ਤਾਲਿਬਾਨ ਦੇ ਵਿਦੇਸ਼ ਮੰਤਰੀ ਦੀ ਨਵੀਂ ਦਿੱਲੀ ਵਿੱਚ ਹੋਈ ਪ੍ਰੈਸ ਕਾਨਫਰੈਂਸ ਬਾਰੇ ਭਾਰਤੀ ਮਹਿਲਾ ਪੱਤਰਕਾਰਾਂ ਨੇ ਕਿਹਾ, 'ਸਾਨੂੰ ਬਾਹਰ ਰੱਖਿਆ ਗਿਆ'

ਤਸਵੀਰ ਸਰੋਤ, Getty Images
ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਦੀ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ ਪ੍ਰੈਸ ਕਾਨਫਰੰਸ ਬਾਰੇ ਮਹਿਲਾ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਥੇ ਨਹੀਂ ਬੁਲਾਇਆ ਗਿਆ। ਮਹਿਲਾ ਪੱਤਰਕਾਰਾਂ ਨੇ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਮੁਤੱਕੀ ਵੀਰਵਾਰ ਨੂੰ ਭਾਰਤ ਪਹੁੰਚੇ ਹਨ ਅਤੇ ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਉਨ੍ਹਾਂ ਦੀ ਦੁਵੱਲੀ ਮੀਟਿੰਗ ਹੋਈ। ਸਾਲ 2021 ਵਿੱਚ ਤਾਲਿਬਾਨ ਦੁਆਰਾ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਹ ਭਾਰਤ ਵਿੱਚ ਹੋਈ ਪਹਿਲੀ ਉੱਚ-ਪੱਧਰੀ ਮੀਟਿੰਗ ਹੈ।
ਸ਼ੁੱਕਰਵਾਰ ਸ਼ਾਮ ਨੂੰ ਮੁਤੱਕੀ ਦੀ ਪ੍ਰੈਸ ਕਾਨਫਰੈਂਸ ਨਵੀਂ ਦਿੱਲੀ ਸਥਿਤ ਅਫਗਾਨ ਦੂਤਾਵਾਸ ਵਿੱਚ ਕੀਤੀ ਗਈ। ਕਈ ਮਹਿਲਾ ਪੱਤਰਕਾਰਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਪ੍ਰੈਸ ਕਾਨਫਰੈਂਸ ਤੋਂ ਬਾਹਰ ਰੱਖਿਆ ਗਿਆ।
ਅਫਗਾਨ ਵਿਦੇਸ਼ ਮੰਤਰਾਲੇ ਦੇ ਪਬਲਿਕ ਕਮਿਊਨੀਕੇਸ਼ਨ ਡਾਇਰੈਕਟਰ ਹਾਫਿਜ਼ ਜ਼ਿਆ ਅਹਿਮਦ ਦੁਆਰਾ ਐਕਸ 'ਤੇ ਪੋਸਟ ਕੀਤੀ ਗਈ ਪ੍ਰੈਸ ਕਾਨਫਰੈਂਸ ਦੀ ਇੱਕ ਫੋਟੋ ਸਾਫ਼ ਦਰਸਾਉਂਦੀ ਹੈ ਕਿ ਉੱਥੇ ਕੋਈ ਵੀ ਮਹਿਲਾ ਪੱਤਰਕਾਰ ਮੌਜੂਦ ਨਹੀਂ ਸੀ।
ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ 'ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਅਤੇ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀਆਂ ਨੂੰ ਲੈ ਕੇ ਵਿਵਾਦ ਹੋਏ ਹਨ। ਤਾਲਿਬਾਨ ਕੁੜੀਆਂ ਦੀ ਸਿੱਖਿਆ ਨੂੰ ਗੈਰ-ਇਸਲਾਮੀ ਮੰਨਦਾ ਹੈ।

ਤਸਵੀਰ ਸਰੋਤ, @HafizZiaAhmad
ਭਾਰਤ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਮਹਿਲਾ ਪੱਤਰਕਾਰਾਂ ਦੀ ਗੈਰ-ਮੌਜੂਦਗੀ 'ਤੇ ਸਵਾਲ ਉਠਾ ਰਹੇ ਹਨ।
ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਪੀ. ਚਿਦੰਬਰਮ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੈਂ ਜਿਓਪਾਲੀਟਿਕਲ ਮਜ਼ਬੂਰੀਆਂ ਸਮਝ ਸਕਦਾ ਹਾਂ, ਜਿਨ੍ਹਾਂ ਕਾਰਨ ਅਸੀਂ ਤਾਲਿਬਾਨ ਨਾਲ ਗੱਲ ਕਰ ਰਹੇ ਹਾਂ ਪਰ ਉਨ੍ਹਾਂ ਦੇ ਪੱਖਪਾਤੀ ਅਤੇ ਆਦਿ ਕਾਲ ਦੇ ਰੀਤੀ-ਰਿਵਾਜਾਂ ਨੂੰ ਸਵੀਕਾਰ ਕਰਨਾ ਪੂਰੀ ਤਰ੍ਹਾਂ ਹਾਸੋਹੀਣਾ ਹੈ। ਇਹ ਬਹੁਤ ਨਿਰਾਸ਼ਾਜਨਕ ਹੈ ਕਿ ਮਹਿਲਾ ਪੱਤਰਕਾਰਾਂ ਨੂੰ ਤਾਲਿਬਾਨ ਦੀ ਪ੍ਰੈਸ ਕਾਨਫਰੈਂਸ ਤੋਂ ਬਾਹਰ ਰੱਖਿਆ ਗਿਆ।"
ਕਾਰਤੀ ਚਿਦੰਬਰਮ ਨੇ ਇਸ ਪੋਸਟ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਵੀ ਟੈਗ ਕੀਤਾ ਹੈ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਸਾਡੀ ਸਰਕਾਰ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਮੁਤੱਕੀ ਦੀ ਪ੍ਰੈਸ ਕਾਨਫਰੈਂਸ ਤੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਣ ਦੀ ਇਜਾਜ਼ਤ ਦੇਣ ਦੀ ਹਿੰਮਤ ਕਿਵੇਂ ਕਰ ਸਕਦੀ ਹੈ? ਭਾਰਤ ਦੀ ਜ਼ਮੀਨ 'ਤੇ ਪੂਰੇ ਪ੍ਰੋਟੋਕੋਲ ਦੇ ਨਾਲ ਅਜਿਹਾ ਕਰਨ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ। ਜੈਸ਼ੰਕਰ ਇਸ ਨਾਲ ਸਹਿਮਤ ਕਿਵੇਂ ਹੋ ਸਕਦੇ ਹਨ? ਸਾਡੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਪੁਰਸ਼ ਪੱਤਰਕਾਰ ਇਸ ਪ੍ਰੈਸ ਕਾਨਫਰੈਂਸ ਵਿੱਚ ਸ਼ਾਮਲ ਕਿਵੇਂ ਰਹੇ?''
ਮਹਿਲਾ ਪੱਤਰਕਾਰਾਂ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਕਈ ਮਹਿਲਾ ਪੱਤਰਕਾਰਾਂ ਨੇ ਇਸਨੂੰ "ਅਸਵੀਕਾਰਯੋਗ" ਕਿਹਾ ਅਤੇ ਕਿਹਾ ਕਿ ਪ੍ਰੈਸ ਕਾਨਫਰੈਂਸ ਵਿੱਚ ਲਿੰਗ ਭੇਦਭਾਵ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।
ਕੁਝ ਨੇ ਸਵਾਲ ਕੀਤਾ ਕਿ ਜੇਕਰ ਤਾਲਿਬਾਨ ਭਾਰਤ ਆਉਣ ਤੋਂ ਬਾਅਦ ਵੀ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਤਾਂ ਇਹ ਅਫਗਾਨਿਸਤਾਨ ਵਿੱਚ ਮਹਿਲਾਵਾਂ ਦੀ ਸਥਿਤੀ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਹੋਰ ਸਪਸ਼ਟ ਕਰਦਾ ਹੈ।
ਵਿਦੇਸ਼ੀ ਮਾਮਲਿਆਂ ਨੂੰ ਕਵਰ ਕਰਨ ਵਾਲੇ ਮਹਿਲਾ ਪੱਤਰਕਾਰ ਸਮਿਤਾ ਸ਼ਰਮਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਪੋਸਟ ਕੀਤਾ ਕਿ ਮੁਤੱਕੀ ਦੀ ਪ੍ਰੈਸ ਕਾਨਫਰੰਸ ਵਿੱਚ ਕਿਸੇ ਵੀ ਮਹਿਲਾ ਪੱਤਰਕਾਰ ਨੂੰ ਨਹੀਂ ਬੁਲਾਇਆ ਗਿਆ ਸੀ।
ਉਨ੍ਹਾਂ ਕਿਹਾ, "ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਮੁਤੱਕੀ ਵਿਚਕਾਰ ਗੱਲਬਾਤ ਤੋਂ ਬਾਅਦ ਸ਼ੁਰੂਆਤੀ ਬਿਆਨ ਵਿੱਚ ਅਫਗਾਨਿਸਤਾਨ ਵਿੱਚ ਕੁੜੀਆਂ ਅਤੇ ਮਹਿਲਾਵਾਂ ਦੀ ਭਿਆਨਕ ਦੁਰਦਸ਼ਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।"
"ਸਾਡੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ, ਮੁਤੱਕੀ ਦਾ ਲਾਲ ਕਾਰਪੇਟ ਵਿਛਾ ਕੇ ਇੱਕ ਅਜਿਹੇ ਦੇਸ਼ ਵਿੱਚ ਸਵਾਗਤ ਕੀਤਾ ਗਿਆ ਜੋ ਮਹਿਲਾਵਾਂ ਦੀਆਂ ਪ੍ਰਾਪਤੀਆਂ ਅਤੇ ਲੀਡਰਸ਼ਿਪ 'ਤੇ ਮਾਣ ਕਰਦਾ ਹੈ। ਇਹ ਅੱਜ ਦੀ ਵਿਸ਼ਵਵਿਆਪੀ ਰਾਜਨੀਤੀ ਹੈ।"
ਸਮਿਤਾ ਸ਼ਰਮਾ ਦੀ ਪੋਸਟ ਨੂੰ ਰੀਪੋਸਟ ਕਰਦੇ ਹੋਏ ਪੱਤਰਕਾਰ ਨਿਰੂਪਮਾ ਸੁਬਰਮਣਿਅਮ ਨੇ ਸਵਾਲ ਕੀਤਾ, "ਕੀ ਪੁਰਸ਼ ਪੱਤਰਕਾਰਾਂ ਨੇ ਮਹਿਲਾ ਸਾਥੀਆਂ ਨੂੰ ਬਾਹਰ ਰੱਖਣ 'ਤੇ ਆਪਣਾ ਵਿਰੋਧ ਦਰਜ ਨਹੀਂ ਕਰਵਾਇਆ?"
'ਪ੍ਰੈਸ ਕਾਨਫਰੰਸ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕੀਤੀ'
ਐਨਡੀਟੀਵੀ ਦੇ ਸੀਨੀਅਰ ਐਗਜ਼ੀਕਿਊਟਿਵ ਐਡੀਟਰ ਆਦਿਤਿਆ ਰਾਜ ਕੌਲ ਨੇ ਲਿਖਿਆ, "ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਨਵੀਂ ਦਿੱਲੀ ਵਿੱਚ ਅਫਗਾਨ ਦੂਤਾਵਾਸ ਵਿੱਚ ਇੱਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰ ਰਹੇ ਸਨ। ਬਦਕਿਸਮਤੀ ਨਾਲ, ਇਸ ਪ੍ਰੈਸ ਕਾਨਫਰੈਂਸ ਵਿੱਚ ਇੱਕ ਵੀ ਮਹਿਲਾ ਪੱਤਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਦੂਤਾਵਾਸ ਦੇ ਗੇਟ 'ਤੇ ਸੁਰੱਖਿਆ ਮੁਲਾਜ਼ਮਾਂ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ।"
ਸੁਤੰਤਰ ਪੱਤਰਕਾਰ ਅਰਪਣ ਰਾਏ ਨੇ ਕੌਲ ਦੇ ਸਮਰਥਨ ਵਿੱਚ ਲਿਖਿਆ, "ਆਦਿਤਿਆ ਰਾਜ ਕੌਲ ਉਨ੍ਹਾਂ ਦੋ ਪੱਤਰਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਪ੍ਰੈਸ ਕਾਨਫਰੈਂਸ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉੱਥੇ ਹੀ ਖੜ੍ਹੇ ਹੋ ਕੇ ਪੁੱਛਿਆ ਕਿ ਮਹਿਲਾਵਾਂ ਨੂੰ ਇਜਾਜ਼ਤ ਕਿਵੇਂ ਨਹੀਂ ਦਿੱਤੀ ਜਾ ਸਕਦੀ ! ਇਹ ਉਦੋਂ ਹੋਇਆ ਜਦੋਂ ਸਾਰੀਆਂ ਮਹਿਲਾ ਪੱਤਰਕਾਰਾਂ ਨੇ ਡਰੈੱਸ ਕੋਡ ਦਾ ਸਤਿਕਾਰ ਕੀਤਾ, ਆਪਣੇ ਆਪ ਨੂੰ ਪੂਰੀ ਤਰ੍ਹਾਂ ਢਕਿਆ ਹੋਇਆ ਸੀ! ਪਰ ਤਾਲਿਬਾਨ ਲਈ ਕੁਝ ਵੀ ਕੰਮ ਨਹੀਂ ਆਇਆ!''

ਦਿ ਹਿੰਦੂ ਅਖਬਾਰ ਦੇ ਡਿਪਲੋਮੈਟਿਕ ਅਫੇਅਰਜ਼ ਐਡੀਟਰ, ਸੁਹਾਸਿਨੀ ਹੈਦਰ ਨੇ ਸਮਿਤਾ ਸ਼ਰਮਾ ਦੀ ਪੋਸਟ ਨੂੰ ਰੀਪੋਸਟ ਕਰਦੇ ਹੋਏ ਲਿਖਿਆ, "ਸਰਕਾਰ ਪੂਰੇ ਅਧਿਕਾਰਿਤ ਪ੍ਰੋਟੋਕੋਲ ਦੇ ਨਾਲ ਤਾਲਿਬਾਨ ਵਫ਼ਦ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਤੋਂ ਵੀ ਹਾਸੋਹੀਣੀ ਗੱਲ ਇਹ ਹੈ ਕਿ ਤਾਲਿਬਾਨ ਦੇ ਵਿਦੇਸ਼ ਮੰਤਰੀ ਨੂੰ ਮਹਿਲਾਵਾਂ ਬਾਰੇ ਆਪਣੇ ਘਿਣਾਉਣੇ ਅਤੇ ਗੈਰ-ਕਾਨੂੰਨੀ ਵਿਤਕਰੇ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਹੈ।"
ਪੱਤਰਕਾਰ ਗੀਤਾ ਮੋਹਨ ਨੇ ਲਿਖਿਆ, "ਅਫਗਾਨ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਦੀ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਇਹ ਅਸਵੀਕਾਰਨਯੋਗ ਹੈ।"
ਦਿ ਹਿੰਦੂ ਗਰੁੱਪ ਦੇ ਡਾਇਰੈਕਟਰ ਮਾਲਿਨੀ ਪਾਰਥਾਸਾਰਥੀ ਨੇ ਕਿਹਾ, "ਮੈਂ ਸਹਿਮਤ ਹਾਂ। ਬਤੌਰ ਸਮਾਚਾਰ ਸੰਸਥਾਨ, ਸਾਨੂੰ ਉਨ੍ਹਾਂ ਪ੍ਰੈਸ ਕਾਨਫਰੈਂਸਾਂ ਨੂੰ ਕਵਰ ਨਹੀਂ ਕਰਨਾ ਚਾਹੀਦਾ, ਜਿੱਥੇ ਮਹਿਲਾ ਪੱਤਰਕਾਰਾਂ ਨੂੰ ਦਾਖ਼ਲ ਹੋਣ ਤੋਂ ਰੋਕਿਆ ਜਾਂਦਾ ਹੈ। ਮੀਡੀਆ ਨੂੰ ਦਿੱਲੀ ਵਿੱਚ ਤਾਲਿਬਾਨ ਦੇ ਵਿਦੇਸ਼ ਮੰਤਰੀ ਦੀਆਂ ਮੀਟਿੰਗਾਂ ਦੀਆਂ ਰਿਪੋਰਟਾਂ ਵੀ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕਰਨੀਆਂ ਚਾਹੀਦੀਆਂ।"

ਦੀ ਹਿੰਦੂ ਦੇ ਡਿਪਟੀ ਐਡੀਟਰ ਵਿਜੇਤਾ ਸਿੰਘ ਨੇ ਲਿਖਿਆ, "ਮੇਰੀ ਰਾਏ ਵਿੱਚ ਪੁਰਸ਼ ਪੱਤਰਕਾਰਾਂ ਨੂੰ ਵਿਰੋਧ ਵਜੋਂ ਉਸ ਪ੍ਰੈਸ ਕਾਨਫਰੈਂਸ ਵਿੱਚੋਂ ਚਲੇ ਜਾਣਾ ਚਾਹੀਦਾ ਸੀ।"
ਕਾਲਮਨਵੀਸ ਅਤੇ ਲੇਖਕ ਸਵਾਤੀ ਚਤੁਰਵੇਦੀ ਨੇ ਲਿਖਿਆ, "ਪਹਿਲਾਂ ਤਾਂ ਤੁਸੀਂ ਵਹਿਸ਼ੀ ਤਾਲਿਬਾਨ ਨੂੰ ਸਾਡੇ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਕੇ ਭਾਰਤੀ ਧਰਤੀ ਨੂੰ ਅਪਵਿੱਤਰ ਕਰਦੇ ਹੋ ਅਤੇ ਫਿਰ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਮਹਿਲਾਵਾਂ ਵਿਰੁੱਧ ਆਪਣੇ ਲਿੰਗ-ਭੇਦਭਾਵ ਵਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੰਦੇ ਹੋ, ਜੋ ਕਿ ਭਾਰਤ 'ਚ ਪੱਥਰ ਯੁੱਗ ਦੇ ਹਨ। ਅਵਿਸ਼ਵਾਸ਼ਯੋਗ! ਤੁਹਾਨੂੰ ਮਹਿਲਾ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੈਂਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਬਜਾਏ ਉਨ੍ਹਾਂ ਨੂੰ ਲਿੰਗ ਸਮਾਨਤਾ ਦਾ ਪਾਠ ਪੜ੍ਹਾਉਣਾ ਚਾਹੀਦਾ ਸੀ। ਕੀ ਤੁਹਾਡੇ ਅੰਦਰ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ ਲਈ ਖੜ੍ਹੇ ਹੋਣ ਦੀ ਹਿੰਮਤ ਨਹੀਂ ਹੈ?"
ਇਤਿਹਾਸਕਾਰ ਰੁਚਿਕਾ ਸ਼ਰਮਾ ਨੇ ਲਿਖਿਆ, "ਇਹ ਭਾਰਤ ਹੈ, ਅਫਗਾਨਿਸਤਾਨ ਨਹੀਂ! ਉਨ੍ਹਾਂ ਦੀ ਹਿੰਮਤ ਕਿਵੇਂ ਹੋਈ ਕਿ ਉਨ੍ਹਾਂ ਨੇ ਮਹਿਲਾ ਪੱਤਰਕਾਰਾਂ ਨੂੰ ਭਾਰਤੀ ਧਰਤੀ 'ਤੇ ਤਾਲਿਬਾਨ ਦੀ ਪ੍ਰੈਸ ਕਾਨਫਰੈਂਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ? ਭਾਰਤ ਸਰਕਾਰ ਨੂੰ ਕੀ ਹੋ ਗਿਆ ਹੈ?''
ਤਾਲਿਬਾਨ 'ਤੇ ਲੱਗਦੇ ਰਹੇ ਹਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ

ਤਸਵੀਰ ਸਰੋਤ, ANI
ਤਾਲਿਬਾਨ ਨੇ ਅਗਸਤ 2021 ਵਿੱਚ ਅਫਗਾਨਿਸਤਾਨ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਸੀ। ਉਦੋਂ ਤੋਂ ਦੇਸ਼ 'ਚ ਤਾਲਿਬਾਨ ਦੀ ਸਰਕਾਰ ਹੈ। ਇਸ ਦੌਰਾਨ ਮਹਿਲਾਵਾਂ 'ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ।
ਇਸ ਤੋਂ ਪਹਿਲਾਂ, ਅਫਗਾਨ ਮਹਿਲਾਵਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ 12 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਲੱਗਣ ਤੋਂ ਬਾਅਦ, ਇੰਟਰਨੈੱਟ ਉਨ੍ਹਾਂ ਲਈ ਬਾਹਰੀ ਦੁਨੀਆਂ ਨਾਲ ਜੁੜਨ ਦਾ ਇੱਕੋ-ਇੱਕ ਸਾਧਨ ਬਣ ਗਿਆ ਹੈ।
ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ। ਪਿਛਲੇ ਸਾਲ ਮਹਿਲਾ ਲੇਖਕਾਂ ਦੀਆਂ ਕਿਤਾਬਾਂ ਯੂਨੀਵਰਸਿਟੀਆਂ ਤੋਂ ਹਟਾ ਦਿੱਤੀਆਂ ਗਈਆਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












