ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ 'ਤੇ ਮੁੜ ਹਮਲਾ, ਪੁਲਿਸ ਨੇ ਹੁਣ ਤੱਕ ਕੀ ਦੱਸਿਆ

ਤਸਵੀਰ ਸਰੋਤ, TheKapsCafe/Insta/Kapil Sharma/FB
ਮਸ਼ਹੂਰ ਭਾਰਤੀ ਕਾਮੇਡੀਅਨ ਅਤੇ ਟੀਵੀ ਹੋਸਟ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ 'ਤੇ ਮੁੜ ਹਮਲੇ ਦੀਆਂ ਰਿਪੋਰਟਾਂ ਆਈਆਂ ਹਨ। ਇੱਕ ਮਹੀਨੇ ਦੇ ਅੰਦਰ ਦੇ ਕਪਿਲ ਦੇ ਕੈਫੇ 'ਤੇ ਇਹ ਦੂਜਾ ਹਮਲਾ ਦੱਸਿਆ ਜਾ ਰਿਹਾ ਹੈ।
ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਕੈਫੇ ਦੇ ਨਾਮ ਦਾ ਜ਼ਿਕਰ ਨਾ ਕਰਦੇ ਹੋਏ ਕਿਹਾ ਹੈ ਕਿ, ਹਮਲੇ ਦੀ ਇਹ ਤਾਜ਼ਾ ਘਟਨਾ ਵੀਰਵਾਰ ਸਵੇਰੇ ਵਾਪਰੀ ਹੈ।
ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਰੀ ਦੇ ਨਿਊਟਨ ਇਲਾਕੇ ਵਿੱਚ 120ਵੀਂ ਸਟਰੀਟ ਵਿੱਚ ਸਵੇਰੇ-ਸਵੇਰੇ ਇੱਕ ਕਾਰੋਬਾਰ 'ਤੇ ਗੋਲ਼ੀਆਂ ਚਲਾਏ ਜਾਣ ਦੀ ਰਿਪੋਰਟ ਮਿਲੀ, ਜਿਸ ਮਗਰੋਂ ਪੁਲਿਸ ਸਵੇਰੇ ਕਰੀਬ 4:40 ਵਜੇ ਮੌਕੇ 'ਤੇ ਪਹੁੰਚ ਗਈ।
ਸੀਬੀਸੀ ਦੀ ਰਿਪੋਰਟ ਮੁਤਾਬਕ, ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਸਟਾਫ ਸਾਰਜੈਂਟ ਲਿੰਡਸੇ ਹਾਉਟਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਘਟਨਾ ਸਥਾਨ 'ਤੇ ਇੱਕ ਸ਼ੱਕੀ ਬੋਤਲ ਮਿਲੀ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਅਜੇ ਤੱਕ ਕਪਿਲ ਸ਼ਰਮਾ ਜਾਂ ਕੈਪਸ ਕੈਫੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਆਈ ਹੈ।
ਪੁਲਿਸ ਨੇ ਘਟਨਾ ਬਾਰੇ ਹੋਰ ਕੀ ਦੱਸਿਆ

ਤਸਵੀਰ ਸਰੋਤ, Kapil Sharma/FB
ਇਸ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਹਮਲੇ ਦੇ ਸਮੇਂ ਕੈਫੇ ਦਾ ਸਟਾਫ ਬੇਕਰੀ ਵਿੱਚ ਸੀ ਅਤੇ ਹਮਲੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਹਾਉਟਨ ਨੇ ਕਿਹਾ "ਸ਼ੁਕਰ ਹੈ, ਕੋਈ ਵੀ ਸਟਾਫ ਮੈਂਬਰ ਜ਼ਖਮੀ ਨਹੀਂ ਹੋਇਆ।"
ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਜ਼ਬਰਦਸਤੀ ਵਸੂਲੀ ਦੇ ਮਾਮਲੇ ਨਾਲ ਵੀ ਸਬੰਧ ਨਹੀਂ ਜਾਪਦਾ, ਹਾਲਾਂਕਿ ਜਾਂਚਕਰਤਾ ਇਸਨੂੰ ਪੂਰੀ ਤਰ੍ਹਾਂ ਵੀ ਖਾਰਜ ਨਹੀਂ ਕਰ ਰਹੇ।
ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਘਟਨਾ, ਉਸ ਸਮੇਂ ਇਲਾਕੇ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਸਬੰਧੀ ਕੋਈ ਵੀਡੀਓ ਜਾਂ ਡੈਸ਼ ਕੈਮ ਫੁਟੇਜ ਹੈ, ਤਾਂ ਪੁਲਿਸ ਨੂੰ ਸੰਪਰਕ ਕਰਨ।
ਵੀਡੀਓ ਹੋ ਰਿਹਾ ਵਾਇਰਲ
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਦਾਅਵੇ ਕੀਤੇ ਜਾ ਰਹੇ ਹਨ ਕਿ ਹਮਲੇ ਦੇ ਸਮੇਂ ਦਾ ਵੀਡੀਓ ਹੈ। ਹਾਲਾਂਕਿ ਸਰੀ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਕਿਸੇ ਵੀ ਵੀਡੀਓ ਦੇ ਸਰੋਤ ਨੂੰ ਜਾਣੇ ਬਿਨਾਂ ਉਸ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਇੱਕ ਮਹੀਨੇ 'ਚ ਦੂਜਾ ਹਮਲਾ

ਤਸਵੀਰ ਸਰੋਤ, PTI
ਕਪਿਲ ਦੇ ਕੈਫੇ 'ਤੇ ਇੱਕ ਮਹੀਨੇ ਦੇ ਅੰਦਰ ਇਹ ਦੂਜਾ ਅਜਿਹਾ ਹਮਲਾ ਹੈ। ਪਿਛਲੇ ਮਹੀਨੇ, 10 ਜੁਲਾਈ ਨੂੰ ਵੀ ਕੈਪਸ ਕੈਫੇ 'ਤੇ ਗੋਲੀਆਂ ਚਲਾਈਆਂ ਗਈਆਂ ਸਨ।
ਉਸ ਵੇਲੇ ਵੀ ਕੋਈ ਹਮਲੇ ਵਿੱਚ ਜ਼ਖਮੀ ਨਹੀਂ ਹੋਇਆ ਸੀ ਪਰ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ।
ਜੁਲਾਈ ਮਹੀਨੇ ਹੋਏ ਇਸ ਹਮਲੇ ਤੋਂ ਬਾਅਦ ਕੈਪਸ ਕੈਫੇ ਦੀਆਂ ਖਿੜਕੀਆਂ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਸਨ।
ਕੈਫੇ ਦੇ ਇੰਸਟਾਗ੍ਰਾਮ ਅਕਾਊਂਟ ਦੇ ਅਨੁਸਾਰ, ਕਪਿਲ ਸ਼ਰਮਾ ਦਾ ਇਹ ਕੈਫੇ ਲੰਘੇ ਮਹੀਨੇ 3 ਜੁਲਾਈ ਨੂੰ ਹੀ ਖੁੱਲ੍ਹਿਆ ਸੀ। ਜਿਸ ਨੂੰ ਮੁੜ ਤੋਂ ਖੋਲ੍ਹਿਆਂ ਕਰੀਬ ਢਾਈ ਹਫਤੇ ਦਾ ਸਮਾਂ ਹੋਇਆ ਹੈ।
'ਧੱਕਾ ਲੱਗਿਆ ਹੈ ਪਰ ਅਸੀਂ ਹਾਰ ਨਹੀਂ ਮੰਨਾਂਗੇ'

ਤਸਵੀਰ ਸਰੋਤ, TheKapsCafe/Insta
10 ਜੁਲਾਈ ਵਾਲੇ ਹਮਲੇ ਤੋਂ ਬਾਅਦ ਕੈਫੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਲਿਖਤੀ ਬਿਆਨ ਜਾਰੀ ਕਰਕੇ ਕੈਨੇਡਾ ਪੁਲਿਸ ਦਾ ਧੰਨਵਾਦ ਕੀਤੀ ਗਿਆ ਸੀ।
ਕੈਪਸ ਕੈਫੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਸਟੋਰੀ 'ਚ ਕੈਫੇ ਵੱਲੋਂ ਲਿਖਿਆ ਗਿਆ ਸੀ, ''ਅਸੀਂ ਇਸ ਘਟਨਾ ਨਾਲ ਸਦਮੇ ਵਿੱਚ ਹਾਂ ਪਰ ਅਸੀਂ ਹਾਰ ਨਹੀਂ ਮੰਨੀ ਹੈ।''
''ਅਸੀਂ ਇਹ ਕੈਫੇ ਇਸ ਉਮੀਦ ਨਾਲ ਖੋਲ੍ਹਿਆ ਸੀ ਕਿ ਮਜ਼ੇਦਾਰ ਕਾਫ਼ੀ ਅਤੇ ਦੋਸਤਾਨਾ ਗਪਸ਼ਪ ਨਾਲ ਪ੍ਰੇਮ ਤੇ ਭਾਈਚਾਰਾ ਵਧੇਗਾ। ਇਸ ਸੁਪਨੇ ਨਾਲ ਹਿੰਸਾ, ਦਿਲ ਤੋੜਨ ਵਾਲੀ ਗੱਲ ਹੈ।''
ਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ, ਕੈਫੇ ਕੁਝ ਦਿਨਾਂ ਲਈ ਬੰਦ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਵਿੱਚ ਇਹ ਮੁੜ ਆਪਣੇ ਗਾਹਕਾਂ ਲਈ ਖੁੱਲ੍ਹਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












