'ਨਕਲੀ ਵਿਆਹ' 'ਚ ਫਸਣ ਮਗਰੋਂ ਵੀ ਇਹ ਲੋਕ ਪੁਲਿਸ ਕੋਲ ਨਹੀਂ ਜਾ ਰਹੇ, ਵਿਆਹ, ਉਮੀਦਾਂ ਤੇ 'ਕੁੜੀਆਂ ਦੀ ਵਰਤੋਂ' ਦੀ ਕਹਾਣੀ

ਸਾਗਰ

ਤਸਵੀਰ ਸਰੋਤ, SAGAR

ਤਸਵੀਰ ਕੈਪਸ਼ਨ, ਸਾਗਰ ਦਾ ਕਹਿਣਾ ਹੈ ਕਿ ਉਸ ਨਾਲ ਵਿਆਹ ਦੇ ਨਾਂ 'ਤੇ ਧੋਖਾ ਹੋਇਆ ਹੈ
    • ਲੇਖਕ, ਗਣੇਸ਼ ਪੋਲ ਅਤੇ ਸ਼੍ਰੀਕਾਂਤ ਬੰਗਾਲੇ
    • ਰੋਲ, ਬੀਬੀਸੀ ਪੱਤਰਕਾਰ

"ਕਿਸਾਨਾਂ ਦੇ ਬੱਚਿਆਂ ਦਾ ਵਿਆਹ ਜਲਦੀ ਨਹੀਂ ਹੁੰਦਾ। ਇਸੇ ਕਰਕੇ ਲੋਕ ਨਿਰਾਸ਼ ਹੋ ਕੇ ਕੋਈ ਵੀ ਬਦਲ ਚੁਣ ਲੈਂਦੇ ਹਨ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਅਤੇ ਮੈਂ ਜਲਦਬਾਜ਼ੀ ਵਿੱਚ ਵਿਆਹ ਕਰਵਾ ਲਿਆ। ਮੇਰਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।"

ਮਹਾਰਾਸ਼ਟਰ ਦੇ ਜੁੰਨਾਰ ਨਾਲ ਸਬੰਧਤ ਰੱਖਣ ਵਾਲੇ ਸਾਗਰ ਨਕਲੀ ਵਿਆਹ ਦਾ ਤਜਰਬਾ ਸਾਂਝਾ ਕਰ ਰਹੇ ਸਨ।

ਇਸ ਵੇਲੇ ਮਹਾਰਾਸ਼ਟਰ ਦੇ ਕਈ ਨੌਜਵਾਨ, ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿੱਚ, ਜੋ ਤੀਹ ਸਾਲ ਤੋਂ ਉੱਤੇ ਹੈ, ਇੱਕ ਹੀ ਸਵਾਲ ਤੋਂ ਪਰੇਸ਼ਾਨ ਹਨ, ʼਮੇਰਾ ਵਿਆਹ ਕਦੋਂ ਹੋਵੇਗਾ?ʼ

ਜਾਣਕਾਰਾਂ ਮੁਤਾਬਕ, ਪੇਂਡੂ ਖੇਤਰਾਂ ਵਿੱਚ ਵਿਆਹ ਘੱਟ ਹੋ ਰਹੇ ਹਨ, ਇਸ ਦੇ ਕਈ ਕਾਰਨ ਹਨ, ਜਿਵੇਂ ਕੁੜੀਆਂ ਦੀ ਜਨਮ ਦਰ ਮੁੰਡਿਆਂ ਤੋਂ ਘੱਟ ਹੋਣਾ, ਵਿਆਹ ਨੂੰ ਲੈ ਕੇ ਵਧੀਆਂ ਉਮੀਦਾਂ ਅਤੇ ਪੇਂਡੂ ਸਮਾਜ ਵਿੱਚ ਕੁੜੀਆਂ ਦੀ ਆਜ਼ਾਦੀ ਦਾ ਦਬਾਅ।

ਅਜਿਹੀ ਸਥਿਤੀ ਵਿੱਚ, ਪਿੰਡਾਂ ਵਿੱਚ ਵਿਆਹਯੋਗ ਨੌਜਵਾਨਾਂ ਨੂੰ ਪਤਨੀ ਲੱਭਣ ਲਈ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀ ਵਿਆਹ ਵਾਲੀ ਉਮਰ ਨਿਕਲ ਨਾ ਜਾਵੇ।

ਇਸ ਸਥਿਤੀ ਦਾ ਫਾਇਦਾ ਕੁਝ ਵਿਚੋਲਿਆਂ ਦੇ ਸਮੂਹ ਚੁੱਕ ਰਹੇ ਹਨ। ਦਰਅਸਲ, ਪੀੜਤ ਨੌਜਵਾਨਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਸਮੂਹ ਸਰਗਰਮ ਹਨ।

ਇਸ ਕਾਰਨ ਪਿੰਡਾਂ ਅਤੇ ਤਹਿਸੀਲਾਂ ਵਿੱਚ ਪੰਜਾਹ ਸਾਲ ਤੋਂ ਵੱਧ ਉਮਰ ਦੇ ਲੋਕ ਇਸ ਤਰ੍ਹਾਂ ਦੇ ਰੈਕੇਟ ਦਾ ਸ਼ਿਕਾਰ ਹੋ ਰਹੇ ਹਨ।

ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਦੀ ਠੱਗੀ ਹੋਣ ਦੇ ਬਾਵਜੂਦ, ਇਹ ਨੌਜਵਾਨ ਅੱਗੇ ਆ ਕੇ ਸ਼ਿਕਾਇਤਾਂ ਦਰਜ ਨਹੀਂ ਕਰਵਾ ਰਹੇ ਹਨ।

ਆਖ਼ਰ ਇਹ ਨਕਲੀ ਵਿਆਹ ਹੁੰਦਾ ਕੀ ਹੈ? ਠੱਗੀ ਕਰਨ ਵਾਲਾ ਗਿਰੋਹ ਕਿਵੇਂ ਕੰਮ ਕਰਦਾ ਹੈ? ਅਤੇ ਨੌਜਵਾਨਾਂ ਨਾਲ ਕੀ ਗਲਤ ਹੁੰਦਾ ਹੈ?

'ਸੱਤਿਆਨਾਰਾਇਣ ਪੂਜਾ ਤੋਂ ਇਨਕਾਰ ਕੀਤਾ ਤੇ ਲੜਾਈ ਸ਼ੁਰੂ ਹੋ ਗਈ'

ਪੁਣੇ ਦੀ ਜੁੰਨਾਰ ਤਹਿਸੀਲ ਦੇ ਰਹਿਣ ਵਾਲੇ ਸਾਗਰ ਇੱਕ ਸਫ਼ਲ ਕਿਸਾਨ ਹੈ। ਉਹ ਪੁਣੇ ਅਤੇ ਮੁੰਬਈ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਵੇਚਦੇ ਹਨ।

ਉਨ੍ਹਾਂ ਦਾ ਬਾਗਬਾਨੀ ਦੀ ਖੇਤੀ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਆਹ ਲਈ ਕੁੜੀ ਨਹੀਂ ਮਿਲ ਸਕੀ।

ਕਈ ਕੋਸ਼ਿਸ਼ਾਂ ਤੋਂ ਬਾਅਦ ਸਾਗਰ ਦਾ ਵਿਆਹ ਇੱਕ ਵਿਚੋਲੇ ਰਾਹੀਂ ਤੈਅ ਹੋਇਆ।

ਪੂਰੀ ਸਥਿਤੀ ਬਾਰੇ ਗੱਲ ਕਰਦੇ ਹੋਏ, ਸਾਗਰ ਕਹਿੰਦੇ ਹਨ, "ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਮੇਰਾ ਵਿਆਹ ਮਈ 2023 ਵਿੱਚ ਆਖ਼ਰਕਾਰ ਹੋ ਗਿਆ। ਕੁੜੀ ਦੇ ਪਰਿਵਾਰ ਨੇ ਜਲਦੀ ਹੀ ਵਿਆਹ ਕਰਵਾਉਣ 'ਤੇ ਜ਼ੋਰ ਦਿੱਤਾ।"

"ਇਸ ਸਮੇਂ ਦੌਰਾਨ ਮੈਨੂੰ ਕੁੜੀ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਿਰਫ਼ ਮੇਰੀ ਮਾਂ ਹੀ ਉਸ ਨਾਲ ਗੱਲ ਕਰਦੀ ਸੀ। ਵਿਆਹ ਦੇ ਪਹਿਲੇ ਹਫ਼ਤੇ ਵਿੱਚ ਮੈਨੂੰ ਕੁਝ ਗੜਬੜ ਮਹਿਸੂਸ ਹੋਣ ਲੱਗੀ।"

ਹਿੰਦੂ ਧਰਮ ਵਿੱਚ ਵਿਆਹ ਤੋਂ ਬਾਅਦ ਲਾੜੇ ਦੇ ਘਰ ਸੱਤਿਆਨਾਰਾਇਣ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਮੰਦਿਰਾਂ ਵਿੱਚ ਜਾ ਕੇ ਦੇਵ ਦਰਸ਼ਨ ਵੀ ਕੀਤੇ ਜਾਂਦੇ ਹਨ।

ਵਿਆਹ ਤੋਂ ਬਾਅਦ ਸਾਗਰ ਨੇ ਆਪਣੇ ਘਰ ਸੱਤਿਆਨਾਰਾਇਣ ਪੂਜਾ ਰੱਖੀ। ਪਰ ਉਨ੍ਹਾਂ ਦੀ ਪਤਨੀ ਨੇ ਪੂਜਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਸਾਗਰ ਕਹਿੰਦੇ ਹਨ ਕਿ ਇਸ ਨਾਲ ਦੋਵਾਂ ਵਿਚਕਾਰ ਜ਼ੋਰਦਾਰ ਝਗੜਾ ਹੋਇਆ।

ਸਾਗਰ ਕਹਿੰਦੇ ਹਨ, "ਰਵਾਇਤ ਅਨੁਸਾਰ, ਮੇਰੇ ਮਾਪਿਆਂ ਨੇ ਘਰ ਵਿੱਚ ਸੱਤਿਆਨਾਰਾਇਣ ਪੂਜਾ ਰੱਖੀ। ਪਰ ਮੇਰੀ ਪਤਨੀ ਨੇ ਇਨਕਾਰ ਕਰ ਦਿੱਤਾ। ਅਸੀਂ ਸਾਰੇ ਹੈਰਾਨ ਰਹਿ ਗਏ।"

"ਜਦੋਂ ਮੈਂ ਉਸ ਨੂੰ ਨਿੱਜੀ ਤੌਰ 'ਤੇ ਅਸਲ ਕਾਰਨ ਪੁੱਛਿਆ, ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ।"

ਸਾਗਰ ਨੇ ਇਹ ਗੱਲ ਦਸਦਿਆਂ ਆਪਣਾ ਸਿਰ ਫੜ੍ਹ ਲਿਆ।

ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੇ ਨੌਜਵਾਨ ਨਕਲੀ ਵਿਆਹਾਂ ਦੀ ਠੱਗੀ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ

ਸਾਗਰ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ। ਦੂਜਿਆਂ ਨਾਲ ਅਜਿਹਾ ਹੋਣ ਤੋਂ ਰੋਕਣ ਲਈ ਉਨ੍ਹਾਂ ਪੁਲਿਸ ਸ਼ਿਕਾਇਤ ਦਰਜ ਕਰਵਾਈ।

ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਜੋ ਵਿਆਹ ਦੀ ਦਲਾਲੀ ਦੇ ਨਾਮ 'ਤੇ ਪੈਸੇ ਠੱਦਗਾ ਸੀ।

ਪਰ ਸਾਗਰ ਇਸ ਵਿੱਚ ਇਕੱਲਾ ਨਹੀਂ ਹੈ, ਜਿਨ੍ਹਾਂ ਨਾਲ ਅਜਿਹਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਧੋਖਾਧੜੀ ਦੇਸ਼ ਭਰ ਵਿੱਚ ਹੋ ਰਹੀ ਹੈ।

ਸਾਗਰ ਕਹਿੰਦੇ ਹਨ, "ਮੇਰੇ ਨਾਲ ਜੋ ਹੋਇਆ ਉਹ ਹੋਰ ਬਹੁਤ ਸਾਰੇ ਲੋਕਾਂ ਨਾਲ ਹੋਇਆ ਹੈ। ਪਿੰਡ ਦੇ ਮੁੰਡੇ ਸਮਾਜ ਦੇ ਡਰ ਅਤੇ ਸ਼ਰਮ ਕਾਰਨ ਅਜਿਹੀਆਂ ਗੱਲਾਂ ਨਹੀਂ ਦੱਸਦੇ ਕਿਉਂਕਿ ਸਮਾਜ ਇਨ੍ਹਾਂ ਗੱਲਾਂ ਲਈ ਜ਼ਿੰਮੇਵਾਰ ਹੈ। ਪ੍ਰਸ਼ਾਸਨ ਦੀ ਵੀ ਦੋਹਰੀ ਜ਼ਿੰਮੇਵਾਰੀ ਹੈ।"

ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਸਿਰਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਸਕਦਾ ਹੈ, ਜਿਸ ਵਿੱਚ ਮੁਲਜ਼ਮ ਕੁਝ ਦਿਨਾਂ ਬਾਅਦ ਜ਼ਮਾਨਤ 'ਤੇ ਰਿਹਾਅ ਹੋ ਜਾਂਦੇ ਹਨ। ਇਸ ਕਾਰਨ, ਸਾਗਰ ਨੂੰ ਅਫ਼ਸੋਸ ਹੈ ਕਿ ਅਜਿਹੇ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।

ਸਾਗਰ ਦਾ ਪਰਿਵਾਰ

ਤਸਵੀਰ ਸਰੋਤ, SAGAR

ਤਸਵੀਰ ਕੈਪਸ਼ਨ, ਪੀੜਤ ਅਤੇ ਪੁਲਿਸ ਦੱਸਦੇ ਹਨ ਕਿ ਕਥਿਤ ਲਾੜੀ ਇਸ ਵਿੱਚ ਇਕੱਲੀ ਨਹੀਂ ਹੈ, ਸਗੋਂ ਇੱਕ ਵੱਡਾ ਗਿਰੋਹ ਵਿਸ਼ੇਸ਼ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਅਜਿਹੀ ਠੱਗੀ ਕਿਵੇਂ ਹੁੰਦੀ ਹੈ?

ਦਲਾਲਾਂ ਦੇ ਗਿਰੋਹ ਕੋਲ ਇੱਕ ਖ਼ਾਸ ਤਰਕੀਬ ਹੁੰਦੀ ਹੈ, ਉਹ ਵਿਆਹ ਹੋਣ ਤੋਂ ਬਾਅਦ ਲਾੜੇ ਤੋਂ ਪੈਸੇ ਵਸੂਲਦੇ ਹਨ।

ਸਾਗਰ ਦੱਸਦੇ ਹਨ, "ਜਦੋਂ ਵਿਆਹ ਬਾਰੇ ਚਰਚਾ ਹੋ ਰਹੀ ਸੀ, ਤਾਂ ਮੈਨੂੰ ਦੱਸਿਆ ਗਿਆ ਕਿ ਕੁੜੀ ਦੀ ਮਾਂ ਅਚਾਨਕ ਬਿਮਾਰ ਹੋ ਗਈ ਸੀ ਅਤੇ ਉਨ੍ਹਾਂ ਦੀ ਵਿੱਤੀ ਸਥਿਤੀ ਬਹੁਤ ਖ਼ਰਾਬ ਸੀ।"

ਦਰਅਸਲ, ਮੇਰੀ ਵੀ ਹਾਲਤ ਠੀਕ ਨਹੀਂ ਸੀ ਪਰ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪਈ। ਇਸ ਲਈ ਮੈਂ ਬੈਂਕ ਤੋਂ ਕਰਜ਼ਾ ਲਿਆ ਅਤੇ ਉਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਪੈਸੇ ਦੇ ਦਿੱਤੇ।

ਸਾਗਰ ਦਾ ਕਹਿਣਾ ਹੈ, "ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਮੇਰੇ ਤੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਲਏ। ਉਸ ਤੋਂ ਬਾਅਦ ਵਿਆਹ 'ਤੇ ਹੋਰ 20-25 ਹਜ਼ਾਰ ਰੁਪਏ ਖਰਚ ਹੋ ਗਏ।"

ਅਜਿਹੇ ਮਾਮਲੇ ਇੱਥੇ ਹੀ ਨਹੀਂ ਰੁਕਦੇ। ਅਕਸਰ, ਨਕਲੀ ਵਿਆਹਾਂ ਵਿੱਚ ਕਥਿਤ ਲਾੜੀ ਵਿਆਹ ਤੋਂ ਬਾਅਦ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ।

ਪੀੜਤ ਅਤੇ ਪੁਲਿਸ ਦੱਸਦੇ ਹਨ ਕਿ ਕਥਿਤ ਲਾੜੀ ਇਸ ਵਿੱਚ ਇਕੱਲੀ ਨਹੀਂ ਹੈ, ਸਗੋਂ ਇੱਕ ਵੱਡਾ ਗਿਰੋਹ ਵਿਸ਼ੇਸ਼ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਸਾਗਰ ਅੱਗੇ ਕਹਿੰਦੇ ਹਨ, "ਅਸੀਂ ਕੁੜੀ ਨੂੰ 10,000 ਰੁਪਏ ਦੇ ਚਾਂਦੀ ਦੇ ਗਹਿਣੇ ਦਿੱਤੇ ਸਨ। ਉਸਨੇ ਢਾਈ ਤੋਲੇ ਸੋਨੇ ਦਾ ਮੰਗਲਸੂਤਰ ਅਤੇ ਇੱਕ ਹਾਰ ਵੀ ਪਾਇਆ ਸੀ। ਕੁੱਲ ਮਿਲਾ ਕੇ ਮੇਰੇ ਨਾਲ 5 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ।"

ਮਹਾਰਾਸ਼ਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਨਕਲੀ ਵਿਆਹਾਂ ਵਿੱਚ ਕਥਿਤ ਲਾੜੀ ਵਿਆਹ ਤੋਂ ਬਾਅਦ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ
ਇਹ ਵੀ ਪੜ੍ਹੋ-

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਬੀਡ ਜ਼ਿਲ੍ਹੇ ਦੇ ਵਡਵਾਨੀ ਪੁਲਿਸ ਸਟੇਸ਼ਨ ਦੀ ਸਹਾਇਕ ਪੁਲਿਸ ਇੰਸਪੈਕਟਰ ਵਰਸ਼ਾ ਵਾਗੜੇ ਨੇ ਕਿਹਾ, "ਇਹ ਵਿਚੋਲੇ ਗਿਰੋਹ ਉਨ੍ਹਾਂ ਕਿਸ਼ੋਰਾਂ 'ਤੇ ਨਜ਼ਰ ਰੱਖਦਾ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ। ਸਾਨੂੰ ਪਿਛਲੇ ਮਹੀਨੇ (ਸਤੰਬਰ 2025) ਇੱਕ ਅਜਿਹਾ ਹੀ ਮਾਮਲਾ ਮਿਲਿਆ ਹੈ।"

"ਸ਼ਿਕਾਇਤਕਰਤਾ ਦੇ ਅਨੁਸਾਰ, ਕੁੜੀ ਨੇ ਕਿਹਾ ਸੀ ਕਿ ਉਹ ਵਿਆਹ ਦੇ ਅੱਠ ਦਿਨਾਂ ਦੇ ਅੰਦਰ ਆਪਣੀ ਮਾਂ ਦੇ ਘਰ ਜਾਵੇਗੀ। ਉਸ ਸਮੇਂ ਉਸ ਨੂੰ ਲੈਣ ਆਏ ਲੋਕ ਅਜਨਬੀ ਸਨ। ਇਸ ਲਈ, ਲਾੜੇ ਦੇ ਪਰਿਵਾਰ ਨੇ ਨਵੀਂ ਲਾੜੀ ਨੂੰ ਅਜਨਬੀਆਂ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਮਾਮਲਾ ਸਾਡੇ ਤੱਕ ਪਹੁੰਚਿਆ, ਤਾਂ ਪਹਿਲੀ ਨਜ਼ਰ ਵਿੱਚ ਨਕਲੀ ਵਿਆਹ ਦਾ ਮਾਮਲਾ ਲੱਗਾ।"

ਵਾਗੜੇ ਦੀ ਜਾਂਚ ਤੋਂ ਪਤਾ ਲੱਗਾ ਕਿ ਇਸ ਗਿਰੋਹ ਦਾ ਇੱਕ ਖ਼ਾਸ ਢੰਗ-ਤਰੀਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁਲਿਸ ਅਧਿਕਾਰ ਖੇਤਰ ਵਿੱਚ ਦੋ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ।

ਪਹਿਲੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਵਿੱਚ ਛੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਦੇ ਅਨੁਸਾਰ, ਵਿਚੋਲਿਆਂ ਦੇ ਇਸ ਗਿਰੋਹ ਵਿੱਚ ਘੱਟੋ-ਘੱਟ ਸੱਤ ਤੋਂ ਅੱਠ ਮੈਂਬਰ ਹੁੰਦੇ ਹਨ। ਇਸ ਵਿੱਚ ਕੁੜੀ ਦੀ ਮਾਂ, ਕੁੜੀ, ਇੱਕ ਵਿਚੋਲਾ, ਇੱਕ ਮਾਮਾ, ਚਾਚਾ, ਭੂਆ ਅਤੇ ਦੋ ਹੋਰ ਲੋਕ ਸ਼ਾਮਲ ਹੁੰਦੇ ਹਨ ਜੋ ਕੁੜੀ ਨੂੰ ਉਸ ਦੀ ਮਾਂ ਦੇ ਘਰ ਲੈ ਜਾਣ ਦਾ ਦਾਅਵਾ ਕਰਦੇ ਹਨ।

ਇਸ ਲੜੀ ਦਾ ਪਹਿਲਾ ਮੈਂਬਰ ਕੁੜੀ ਦੇ ਪਰਿਵਾਰ ਦੇ ਸੰਪਰਕ ਵਿੱਚ ਰਹਿੰਦਾ ਹੈ। ਉਹ ਕੁੜੀ ਦੇ ਮਾਮਾ, ਚਾਚਾ ਜਾਂ ਦੋਸਤ ਨਾਲ ਆਪਣੀ ਗੱਲ ਸਾਂਝੀ ਕਰਦਾ ਹੈ।

ਬੀਬੀਸੀ

ਫਿਰ, ਵਿਆਹ ਵਿੱਚ ਜਲਦਬਾਜ਼ੀ ਕੀਤੀ ਜਾਂਦੀ ਹੈ। ਵਿਆਹ ਤੋਂ ਪਹਿਲਾਂ, ਡਾਕਟਰੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜਾਂ ਅਨਾਥ ਹੋਣ ਦਾ ਦਿਖਾਵਾ ਕਰਕੇ ਮੁੰਡੇ ਦੇ ਮਾਪਿਆਂ ਤੋਂ ਪੈਸੇ ਲਏ ਜਾਂਦੇ ਹਨ।

ਫਿਰ, ਵਿਆਹ ਦੇ ਕੁਝ ਦਿਨਾਂ ਦੇ ਅੰਦਰ ਕੁੜੀ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈ।

ਸਾਗਰ ਨੇ ਬਹਾਦਰੀ ਨਾਲ ਪੁਲਿਸ ਸ਼ਿਕਾਇਤ ਦਰਜ ਕਰਵਾਈ ਪਰ ਜ਼ਿਆਦਾਤਰ ਪੀੜਤ ਨੌਜਵਾਨ ਪੁਲਿਸ ਕੋਲ ਨਹੀਂ ਜਾਂਦੇ।

ਇਸ ਬਾਰੇ ਬੋਲਦੇ ਹੋਏ, ਜੁੰਨਾਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਧਨੰਜੈ ਪਾਟਿਲ ਕਹਿੰਦੇ ਹਨ, "ਅਜਿਹੀਆਂ ਸਥਿਤੀਆਂ ਵਿੱਚ ਲੋਕਾਂ ਲਈ ਅੱਗੇ ਆਉਣਾ ਅਤੇ ਸ਼ਿਕਾਇਤ ਦਰਜ ਕਰਵਾਉਣਾ ਜ਼ਰੂਰੀ ਹੈ। ਪਰ ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਸਮਾਜਿਕ ਸ਼ਰਮਿੰਦਗੀ ਦਾ ਡਰ ਹੁੰਦਾ ਹੈ।"

ਦੂਜਾ, ਵਿਆਹ ਵਿੱਚ ਵਿੱਤੀ ਧੋਖਾਧੜੀ ਨੂੰ ਹਮੇਸ਼ਾ ਇੱਕ ਨਿੱਜੀ ਗ਼ਲਤੀ ਮੰਨਿਆ ਜਾਂਦਾ ਹੈ ਅਤੇ ਲੋਕ ਖ਼ੁਦ ਨੂੰ ਦੋਸ਼ੀ ਮੰਨਦੇ ਹਨ। ਪਰ ਜੇਕਰ ਅਸੀਂ ਨਕਲੀ ਵਿਆਹਾਂ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਨੌਜਵਾਨ ਪੀੜਤਾਂ ਨੂੰ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।"

'ਕੁੜੀਆਂ ਦੀ ਵਰਤੋਂ'

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਸਾਗਰ ਨੇ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਦਿੱਤੀ।

ਉਨ੍ਹਾਂ ਦੀ ਕਥਿਤ ਪਤਨੀ ਖੁਦ ਪੀੜਤ ਸੀ ਅਤੇ ਇੱਕ ਗਿਰੋਹ ਦੁਆਰਾ ਉਸ ਦੀ ਵਰਤੋਂ ਕੀਤੀ ਜਾ ਰਹੀ ਸੀ।

ਸਾਗਰ ਕਹਿੰਦੇ ਹਨ, "ਉਸ ਕੁੜੀ ਦਾ ਵਿਆਹ ਜੁੰਨਾਰ ਤਹਿਸੀਲ ਵਿੱਚ ਪਹਿਲਾਂ ਵੀ ਕਈ ਵਾਰ ਹੋਇਆ ਸੀ। ਮੇਰੇ ਵਰਗੇ ਬਹੁਤ ਸਾਰੇ ਮੁੰਡੇ ਹਨ ਜਿਨ੍ਹਾਂ ਨੂੰ ਇਸੇ ਤਰ੍ਹਾਂ ਧੋਖਾ ਦਿੱਤਾ ਗਿਆ ਹੈ।"

"ਇੱਥੇ ਸਿਰਫ਼ ਇੱਕ ਵਿਚੋਲਾ ਨਹੀਂ ਹੈ, ਸਗੋਂ ਇੱਕ ਵੱਡਾ ਗਿਰੋਹ ਹੈ ਜੋ ਇਸ ਨੂੰ ਚਲਾਉਂਦਾ ਹੈ। ਮੈਂ ਉਸ (ਕੁੜੀ) ਨੂੰ ਪੁੱਛਿਆ, 'ਤੁਸੀਂ ਇਹ ਸਭ ਕਿਉਂ ਬਰਦਾਸ਼ਤ ਕਰਦੇ ਹੋ?' ਉਸ ਨੇ ਕਿਹਾ, 'ਸਾਡੇ ਕੋਲ ਹੋਰ ਕੋਈ ਬਦਲ ਨਹੀਂ ਹੈ।'"

ਸਾਗਰ ਦਾ ਕਹਿਣਾ ਹੈ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ।

ਬੀਬੀਸੀ ਮਰਾਠੀ ਨਾਲ ਇੱਕ ਹੋਰ ਨੌਜਵਾਨ ਪੀੜਤ ਨੇ ਗੱਲ ਕੀਤੀ।

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਨੇ ਕਿਹਾ, "ਮੇਰੀ ਪਤਨੀ ਡੇਢ ਸਾਲ ਮੇਰੇ ਨਾਲ ਰਹੀ। ਜਦੋਂ ਮੈਂ ਉਸ ਦੇ ਨਾਲ ਸੀ, ਉਹ ਬਹੁਤ ਵਧੀਆ ਰਹਿੰਦੀ ਸੀ। ਉਸ ਨੇ ਕਦੇ ਵੀ ਘਰ ਦੇ ਪੈਸੇ ਨੂੰ ਹੱਥ ਨਹੀਂ ਲਗਾਇਆ। ਪਰ ਕਈ ਵਾਰ ਉਹ ਪੁਣੇ ਵਿੱਚ ਆਪਣੀ ਅੰਟੀ ਦੇ ਘਰ ਜਾਂਦੀ ਸੀ।"

"ਇਸ ਦੌਰਾਨ, ਉਸ ਨੇ ਦੁਬਾਰਾ ਵਿਆਹ ਕਰਵਾ ਲਿਆ। ਸਾਨੂੰ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਰਾਹੀਂ ਇਹ ਪਤਾ ਲੱਗਾ। ਜਦੋਂ ਅਸੀਂ ਉਸ ਤੋਂ ਹੋਰ ਪੁੱਛਗਿੱਛ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉਹ ਮੇਰੇ ਤੋਂ ਪਹਿਲਾਂ ਵਿਆਹੀ ਹੋਈ ਸੀ ਅਤੇ ਮੇਰੇ ਤੋਂ ਬਾਅਦ ਵੀ ਉਸ ਦਾ ਇੱਕ ਹੋਰ ਵਿਆਹ ਹੋਇਆ ਸੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇੱਕ ਗਿਰੋਹ ਉਸ ਨੂੰ ਵਰਤ ਰਿਹਾ ਸੀ।"

ਵਰਸ਼ਾ ਵਾਗੜੇ
ਤਸਵੀਰ ਕੈਪਸ਼ਨ, ਵਰਸ਼ਾ ਵਾਗੜੇ ਕਹਿੰਦੀ ਹੈ ਕਿ ਨਕਲੀ ਵਿਆਹਾਂ ਨਾਲ ਸਬੰਧਤ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ

ਅਜਿਹੀ ਠੱਗੀ ਤੋਂ ਕਿਵੇਂ ਬਚੀਏ?

ਸਾਗਰ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਅਸੀਂ ਵਿਆਹ ਤੋਂ ਪਹਿਲਾਂ ਕੁੜੀ ਦੇ ਘਰ ਨਹੀਂ ਗਏ। ਗਿਰੋਹ ਨੇ ਸਾਨੂੰ ਛੇਤੀ ਵਿਆਹ ਕਰਨ ਲਈ ਮਨਾ ਲਿਆ ਅਤੇ ਮੈਂ ਹਾਂ ਕਰ ਦਿੱਤੀ, ਜੋ ਕਿ ਇੱਕ ਵੱਡੀ ਗ਼ੇਲਤੀ ਸੀ।"

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹੇ ਹੋਏ ਮਰਦਾਂ ਨੂੰ ਅਜਿਹੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ।

ਸਾਵਧਾਨੀਆਂ:

  • ਕੁੜੀ ਅਤੇ ਉਸਦੇ ਪਰਿਵਾਰ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰੋ।
  • ਉਸ ਦੀ ਸਿੱਖਿਆ, ਰੁਜ਼ਗਾਰ ਅਤੇ ਪਰਿਵਾਰਕ ਸਥਿਤੀ ਦੀ ਪੁਸ਼ਟੀ ਕਰੋ।
  • ਵਿਆਹ ਤੋਂ ਪਹਿਲਾਂ ਕੁੜੀ ਦੇ ਪਿੰਡ ਜਾਓ ਅਤੇ ਸਥਾਨਕ ਲੋਕਾਂ ਤੋਂ ਜਾਣਕਾਰੀ ਇਕੱਠੀ ਕਰੋ।
  • ਜੇਕਰ ਔਨਲਾਈਨ ਪ੍ਰੋਫਾਈਲ ਜਾਂ ਜਾਣਕਾਰੀ ਵਿੱਚ ਕੁਝ ਸ਼ੱਕੀ ਲੱਗਦਾ ਹੈ ਤਾਂ ਸਾਵਧਾਨ ਰਹੋ।
  • ਜੇਕਰ ਕੋਈ ਪੈਸੇ ਮੰਗਦਾ ਹੈ ਤਾਂ ਸ਼ੱਕ ਕਰੋ।

'ਗੰਭੀਰ ਸਮਾਜਿਕ ਮੁੱਦੇ'

ਪੇਂਡੂ ਖੇਤਰਾਂ ਵਿੱਚ ਵਿਆਹੁਣ ਲਾਇਕ ਮੁੰਡਿਆਂ ਦੀ ਘਾਟ ਕਾਰਨ ਅਕਸਰ ਕੁੜੀਆਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਮੰਗਾਂ ਜ਼ਿਆਦਾ ਦੱਸੀਆਂ ਜਾਂਦੀਆਂ ਹਨ।

ਲੋਕ ਕਹਿੰਦੇ ਹਨ ਕਿ ਲਾੜੇ ਕੋਲ ਇੱਕ ਚੰਗੀ ਨੌਕਰੀ, ਘਰ ਅਤੇ ਇੱਕ ਸਤਿਕਾਰਯੋਗ ਪਰਿਵਾਰ ਹੋਣਾ ਚਾਹੀਦਾ ਹੈ ਪਰ ਸਮਾਜਿਕ ਕਾਰਕੁਨ ਰੇਣੂਕਾ ਕਡ ਦਾ ਕਹਿਣਾ ਹੈ ਕਿ ਇਹ ਅਸਲ ਕਾਰਨ ਨਹੀਂ ਹੈ।

ਉਹ ਕਹਿੰਦੀ ਹੈ, "ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਕੁੜੀਆਂ ਦੀ ਜਨਮ ਦਰ ਘਟ ਰਹੀ ਹੈ। ਇਸ ਲਈ ਬਹੁਤ ਸਾਰੇ ਨੌਜਵਾਨ ਕਵਾਰੇ ਰਹ ਜਾਂਦੇ ਹਨ ਕਿਉਂਕਿ ਵਿਆਹ ਲਈ ਕੁੜੀਆਂ ਦੀ ਘਾਟ ਹੈ। ਉੱਥੇ ਹੀ ਪਿੰਡਾਂ ਵਿੱਚ ਨੂੰਹ ਨੂੰ ਖੇਤ ਦਾ ਕੰਮ, ਘਰੇਲੂ ਰੀਤੀ-ਰਿਵਾਜਾਂ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ।"

ਕਡ ਕਹਿੰਦੀ ਹੈ, "ਇਹ ਠੀਕ ਹੈ ਜੇਕਰ ਕੋਈ ਕੁੜੀ ਕੰਮ ਕਰਦੀ ਹੈ, ਪਰ ਉਸ ਤੋਂ ਘਰੇਲੂ ਕੰਮ ਕਰਨ ਦੀ ਵੀ ਉਮੀਦ ਰਹਿੰਦੀ ਹੈ। ਇਹ ਦੋਹਰੀ ਜ਼ਿੰਮੇਵਾਰੀ ਅਕਸਰ ਤਣਾਅ ਪੈਦਾ ਕਰਦੀ ਹੈ। ਇਸੇ ਕਰਕੇ ਪੜ੍ਹੀਆਂ-ਲਿਖੀਆਂ ਕੁੜੀਆਂ ਸ਼ਹਿਰ ਵਿੱਚ ਵਿਆਹ ਕਰਨਾ ਪਸੰਦ ਕਰਦੀਆਂ ਹਨ।"

ਨੌਜਵਾਨ ਲੇਖਿਕਾ ਸ਼ਵੇਤਾ ਪਾਟਿਲ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚ ਕੁੜੀਆਂ ਦੀ ਆਜ਼ਾਦੀ ਨੂੰ ਅਕਸਰ ਦਬਾ ਦਿੱਤਾ ਜਾਂਦਾ ਹੈ, ਇਸੇ ਕਰ ਕੇ ਉਹ ਆਪਣੇ ਪਿੰਡਾਂ ਵਿੱਚ ਵਿਆਹ ਕਰਨ ਤੋਂ ਬਚਦੀਆਂ ਹਨ।

ਬੀਬੀਸੀ ਮਰਾਠੀ ਲਈ ਲਿਖੇ ਇੱਕ ਲੇਖ ਵਿੱਚ ਉਹ ਕਹਿੰਦੀ ਹੈ, "ਜੇ ਪਿੰਡ ਬਦਲਦੇ ਹਨ ਤਾਂ ਪਿੰਡ ਵਾਸੀਆਂ ਦਾ ਨਜ਼ਰੀਆ ਅਤੇ ਉਨ੍ਹਾਂ ਦੇ ਨਾਲ-ਨਾਲ ਕੁੜੀਆਂ ਦਾ ਨਜ਼ਰੀਆਂ ਵੀ ਵਿਆਹ ਲਈ ਕਿਸਾਨ ਮੁੰਡੇ ਲੱਭਣ ਪ੍ਰਤੀ ਬਦਲ ਜਾਵੇਗਾ।"

"ਇੱਕ ਕਿਸਾਨ ਪਰਿਵਾਰ ਵਿੱਚ ਖ਼ਾਸ ਕਰਕੇ ਨੂੰਹ ਲਈ ਸਭ ਕੁਝ ਬਹੁਤ ਮੁਸ਼ਕਲ ਸ਼ਰਤਾਂ ʼਤੇ ਤੈਅ ਹੁੰਦਾ ਹੈ। ਮੇਰੀ ਵੱਡੀ ਭੈਣ ਦਾ ਵਿਆਹ ਇੱਕ ਅਜਿਹੇ ਹੀ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸ ਨੂੰ ਹਰ ਸਵੇਰੇ ਪੰਜ ਵਜੇ ਉੱਠਣਾ ਪੈਂਦਾ ਹੈ ਅਤੇ ਵਿਹੜਾ ਸਾਫ਼ ਕਰਨਾ ਪੈਂਦਾ ਹੈ। ਨਿਯਮ ਇੰਨੇ ਸਖ਼ਤ ਹਨ ਕਿ ਉਸ ਨੂੰ ਦੇਰ ਤੱਕ ਸੌਣ ਦੀ ਇਜਾਜ਼ਤ ਨਹੀਂ ਹੈ।"

ਨੈਸ਼ਨਲ ਫੈਮਿਲੀ ਸਰਵੇਖਣ-4 (2015-2016) ਦੇ ਅਨੁਸਾਰ, ਭਾਰਤ ਵਿੱਚ ਸਿਰਫ਼ 41 ਫੀਸਦ ਔਰਤਾਂ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਰਹਿ ਸਕਦੀਆਂ ਹਨ। ਇਹ ਫੀਸਦ ਗ੍ਰਾਮੀਣ ਖੇਤਰਾਂ ਵਿੱਚ ਹੋਰ ਵੀ ਘੱਟ ਹੈ।

ਸ਼ਵੇਤਾ ਅੱਗੇ ਕਹਿੰਦੀ ਹੈ, "ਸ਼ਹਿਰ ਵਿੱਚ ਸਭ ਕੁਝ ਚੰਗਾ ਨਹੀਂ ਹੈ, ਪਰ ਘੱਟੋ-ਘੱਟ ਸੁਤੰਤਰ ਤੌਰ 'ਤੇ ਰਹਿਣ ਦੇ ਮੌਕੇ ਤਾਂ ਹਨ। ਕੀ ਇਹ ਗਡਲਤ ਹੈ ਕਿ ਕੁੜੀਆਂ ਆਸ ਰੱਖਣ ਕਿ ਉਨ੍ਹਾਂ ਦੇ ਪਤੀ ਆਰਥਿਕ ਤੌਰ 'ਤੇ ਮਜ਼ਬੂਤ, ਸਮਝਦਾਰ ਅਤੇ ਪਰਿਵਾਰ-ਪ੍ਰੇਮੀ ਹੋਣ?"

ਉਹ ਅੱਗੇ ਕਹਿੰਦੀ ਹੈ, "ਪੇਂਡੂ ਪਰਿਵਾਰਾਂ ਵਿੱਚ ਕੁੜੀਆਂ ਤੋਂ ਅਜੇ ਵੀ ਪਰਿਵਾਰਕ ਪਰੰਪਰਾਵਾਂ ਦੀ ਪਾਲਣਾ ਕਰਨ, ਬਜ਼ੁਰਗਾਂ ਦੀ ਗੱਲ ਸੁਣਨ ਅਤੇ ਘਰੇਲੂ ਕੰਮਾਂ ਵਿੱਚ ਹਿੱਸਾ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਆਧੁਨਿਕ ਅਤੇ ਪੜ੍ਹੀਆਂ-ਲਿਖੀਆਂ ਕੁੜੀਆਂ ਲਈ ਇਹ ਸਵੀਕਾਰ ਕਰਨਾ ਮੁਸ਼ਕਲ ਹੈ।"

ਇੱਕ ਪਾਸੇ ਇਹ ਕਹਾਣੀ ਵਿੱਤੀ ਅਤੇ ਭਾਵਨਾਤਮਕ ਧੋਖਾ ਹੈ ਅਤੇ ਦੂਜੇ ਪਾਸੇ, ਇਹ ਮੁੰਡਿਆਂ ਦੇ ਵਿਆਹ ਨਾ ਕਰਵਾਉਣ ਦੀ ਇੱਕ ਗੰਭੀਰ ਸਮਾਜਿਕ ਸਮੱਸਿਆ ਨੂੰ ਉਜਾਗਰ ਕਰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)