ਅਫ਼ਗਾਨਿਸਤਾਨ 'ਚ ਕੁੜੀਆਂ ਦਾ 'ਗੁਪਤ ਸਕੂਲ': "ਅੱਲ੍ਹਾ ਕਰਕੇ ਸਕੂਲ ਜਾਣਾ ਛੱਡ ਦੇਵੋ, ਤੁਹਾਨੂੰ ਤਾਲਿਬਾਨੀ ਮਾਰ ਦੇਣਗੇ"

ਤਸਵੀਰ ਸਰੋਤ, GETTY IMAGES / SANDRA CALLIGARO
- ਲੇਖਕ, ਸਨਾ ਸਫ਼ੀ
- ਰੋਲ, ਬੀਬੀਸੀ ਪੱਤਰਕਾਰ, ਅਫ਼ਗ਼ਾਨ ਸੇਵਾ
ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਕੁੜੀਆਂ ਤਾਲਿਬਾਨ ਸਰਕਾਰ ਦੀ ਪਾਬੰਦੀ ਦੀ ਪਰਵਾਹ ਕੀਤੇ ਬਗੈਰ ਗੁਪਤ ਰੂਪ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਰਹੀਆਂ ਹਨ।
ਇਹ ਕੁੜੀਆਂ ਅਜਿਹੇ ਗੁਪਤ ਸਕੂਲਾਂ ਵਿੱਚ ਪੜ੍ਹ ਰਹੀਆਂ ਹਨ, ਜੋ ਔਰਤਾਂ ਨੇ ਹੀ ਬਣਾਏ ਹਨ। ਇਹ ਬਹਾਦਰ ਔਰਤਾਂ ਇਨ੍ਹਾਂ ਵਿੱਚ ਪੜ੍ਹਾਉਂਦੀਆਂ ਹਨ ਅਤੇ ਇਨ੍ਹਾਂ ਬਹਾਦਰ ਕੁੜੀਆਂ ਲਈ ਆਨਲਾਈਨ ਅਤੇ ਆਫਲਾਈਨ ਕਲਾਸਾਂ ਲਾਉਂਦੀਆਂ ਹਨ।
ਮੈਂ ਅਜਿਹੇ ਕਈ ਗੁਪਤ ਸਕੂਲਾਂ ਅਤੇ ਉਨ੍ਹਾਂ ਵਿੱਚ ਪੜ੍ਹਦੀਆਂ ਕੁੜੀਆਂ ਦੇ ਦਿਲ-ਦਿਮਾਗ਼ ਵਿੱਚ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ, ਜੋ ਹਰ ਤਰ੍ਹਾਂ ਦਾ ਖ਼ਤਰਾ ਮੁੱਲ ਲੈ ਕੇ ਵੀ ਆਪਣੇ ਸਿੱਖਿਆ ਦੇ ਅਧਿਕਾਰ 'ਤੇ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੀਆਂ ਹਨ।
ਕੁੜੀਆਂ ਦੀ 'ਗੁਪਤ ਦੁਨੀਆਂ'

ਤਸਵੀਰ ਸਰੋਤ, GETTY IMAGES/SANDRA CALLIGARO
ਮੈਂ ਲੰਡਨ ਵਿੱਚ ਆਪਣੇ ਫਲੈਟ ਵਿੱਚ ਬੈਠੀ ਆਪਣੇ ਲੈਪਟਾਪ 'ਤੇ ਨਜ਼ਰਾਂ ਗੱਡੀ ਬੈਠੀ ਸੀ। ਮੇਰੇ ਜ਼ਹਿਨ 'ਚ ਅਫ਼ਗਾਨਿਸਤਾਨ ਦੀ ਉਸ ਕੁੜੀ ਦੇ ਸ਼ਬਦ ਗੂੰਜ ਰਹੇ ਸਨ, ਜਿਸ ਨੇ ਕਿਹਾ ਸੀ - "ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੀ ਸਿੱਖਿਆ ਦੀ ਚੋਰੀ ਕਰ ਰਹੀ ਹਾਂ। ਮੈਂ ਆਪਣੀ ਹੀ ਜ਼ਿੰਦਗੀ ਚੋਰੀ ਕਰ ਰਹੀ ਹਾਂ।"
ਅਫ਼ਗਾਨਿਸਤਾਨ ਤੋਂ ਬਹੁਤ ਦੂਰ ਬੈਠੀ ਮੈਂ ਇੰਟਰਨੈਟ ਰਾਹੀਂ ਨਕਾਬ ਦੇ ਪਿੱਛੇ ਲੁਕੀ ਇੱਕ ਗੁਪਤ ਦੁਨੀਆਂ ਨਾਲ ਜੁੜੀ ਹੋਈ ਸੀ।
ਦੂਜੇ ਪਾਸੇ ਲੈਪਟਾਪ ਫੜ੍ਹੀ ਕੁੜੀ ਨੂੰ ਮੈਂ ਕਿਹਾ, "ਕੀ ਤੁਸੀਂ ਥੋੜਾ ਪਿੱਛੇ ਹਟ ਸਕਦੇ ਹੋ ਤਾਂ ਜੋ ਮੈਂ ਪੂਰੀ ਕਲਾਸ ਦੇਖ ਸਕਾਂ?"
ਉਸ ਨੇ ਮੇਰੇ ਦੇਖਣ ਲਈ ਲੈਪਟਾਪ ਕੈਮਰਾ ਨੂੰ ਪੂਰੇ ਕਮਰੇ 'ਚ ਘੁੰਮਾ ਦਿੱਤਾ। ਉਹ ਕਲਾਸ 30 ਕੁੜੀਆਂ ਨਾਲ ਭਰੀ ਹੋਈ ਸੀ।
ਕੁੜੀਆਂ ਕਤਾਰ ਵਿੱਚ ਬੈਠੀਆਂ ਸਨ। ਚਿੱਟੇ ਜਾਂ ਹੋਰ ਰੰਗਾਂ ਦੇ ਸਿਰ ਦੇ ਸਕਾਰਫ਼ ਨੂੰ ਛੱਡ ਕੇ ਉਨ੍ਹਾਂ ਨੇ ਬਾਕੀ ਸਾਰੇ ਕੱਪੜੇ ਕਾਲੇ ਪਹਿਨੇ ਹੋਏ ਸਨ।
ਉਨ੍ਹਾਂ ਦੀ ਅਧਿਆਪਕਾ ਵੀ ਕਾਲੇ ਕੱਪੜਿਆਂ ਵਿੱਚ ਸੀ, ਉਹ ਚਿੱਟੇ ਬੋਰਡ ਕੋਲ ਖੜ੍ਹੀ ਸੀ। ਇਸ 'ਤੇ ਬਣੀ ਤਸਵੀਰ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਸ਼ਾਇਦ ਇਹ ਜੀਵ ਵਿਗਿਆਨ ਦੀ ਕਲਾਸ ਹੈ।

ਤਸਵੀਰ ਸਰੋਤ, GETTY IMAGES / SANDRA CALLIGARO
ਕਲਾਸ ਦੀ ਗੱਲਬਾਤ ਵਿਚਕਾਰ, ਇੱਕ ਛੁਪਿਆ ਹੋਇਆ ਸੱਚ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ।
ਮੈਂ ਸਿਰਫ ਅਫਗਾਨਿਸਤਾਨ ਵਿੱਚ ਕਿਸੇ ਅਣਜਾਣ ਥਾਂ 'ਤੇ ਚੱਲ ਰਹੀ ਇਸ ਗੁਪਤ ਕਲਾਸ ਦਾ ਗਵਾਹ ਨਹੀਂ ਹਾਂ, ਸਗੋਂ ਮੈਂ ਤਾਲਿਬਾਨ ਦੇ ਹੁਕਮਰਾਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਦੀ ਵੀ ਗਵਾਹ ਬਣ ਰਹੀ ਹਾਂ।
ਜਦੋਂ ਤੋਂ ਅਮਰੀਕਾ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਅਫਗਾਨਿਸਤਾਨ ਤੋਂ ਗਈਆਂ ਹਨ, ਇੱਥੇ ਤਾਲਿਬਾਨ ਦਾ ਰਾਜ ਹੈ। ਤਾਲਿਬਾਨ ਸਰਕਾਰ ਨੇ ਪਿਛਲੇ ਡੇਢ ਸਾਲ ਤੋਂ ਦੇਸ਼ ਵਿੱਚ ਕੁੜੀਆਂ ਦੀ ਸੈਕੰਡਰੀ ਅਤੇ ਯੂਨੀਵਰਸਿਟੀ ਸਿੱਖਿਆ 'ਤੇ ਪਾਬੰਦੀ ਲਗਾਈ ਹੋਈ ਹੈ।

ਤਸਵੀਰ ਸਰੋਤ, Getty Images
'ਅੱਲ੍ਹਾ ਲਈ ਤੁਸੀਂ ਸਕੂਲ ਛੱਡ ਦਿਓ'
ਅਫ਼ਗਾਨਿਸਤਾਨ ਦੇ ਗੁਪਤ ਸਕੂਲਾਂ ਦੇ ਗੁਪਤ ਸੰਸਾਰ ਵਿੱਚ ਮੇਰੀ ਯਾਤਰਾ ਦਿਲ ਦਹਿਲਾਉਣ ਵਾਲੀ ਕਿਸੇ ਰੋਲਰਕੋਸਟਰ ਰਾਈਡ ਤੋਂ ਘੱਟ ਨਹੀਂ ਸੀ।
ਡਿਜੀਟਲ ਖਿੜਕੀ ਰਾਹੀਂ ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਜੀਵਨ ਵਿੱਚ ਝਾਤ ਮਾਰਦਿਆਂ ਮੈਨੂੰ ਖੁਦ ਦੇ ਕੰਧਾਰ ਵਿੱਚ ਬਿਤਾਏ ਆਪਣੇ ਦਿਨ ਯਾਦ ਆ ਗਏ।
ਮੇਰਾ ਜਨਮ ਅਫ਼ਗਾਨਿਸਤਾਨ ਵਿੱਚ ਹੋਇਆ ਸੀ ਅਤੇ ਮੈਨੂੰ ਵੀ ਗੁਪਤ ਸਕੂਲ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਸੀ। ਅਧਿਆਪਕਾ ਨਾਲ ਗੱਲ ਕਰਦੇ ਹੋਏ ਮੈਂ ਆਪਣੀਆਂ ਔਖੀਆਂ ਅਤੇ ਕੌੜੀਆਂ ਯਾਦਾਂ 'ਚੋਂ ਨਿਕਲਣ 'ਚ ਕਾਮਯਾਬ ਹੋ ਸਕੀ।
ਆਖਰਕਾਰ ਮੈਂ ਉਨ੍ਹਾਂ ਨੂੰ ਇਹ ਪੁੱਛਣ ਦੀ ਹਿੰਮਤ ਕੀਤੀ ਕਿ "ਉਹ ਇਸ ਸਕੂਲ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹਨ?''
ਉਨ੍ਹਾਂ ਮੈਨੂੰ ਦੱਸਿਆ, "ਮੈਨੂੰ ਇੱਥੇ ਅਧਿਆਪਕਾ ਵਜੋਂ ਛੇ ਮਹੀਨੇ ਹੋ ਗਏ ਹਨ।"
ਹਾਲਾਂਕਿ, ਉਨ੍ਹਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਅਜਿਹਾ ਇੱਕ ਵੀ ਦਿਨ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਡਰ ਨਾ ਲੱਗਿਆ ਹੋਵੇ।

ਤਸਵੀਰ ਸਰੋਤ, Getty Images
ਅਧਿਆਪਕਾ ਨੇ ਦੱਸਿਆ, "ਮੇਰਾ ਭਰਾ ਅਕਸਰ ਕਹਿੰਦਾ ਹੈ ਕਿ 'ਅੱਲ੍ਹਾ ਲਈ ਤੂੰ ਸਕੂਲ ਛੱਡ ਦੇ'। ਇਸ ਸਕੂਲ ਬਾਰੇ ਕੋਈ ਨਹੀਂ ਜਾਣਦਾ ਪਰ ਮੇਰੇ ਭਰਾ ਨੂੰ ਡਰ ਹੈ ਕਿ ਇੱਕ ਦਿਨ ਤਾਲਿਬਾਨ ਆ ਜਾਣਗੇ। ਪਰ ਮੇਰੇ ਮਾਪਿਆਂ ਨੇ ਮੈਨੂੰ ਆਪਣੀ ਭੈਣਾਂ ਨੂੰ ਪੜ੍ਹਾਉਣ ਲਈ ਅਜਿਹਾ ਕਰਦੇ ਰਹਿਣ ਲਈ ਮਨਾ ਲਿਆ।"
"ਮੈਂ ਉਨ੍ਹਾਂ ਦੇ ਦਰਦ ਨੂੰ ਸਮਝਦੀ ਹਾਂ। ਮੇਰੀ ਯੂਨੀਵਰਸਿਟੀ ਦੀ ਪੜ੍ਹਾਈ ਬੰਦ ਹੋ ਗਈ ਹੈ। ਇਸ ਲਈ ਮੈਂ ਇੱਥੇ ਕੁੜੀਆਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਚਾਹੁੰਦੀ ਹਾਂ।"
ਜਮਾਤਾਂ ਵਿੱਚ ਲੱਕੜ ਦੇ ਫਰੇਮਾਂ ਵਾਲੀਆਂ ਰਵਾਇਤੀ ਖਿੜਕੀਆਂ ਹਨ ਅਤੇ ਕੰਧਾਂ 'ਤੇ ਤਸਵੀਰਾਂ ਹਨ ਜੋ ਧੜਕਦੀ ਜ਼ਿੰਦਗੀ ਦੀ ਗਵਾਹੀ ਦਿੰਦੀਆਂ ਹਨ।
ਇਹ 1990 ਦੇ ਦਹਾਕੇ ਦੇ ਅੱਧ ਦੀਆਂ ਮੇਰੀਆਂ ਯਾਦਾਂ ਤੋਂ ਕੁਝ ਵੱਖਰਾ ਹੈ।
ਤਾਲਿਬਾਨ ਇੱਕ ਘਰੇਲੂ ਯੁੱਧ ਦੀ ਬੇਰਹਿਮ ਮਾਰ-ਕਾਟ ਤੋਂ ਉੱਭਰ ਕੇ ਸੱਤਾ ਤੱਕ ਪਹੁੰਚਿਆ ਅਤੇ ਉਸ ਨੇ ਰਾਤੋ-ਰਾਤ ਔਰਤਾਂ ਅਤੇ ਕੁੜੀਆਂ ਤੋਂ ਸਿੱਖਿਆ ਦਾ ਅਧਿਕਾਰ ਖੋਹ ਲਿਆ ਹੈ।

ਸਕੂਲ ਦੇ ਦਰਵਾਜ਼ੇ ਬੰਦ

ਤਸਵੀਰ ਸਰੋਤ, Getty Images
ਮੈਨੂੰ ਆਪਣੀ ਜ਼ਿੰਦਗੀ ਦੇ ਅੰਤ ਤੱਕ ਉਹ ਦਿਨ ਯਾਦ ਰਹੇਗਾ ਜਦੋਂ ਮੈਂ ਤਾਲਿਬਾਨ ਦੇ ਸ਼ਾਸਨ ਵਿੱਚ ਪਹਿਲੇ ਦਿਨ ਸਕੂਲ ਜਾਣ ਦੀ ਕੋਸ਼ਿਸ਼ ਕੀਤੀ ਸੀ।
ਉਸ ਸਮੇਂ ਮੇਰੀ ਉਮਰ ਸਿਰਫ਼ ਸੱਤ ਸਾਲ ਸੀ। ਮੈਨੂੰ ਦਰਵਾਜ਼ੇ 'ਤੇ ਇੱਕ ਮਹਿਲਾ ਮਿਲੀ ਜਿਸ ਨੇ ਮੈਨੂੰ ਕਿਹਾ ਕਿ ਸਕੂਲ 'ਚ ਔਰਤਾਂ ਅਤੇ ਕੁੜੀਆਂ ਦੇ ਆਉਣ ਦੀ ਮਨਾਹੀ ਹੈ।
ਉਸ ਸਮੇਂ ਮੈਂ ਕਾਲੀ ਵਰਦੀ ਪਹਿਨੀ ਹੋਈ ਸੀ, ਜਿਸ 'ਤੇ ਇੱਕ ਪੀਲੀ ਕਢਾਈ ਵਾਲੀ ਬੈਲਟ ਸੀ, ਜੋ ਮੇਰੀ ਮਾਂ ਨੇ ਬਣਾਈ ਸੀ। ਇਸ ਦੀ ਵੀ ਉੱਥੇ ਇਜਾਜ਼ਤ ਨਹੀਂ ਸੀ।
ਮੈਨੂੰ ਯਾਦ ਹੈ ਕਿ ਮੈਂ ਕਿੰਨੀ ਨਿਰਾਸ਼ ਹੋਈ ਸੀ ਜਦੋਂ ਉਸ ਔਰਤ ਨੇ ਕਿਹਾ ਸੀ ਕਿ ਉਸ ਵਰਦੀ ਕਾਰਨ ਵੀ ਮੈਂ ਸਕੂਲ ਵਿੱਚ ਦਾਖਲ ਨਹੀਂ ਹੋ ਸਕਦੀ। ਹਾਲਾਂਕਿ ਮੈਂ ਉਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।
ਪਰ ਮੇਰੇ ਮਾਤਾ-ਪਿਤਾ ਇਸ ਤੋਂ ਡਰੇ ਨਹੀਂ ਅਤੇ ਇੱਕ ਗੁਪਤ ਸਕੂਲ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਮੁਲਾਕਾਤ ਇੱਕ ਜੋੜੇ ਨਾਲ ਹੋਈ, ਜਿਨ੍ਹਾਂ ਨੇ ਆਪਣੇ ਘਰ ਨੂੰ ਇੱਕ ਕਲਾਸਰੂਮ ਵਿੱਚ ਬਦਲ ਦਿੱਤਾ ਸੀ।
ਹਰ ਰੋਜ਼ ਸਵੇਰੇ ਮਾਂ ਮੈਨੂੰ ਆਪਣੇ ਨਾਲ ਸਬਜ਼ੀ ਮੰਡੀ ਲੈ ਜਾਂਦੀ ਸੀ ਅਤੇ ਵਾਪਸ ਆਉਂਦੇ ਸਮੇਂ ਮੈਂ ਗੁਪਤ ਸਕੂਲ ਦੇ ਲਈ ਗਾਇਬ ਹੋ ਜਾਂਦੀ ਸੀ। ਉੱਥੇ ਜੋ ਵੀ ਕਿਤਾਬਾਂ ਸਨ, ਅਸੀਂ ਉਨ੍ਹਾਂ ਤੋਂ ਹੀ ਪੜ੍ਹਨਾ-ਲਿਖਣਾ ਸਿੱਖਿਆ।
ਪਰ ਉਸ ਜੋੜੇ ਦੀ ਇਹ ਕੋਸ਼ਿਸ਼ ਵੀ ਜਲਦੀ ਹੀ ਖਤਮ ਹੋ ਗਈ। ਜਿਵੇਂ ਹੀ ਤਾਲਿਬਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਕੂਲ 'ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੇ ਸਾਡੇ ਅਧਿਆਪਕਾਂ ਨੂੰ 15 ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ। ਰਿਹਾਅ ਹੋਣ ਤੋਂ ਬਾਅਦ ਦੋਵੇਂ ਅਫਗਾਨਿਸਤਾਨ ਤੋਂ ਭੱਜ ਗਏ।

ਤਸਵੀਰ ਸਰੋਤ, Getty Images
ਪੰਜ ਸਾਲ ਬਾਅਦ, 9/11 ਦਾ ਹਮਲਾ ਹੋਇਆ ਅਤੇ ਫਿਰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਦਿੱਤਾ। ਮੈਂ ਉਨ੍ਹਾਂ ਲੱਖਾਂ ਕੁੜੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਸਿੱਖਿਆ ਦੇ ਆਪਣੇ ਅਧਿਕਾਰ ਨੂੰ ਮੁੜ ਪ੍ਰਾਪਤ ਕੀਤਾ।
ਪਰ ਜਦੋਂ ਅਗਸਤ 2021 ਵਿੱਚ ਤਾਲਿਬਾਨ ਇੱਕ ਵਾਰ ਫਿਰ ਸੱਤਾ ਵਿੱਚ ਪਰਤਿਆ, ਤਾਂ ਇਸ ਨੇ ਔਰਤਾਂ ਅਤੇ ਕੁੜੀਆਂ ਦੀ ਸਿੱਖਿਆ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁਬਾਰਾ ਮਿੱਟੀ 'ਚ ਰੋਲ਼ ਦਿੱਤਾ।
ਇਸ ਵਾਰ ਕੁੜੀਆਂ ਨੂੰ ਛੋਟੀਆਂ ਜਮਾਤਾਂ ਵਿੱਚ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਸੈਕੰਡਰੀ, ਕਾਲਜ ਅਤੇ ਯੂਨੀਵਰਸਿਟੀ ਉਨ੍ਹਾਂ ਦੀ ਪਹੁੰਚ ਤੋਂ ਹੁਣ ਵੀ ਬਾਹਰ ਹਨ। ਇਹ ਕਿਸਮਤ ਦਾ ਧੋਖਾ ਹੀ ਤਾਂ ਹੈ ਜਿਸ ਨੇ ਇਨ੍ਹਾਂ ਕੁੜੀਆਂ ਦੇ ਸੁਪਨਿਆਂ ਨੂੰ ਇਸ ਤਰ੍ਹਾਂ ਰੋਲ਼ ਦਿੱਤਾ ਹੈ।
ਅਫਗਾਨਿਸਤਾਨ ਦੇ ਗੁਪਤ ਸਕੂਲ ਨੈਟਵਰਕ ਦੇ ਕੇਂਦਰ ਵਿੱਚ ਉਹ ਨਿਡਰ ਅਧਿਆਪਕ ਹਨ ਜੋ ਤਾਲਿਬਾਨ ਤੋਂ ਲੁਕ ਕੇ ਕੰਮ ਕਰਨ ਲਈ ਮਜਬੂਰ ਹਨ।
ਪਾਸ਼ਤਾਨਾ ਦੁਰਾਨੀ ਇੱਕ ਕਾਰਕੁਨ ਹਨ, ਜਿਨ੍ਹਾਂ ਨੇ ਤਾਜ਼ਾ ਪਾਬੰਦੀ ਲਗਾਏ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਅੰਡਰਗਰਾਊਂਡ ਸਕੂਲ ਸਥਾਪਤ ਕਰਨ ਦੀ ਮੁਹਿੰਮ ਦੀ ਅਗਵਾਈ ਕੀਤੀ।
ਉਨ੍ਹਾਂ ਦੀ ਸੰਸਥਾ ਦਾ ਨਾਂ 'ਲਰਨ ਅਫਗਾਨਿਸਤਾਨ' ਹੈ, ਜਿਸ ਵਿੱਚ ਇਸ ਸਮੇਂ 12 ਸਾਲ ਤੋਂ ਵੱਧ ਉਮਰ ਦੀਆਂ 230 ਵਿਦਿਆਰਥਣਾਂ ਹਨ।

- ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ
- ਸਾਲ 2021 ਵਿੱਚ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਇੱਕ ਵਾਰ ਫਿਰ ਤਾਲਿਬਾਨ ਨੇ ਪੂਰੇ ਮੁਲਕ 'ਤੇ ਆਪਣਾ ਕਬਜ਼ਾ ਕਰ ਲਿਆ ਹੈ
- ਸਾਲ 2021 ਵਿੱਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਤੋਂ ਬਾਅਦ, ਦੇਸ਼ 'ਚ ਮਹਿਲਾਵਾਂ ਦੀ ਆਜ਼ਾਦੀ ਦਾ ਦਾਇਰਾ ਲਗਾਤਾਰ ਘਟ ਰਿਹਾ ਹੈ
- ਔਰਤਾਂ ਅਤੇ ਕੁੜੀਆਂ 'ਤੇ ਪੜ੍ਹਾਈ, ਸੈਲੂਨ, ਇੱਕਲਿਆਂ ਬਾਹਰ ਜਾਣ ਵਰਗੀਆਂ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ
- ਜਦੋਂ ਤਾਲਿਬਾਨ 1996-2001 ਦੇ ਵਿਚਕਾਰ ਸੱਤਾ 'ਚ ਆਇਆ ਸੀ, ਉਸ ਵੇਲੇ ਵੀ ਇਸ ਨੇ ਅਜਿਹੀਆਂ ਹੀ ਪਾਬੰਦੀਆਂ ਲਾਗੂ ਕੀਤੀਆਂ ਸਨ

'ਮੇਰੀ ਕਿਸਮਤ 'ਤੇ ਮੇਰਾ ਕੰਟਰੋਲ'
ਪਾਸ਼ਤਾਨਾ ਦੁਰਾਨੀ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਨਾਲ ਜਿੰਨੇ ਲੋਕ ਜੁੜੇ ਹਨ, ਸਾਰਿਆਂ ਲਈ ਬਹੁਤ ਵੱਡਾ ਖ਼ਤਰਾ ਹੈ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਨਾ ਕਰਨ ਵਰਗਾ ਕੋਈ ਰਸਤਾ ਉਨ੍ਹਾਂ ਕੋਲ ਨਹੀਂ ਹੈ।
ਉਹ ਕਹਿੰਦੇ ਹਨ, “ਜੇਕਰ ਮੈਨੂੰ ਸਿੱਖਿਆ ਨਾ ਮਿਲੀ ਹੁੰਦੀ ਤਾਂ ਮੇਰਾ ਵਿਆਹ ਹੋ ਜਾਣਾ ਸੀ। ਮੇਰੀ ਭੈਣ ਦਾ ਵੀ ਵਿਆਹ ਹੋ ਜਾਣਾ ਸੀ। ਮੇਰੇ ਭਰਾ ਨੂੰ ਕਿਤੇ ਬਾਲ ਮਜ਼ਦੂਰੀ ਕਰਨੀ ਪਈ। ਪਰ ਮੇਰੀ ਪੜ੍ਹਾਈ ਕਾਰਨ ਹੀ ਮੈਂ ਆਪਣੇ ਪਰਿਵਾਰ ਦੀ ਮੁਖੀ ਬਣ ਸਕੀ ਅਤੇ ਇਸ ਲਈ ਮੇਰਾ ਆਪਣੀ ਕਿਸਮਤ ਉੱਤੇ ਕੰਟਰੋਲ ਹੈ।"
ਮੈਂ ਆਪਣੇ ਲੈਪਟਾਪ ਦੀ ਸਕਰੀਨ 'ਤੇ ਦੁਰਾਨੀ ਦੇ ਯਤਨਾਂ ਨੂੰ ਜਿਉਂਦਾ ਹੁੰਦੇ ਦੇਖ ਰਹੀ ਹਾਂ। ਉਨ੍ਹਾਂ ਦੀਆਂ ਵਿਦਿਆਰਥਣਾਂ ਮੇਰੇ ਨਾਲ ਚੰਗੀ ਅੰਗਰੇਜ਼ੀ ਵਿੱਚ ਗੱਲ ਕਰ ਰਹੀਆਂ ਹਨ। ਉਨ੍ਹਾਂ ਮੈਨੂੰ ਦੱਸਿਆ ਕਿ ਉਹ ਬਾਇਓਲੋਜੀ ਤੋਂ ਲੈ ਕੇ ਕੈਮਿਸਟਰੀ ਅਤੇ ਫਿਜ਼ਿਕਸ ਤੋਂ ਲੈ ਕੇ ਫਿਲਾਸਫੀ ਤੱਕ ਸਭ ਕੁਝ ਪੜ੍ਹਦੀਆਂ ਹਨ ਅਤੇ ਗ੍ਰਾਫਿਕ ਡਿਜ਼ਾਈਨ ਵਰਗੇ ਵਿਸ਼ੇ ਵੀ ਪੜ੍ਹਦੀਆਂ ਹਨ।
ਕਈ ਕੁੜੀਆਂ ਨੇ ਡਿਪਲੋਮੈਟ, ਡਾਕਟਰ ਅਤੇ ਇੰਜੀਨੀਅਰ ਬਣਨ ਦੀ ਇੱਛਾ ਪ੍ਰਗਟਾਈ।
ਜਦੋਂ ਮੈਂ ਇਹ ਸਭ ਸੁਣ ਰਹੀ ਸੀ ਤਾਂ ਮੈਨੂੰ ਇਸ ਨਾਲ ਜੁੜੀਆਂ ਚੁਣੌਤੀਆਂ ਯਾਦ ਰਹੀਆਂ ਸਨ। ਇਨ੍ਹਾਂ ਸਾਹਮਣੇ ਛਾਪੇਮਾਰੀ ਅਤੇ ਸਕੂਲ ਬੰਦ ਹੋਣ ਦਾ ਖਤਰਾ ਹੈ। ਇਸੇ ਲਈ ਇਨ੍ਹਾਂ ਕੁੜੀਆਂ ਦਾ ਸਿੱਖਣ ਅਤੇ ਅੱਗੇ ਵਧਣ ਦਾ ਜਨੂੰਨ ਵੀ ਓਨਾ ਹੀ ਵੱਡਾ ਹੈ।

ਤਸਵੀਰ ਸਰੋਤ, Getty Images
ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਬਾਰੇ ਤਾਲਿਬਾਨ ਦੀ ਅਧਿਕਾਰਤ ਸਥਿਤੀ ਹੈ ਕਿ ਇਹ ਸਥਾਈ ਪਾਬੰਦੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਅੰਦਰ 'ਸੁਰੱਖਿਅਤ ਮਾਹੌਲ' ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦੇ ਮੱਦੇਨਜ਼ਰ ਹੀ 'ਲੋੜੀਂਦੇ ਬਦਲਾਅ' ਕੀਤੇ ਜਾ ਰਹੇ ਹਨ।
ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਬਿਆਨ ਦਾ ਕੀ ਮਤਲਬ ਹੈ ਜਾਂ ਕੁੜੀਆਂ ਦੀ ਸਿੱਖਿਆ 'ਤੇ ਲੱਗੀ ਪਾਬੰਦੀ ਕਦੋਂ ਹਟਾਈ ਜਾਵੇਗੀ।
ਮੇਰੀ ਇਸ ਡਿਜੀਟਲ ਯਾਤਰਾ ਨੇ ਮੇਰੇ ਅੰਦਰ ਉਮੀਦ, ਨਿਰਾਸ਼ਾ, ਪ੍ਰਸ਼ੰਸਾ ਅਤੇ ਉਦਾਸੀ ਦੀ ਮਿਸ਼ਰਿਤ ਭਾਵਨਾ ਛੱਡ ਦਿੱਤੀ ਹੈ।
ਪਰ ਇਹ ਤੈਅ ਹੈ ਕਿ ਅਫਗਾਨਿਸਤਾਨ ਵਿੱਚ ਕੁੜੀਆਂ ਦੀ ਸਿੱਖਿਆ ਲਈ ਸੰਘਰਸ਼ ਅਜੇ ਖਤਮ ਹੋਣ ਵਾਲਾ ਨਹੀਂ ਹੈ, ਹਾਲਾਂਕਿ ਇਨ੍ਹਾਂ ਕੁੜੀਆਂ ਦੀ ਮਜ਼ਬੂਤ ਇੱਛਾ ਸ਼ਕਤੀ ਇੱਕ ਉਮੀਦ ਹੈ।
ਇੱਕ ਕੁੜੀ ਨੇ ਮੈਨੂੰ ਕਿਹਾ, “ਅਸੀਂ ਵਿਰੋਧ ਜਾਰੀ ਰੱਖਾਂਗੇ। ਹੋ ਸਕਦਾ ਹੈ ਕਿ ਇੱਕ ਦਿਨ ਇਸ ਹਨ੍ਹੇਰੀ ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨਜ਼ਰ ਆ ਜਾਵੇ।''













