'ਉਹ ਕਹਿੰਦੇ ਤੂੰ ਤਾਂ ਮਰਿਆ ਹੋਇਆ', ਫਿਰੋਜ਼ਪੁਰ 'ਚ ਜਿਉਂਦੇ ਮੁੰਡੇ ਦਾ ਡੈੱਥ ਸਰਟੀਫਿਕੇਟ ਬਣਾ ਕੇ ਬੀਮਾ ਰਕਮ ਹੜੱਪਣ ਦੀ ਕੋਸ਼ਿਸ਼ ਦਾ ਮਾਮਲਾ ਕੀ ਹੈ

ਤਸਵੀਰ ਸਰੋਤ, Kuldeep Brar/BBC
- ਲੇਖਕ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
"ਉਨ੍ਹਾਂ ਨੇ ਮੇਰਾ ਡੈਥ ਸਰਟੀਫਿਕੇਟ ਵੀ ਬਣਾ ਦਿੱਤਾ। ਮੇਰਾ ਵਿਆਹ ਵੀ ਨਹੀਂ ਹੋਇਆ ਅਤੇ ਮੇਰਾ ਵਿਆਹ ਵੀ ਕਰਵਾ ਦਿੱਤਾ। ਘੋਸ਼ਣਾ ਪੱਤਰ ਵੀ ਲਾਇਆ ਹੈ ਅਤੇ ਫੁੱਲ ਵੀ ਤਾਰੇ ਹੋਏ ਹਨ। ਜੇ ਮੈਂ ਕਿਤੇ ਕੰਮ ਉੱਤੇ ਜਾਂਦਾ ਤਾਂ ਅਧਾਰ ਕਾਰਡ ਮੰਗਦੇ ਹਨ ਤੇ ਆਧਾਰ ਕਾਰਡ ਬੰਦ ਹੈ ਉਹ ਕਹਿੰਦੇ ਹਨ ਕਿ ਤੂੰ ਤਾਂ ਮਰਿਆ ਹੋਇਆ ਹੈ।"
ਇਹ ਸ਼ਬਦ 19 ਸਾਲਾ ਨੌਜਵਾਨ ਵਿਸ਼ਾਲ ਦੇ ਹਨ, ਜਿਨ੍ਹਾਂ ਇਲਜ਼ਾਮ ਹੈ ਕਿ ਕੁਝ ਲੋਕਾਂ ਨੇ ਉਸ ਨੂੰ ਮ੍ਰਿਤਕ ਸਾਬਿਤ ਕਰ ਕੇ ਉਸ ਦੇ ਨਾਮ ਉੱਤੇ ਕਰਵਾਏ ਗਏ ਜੀਵਨ ਬੀਮੇ ਦੇ ਪੈਸੇ ਹਾਸਲ ਕਰਨ ਲਈ ਸਾਜਿਸ਼ ਰਚੀ ਹੈ।
ਜ਼ਿਲ੍ਹਾ ਫਿਰੋਜ਼ਪੁਰ ਦੇ ਨਵਾਂ ਪੂਰਬਾ ਪਿੰਡ ਦੇ ਰਹਿਣ ਵਾਲੇ ਵਿਸ਼ਾਲ ਮੁਤਾਬਕ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਰਜ਼ਾ ਦਵਾਉਣ ਦਾ ਝਾਂਸਾ ਦੇ ਕੇ ਦਸਤਾਵੇਜ਼ ਲੈ ਲਏ ਅਤੇ ਕੁਝ ਬੈਂਕਾਂ ਤੋਂ ਉਸ ਦਾ ਜੀਵਨ ਬੀਮਾ ਕਰਵਾ ਦਿੱਤਾ।
ਇਲਜ਼ਾਮਾਂ ਮੁਤਾਬਕ ਮੁਲਜ਼ਮਾਂ ਨੇ ਬੀਮੇ ਵਾਲੇ ਪੈਸੇ ਹਾਸਲ ਕਰਨ ਲਈ ਵਿਸ਼ਾਲ ਨੂੰ ਸ਼ਾਦੀਸ਼ੁਦਾ ਦਿਖਾਉਣ ਲਈ ਇੱਕ ਕੁੜੀ ਨੂੰ ਉਸ ਦੀ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਵਿਸ਼ਾਲ ਦਾ ਜਾਅਲੀ ਡੈੱਥ ਸਰਟੀਫਿਕੇਟ ਵੀ ਬਣਾਇਆ ਗਿਆ।
ਇਸ ਮਾਮਲੇ ਦੀ ਸ਼ਿਕਾਇਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਹੈ ਅਤੇ ਛੇਤੀ ਇਨਸਾਫ ਦੀ ਮੰਗ ਕੀਤੀਹੈ।
ਪੁਲਿਸ ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਪਰ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਉਦੋਂ ਜਦੋਂ ਹੈਥਲ ਡਿਪਾਰਟਮੈਂਟ ਦੇ ਕੁਝ ਲੋਕ ਪਿੰਡ ਕੋਟ ਕਰੋੜ ਪਹੁੰਚੇ ਜਿੱਥੇ ਵਿਸ਼ਾਲ ਪਹਿਲਾਂ ਰਹਿੰਦਾ ਸੀ।

ਤਸਵੀਰ ਸਰੋਤ, Kuldeep Brar/BBC
ਵਿਸ਼ਾਲ ਮੁਤਾਬਕ ਜਦੋਂ ਸਰਪੰਚ ਜਸਵਿੰਦਰ ਸਿੰਘ ਨੂੰ ਜਦੋਂ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਕਿਸੇ ਗੜਬੜ ਦਾ ਖਦਸ਼ਾ ਹੋਇਆ, ਜਦੋਂ ਉਨ੍ਹਾਂ ਨੇ ਵਿਸ਼ਾਲ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਸਾਰੇ ਮਾਮਲੇ ਦੀ ਪੋਲ ਖੁੱਲ੍ਹ ਗਈ।
ਵਿਸ਼ਾਲ ਨੇ ਦੱਸਿਆ, "ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਸਰਪੰਚ ਕੋਲ ਬੀਮੇ ਵਾਲੇ ਵੈਰੀਫਿਕੇਸ਼ਨ ਲਈ ਆਏ ਸਨ। ਉਨ੍ਹਾਂ ਨੇ ਮੋਹਰ ਲਗਾਉਣ ਲਈ ਕਿਹਾ ਤਾਂ ਸਰਪੰਚ ਨੇ ਕਿਹਾ ਵਿਸ਼ਾਲ ਤਾਂ 10 ਕੁ ਦਿਨ ਪਹਿਲਾਂ ਇੱਥੋਂ ਹੋ ਕੇ ਗਿਆ ਹੈ।"
"ਉਨ੍ਹਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਕਿ ਵਿਸ਼ਾਲ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਨਹੀਂ ਹੈ ਵਿਸ਼ਾਲ ਤਾਂ ਇੱਥੇ ਕੰਮ ਕਰ ਰਿਹਾ ਹੈ। ਫਿਰ ਉਨ੍ਹਾਂ ਨੇ ਗੱਲ ਕਰਵਾਈ ਮੈਨੂੰ ਕਹਿੰਦੇ ਤੂੰ ਜ਼ਿੰਦਾ ਜਾਂ ਮਰ ਗਿਆ ਤਾਂ ਮੈਂ ਅੱਗੋਂ ਕਿਹਾ ਮੈਂ ਤਾਂ ਜ਼ਿੰਦਾ ਹਾਂ ਤਾਂ ਹੀ ਗੱਲ ਕਰ ਰਿਹਾ ਹਾਂ।"
ਵਿਸ਼ਾਲ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੋਂ ਅਧਾਰ ਕਾਰਡ ਸਣੇ ਕੁਝ ਹੋਰ ਦਸਤਾਵੇਜ਼ ਲਏ ਅਤੇ ਫਿਰ ਉਸ ਨੂੰ ਅਗਲੇ ਦਿਨ ਇੱਕ ਬੈਂਕ ਵਿੱਚ ਲੈ ਗਏ ਜਿੱਥੇ ਉਸ ਦੇ ਫਿੰਗਰ ਪ੍ਰਿੰਟ, ਅੱਖਾਂ ਦਾ ਸਕੈਨ ਅਤੇ ਕੁਝ ਹੋਰ ਜਾਣਕਾਰੀਆਂ ਲੈ ਲਈਆਂ ਗਈਆਂ ਅਤੇ ਫਿਰ ਉਸ ਨੂੰ ਉੱਥੋਂ ਜਾਣ ਲਈ ਕਿਹਾ ਗਿਆ।
ਵਿਸ਼ਾਲ ਦੱਸਦੇ ਹਨ, "ਮੈਂ 19 ਸਾਲ ਦਾ ਹਾਂ ਪਰ ਮੈਨੂੰ 23 ਸਾਲ ਦੱਸਿਆ ਗਿਆ ਹੈ। ਪੰਜ ਬੈਂਕਾਂ ਵਿੱਚ ਪਾਲਿਸੀਆਂ ਕੀਤੀਆਂ ਹੋਈਆਂ ਸਨ। ਤਿੰਨਾਂ ਦੇ ਨਾਮ ਪਤਾ ਹੈ ਅਤੇ ਕਿੰਨੇ-ਕਿੰਨੇ ਦੀਆਂ ਹੋਈਆਂ ਹਨ, ਇਹ ਵੀ ਮੈਨੂੰ ਪਤਾ ਹੈ। ਕਾਗਜ਼ਾਂ ਵਿੱਚ ਜਿੱਥੇ ਵੀ ਸਿਮ ਲੈਣ ਜਾਂਦਾ ਹਾਂ ਤਾਂ ਮੇਰਾ ਅਧਾਰ ਕਾਰਡ ਬੰਦ ਆਉਂਦਾ ਹੈ। ਫਿੰਗਰ ਪ੍ਰਿੰਟ ਆਦਿ ਸਭ ਹਟਾਇਆ ਹੋਇਆ ਹੈ।"

ਵਿਸ਼ਾਲ ਦੀ ਮਾਂ ਨੇ ਕੀ ਦੱਸਿਆ
ਵਿਸ਼ਾਲ ਦੀ ਮਾਂ ਨੇ ਕਿਰਨ ਨੇ ਦੱਸਿਆ ਮੁਲਜ਼ਮ ਜਦੋਂ ਘਰ ਆਏ ਸਨ ਤਾਂ ਉਨ੍ਹਾਂ ਦਸਤਾਵੇਜ਼ ਦੇ ਦਿੱਤੇ ਸਨ। ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਮੈਨੂੰ ਲੋਨ ਦਾ ਕਿਹਾ ਸੀ ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੀ ਗੇਮ ਖੇਡੀ ਹੈ।"
ਮਾਂ ਨੇ ਰੋ-ਰੋ ਕਿਹਾ, "ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਸਜ਼ਾ ਦਿਵਾਉ। ਜਿਨ੍ਹਾਂ ਨੇ ਮੇਰੇ ਪੁੱਤ ਨੂੰ ਜਿਉਂਦੇ ਜੀਅ ਮਾਰ ਦਿੱਤਾ। ਕਿਹੜੀ ਮਾਂ ਅਜਿਹਾ ਬਰਦਾਸ਼ਤ ਕਰੇਗੀ। ਉਨ੍ਹਾਂ ਨੇ ਮੇਰੇ ਪੁੱਤਰ ਦਾ ਵਿਆਹ ਵੀ ਕਰਵਾ ਦਿੱਤਾ। "

ਤਸਵੀਰ ਸਰੋਤ, Kuldeep Brar/BBC
ਪੁਲਿਸ ਨੇ ਕੀ ਕਾਰਵਾਈ ਕੀਤੀ
ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਬਾਕੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ, "ਸਾਡੇ ਕੋਲ ਇੱਕ ਦਰਖਾਸਤ ਆਈ ਸੀ ਕਿ ਕੁਝ ਲੋਕਾਂ ਨੇ, ਰਲ ਕੇ ਇਨ੍ਹਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
"ਉਨ੍ਹਾਂ ਨੇ ਇਸ ਦੀ ਮੌਤ ਦਾ ਸਰਟੀਫਿਕੇਟ ਵੀ ਬਣਾਇਆ ਗਿਆ ਸੀ। ਇਸ ਦਾ ਇੰਸ਼ੋਰੈਂਸ ਵੀ ਕਰਵਾਇਆ ਗਿਆ ਅਤੇ ਫਰਜ਼ੀ ਵਿਆਹ ਵੀ ਕਰਾਇਆ ਗਿਆ ਸੀ ਤਾਂ ਜੋ ਇਸ ਦੀ ਇੰਸ਼ੋਰੈਂਸ ਦਾ ਪੈਸਾ ਲੈ ਸਕਣ।"
ਉਨ੍ਹਾਂ ਨੇ ਅੱਗੇ ਦੱਸਿਆ, "ਇਸ ਵਿੱਚ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਦੋ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਇਸ ਤੋਂ ਦੋ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਹੈ।"
ਪੁਲਿਸ ਨੇ ਲੋਕਾਂ ਨੂੰ ਆਪਣੇ ਦਸਤਾਵੇਜ਼ ਕਿਸੇ ਹੋਰ ਨੂੰ ਦੇਣ ਵੇਲੇ ਸਾਵਧਾਨੀ ਵਰਤ ਕੇ ਠੱਗੀ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਮਨੁੱਖੀ ਅਧਿਕਾਰ ਸੰਸਥਾ ਨੇ ਵੀ ਨੋਟਿਸ ਲਿਆ
ਹਾਲਾਂਕਿ, ਉਧਰ ਇਸ ਮਾਮਲੇ ਬਾਰੇ ਛਪੀਆਂ ਮੀਡੀਆ ਰਿਪੋਰਟ ਤੋਂ ਬਾਅਦ ਪੰਜਾਬ ਸਟੇਟ ਐਂਡ ਚੰਡੀਗੜ੍ਹ (ਯੂਟੀ) ਹਿਊਮਨ ਰਾਈਟਸ ਕਮਿਸ਼ਨ ਨੇ ਵੀ ਸੂਓ ਮੋਟੋ ਭਾਵ ਖ਼ੁਦ ਨੋਟਿਸ ਲਿਆ ਹੈ।
ਉਨ੍ਹਾਂ ਨੇ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਹੈ ਕਿ ਫਿਰੋਜ਼ਪੁਰ ਦੇ ਐੱਸਐੱਸਪੀ ਮਾਮਲੇ ਦੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਸਟੇਟਸ ਰਿਪੋਰਟ ਦਾਖ਼ਲ ਕਰਨ, ਕਮਿਸ਼ਨ ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਕਰੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












