ਭਾਰਤ ਦੀ ਪਹਿਲੀ ਮਹਿਲਾ ਮਾਓਵਾਦੀ ਕਮਾਂਡਰ ਨੇ 25 ਸਾਲ ਬਾਅਦ ਕਿਉਂ ਕੀਤਾ ਸੀ ਆਤਮ-ਸਮਰਪਣ

ਤਸਵੀਰ ਸਰੋਤ, Devakka
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ, ਤੇਲੰਗਾਨਾ ਤੋਂ
ਸ਼ੰਬਾਲਾ ਦੇਵੀ ਮੈਨੂੰ ਆਪਣੀ ਇੱਕ ਪੁਰਾਣੀ ਤਸਵੀਰ ਦਿਖਾਉਂਦੀ ਹੈ। ਜਿਸ ਵਿੱਚ ਉਨ੍ਹਾਂ ਨੇ ਗੂੜ੍ਹੇ ਹਰੇ ਰੰਗ ਦੀ ਸ਼ਰਟ ਤੇ ਪੈਂਟ ਪਹਿਨੀ ਹੈ। ਹੱਥ ਵਿੱਚ ਏਕੇ-47 ਰਾਈਫ਼ਲ ਹੈ। ਲੱਕ 'ਤੇ ਵਾਕੀ-ਟਾਕੀ ਹੈ।
ਅਜਿਹੀਆਂ ਸਿਰਫ਼ ਦੋ ਹੀ ਤਸਵੀਰਾਂ ਉਨ੍ਹਾਂ ਦੇ ਕੋਲ ਹਨ। ਇਹ 25 ਸਾਲ ਪਹਿਲਾਂ ਖਿੱਚੀਆਂ ਗਈਆਂ ਸਨ। ਫੋਟੋ ਉਸ ਵੇਲੇ ਦੀ ਹੈ, ਜਦੋਂ ਉਹ ਭਾਰਤ ਦੇ ਮਾਓਵਾਦੀ ਵਿਦਰੋਹ ਦੀ 'ਮਹਿਲਾ' ਕਮਾਂਡਰ ਬਣੀ ਸੀ।
ਪੱਚੀ ਸਾਲ ਜੰਗਲ ਵਿੱਚ ਰਹਿਣ ਬਾਅਦ ਸਾਲ 2014 ਵਿੱਚ ਉਨ੍ਹਾਂ ਨੇ ਹਥਿਆਰ ਛੱਡ ਕੇ ਆਤਮ ਸਮਰਪਣ ਕਰ ਦਿੱਤਾ।
ਇਸ ਦਰਮਿਆਨ ਉਨ੍ਹਾਂ ਨੇ ਕਈ ਵਾਰ ਆਪਣਾ ਨਾਮ ਬਦਲਿਆ। ਜਦੋਂ ਵਿਦਰੋਹੀਆਂ ਵਿੱਚ ਸ਼ਾਮਲ ਹੋਈ, ਉਨ੍ਹਾਂ ਨੇ ਦੇਵੱਕਾ ਨਾਮ ਰੱਖਿਆ। ਵਿਦਰੋਹੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਵੱਟੀ ਅਡਿਮੇ ਸੀ।

ਦੇਵੀ ਦੇ ਪਤੀ ਰਵਿੰਦਰ ਵੀ ਮਾਓਵਾਦੀ ਕਮਾਂਡਰ ਸਨ। ਉਨ੍ਹਾਂ ਦੇ ਤਰਜਬੇ ਦਰਜਨਾਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦਰਜ ਹਨ। ਦੂਜੇ ਪਾਸੇ, ਦੇਵੀ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ ਹੈ।
ਅਸੀਂ ਉਨ੍ਹਾਂ ਦੇ ਹਥਿਆਰਬੰਦ ਮਾਓਵਾਦੀ ਕਮਾਂਡਰ ਬਣਨ ਅਤੇ ਸਰੰਡਰ ਕਰਨ ਦੀ ਕਹਾਣੀ ਜਾਨਣਾ ਚਾਹੁੰਦੇ ਸੀ।
ਸ਼ੁਰੂਆਤ ਵਿੱਚ ਉਹ ਆਪਣੀ ਜ਼ਿੰਦਗੀ ਦੀ ਕਹਾਣੀ ਸਾਡੇ ਨਾਲ ਸਾਂਝੀ ਕਰਨ ਤੋਂ ਝਿਜਕੇ। ਅਖ਼ੀਰ, ਉਹ ਆਪਣੇ ਪਿੰਡ ਵਿੱਚ ਮਿਲਣ ਲਈ ਰਾਜ਼ੀ ਹੋ ਗਏ। ਅਸੀਂ ਉਸ ਨੂੰ ਮਿਲਣ ਲਈ ਉੱਥੇ ਚਲੇ ਗਏ।
ਦੇਵੀ ਹੁਣ 50 ਸਾਲ ਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮਿਲੇ, ਉਨ੍ਹਾਂ ਨੇ ਫ਼ਿਰੋਜ਼ੀ ਸਾੜੀ ਪਾਈ ਹੋਈ ਸੀ ਅਤੇ ਉੱਚੀ ਕਰ ਕੇ ਬੰਨ੍ਹੀ ਹੋਈ ਸੀ ਤਾਂ ਕਿ ਕੰਮ ਕਰਦਿਆਂ ਗਿੱਲੀ ਨਾ ਹੋਵੇ।
ਉਨ੍ਹਾਂ ਨੇ ਸਾਡੇ ਲਈ ਚਾਹ ਬਣਾਈ। ਸਾਡੀ ਗੱਲਬਾਤ ਕਈ ਟੁੱਕੜਿਆਂ ਵਿੱਚ ਹੋਈ। ਇਸ ਵਿਚਕਾਰ ਉਹ ਦਾਤਰੀ ਲੈ ਕੇ ਖੇਤ ਵਿੱਚ ਕੰਮ ਕਰਨ ਵੀ ਗਈ। ਅਸੀਂ ਉੱਥੇ ਵੀ ਨਾਲ ਗਏ ਅਤੇ ਗੱਲਾਂ ਕੀਤੀਆਂ।

ਹਥਿਆਰਬੰਦ ਮਾਓਵਾਦੀਆਂ ਨਾਲ ਜੁੜਨਾ
ਗੱਲ ਉਸ ਵੇਲੇ ਦੀ ਹੈ, ਜਦੋਂ ਹਥਿਆਰਬੰਦ ਮਾਓਵਾਦੀਆਂ ਦੇ ਦਸਤੇ ਵਿੱਚ ਬਹੁਤ ਘੱਟ ਮਹਿਲਾਵਾਂ ਸਨ। ਉਦੋਂ ਦੇਵੀ ਨੇ ਆਮ ਘਰੇਲੂ ਪੇਂਡੂ ਜ਼ਿੰਦਗੀ ਛੱਡ ਕੇ ਵਿਦਰੋਹੀ ਸਿਆਸਤ ਅਤੇ 'ਗੁਰੀਲਾ ਯੁੱਧ' ਦਾ ਰਾਹ ਚੁਣਿਆ।
ਉਨ੍ਹਾਂ ਨੇ ਦੱਸਿਆ, "ਜਦੋਂ ਜ਼ਮੀਨ ਨਹੀਂ ਸੀ, ਗਰੀਬ ਸੀ ਅਤੇ ਅਕਸਰ ਭੁੱਖੇ ਰਹਿੰਦੇ ਸੀ। ਸਾਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ ਸਨ। ਜਦੋਂ ਅਸੀਂ ਜੰਗਲ ਦੀ ਜ਼ਮੀਨ ਵਿੱਚ ਵਾਹੀ ਦੀ ਕੋਸ਼ਿਸ਼ ਕਰਦੇ ਸੀ ਤਾਂ ਜੰਗਲਾਤ ਅਧਿਕਾਰੀ ਸਾਨੂੰ ਕੁੱਟਦੇ ਸਨ। ਉਹ ਪੁਲਿਸ ਨਾਲ ਮਿਲੇ ਹੋਏ ਸੀ।"
ਜੰਗਲ ਦੀ ਜ਼ਮੀਨ 'ਤੇ ਖੇਤੀ ਕਰਨਾ ਗ਼ੈਰ-ਕਾਨੂੰਨੀ ਹੈ। ਸਥਾਨਕ ਲੋਕ ਅਤੇ ਐਕਟਿਵਿਸਟ ਕਹਿੰਦੇ ਹਨ ਕਿ ਪਿੰਡ ਵਾਲਿਆਂ ਨੂੰ ਰੋਕਣਾ ਅਤੇ ਉਨ੍ਹਾਂ ਨੂੰ ਜਬਰਨ ਬਾਹਰ ਕੱਢਣਾ ਆਮ ਗੱਲ ਸੀ।
ਦੇਵੀ ਦੱਸਦੇ ਹਨ ਕਿ ਉਹ ਸਿਰਫ਼ 13 ਸਾਲ ਦੇ ਸੀ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਜੰਗਲਾਤ ਅਧਿਕਾਰੀਆਂ ਵੱਲੋਂ ਵਾਰ-ਵਾਰ ਕੁੱਟਦਿਆਂ ਦੇਖਿਆ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਇਹ ਸਭ ਦੇਖਣ ਬਾਅਦ ਦੇਵੀ ਨੇ ਘਰ ਛੱਡ ਦਿੱਤਾ ਅਤੇ ਹਿੰਸਾ ਦਾ ਰਾਹ ਚੁਣ ਲਿਆ। ਉਹ ਦਾਅਵਾ ਕਰਦੇ ਹਨ, " ਆਪਣੀ ਗੱਲ ਕਹਿਣ ਦਾ ਇੱਕ ਹੀ ਤਰੀਕਾ ਸੀ-ਬੰਦੂਕ ਦੀ ਨੋਕ 'ਤੇ।"
ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕੇ ਪਿੰਡ ਵਾਲਿਆਂ ਨੇ ਅਧਿਕਾਰੀਆਂ ਕੋਲ ਸ਼ਿਕਾਇਤ ਕਿਉਂ ਨਹੀਂ ਕੀਤੀ ? ਉਨ੍ਹਾਂ ਨੇ ਕਿਹਾ, "ਪੁਲਿਸ ਕਦੇ ਸਾਡੀ ਨਹੀਂ ਸੁਣਦੀ ਸੀ ਅਤੇ ਜੰਗਲਾਤ ਅਧਿਕਾਰੀ ਉਦੋਂ ਹੀ ਪਿੱਛੇ ਹਟਦੇ ਸੀ, ਜਦੋਂ ਮਾਓਵਾਦੀ ਆਉਂਦੇ ਸੀ।"

ਤਸਵੀਰ ਸਰੋਤ, Devakka
ਸਰਕਾਰ ਦਾ ਮਾਓਵਾਦ ਦੇ ਅੰਤ ਬਾਰੇ ਦਾਅਵਾ
ਦੇਵੀ ਸਾਲ 1988 ਵਿੱਚ ਹਥਿਆਰਬੰਦ ਮਾਓਵਾਦੀਆਂ ਨਾਲ ਜੁੜੀ। ਸਾਲ 2000 ਦੇ ਦਹਾਕੇ ਵਿੱਚ ਮਾਓਵਾਦੀ ਵਿਦਰੋਹ ਸਿਖ਼ਰ 'ਤੇ ਸੀ। ਇਹ 10 ਸੂਬਿਆਂ ਵਿੱਚ ਫੈਲਿਆ ਹੋਇਆ ਸੀ ਅਤੇ ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ। ਇਸ ਦਾ ਗੜ੍ਹ ਮੱਧ ਅਤੇ ਪੂਰਵ ਭਾਰਤ ਦੇ ਦੂਰ-ਦੁਰਾਡੇ ਦੇ ਜੰਗਲਾਂ ਵਿੱਚ ਸੀ।
ਭਾਰਤ ਦਾ ਇਹ ਮਾਓਵਾਦੀ ਵਿਦਰੋਹ ਚੀਨੀ ਕ੍ਰਾਂਤੀਕਾਰੀ ਮਾਓਤਸੇ ਤੁੰਗ ਦੇ ਰਾਜ ਸੱਤਾ ਖ਼ਿਲਾਫ਼ ਜਨ ਯੁੱਧ ਦੀ ਵਿਚਾਰਧਾਰਾ 'ਤੇ ਅਧਾਰਤ ਹੈ।
ਸਾਲ 1967 ਵਿੱਚ ਪੱਛਮ ਬੰਗਾਲ ਦੇ ਨਕਸਲਵਾੜੀ ਪਿੰਡ ਵਿੱਚ ਹਥਿਆਰਬੰਦ ਕਿਸਾਨ ਵਿਦਰੋਹ ਹੋਇਆ ਸੀ। ਇਸ ਨਾਲ ਜੋੜ ਕੇ ਇਸ ਨੂੰ ਨਕਸਲਵਾਦੀ ਅੰਦੋਲਨ ਵੀ ਕਿਹਾ ਜਾਂਦਾ ਹੈ।
ਦਹਾਕਿਆਂ ਤੋਂ ਚੱਲੇ ਆ ਰਹੇ ਇਸ ਹਿੰਸਕ ਵਿਦਰੋਹ ਵਿੱਚ ਕਈ ਉਤਾਰ-ਚੜ੍ਹਾਅ ਆਏ। ਪਿਛਲੇ ਸਾਲਾਂ ਵਿੱਚ ਇਹ ਕਾਫ਼ੀ ਕਮਜ਼ੋਰ ਹੋਇਆ ਹੈ।
ਘਾਤ ਲਗਾ ਕੇ ਵਾਰ ਕਰਨ ਦੇ ਗੁਰੀਲਾ ਤਰੀਕੇ ਅਪਣਾਉਣ ਵਾਲੇ ਇਨ੍ਹਾਂ ਵਿਦਰੋਹੀਆਂ ਦਾ ਕਹਿਣਾ ਹੈ ਕਿ ਉਹ ਗਰੀਬ ਭਾਈਚਾਰੇ ਵਿਚਕਾਰ ਨਿਆਂਪੂਰਨ ਤਰੀਕੇ ਨਾਲ ਜ਼ਮੀਨ ਵੰਡਣ ਅਤੇ ਹਥਿਆਰਬੰਦ ਸੰਘਰਸ਼ ਨਾਲ ਸਰਕਾਰ ਨੂੰ ਹਟਾ ਕੇ ਕਮਿਊਨਿਸਟ ਸਮਾਜ ਦੀ ਸਥਾਪਨਾ ਲਈ ਲੜ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਨ੍ਹਾਂ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਦੀ ਦਹਾਕਿਆਂ ਤੋਂ ਅਣਦੇਖੀ ਕੀਤੀ ਹੈ। ਜੰਗਲ ਦੀ ਜ਼ਮੀਨ ਵੱਡੀਆਂ ਕੰਪਨੀਆਂ ਕੋਲ ਨਿਲਾਮ ਕਰ ਰਹੀ ਹੈ।
ਦੂਜੇ ਪਾਸੇ, ਸਰਕਾਰ ਦਾ ਤਰਕ ਹੈ ਕਿ ਇਹ ਪੇਂਡੂ ਭਾਈਚਾਰੇ ਜੰਗਲ ਦੀ ਜ਼ਮੀਨ 'ਤੇ ਮਾਲਿਕਾਨਾ ਹੱਕ ਨਹੀਂ ਰੱਖਦੇ। ਉਸ 'ਤੇ ਵਾਹੀ ਨਹੀਂ ਕਰ ਸਕਦੇ। ਇਹੀ ਨਹੀਂ, ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ ਉਦਯੋਗਾਂ ਜ਼ਰੀਏ ਹੀ ਵਿਕਾਸ ਹੋਵੇਗਾ ਅਤੇ ਨੌਕਰੀਆਂ ਮਿਲਣਗੀਆਂ।
ਇਸ ਸਾਲ ਜੂਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲਵਾਦ ਨੂੰ 'ਗਰੀਬ ਆਦੀਵਾਸੀ ਖੇਤਰਾਂ ਲਈ ਵੱਡੀ ਤ੍ਰਾਸਦੀ' ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਹੀ ਆਦੀਵਾਦੀ ਲੋਕ "ਭੋਜਨ, ਬਿਜਲੀ, ਸਿੱਖਿਆ, ਰਿਹਾਇਸ਼, ਸ਼ੌਚ ਅਤੇ ਪੀਣ ਵਾਲੇ ਸਾਫ਼ ਪਾਣੀ ਜਿਹੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹੇ।"
ਸਰੰਡਰ ਲਈ ਰਾਜ਼ੀ ਨਾ ਹੋਣ ਵਾਲੇ ਮਾਓਵਾਦੀਆਂ 'ਤੇ ਹੁਣ ਸਰਕਾਰ ਨੇ "ਰੂਥਲੈਸ ਅਪਰੋਚ" ਅਤੇ "ਜ਼ੀਰੋ ਟਾਲਰੈਂਸ ਨੀਤੀ" ਅਪਣਾਈ ਹੈ। ਇਸ 'ਤੇ ਅਮਲ ਕਰਨ ਲਈ ਸੁਰੱਖਿਆ ਬਲਾਂ ਨੇ ਆਪਣਾ ਅਭਿਆਨ ਤੇਜ਼ ਕਰ ਦਿੱਤਾ ਹੈ।
ਗ੍ਰਹਿ ਮੰਤਰੀ ਨੇ ਐਲਾਨ ਕੀਤਾ ਹੈ 31 ਮਾਰਚ 2026 ਤੱਕ ਭਾਰਤ ਨਕਸਲ-ਮੁਕਤ ਹੋ ਜਾਏਗਾ।

ਸੰਘਰਸ਼ ਵਿੱਚ ਮਾਰੇ ਗਏ ਲੋਕ
ਦੇਵੀ ਦੇ 1980 ਦੇ ਦਹਾਕੇ ਦੇ ਦਾਅਵਿਆਂ ਦੀ ਅਜ਼ਾਦ ਤੌਰ 'ਤੇ ਪੁਸ਼ਟੀ ਕਰਨਾ ਸਾਡੇ ਲਈ ਸੰਭਵ ਨਹੀਂ ਹੈ।
ਉਨ੍ਹਾਂ ਮੁਤਾਬਕ, ਇਸ ਦੌਰਾਨ ਉਹ ਤੀਹ ਲੋਕਾਂ ਦੀ ਪਲਟਨ ਦੀ ਅਗਵਾਈ ਕਰਦਿਆਂ ਕਦੇ ਵੀ ਇੱਕ ਥਾਂ ਨਹੀਂ ਰੁਕੇ। ਸੁਰੱਖਿਆ ਬਲਾਂ 'ਤੇ ਘਾਤ ਲਗਾ ਕੇ ਹਮਲਾ ਕਰਨ ਦੇ ਮਕਸਦ ਨਾਲ ਉਹ ਵੱਖ-ਵੱਖ ਸੂਬਿਆਂ ਵਿੱਚ ਘੁੰਮਦੇ ਰਹੇ।
ਉਹ ਦੱਸਦੇ ਹਨ, "ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਘਾਤ ਲਗਾ ਕੇ ਹਮਲਾ ਕੀਤਾ। 45 ਕਿੱਲੋ ਦੀ ਲੈਂਡਮਾਈਨ ਵਿਛਾਈ ਅਤੇ ਇੱਕ ਮਾਈਨ-ਪਰੂਫ ਗੱਡੀ ਉਡਾ ਦਿੱਤੀ। ਉਸ ਵਿੱਚ ਕਈ ਸੁਰੱਖਿਆ ਮੁਲਾਜ਼ਮ ਮਾਰੇ ਗਏ।"
ਉਹ ਅਜਿਹੇ ਹਮਲਿਆਂ ਦੀ ਅਗਵਾਈ 'ਤੇ ਮਾਣ ਕਰਦੀ ਹੈ। ਇਹੀ ਨਹੀਂ, ਇਹ ਸਾਫ਼ ਹੈ ਕਿ ਉਨ੍ਹਾਂ ਵਿੱਚ ਮਾਰੇ ਗਏ ਸੁਰੱਖਿਆ ਬਲਾਂ ਲਈ ਉਨ੍ਹਾਂ ਨੂੰ ਕੋਈ ਪਛਤਾਵਾ ਵੀ ਨਹੀਂ ਹੈ। ਹਾਲਾਂਕਿ, ਅਸੀਂ ਉਨ੍ਹਾਂ ਦੇ ਹੱਥੋਂ ਮਾਰੇ ਗਏ ਲੋਕਾਂ ਬਾਰੇ ਜ਼ੋਰ ਦੇ ਕੇ ਕਈ ਸਵਾਲ ਕੀਤੇ।
ਉਹ ਉਨ੍ਹਾਂ ਆਮ ਨਾਗਰਿਕਾਂ ਦੀ ਮੌਤ ਲਈ ਦੁੱਖ ਜ਼ਰੂਰ ਜ਼ਾਹਿਰ ਕਰਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਗ਼ਲਤੀ ਨਾਲ ਪੁਲਿਸ ਦੇ ਖ਼ਬਰੀ ਸਮਝ ਕੇ ਮਾਰ ਦਿੱਤਾ ਜਾਂ ਉਹ ਜੋ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਦੌਰਾਨ ਗੋਲਾਬਾਰੀ ਵਿੱਚ ਫਸ ਕੇ ਮਾਰੇ ਗਏ।
ਉਨ੍ਹਾਂ ਮੁਤਾਬਕ, "ਇਹ ਗਲਤ ਲੱਗਦਾ ਸੀ, ਕਿਉਂਕਿ ਅਸੀਂ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ। ਮੈਂ ਉਨ੍ਹਾਂ ਦੇ ਪਿੰਡ ਜਾਂਦੀ ਅਤੇ ਪਰਿਵਾਰਾਂ ਤੋਂ ਮਾਫੀ ਮੰਗਦੀ ਸੀ।"
ਉਹ ਇੱਕ ਘਟਨਾ ਬਾਰੇ ਦੱਸਦੇ ਹਨ ਕਿ ਇੱਕ ਵਾਰ ਜਦੋਂ ਉਨ੍ਹਾਂ ਦੀ ਪਲਟਨ ਨੇ ਸੁਰੱਖਿਆ ਮੁਲਾਜ਼ਮਾਂ 'ਤੇ ਘਾਤ ਲਗਾ ਕੇ ਹਮਲਾ ਕੀਤਾ, ਉਦੋਂ ਇੱਕ ਸੁਰੱਖਿਆ ਮੁਲਾਜ਼ਮ ਦੀ ਮੋਟਰਸਾਈਕਲ 'ਤੇ ਬੈਠਾ ਇੱਕ ਆਮ ਨਾਗਰਿਕ ਵੀ ਲਪੇਟ ਵਿੱਚ ਆ ਕੇ ਮਾਰਿਆ ਗਿਆ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਬਹੁਤ ਗੁੱਸੇ ਵਿੱਚ ਸੀ, ਰੋ ਰਹੀ ਸੀ ਅਤੇ ਪੁੱਛ ਰਹੀ ਸੀ ਕਿ ਪਲਟਨ ਨੇ ਰਾਤ ਨੂੰ ਹਮਲਾ ਕਿਉਂ ਕੀਤਾ ? ਉਸ ਵੇਲੇ ਆਮ ਨਾਗਰਿਕਾਂ ਨੂੰ ਪਛਾਨਣਾ ਮੁਸ਼ਕਿਲ ਹੁੰਦਾ ਹੈ। ਦੇਵੀ ਮੁਤਾਬਕ, ਰਾਤ ਵੇਲੇ ਹਮਲੇ ਜ਼ਿਆਦਾ ਅਸਰਦਾਰ ਹੁੰਦੇ ਹਨ।
ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਮਾਰਿਆ ਹੋਵੇਗਾ। ਪਰ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਹਿੰਸਕ ਝੜਪਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਆਦੀਵਾਸੀ ਭਾਈਚਾਰੇ ਤੋਂ ਸਨ।

ਤਸਵੀਰ ਸਰੋਤ, Devakka
ਮਾਓਵਾਦੀਆਂ ਦੇ ਸੰਘਰਸ਼ ਵਿੱਚ ਕਿੰਨੇ ਲੋਕ ਮਾਰੇ ਗਏ?
ਦੱਖਣ ਏਸ਼ੀਆ ਵਿੱਚ ਅੱਤਵਾਦ ਅਤੇ 'ਲੋ ਇਨਟੈਸਿਟੀ ਵਾਰਫੇਅਰ' ਦੇ ਸਭ ਤੋਂ ਵੱਡੇ ਡਾਟਾਬੇਸ 'ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ' ਮੁਤਾਬਕ ਇਸ ਸੰਘਰਸ਼ ਵਿੱਚ ਸਾਲ 2000 ਤੋਂ 2025 ਤੱਕ ਤਕਰੀਬਨ 12 ਹਜ਼ਾਰ ਲੋਕਾਂ ਦੀ ਜਾਨ ਗਈ ਹੈ।
ਇਨ੍ਹਾਂ ਵਿੱਚ ਘੱਟੋ-ਘੱਟ 4900 ਮਾਓਵਾਦੀ, 4000 ਆਮ ਨਾਗਰਿਕ ਅਤੇ 2700 ਸੁਰੱਖਿਆ ਮੁਲਾਜ਼ਮ ਸ਼ਾਮਲ ਹਨ।
ਹਿੰਸਾ ਝੱਲਣ ਅਤੇ ਆਪਣਿਆਂ ਨੂੰ ਗਵਾ ਦੇਣ ਵਾਲੇ ਲੋਕਾਂ ਦੀ ਅਲੋਚਨਾ ਦੇ ਬਾਵਜੂਦ ਦੇਵੀ ਦਾਅਵਾ ਕਰਦੇ ਹਨ ਕਿ ਸਥਾਨਕ ਪੇਂਡੂ ਲੋਕ ਅਕਸਰ ਮਾਓਵਾਦੀਆਂ ਦਾ ਸਮਰਥਨ ਕਰਦੇ ਸਨ। ਉਨ੍ਹਾਂ ਨੂੰ ਖਾਣਾ ਅਤੇ ਹੋਰ ਚੀਜ਼ਾਂ ਦਿੰਦੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਕਈ ਆਦੀਵਾਸੀ ਭਾਈਚਾਰੇ ਮਾਓਵਾਦੀਆਂ ਨੂੰ ਆਪਣਾ ਮਸੀਹਾ ਮੰਨਦੇ ਸੀ। ਉਨ੍ਹਾਂ ਮੁਤਾਬਕ, ਜੋ ਇਲਾਕੇ ਮਾਓਵਾਦੀਆਂ ਦੇ ਕਾਬੂ ਵਿੱਚ ਆਏ ਉੱਥੇ ਜੰਗਲ ਦੀ ਜ਼ਮੀਨ ਆਮ ਲੋਕਾਂ ਵਿੱਚ ਵੰਡੀ ਗਈ। ਉਨ੍ਹਾਂ ਨੂੰ ਪਾਣੀ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਮਦਦ ਕੀਤੀ।

ਤਸਵੀਰ ਸਰੋਤ, Shambala Devi
ਚੁਣੌਤੀਆਂ ਅਤੇ ਅਜ਼ਾਦੀ
ਸ਼ੁਰੂਆਤ ਵਿੱਚ ਗੁਰੀਲਾ ਯੁੱਧ ਦੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦੇਵੀ ਲਈ ਨਵੀਆਂ ਸਨ। ਉਨ੍ਹਾਂ ਨੇ ਪਹਿਲਾਂ ਕਦੇ ਜਨਤਕ ਤੌਰ 'ਤੇ ਆਦਮੀਆਂ ਨਾਲ ਗੱਲ ਨਹੀਂ ਕੀਤੀ ਸੀ।
ਇਸ ਲਈ ਉਸ ਨੂੰ ਉਨ੍ਹਾਂ ਦੀ ਅਗਵਾਈ ਕਰਨੀ ਅਤੇ ਹੁਕਮ ਦੇਣਾ ਸਿੱਖਣਾ ਪਿਆ। ਉਹ ਦੱਸਦੀ ਹੈ ਕਿ ਆਦਮੀ ਉਨ੍ਹਾਂ ਦੀ ਇੱਜ਼ਤ ਕਰਦੇ ਸੀ ਕਿਉਂਕਿ ਉਨ੍ਹਾਂ ਨੇ ਕਈ ਸਾਲ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਬਾਅਦ ਇਹ ਮੁਕਾਮ ਹਾਸਲ ਕੀਤਾ ਸੀ।
ਉਨ੍ਹਾਂ ਮੁਤਾਬਕ, ਮਾਓਵਾਦੀਆਂ ਸੰਗਠਨ ਵਿੱਚ ਹਰ ਦਿਨ ਪਾਣੀ ਲਿਆਉਣ ਦੀ ਮਿਹਨਤ, ਔਰਤਾਂ ਦੀ ਜ਼ਿੰਮਵਾਰੀ ਸੀ। ਕੈਂਪਾਂ ਨੂੰ ਪਾਣੀ ਦੀਆਂ ਥਾਵਾਂ ਤੋਂ ਦੂਰ ਬਣਾਇਆ ਜਾਂਦਾ ਸੀ ਕਿਉਂਕਿ ਸੁਰੱਖਿਆ ਬਲ ਉੱਥੇ ਹੀ ਲੱਭਦੇ ਸੀ।
ਪਲਟਨਾਂ ਲਗਾਤਾਰ ਜੰਗਲਾਂ ਅਤੇ ਪਥਰੀਲੇ ਇਲਾਕਿਆਂ ਵਿੱਚ ਘੁੰਮਦੀਆਂ ਰਹਿੰਦੀਆਂ ਸੀ। ਮਹਾਵਾਰੀ ਦੇ ਮੁਸ਼ਕਿਲ ਦਿਨਾਂ ਵਿੱਚ ਵੀ ਔਰਤਾਂ ਲਈ ਕੋਈ ਰਾਹਤ ਨਹੀਂ ਸੀ।
ਪਰ ਦੇਵੀ ਇੱਕ 'ਅਜ਼ਾਦੀ' ਮਹਿਸੂਸ ਕਰਨ ਦੀ ਗੱਲ ਵੀ ਕਰਦੀ ਹੈ ਜੋ ਕਿ ਉਨ੍ਹਾਂ ਨੇ ਖ਼ੁਦ ਨੂੰ ਸਾਬਿਤ ਕਰ ਕੇ ਆਪਣੀ ਪਛਾਣ ਬਣਾ ਕੇ ਮਹਿਸੂਸ ਕੀਤੀ।
ਉਹ ਕਹਿੰਦੇ ਹਨ, "ਆਦੀਵਾਸੀ ਸਮਾਜ ਵਿੱਚ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਉਨ੍ਹਾਂ ਦੀ ਕੋਈ ਪਛਾਣ ਨਹੀਂ ਸੀ ਬਿਨ੍ਹਾਂ ਕਿਸੇ ਦੀ ਪਤਨੀ ਜਾਂ ਮਾਂ ਹੋਣ ਤੋਂ। ਪਰ ਮਾਓਵਾਦੀਆਂ ਸੰਗਠਨਾਂ ਵਿੱਚ ਸਾਡੇ ਕੰਮ ਨੂੰ ਪਛਾਣਿਆ ਜਾਂਦਾ ਸੀ, ਮੇਰੇ ਲਈ ਉਹ ਕਮਾਂਡਰ ਬਣਨਾ ਸੀ।"
ਦੇਵੀ ਦਾ ਦਾਅਵਾ ਹੈ ਕਿ ਜੇ ਉਹ ਆਪਣੇ ਪਿੰਡ ਵਿੱਚ ਹੀ ਰਹਿੰਦੀ ਤਾਂ ਘੱਟ ਉਮਰ ਵਿੱਚ ਜ਼ਬਰਦਸਤੀ ਵਿਆਹ ਲਈ ਮਜਬੂਰ ਕੀਤਾ ਜਾਂਦਾ। ਮਾਓਵਾਦੀ ਬਣਨ ਬਾਅਦ ਉਹ ਆਪਣੀ ਪਸੰਦ ਨਾਲ ਵਿਆਹ ਕਰਵਾ ਸਕੇ।
ਪਰ ਜਿਵੇਂ-ਜਿਵੇਂ ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਵੱਲੋਂ ਹਮਲੇ ਤੇਜ਼ ਹੋਏ ਅਤੇ ਜ਼ਿਆਦਾ ਲੋਕ ਮਾਰੇ ਜਾਣ ਲੱਗੇ, ਦੇਵੀ ਆਪਣੀ ਜ਼ਿੰਦਗੀ ਬਾਰੇ ਮੁੜ ਸੋਚਣ ਲੱਗੇ। ਉਨ੍ਹਾਂ ਨੂੰ ਲੱਗਿਆ ਕਿ ਜਿਸ ਕ੍ਰਾਂਤੀ ਦਾ ਵਾਅਦਾ ਕੀਤਾ ਗਿਆ ਸੀ, ਉਹ ਕਿਤੇ ਦਿਖਾਈ ਨਹੀਂ ਦੇ ਰਹੀ।
ਉਨ੍ਹਾਂ ਨੇ ਕਿਹਾ, "ਇੱਕ ਪਾਸੇ ਸੁਰੱਖਿਆ ਬਲਾਂ ਨੇ ਤਲਾਸ਼ੀ ਅਭਿਆਨ ਤੇਜ਼ ਕਰ ਦਿੱਤੇ। ਦੂਜੇ ਪਾਸੇ ਅਸੀਂ ਵੀ ਜ਼ਿਆਦਾ ਹਮਲੇ ਅਤੇ ਕਤਲ ਕਰ ਰਹੇ ਸੀ।"
ਉਸ ਜ਼ਿੰਦਗੀ ਨੂੰ ਛੱਡਣ ਦੀ ਇੱਕ ਹੋਰ ਵਜ੍ਹਾ, ਉਨ੍ਹਾਂ ਦੀ ਵਿਗੜਦੀ ਸਿਹਤ ਸੀ। ਉਨ੍ਹਾਂ ਨੂੰ ਹੱਡੀਆਂ ਦੀ ਟੀਬੀ ਹੋ ਗਈ ਸੀ। ਇਲਾਜ ਲਈ ਵਾਰ-ਵਾਰ ਜੰਗਲ ਤੋਂ ਸ਼ਹਿਰ ਦੇ ਹਸਪਤਾਲਾਂ ਤੱਕ ਲੁਕ ਕੇ ਜਾਣਾ ਪੈਂਦਾ ਸੀ।
ਦੇਵੀ ਕਹਿੰਦੇ ਹਨ, "ਕੋਈ ਸਥਾਈ ਬਦਲਾਅ ਸਿਰਫ਼ ਦੇਸ਼ ਵਿਆਪੀ ਵਿਸਥਾਰ ਨਾਲ ਹੀ ਆ ਸਕਦਾ ਸੀ। ਅਸੀਂ ਥੱਕ ਚੁੱਕੇ ਸੀ। ਸਾਡਾ ਪ੍ਰਭਾਵ ਘਟ ਰਿਹਾ ਸੀ। ਲੋਕਾਂ ਵਿੱਚ ਸਾਡਾ ਸਮਰਥਨ ਵੀ ਘੱਟ ਹੋ ਰਿਹਾ ਸੀ।"
ਉਨ੍ਹਾਂ ਮੁਤਾਬਕ, ਇੱਕ ਅੰਦਰੂਨੀ ਰਿਪੋਰਟ ਵਿੱਚ ਵੀ ਸੰਗਠਨ ਦੀ ਮੈਂਬਰਸ਼ਿਪ ਵਿੱਚ ਗਿਰਾਵਟ ਦੀ ਗੱਲ ਸਾਹਮਣੇ ਆਈ ਸੀ।
ਦੂਰ ਦੁਰਾਡੇ ਦੇ ਇਲਾਕੇ ਵਿੱਚ ਰਹਿਣ ਵਾਲੇ ਭਾਈਚਾਰੇ ਇੱਕ ਸਮੇਂ ਮਦਦ ਲਈ ਮਾਓਵਾਦੀਆਂ ਦਾ ਸਹਾਰਾ ਲੈਂਦੇ ਸੀ। ਹੁਣ ਉਨ੍ਹਾਂ ਦੇ ਜੀਵਨ ਵਿੱਚ ਵੀ ਬਦਲਾਅ ਆ ਰਿਹਾ ਸੀ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਜ਼ਰੀਏ ਉਹ ਬਾਹਰੀ ਦੁਨੀਆਂ ਨਾਲ ਬਿਹਤਰ ਜੁੜ ਰਹੇ ਸਨ।
ਉਧਰ ਸੁਰੱਖਿਆ ਬਲ ਡਰੋਨ ਜਿਹੇ ਆਧੁਨਿਕ ਉਪਕਰਨਾਂ ਨਾਲ ਹਥਿਆਰਬੰਦ ਮਾਓਵਾਦੀਆਂ ਨੂੰ ਪਿੰਡਾਂ ਤੋਂ ਦੂਰ ਜੰਗਲਾਂ ਵਿੱਚ ਧੱਕ ਰਹੇ ਸੀ ਜਿਸ ਨਾਲ ਉਹ ਅਲੱਗ-ਥਲੱਗ ਹੋ ਰਹੇ ਸੀ।
ਆਤਮ-ਸਮਰਪਣ

ਪੱਚੀ ਸਾਲ ਜੰਗਲਾਂ ਵਿੱਚ ਰਹਿਣ ਬਾਅਦ, ਦੇਵੀ ਨੇ ਸਾਲ 2014 ਵਿੱਚ ਸਰਕਾਰ ਦੀ ਨੀਤੀ ਤਹਿਤ ਹਥਿਆਰ ਛੱਡ ਆਤਮ-ਸਮਰਪਣ ਕਰ ਦਿੱਤਾ। ਇਸ ਨੀਤੀ ਤਹਿਤ ਮਾਓਵਾਦੀ ਦੁਬਾਰਾ ਹਥਿਆਰ ਨਾ ਚੁੱਕਣ ਦੀ ਗਾਰੰਟੀ ਨਾਲ ਆਤਮ-ਸਮਰਪਣ ਕਰਦੇ ਹਨ।
ਸਰਕਾਰ ਉਨ੍ਹਾਂ ਦੇ ਪੁਨਰਵਾਸ ਲਈ ਧਨਰਾਸ਼ੀ, ਜ਼ਮੀਨ ਅਤੇ ਜਾਨਵਰ ਦਿੰਦੀ ਹੈ।
ਹੁਣ ਦੇਵੀ ਉਸੇ ਘਰੇਲੂ ਪੇਂਡੂ ਜ਼ਿੰਦਗੀ ਵਿੱਚ ਪਰਤ ਆਈ ਹੈ, ਜਿਸ ਤੋਂ ਉਹ ਭੱਜੀ ਸੀ।
ਆਤਮ-ਸਮਰਪਣ ਕਰਨ 'ਤੇ ਦੇਵੀ ਅਤੇ ਉਨ੍ਹਾਂ ਦੇ ਪਤੀ ਨੂੰ ਸਰਕਾਰ ਵੱਲੋਂ ਜ਼ਮੀਨ ਦਾ ਇੱਕ ਟੁੱਕੜਾ, ਨਕਦ ਰਾਸ਼ੀ ਅਤੇ ਘੱਟ ਕੀਮਤ 'ਤੇ 21 ਭੇਡਾਂ ਮਿਲੀਆਂ।
ਆਤਮ-ਸਮਰਪਣ ਨੀਤੀ ਸਪਸ਼ਟ ਰੂਪ ਵਿੱਚ ਇਹ ਨਹੀਂ ਕਹਿੰਦੀ ਕਿ ਮਾਓਵਾਦੀਆਂ ਦੇ ਅਪਰਾਧ ਮਾਫ਼ ਕਰ ਦਿੱਤੇ ਜਾਣਗੇ। ਇਸ ਤਹਿਤ ਹਰ ਮਾਮਲੇ ਨੂੰ ਵੱਖੋ-ਵੱਖ ਦੇਖ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਸੇ ਖ਼ਿਲਾਫ਼ ਕੋਈ ਮੁਕੱਦਮਾ ਚਲਾਇਆ ਜਾਣਾ ਹੈ ਜਾਂ ਨਹੀਂ।
ਇਸ ਜੋੜੇ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਖ਼ਿਲਾਫ਼ ਹਿੰਸਾ ਨਾਲ ਜੁੜਿਆ ਕੋਈ ਕਾਨੂੰਨੀ ਮਾਮਲਾ ਨਹੀਂ ਹੈ। ਸਾਨੂੰ ਅਧਿਕਾਰਤ ਰਿਪੋਰਟਾਂ ਵਿੱਚ ਵੀ ਅਜਿਹਾ ਕੋਈ ਮਾਮਲਾ ਦਰਜ ਨਹੀਂ ਮਿਲਿਆ।
ਕੇਂਦਰ ਸਰਕਾਰ ਮੁਤਾਬਕ, ਪਿਛਲੇ ਦਸ ਸਾਲਾਂ ਵਿੱਚ ਅੱਠ ਹਜ਼ਾਰ ਮਾਓਵਾਦੀਆਂ ਨੇ ਆਤਮ-ਸਮਰਪਣ ਕੀਤਾ ਹੈ। ਦੂਜੇ ਪਾਸੇ, ਇਹ ਜਾਣਕਾਰੀ ਜਨਤਕ ਤੌਰ 'ਤੇ ਨਹੀਂ ਮਿਲਦੀ ਹੈ ਕਿ ਕਿੰਨੇ ਹਥਿਆਰਬੰਦ ਮਾਓਵਾਦੀਆਂ ਬਚੇ ਹਨ ਅਤੇ ਕਿੰਨੇ ਸਰਗਰਮ ਸਨ।

ਆਤਮ-ਸਮਰਪਣ ਤੋਂ ਬਾਅਦ, ਦੇਵੀ ਨੇ ਗ੍ਰਾਮ ਪਰਿਸ਼ਦ ਵਿੱਚ ਵਾਰਡ ਮੈਂਬਰ ਦੀ ਚੋਣ ਲੜੀ ਅਤੇ ਜਿੱਤੀ। ਵਾਰਡ ਮੈਂਬਰ ਪਿੰਡ ਦੇ ਮੁਖੀਆ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਾਉਣ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਾਉਣ ਵਿੱਚ ਮਦਦ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਦੇਖਣਾ ਚਾਹੁੰਦੀ ਸੀ ਕਿ ਸਰਕਾਰ ਦੇ ਨਾਲ ਕੰਮ ਕਰਨਾ ਕਿਵੇਂ ਹੁੰਦਾ ਹੈ।"
ਅਸੀਂ ਦੇਵੀ ਤੋਂ ਜਾਣਨਾ ਚਾਹਿਆ ਕਿ ਅਗਲੇ ਸਾਲ ਮਾਰਚ ਦੇ ਅੰਤ ਤੱਕ ਸਾਰੇ ਮਾਓਵਾਦੀਆਂ ਨੂੰ ਮਿਟਾਉਣ ਦੇ ਸਰਕਾਰ ਦੇ ਐਲਾਨ ਬਾਰੇ ਉਹ ਕੀ ਸੋਚਦੇ ਹਨ ?
ਉਹ ਕੁਝ ਦੇਰ ਰੁਕ ਕੇ ਕਹਿੰਦੇ ਹਨ, "ਭਾਵੇਂ ਹੀ ਅਖ਼ੀਰ ਵਿੱਚ ਇਹ ਅੰਦੋਲਨ ਹਾਰ ਜਾਵੇ ਪਰ ਇਤਿਹਾਸ ਬਣ ਚੁੱਕਾ ਹੈ। ਦੁਨੀਆਂ ਨੇ ਇੱਕ ਵੱਡਾ ਸੰਘਰਸ਼ ਦੇਖਿਆ ਹੈ। ਇਹ ਕਿਸੇ ਨਵੀਂ ਪੀੜ੍ਹੀ ਨੂੰ ਆਪਣੇ ਅਧਿਕਾਰਾਂ ਲਈ ਲੜਣ ਦੀ ਪ੍ਰੇਰਣਾ ਦੇ ਸਕਦਾ ਹੈ।"
ਅੱਗੇ ਉਹ ਕਹਿੰਦੇ ਹਨ "ਉਹ ਹਥਿਆਰਬੰਦ ਮਾਓਵਾਦੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਮਾਰ ਸਕਦੇ ਹਨ ਪਰ ਸਭ ਨੂੰ ਨਹੀਂ। ਮੈਨੂੰ ਨਹੀਂ ਲੱਗਦਾ ਕਿ ਉਹ ਪੂਰਾ ਅੰਦੋਲਨ ਖ਼ਤਮ ਕਰ ਸਕਣਗੇ।"
ਪਰ ਮੈਂ ਜਦੋਂ ਉਨ੍ਹਾਂ ਤੋਂ ਪੁੱਛਦੀ ਹਾਂ ਕਿ ਕੀ ਉਹ ਆਪਣੀ ਅੱਠ ਸਾਲਾ ਬੇਟੀ ਨੂੰ ਕਦੇ ਹਥਿਆਰਬੰਦ ਮਾਓਵਾਦੀਆਂ ਨਾਲ ਭੇਜਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਜਵਾਬ ਸਾਫ਼ ਹੈ।
ਉਹ ਕਹਿੰਦੇ ਹਨ, "ਨਹੀਂ, ਹੁਣ ਅਸੀਂ ਉਸੇ ਤਰ੍ਹਾਂ ਦਾ ਜੀਵਨ ਜੀਵਾਂਗੇ, ਜਿਵੇਂ ਇੱਥੇ ਸਮਾਜ ਜਿਉਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












