ਕਪਿਲ ਸ਼ਰਮਾ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੂੰ ਕਿਉਂ ਆਇਆ ਇੱਕ ਫੈਨ ’ਤੇ ਗੁੱਸਾ, ਪੂਰਾ ਮਾਮਲਾ ਜਾਣੋ

ਤਸਵੀਰ ਸਰੋਤ, instagram/archanapuransingh
ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਬਤੌਰ ਜੱਜ ਭੂਮਿਕਾ ਅਦਾ ਕਰਨ ਵਾਲੀ ਅਦਾਕਾਰਾ ਅਰਚਨਾ ਪੂਰਨ ਸਿੰਘ ਇੱਕ ਸੋਸ਼ਲ ਮੀਡੀਆ ਯੂਜ਼ਰ ਨੂੰ ਜਵਾਬ ਦੇਣ ਕਰਕੇ ਚਰਚਾ ਵਿੱਚ ਹਨ।
ਦਰਅਸਲ ਅਰਚਨਾ ਪੂਰਨ ਸਿੰਘ ਨੇ ਆਪਣੇ ਪਤੀ ਤੇ ਅਦਾਕਾਰ ਪਰਮੀਤ ਸੇਠੀ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਅਤੇ ਇਸ ਤਸਵੀਰ ਉੱਤੇ ਪੂਜਾ ਨਾਮ ਦੀ ਯੂਜ਼ਰ ਨੇ ਲਿਖਿਆ, ‘‘ਔਰਤ ਘੱਟ ਤੇ ਮਰਦ ਜ਼ਿਆਦਾ ਲੱਗ ਰਹੀ ਹੋ, ਕਪਿਲ ਸਹੀ ਕਹਿੰਦੇ ਹਨ ਕਿ ਤੁਹਾਨੂੰ ਰੂਪ ਬਦਲਣ ਵਿੱਚ ਬਹੁਤ ਟਾਈਮ ਲੱਗਦਾ ਹੋਵੇਗਾ।’’
ਇਸ ਯੂਜ਼ਰ ਨੂੰ ਅਰਚਨਾ ਨੇ ਜਵਾਬ ਵਿੱਚ ਲਿਖਿਆ, ‘‘ਕਿੰਨੀ ਘਟੀਆ ਸੋਚ ਰੱਖਦੀ ਹੋ ਐਨੀ ਘੱਟ ਉਮਰ ਵਿੱਚ। ਥੋੜ੍ਹਾ ਪੜ੍ਹ ਲਿਖ ਲੈਂਦੀ ਤਾਂ ਸ਼ਾਇਦ ਵੱਡਿਆਂ ਨਾਲ ਕਿਵੇਂ ਪੇਸ਼ ਆਈਦਾ ਹੈ, ਪਤਾ ਹੁੰਦਾ। ਕਿਰਪਾ ਕਰਕੇ ਹਰ ਉਮਰ, ਬਣਤਰ ਅਤੇ ਦਿਖ ਵਾਲੀ ਔਰਤ ਦਾ ਸਤਿਕਾਰ ਕਰਨਾ ਸਿੱਖੋ। ਤੁਸੀਂ ਕਿਸੇ ਮਰਦ ਤੋਂ ਸਤਿਕਾਰ ਦੀ ਉਮੀਦ ਰੱਖ ਸਕਦੇ ਹੋ ਜਦੋਂ ਤੁਸੀਂ ਖ਼ੁਦ ਹੀ ਹੋਰ ਔਰਤ ਦਾ ਸਤਿਕਾਰ ਨਹੀਂ ਕਰ ਸਕਦੇ?’’
ਅਰਚਨਾ ਪੂਰਨ ਸਿੰਘ ਦਾ ਇਸ ਯੂਜ਼ਰ ਨੂੰ ਦਿੱਤਾ ਜਵਾਬ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ।

ਸੋਮਵਾਰ 24 ਜੁਲਾਈ ਨੂੰ ਅਰਚਨਾ ਨੇ ਇੰਸਟਾਗ੍ਰਾਮ ਉੱਤੇ ਪਤੀ ਪਰਮੀਤ ਨਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਰਚਨਾ ਨੇ ਲਿਖਿਆ, ‘‘ਗੂਗਲ ਸਾਨੂੰ ਚੇਤੇ ਕਰਵਾਉਂਦਾ ਰਹਿੰਦਾ ਹੈ ਕਿ ਸਾਡੀ ਜ਼ਿੰਦਗੀ ਕਿੰਨੀ ਚੰਗੀ ਹੈ।’ֹ’
ਇਸੇ ਤਸਵੀਰ ਉੱਤੇ ਉਨ੍ਹਾਂ ਨੂੰ ਪੂਜਾ ਨਾਮ ਦੀ ਯੂਜ਼ਰ ਦੇ ਕੁਮੈਂਟ ਵਿੱਚ ਜਵਾਬ ਦੇਣਾ ਪਿਆ ਜੋ ਵਾਇਰਲ ਹੋ ਗਿਆ।
ਹਾਲਾਂਕਿ ਪੂਜਾ ਨਾਮ ਦੀ ਯੂਜ਼ਰ ਨੇ ਆਪਣਾ ਕੁਮੈਂਟ ਬਾਅਦ ਵਿੱਚ ਡਿਲੀਟ ਕਰ ਦਿੱਤਾ ਪਰ ਕਈਆਂ ਨੇ ਇਸ ਦਾ ਸਕਰੀਨ ਸ਼ੌਟ ਲੈ ਲਿਆ।
ਪਰਮੀਤ ਨਾਲ ਅਰਚਨਾ ਦੀ ਇਸ ਤਸਵੀਰ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਲਾਈਕ ਅਤੇ ਕੁਮੈਂਟ ਕੀਤੇ। ਕਈਆਂ ਨੇ ਅਰਚਨਾ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦੇ ਫ਼ਿਲਮਾਂ ਵਿੱਚ ਅਦਾ ਕੀਤੇ ਕਿਰਦਾਰਾਂ ਨੂੰ ਚੇਤੇ ਕੀਤਾ ਤੇ ਅਰਚਨਾ ਨੇ ਕਈ ਯੂਜ਼ਰਜ਼ ਨੂੰ ਰਿਪਲਾਈ ਵੀ ਕੀਤਾ।
ਦੱਸ ਦਈਏ ਕਿ ਅਰਚਨਾ ਪੂਰਨ ਸਿੰਘ ਇੱਕ ਮਸ਼ਹੂਰ ਅਦਾਕਾਰਾ ਹਨ ਅਤੇ ਕਈ ਫ਼ਿਲਮਾਂ ਵਿੱਚ ਕੰਮ ਚੁੱਕੇ ਹਨ। ਕਪਿਲ ਸ਼ਰਮਾ ਸ਼ੋਅ ਵਿੱਚ ਜੱਜ ਦੀ ਕੁਰਸੀ ਉੱਤੇ ਬੈਠਣ ਵਾਲੀ ਅਰਚਨਾ ਦੇ ਹੱਸਣ ਦਾ ਅੰਦਾਜ਼ ਹੀ ਉਨ੍ਹਾਂ ਦੀ ਪਛਾਣ ਬਣ ਗਿਆ ਹੈ।

ਤਸਵੀਰ ਸਰੋਤ, Instagram

ਇਹ ਵੀ ਪੜ੍ਹੋ:

ਅਰਚਨਾ ਪੂਰਨ ਸਿੰਘ ’ਤੇ ਟਿੱਪਣੀ ਪਹਿਲੀ ਵਾਰ ਨਹੀਂ

ਤਸਵੀਰ ਸਰੋਤ, Instagram/kapilsharma
ਅਰਚਨਾ ਪੂਰਨ ਸਿੰਘ ਨੂੰ ਕੋਈ ਪਹਿਲੀ ਵਾਰ ਬੌਡੀ ਸ਼ੇਮਿੰਗ ਨਾਲ ਜੁੜੀ ਟਿੱਪਣੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਦਿ ਕਪਿਲ ਸ਼ਰਮਾ ਸ਼ੋਅ ਦੌਰਾਨ ਕਪਿਲ ਸ਼ਰਮਾ ਖ਼ੁਦ ਉਨ੍ਹਾਂ ਉੱਤੇ ਅਜਿਹੀਆਂ ਟਿੱਪਣੀਆਂ ਕਰ ਚੁੱਕੇ ਹਨ।
ਦਿ ਟਾਈਮਜ਼ ਆਫ਼ ਇੰਡੀਆ ਦੀ 2019 ਦੀ ਇੱਕ ਰਿਪੋਰਟ ਮੁਤਾਬਕ ਕਪਿਲ ਨੇ ਕਿਹਾ ਸੀ ਕਿ ਅਰਚਨਾ ਪੂਰਨ ਸਿੰਘ ਔਰਤ ਦੇ ਸ਼ਰੀਰ ਵਿੱਚ ਇੱਕ ਮਰਦ ਹੈ।
ਇਸ ਦੇ ਨਾਲ ਹੀ ਇੱਕ ਹੋਰ ਵਾਕਿਆ ਦਾ ਜ਼ਿਕਰ ਕਰਦੇ ਹੋਏ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਾਰ ਸ਼ੋਅ ਵਿੱਚ ਜੋਹਨ ਅਬਰਾਹਿਮ ਜਦੋਂ ਚੱਪਲਾਂ ਪਾ ਕੇ ਆਏ ਤਾਂ ਕਪਿਲ ਨੇ ਕਿਹਾ ਕਿ ਅਰਚਨਾ ਤਾਂ ਨੰਗੇ ਪੈਰੀ ਆ ਜਾਂਦੇ ਹਨ।
ਇਕੱਲੇ ਕਪਿਲ ਹੀ ਨਹੀਂ ਕਪਿਲ ਦੇ ਸ਼ੋਅ ਦੇ ਇੱਕ ਹੋਰ ਕਲਾਕਾਰ ਕਰੁਸ਼ਨਾ ਅਭਿਸ਼ੇਕ ਵੀ ਅਰਚਨਾ ਪੂਰਨ ਸਿੰਘ ਉੱਤੇ ਟਿੱਪਣੀ ਕਰ ਚੁੱਕੇ ਹਨ।

ਤਸਵੀਰ ਸਰੋਤ, instagram/krushna30
ਇਸੇ ਤਰ੍ਹਾਂ ਦਿ ਕਪਿਲ ਸ਼ਰਮਾ ਸ਼ੋਅ ਦੇ 26 ਮਈ, 2023 ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿੱਚ ਕਰੁਸ਼ਨਾ ਅਭਿਸ਼ੇਕ ਨੇ ਅਰਚਨਾ ਉੁੱਤੇ ਟਿੱਪਣੀ ਕੀਤੀ ਕਿ, ‘ਅੱਜ ਇਹ ਸ਼ੂਟਿੰਗ ਦਾ ਖਾਣਾ ਘਰ ਨਹੀਂ ਲੈ ਜਾ ਸਕਣਗੇ।’’
ਦਰਅਸਲ ਇਸ ਐਪੀਸੋਡ ਤੋਂ ਪਹਿਲਾਂ ਸੋਨੀ ਟੀਵੀ ਨੇ ਇਸ ਦਾ ਇੱਕ ਪ੍ਰੋਮੋ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ। ਇਸ ਪ੍ਰੋਮੋ ਵਿੱਚ ਇਸ ਪੂਰੀ ਟਿੱਪਣੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਸ ਪ੍ਰੋਮੋ ਵਿੱਚ ਸ਼ੋਅ ਦੇ ਅਦਾਕਾਰ ਕੀਕੂ ਸ਼ਾਰਦਾ ਕਹਿੰਦੇ ਹਨ, ‘‘ਅੱਜ ਸਾਰੇ ਮਹਿਮਾਨਾਂ ਦਾ ਖਾਣਾ ਅਰਚਨਾ ਜੀ ਦੇ ਘਰੋਂ ਆਵੇਗਾ?’’
ਇਸ ਸਵਾਲ ਦੇ ਜਵਾਬ ਵਿੱਚ ਕਰੁਸ਼ਨਾ ਕਹਿੰਦੇ ਹਨ, ‘‘ਨਹੀਂ, ਅੱਜ ਬਹੁਤ ਸਾਰੇ ਗੈਸਟ ਆਏ ਹਨ ਨਾ, ਤਾਂ ਇਹ ਸ਼ੂਟਿੰਗ ਦਾ ਖਾਣਾ ਘਰ ਨਹੀਂ ਲੈ ਜਾ ਸਕਣਗੇ।’’
ਅਰਚਨਾ ਪੂਰਨ ਸਿੰਘ ਦਾ ਕਰੀਅਰ ਤੇ ਨਿੱਜੀ ਜ਼ਿੰਦਗੀ

ਤਸਵੀਰ ਸਰੋਤ, instagram/archanapuransingh
ਹਿੰਦੀ ਫ਼ਿਲਮਾਂ ਵਿੱਚ ਆਪਣੇ ਮਜ਼ਾਹੀਆ ਕਿਰਦਾਰਾਂ ਕਰਕੇ ਪਛਾਣ ਬਣਾਉਣ ਵਾਲੇ ਅਰਚਨਾ ਪੂਰਨ ਸਿੰਘ ਨੇ ਟੀਵੀ ਉੱਤੇ ਵੀ ਕੰਮ ਕੀਤਾ ਹੈ।
‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਬਤੌਰ ਜੱਜ ਨਜ਼ਰ ਆਉਣ ਵਾਲੇ ਅਰਚਨਾ ਇਸ ਤੋਂ ਪਹਿਲਾਂ ਕਾਮੇਡੀ ਸ਼ੋਅ ‘ਕਾਮੇਡੀ ਸਰਕਸ’ ਵਿੱਚ ਵੀ ਬਤੌਰ ਜੱਜ ਨਜ਼ਰ ਆਏ ਸਨ।
1998 ਵਿੱਚ ਆਈ ਮਸ਼ਹੂਰ ਹਿੰਦੀ ਫ਼ਿਲਮ ‘ਕੁਝ ਕੁਝ ਹੋਤਾ ਹੈ’ ਵਿੱਚ ਉਨ੍ਹਾਂ ਦੇ ਕਿਰਦਾਰ ‘ਮਿਸ ਬਰਗੈਂਜ਼ਾ’ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ।
1982 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਰਚਨਾ ਨੇ ਹੁਣ ਤੱਕ ਸੈਂਕੜੇ ਫ਼ਿਲਮਾਂ ਅਤੇ ਟੀਵੀ ਸੀਰੀਜ਼ ਵਿੱਚ ਕੰਮ ਕੀਤਾ ਹੈ।
ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਰਾਜਾ ਹਿੰਦੁਸਤਾਨੀ, ਅਗਨੀਪਥ, ਮੋਹਬਤੇਂ, ਮਸਤੀ, ਕ੍ਰਿਸ਼, ਓਏ ਲੱਕੀ-ਲੱਕੀ ਓਏ, ਪੰਜਾਬੀ ਫ਼ਿਲਮ ਤੇਰਾ ਮੇਰਾ ਕੀ ਰਿਸ਼ਤਾ, ਹਾਊਸਫੁੱਲ ਵਰਗੀਆਂ ਫ਼ਿਲਮਾਂ ਸ਼ਾਮਲ ਹਨ।
ਕਈ ਐਵਾਰਡ ਜਿੱਤ ਚੁੱਕੇ ਅਰਚਨਾ ਦਾ ਪਰਮੀਤ ਸੇਠੀ ਨਾਲ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਹੈ। ਪਰਮੀਤ ਅਤੇ ਅਰਚਨਾ ਦੇ ਦੋ ਪੁੱਤਰ ਹਨ।
ਬੌਡੀ ਸ਼ੇਮਿੰਗ ਨਾਲ ਜੁੜੇ ਵਿਵਾਦ

ਤਸਵੀਰ ਸਰੋਤ, instagram/sumonachakravarti
ਕਪਿਲ ਦੀ ਆਨ ਸਕ੍ਰੀਨ ਪਤਨੀ ਸੁਮੋਨਾ ਦਾ ਮਖੌਲ
‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਕਪਿਲ ਦੀ ਪਤਨੀ ਦਾ ਕਿਰਦਾਰ ਅਦਾ ਕਰਨ ਵਾਲੇ ਸੁਮੋਨਾ ਚਕਰਵਰਤੀ ਵੀ ਕਈ ਵਾਰ ਆਪਣੇ ਉੱਤੇ ਹੁੰਦੀਆਂ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ।
ਹਾਲ ਹੀ ਵਿੱਚ ਸੁਮੋਨਾ ਨੇ ਕਪਿਲ ਵੱਲ਼ੋਂ ਉਨ੍ਹਾਂ ਦੇ ਬੁੱਲ੍ਹਾਂ ਉੱਤੇ ਕੀਤੀ ਗਈ ਟਿੱਪਣੀ ਦੀ ਗੱਲ ਇੱਕ ਇੰਟਰਵਿਊ ਦੌਰਾਨ ਕੀਤੀ।
ਹੈਬਿਟ ਕੋਚ ਨਾਮ ਦੇ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੁਮੋਨਾ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ।
ਸੁਮੋਨਾ ਨੇ ਹੈਬਿਟ ਕੋਚ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਸ਼ੁਰੂਆਤੀ ਦਿਨ ਥੋੜ੍ਹੇ ਚੁਣੌਤੀ ਭਰੇ ਸਨ ਕਿਉਂਕਿ ਮੈਨੂੰ ਯਾਦ ਹੈ ਕਿ ਉਹ ਮੇਰੇ ਮੂੰਹ ਦਾ ਮਖੌਲ ਉਡਾਉਂਦੇ ਸਨ। ਉਨ੍ਹਾਂ ਨੇ ਪਹਿਲੇ ਹੀ ਐਪੀਸੋਡ ਵਿੱਚ ਮੇਰੇ ਮੂੰਹ ਬਾਰੇ ਚੁਟਕਲੇ ਕਹਿਣੇ ਸ਼ੁਰੂ ਕਰ ਦਿੱਤੇ ਤੇ ਇਹ ਕੰਮ ਨਾ ਆਏ।”
“ਕੋਈ ਨਾ ਹੱਸਿਆ ਤੇ ਫ਼ਿਰ ਉਨ੍ਹਾਂ ਨੇ ਇਸ ਬਾਰੇ ਗੱਲ ਨਾ ਕੀਤੀ। ਪਰ ਹੋਰ ਐਪੀਸੋਡ ਵਿੱਚ ਇਹ ਇੱਕ ਤਰ੍ਹਾਂ ਨਾਲ ਕੰਮ ਕਰ ਗਏ। ਮੈਨੂੰ ਯਾਦ ਹੈ ਕਿ ਮੈਨੂੰ ਬਹੁਤ ਬੁਰਾ ਲੱਗਿਆ।’’

ਤਸਵੀਰ ਸਰੋਤ, Getty Images
ਭਾਰਤੀ ਸਿੰਘ ਨੇ ਦਿੱਤਾ ਸੀ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖ਼ਾਨ ਵੱਲੋਂ ਹੋਸਟ ਕੀਤੇ ਗਏ ਡਿਜ਼ਨੀ ਹੌਟਸਟਾਰ ਦੇ ਸ਼ੋਅ ‘ਮੂਵਿੰਗ ਇਨ ਵਿਦ ਮਲਾਇਕਾ’ ਵਿੱਚ ਕਾਮੇਡੀਅਨ ਭਾਰਤੀ ਸਿੰਘ ਨੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ।
ਭਾਰਤੀ ਸਿੰਘ ਨੇ ਬੌਡੀ ਸ਼ੇਮਿੰਗ ਦੇ ਦੁਆਲੇ ਘੁੰਮਦੇ ਕਈ ਸਵਾਲਾਂ ਦਾ ਜਵਾਬ ਬੜੀ ਬੇਬਾਕੀ ਨਾਲ ਦਿੱਤਾ।
ਇਸ ਵਿੱਚ ਉਨ੍ਹਾਂ ਕੱਪੜੇ, ਮੋਟਾਪੇ, ਉਮਰ, ਸ਼ਰੀਰ ਅਤੇ ਹੋਰ ਕਈ ਪਹਿੂਲਆਂ ਉੱਤੇ ਗੱਲ ਕੀਤੀ।
ਹਾਲਾਂਕਿ ਭਾਰਤੀ ਸਿੰਘ ਨੇ ਕਾਮੇਡੀ ਕਵੀਨ ਦਾ ਟਾਇਟਲ ਹਾਸਲ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਭਾਰਤੀ ਦੇ ਰੂਪ ਵਿੱਚ ਕਿਸੇ ਬਿਊਟੀ ਬ੍ਰੈਂਡ ਨੇ ਇੱਕ ਪਲਸ ਸਾਈਜ਼ ਮਾਡਲ ਨੂੰ ਲਿਆ।
ਮਸ਼ਹੂਰੀਆਂ ਵਿੱਚ ਭਾਰਤੀ ਦਰਸ਼ਕਾਂ ਨੂੰ ਕਹਿੰਦੇ ਹਨ, “ਕੀ ਸੋਚਿਆ ਸੀ 36-24-36? ਮੋਟੀ, ਹਾਥੀ, ਲੱਡੂ ਬਚਪਨ ਤੋਂ ਇਹੀ ਨਾਮ ਮੈਨੂੰ ਮਿਲਦੇ ਸੀ। ਮੈਂ ਇਸੇ ਨੂੰ ਹੀ ਆਪਣੀ ਪਛਾਣ ਵੱਚ ਬਦਲ ਦਿੱਤਾ ਅਤੇ ਬਣ ਗਈ ਕਵੀਨ ਆਫ ਕਾਮੇਡੀ ਲੋਕਾਂ ਨੇ ਤਾਰੀਫ਼ ਕੀਤੀ ਪਰ ਇੱਕ ਕਾਂਮਲੀਮੈਂਟ ਹਮੇਸ਼ਾ ਗਾਇਬ ਸੀ, ‘ਬਿਊਟੀਫੁਲ ਭਾਰਤੀ’।”
“ਪਰ ਪਰਸੋਂ ਕਿਸੇ ਨੇ ਕਿਹਾ ਯੂ ਆਰ ਲੁਕਿੰਗ ਬਿਊਟੀਫੁਲ। ਬਿਊਟੀਫੁਲ ਤਾ ਮੈਂ ਸੀ, ਹੁਣ ਲਗਦਾ ਹੈ ਦੁਨੀਆਂ ਦਾ ਨਜ਼ਰੀਆ ਬਦਲ ਰਿਹਾ ਹੈ। ਵਰਨਾ ਮੈਨੂੰ ਚੁਣਦੇ ਬਾਡੀ ਲੌਸ਼ਨ ਦੇ ਐਡ ਵਿੱਚ।”
ਜਦੋਂ ਕਪਿਲ ਨੂੰ ਪਾਗਲ ਸ਼ਬਦ ਨਾ ਵਰਤਣ ਨੂੰ ਕਿਹਾ ਗਿਆ
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕਰੀਨਾ ਕਪੂਰ ਖ਼ਾਨ ਦੇ ਇੱਕ ਸ਼ੋਅ ਵਿੱਚ ਕਪਿਲ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਜਿਸ ਸਮਾਜ ਤੋਂ ਮੈਂ ਆਉਂਦਾ ਹਾਂ (ਪੰਜਾਬ) ਉੱਥੇ ਇਹ ਸਾਡੇ ਸੱਭਿਆਚਾਰ ਵਿੱਚ ਹੈ ਕਿ ਲਾੜੀ ਵਾਲੇ ਪਾਸੇ ਦੇ ਲੋਕ ਲਾੜੇ ਨੂੰ ਛੇੜਦੇ ਹਨ ਅਤੇ ਉਸ ਨੂੰ ਕਿਸੇ ਨਾਮ ਨਾਲ ਮਖੌਲ ਉਡਾਉਂਦੇ ਹਨ।”
“ਬੌਡੀ ਸ਼ੇਮਿੰਗ ਅਤੇ ਹੋਰ ਚੀਜ਼ਾਂ, ਇਹ ਸਾਡੇ ਸੱਭਿਆਚਾਰ ਵਿੱਚ ਸਨ ਪਰ ਹੁਣ ਜੇ ਅਸੀਂ ਕਰਦੇ ਹਾਂ ਤਾਂ ਇਸ ਨੂੰ ਬੌਡੀ ਸ਼ੇਮਿੰਗ ਕਿਹਾ ਜਾਂਦਾ ਹੈ। ਮੈਨੂੰ ਚੈਨਲ ਵੱਲ਼ੋਂ ਕਿਹਾ ਗਿਆ ਕਿ ਮੈਂ ਪਾਗਲ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ ਅਤੇ ਇਸ ਪਿੱਛੇ ਕਾਰਨ ਦੱਸਿਆ ਗਿਆ ਕਿ ਇਸ ਸ਼ਬਦ ਬਾਰੇ ਕੁਝ ਲੋਕ ਇਤਰਾਜ਼ ਕਰ ਸਕਦੇ ਹਨ।”
ਸੋਨਾਕਸ਼ੀ ਵੀ ਹੋਏ ਬੌਡੀ ਸ਼ੇਮਿੰਗ ਦਾ ਸ਼ਿਕਾਰ

ਤਸਵੀਰ ਸਰੋਤ, Getty Images
ਹੈਰਾਨੀ ਦੀ ਗੱਲ ਇਹ ਹੈ ਕਿ ਗਲੈਮਰਸ ਸਮਝੇ ਦਾਣ ਵਾਲੀ ਇਨ੍ਹਾਂ ਮਾਡਲਜ਼ ਅਤੇ ਹੀਰੋਈਨਾਂ ਨੂੰ ਵੀ ਸਾਲਾਂ ਤੱਕ ਆਪਣੀ ਉਮਰ ਤੇ ਵਜ਼ਨ ਕਾਰਨ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਿਲਮ ਡਬਲ ਐਕਸਲ ਦੀ ਅਦਾਕਾਰ ਸੋਨਾਕਸ਼ੀ ਸਿਨਹਾ ਨੇ ਆਪਣੇ ਭਾਰ ਕਾਰਨ ਟ੍ਰੋਲਿੰਗ ਦਾ ਸਾਹਮਣਾ ਕੀਤਾ ਹੈ।
2022 ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, “ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਫਿਲਮ ਤੋਂ ਪਹਿਲਾਂ ਬੋਲਿਆ ਜਾਂਦਾ ਹੈ ਕਿ ਥੋੜ੍ਹਾ ਭਾਰ ਘੱਟ ਕਰ ਲਓ ਗਾਣਾ ਸ਼ੂਟ ਕਰਨਾ ਹੈ। ਲੋਕਾਂ ਲਈ ਇਹ ਆਮ ਗੱਲ ਹੁੰਦੀ ਹੈ ਅਤੇ ਉਹ ਬੋਲਣ ਤੋਂ ਪਹਿਲਾਂ ਸੋਚਦੇ ਵੀ ਨਹੀਂ ਕਿ ਉਨ੍ਹਾਂ ਨੂੰ ਸਾਡਾ ਕੰਮ, ਸਾਡਾ ਹੁਨਰ ਦੇਖ ਕੇ ਸਾਨੂੰ ਸਾਈਨ ਕੀਤਾ ਹੈ ਨਾ ਕਿ ਸਾਡੀ ਕਮਰ ਦਾ ਸਾਈਜ਼ ਵੇਖ ਕੇ।”
“ਮੇਰੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਉਦੋਂ ਆਈ ਜਦੋਂ ਮੇਰਾ ਵਜ਼ਨ ਜ਼ਿਆਦਾ ਸੀ। ਜਦੋਂ ਦਰਸ਼ਕਾਂ ਨੂੰ ਦਿੱਕਤ ਨਹੀਂ ਹੋਈ ਤਾਂ ਬਤੌਰ ਫਿਲਮਕਾਰ ਸਾਨੂੰ ਕਿਸ ਗੱਲ ਦਾ ਡਰ ਹੈ। ਸਭ ਤੋਂ ਖਰਾਬ ਗੱਲ ਇਹ ਹੈ ਕਿ ਹੀਰੋ ਭਾਵੇਂ ਕਿਵੇਂ ਦਾ ਵੀ ਹੋਵੇ, ਅਦਾਕਾਰਾ ਦੀ ਹਾਈਟ ਤੇ ਭਾਰਤ ਸਭ ਵੇਖਿਆ ਜਾਂਦਾ ਹੈ।”












