਕਿਹੜੇ ਸੰਭਾਵੀ ਕਨੈਕਸ਼ਨ ਦਾ ਖਦਸ਼ਾ ਜਤਾਇਆ

ਤਸਵੀਰ ਸਰੋਤ, Kapil Sharma/FB
ਭਾਰਤੀ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਵਿੱਚ ਬਣੇ ਕੈਫ਼ੇ 'ਤੇ ਤੀਜੀ ਵਾਰ ਹਮਲਾ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜੋ ਇਸ ਹਮਲੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਕੋਈ ਵਿਅਕਤੀ ਇੱਕ ਵਾਹਨ ਵਿੱਚੋਂ ਕੈਫ਼ੇ 'ਤੇ ਗੋਲ਼ੀਆਂ ਦਾਗ ਰਿਹਾ ਹੈ।
ਸਰੀ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਸਮੇਂ ਕੈਫ਼ੇ ਅੰਦਰ ਸਟਾਫ਼ ਵੀ ਮੌਜੂਦ ਸੀ ਪਰ ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਪੂਰੇ ਮਾਮਲੇ 'ਤੇ ਕਪਿਲ ਸ਼ਰਮਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜੁਲਾਈ ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ ਕਪਿਲ ਦੇ ਕੈਫ਼ੇ 'ਤੇ ਗੋਲੀਬਾਰੀ ਕੀਤੀ ਗਈ ਹੈ। ਪਹਿਲਾ ਹਮਲਾ 10 ਜੁਲਾਈ ਨੂੰ ਹੋਇਆ ਸੀ, ਦੂਜਾ ਹਮਲਾ 8 ਅਗਸਤ ਨੂੰ ਹੋਇਆ ਸੀ।
ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, @surreyps/x
ਮਾਮਲੇ ਸਬੰਧੀ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਸਰੀ ਪੁਲਿਸ ਸਰਵਿਸ ਨੇ ਦੱਸਿਆ ਹੈ ਕਿ 16 ਅਕਤੂਬਰ, 2025 ਨੂੰ ਲਗਭਗ 3:43 ਵਜੇ ਪੁਲਿਸ ਨੂੰ ਸਰੀ ਦੇ 8400 ਬਲਾਕ ਦੀ 120 ਸਟਰੀਟ ਦੇ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦੀ ਜਾਣਕਾਰੀ ਮਿਲੀ।
ਮੌਕੇ 'ਤੇ ਪਹੁੰਚੇ ਸਰੀ ਪੁਲਿਸ ਸਰਵਿਸ ਫਰੰਟਲਾਈਨ ਦੇ ਮੈਂਬਰਾਂ ਨੂੰ ਇੱਕ ਕਾਰੋਬਾਰ ਦੇ ਕਈ ਗੋਲੀਆਂ ਨਾਲ ਨੁਕਸਾਨੇ ਜਾਣ ਦਾ ਪਤਾ ਲੱਗਿਆ। ਇਹ ਵੀ ਜਲਦ ਹੀ ਪਤਾ ਲੱਗ ਗਿਆ ਕਿ ਗੋਲੀਬਾਰੀ ਦੇ ਸਮੇਂ ਮੌਕੇ 'ਤੇ ਸਟਾਫ ਮੌਜੂਦ ਸੀ ਪਰ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ।
ਪੁਲਿਸ ਮੁਤਾਬਕ, ਇਸ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਈ ਇਸ ਮਾਮਲੇ ਨਾਲ ਸਬੰਧੀ ਕੋਈ ਜਾਣਕਾਰੀ ਜਾਂ ਸੀਸੀਟੀਵੀ/ਹੋਰ ਕੈਮਰਾ ਦੀ ਫੁਟੇਜ ਆਦਿ ਹੋਵੇ ਤਾਂ ਪੁਲਿਸ ਦੇ ਐਮਰਜੈਂਸੀ ਲਾਈਨ 'ਤੇ ਸੰਪਰਕ ਕਰਨ।
ਇਸ ਵਿੱਚ ਜਬਰੀ ਵਸੂਲੀ ਦੇ ਨਿਸ਼ਾਨ ਹਨ - ਸਰੀ ਪੁਲਿਸ ਦੇ ਬੁਲਾਰੇ
ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ, ਸਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਭਾਰਤੀ ਸੇਲਿਬ੍ਰਿਟੀ ਦੇ ਸਥਾਨਕ ਕੈਫੇ ਨੂੰ ਦੋ ਵਾਰ ਬੰਦੂਕਧਾਰੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਹੁਣ ਇੱਕ ਵਾਰ ਫਿਰ ਇਸ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਜੋ ਕਿ ਆਮ ਹਿੰਸਾ ਬਣ ਗਈ ਹੈ ਜੋ ਅਕਸਰ ਜਬਰੀ ਵਸੂਲੀ ਨਾਲ ਜੁੜੀ ਹੁੰਦੀ ਹੈ।
ਹਾਲਾਂਕਿ ਸਰੀ ਪੁਲਿਸ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਇਹ ਘਟਨਾ ਵੀ ਜਬਰੀ ਵਸੂਲੀ ਨਾਲ ਜੁੜੀ ਹੋਈ ਹੈ, ਪਰ ਕਿਹਾ ਕਿ ਅਜਿਹਾ ਜਾਪਦਾ ਹੈ।
ਸਰੀ ਪੁਲਿਸ ਸਰਵਿਸ ਦੇ ਬੁਲਾਰੇ ਇਆਨ ਮੈਕਡੋਨਲਡ ਨੇ ਸੀਬੀਸੀ ਨਿਊਜ਼ ਨੂੰ ਦੱਸਿਆ, "ਇਸ ਵਿੱਚ ਜਬਰੀ ਵਸੂਲੀ ਦੇ ਨਿਸ਼ਾਨ ਹਨ।" ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਅਤੇ ਸੂਬਾਈ ਜ਼ਬਰੀ ਵਸੂਲੀ ਟਾਸਕ ਫੋਰਸ ਪਹਿਲਾਂ ਹੀ ਕੈਪਸ 'ਤੇ ਪਿਛਲੀ ਵਾਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਹੁਣ ਤੱਕ ਸ਼ਹਿਰ ਵਿੱਚ ਜਬਰਨ ਵਸੂਲੀ ਨਾਲ ਸਬੰਧਤ 65 ਮਾਮਲੇ ਅਤੇ 35 ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਵੀਡੀਓ ਅਤੇ ਹਮਲਾਵਰਾਂ ਬਾਰੇ ਕੀ ਪਤਾ?

ਤਸਵੀਰ ਸਰੋਤ, @surreyps/x
ਸੀਬੀਸੀ ਨਿਊਜ਼ ਨੂੰ ਪੁਲਿਸ ਦੇ ਬੁਲਾਰੇ ਮੈਕਡੋਨਲਡ ਨੇ ਕਿਹਾ ਕਿ ਪੁਲਿਸ ਨੂੰ ਇੱਕ ਛੋਟੀ ਜਿਹੀ ਵੀਡੀਓ ਬਾਰੇ ਪਤਾ ਸੀ, ਜਿਸ ਵਿੱਚ ਕਿਸੇ ਨੂੰ ਵਾਹਨ ਦੀ ਖੁੱਲ੍ਹੀ ਖਿੜਕੀ ਰਾਹੀਂ ਕੈਫੇ 'ਤੇ ਘੱਟੋ-ਘੱਟ 10 ਵਾਰ ਗੋਲੀਬਾਰੀ ਕਰਦੇ ਦਿਖਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਤੋਂ ਵੀ ਜਾਣੂ ਹੈ ਜੋ ਤਾਜ਼ਾ ਹਮਲੇ ਦੀ ਜ਼ਿੰਮੇਵਾਰੀ ਲੈ ਰਹੇ ਹਨ।
ਪਰ ਮੈਕਡੋਨਲਡ ਨੇ ਕਿਹਾ, "ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਪੁਲਿਸ ਦੇ ਦ੍ਰਿਸ਼ਟੀਕੋਣ ਤੋਂ ਸਾਨੂੰ ਨਿਰਪੱਖ ਸਬੂਤ ਇਕੱਠੇ ਕਰਨੇ ਪੈਣਗੇ, ਅਤੇ ਇਸ ਲਈ ਕਿਉਂਕਿ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹ ਨਤੀਜਾ ਕੱਢ ਲਈਏ ਕਿ ਇਹੀ ਹੋਇਆ ਹੈ।''
ਪਹਿਲਾਂ ਹੋਏ ਹਮਲੇ

ਤਸਵੀਰ ਸਰੋਤ, TheKapsCafe/Insta/Kapil Sharma/FB
ਇਸੇ ਸਾਲ, 10 ਜੁਲਾਈ ਨੂੰ ਵੀ ਕੈਪਸ ਕੈਫੇ 'ਤੇ ਗੋਲੀਆਂ ਚਲਾਈਆਂ ਗਈਆਂ ਸਨ।
ਉਸ ਵੇਲੇ ਵੀ ਕੋਈ ਹਮਲੇ ਵਿੱਚ ਜ਼ਖਮੀ ਨਹੀਂ ਹੋਇਆ ਸੀ ਪਰ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ।
ਜੁਲਾਈ ਮਹੀਨੇ ਹੋਏ ਇਸ ਹਮਲੇ ਤੋਂ ਬਾਅਦ ਕੈਪਸ ਕੈਫੇ ਦੀਆਂ ਖਿੜਕੀਆਂ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਸਨ।
ਕੈਫੇ ਦੇ ਇੰਸਟਾਗ੍ਰਾਮ ਅਕਾਊਂਟ ਦੇ ਅਨੁਸਾਰ, ਕਪਿਲ ਸ਼ਰਮਾ ਦਾ ਇਹ ਕੈਫੇ ਇਸੇ ਸਾਲ 3 ਜੁਲਾਈ ਨੂੰ ਹੀ ਖੁੱਲ੍ਹਿਆ ਸੀ।
10 ਜੁਲਾਈ ਵਾਲੇ ਹਮਲੇ ਤੋਂ ਬਾਅਦ ਕੈਫੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਲਿਖਤੀ ਬਿਆਨ ਜਾਰੀ ਕਰਕੇ ਕੈਨੇਡਾ ਪੁਲਿਸ ਦਾ ਧੰਨਵਾਦ ਕੀਤੀ ਗਿਆ ਸੀ।
ਕੈਪਸ ਕੈਫੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਸਟੋਰੀ 'ਚ ਕੈਫੇ ਵੱਲੋਂ ਲਿਖਿਆ ਗਿਆ ਸੀ, ''ਅਸੀਂ ਇਸ ਘਟਨਾ ਨਾਲ ਸਦਮੇ ਵਿੱਚ ਹਾਂ ਪਰ ਅਸੀਂ ਹਾਰ ਨਹੀਂ ਮੰਨੀ ਹੈ।''
''ਅਸੀਂ ਇਹ ਕੈਫੇ ਇਸ ਉਮੀਦ ਨਾਲ ਖੋਲ੍ਹਿਆ ਸੀ ਕਿ ਮਜ਼ੇਦਾਰ ਕੌਫ਼ੀ ਅਤੇ ਦੋਸਤਾਨਾ ਗਪਸ਼ਪ ਨਾਲ ਪ੍ਰੇਮ ਤੇ ਭਾਈਚਾਰਾ ਵਧੇਗਾ। ਇਸ ਸੁਪਨੇ ਨਾਲ ਹਿੰਸਾ, ਦਿਲ ਤੋੜਨ ਵਾਲੀ ਗੱਲ ਹੈ।''
ਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ, ਕੈਫੇ ਕੁਝ ਦਿਨਾਂ ਲਈ ਬੰਦ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਵਿੱਚ ਇਹ ਮੁੜ ਆਪਣੇ ਗਾਹਕਾਂ ਲਈ ਖੁੱਲ੍ਹਿਆ ਸੀ।
ਪਰ ਦੁਬਾਰਾ ਉਨ੍ਹਾਂ ਦੇ ਕੈਫੇ 'ਤੇ 8 ਅਗਸਤ ਨੂੰ ਗੋਲੀਆਂ ਨਾਲ ਹਮਲਾ ਕੀਤਾ ਗਿਆ। ਪੁਲਿਸ ਮੁਤਾਬਕ, ਇਸ ਵਿੱਚ ਵੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












