ਅਫ਼ਗ਼ਾਨਿਸਤਾਨ: ਤਾਲਿਬਾਨ ਨੇ ਮਸ਼ਹੂਰ ਨੈਸ਼ਨਲ ਪਾਰਕ 'ਚ ਵੀ ਔਰਤਾਂ ਦੇ ਜਾਣ 'ਤੇ ਲਾਈ ਪਾਬੰਦੀ, ਜਾਣੋ ਇੱਥੇ ਔਰਤਾਂ 'ਤੇ ਹੋਰ ਕੀ-ਕੀ ਪਾਬੰਦੀਆਂ

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, Getty Images

    • ਲੇਖਕ, ਨਿਕੋਲਸ ਯੋਂਗ
    • ਰੋਲ, ਬੀਬੀਸੀ ਨਿਊਜ਼, ਸਿੰਗਾਪੁਰ

ਅਫ਼ਗਾਨਿਸਤਾਨ ਵਿੱਚ ਮਹਿਲਾਵਾਂ 'ਤੇ ਤਾਲਿਬਾਨ ਦੀਆਂ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਇੱਕ ਨਵੇਂ ਹੁਕਮ ਅਨੁਸਾਰ, ਹੁਣ ਦੇਸ਼ 'ਚ ਮਹਿਲਾਵਾਂ ਇੱਕ ਪ੍ਰਮੁੱਖ ਨੈਸ਼ਨਲ ਪਾਰਕ ਵਿੱਚ ਨਹੀਂ ਜਾ ਸਕਣਗੀਆਂ।

ਬੀਬੀਸੀ ਪੱਤਰਕਾਰ ਐਂਟੋਨੇਟੇ ਰੈਡਫੋਰਡ ਦੀ ਰਿਪੋਰਟ ਮੁਤਾਬਕ, ਤਾਲਿਬਾਨ ਨੇ ਬਾਮੀਆਂਨ ਸੂਬੇ 'ਚ ਪੈਂਦੇ ਬੰਦ-ਏ-ਆਮਿਰ ਨੈਸ਼ਨਲ ਪਾਰਕ ਵਿੱਚ ਮਹਿਲਾਵਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਅਫਗਾਨਿਸਤਾਨ ਦੇ (ਵਾਈਸ ਐਂਡ ਵਰਚੂ) ਭਲਾਈ ਸਬੰਧੀ ਕਾਰਜਕਾਰੀ ਮੰਤਰੀ ਮੁਹੰਮਦ ਖਾਲਿਦ ਹਨਫੀ ਨੇ ਕਿਹਾ ਹੈ ਕਿ ਔਰਤਾਂ ਪਾਰਕ ਅੰਦਰ ਹਿਜਾਬ ਦੇ ਨਿਯਮ ਦਾ ਪਾਲਣ ਨਹੀਂ ਕਰਦੀਆਂ।

ਉਨ੍ਹਾਂ ਇਸ ਸਬੰਧੀ ਧਾਰਮਿਕ ਮੌਲਵੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਜਦੋਂ ਤੱਕ ਕੋਈ ਹੱਲ ਨਹੀਂ ਲੱਭਿਆ ਜਾਂਦਾ, ਉਦੋਂ ਤੱਕ ਔਰਤਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, Getty Images

ਦੱਸ ਦੇਈਏ ਕਿ 2009 ਤੋਂ ਅਫਗਾਨਿਸਤਾਨ ਦਾ ਪਹਿਲਾ ਰਾਸ਼ਟਰੀ ਪਾਰਕ ਹੋਣ ਦੇ ਨਾਤੇ ਬੰਦ-ਏ-ਅਮਿਰ ਪਾਰਕ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹੈ।

ਯੂਨੈਸਕੋ ਮੁਤਾਬਕ ਇਹ ਪਾਰਕ, "ਵਿਸ਼ੇਸ਼ ਭੂ-ਵਿਗਿਆਨਕ ਬਣਤਰ ਦੇ ਨਾਲ-ਨਾਲ ਕੁਦਰਤੀ ਅਤੇ ਵਿਲੱਖਣ ਸੁੰਦਰਤਾ ਵਾਲੀਆਂ ਝੀਲਾਂ ਦਾ ਕੁਦਰਤੀ ਤੌਰ 'ਤੇ ਬਣਿਆ ਸਮੂਹ ਹੈ।''

ਇੱਥੇ ਅਕਸਰ ਹੀ ਲੋਕ ਆਪਣੇ ਪਰਿਵਾਰਾਂ ਨਾਲ ਆਉਂਦੇ ਹਨ ਪਰ ਹੁਣ ਤਾਲਿਬਾਨ ਦੀ ਇਸ ਨਵੀਂ ਪਾਬੰਦੀ ਤੋਂ ਬਾਅਦ ਇਸ ਪਾਰਕ ਦੀ ਰੌਣਕ ਪਹਿਲਾਂ ਵਰਗੀ ਨਹੀਂ ਰਹਿ ਜਾਵੇਗੀ।

ਹਿਮੂਮਨ ਰਾਈਟਸ ਵਾਚ ਦੇ ਫੇਰੇਸ਼ਤਾ ਅੱਬਾਸੀ ਕਹਿੰਦੇ ਹਨ ਕਿ ਮਹਿਲਾਵਾਂ 'ਤੇ ਇਹ ਪਾਬੰਦੀ ਵਿਮੇਨ ਇਕੁਐਲਿਟੀ ਵਾਲੇ ਦਿਨ ਲਗਾਈ ਗਈ ਹੈ ਜੇ ਕਿ ''ਅਫ਼ਗ਼ਾਨ ਮਹਿਲਾਵਾਂ ਦਾ ਪੂਰੀ ਤਰ੍ਹਾਂ ਨਾਲ ਅਪਮਾਨ ਹੈ''।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, GETTY IMAGES / SANDRA CALLIGARO

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ ਤੋਂ ਪਹਿਲਾਂ, ਅਗਸਤ ਮਹੀਨੇ ਵਿੱਚ ਹੀ ਤਾਲਿਬਾਨ ਨੇ ਲਗਭਗ 60 ਕੁੜੀਆਂ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ ਸੀ।

ਇਹ ਅਫਗਾਨੀ ਕੁੜੀਆਂ ਦੁਬਈ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਜਾ ਰਹੀਆਂ ਸਨ, ਪਰ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਹੀ ਰੋਕ ਦਿੱਤਾ ਗਿਆ ਅਤੇ ਘਰ ਵਾਪਸ ਭੇਜ ਦਿੱਤਾ ਗਿਆ।

ਬਿਊਟੀ ਸੈਲੂਨ

ਤਸਵੀਰ ਸਰੋਤ, Getty Images

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੱਤਾ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਮਹਿਲਾਵਾਂ 'ਤੇ ਕੋਈ ਪਾਬੰਦੀ ਲਗਾਈ ਹੋਵੇ।

ਇਸ ਤੋਂ ਪਹਿਲਾਂ, ਜੁਲਾਈ ਮਹੀਨੇ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਹੇਅਰ ਅਤੇ ਬਿਊਟੀ ਸੈਲੂਨ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਬੀਬੀਸੀ ਦੇ ਨਿਕੋਲਸ ਯੋਂਗ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਵਾਈਸ ਐਂਡ ਵਰਚੂ ਮੰਤਰਾਲੇ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਹੁਕਮਾਂ ਦੀ ਪਾਲਣਾ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।

ਸਾਲ 2021 ਵਿੱਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਤੋਂ ਬਾਅਦ, ਦੇਸ਼ 'ਚ ਮਹਿਲਾਵਾਂ ਦੀ ਆਜ਼ਾਦੀ ਦਾ ਦਾਇਰਾ ਲਗਾਤਾਰ ਘਟ ਰਿਹਾ ਹੈ।

ਤਾਲਿਬਾਨ ਨੇ ਨੌਜਵਾਨ ਕੁੜੀਆਂ ਅਤੇ ਮਹਿਲਾਵਾਂ ਨੂੰ ਕਲਾਸਾਂ, ਜਿੰਮਾਂ ਅਤੇ ਪਾਰਕਾਂ ਵਿੱਚ ਜਾਣ ਤੋਂ ਰੋਕ ਦਿੱਤਾ ਹੈ।

ਪਹਿਲੀ ਸੱਤਾ ਦੌਰਾਨ ਵੀ ਸੀ ਬਿਊਟੀ ਸੈਲੂਨ 'ਤੇ ਪਾਬੰਦੀ

ਬਿਊਟੀ ਸੈਲੂਨ

ਤਸਵੀਰ ਸਰੋਤ, Getty Images

ਅੰਤਰ-ਰਾਸ਼ਟਰੀ ਪੱਧਰ 'ਤੇ ਤਾਲਿਬਾਨ ਵੱਲੋਂ ਲਗਾਈਆਂ ਜਾ ਰਹੀਆਂ ਅਜਿਹੀਆਂ ਪਾਬੰਦੀਆਂ ਦੀ ਸਖ਼ਤ ਨਿੰਦਾ ਹੋ ਰਹੀ ਹੈ ਅਤੇ ਸਮਾਜਿਕ ਕਾਰਕੁਨ ਵੀ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਪਰ ਤਾਲਿਬਾਨ ਦੇ ਅਜਿਹੇ ਫ਼ਰਮਾਨ ਆਉਣਾ ਅਜੇ ਵੀ ਜਾਰੀ ਹੈ।

ਜਦੋਂ ਤਾਲਿਬਾਨ 1996 ਅਤੇ 2001 ਦੇ ਵਿਚਕਾਰ ਸੱਤਾ ਵਿੱਚ ਆਇਆ ਸੀ, ਉਸ ਵੇਲੇ ਵੀ ਇਸ ਨੇ ਅਜਿਹੀਆਂ ਹੀ ਪਾਬੰਦੀਆਂ ਲਾਗੂ ਕੀਤੀਆਂ ਸਨ ਅਤੇ ਉਨ੍ਹਾਂ ਵਿਚਕਾਰ ਬਿਊਟੀ ਸੈਲੂਨ ਬੰਦ ਕਰਨਾ ਵੀ ਇੱਕ ਅਹਿਮ ਗੱਲ ਸੀ।

ਫਿਰ ਜਦੋਂ 2001 ਵਿੱਚ ਅਫ਼ਗਾਨਿਸਤਾਨ 'ਚ ਅਮਰੀਕਾ ਨੇ ਆਪਣੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਇਹ ਸੈਲੂਨ ਮੁੜ ਖੁੱਲ੍ਹਣੇ ਸ਼ੁਰੂ ਹੋ ਗਏ ਸਨ।

ਪਰ ਹੁਣ ਇੱਕ ਵਾਰ ਫਿਰ ਤੋਂ ਇਹ ਬੰਦ ਕਰਨੇ ਪੈਣਗੇ।

'ਤਾਲਿਬਾਨ ਅਫ਼ਗਾਨ ਔਰਤਾਂ ਦੇ ਬੁਨਿਆਦੀ ਅਧਿਕਾਰ ਖੋਹ ਰਹੇ'

ਤਾਲਿਬਾਨ

ਤਸਵੀਰ ਸਰੋਤ, AFP

ਇਸ ਨਵੀਂ ਪਾਬੰਦੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਅਫ਼ਗਾਨ ਮਹਿਲਾ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ ਕਿ "ਤਾਲਿਬਾਨ ਅਫ਼ਗਾਨ ਔਰਤਾਂ ਦੇ ਸਭ ਤੋਂ ਬੁਨਿਆਦੀ ਮਨੁੱਖੀ ਅਧਿਕਾਰ ਖੋਹ ਰਹੇ ਹਨ।''

"ਉਹ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਇਸ ਫੈਸਲੇ ਨਾਲ, ਉਹ ਹੁਣ ਔਰਤਾਂ ਨੂੰ ਦੂਜੀਆਂ ਔਰਤਾਂ ਦੀ ਸੇਵਾ ਕਰਨ ਤੋਂ ਵਾਂਝੇ ਕਰ ਰਹੇ ਹਨ। ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ।''

"ਇੰਝ ਜਾਪਦਾ ਹੈ ਜਿਵੇਂ ਤਾਲਿਬਾਨ ਕੋਲ ਮਹਿਲਾਵਾਂ ਦੇ ਸਰੀਰਾਂ 'ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਹੋਰ ਕੋਈ ਸਿਆਸੀ ਯੋਜਨਾ ਨਹੀਂ ਹੈ। ਉਹ ਜਨਤਕ ਜੀਵਨ ਦੇ ਹਰ ਪੱਧਰ 'ਤੇ ਔਰਤਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ, ਦੋ ਸਾਲ ਪਹਿਲਾਂ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਵੀ ਅਫ਼ਗਾਨਿਸਤਾਨ ਦੇ ਬਿਊਟੀ ਸੈਲੂਨ ਖੁੱਲ੍ਹੇ ਰਹੇ ਸਨ।

ਹਾਲਾਂਕਿ, ਦੁਕਾਨਾਂ ਦੀਆਂ ਖਿੜਕੀਆਂ ਨੂੰ ਅਕਸਰ ਢਕ ਕੇ ਰੱਖਿਆ ਜਾਂਦਾ ਸੀ ਅਤੇ ਸੈਲੂਨ ਦੇ ਬਾਹਰ ਔਰਤਾਂ ਦੀਆਂ ਤਸਵੀਰਾਂ 'ਤੇ ਸਪਰੇਅ ਪੇਂਟ ਕਰ ਦਿੱਤਾ ਜਾਂਦਾ ਸੀ, ਤਾਂ ਜੋ ਉਨ੍ਹਾਂ ਦੇ ਚਿਹਰੇ ਛਿਪਾਏ ਜਾ ਸਕਣ।

ਤਾਲਿਬਾਨ

ਤਾਲਿਬਾਨ ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਪਾਬੰਦੀ ਕਿਸ ਕਾਰਨ ਲੱਗੀ, ਜਾਂ ਸੈਲੂਨ ਬੰਦ ਹੋਣ ਤੋਂ ਬਾਅਦ ਔਰਤਾਂ ਲਈ ਕਿਹੜੇ ਬਦਲ - ਜੇ ਕੋਈ ਹਨ - ਉਪਲੱਬਧ ਹੋਣਗੇ।

ਇੱਕ ਹੋਰ ਅਫ਼ਗਾਨ ਮਹਿਲਾ, ਜਿਨ੍ਹਾਂ ਨੇ ਵੀ ਆਪਣਾ ਨਾਮ ਨਾ ਛਾਪਣ ਲਈ ਕਿਹਾ, ਨੇ ਦੱਸਿਆ ਕਿ ਉਨ੍ਹਾਂ ਦੀਆਂ ਸਹੇਲੀਆਂ ਨੇ ਕਾਬੁਲ ਅਤੇ ਹੋਰ ਥਾਵਾਂ 'ਤੇ ਹੇਅਰ ਸੈਲੂਨ ਬੰਦ ਕਰਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਅਫ਼ਗਾਨ ਔਰਤਾਂ ਲਈ ਵਧੇਰੇ ਹੈਰਾਨ ਕਰਨ ਵਾਲੀ ਖ਼ਬਰ ਹੈ। ਮੈਂ ਬਾਹਰ ਗਈ ਅਤੇ ਦੇਖਿਆ ਕਿ ਮੇਰੇ ਇਲਾਕੇ ਦੇ ਸਾਰੇ ਸੈਲੂਨ ਬੰਦ ਸਨ।"

ਜਦੋਂ ਤਾਲਿਬਾਨ ਦੇ ਡਰ ਤੋਂ ਲੁਕੇ ਮੇਕਅਪ ਆਰਟਿਸਟ

ਤਾਲਿਬਾਨ

ਤਸਵੀਰ ਸਰੋਤ, Getty Images

ਜਦੋਂ 2021 'ਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸੱਤਾ 'ਚ ਵਾਪਸੀ ਕੀਤੀ ਤਾਂ ਦੇਸ਼ ਭਰ 'ਚ ਸੈਲੂਨ ਆਦਿ ਚਲਾਉਣ ਵਾਲਿਆਂ ਨੇ ਡਰ ਦੇ ਮਾਰੇ ਆਪਣੇ ਸੈਲੂਨ ਬੰਦ ਕਰ ਦਿੱਤੇ।

ਕਈ ਮੇਕਅਪ ਕਲਾਕਾਰ ਅਜਿਹੇ ਵੀ ਸਨ ਜੋ ਡਰ ਕਾਰਨ ਲੁਕ ਗਏ ਸਨ।

ਬਿਊਟੀ ਪਾਰਲਰਾਂ ਦੀਆਂ ਖਿੜਕੀਆਂ-ਦਰਵਾਜ਼ਿਆਂ 'ਤੇ ਲੱਗਿਆਂ ਮਹਿਲਾਵਾਂ ਦੀਆਂ ਤਸਵੀਰਾਂ ਨੂੰ ਢਕ ਦਿੱਤਾ ਗਿਆ ਸੀ। ਕਈਆਂ 'ਤੇ ਪੇਂਟ ਫੇਰ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਮਾਡਲਾਂ ਵੱਲ ਤਾਲਿਬਾਨ ਦਾ ਧਿਆਨ ਨਾ ਜਾਵੇ।

ਲਾਈਨ

ਔਰਤਾਂ ਤੇ ਮਰਦਾਂ ਵਿਚਕਾਰ ਗੱਲਬਾਤ 'ਤੇ ਪਾਬੰਦੀ

ਤਾਲਿਬਾਨ ਨੇ ਮੁੜ ਸੱਤਾ 'ਤੇ ਕਬਜ਼ੇ ਤੋਂ ਬਾਅਦ ਅਣਜਾਣ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਗੱਲਬਾਤ 'ਤੇ ਪਾਬੰਦੀ ਲਗਾ ਦਿੱਤੀ ਸੀ।

ਜਿਸ ਦਾ ਮਤਲਬ ਇਹ ਹੈ ਕਿ ਪਹਿਲਾਂ ਵੱਖ-ਵੱਖ ਅਦਾਰਿਆਂ, ਕੰਮ-ਕਾਜ ਆਦਿ ਲਈ ਜੋ ਪੁਰਸ਼ ਅਤੇ ਔਰਤਾਂ ਆਪਸ ਵਿੱਚ ਗੱਲਬਾਤ ਕਰ ਸਕਦੇ ਸਨ, ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਗੱਲਬਾਤ ਦੀ ਇਜਾਜ਼ਤ ਨਹੀਂ ਹੈ।

ਔਰਤਾਂ ਦੇ ਇੱਕਲੇ ਬਾਹਰ ਜਾਣ 'ਤੇ ਮਨਾਹੀ

ਔਰਤਾਂ

ਤਸਵੀਰ ਸਰੋਤ, Getty Images

ਤਾਲਿਬਾਨ ਨੇ ਮਹਿਲਾਵਾਂ ਨੂੰ ਲੈ ਕੇ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਮਹਿਲਾ ਇੱਕਲੇ ਬਾਹਰ ਨਹੀਂ ਜਾ ਸਕਦੀ। ਉਸ ਦੇ ਨਾਲ ਕੋਈ ਨਾ ਕੋਈ ਪੁਰਸ਼ ਜ਼ਰੂਰ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਜੇਕਰ ਉਹ 72 ਕਿਲੋ ਮੀਟਰ ਤੋਂ ਵੱਧ ਸਫ਼ਰ ਕਰ ਰਹੀਆਂ ਹਨ ਤਾਂ ਉਨ੍ਹਾਂ ਦੇ ਨਾਲ ਇੱਕ ਪੁਰਸ਼ ਰਿਸ਼ਤੇਦਾਰ ਦਾ ਹੋਣਾ ਲਾਜ਼ਮੀ ਹੈ।

ਇਸ ਦੇ ਨਾਲ ਹੀ ਬਾਹਰ ਨਿਕਲਣ ਦੌਰਾਨ ਇਹ ਲਾਜ਼ਮੀ ਹੈ ਕਿ ਮਹਿਲਾਵਾਂ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲਾ ਬੁਰਕਾ ਪਹਿਨਣ।

ਤਾਲਿਬਾਨ ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਨ੍ਹਾਂ ਵਿੱਚੋਂ ਸਿਰਫ਼ ਉਨ੍ਹਾਂ ਦੀਆਂ ਅੱਖਾਂ ਨਜ਼ਰ ਆਉਣ।

ਇਸ ਦੇ ਨਾਲ ਹੀ ਉਨ੍ਹਾਂ ਗੱਡੀਆਂ ਦੇ ਮਾਲਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਮਹਿਲਾਵਾਂ ਨੇ ਵੀ ਹਿਜਾਬ ਨਾ ਪਹਿਨਿਆ ਹੋਵੇ, ਉਨ੍ਹਾਂ ਨੂੰ ਗੱਡੀ 'ਚ ਨਾ ਬਿਠਾਇਆ ਜਾਵੇ।

ਆਦਮੀਆਂ ਦੇ ਦਾੜ੍ਹੀ ਕੱਟਣ 'ਤੇ ਪਾਬੰਦੀ

ਤਾਲਿਬਾਨ

ਤਸਵੀਰ ਸਰੋਤ, Getty Images

ਹਾਲਾਂਕਿ, ਤਾਲਿਬਾਨ ਦੀਆਂ ਵਧੇਰੇ ਪਾਬੰਦੀਆਂ ਔਰਤਾਂ ਦੇ ਖ਼ਿਲਾਫ਼ ਹੀ ਹਨ ਪਰ ਉਨ੍ਹਾਂ ਨੇ ਮਰਦਾਂ 'ਤੇ ਵੀ ਕੁਝ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿੱਚ ਇੱਕ ਹੈ ਦਾੜ੍ਹੀ ਕੱਟਣ ਦੀ ਪਾਬੰਦੀ।

ਤਾਲਿਬਾਨ ਮੁਤਾਬਕ, ਪੁਰਸ਼ਾਂ ਦੁਆਰਾ ਦਾੜ੍ਹੀ ਕੱਟਣਾ ਇਸਲਾਮ ਦੇ ਖ਼ਿਲਾਫ਼ ਹੈ।

ਇਸ ਦੇ ਨਾਲ ਹੀ ਨਾਈ ਹੁਣ ਵਿਦੇਸ਼ੀ ਤਰੀਕੇ ਨਾਲ ਵਾਲ ਨਹੀਂ ਕੱਟ ਸਕਦੇ, ਜੋ ਕਿ ਪਾਸਿਆਂ ਤੋਂ ਅਤੇ ਪਿਛਲੇ ਪਾਸਿਓਂ ਛੋਟੇ ਹੁੰਦੇ ਹਨ।

ਸੰਗੀਤ ਅਤੇ ਨਾਚ-ਗਾਣੇ 'ਤੇ ਪਾਬੰਦੀ

ਦੇਸ਼ 'ਚ ਹੁਣ ਸੰਗੀਤ ਅਤੇ ਨਾਚ-ਗਾਣੇ 'ਤੇ ਵੀ ਪਾਬੰਦੀ ਹੈ।

2021 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਟੈਕਸੀ ਚਲਾਉਣ ਵਾਲੇ ਆਸਿਫ਼ ਅਹਾਦੀ ਨੇ ਦੱਸਿਆ ਸੀ ਕਿ ''ਪਹਿਲਾਂ ਲੋਕ ਹਰ ਸ਼ੁਕਰਵਾਰ ਨੂੰ ਪਾਰਟੀ ਕਰਦੇ ਸਨ, ਸੰਗੀਤ ਸੁਣਦੇ ਸਨ ਅਤੇ ਨੱਚਦੇ ਸਨ, ਪਰ ਹੁਣ ਇਸ ਸਭ ਉੱਪਰ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ।''

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਲੋਕ ਆਪਣੀਆਂ ਗੱਡੀਆਂ ਵਿੱਚ ਸੰਗੀਤ ਨਾ ਵਜਾਉਣ।

ਇਸ ਤੋਂ ਪਹਿਲਾਂ ਤਾਲਿਬਾਨ ਨੇ ਟੀਵੀ ਚੈਨਲਾਂ ਨੂੰ ਹਦਾਇਤਾਂ ਜਾਰੀ ਕਰਕੇ ਕਿਹਾ ਸੀ ਕਿ ਉਹ ਅਜਿਹੇ ਸੀਰੀਅਲ ਅਤੇ ਨਾਟਕ, ਜਿਨ੍ਹਾਂ ਵਿੱਚ ਕਿਸੇ ਮਹਿਲਾ ਨੇ ਅਭਿਨੈ ਕੀਤਾ ਹੋਵੇ, ਨੂੰ ਆਪਣੇ ਚੈਨਲਾਂ 'ਤੇ ਦਿਖਾਉਣਾ ਬੰਦ ਕਰ ਦੇਣਾ।

ਟੀਵੀ ਪੱਤਰਕਾਰਾਂ ਨੂੰ ਵੀ ਕਿਹਾ ਗਿਆ ਸੀ ਕਿ ਉਹ ਬਿਨਾਂ ਹਿਜਾਬ ਪਹਿਨੇ ਪ੍ਰੋਗਰਾਮ ਪੇਸ਼ ਨਹੀਂ ਕਰ ਸਕਦੀਆਂ।

ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ

ਬੱਚਿਆਂ ਦੀ ਸਿੱਖਿਆ

ਤਸਵੀਰ ਸਰੋਤ, Getty Images

1996-2001 ਵਿੱਚ ਆਪਣੇ ਸ਼ਾਸਨ ਦੌਰਾਨ ਤਾਲਿਬਾਨ ਨੇ ਔਰਤਾਂ ਅਤੇ ਬੱਚੀਆਂ ਦੀ ਸਿੱਖਿਆ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਸਿਹਤ ਸੁਵਿਧਾਵਾਂ ਉੱਪਰ ਵੀ ਔਰਤਾਂ ਲਈ ਅੰਸ਼ਿਕ ਤੌਰ 'ਤੇ ਪਾਬੰਦੀ ਸੀ।

ਤਾਲਿਬਾਨ ਦੇ ਜਾਣ ਤੋਂ ਬਾਅਦ ਔਰਤਾਂ ਨੇ ਜਨਤਕ ਥਾਵਾਂ ਉੱਤੇ ਆਪਣੀ ਮੌਜੂਦਗੀ ਦਰਜ ਕਰਵਾਈ।

ਸਤੰਬਰ 2021 ਵਿੱਚ ਤਾਲਿਬਾਨ ਨੇ ਕੁੜੀਆਂ ਦੇ ਸੈਕੇਂਡਰੀ ਸਕੂਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਫਿਰ ਦਸੰਬਰ ਵਿੱਚ ਉਨ੍ਹਾਂ ਨੇ ਮਹਿਲਾਵਾਂ ਦੇ ਯੂਨੀਵਰਸਿਟੀ 'ਚ ਪੜ੍ਹਨ 'ਤੇ ਰੋਕ ਲਗਾ ਦਿੱਤੀ।

ਇਸ ਦੇ ਲਈ ਤਾਲਿਬਾਨ ਦਾ ਕਹਿਣਾ ਸੀ ਕਿ ਮਹਿਲਾ ਅਧਿਆਪਿਕਾਵਾਂ ਦੀ ਘਾਟ ਹੈ ਅਤੇ ਮੁੰਡੇ-ਕੁੜੀਆਂ ਦੀ ਵੱਖਰੀ ਪੜ੍ਹਾਈ ਦੇ ਇੰਤਜ਼ਾਮ ਵੀ ਘੱਟ ਹਨ।

ਔਰਤਾਂ ਦੇ ਕੰਮ ਕਰਨ 'ਤੇ ਪਾਬੰਦੀ

ਔਰਤਾਂ

ਤਸਵੀਰ ਸਰੋਤ, JACK GARLAND

ਦਸੰਬਰ 2022 'ਚ ਤਾਲਿਬਾਨ ਨੇ ਮਹਿਲਾਵਾਂ 'ਤੇ ਐਨਜੀਓ 'ਚ ਕੰਮ ਕਰਨ ਦੀ ਪਾਬੰਦੀ ਲਗਾ ਦਿੱਤੀ ਸੀ।

ਉਨ੍ਹਾਂ ਦਾ ਤਰਕ ਸੀ ਕਿ ਮਹਿਲਾ ਐਨਜੀਓ ਵਰਕਰਾਂ ਨੇ ਹਿਜਾਬ ਜਾਂ ਨਕਾਬ ਨਾ ਪਹਿਨ ਕੇ ਡਰੈੱਸ ਕੋਡ ਦਾ ਉਲੰਘਣ ਕੀਤਾ ਹੈ।

ਇਸੇ ਤਰ੍ਹਾਂ ਤਾਲਿਬਾਨ ਨੇ ਕਈ ਅਜਿਹੀਆਂ ਮਹਿਲਾਵਾਂ ਦੇ ਕੰਮ ਬੰਦ ਕਰਵਾ ਦਿੱਤੇ ਜੋ ਕੱਪੜੇ ਸਿਉਣ, ਕਢਾਈ ਕਰਨ ਆਦਿ ਦਾ ਕੰਮ ਕਰਦੀਆਂ ਸਨ।

ਹਾਲ ਹੀ ਵਿੱਚ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਲਈ ਕੰਮ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਤਾਲਿਬਾਨ ਦੇ ਡਰ ਤੋਂ ਬਹੁਤ ਸਾਰੀਆਂ ਮਹਿਲਾਵਾਂ ਨੇ ਆਪ ਹੀ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)