ਜਦੋਂ 23 ਸਾਲਾ ਮੁਟਿਆਰ ਨੇ ਸੱਭਿਆਚਾਰ ਦਾ ਪਾਠ ਪੜ੍ਹਾਉਣ ਆਏ ਲੋਕਾਂ ਅੱਗੇ ਡਟ ਕੇ ਆਪਣੀ ਗੱਲ ਰੱਖੀ

ਤਸਵੀਰ ਸਰੋਤ, Muskan Sharma
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਮੁਸਕਾਨ ਸ਼ਰਮਾ ਉਨ੍ਹਾਂ ਆਦਮੀਆਂ ਦੇ ਸਾਹਮਣੇ ਖੜ੍ਹੀ ਹੋਈ ਜਿਨ੍ਹਾਂ ਉਸ ਦੇ ਪਹਿਰਾਵੇ ਬਾਰੇ ਟਿੱਪਣੀ ਕੀਤੀ ਪਰ ਉਨ੍ਹਾਂ ਨੇ ਨਾ ਸਿਰਫ਼ ਕੁੜੀਆਂ ਦਾ ਹੌਸਲਾ ਵਧਾਇਆ ਬਲਕਿ ਇੱਕ ਸੁੰਦਰਤਾ ਮੁਕਾਬਲਾ ਵੀ ਜਿੱਤਿਆ।
23 ਸਾਲਾ ਇਸ ਮੁਟਿਆਰ ਨੂੰ ਪਿਛਲੇ ਹਫ਼ਤੇ ਉੱਤਰਾਖੰਡ ਵਿੱਚ ਮਿਸ ਰਿਸ਼ੀਕੇਸ਼ 2025 ਦਾ ਤਾਜ ਪਹਿਨਾਇਆ ਗਿਆ ਸੀ।
ਮੁਸਕਾਨ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਹ ਇੱਕ ਛੋਟਾ ਜਿਹਾ ਸਥਾਨਕ ਮੁਕਾਬਲਾ ਸੀ, "ਇਸਨੇ ਮੈਨੂੰ ਮਿਸ ਯੂਨੀਵਰਸ ਵਰਗਾ ਮਹਿਸੂਸ ਕਰਵਾਇਆ।"
ਮੁਸਕਾਨ ਦੀ ਜਿੱਤ ਦੇਸ਼ ਭਰ 'ਚ ਸੁਰਖੀਆਂ ਦਾ ਹਿੱਸਾ ਬਣੀ, ਕਾਰਨ ਸੀ 4 ਅਕਤੂਬਰ ਦੀ ਇੱਕ ਘਟਨਾ। ਜਦੋਂ ਮੁਕਾਬਲੇ ਦੇ ਦਿਨ ਤੋਂ ਪਹਿਲਾਂ ਰਿਹਰਸਲ ਚੱਲ ਰਹੀ ਸੀ ਅਤੇ ਇੱਕ ਵਿਅਕਤੀ ਨੇ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ।
ਮੁਸਕਾਨ ਦਾ ਰੂੜੀਵਾਦੀ ਸੋਚ ਨਾਲ ਟਕਰਾਅ

ਤਸਵੀਰ ਸਰੋਤ, Muskan Sharma
ਮੁਸਕਾਨ ਜੋ, ਜਦੋਂ ਹਾਲੇ ਸਕੂਲ ਵਿੱਚ ਪੜ੍ਹਦੇ ਸਨ ਉਦੋਂ ਤੋਂ ਹੀ ਇੱਕ ਮਾਡਲ ਬਣਨਾ ਚਾਹੁੰਦੇ ਸਨ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ, ਉਨ੍ਹਾਂ ਨੇ ਉਸ ਦਿਨ ਦੇ ਘਟਨਾਕ੍ਰਮ ਬਾਰੇ ਦੱਸਿਆ।
ਉਹ ਕਹਿੰਦੇ ਹਨ, "4 ਅਕਤੂਬਰ ਨੂੰ ਦੁਪਿਹਰ ਸਮੇਂ ਅਸੀਂ ਆਰਾਮ ਕਰ ਰਹੇ ਸੀ, ਹੱਸ ਰਹੇ ਸੀ ਜਦੋਂ ਉਹ ਲੋਕ ਅੰਦਰ ਆਏ।"
ਇਸ ਘਟਨਾ ਦੀ ਵਾਇਰਲ ਫੁਟੇਜ ਵਿੱਚ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਨਾਮ ਦੇ ਇੱਕ ਹਿੰਦੂ ਸਮੂਹ ਦੇ ਜ਼ਿਲ੍ਹਾ ਮੁਖੀ ਰਾਘਵੇਂਦਰ ਭਟਨਾਗਰ ਨੂੰ ਮੁਸਕਾਨ ਅਤੇ ਹੋਰ ਪ੍ਰਤੀਯੋਗੀਆਂ ਵੱਲੋਂ ਪਹਿਨੀਆਂ ਗਈਆਂ ਸਕਰਟਾਂ ਅਤੇ ਪੱਛਮੀ ਪਹਿਰਾਵੇ 'ਤੇ ਇਤਰਾਜ਼ ਕਰਦੇ ਦੇਖਿਆ ਜਾ ਸਕਦਾ ਹੈ।
ਭਟਨਾਗਰ ਨੂੰ ਵੀਡੀਓ ਵਿੱਚ ਇਹ ਕਹਿੰਦੇ ਹੋਏ ਸੁਣਿਆ ਗਿਆ,"ਮਾਡਲਿੰਗ ਖ਼ਤਮ ਹੋ ਗਈ ਹੈ, ਘਰ ਵਾਪਸ ਚਲੇ ਜਾਓ। ਇਹ ਉਤਰਾਖੰਡ ਦੇ ਸੱਭਿਆਚਾਰ ਦੇ ਵਿਰੁੱਧ ਹੈ।"
ਮੁਸਕਾਨ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਸੀ।
ਮੁਸਕਾਨ ਨੇ ਜਵਾਬ ਦਿੱਤਾ, "ਤੁਸੀਂ ਉਨ੍ਹਾਂ ਦੁਕਾਨਾਂ ਨੂੰ ਬੰਦ ਕਿਉਂ ਨਹੀਂ ਕਰ ਦਿੰਦੇ ਜੋ [ਪੱਛਮੀ ਕੱਪੜੇ] ਵੇਚਦੀਆਂ ਹਨ?"
ਫਿਰ ਮੁਸਕਾਨ ਨੇ ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਤਾਕਤ ਉਨ੍ਹਾਂ ਚੀਜ਼ਾਂ 'ਤੇ ਲਗਾਉਣੀ ਚਾਹੀਦੀ ਹੈ ਜੋ ਔਰਤਾਂ ਦੇ ਕੱਪੜਿਆਂ ਨਾਲੋਂ ਵੀ ਭੈੜੀਆਂ ਹਨ ਜਿਵੇਂ ਕਿ ਸ਼ਰਾਬ ਪੀਣ ਅਤੇ ਸਿਗਰਟਨੋਸ਼ੀ ਵਰਗੀਆਂ ਸਮਾਜਿਕ ਬੁਰਾਈਆਂ 'ਤੇ।
ਉਨ੍ਹਾਂ ਕਿਹਾ, "ਬਾਹਰ ਇੱਕ ਦੁਕਾਨ ਹੈ ਜੋ ਸਿਗਰਟ ਅਤੇ ਸ਼ਰਾਬ ਵੇਚਦੀ ਹੈ। ਤੁਸੀਂ ਉਸਨੂੰ ਬੰਦ ਕਿਉਂ ਨਹੀਂ ਕਰ ਦਿੰਦੇ? ਪਹਿਲਾਂ ਉਹ ਚੀਜ਼ਾਂ ਬੰਦ ਕਰੋ ਅਤੇ ਮੈਂ ਇਹ ਕੱਪੜੇ ਪਾਉਣਾ ਬੰਦ ਕਰ ਦੇਵਾਂਗੀ।"
ਇਸ ਤੋਂ ਬਾਅਦ ਭਟਨਾਗਰ ਨੇ ਕਿਹਾ, "ਮੈਨੂੰ ਨਾ ਦੱਸੋ ਕਿ ਕੀ ਕਰਨਾ ਹੈ"।
ਮੁਸਕਾਨ ਨੇ ਅੱਗਿਓਂ ਕਿਹਾ, "ਜੇਕਰ ਤੁਹਾਨੂੰ ਚੋਣ ਕਰਨ ਦਾ ਅਧਿਕਾਰ ਹੈ, ਤਾਂ ਸਾਨੂੰ ਵੀ ਹੈ। ਸਾਡੀ ਰਾਇ ਤੁਹਾਡੀ ਰਾਇ ਜਿੰਨੀ ਹੀ ਮਾਅਨੇ ਰੱਖਦੀ ਹੈ।"
ਬਹਿਸ ਜਾਰੀ ਰਹੀ ਮੁਸਕਾਨ ਨਾਲ ਕੁਝ ਹੋਰ ਪ੍ਰਤੀਯੋਗੀ ਅਤੇ ਪ੍ਰਬੰਧਕ ਵੀ ਸ਼ਾਮਲ ਹੋ ਗਏ ਅਤੇ ਭਟਨਾਗਰ ਅਤੇ ਉਨ੍ਹਾਂ ਦੇ ਸਮੂਹ, ਜਿਨ੍ਹਾਂ ਨੇ ਸ਼ੋਅ ਨੂੰ ਰੋਕਣ ਦੀ ਧਮਕੀ ਦਿੱਤੀ ਸੀ, ਉਨ੍ਹਾਂ ਨੂੰ ਅੰਤ ਵਿੱਚ ਹੋਟਲ ਮੈਨੇਜਰ ਵੱਲੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਕਿਹੜੇ ਸੁਫ਼ਨੇ ਨੇ ਕੀਤਾ ਮੁਸਕਾਨ ਪ੍ਰੇਰਿਤ

ਮੁਸਕਾਨ ਕਹਿੰਦੇ ਹਨ ਕਿ ਭਟਨਾਗਰ ਪ੍ਰਤੀ ਉਨ੍ਹਾਂ ਦੀ ਪ੍ਰਤੀਕਿਰਿਆ "ਸਵੈ-ਇੱਛਤ" ਸੀ।
ਉਨ੍ਹਾਂ ਕਿਹਾ, "ਮੈਂ ਆਪਣੇ ਸੁਫਨਿਆਂ ਨੂੰ ਆਪਣੇ ਸਾਹਮਣੇ ਚਕਨਾਚੂਰ ਹੁੰਦੇ ਨਹੀਂ ਦੇਖ ਸਕਦੀ ਸੀ। ਉਸ ਸਮੇਂ ਮੇਰੇ ਮਨ ਵਿੱਚ ਇੱਕੋ ਇੱਕ ਸਵਾਲ ਸੀ ਕਿ ਕੀ ਮੁਕਾਬਲਾ ਜਾਰੀ ਰਹੇਗਾ? ਕੀ ਮੈਂ ਰੈਂਪ 'ਤੇ ਚੱਲ ਸਕਾਂਗੀ? ਜਾਂ ਕੀ ਮੇਰੀ ਸਾਰੀ ਮਿਹਨਤ ਬੇਕਾਰ ਜਾਵੇਗੀ?"
ਅਗਲੇ ਦਿਨ, ਪ੍ਰੋਗਰਾਮ ਯੋਜਨਾ ਅਨੁਸਾਰ ਹੋਇਆ ਅਤੇ ਮੁਸਕਾਨ ਨੇ ਤਾਜ ਜਿੱਤ ਲਿਆ।
ਉਨ੍ਹਾਂ ਕਿਹਾ, "ਆਪਣੇ ਨਾਮ ਦਾ ਐਲਾਨ ਸੁਣ ਕੇ ਤਿੰਨ ਸਕਿੰਟਾਂ ਤੱਕ ਤਾਂ ਹੈਰਾਨੀ ਹੀ ਰਹੀ।"
ਉਨ੍ਹਾਂ ਕਿਹਾ, "ਪਰ ਮੈਂ ਖੁਸ਼ ਸੀ ਕਿ ਮੈਂ ਆਪਣੇ ਲਈ ਖੜ੍ਹੀ ਹੋਈ ਅਤੇ ਮੈਂ ਜਿੱਤ ਗਈ। ਇਹ ਦੋਹਰੀ ਜਿੱਤ ਵਾਂਗ ਮਹਿਸੂਸ ਹੋਇਆ। ਇਹ ਇੱਕ ਛੋਟੀ ਜਿਹੀ ਜਗ੍ਹਾ 'ਤੇ ਇੱਕ ਛੋਟਾ ਜਿਹਾ ਮੁਕਾਬਲਾ ਸੀ ਪਰ ਇਸਨੇ ਮੈਨੂੰ ਮਿਸ ਯੂਨੀਵਰਸ ਵਰਗਾ ਮਹਿਸੂਸ ਕਰਵਾਇਆ।"
ਮੁਸਕਾਨ ਦਾ ਕਹਿਣਾ ਹੈ ਕਿ ਗੰਗਾ ਨਦੀ ਦੇ ਕੰਢੇ 'ਤੇ ਹਿਮਾਲਿਆ ਦੀਆਂ ਜੜ੍ਹਾਂ ਵਿੱਚ ਸਥਿਤ ਇੱਕ ਸ਼ਹਿਰ, ਰਿਸ਼ੀਕੇਸ਼ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਕੱਪੜਿਆਂ ਲਈ ਤੰਗ ਕਰਨਾ ਅਣਸੁਣਿਆ ਹੈ।
ਇਹ ਆਪਣੇ ਆਸ਼ਰਮਾਂ, ਧਿਆਨ ਅਤੇ ਯੋਗਾ ਰਿਟਰੀਟ ਲਈ ਜਾਣਿਆ ਜਾਂਦਾ ਹੈ ਅਤੇ ਇਸਨੂੰ ਇੱਕ ਪਵਿੱਤਰ ਹਿੰਦੂ ਸਥਾਨ ਮੰਨਿਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਅਤੇ ਸ਼ਰਧਾਲੂ ਆਉਂਦੇ ਹਨ।
ਇਹ ਸ਼ਹਿਰ ਬੀਟਲਜ਼ ਦੇ ਪ੍ਰਸ਼ੰਸਕਾਂ ਵੱਲੋਂ ਇਸ ਲਈ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਕੈਲੇਫ਼ੋਰਨੀਆਂ ਦੇ ਬੈਂਡ ਫੈਬ ਫੋਰ ਨੇ 1968 ਵਿੱਚ ਉੱਥੇ ਇੱਕ ਆਸ਼ਰਮ ਵਿੱਚ ਕਈ ਹਫ਼ਤੇ ਬਿਤਾਏ ਸਨ।
ਉਹ ਕਹਿੰਦੇ ਹਨ, "ਤੁਸੀਂ ਇੱਥੇ ਹਰ ਸਮੇਂ ਪੱਛਮੀ ਕੱਪੜਿਆਂ ਵਿੱਚ ਸੈਲਾਨੀਆਂ ਨੂੰ ਦੇਖਦੇ ਹੋ ਅਤੇ ਕੋਈ ਵੀ ਕੁਝ ਨਹੀਂ ਕਹਿੰਦਾ।"
ਸੁੰਦਰਤਾ ਮੁਕਾਬਲਿਆਂ ਦਾ ਚਲਣ

ਤਸਵੀਰ ਸਰੋਤ, Getty Images
ਕੌਮਾਂਤਰੀ ਪੱਧਰ 'ਤੇ, ਸੁੰਦਰਤਾ ਮੁਕਾਬਲਿਆਂ ਦੀ ਔਰਤਾਂ ਨੂੰ ਵਸਤੂ ਬਣਾਉਣ ਅਤੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਮਜ਼ਬੂਤ ਕਰਨ ਲਈ ਆਲੋਚਨਾ ਕੀਤੀ ਗਈ ਹੈ।
ਪਰ ਇਹ ਮੁਕਾਬਲੇ ਭਾਰਤ ਵਿੱਚ 1994 ਤੋਂ ਬਹੁਤ ਮਸ਼ਹੂਰ ਹਨ। ਉਸ ਸਾਲ ਜਦੋਂ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਸੀ ਅਤੇ ਐਸ਼ਵਰਿਆ ਰਾਏ ਨੇ ਮਿਸ ਵਰਲਡ ਟਰਾਫ਼ੀ ਘਰ ਲਿਆਂਦੀ ਸੀ।
ਦੋਵੇਂ ਬਾਲੀਵੁੱਡ ਦੀਆਂ ਚੋਟੀ ਦੀਆਂ ਅਦਾਕਾਰਾਵਾਂ ਹਨ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਨੌਜਵਾਨ ਔਰਤਾਂ ਦੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ।
ਪ੍ਰਿਯੰਕਾ ਚੋਪੜਾ, ਡਾਇਨਾ ਹੇਡਨ ਅਤੇ ਲਾਰਾ ਦੱਤਾ ਨੇ ਬਾਅਦ ਦੇ ਸਾਲਾਂ ਵਿੱਚ ਇਸੇ ਤਰ੍ਹਾਂ ਦੀਆਂ ਸਫਲਤਾਵਾਂ ਆਪਣੇ ਨਾਮ ਦਰਜ ਕਰਵਾਈਆਂ
ਇਸ ਸਭ ਨੇ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੂੰ ਸੁਫ਼ਨੇ ਦੇਖਣ ਦਾ ਹੌਸਲਾ ਦਿੱਤਾ।
ਮੁਸਕਾਨ ਕਹਿੰਦੇ ਹਨ ਉਨ੍ਹਾਂ ਦੇ ਮਾਤਾ-ਪਿਤਾ ਨੇ ਹਮੇਸ਼ਾ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਉਨ੍ਹਾਂ ਦੇ ਫੈਸਲੇ ਦਾ ਬਹੁਤ ਸਮਰਥਨ ਕਰਦੇ ਰਹੇ ਹਨ।
ਵਾਇਰਲ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਮੁਸਕਾਨ ਨੇ ਭਟਨਾਗਰ ਨੂੰ ਇਹ ਪੁੱਛਿਆ, "ਜੇ ਮੇਰੇ ਮਾਤਾ-ਪਿਤਾ ਮੈਨੂੰ ਉਨ੍ਹਾਂ ਕੱਪੜਿਆਂ ਨੂੰ ਪਹਿਨਣ ਦੀ ਇਜਾਜ਼ਤ ਦਿੰਦੇ ਹਨ ਤਾਂ ਤੁਸੀਂ ਮੇਰੇ ਕੱਪੜਿਆਂ 'ਤੇ ਟਿੱਪਣੀ ਕਰਨ ਵਾਲੇ ਕੌਣ ਹੋ?"
ਭਾਰਤੀ ਸਮਾਜ ਦੀ ਔਰਤਾਂ ਦੇ ਪਹਿਰਾਵੇ ਪ੍ਰਤੀ ਸੰਵੇਦਨਸ਼ੀਲਤਾ

ਤਸਵੀਰ ਸਰੋਤ, Muskan Sharma
ਪਰ ਭਾਰਤ ਵਿੱਚ ਪੱਛਮੀ ਕੱਪੜਿਆਂ ਪ੍ਰਤੀ ਪ੍ਰਤੀਕਿਰਿਆ ਕੋਈ ਨਵੀਂ ਗੱਲ ਨਹੀਂ ਹੈ ਜਿੱਥੇ ਔਰਤਾਂ ਕੀ ਪਹਿਨਦੀਆਂ ਹਨ, ਇਹ ਨਿਯਮਿਤ ਤੌਰ 'ਤੇ ਬਹਿਸ ਦਾ ਵਿਸ਼ਾ ਬਣ ਜਾਂਦਾ ਹੈ।
ਇੱਕ ਡੂੰਘੇ ਪੁਰਖ-ਪ੍ਰਧਾਨ ਸਮਾਜ ਵਿੱਚ, ਬਹੁਤ ਸਾਰੇ ਲੋਕ ਪੱਛਮੀ ਕੱਪੜਿਆਂ, ਖ਼ਾਸ ਕਰਕੇ ਜੀਨਜ਼ ਨੂੰ ਨੌਜਵਾਨਾਂ ਦੇ ' ਨੈਤਿਕ ਪਤਨ' ਨਾਲ ਜੋੜਦੇ ਹਨ।
ਸਕੂਲ ਅਤੇ ਕਾਲਜ ਵਿਦਿਆਰਥਣਾਂ ਲਈ ਡਰੈੱਸ ਕੋਡ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਕਈ ਵਾਰ ਪਿੰਡ ਦੇ ਬਜ਼ੁਰਗ ਕੁੜੀਆਂ ਨੂੰ ਜੀਨਜ਼ ਪਹਿਨਣ ਤੋਂ ਰੋਕਦੇ ਹਨ।
ਬੀਬੀਸੀ ਨੇ ਕਈ ਅਜਿਹੇ ਮਾਮਲਿਆਂ ਦੀ ਰਿਪੋਰਟ ਕੀਤੀ ਹੈ ਜਿੱਥੇ ਕੁੜੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਕੱਪੜਿਆਂ ਲਈ ਨਿਸ਼ਾਨਾ ਬਣਾਇਆ ਗਿਆ।
ਕੁਝ ਸਾਲ ਪਹਿਲਾਂ, ਅਸੀਂ ਅਸਾਮ ਵਿੱਚ ਇੱਕ 19 ਸਾਲਾ ਵਿਦਿਆਰਥਣ ਦਾ ਮਾਮਲਾ ਰਿਪੋਰਟ ਕੀਤਾ ਸੀ ਜੋ ਸ਼ਾਰਟਸ ਪਾ ਕੇ ਪ੍ਰੀਖਿਆ ਦੇਣ ਆਈ ਸੀ ਅਤੇ ਅਧਿਆਪਕ ਦੇ ਇਤਰਾਜ਼ ਕਰਨ ਤੋਂ ਬਾਅਦ ਉਸਨੂੰ ਆਪਣੀਆਂ ਲੱਤਾਂ ਦੁਆਲੇ ਪਰਦਾ ਲਪੇਟਣ ਲਈ ਮਜਬੂਰ ਕੀਤਾ ਗਿਆ ਸੀ।
ਇੱਕ ਹੋਰ ਗੰਭੀਰ ਮਾਮਲੇ ਵਿੱਚ , ਇੱਕ ਕਿਸ਼ੋਰ ਨੂੰ ਉਸਦੇ ਰਿਸ਼ਤੇਦਾਰਾਂ ਨੇ ਜੀਨਜ਼ ਪਹਿਨਣ ਕਾਰਨ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਨਮਿਤਾ ਭੰਡਾਰੇ ਨੇ ਦਿ ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਆਪਣੇ ਕਾਲਮ ਵਿੱਚ ਲਿਖਿਆ ਹੈ ਕਿ ਮਿਸਟਰ ਰਿਸ਼ੀਕੇਸ਼ ਮੁਕਾਬਲੇ ਵਿੱਚ ਕੋਈ ਇਤਰਾਜ਼ ਨਹੀਂ ਹੈ, 'ਜਿਸ ਵਿੱਚ ਪ੍ਰਤੀਯੋਗੀ ਮੁਸ਼ਕਿਲ ਨਾਲ ਹੀ ਕੋਈ ਕੱਪੜਾ ਪਾਉਂਦੇ ਹਨ'।
ਉਹ ਲਿਖਦੇ ਹਨ ਕਿ ਮੁਸਕਾਨ ਅਤੇ ਹੋਰ ਪ੍ਰਤੀਯੋਗੀਆਂ ਦੇ ਕੱਪੜਿਆਂ 'ਤੇ ਇਤਰਾਜ਼ "ਮਹਿਜ਼ ਇੱਕ ਪੱਖ" ਹੈ।
"ਮਸਲਾ ਕੱਪੜਿਆਂ ਦਾ ਨਹੀਂ। ਮੁੱਦਾ ਆਜ਼ਾਦੀ ਅਤੇ ਇੱਛਾਵਾਂ ਦਾ ਹੈ। ਇਨ੍ਹਾਂ ਨੌਜਵਾਨ ਔਰਤਾਂ ਦੀ ਹਿੰਮਤ ਕਿਵੇਂ ਹੋਈ ਕਿ ਉਹ ਇੱਕ ਅਜਿਹੇ ਮੰਚ 'ਤੇ ਹੋਣ ਜੋ ਉਨ੍ਹਾਂ ਨੂੰ ਇੱਕ ਵੱਡੇ ਗਲੋਬਲ ਪਲੇਟਫਾਰਮ 'ਤੇ ਲੈ ਜਾ ਸਕੇ?"
"ਔਰਤਾਂ ਦੀ ਹਿੰਮਤ ਕਿਵੇਂ ਹੋਈ ਕਿ ਉਹ ਉਨ੍ਹਾਂ ਸਨਮਾਨ ਅਤੇ ਸ਼ਰਮ ਦੀਆਂ ਰੇਖਾਵਾਂ ਨੂੰ ਪਾਰ ਕਰ ਜਾਣ ਜੋ ਇੱਕ ਪੁਰਖ-ਪ੍ਰਧਾਨ ਸਮਾਜ ਨੇ ਉਨ੍ਹਾਂ 'ਤੇ ਥੋਪੀਆਂ ਹਨ?"
ਭੰਡਾਰੇ ਲਿਖਦੇ ਹਨ ਕਿ ਭਾਰਤ ਵਿੱਚ ਜਿੱਥੇ ਮਹਿਲਾ ਸੰਸਦ ਮੈਂਬਰ ਜਾਂ ਜੱਜ ਵੱਡੀ ਗਿਣਤੀ ਵਿੱਚ ਨਹੀਂ ਹਨ, ਉੱਥੇ ਇੱਕ ਛੋਟੇ ਜਿਹੇ ਕਸਬੇ ਦੀਆਂ ਨੌਜਵਾਨ ਔਰਤਾਂ ਵੱਲੋਂ ਕੀਤਾ ਗਿਆ ਅਜਿਹਾ ਵਿਰੋਧ ਕਮਾਲ ਦਾ ਹੈ।
ਮੁਸਕਾਨ ਕਹਿੰਦੇ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਖੜ੍ਹਾ ਹੋਣਾ ਸਿਖਾਇਆ ਹੈ।
"ਤਾਜ ਓਨਾ ਹੀ ਮੇਰੀ ਮਾਂ ਦਾ ਹੈ ਜਿੰਨਾ ਇਹ ਮੇਰਾ ਹੈ। ਉਨ੍ਹਾਂ ਦੇ ਬਿਨ੍ਹਾਂ ਮੈਂ ਅੱਜ ਉਹ ਇਨਸਾਨ ਨਾ ਹੁੰਦੀ ਜੋ ਮੈਂ ਹਾਂ।"
ਮੁਸਕਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਹਾਣੀ ਹੁਣ ਦੂਜੀਆਂ ਔਰਤਾਂ ਨੂੰ ਆਪਣੇ ਲਈ, ਸਹੀ ਲਈ ਖੜ੍ਹੇ ਹੋਣ ਲਈ ਉਤਸ਼ਾਹਿਤ ਕਰੇਗੀ।
ਉਨ੍ਹਾਂ ਕਿਹਾ, "ਮੈਂ ਕਹਿ ਰਹੀ ਹਾਂ ਕਿ ਉਸ ਸਮੇਂ, ਮੈਂ ਡਰੀ ਹੋਈ ਸੀ ਅਤੇ ਘਬਰਾ ਵੀ ਰਹੀ ਸੀ। ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਮੰਨਦੇ ਹੋ ਕਿ ਤੁਸੀਂ ਸਹੀ ਹੋ, ਤਾਂ ਤੁਸੀਂ ਲੜ ਵੀ ਸਕਦੇ ਹੋ।"
"ਮੇਰੇ ਲਈ, ਤਾਜ ਹਮੇਸ਼ਾ ਦੂਜੇ ਦਰਜੇ 'ਤੇ ਸੀ। ਸਭ ਤੋਂ ਅਹਿਮ ਗੱਲ ਇਹ ਸੀ ਕਿ ਔਰਤਾਂ ਨੂੰ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋਣ, ਸਹੀ ਲਈ ਬੋਲਣ ਲਈ ਉਤਸ਼ਾਹਿਤ ਕੀਤਾ ਜਾਵੇ।"
"ਮੈਂ ਉਸਨੂੰ ਪੁੱਛਦੀ ਹਾਂ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੈ।"
"ਮੈਂ ਅਗਲੇ ਸਾਲ ਮਿਸ ਉਤਰਾਖੰਡ ਮੁਕਾਬਲੇ ਵਿੱਚ ਹਿੱਸਾ ਲਵਾਂਗੀ ਅਤੇ ਫਿਰ ਮਿਸ ਇੰਡੀਆ ਵਿੱਚ। ਉਸ ਤੋਂ ਬਾਅਦ, ਮੈਂ ਦੇਖਾਂਗੀ ਕਿ ਜ਼ਿੰਦਗੀ ਮੈਨੂੰ ਕਿੱਥੇ ਲੈ ਜਾਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












