'ਦਹੇਜ ਕਾਰਨ ਦਰਜਨਾਂ ਮਰਦਾਂ ਨੇ ਮੈਨੂੰ ਠੁਕਰਾ ਦਿੱਤਾ', ਹੁਣ ਮਹਿਲਾ ਨੇ ਚੁੱਕਿਆ ਇਹ ਕਦਮ

ਗੁੰਜਨ

ਤਸਵੀਰ ਸਰੋਤ, GUNJAN TIWARI

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਭਾਰਤ ਵਿੱਚ 1961 ਤੋਂ ਦਾਜ-ਦਹੇਜ ਗੈਰ-ਕਾਨੂੰਨੀ ਹੈ, ਪਰ ਇਸ ਦੇ ਬਾਵਜੂਦ ਅੱਜ ਵੀ ਲਾੜੀ ਦੇ ਪਰਿਵਾਰ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਲਾੜੇ ਦੇ ਪਰਿਵਾਰ ਨੂੰ ਨਕਦ, ਕੱਪੜੇ ਅਤੇ ਗਹਿਣੇ ਤੋਹਫ਼ੇ ਵਜੋਂ ਦੇਣ।

ਭੋਪਾਲ ਦੀ ਰਹਿਣ ਵਾਲੀ ਇੱਕ 27 ਸਾਲਾ ਅਧਿਆਪਿਕਾ ਨੇ ਹੁਣ ਇਸ ਦੇ ਖ਼ਿਲਾਫ਼ ਲੜਾਈ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਪੁਲਿਸ ਨੂੰ ਵਿਆਹ ਵਾਲੇ ਸਥਾਨਾਂ 'ਤੇ ਅਧਿਕਾਰੀ ਤੈਨਾਤ ਕਰਨ ਅਤੇ ਇਸ "ਸਮਾਜਿਕ ਬੁਰਾਈ" ਨੂੰ ਖਤਮ ਕਰਨ ਲਈ ਛਾਪੇਮਾਰੀ ਕਰਨ ਲਈ ਕਿਹਾ ਗਿਆ ਹੈ।

ਗੁੰਜਨ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਪਟੀਸ਼ਨ ਪਿੱਛੇ ਉਨ੍ਹਾਂ ਦਾ ਆਪਣਾ ਭੈੜਾ ਤਜਰਬਾ ਹੈ। ਉਹ ਕਹਿੰਦੇ ਹਨ ਕਿ ਦਾਜ ਦੇ ਲਈ ਹੀ ਦਰਜਨਾਂ ਮਰਦਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ।

ਘਬਰਾਹਟ ਭਰੇ ਪਲ

ਦਹੇਜ

ਤਸਵੀਰ ਸਰੋਤ, Getty Images

ਅਜਿਹਾ ਸਭ ਤੋਂ ਤਾਜ਼ਾ ਵਾਕਿਆ ਉਨ੍ਹਾਂ ਨਾਲ ਫਰਵਰੀ ਵਿੱਚ ਵਾਪਰਿਆ, ਜਦੋਂ ਧੀ ਦੇ ਵਿਆਹ ਲਈ ਗੁੰਜਨ ਦੇ ਪਿਤਾ ਨੇ ਇੱਕ ਮੁੰਡੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਘਰ ਬੁਲਾਇਆ।

ਮਹਿਮਾਨ ਆਏ, ਗੁੰਜਨ ਦੇ ਮਾਪਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ, ਦੋਵੇਂ ਪਰਿਵਾਰ ਇੱਕ-ਦੂਜੇ ਨੂੰ ਰਾਜ਼ੀ-ਖੁਸ਼ੀ ਪੁੱਛਣ ਲੱਗੇ ਤੇ ਗੁੰਜਨ ਵੀ ਮਹਿਮਾਨਾਂ ਲਈ ਗਰਮ ਚਾਹ ਅਤੇ ਸਨੈਕਸ ਵਾਲੀ ਟ੍ਰੇ ਲੈ ਕੇ ਲਿਵਿੰਗ ਰੂਮ ਵਿੱਚ ਆਏ।

ਗੁੰਜਨ ਇਸ ਪਲ ਨੂੰ "ਘਬਰਾਹਟ ਭਰਿਆ" ਕਹਿੰਦੇ ਹਨ।

ਗੁੰਜਨ ਨੇ ਆਪਣੇ ਘਰੋਂ ਫੋਨ 'ਤੇ ਮੇਰੀ ਨਾਲ ਹੋਈ ਗੱਲਬਾਤ ਵਿੱਚ ਕਿਹਾ, "ਹਰ ਕੋਈ ਘੂਰ ਰਿਹਾ ਹੈ, ਜਿਵੇਂ ਤੁਹਾਨੂੰ ਮਾਪ-ਤੋਲ ਰਿਹਾ ਹੋਵੇ।''

ਮਹੀਨਾਂ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੀ ਤਿਆਰੀ ਕੀਤੀ ਗਈ, ਜਿਵੇਂ- ਗੁੰਜਨ ਮਹਿਮਾਨਾਂ ਦੇ ਸਾਹਮਣੇ ਕਦੋਂ ਅਤੇ ਕਿਵੇਂ ਆਵੇਗੀ।

ਉਨ੍ਹਾਂ ਦੀ ਮਾਂ ਨੇ ਉਨ੍ਹਾਂ ਲਈਹਰੇ ਰੰਗ ਦੇ ਕੱਪੜੇ ਚੁਣੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਧੀ ਇਸ ਵਿੱਚ ਬਹੁਤ ਫਬਦੀ ਹੈ।

ਇੱਥੋਂ ਤੱਕ ਕਿ ਮਾਂ ਨੇ ਗੁੰਜਨ ਨੂੰ ਮਹਿਮਾਨਾਂ ਸਾਹਮਣੇ ਹੱਸਣ ਤੋਂ ਵੀ ਮਨ੍ਹਾ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਹੱਸਣ ਵੇਲੇ ਮੁੰਡੇ ਵਾਲਿਆਂ ਦਾ ਧਿਆਨ ਗੁੰਜਨ ਦੇ ਬੇਤਰਤੀਬੇ ਦੰਦਾਂ ਵੱਲ ਜਾਵੇਗਾ।

ਇਹ ਇੱਕ ਤਰ੍ਹਾਂ ਦੀ ਡ੍ਰਿਲ ਹੈ ਜਿਸ ਤੋਂ ਗੁੰਜਨ ਬਹੁਤ ਵਾਰ ਲੰਘ ਚੁੱਕੇ ਹਨ ਤੇ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਅਜਿਹਾ 6 ਵਾਰ ਕੀਤਾ ਹੈ।

ਮੁੰਡੇ ਵਾਲਿਆਂ ਨੇ ਗੁੰਜਨ ਨੂੰ ਜੋ ਸਵਾਲ ਪੁੱਛੇ ਉਹ ਵੀ ਪਹਿਲਾਂ ਵਾਂਗ ਜਾਣੇ-ਪਛਾਣੇ ਸਨ, ਜਿਵੇਂ- ਉਨ੍ਹਾਂ ਦੀ ਸਿੱਖਿਆ ਅਤੇ ਕੰਮ ਬਾਰੇ, ਅਤੇ ਕੀ ਉਹ ਖਾਣਾ ਬਣਾ ਸਕਦੀ ਹੈ।

'ਜੇ ਤੁਹਾਡੀ ਧੀ ਸੁੰਦਰ ਹੈ, ਤਾਂ ਅਸੀਂ ਤੁਹਾਨੂੰ ਡਿਸਕਾਊਂਟ ਦੇ ਦੇਵਾਂਗੇ'

ਦਹੇਜ

ਤਸਵੀਰ ਸਰੋਤ, HINDUSTAN TIMES

ਮਹਿਮਾਨਾਂ ਵਾਲੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਗੁੰਜਨ ਨੂੰ ਸੁਣਾਈ ਦਿੱਤਾ ਕਿ ਉਨ੍ਹਾਂ ਦੇ ਮਾਤਾ-ਪਿਤਾ ਮੁੰਡੇ ਦੇ ਪਿਤਾ ਨੂੰ ਪੁੱਛ ਰਹੇ ਸਨ ਕਿ ਉਹ ਕਿੰਨੇ ਦਾਜ ਦੀ ਉਮੀਦ ਰੱਖਦੇ ਹਨ।

"ਅਸੀਂ ਸੁਣਿਆ ਸੀ ਕਿ ਉਹ 50 ਲੱਖ ਤੋਂ 60 ਲੱਖ ਰੁਪਏ ਚਾਹੁੰਦੇ ਸਨ।''

ਜਦੋਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਪੁੱਛਿਆ, ਤਾਂ ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਕਿ 'ਜੇ ਤੁਹਾਡੀ ਧੀ ਸੁੰਦਰ ਹੈ, ਤਾਂ ਅਸੀਂ ਤੁਹਾਨੂੰ ਡਿਸਕਾਊਂਟ ਦੇ ਦੇਵਾਂਗੇ'।

ਜਿਵੇਂ-ਜਿਵੇਂ ਗੱਲਬਾਤ ਅੱਗੇ ਵਧਦੀ ਗਈ, ਗੁੰਜਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਝ ਆ ਗਿਆ ਕਿ ਕੋਈ ਵੀ ਛੋਟ ਨਹੀਂ ਦਿੱਤੀ ਜਾਵੇਗੀ। ਮਹਿਮਾਨਾਂ ਨੇ ਗੁੰਜਨ ਨੂੰ ਉਨ੍ਹਾਂ ਦੇ ਬੇਤਰਤੀਬੇ ਦੰਦਾਂ ਅਤੇ ਮੱਥੇ 'ਤੇ ਤਿਲ ਬਾਰੇ ਪੁੱਛਿਆ।

ਚਾਹ ਤੋਂ ਬਾਅਦ ਜਦੋਂ ਗੁੰਜਨ ਨੂੰ ਸੰਭਾਵੀ ਲਾੜੇ ਨਾਲ ਇਕੱਲੇ ਗੱਲ ਕਰਨ ਲਈ ਕੁਝ ਮਿੰਟ ਦਿੱਤੇ ਗਏ ਤਾਂ ਗੁੰਜਨ ਨੇ ਮੁੰਡੇ ਨੂੰ ਕਿਹਾ ਕਿ ਉਹ ਦਾਜ ਲਈ ਵਿਆਹ ਨਹੀਂ ਕਰੇਗੀ।

ਗੁੰਜਨ ਨੇ ਮੈਨੂੰ ਦੱਸਿਆ, "ਉਹ ਮੰਨ ਗਿਆ ਕਿ ਇਹ ਇੱਕ ਸਮਾਜਿਕ ਬੁਰਾਈ ਹੈ," ਅਤੇ ਇਸ ਨਾਲ ਗੁੰਜਨ ਸੋਚਣ ਲੱਗੇ ਕਿ ਉਹ ਉਨ੍ਹਾਂ ਮੁੰਡਿਆਂ ਤੋਂ ਵੱਖ ਸੀ, ਜਿਨ੍ਹਾਂ ਨਾਲ ਪਹਿਲਾਂ ਗੁੰਜਨ ਮਿਲੇ ਸਨ।

ਪਰ ਛੇਤੀ ਹੀ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਮੁੰਡੇ ਵਾਲਿਆਂ ਨੇ ਗੁੰਜਨ ਲਈ ਨਾਂਹ ਕਰ ਦਿੱਤੀ ਹੈ।

ਲਾਈਨ

ਮਾਪਿਆਂ ਦੀ ਚਿੰਤਾ

ਦਹੇਜ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਮੇਰੀ ਮਾਂ ਨੇ ਇਸ ਦਾ ਇਲਜ਼ਾਮ ਮੇਰੇ ਦਾਜ ਵਿਰੋਧੀ ਰੁਖ 'ਤੇ ਲਗਾਇਆ। ਉਹ ਮੇਰੇ ਨਾਲ ਗੁੱਸੇ ਹੋ ਗਏ ਅਤੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ।''

ਗੁੰਜਨ ਦਾ ਕਹਿਣਾ ਹੈ ਕਿ ਪਿਛਲੇ ਛੇ ਸਾਲਾਂ ਵਿੱਚ ਉਨ੍ਹਾਂ ਦੇ ਪਿਤਾ ਨੇ "100-150 ਵਿਆਹ ਯੋਗ ਮੁੰਡਿਆਂ ਦੇ ਪਰਿਵਾਰਾਂ" ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਮਿਲੇ ਹਨ।

ਗੁੰਜਨ ਨੂੰ ਇਨ੍ਹਾਂ ਵਿੱਚੋਂ ਛੇ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਵਿੱਚੋਂ ਲਗਭਗ ਸਾਰੇ ਦੇ ਸਾਰੇ ਦਾਜ ਕਾਰਨ ਮਨ੍ਹਾ ਕਰ ਗਏ।

ਗਣਿਤ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕਰਨ ਵਾਲੇ ਅਤੇ ਔਨਲਾਈਨ ਕਲਾਸਾਂ ਲੈਣ ਵਾਲੇ ਗੁੰਜਨ ਨੇ ਕਿਹਾ, "ਇਸ ਤਰ੍ਹਾਂ ਠੁਕਰਾਏ ਜਾਣ ਕਾਰਨ ਮੈਂ ਆਪਣਾ ਆਤਮ-ਵਿਸ਼ਵਾਸ ਗੁਆ ਬੈਠੀ।"

ਉਹ ਕਹਿੰਦੇ ਹਨ "ਜਦੋਂ ਮੈਂ ਤਰਕ ਨਾਲ ਸੋਚਦੀ ਹਾਂ, ਤਾਂ ਮੈਂ ਜਾਣਦੀ ਹਾਂ ਕਿ ਕਮੀ ਮੇਰੇ 'ਚ ਨਹੀਂ ਹੈ, ਸਮੱਸਿਆ ਉਨ੍ਹਾਂ ਲੋਕਾਂ ਦੀ ਹੈ ਜੋ ਦਾਜ ਚਾਹੁੰਦੇ ਹਨ। ਪਰ ਮੈਨੂੰ ਅਕਸਰ ਲੱਗਦਾ ਹੈ ਕਿ ਮੈਂ ਆਪਣੇ ਮਾਪਿਆਂ ਲਈ ਇੱਕ ਬੋਝ ਬਣ ਗਈ ਹਾਂ।''

ਦਹੇਜ ਗੈਰ-ਕਾਨੂਨੀ ਹੈ ਪਰ..

ਦਹੇਜ

ਤਸਵੀਰ ਸਰੋਤ, Getty Images

ਇੱਕ ਤਾਜ਼ਾ ਅਧਿਐਨ ਅਨੁਸਾਰ, 60 ਸਾਲਾਂ ਤੋਂ ਵੱਧ ਸਮੇਂ ਤੋਂ ਦਹੇਜ ਲੈਣਾ ਅਤੇ ਦੇਣਾ ਗੈਰ-ਕਾਨੂੰਨੀ ਹੋਣ ਦੇ ਬਾਵਜੂਦ, 9 ਫੀਸਦੀ ਭਾਰਤੀ ਵਿਆਹਾਂ ਵਿੱਚ ਅਜਿਹਾ ਕੀਤਾ ਜਾਂਦਾ ਹੈ।

1950 ਅਤੇ 1999 ਦੇ ਵਿਚਕਾਰ ਦਹੇਜ ਰਾਹੀਂ ਦਿੱਤੀ ਜਾਂ ਲਈ ਗਈ ਰਕਮ (ਸਮਾਨ ਆਦਿ) 1 ਲੱਖ ਕਰੋੜ ਦੇ ਇੱਕ ਚੌਥਾਈ ਹਿੱਸੇ ਦੇ ਬਰਾਬਰ ਸੀ।

ਕੁੜੀਆਂ ਦੇ ਮਾਪੇ ਦਾਜ ਦੀ ਮੰਗ ਨੂੰ ਪੂਰਾ ਕਰਨ ਲਈ ਕਰਜ਼ੇ ਲੈਂਦੇ ਹਨ ਜਾਂ ਆਪਣੀ ਜ਼ਮੀਨ ਅਤੇ ਘਰ ਤੱਕ ਵੇਚ ਦਿੰਦੇ ਹਨ। ਹਾਲਾਂਕਿ ਇਸ ਤੋਂ ਬਾਅਦ ਵੀ ਇਸ ਗੱਲ ਦਾ ਕੋਈ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹੁਤਾ ਜੀਵਨ ਖੁਸ਼ਹਾਲ ਹੋਵੇਗਾ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ, 2017 ਤੋਂ 2022 ਦਰਮਿਆਨ ਭਾਰਤ ਵਿੱਚ 35,493 ਲਾੜੀਆਂ ਨੂੰ ਕਤਲ ਕਰ ਦਿੱਤਾ ਗਿਆ, ਜਿਸ ਦਾ ਮਤਲਬ ਹੈ ਇੱਕ ਦਿਨ ਵਿੱਚ ਔਸਤਨ 20 ਔਰਤਾਂ। ਅਤੇ ਇਹ ਸਭ ਇਸ ਲਈ ਕਿਉਂਕਿ ਮੁੰਡੇ ਵਾਲੇ ਦਾਜ ਤੋਂ ਸੰਤੁਸ਼ਟ ਨਹੀਂ ਸਨ।

ਲਾਈਨ

ਭਾਰਤ ਵਿੱਚ ਵਿਆਹ

  • ਭਾਰਤ ਵਿੱਚ ਤਕਰੀਬਨ ਸਾਰੇ ਵਿਆਹ ਇੱਕ ਮੁੰਡੇ-ਕੁੜੀ ਦਰਮਿਆਨ ਹੁੰਦੇ ਹਨ
  • 1 ਫ਼ੀਸਦ ਤੋਂ ਵੀ ਘੱਟ ਵਿਆਹਾਂ ਦਾ ਅੰਤ ਤਲਾਕ ਨਾਲ ਹੁੰਦਾ ਹੈ
  • ਮੁੰਡੇ-ਕੁੜੀ ਦੀ ਚੋਣ ਕਰਨ ਵਿੱਚ ਮਾਪੇ ਅਹਿਮ ਭੂਮਿਕਾ ਨਿਭਾਉਂਦੇ ਹਨ
  • 1960 ਤੋਂ 2005 ਦਰਮਿਆਨ ਹੋਏ ਵਿਆਹਾਂ ਵਿੱਚ 90 ਫ਼ੀਸਦ ਤੋਂ ਵੱਧ ਮਾਮਲਿਆਂ ਵਿੱਚ ਆਪਣੇ ਧੀਆਂ-ਪੁੱਤਾਂ ਲਈ ਜੀਵਨ ਸਾਥੀ ਦੀ ਚੋਣ ਮਾਪਿਆਂ ਨੇ ਕੀਤੀ
  • 90 ਫ਼ੀਸਦੀ ਤੋਂ ਵੱਧ ਜੋੜੇ ਵਿਆਹ ਤੋਂ ਬਾਅਦ ਪਤੀ ਦੇ ਪਰਿਵਾਰ ਨਾਲ ਰਹਿੰਦੇ ਹਨ
  • 85 ਫ਼ੀਸਦ ਤੋਂ ਵੱਧ ਔਰਤਾਂ ਆਪਣੇ ਰਿਹਾਇਸ਼ੀ ਪਿੰਡ ਜਾਂ ਸ਼ਹਿਰ ਤੋਂ ਬਾਹਰਲੇ ਵਿਅਕਤੀ ਨਾਲ ਵਿਆਹ ਕਰਵਾਉਂਦੀਆਂ ਹਨ
  • 78.3 ਫ਼ੀਸਦ ਵਿਆਹ ਮੁੰਡੇ-ਕੁੜੀ ਦੇ ਆਪਣੇ ਜ਼ਿਲ੍ਹੇ ਅੰਦਰ ਹੀ ਹੁੰਦੇ ਹਨ

ਸਰੋਤ: ਇੰਡੀਆ ਹਿਊਮਨ ਡਿਵੈਲਪਮੈਂਟ ਸਰਵੇ, 2005 ਤੇ ਕੌਮੀ ਪਰਿਵਾਰ ਸਿਹਤ ਸਰਵੇਖਣ 2006, ਆਰਈਡੀਐੱਸ-1999

ਲਾਈਨ

ਲਿੰਗ ਅਨੁਪਾਤ ਪਿੱਛੇ ਦਹੇਜ ਇੱਕ ਵੱਡਾ ਕਾਰਨ

ਮਾਦਾ ਭਰੂਣ ਗਰਭਪਾਤ

ਤਸਵੀਰ ਸਰੋਤ, NARINDER NANU

ਦਾਜ ਖ਼ਿਲਾਫ਼ ਮੁਹਿੰਮ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਭਾਰਤ 'ਚ ਲਿੰਗ ਅਨੁਪਾਤ ਦੇ ਪਿੱਛੇ ਇੱਕ ਵੱਡਾ ਕਾਰਨ ਦਾਜ ਵੀ ਹੈ।

ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਪਰਿਵਾਰਾਂ ਦੁਆਰਾ ਪ੍ਰੀ-ਨੈਟਲ ਲਿੰਗ ਸਕ੍ਰੀਨਿੰਗ ਟੈਸਟਾਂ ਦੀ ਵਰਤੋਂ ਕਰਦੇ ਹੋਏ ਹਰ ਸਾਲ ਲਗਭਗ 400,000 ਮਾਦਾ ਭਰੂਣ ਗਰਭਪਾਤ ਕਰ ਦਿੱਤੇ ਜਾਂਦੇ ਹਨ।

ਅਜਿਹੇ ਪਰਿਵਾਰ ਸੋਚਦੇ ਹਨ ਕਿ ਧੀਆਂ ਲਈ ਉਨ੍ਹਾਂ ਨੂੰ ਦਾਜ ਦੇਣਾ ਪਵੇਗਾ।

ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ

ਵਿਆਹ

ਤਸਵੀਰ ਸਰੋਤ, INDRANIL MUKHERJEE/AFP/GETTY IMAGES

ਭੋਪਾਲ ਦੇ ਪੁਲਿਸ ਮੁਖੀ ਹਰੀਨਾਰਾਇਣ ਚਾਰੀ ਮਿਸ਼ਰਾ ਨੂੰ ਸੰਬੋਧਿਤ ਆਪਣੀ ਪਟੀਸ਼ਨ ਵਿੱਚ, ਗੁੰਜਨ ਨੇ ਕਿਹਾ ਹੈ ਕਿ ਇਸ ਦਾ ਇੱਕੋ-ਇੱਕ ਹੱਲ ਵਿਆਹ ਵਾਲੀਆਂ ਥਾਵਾਂ 'ਤੇ ਛਾਪੇਮਾਰੀ ਕਰਨਾ ਅਤੇ ਦਾਜ ਦੇਣ ਜਾਂ ਲੈਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨਾ ਹੈ।

ਉਹ ਕਹਿੰਦੇ ਹਨ, "ਸਜ਼ਾ ਦਾ ਡਰ ਇਸ ਭੈੜੀ ਪ੍ਰਥਾ ਨੂੰ ਰੋਕਣ ਵਿੱਚ ਮਦਦ ਕਰੇਗਾ।''

ਪਿਛਲੇ ਹਫ਼ਤੇ, ਗੁੰਜਨ ਨੇ ਪੁਲਿਸ ਮੁਖੀ ਹਰੀਨਾਰਾਇਣ ਚਾਰੀ ਮਿਸ਼ਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਆਪਣੀ ਇਸ ਲੜਾਈ ਵਿੱਚ ਸਹਿਯੋਗ ਦੀ ਬੇਨਤੀ ਕੀਤੀ ਹੈ।

ਗੁੰਜਨ ਨੇ ਕਿਹਾ ਕਿ ਪੁਲਿਸ ਮੁਖੀ ਨੇ ਮੈਨੂੰ ਦੱਸਿਆ, "ਦਾਜ ਇੱਕ ਸਮਾਜਿਕ ਬੁਰਾਈ ਹੈ ਅਤੇ ਅਸੀਂ ਇਸ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਮੈਂ ਸਾਰੇ ਥਾਣਿਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵੀ ਮਹਿਲਾ ਉਨ੍ਹਾਂ ਕੋਲ ਆਉਂਦੀ ਹੈ, ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ।"

ਪਰ ਨਾਲ ਹੀ ਉਹ ਕਹਿੰਦੇ ਹਨ ਕਿ "ਪੁਲਿਸ ਦੀਆਂ ਆਪਣੀਆਂ ਸੀਮਾਵਾਂ ਹਨ, ਉਹ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦੇ ਅਤੇ ਮਾਨਸਿਕਤਾ ਨੂੰ ਬਦਲਣ ਲਈ, ਸਾਨੂੰ ਇਸ ਵਿਸ਼ੇ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ।''

ਦਾਜ ਕੋਈ ਇੱਕ ਵਾਰ ਦਾ ਭੁਗਤਾਨ ਨਹੀਂ

ਦਹੇਜ

ਤਸਵੀਰ ਸਰੋਤ, Getty Images

ਮਹਿਲਾ ਅਧਿਕਾਰ ਕਾਰਕੁਨ ਕਵਿਤਾ ਸ਼੍ਰੀਵਾਸਤਵ ਕਹਿੰਦੇ ਹਨ ਕਿ ਪੁਲਿਸ ਯਕੀਨੀ ਤੌਰ 'ਤੇ ਮਦਦ ਕਰ ਸਕਦੀ ਹੈ, ਪਰ ਦਾਜ ਨਾਲ ਨਜਿੱਠਣਾ ਇੱਕ ਗੁੰਝਲਦਾਰ ਮੁੱਦਾ ਹੈ।

ਉਹ ਕਹਿੰਦੇ ਹਨ, "ਭਾਰਤ ਵਿੱਚ ਪੁਲਿਸ ਦਾ ਰਾਜ ਨਹੀਂ ਹੈ, ਪਰ ਇੱਥੇ ਦਾਜ ਰੋਕੂ ਕਾਨੂੰਨ ਹੈ ਅਤੇ ਸਾਨੂੰ ਇਸ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ।''

ਕਵਿਤਾ ਕਹਿੰਦੇ ਹਨ, ''ਦਾਜ ਅਕਸਰ ਲਾੜਿਆਂ ਦੇ ਲਾਲਚੀ ਪਰਿਵਾਰਾਂ ਨੂੰ ਕੋਈ ਇੱਕ ਵਾਰੀ ਦਾ ਭੁਗਤਾਨ ਨਹੀਂ ਹੁੰਦਾ, ਸਗੋਂ ਉਹ ਵਿਆਹ ਤੋਂ ਬਾਅਦ ਵੀ ਵੱਧ ਤੋਂ ਵੱਧ ਦੀ ਮੰਗ ਕਰਦੇ ਰਹਿੰਦੇ ਹਨ, ਕਿਉਂਕਿ "ਇਹ ਸੌਖਾ ਪੈਸਾ ਹੈ ਤੇ ਜਲਦੀ ਅਮੀਰ ਹੋਣ ਦਾ ਇੱਕ ਸਾਧਨ ਹੈ"।

ਕਵਿਤਾ ਨੇ ਉਨ੍ਹਾਂ ਔਰਤਾਂ ਦੀਆਂ ਉਦਾਹਰਣਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੂੰ ਜੀਵਨ ਭਰ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤ ਵਾਰ ਸੁਹਰਿਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਸੁਹਰੇ ਘਰ ਤੋਂ ਕੱਢ ਵੀ ਦਿੱਤਾ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦਾਜ ਦੀ ਲਾਹਨਤ ਨਾਲ ਤਾਂ ਹੀ ਲੜਿਆ ਜਾ ਸਕਦਾ ਹੈ ਜੇਕਰ ਨੌਜਵਾਨ ਮਰਦ ਅਤੇ ਔਰਤਾਂ ਇੱਕ ਸਟੈਂਡ ਲੈਣ ਅਤੇ ਦਾਜ ਦੇਣ ਜਾਂ ਸਵੀਕਾਰ ਕਰਨ ਤੋਂ ਇਨਕਾਰ ਕਰਨ।

ਗੁੰਜਨ ਵਿਆਹ ਕਰਨਾ ਚਾਹੁੰਦੇ ਹਨ ਪਰ ਦਾਜ ਦੇ ਖਿਲਾਫ਼ ਹਨ

ਗੁੰਜਨ

ਤਸਵੀਰ ਸਰੋਤ, GUNJAN TIWARI

ਗੁੰਜਨ ਕਹਿੰਦੇ ਹਨ ਕਿ ਉਹ ਵਿਆਹ ਕਰਨਾ ਚਾਹੁੰਦੇ ਹਨ ਕਿਉਂਕਿ "ਜ਼ਿੰਦਗੀ ਲੰਬੀ ਹੈ ਅਤੇ ਮੈਂ ਇਸ ਨੂੰ ਇੱਕਲਿਆਂ ਨਹੀਂ ਗੁਜ਼ਾਰ ਸਕਦੀ", ਪਰ ਉਹ ਇਸ ਗੱਲ 'ਤੇ ਪੱਕੇ ਹਨ ਕਿ ਉਹ ਦਾਜ ਨਹੀਂ ਦੇਣਗੇ।

ਪਰ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ, ਗੁੰਜਨ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬੇਚੈਨੀ ਵਧਦੀ ਜਾ ਰਹੀ ਹੈ।

ਗੁੰਜਨ ਕਹਿੰਦੇ ਹਨ, "ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਵਿੱਚ ਮੇਰੇ ਜੱਦੀ ਪਿੰਡ ਵਿੱਚ ਮੇਰੇ ਰਿਸ਼ਤੇਦਾਰਾਂ 'ਚ, ਇੱਕ 25 ਸਾਲ ਦੀ ਉਮਰ ਵਾਲੀ ਮਹਿਲਾ ਨੂੰ ਵਿਆਹ ਦੇ ਨਜ਼ਰੀਏ ਤੋਂ ਬੁੱਢੀ ਸਮਝਿਆ ਜਾਂਦਾ ਹੈ।''

ਇਸ ਲਈ ਉਨ੍ਹਾਂ ਦੇ ਪਿਤਾ ਨਿਯਮਿਤ ਤੌਰ 'ਤੇ ਅਖਬਾਰਾਂ 'ਚ ਵਿਆਹ ਸੰਬੰਧੀ ਕਾਲਮਾਂ ਨੂੰ ਪੜ੍ਹਦੇ ਹਨ ਅਤੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੀ ਨਜ਼ਰ 'ਚ ਕੋਈ ਮੁੰਡਾ ਹੋਵੇ ਤਾਂ ਉਨ੍ਹਾਂ ਨੂੰ ਜ਼ਰੂਰ ਦੱਸਣ।

ਗੁੰਜਨ ਦੇ ਪਿਤਾ 2,000 ਤੋਂ ਵੱਧ ਮੈਂਬਰਾਂ ਵਾਲੇ ਇੱਕ ਵੱਟਸਐਪ ਗਰੁੱਪ ਵਿੱਚ ਸ਼ਾਮਲ ਹੋ ਗਏ ਹਨ, ਜਿੱਥੇ ਉਨ੍ਹਾਂ ਦੀ ਜਾਤੀ ਦੇ, ਉਨ੍ਹਾਂ ਵਰਗੇ ਪਰਿਵਾਰ ਆਪਣੇ ਬੱਚਿਆਂ ਦੇ ਰੈਜ਼ਿਊਮੇ ਸਾਂਝੇ ਕਰਦੇ ਹਨ।

ਗੁੰਜਨ ਕਹਿੰਦੇ ਹਨ, "ਜ਼ਿਆਦਾਤਰ ਲੋਕ ਇੱਕ ਸ਼ਾਨਦਾਰ ਵਿਆਹ ਚਾਹੁੰਦੇ ਹਨ, ਜਿਸ ਵਿੱਚ 50 ਲੱਖ ਰੁਪਏ ਜਾਂ ਇਸ ਤੋਂ ਵੱਧ ਖਰਚ ਕੀਤਾ ਜਾਵੇ। ਮੇਰੇ ਪਿਤਾ ਇਸ ਦਾ ਅੱਧਾ ਹੀ ਲਗਾ ਸਕਦੇ ਹਨ।"

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਦਾਜ ਤੋਂ ਬਿਨਾਂ ਵਿਆਹ ਕਰਨ ਦੀ ਜ਼ਿੱਦ ਨੇ ਉਨ੍ਹਾਂ ਦੇ ਮਾਪਿਆਂ ਦਾ ਜੀਵਨ ਹੋਰ ਮੁਸ਼ਕਲ ਬਣਾ ਦਿੱਤਾ ਹੈ।

ਗੁੰਜਨ ਮੁਤਾਬਕ, "ਮੇਰੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਰੇ ਲਈ ਲਾੜਾ ਲੱਭਣਾ ਸ਼ੁਰੂ ਕੀਤੇ ਨੂੰ ਅਜੇ ਸਿਰਫ਼ ਛੇ ਸਾਲ ਹੀ ਹੋਏ ਹਨ। ਉਹ ਕਹਿੰਦੇ ਹਨ ਕਿ ਦਾਜ ਤੋਂ ਬਿਨਾਂ ਤਾਂ ਜੇ ਉਹ 60 ਸਾਲ ਵੀ ਲੱਭਦੇ ਰਹਿਣਗੇ ਤਾਂ ਵੀ ਮੇਰੇ ਲਈ ਮੁੰਡਾ ਨਹੀਂ ਲੱਭ ਸਕਣਗੇ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)