ਕੈਨੇਡਾ ਵਿੱਚ ਸਿੱਖ ਨੌਜਵਾਨ ਵੱਲੋਂ ਪੱਗਾਂ ਦੀ ਦੁਕਾਨ ਖੋਲ੍ਹਣ 'ਤੇ ਕੀ ਵਿਵਾਦ ਹੋ ਰਿਹਾ, ਪੂਰਾ ਮਾਮਲਾ ਜਾਣੋ

ਤਸਵੀਰ ਸਰੋਤ, @gurpreetbroca
- ਲੇਖਕ, ਅਨੁਰੀਤ ਭਾਰਦਵਾਜ
- ਰੋਲ, ਬੀਬੀਸੀ ਸਹਿਯੋਗੀ
ਕੈਨੇਡਾ ਦੇ ਓਂਟਾਰੀਓ ਸੂਬੇ ਦੇ ਗ੍ਰੇਟਰ ਸਡਬਰੀ ਵਿੱਚ ਗੁਰਪ੍ਰੀਤ ਸਿੰਘ ਬਰੋਕਾ ਨਾਮ ਦੇ ਇੱਕ ਸਿੱਖ ਨੌਜਵਾਨ ਵੱਲੋਂ ਖੋਲ੍ਹੀ ਪੱਗਾਂ ਦੀ ਦੁਕਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਛਿੜ ਗਈ ਹੈ।
ਗੁਰਪ੍ਰੀਤ ਸਿੰਘ ਬਰੋਕਾ ਆਪਣੀ ਦੁਕਾਨ ਵਿੱਚ ਦਸਤਾਰ ਅਤੇ ਰੁਮਾਲਾ ਸਾਹਿਬ ਸਮੇਤ ਸਿੱਖ ਧਰਮ ਨਾਲ ਜੁੜੀਆਂ ਕਈ ਚੀਜਾਂ ਵੇਚਦੇ ਹਨ।
ਬਰੋਕਾ ਵੱਲੋਂ ਦੁਕਾਨ ਖੋਲ੍ਹੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਭਾਰਤੀਆਂ ਬਾਰੇ ਕਈ ਤਰ੍ਹਾਂ ਦੀਆਂ 'ਵਿਤਕਰੇ' ਭਰੀਆਂ ਅਤੇ ਪਰਵਾਸ ਸਬੰਧੀ 'ਟਿੱਪਣੀਆਂ’ ਦੀ ਭਰਮਾਰ ਹੋ ਗਈ ਹੈ।
ਕੁਝ ਲੋਕ ਕੈਨੇਡਾ 'ਚ ਭਾਰਤੀਆਂ ਦੇ ਵਧਦੇ ਪ੍ਰਭਾਵ ਪ੍ਰਤੀ ਚਿੰਤਾ ਅਤੇ ਨਾਰਾਜ਼ਗੀ ਪ੍ਰਗਟਾ ਰਹੇ ਹਨ। ਹਾਲਾਂਕਿ, ਕੁਝ ਲੋਕ, ਖ਼ਾਸ ਕਰਕੇ ਭਾਰਤੀ ਲੋਕ ਗੁਰਪ੍ਰੀਤ ਦੇ ਹੱਕ ਵਿੱਚ ਵੀ ਬੋਲ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਿਰੋਧ ਕਰਨ ਵਾਲੇ ਕੀ-ਕੀ ਕਹਿ ਰਹੇ?

ਤਸਵੀਰ ਸਰੋਤ, Social Media/X
ਗੁਰਪ੍ਰੀਤ ਸਿੰਘ ਵੱਲੋਂ ਗ੍ਰੇਟਰ ਸਡਬਰੀ ਵਿੱਚ ਪੱਗਾਂ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ ਕੈਨੇਡਾ ਅਤੇ ਖਾਸਕਰ ਸਡਬਰੀ ਕਈ ਲੋਕ ਵਿਰੋਧ ਜਤਾ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਵਿਰੋਧ ਕੇਵਲ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਰੂਸ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ, 'ਕੈਨੇਡਾ ਦੇ ਨਵਾਂ ਭਾਰਤ ਬਣਨ ਤੋਂ ਪਹਿਲਾਂ ਸਾਨੂੰ ਮੁੜ-ਪਰਵਾਸ ਕਰਾਵਾਉਣ ਦੀ ਲੋੜ ਹੈ।'
ਉਨ੍ਹਾਂ ਦੀ ਪੋਸਟ ਦੇ ਸਮਰਥਨ 'ਚ ਕਈ ਹੋਰ ਉਪਭੋਗਤਾਵਾਂ ਨੇ ਵੀ ਪੋਸਟਾਂ ਪਾਈਆਂ।

ਤਸਵੀਰ ਸਰੋਤ, Social Media/X
ਇੱਕ ਵਿਅਕਤੀ ਨੇ ਲਿਖਿਆ ਕਿ ''ਸਡਬਰੀ ਖ਼ਤਮ ਹੋ ਗਿਆ ਹੈ। ਉਸ ਨਰਕ (ਮੈਂ ਉੱਥੇ ਹੀ ਰਹਿੰਦਾ ਹਾਂ) ਤੋਂ ਬਾਹਰ ਨਿਕਲਣ ਦਾ ਇੱਕੋ-ਇੱਕ ਰਸਤਾ ਗੋਰਿਆਂ ਦਾ ਪਲਾਇਨ ਹੈ। ਮੇਰੇ ਬੱਚਿਆਂ ਦੇ ਸਕੂਲ ਵਿੱਚ 75% ਸਿਆਹਫਾਮ ਹਨ, ਅਤੇ ਰਿਟੇਲ/ਫਾਸਟ ਫੂਡ 98% ਭਾਰਤੀ ਹੈ। ਸ਼ਹਿਰ ਖਤਮ ਹੋ ਗਿਆ ਹੈ।''
ਇੱਕ ਉਪਭੋਗਤਾ ਨੇ ਲਿਖਿਆ, ''ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਲਈ ਜਹਾਜ਼ ਦੀਆਂ ਟਿਕਟਾਂ ਲਈ ਇੱਕ ਗੋ ਫੰਡ ਮੀ ਪੇਜ (ਬਣਾਓ) .. ਉਨ੍ਹਾਂ ਸਾਰਿਆਂ ਨੂੰ!!''
ਹੱਕ 'ਚ ਬੋਲਣ ਵਾਲੇ ਕੀ-ਕੀ ਕਹਿ ਰਹੇ?

ਤਸਵੀਰ ਸਰੋਤ, Social Media/X
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਵਿਤਕਰੇ ਭਰੀ ਬਿਆਨਬਾਜ਼ੀ ਦਾ ਵਿਰੋਧ ਕਰ ਰਹੇ ਹਨ।
ਨਿਕੋਲਾਈ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ, ''ਤੁਸੀਂ ਕੰਮ ਲਈ ਮੁੜ ਪਰਵਾਸ ਨੂੰ ਕਿਵੇਂ ਦੇਖਦੇ ਹੋ? ਉਨ੍ਹਾਂ ਭਾਰਤੀ ਪਰਿਵਾਰਾਂ ਬਾਰੇ ਕੀ ਜੋ 70 ਦੇ ਦਹਾਕੇ ਵਿੱਚ, ਤੁਹਾਡੇ ਜਨਮ ਤੋਂ ਵੀ ਪਹਿਲਾਂ ਇੱਥੇ ਆ ਗਏ ਸਨ?'
ਰਾਜੀਵ ਸਕਸੇਨਾ ਨਾਮ ਦੇ ਇੱਕ ਉਪਭੋਗਤਾ ਨੇ ਤੰਜ ਕੱਸਦਿਆਂ ਲਿਖਿਆ, ''ਕੀ ਇਸਦਾ ਮਤਲਬ ਹੈ ਕਿ ਤੁਸੀਂ ਯੂਰਪ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹੋ?''
ਕੈਨੇਡਾ ਦੀ ਲੇਖਿਕਾ ਰੂਪਾ ਸੁਭ੍ਰਮਨਿਆ ਨੇ ਲਿਖਿਆ ''ਸੋਚੋ, ਇੱਕ ਸਿੱਖ ਵਿਅਕਤੀ ਜੋ ਪੱਗਾਂ ਵੇਚਦਾ ਹੈ, ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ, ਨਸ਼ੇ ਨਹੀਂ ਵੇਚ ਰਿਹਾ, ਕੋਈ ਪਰੇਸ਼ਾਨੀ ਖੜ੍ਹੀ ਨਹੀਂ ਕਰ ਰਿਹਾ.. ਉਨ੍ਹਾਂ ਪੰਜਾਬੀਆਂ ਵਾਂਗ ਨਹੀਂ ਜਿਨ੍ਹਾਂ ਨੂੰ ਅਸੀਂ ਅੰਦਰ ਆਉਣ ਦਿੱਤਾ ਤੇ ਉਹ ਬਸ ਗੜਬੜ ਕਰਦੇ ਰਹਿੰਦੇ ਹਨ।”
ਗੁਰਪ੍ਰੀਤ ਸਿੰਘ ਬਰੋਕਾ ਨੇ ਕੀ ਕਿਹਾ?

ਤਸਵੀਰ ਸਰੋਤ, @gurpreetbroca
ਬੀਬੀਸੀ ਪੰਜਾਬੀ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਗੁਰਪ੍ਰੀਤ ਸਿੰਘ ਬਰੋਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਸ ਬਹਿਸ ਬਾਰੇ ਕਿਸੇ ਜਾਣਕਾਰ ਤੋਂ ਹੀ ਪਤਾ ਲੱਗਿਆ ਸੀ।
ਹਾਲਾਂਕਿ ਉਨ੍ਹਾਂ ਕਿਹਾ ਕਿ ''ਸਥਾਨਕ ਤੌਰ 'ਤੇ ਅਜਿਹਾ ਕੁਝ ਨਹੀਂ ਹੈ। ਸੋਸ਼ਲ ਮੀਡੀਆ 'ਤੇ ਜੇ ਕੋਈ ਕੁਝ ਕਹਿ ਰਿਹਾ ਹੈ ਤਾਂ ਉਹ ਉਸ ਵਿਅਕਤੀ ਦੇ ਆਪਣੇ ਵਿਚਾਰ ਹਨ ਅਤੇ ਅਸੀਂ ਇਸ ਬਾਰੇ ਤਾਂ ਕੁਝ ਨਹੀਂ ਕਰ ਸਕਦੇ।''
ਉਨ੍ਹਾਂ ਕਿਹਾ, ''ਸੋਸ਼ਲ ਮੀਡੀਆ ਬਹੁਤ ਵੱਡਾ ਹੈ, ਪ੍ਰਗਟਾਵੇ ਦੀ ਆਜ਼ਾਦੀ ਹੈ, ਕੌਣ ਕਿੱਥੇ ਬੈਠ ਕੇ ਕੀ ਬੋਲ ਰਿਹਾ ਹੈ, ਆਪਾਂ ਕੀ ਕਹਿ ਸਕਦੇ ਹਾਂ।''
ਇਹ ਪੁੱਛਣ 'ਤੇ ਕਿ ਕੀ ਉਨ੍ਹਾਂ 'ਤੇ ਕੋਈ ਸਿੱਧਾ ਸ਼ਾਬਦਿਕ ਜਾਂ ਸਰੀਰਕ ਹਮਲਾ ਹੋਇਆ ਹੈ, ਉਨ੍ਹਾਂ ਕਿਹਾ ਕਿ ''ਮੇਰੇ ਨਾਲ ਅਜਿਹਾ ਕਦੇ ਕੁਝ ਨਹੀਂ ਹੋਇਆ''।
ਗੁਰਪ੍ਰੀਤ ਨੇ ਕਿਹਾ ਕਿ ''ਮੈਂ ਇੱਕ ਕੈਨੇਡੀਅਨ ਸਿੱਖ ਹਾਂ ਅਤੇ ਕੈਨੇਡਾ ਦੇ ਸੱਭਿਆਚਾਰ ਨਾਲ ਜੁੜਿਆ ਰਹਿੰਦਾ ਹਾਂ।''
'ਇਹ ਸਭ ਸੋਸ਼ਲ ਮੀਡੀਆ 'ਤੇ ਹਾਈਪ ਕੀਤਾ ਜਾ ਰਿਹਾ ਹੈ'
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸੇਵਾਮੁਕਤ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ''ਬਹੁਤ ਸਾਰੀ ਹਾਈਪ ਸ਼ੋਸ਼ਲ ਮੀਡੀਆ 'ਤੇ ਕੀਤੀ ਜਾਂਦੀ ਹੈ। ਇਸ ਦਾ ਕੋਈ ਮਤਲਬ ਨਹੀਂ ਹੁੰਦਾ। ਇਹ ਇੰਨਾ ਵੱਡਾ ਹੋ ਗਿਆ ਹੈ ਕਿ ਇਹ ਉਨ੍ਹਾਂ ਮੁੱਦਿਆਂ ਨੂੰ ਲੱਭਦਾ ਹੈ ਜੋ ਹੁੰਦੇ ਹੀ ਨਹੀਂ। ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ 'ਤੇ ਮੁੱਦੇ ਬਣਾ ਲੈਂਦਾ ਹੈ।''
ਬੀਬੀਸੀ ਪੰਜਾਬੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਹਾਲ ਹੀ ਵਿੱਚ ਕੈਨੇਡਾ ਤੋਂ ਪਰਤੇ ਹਨ ਅਤੇ ''ਆਮ ਤੌਰ 'ਤੇ ਸਾਰਾ ਕੁਝ ਆਰਾਮ ਨਾਲ ਚੱਲ ਰਿਹਾ ਹੈ। ਜਿੱਥੋਂ ਤੱਕ ਸਿੱਖਾਂ ਦੀ ਗੱਲ ਹੈ, ਕੈਨੇਡਾ 'ਚ ਇਹ ਬਹੁਤ ਹੀ ਏਕਤਾ ਵਾਲਾ ਭਾਈਚਾਰਾ ਹੈ।''
''ਉਥੇ 100 ਸਾਲ ਤੋਂ ਪੁਰਾਣਾ ਸਿੱਖ ਪੰਜਾਬੀ ਭਾਈਚਾਰਾ ਹੈ।''
ਕੌਣ ਹਨ ਗੁਰਪ੍ਰੀਤ ਸਿੰਘ ਬਰੋਕਾ

ਤਸਵੀਰ ਸਰੋਤ, @gurpreetbroca
ਦਿ ਸਡਬਰੀ ਸਟਾਰ ਦੀ ਰਿਪੋਰਟ ਮੁਤਾਬਕ, ਗੁਰਪ੍ਰੀਤ ਸਿੰਘ ਬਰੋਕਾ ਇੱਕ ਦਹਾਕਾ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਸਨ ਅਤੇ ਫਿਲਹਾਲ ਇੱਕ ਬੈਂਕ ਵਿੱਚ ਨੌਕਰੀ ਕਰ ਰਹੇ ਹਨ।
ਬਰੋਕਾ ਦੇ ਸੋਸ਼ਲ ਮੀਡੀਆ ਅਕਾਊਂਟਸ 'ਚ ਨਜ਼ਰ ਆਉਂਦਾ ਹੈ ਕਿ ਉਹ ਸਿੱਖ ਸੱਭਿਆਚਾਰ ਦੇ ਨਾਲ-ਨਾਲ ਕੈਨੇਡਾ ਦੇ ਸੱਭਿਆਚਾਰ ਸਬੰਧੀ ਮਾਮਲਿਆਂ ਅਤੇ ਸਮਾਗਮਾਂ ਨਾਲ ਵੀ ਜੁੜੇ ਰਹਿੰਦੇ ਹਨ।
ਉਨ੍ਹਾਂ ਦੇ ਐਕਸ ਅਕਾਉਂਟ ਦੇ ਮੁਤਾਬਕ, ਬਰੋਕਾ ਨੂੰ ਓਂਟਾਰੀਓ ਦੇ ਗ੍ਰੇਟਰ ਸਡਬਰੀ ਦੇ ਕੈਂਬਰੀਅਨ ਕਾਲਜ ਵੱਲੋਂ ਅਪਲਾਈ ਬੋਰਡ ਇੰਟਰਨੈਸ਼ਲ ਐਲੂਮਨਾਈ ਆਫ਼ ਇਮਪੈਕਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇ ਜਾਂ ਭਾਈਚਾਰੇ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਹ ਸਮਾਜ ਅਤੇ ਖਾਸ ਤੌਰ 'ਤੇ ਵਾਤਾਵਰਣ ਸਬੰਧੀ ਪ੍ਰੋਗਰਾਮਾਂ 'ਚ ਵੀ ਸ਼ਾਮਿਲ ਹੁੰਦੇ ਰਹਿੰਦੇ ਹਨ।
ਪੱਗਾਂ ਦੀ ਦੁਕਾਨ ਖੋਲ੍ਹਣ ਪਿੱਛੇ ਕੀ ਇਰਾਦਾ

ਤਸਵੀਰ ਸਰੋਤ, @gurpreetbroca
ਦਿ ਸਡਬਰੀ ਸਟਾਰ ਨੂੰ ਹਾਲ ਹੀ ਵਿੱਚ ਦਿੱਤੇ ਇੱਕ ਇੰਰਵਿਊ ਦੌਰਾਨ ਗੁਰਪ੍ਰੀਤ ਸਿੰਘ ਬਰੋਕਾ ਨੇ ਕਿਹਾ ਕਿ ਵਰਤਮਾਨ ਵਿੱਚ, ਪੱਗਾਂ ਅਤੇ ਹੋਰ ਰਵਾਇਤੀ ਕੱਪੜੇ ਜਾਂ ਸਮਾਨ ਖਰੀਦਣ ਲਈ ਲੋਕਾਂ ਨੂੰ ਬ੍ਰੈਂਪਟਨ ਜਾਣਾ ਪੈਂਦਾ ਹੈ। ਬਰੋਕਾ ਖੁਦ ਆਪਣੇ ਮਾਪਿਆਂ ਜਾਂ ਭਾਰਤ ਤੋਂ ਆਉਣ ਵਾਲੇ ਕਿਸੇ ਦੋਸਤ ਰਾਹੀਂ ਪੱਗਾਂ ਮੰਗਵਾਉਂਦੇ ਸਨ।
ਉਨ੍ਹਾਂ ਕਿਹਾ, "ਮੈਂ ਇਹ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਦੋਸਤਾਂ ਅਤੇ ਭਾਈਚਾਰੇ ਲਈ ਵੀ ਕਰਨਾ ਚਾਹੁੰਦਾ ਸੀ।''
"ਜਦੋਂ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਹੋ, ਤਾਂ ਤੁਹਾਨੂੰ ਅਜਿਹੇ ਲੋਕ ਮਿਲਦੇ ਹਨ ਜੋ (ਪੱਗਾਂ ਲਈ) ਜਾਂ ਤਾਂ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਨਿਰਭਰ ਕਰਦੇ ਹਨ ਜਾਂ ਬਰੈਂਪਟਨ ਤੋਂ ਸਾਮਾਨ ਮੰਗਵਾਉਂਦੇ ਹਨ, ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਉਨ੍ਹਾਂ ਕੋਲ ਬਸ ਇਹੀ ਤਰੀਕੇ ਹਨ।''
ਉਨ੍ਹਾਂ ਦੀ ਦੁਕਾਨ ਜੁਲਾਈ ਵਿੱਚ ਖੁੱਲ੍ਹੀ ਸੀ।
ਬਰੋਕਾ ਨੇ ਕਿਹਾ ਇਸ ਦੀ "ਬਹੁਤ ਜ਼ਿਆਦਾ ਲੋੜ ਹੈ। ਸਿਰਫ ਸਡਬਰੀ ਹੀ ਨਹੀਂ, ਸਗੋਂ ਉੱਤਰੀ ਓਨਟਾਰੀਓ ਖੇਤਰ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਵਧਦਾ ਭਾਈਚਾਰਾ ਹੈ।''
ਕੈਨੇਡਾ ਨੇ ਪੇਸ਼ ਕੀਤਾ ਨਫ਼ਰਤੀ ਅਪਰਾਧਾਂ ਪ੍ਰਤੀ ਕਾਨੂੰਨ

ਤਸਵੀਰ ਸਰੋਤ, Getty Images
ਕੈਨੇਡਾ ਸਰਕਾਰ ਨੇ ਨਫ਼ਰਤੀ ਅਪਰਾਧਾਂ, ਡਰਾਉਣ-ਧਮਕਾਉਣ ਅਤੇ ਰੁਕਾਵਟਾਂ ਪੈਦਾ ਕਰਨ ਵਰਗੇ ਮਾਮਲਿਆਂ ਨੂੰ ਨਜਿੱਠਣ ਲਈ ਕਾਨੂੰਨ ਪੇਸ਼ ਕੀਤਾ ਹੈ।
19 ਸਤੰਬਰ, 2025 ਨੂੰ ਨਿਆਂ ਵਿਭਾਗ, ਕੈਨੇਡਾ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਾਡੇ ਭਾਈਚਾਰਿਆਂ ਵਿੱਚ ਨਫ਼ਰਤ ਭਰੇ ਅਪਰਾਧਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ ਅਤੇ ਕੈਨੇਡਾ ਇਸਨੂੰ ਬਰਦਾਸ਼ਤ ਨਹੀਂ ਕਰੇਗਾ।
ਪ੍ਰੈਸ ਰਿਲੀਜ਼ ਮੁਤਾਬਕ, ਨਫ਼ਰਤੀ ਅਪਰਾਧਾਂ ਵਿੱਚ ਇਸ ਵਾਧੇ ਨੂੰ ਰੋਕਣ ਲਈ, ਕੈਨੇਡਾ ਦੇ ਨਿਆਂ ਮੰਤਰੀ ਸੀਨ ਫਰੇਜ਼ਰ ਨੇ ਨਫ਼ਰਤ ਰੋਕਥਾਮ ਐਕਟ (ਕੋਮਬੈਟਿੰਗ ਹੇਟ ਐਕਟ) ਪੇਸ਼ ਕੀਤਾ ਹੈ ਜੋ ਕਿ ਅਪਰਾਧਿਕ ਸੰਹਿਤਾ ਵਿੱਚ ਹੇਠ ਲਿਖੀਆਂ ਸੋਧਾਂ ਕਰੇਗਾ:
- ਲੋਕਾਂ ਨੂੰ ਪੂਜਾ ਸਥਾਨਾਂ, ਨਾਲ ਹੀ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਮੁੱਖ ਤੌਰ 'ਤੇ ਕਿਸੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਨੂੰ ਹੋਰ ਥਾਵਾਂ 'ਤੇ ਜਾਣ ਤੋਂ ਡਰਾਉਣਾ ਅਤੇ ਰੋਕਣਾ ਅਪਰਾਧ ਮੰਨਿਆ ਜਾਵੇਗਾ।
- ਨਫ਼ਰਤ ਭਰੇ ਅਪਰਾਧ ਨੂੰ ਇੱਕ ਖਾਸ ਅਪਰਾਧ ਵਜੋਂ ਮਾਨਤਾ ਦਿੱਤੀ ਜਾਵੇਗੀ, ਇਹ ਯਕੀਨੀ ਬਣਾਉਂਦੇ ਹੋਏ ਕਿ ਅਜਿਹੇ ਵਿਵਹਾਰ ਦੀ ਵਧੇਰੇ ਸਪਸ਼ਟ ਤੌਰ 'ਤੇ ਨਿੰਦਾ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ
- ਅਤੇ ਕੁਝ ਅੱਤਵਾਦੀ ਜਾਂ ਨਫ਼ਰਤੀ ਚਿਨ੍ਹਾਂ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਕੇ, ਕਿਸੇ ਪਛਾਣਯੋਗ ਸਮੂਹ ਵਿਰੁੱਧ ਜਾਣ ਬੁੱਝ ਕੇ ਨਫ਼ਰਤ ਭੜਕਾਉਣਾ ਅਪਰਾਧ ਮੰਨਿਆ ਜਾਵੇਗਾ।
ਕੈਨੇਡਾ ਵਿੱਚ ਕਿੰਨਾ ਵਧਿਆ ਨਫ਼ਰਤੀ ਅਪਰਾਧ

ਤਸਵੀਰ ਸਰੋਤ, Getty Images
ਨਿਆਂ ਵਿਭਾਗ, ਕੈਨੇਡਾ ਵੱਲੋਂ ਜਾਰੀ ਇਸ ਪ੍ਰੈਸ ਰਿਲੀਜ਼ ਵਿੱਚ ਕੁਝ ਅੰਕੜੇ ਵੀ ਦਿੱਤੇ ਗਏ ਹਨ ਜੋ ਦੇਸ਼ 'ਚ ਵਧੇ ਨਫਰਤੀ ਅਪਰਾਧ ਨੂੰ ਦਰਸਾਉਂਦੇ ਹਨ।
ਜਿਸ ਦੇ ਮੁਤਾਬਕ, ਸਾਲ 2024 ਵਿੱਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਨਫ਼ਰਤੀ ਅਪਰਾਧਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ। ਇਨ੍ਹਾਂ ਨਫ਼ਰਤ ਭਰੇ ਅਪਰਾਧਾਂ ਵਿੱਚੋਂ ਜ਼ਿਆਦਾਤਰ 'ਚ ਨਸਲ, ਜਾਤੀ ਅਤੇ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ।
ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਯਹੂਦੀ (68%) ਅਤੇ ਮੁਸਲਿਮ (17%) ਆਬਾਦੀ ਨੂੰ ਅਜਿਹੇ ਨਫਰਤੀ ਅਪਰਾਧ ਝੱਲਣੇ ਪਏ।
ਸਾਲ 2020 ਤੋਂ, ਸਿਆਹਫਾਮ ਲੋਕ ਨਸਲ ਜਾਂ ਜਾਤੀ ਦੇ ਅਧਾਰ 'ਤੇ ਨਫ਼ਰਤ ਅਪਰਾਧਾਂ ਲਈ ਸਭ ਤੋਂ ਵੱਧ ਨਿਸ਼ਾਨਾ ਬਣਾਏ ਗਏ, ਜੋ ਕਿ 2024 ਵਿੱਚ ਇਨ੍ਹਾਂ ਨਫ਼ਰਤੀ ਅਪਰਾਧਾਂ ਦਾ 37% ਬਣਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












