'ਮਰੇ ਹੋਏ ਲੋਕਾਂ' ਦਾ ਬੀਮਾ ਕੀਤਾ ਗਿਆ, ਬੀਮੇ ਦੀ ਰਕਮ ਲੈਣ ਲਈ 'ਕਤਲ' ਕੀਤੇ ਗਏ, ਬੀਮਾ ਘੁਟਾਲੇ ਦੀਆਂ ਖੁੱਲ੍ਹੀਆਂ ਪਰਤਾਂ ਨੇ ਇੰਝ ਮਚਾਇਆ ਹੜਕੰਪ

ਤਸਵੀਰ ਸਰੋਤ, Prabhat Kumar/BBC
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਪੱਛਮੀ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਪੁਲਿਸ ਨੇ ਕਈ ਅਜਿਹੇ ਗਿਰੋਹਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਬੀਮੇ ਦੇ ਪੈਸੇ ਹਾਸਲ ਕਰਨ ਲਈ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਕਰ ਰਹੇ ਸਨ।
ਇਸ ਸਾਲ ਜਨਵਰੀ ਵਿੱਚ ਸ਼ੁਰੂ ਹੋਈ ਜਾਂਚ ਦੌਰਾਨ ਹੁਣ ਤੱਕ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਦੀ ਅਗਵਾਈ ਕਰ ਰਹੀ ਸੰਭਲ ਦੇ ਵਧੀਕ ਪੁਲਿਸ ਸੁਪਰਡੈਂਟ (ਏਐੱਸਪੀ) ਅਨੁਕ੍ਰਿਤੀ ਸ਼ਰਮਾ ਦੇ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਆਸ਼ਾ ਵਰਕਰ, ਬੈਂਕ ਕਰਮਚਾਰੀ, ਬੀਮਾ ਦਾਅਵਿਆਂ ਦੀ ਜਾਂਚ ਕਰਨ ਵਾਲੇ ਅਤੇ ਕਈ ਹੋਰ ਲੋਕ ਸ਼ਾਮਲ ਹਨ।
ਪੁਲਿਸ ਦਾ ਦਾਅਵਾ ਹੈ ਕਿ ਬੀਮੇ ਦੇ ਪੈਸੇ ਹੜੱਪਣ ਲਈ, ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦਾ ਬੀਮਾ ਕਰਵਾਇਆ ਗਿਆ, ਦਸਤਾਵੇਜ਼ਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਦਿਖਾਇਆ ਗਿਆ ਅਤੇ ਇੱਥੋਂ ਤੱਕ ਕਿ ਕਤਲ ਵੀ ਕੀਤੇ ਗਏ।
ਇਨ੍ਹਾਂ ਘੁਟਾਲਿਆਂ ਲਈ ਆਧਾਰ ਡਾਟਾ ਵਿੱਚ ਬਦਲਾਅ ਕੀਤਾ ਗਿਆ ਅਤੇ ਲੋਕਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਉਨ੍ਹਾਂ ਦੇ ਨਾਮ ਉੱਤੇ ਬੈਂਕ ਖਾਤੇ ਖੋਲ੍ਹੇ ਗਏ।
ਬੀਬੀਸੀ ਨੇ ਉਨ੍ਹਾਂ ਸਾਰੀਆਂ ਧਿਰਾਂ, ਜਿਨ੍ਹਾਂ ਵਿਰੁੱਧ ਪੁਲਿਸ ਨੇ ਇਲਜ਼ਾਮ ਲਗਾਏ ਹਨ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਤੋਂ ਵੀ ਕੋਈ ਜਵਾਬ ਨਹੀਂ ਮਿਲਿਆ।

ਤਸਵੀਰ ਸਰੋਤ, Prabhat Kumar/BBC
ਘੁਟਾਲੇ ਦਾ ਪਤਾ ਕਿਵੇਂ ਲੱਗਿਆ
ਜਾਂਚ ਜਨਵਰੀ 2025 ਵਿੱਚ ਸ਼ੁਰੂ ਹੋਈ, ਜਦੋਂ ਪੁਲਿਸ ਨੇ ਅਚਾਨਕ ਸੜਕ 'ਤੇ ਪਿੱਛਾ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ।
ਜਦੋਂ ਇਨ੍ਹਾਂ ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਅਤੇ ਕਾਰ ਵਿੱਚੋਂ ਮਿਲੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਸ ਬੀਮਾ ਘੁਟਾਲੇ ਦੀਆਂ ਪਰਤਾਂ ਉਜਾਗਰ ਹੋਣ ਲੱਗੀਆਂ ਅਤੇ ਇੱਕ ਤੋਂ ਬਾਅਦ ਇੱਕ ਗ੍ਰਿਫ਼ਤਾਰੀਆਂ ਹੁੰਦੀਆਂ ਰਹੀਆਂ।
ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਸਾਨੂੰ ਕਈ ਸੂਬਿਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ, ਹਜ਼ਾਰਾਂ ਪੀੜਤ ਹੋ ਸਕਦੇ ਹਨ ਅਤੇ ਇਹ ਬੀਮਾ ਘੁਟਾਲਾ ਘੱਟੋ-ਘੱਟ 100 ਕਰੋੜ ਰੁਪਏ ਤੋਂ ਵੱਧ ਦਾ ਹੋ ਸਕਦਾ ਹੈ।"
ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦਾ ਬੀਮਾ
ਬੁਲੰਦਸ਼ਹਿਰ ਦੇ ਭੀਮਪੁਰ ਪਿੰਡ ਦੇ ਰਹਿਣ ਵਾਲੇ ਸੁਨੀਤਾ ਦੇਵੀ ਦੇ ਪਤੀ ਸੁਭਾਸ਼ ਗੰਭੀਰ ਰੂਪ ਵਿੱਚ ਬਿਮਾਰ ਸਨ ਜਦੋਂ ਬੀਮਾ ਗੈਂਗ ਨੇ ਇੱਕ ਆਸ਼ਾ ਵਰਕਰ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ।
ਪੁਲਿਸ ਦਾ ਕਹਿਣਾ ਹੈ ਕਿ ਸੁਨੀਤਾ ਦੇ ਪਤੀ ਦਾ ਬੀਮਾ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ, ਬੀਮਾ ਗਿਰੋਹ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਗਈ ਰਕਮ ਕਢਵਾ ਲਈ।
ਸੰਭਲ ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਹੀ ਸੁਨੀਤਾ ਨੂੰ ਇਸ ਬਾਰੇ ਪਤਾ ਲੱਗ ਸਕਿਆ।
ਬੁਲੰਦਸ਼ਹਿਰ ਦੇ ਭੀਮਪੁਰ ਪਿੰਡ ਦੀ ਰਹਿਣ ਵਾਲੀ ਸੁਨੀਤਾ ਦੇ ਜੂਨ 2024 ਵਿੱਚ ਬਿਮਾਰੀ ਕਾਰਨ ਪਤੀ ਦੀ ਮੌਤ ਹੋ ਗਈ ਸੀ।
ਸੰਭਲ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਫ਼ੋਨਾਂ ਤੋਂ ਸੁਨੀਤਾ ਦੇ ਦਸਤਾਵੇਜ਼ ਬਰਾਮਦ ਕੀਤੇ ਹਨ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਸਾਨੂੰ ਮੁਲਜ਼ਮਾਂ ਦੇ ਫ਼ੋਨਾਂ ਤੋਂ ਸੈਂਕੜੇ ਲੋਕਾਂ ਦੇ ਬੀਮਾ ਦਸਤਾਵੇਜ਼ ਮਿਲੇ ਹਨ।"
"ਜਾਂਚ ਲਈ, ਅਸੀਂ ਅਜਿਹੇ ਮਾਮਲਿਆਂ ਦੀ ਚੋਣ ਕੀਤੀ ਜੋ ਸਾਡੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸਨ। ਜਦੋਂ ਪੁਲਿਸ ਟੀਮ ਸੁਨੀਤਾ ਕੋਲ ਪਹੁੰਚੀ, ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਦਾ ਬੀਮਾ ਹੋਇਆ ਸੀ ਅਤੇ ਉਸ ਦਾ ਇੱਕ ਬੈਂਕ ਖਾਤਾ ਵੀ ਸੀ ਜਿਸ ਤੋਂ ਪੈਸੇ ਕਢਵਾਏ ਗਏ ਸਨ।"
ਸੁਨੀਤਾ ਅਨਪੜ੍ਹ ਹੈ ਅਤੇ ਉਸ ਦਾ ਪਰਿਵਾਰ ਬਹੁਤ ਗਰੀਬ ਹੈ।

ਤਸਵੀਰ ਸਰੋਤ, Prabhat Kumar/BBC
ਭੀਮਪੁਰ ਪਿੰਡ ਵਿੱਚ ਇੱਕ ਗੁਆਂਢੀ ਦੇ ਘਰ ਦੇ ਕਮਰੇ ਵਿੱਚ ਰਹਿ ਰਹੇ ਸੁਨੀਤਾ ਕਹਿੰਦੇ ਹਨ, "ਆਸ਼ਾ ਵਰਕਰ ਪਹਿਲਾਂ ਮੇਰੇ ਕੋਲ ਆਈ। ਉਸ ਨੇ ਮੈਨੂੰ ਇੱਕ ਫਾਰਮ ਭਰਨ ਲਈ ਕਿਹਾ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਮੰਗੇ, ਮੇਰੇ ਤੋਂ ਦਸਤਖ਼ਤ ਵੀ ਕਰਵਾਏ।"
"ਉਸ ਨੇ ਮੈਨੂੰ ਕਿਹਾ ਕਿ ਮੈਨੂੰ ਸਰਕਾਰ ਤੋਂ ਬੀਮੇ ਦੇ ਪੈਸੇ ਮਿਲਣਗੇ ਅਤੇ ਮੇਰੇ ਪਤੀ ਦਾ ਇਲਾਜ ਹੋਵੇਗਾ।"
ਸੁਨੀਤਾ ਦਾ ਖਾਤਾ ਬੁਲੰਦਸ਼ਹਿਰ ਦੇ ਅਨੂਪ ਸ਼ਹਿਰ ਵਿੱਚ ਯੈੱਸ ਬੈਂਕ ਦੀ ਸ਼ਾਖਾ ਵਿੱਚ ਵੀ ਖੋਲ੍ਹਿਆ ਗਿਆ ਸੀ। ਇਸ ਖਾਤੇ ਵਿੱਚ ਬੀਮਾ ਰਕਮ ਜਮ੍ਹਾ ਕੀਤੀ ਗਈ ਸੀ, ਜਿਸ ਨੂੰ ਕਿਸੇ ਹੋਰ ਔਰਤ ਨੇ ਸਵੈ-ਚੈੱਕ ਰਾਹੀਂ ਕਢਵਾਇਆ ਸੀ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਆਸ਼ਾ ਵਰਕਰਾਂ ਤੋਂ ਲੈ ਕੇ ਬੈਂਕ ਕਰਮਚਾਰੀਆਂ ਤੱਕ ਹਰ ਕੋਈ ਇਸ ਘੁਟਾਲੇ ਵਿੱਚ ਸ਼ਾਮਲ ਸੀ।"
"ਸੁਨੀਤਾ ਕਦੇ ਬੈਂਕ ਨਹੀਂ ਗਈ ਅਤੇ ਉਸਦਾ ਖਾਤਾ ਉਸਦਾ ਕੇਵਾਈਸੀ ਕਰਵਾਉਣ ਤੋਂ ਬਾਅਦ ਖੋਲ੍ਹਿਆ ਗਿਆ ਸੀ। ਬੈਂਕ ਜਾਣ ਤੋਂ ਬਿਨ੍ਹਾਂ ਸਵੈ-ਚੈੱਕ ਰਾਹੀਂ ਪੈਸੇ ਕਢਵਾਏ ਗਏ ਸਨ। ਅਸੀਂ ਇਸ ਸਬੰਧ ਵਿੱਚ ਯੈੱਸ ਬੈਂਕ ਦੇ ਦੋ ਡਿਪਟੀ ਮੈਨੇਜਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।"
ਬੀਬੀਸੀ ਯੈੱਸ ਬੈਂਕ ਤੋਂ ਜਾਣਨਾ ਚਾਹੁੰਦਾ ਸੀ ਕਿ ਬੈਂਕ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੀ ਕਰ ਰਿਹਾ ਹੈ। ਪਰ ਬੈਂਕ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਜ਼ਮੀਨ ਗਿਰਵੀ ਰੱਖੀ, ਮੰਗਲਸੂਤਰ ਵੇਚ ਦਿੱਤਾ
ਪੁਲਿਸ ਦੇ ਅਨੁਸਾਰ, ਇਹ ਬੀਮਾ ਗਿਰੋਹ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੀ ਭਾਲ ਕਰਦੇ ਸਨ।
ਇਹ ਗਿਰੋਹ ਉਨ੍ਹਾਂ ਦੇ ਪਰਿਵਾਰਾਂ ਤੋਂ ਸਰਕਾਰੀ ਮਦਦ ਦਾ ਭਰੋਸਾ ਦੇ ਕੇ ਦਸਤਾਵੇਜ਼ ਮੰਗਦੇ ਸਨ ਅਤੇ ਫਿਰ ਉਨ੍ਹਾਂ ਦੀ ਮੌਤ ਤੋਂ ਬਾਅਦ ਬੀਮੇ ਦੇ ਪੈਸੇ ਕਢਵਾ ਲੈਂਦੇ ਸਨ।
ਅਜਿਹਾ ਹੀ ਇੱਕ ਮਾਮਲਾ ਸੰਭਲ ਦੇ ਇੱਕ ਪਿੰਡ ਦੀ ਰਹਿਣ ਵਾਲੀ ਪ੍ਰਿਅੰਕਾ ਸ਼ਰਮਾ ਦਾ ਹੈ। ਪ੍ਰਿਅੰਕਾ ਸ਼ਰਮਾ ਦੇ ਪਤੀ ਦਿਨੇਸ਼ ਸ਼ਰਮਾ ਕੈਂਸਰ ਤੋਂ ਪੀੜਤ ਸਨ ਜਦੋਂ ਬੀਮਾ ਗਿਰੋਹ ਨੇ ਉਨ੍ਹਾਂ ਨਾਲ ਸੰਪਰਕ ਕੀਤਾ।
ਪ੍ਰਿਅੰਕਾ ਕਹਿੰਦੇ ਹਨ, "ਮੈਂ ਆਪਣੇ ਪਤੀ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ ਜਦੋਂ ਉਹ ਮੈਨੂੰ ਮਿਲੇ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਸਰਕਾਰ ਵੱਲੋਂ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੀ ਮਦਦ ਕਰਦੇ ਹਨ।"
"ਤੁਹਾਨੂੰ ਇਲਾਜ ਲਈ ਪੰਜ ਲੱਖ ਰੁਪਏ ਮਿਲਣਗੇ ਅਤੇ ਜੇਕਰ ਤੁਹਾਡੇ ਪਤੀ ਨੂੰ ਕੁਝ ਹੋ ਜਾਂਦਾ ਹੈ, ਤਾਂ ਤੁਹਾਨੂੰ 20 ਲੱਖ ਰੁਪਏ ਮਿਲਣਗੇ।"
ਪ੍ਰਿਅੰਕਾ ਦਾ ਦਾਅਵਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੇ ਉਸ ਤੋਂ 1.4 ਲੱਖ ਰੁਪਏ ਲਏ ਅਤੇ ਉਸਦੇ ਸਾਰੇ ਦਸਤਾਵੇਜ਼ ਵੀ ਖੋਹ ਲਏ।
ਪ੍ਰਿਅੰਕਾ ਦੇ ਪਤੀ ਦਿਨੇਸ਼ ਸ਼ਰਮਾ ਦੀ ਮਾਰਚ 2024 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।
ਸੰਭਲ ਵਿੱਚ ਬੀਮਾ ਧੋਖਾਧੜੀ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ, ਪ੍ਰਿਅੰਕਾ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਹਾਲਾਂਕਿ, ਉਸ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਅਜੇ ਵੀ ਫਰਾਰ ਹਨ।
ਉਸਦੇ ਪਤੀ ਦੀ ਮੌਤ ਅਤੇ ਉਸ ਤੋਂ ਬਾਅਦ ਬੀਮੇ ਦੇ ਨਾਮ 'ਤੇ ਹੋਈ ਧੋਖਾਧੜੀ ਨੇ ਪ੍ਰਿਅੰਕਾ ਨੂੰ ਬਹੁਤ ਦੁਖੀ ਕਰ ਦਿੱਤਾ ਹੈ।
ਉਸ ਨੇ ਜ਼ਮੀਨ ਗਹਿਣੇ ਰੱਖੀ ਹੋਈ ਹੈ ਅਤੇ ਉਹ ਕਿਸੇ ਤਰ੍ਹਾਂ ਦੁੱਧ ਵੇਚ ਕੇ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ।

ਤਸਵੀਰ ਸਰੋਤ, Prabhat Kumar/BBC
ਮ੍ਰਿਤਕ ਵਿਅਕਤੀਆਂ ਲਈ ਬੀਮਾ
ਬੀਮਾ ਧੋਖਾਧੜੀ ਦੀ ਜਾਂਚ ਦੌਰਾਨ, ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ ਵਿੱਚ ਦਸਤਾਵੇਜ਼ਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਦਿਖਾਇਆ ਗਿਆ ਸੀ ਅਤੇ ਬੀਮਾ ਲਿਆ ਗਿਆ ਸੀ।
ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਰਹਿਣ ਵਾਲੇ ਤ੍ਰਿਲੋਕ ਦਾ ਹੈ। ਤ੍ਰਿਲੋਕ ਦੀ ਮੌਤ ਜੂਨ 2024 ਵਿੱਚ ਕੈਂਸਰ ਨਾਲ ਹੋਈ ਸੀ।
ਤ੍ਰਿਲੋਕ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸੀ, ਜਿਸਦੀ ਪਰਚੀ ਵੀ ਉਪੱਲਬਧ ਹੈ।
ਤ੍ਰਿਲੋਕ ਦੀ ਮੌਤ ਤੋਂ ਬਾਅਦ, ਕਥਿਤ ਘੁਟਾਲੇਬਾਜ਼ ਗਿਰੋਹ ਨੇ ਦਿੱਲੀ ਦੇ ਇੱਕ ਬੈਂਕ ਵਿੱਚ ਉਸਦਾ ਖਾਤਾ ਖੋਲ੍ਹਿਆ, ਇੱਕ ਬੀਮਾ ਪਾਲਿਸੀ ਲਈ ਅਤੇ ਫਿਰ ਦਿੱਲੀ ਦੇ ਜੀਬੀ ਪੰਤ ਹਸਪਤਾਲ ਤੋਂ ਉਸਦਾ ਮੌਤ ਸਰਟੀਫਿਕੇਟ ਬਣਵਾਇਆ।
ਇਸ ਗਿਰੋਹ ਦੇ ਬੀਮਾ ਰਕਮ ਕਢਵਾਉਣ ਤੋਂ ਪਹਿਲਾਂ ਹੀ, ਇਸ ਨੂੰ ਸੰਭਲ ਪੁਲਿਸ ਨੇ ਫੜ ਲਿਆ।
ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਵਿੱਚ ਰਹਿਣ ਵਾਲੀ ਤ੍ਰਿਲੋਕ ਦੀ ਪਤਨੀ ਸਪਨਾ ਇਸ ਧੋਖਾਧੜੀ ਤੋਂ ਬਹੁਤ ਦੁਖੀ ਹੈ।
ਸਪਨਾ ਇੱਕ ਬੁਟੀਕ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਸਪਨਾ ਕਹਿੰਦੇ ਹਨ, "ਮੇਰੇ ਪਤੀ ਦੀ ਮੌਤ ਹੋ ਗਈ ਸੀ। ਦਸਤਾਵੇਜ਼ਾਂ ਵਿੱਚ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਅਤੇ ਫਿਰ ਦੁਬਾਰਾ ਮਾਰ ਦਿੱਤਾ ਗਿਆ।"
ਸਪਨਾ ਆਪਣੇ ਪਤੀ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
ਸਪਨਾ ਨੇ ਕਿਹਾ, "ਅਸੀਂ ਹਰ ਸੰਭਵ ਇਲਾਜ ਕਰਵਾਇਆ, ਪਰ ਕੈਂਸਰ ਵਧਦਾ ਹੀ ਗਿਆ। ਉਸਦੀ ਮੌਤ ਤੋਂ ਬਾਅਦ ਮੈਂ ਬਹੁਤ ਟੁੱਟ ਗਈ ਸੀ।"
ਤ੍ਰਿਲੋਕ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ, ਬੀਮਾ ਗਿਰੋਹ ਨੇ ਸਪਨਾ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਸਰਕਾਰੀ ਸਹਾਇਤਾ ਮਿਲਣ ਦਾ ਭਰੋਸਾ ਦਵਾਇਆ।

ਸਪਨਾ ਸਰਕਾਰ ਤੋਂ ਮਦਦ ਦੀ ਉਡੀਕ ਕਰ ਰਹੀ ਸੀ। ਬਾਅਦ ਵਿੱਚ ਦਸਤਾਵੇਜ਼ ਲੈਣ ਵਾਲੇ ਗਿਰੋਹ ਨਾਲ ਜੁੜੇ ਲੋਕਾਂ ਨੇ ਉਸ ਦੇ ਫ਼ੋਨ ਚੁੱਕਣੇ ਬੰਦ ਕਰ ਦਿੱਤੇ।
ਜਦੋਂ ਸੰਭਲ ਪੁਲਿਸ ਬੀਮਾ ਘੁਟਾਲੇ ਦੀ ਜਾਂਚ ਦੌਰਾਨ ਸਪਨਾ ਤੱਕ ਪਹੁੰਚੀ, ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਪਤੀ ਦਾ ਬੀਮਾ ਉਸਦੀ ਮੌਤ ਤੋਂ ਬਾਅਦ ਕੀਤਾ ਗਿਆ ਸੀ।
ਸਪਨਾ ਦੱਸਦੇ ਹਨ, "ਜਦੋਂ ਪੁਲਿਸ ਆਈ, ਮੈਂ ਬਹੁਤ ਡਰ ਗਈ। ਮੈਂ ਇੱਕ ਵਿਧਵਾ ਹਾਂ ਅਤੇ ਜਦੋਂ ਪੁਲਿਸ ਆਈ, ਤਾਂ ਸਾਰਿਆਂ ਨੇ ਸੋਚਿਆ ਕਿ ਮੈਂ ਕੁਝ ਗ਼ਲਤ ਕੀਤਾ ਹੈ।"
"ਫਿਰ ਅਨੁਕ੍ਰਿਤੀ ਸ਼ਰਮਾ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਤੁਹਾਡੇ ਨਾਲ ਧੋਖਾ ਹੋ ਗਿਆ ਹੈ, ਤੁਹਾਡੇ ਤੋਂ ਇਸ ਲਈ ਪੁੱਛ-ਗਿੱਛ ਹੋ ਰਹੀ ਹੈ ਕਿਉਂਕਿ ਤੁਹਾਡੇ ਪਤੀ ਨੂੰ ਕਾਗਜ਼ਾਂ 'ਚ ਜ਼ਿੰਦਾ ਰੱਖਿਆ ਗਿਆ ਹੈ ਅਤੇ ਫਿਰ ਦੁਬਾਰਾ ਮਾਰ ਦਿੱਤਾ ਗਿਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਹ ਗਿਰੋਹ ਮੇਰੇ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਪਹਿਲਾਂ ਹੀ ਮੁਸੀਬਤ ਵਿੱਚ ਹਨ।"
"ਜੇਕਰ ਪੁਲਿਸ ਮੇਰੀ ਸਥਿਤੀ ਨੂੰ ਨਾ ਸਮਝਦੀ, ਤਾਂ ਮੈਂ ਇਸ ਧੋਖਾਧੜੀ ਵਿੱਚ ਮੁਲਜ਼ਿਮ ਬਣ ਜਾਂਦੀ, ਕਿਉਂਕਿ ਦਸਤਾਵੇਜ਼ ਤਾਂ ਆਖ਼ਰ ਮੇਰੇ ਹੀ ਵਰਤੇ ਗਏ ਸਨ।"
ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਬੀਮੇ ਦੇ ਪੈਸੇ ਕਢਵਾਉਣ ਲਈ ਮੌਤ ਦਾ ਸਰਟੀਫਿਕੇਟ ਜ਼ਰੂਰੀ ਹੈ।"
"ਤ੍ਰਿਲੋਕ ਦੇ ਮਾਮਲੇ ਵਿੱਚ, ਦਿੱਲੀ ਦੇ ਜੀਬੀ ਪੰਤ ਹਸਪਤਾਲ ਤੋਂ ਮੌਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ ਸੀ।"
ਸੰਭਲ ਪੁਲਿਸ ਨੂੰ ਦਿੱਤੇ ਆਪਣੇ ਜਵਾਬ ਵਿੱਚ, ਜੀਬੀ ਪੰਤ ਹਸਪਤਾਲ ਨੇ ਕਿਹਾ ਸੀ ਕਿ ਇਹ ਮੌਤ ਸਰਟੀਫਿਕੇਟ ਜਾਅਲੀ ਸੀ।
5 ਜੁਲਾਈ ਨੂੰ ਸੰਭਲ ਪੁਲਿਸ ਨੇ ਜੀਬੀ ਪੰਤ ਹਸਪਤਾਲ ਦੇ ਇੱਕ ਸੁਰੱਖਿਆ ਗਾਰਡ ਅਤੇ ਇੱਕ ਵਾਰਡ ਬੁਆਏ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹਸਪਤਾਲ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਮੌਤ ਦਾ ਸਰਟੀਫਿਕੇਟ ਬਣਾਇਆ ਸੀ।
ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ, ਬੀਬੀਸੀ ਨੇ ਇਸ ਮਾਮਲੇ ਵਿੱਚ ਜੀਬੀ ਪੰਤ ਹਸਪਤਾਲ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਹਸਪਤਾਲ ਨੇ ਕੋਈ ਜਵਾਬ ਨਹੀਂ ਦਿੱਤਾ।
ਤ੍ਰਿਲੋਕ ਦੀ ਬੀਮਾ ਪਾਲਿਸੀ ਦੀ 20 ਲੱਖ ਰੁਪਏ ਦੀ ਰਕਮ ਉਸਦੇ ਬੈਂਕ ਖਾਤੇ ਵਿੱਚ ਆ ਗਈ ਸੀ।
ਪਰ ਇਸ ਤੋਂ ਪਹਿਲਾਂ ਕਿ ਗਿਰੋਹ ਦੇ ਮੈਂਬਰ ਇਹ ਪੈਸੇ ਕਢਵਾ ਸਕਦੇ, ਸੰਭਲ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਬੀਮਾ ਦੀ ਰਕਮ ਲਈ ਹੋਏ ʻਕਤਲʼ
ਬੀਮਾ ਰਕਮ ਲਈ ਇਹ ਫਰਜ਼ੀਵਾੜਾ ਸਿਰਫ਼ ਗੰਭੀਰ ਤੌਰ ʼਤੇ ਬਿਮਾਰ ਲੋਕਾਂ ਜਾਂ ਮਰ ਚੁੱਕੇ ਲੋਕਾਂ ਤੱਕ ਹੀ ਨਹੀਂ ਰੁਕਿਆ ਬਲਕਿ ਪੁਲਿਸ ਦਾ ਦਾਅਵਾ ਹੈ ਕਿ ਬੀਮਾ ਦੀ ਰਕਮ ਹੜੱਪਣ ਲਈ ਕਤਲ ਤੱਕ ਹੋਏ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਦਾਅਵਾ ਕਰਦੇ ਹਨ ਕਿ ਜਾਂਚ ਦੌਰਾਨ ਸੰਭਲ ਪੁਲਿਸ ਦੇ ਸਾਹਮਣੇ ਕਤਲ ਦੇ ਅਜਿਹੇ ਘੱਟੋ-ਘੱਟ ਚਾਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੂੰ ਹਾਦਸੇ ਵਿੱਚ ਹੋਈ ਮੌਤ ਦੱਸਿਆ ਗਿਆ ਸੀ।
ਇਨ੍ਹਾਂ ਚਾਰਾਂ ਵਿੱਚੋਂ ਇੱਕ 20 ਸਾਲਾ ਅਮਨ ਵੀ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਅਮਰੋਹਾ ਅਤੇ ਸੰਭਲ ਜ਼ਿਲ੍ਹਿਆਂ ਦੀ ਸਰਹੱਦ ਵਿੱਚੋਂ ਲੰਘਦੀ ਸੜਕ 'ਤੇ ਰਹਲਾ ਪੁਲਿਸ ਸਟੇਸ਼ਨ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਇੱਕ ਸੁੰਨਸਾਨ ਜਗ੍ਹਾ 'ਤੇ ਨਵੰਬਰ 2023 ਵਿੱਚ ਇੱਕ ਹਾਦਸੇ ਵਿੱਚ 20 ਸਾਲਾ ਅਮਨ ਦੀ ਮੌਤ ਦਿਖਾ ਕੇ ਬੀਮੇ ਦੀ ਰਕਮ ਵਸੂਲੀ ਗਈ ਸੀ।
ਬਾਅਦ ਵਿੱਚ ਪੁਲਿਸ ਜਾਂਚ ਵਿੱਚ, ਇਹ ਦਾਅਵਾ ਕੀਤਾ ਗਿਆ ਸੀ ਕਿ ਅਮਨ ਦਾ ਕਤਲ ਇੱਕ ਬੀਮਾ ਧੋਖਾਧੜੀ ਗਿਰੋਹ ਦੁਆਰਾ ਕੀਤਾ ਗਿਆ ਸੀ।
ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਸਾਨੂੰ ਮੁਲਜ਼ਮਾਂ ਤੋਂ ਅਮਨ ਦੇ ਬਹੁਤ ਸਾਰੇ ਪਾਲਿਸੀ ਦਸਤਾਵੇਜ਼ ਵੀ ਮਿਲੇ। ਜਦੋਂ ਅਸੀਂ ਉਸ ਦੀ ਪੋਸਟਮਾਰਟਮ ਰਿਪੋਰਟ ਦੇਖੀ, ਤਾਂ ਪੀਐੱਮ ਵਿੱਚ ਉਸਦੇ ਪੂਰੇ ਸਰੀਰ 'ਤੇ ਕੋਈ ਖਰੋਚ ਨਹੀਂ ਸੀ, ਸਿਰ 'ਤੇ ਸਿਰਫ਼ ਚਾਰ ਸੱਟਾਂ ਸਨ।"

ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਜਦੋਂ ਅਸੀਂ ਉਸ ਗਿਰੋਹ ਦੇ ਸੱਤ ਲੋਕਾਂ ਨੂੰ ਫੜਿਆ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਅਸੀਂ ਰਹਲਾ ਜਾ ਕੇ ਕਤਲ ਕਰਦੇ ਹਾਂ। ਜਦੋਂ ਅਸੀਂ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੇ ਸਲੀਮ ਨਾਮ ਦੇ ਮੁੰਡੇ ਦੇ ਕਤਲ ਦਾ ਵੀ ਇਕਬਾਲ ਕੀਤਾ।"
"ਇਹ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ। ਇਸ ਮਾਮਲੇ ਵਿੱਚ, ਉਨ੍ਹਾਂ ਨੂੰ ਬੀਮੇ ਦੇ ਪੈਸੇ ਦੇ 78 ਲੱਖ ਰੁਪਏ ਮਿਲੇ।"
ਅਮਨ ਦਾ ਆਧਾਰ ਕਾਰਡ ਦਿੱਲੀ ਦੇ ਛਤਰਪੁਰ ਇਲਾਕੇ ਦੇ ਭਾਟੀ ਖੁਰਦ ਪਿੰਡ ਵਿੱਚ ਬਣਵਾਇਆ ਗਿਆ ਸੀ। ਹਾਲਾਂਕਿ, ਸਥਾਨਕ ਲੋਕਾਂ ਦੇ ਅਨੁਸਾਰ, ਅਮਨ ਕਦੇ ਵੀ ਇੱਥੇ ਨਹੀਂ ਰਿਹਾ।
ਸੰਭਲ ਪੁਲਿਸ ਨੇ ਬੀਮਾ ਧੋਖਾਧੜੀ ਦੀ ਇਸ ਜਾਂਚ ਦੌਰਾਨ ਕਈ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਅਤੇ ਹੁਣ ਤੱਕ ਲਗਭਗ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਧਾਰ ਡੇਟਾ ਵਿੱਚ ਬਦਲਾਅ ਕੀਤੇ

ਤਸਵੀਰ ਸਰੋਤ, Sambhal Police
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਘੁਟਾਲਾ ਕਰਨ ਲਈ ਆਧਾਰ ਡੇਟਾ ਵਿੱਚ ਬਦਲਾਅ ਕੀਤੇ ਗਏ ਸਨ ਅਤੇ ਜਾਅਲੀ ਉਮਰ ਅਤੇ ਪਤੇ ਦਰਜ ਕੀਤੇ ਗਏ ਸਨ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਕਹਿੰਦੀ ਹੈ, "ਯੂਆਈਡੀਏਆਈ ਨੇ ਬਹੁਤ ਸਾਰੇ ਸੁਰੱਖਿਆ ਉਪਾਅ ਕੀਤੇ ਹਨ, ਜਿਨ੍ਹਾਂ ਨੂੰ ਬਾਈਪਾਸ ਕਰਨਾ ਆਸਾਨ ਨਹੀਂ ਹੈ। ਪਰ ਬੀਮਾ ਗਿਰੋਹ ਦਾ ਨੈੱਟਵਰਕ ਇੰਨਾ ਗੁੰਝਲਦਾਰ ਸੀ ਕਿ ਉਨ੍ਹਾਂ ਨੇ ਕੀਤੀ ਗਈ ਹਰ ਸੁਰੱਖਿਆ ਉਪਾਅ ਨੂੰ ਬਾਈਪਾਸ ਕਰ ਦਿੱਤਾ।"
ਬੀਬੀਸੀ ਨੇ ਯੂਆਈਡੀਏਆਈ ਯਾਨਿ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਤੋਂ ਆਧਾਰ ਡੇਟਾ ਵਿੱਚ ਕੀਤੇ ਗਏ ਬਦਲਾਵਾਂ ਅਤੇ ਅਜਿਹੇ ਧੋਖਾਧੜੀ ਨੂੰ ਰੋਕਣ ਲਈ ਕੀ ਯਤਨ ਕੀਤੇ ਜਾ ਰਹੇ ਹਨ, ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲ ਸਕਿਆ।
ਇਹ ਜਾਂਚ ਬੀਮਾ ਦਾਅਵਿਆਂ ਦੇ ਜਾਂਚਕਰਤਾ ਓਮਕਾਰੇਸ਼ਵਰ ਮਿਸ਼ਰਾ ਦੀ ਗ੍ਰਿਫ਼ਤਾਰੀ ਨਾਲ ਸ਼ੁਰੂ ਹੋਈ। ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਓਮਕਾਰੇਸ਼ਵਰ ਦੇ ਵਕੀਲ ਨੀਰਜ ਤਿਵਾੜੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਬੇਕਸੂਰ ਹੈ ਅਤੇ ਜਲਦੀ ਹੀ ਜ਼ਮਾਨਤ ਮਿਲ ਜਾਵੇਗੀ।
ਬੀਮਾ ਘੁਟਾਲੇ ਨਾਲ ਜੁੜੇ ਕਈ ਮੁਲਜ਼ਮਾਂ ਦਾ ਸਬੰਧ ਸੰਭਲ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਬਬਰਾਲਾ ਨਾਲ ਹੈ।
ਮੁਲਜ਼ਮ ਸਚਿਨ ਸ਼ਰਮਾ ਅਤੇ ਗੌਰਵ ਸ਼ਰਮਾ ਦੇ ਬਬਰਾਲਾ ਸਥਿਤ ਘਰਾਂ ਨੂੰ ਤਾਲਾ ਲੱਗਿਆ ਹੋਇਆ ਹੈ। ਉਨ੍ਹਾਂ ਦੇ ਕਈ ਗੁਆਂਢੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ʼਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲਗਭਗ ਇੱਕ ਦਹਾਕਾ ਪਹਿਲਾਂ ਸਾਈਕਲ ਟਾਇਰ ਪੰਕਚਰ ਦੀ ਦੁਕਾਨ ਚਲਾਉਂਦੇ ਸਨ।
ਸਚਿਨ ਸ਼ਰਮਾ ਅਤੇ ਗੌਰਵ ਸ਼ਰਮਾ ਦੇ ਪਰਿਵਾਰ ਦੇ ਗ੍ਰੇਟਰ ਨੋਇਡਾ ਵਿੱਚ ਵੀ ਕਈ ਘਰ ਹਨ। ਉਨ੍ਹਾਂ ਦਾ ਪੱਖ ਜਾਣਨ ਲਈ, ਅਸੀਂ ਗ੍ਰੇਟਰ ਨੋਇਡਾ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ, ਪਰ ਕੋਈ ਜਵਾਬ ਨਹੀਂ ਮਿਲ ਸਕਿਆ।
ਸੰਭਲ ਵਿੱਚ ਸਾਹਮਣੇ ਆਏ ਇਸ ਬੀਮਾ ਘੁਟਾਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਕਈ ਹੋਰ ਪਰਤਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕਈ ਸੂਬਿਆਂ ਵਿੱਚ ਫੈਲਿਆ ਹੋ ਸਕਦਾ ਹੈ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਕਹਿੰਦੀ ਹੈ, "ਸਾਡੇ ਕੋਲ ਜੋ ਸ਼ਿਕਾਇਤਾਂ ਅਤੇ ਜਾਣਕਾਰੀਆਂ ਹਨ ਉਹ ਕਈ ਸੂਬਿਆਂ ਤੋਂ ਹਨ। ਇਹ ਬਹੁਤ ਹੀ ਗੁੰਝਲਦਾਰ ਘੁਟਾਲਾ ਹੈ, ਜਿਸ ਵਿੱਚ ਕਈ ਖੇਤਰਾਂ ਦੇ ਲੋਕ ਸ਼ਾਮਲ ਹਨ।"
"ਅਸੀਂ ਆਸ਼ਾ ਵਰਕਰਾਂ, ਗ੍ਰਾਮ ਪ੍ਰਧਾਨ, ਬੈਂਕ, ਬੀਮਾ ਕੰਪਨੀ ਦੇ ਏਜੰਟਾਂ, ਆਧਾਰ ਪੀਓਸੀ ਸੈਂਟਰ ਨਾਲ ਜੁੜੇ ਲੋਕਾਂ, ਹਸਪਤਾਲ ਨਾਲ ਜੁੜੇ ਲੋਕਾਂ ਅਤੇ ਕਈ ਹੋਰ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤੁਸੀਂ ਕਹਿ ਸਕਦੇ ਹੋ ਕਿ ਇੱਕ ਅਰਥਵਿਵਸਥਾ ਵਿੱਚ ਜਿੰਨੇ ਖਿਡਾਰੀ ਹੁੰਦੇ ਹਨ, ਉਸੇ ਤਰ੍ਹਾਂ ਦੇ ਭ੍ਰਿਸ਼ਟ ਲੋਕ ਧੋਖਾਧੜੀ ਵਾਲੀ ਆਰਥਿਕਤਾ ਵਿੱਚ ਵੀ ਸ਼ਾਮਲ ਹੁੰਦੇ ਹਨ।"
ਬੀਮਾ ਦੀ ਰਕਮ ਹਾਸਲ ਕਰਨ ਲਈ ਸਭ ਤੋਂ ਅਹਿਮ ਦਸਤਾਵੇਜ਼ ਮੌਤ ਦਾ ਸਰਟੀਫਿਕੇਟ ਹੈ।
ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ, ਵਕੀਲ ਪ੍ਰਵੀਨ ਪਾਠਕ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਗਈ ਹੈ।
ਪ੍ਰਵੀਨ ਪਾਠਕ ਕਹਿੰਦੇ ਹਨ, "ਘੱਟੋ-ਘੱਟ ਇੱਕ ਸਿਸਟਮ ਹੋਣਾ ਚਾਹੀਦਾ ਹੈ, ਆਟੋਮੇਟਿਡ ਡਿਜੀਟਾਈਜ਼ਡ, ਜਿੱਥੇ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਦੀ ਮੌਤ ਹੋਈ ਹੈ ਅਤੇ ਉਸ ਦੇ ਆਧਾਰ 'ਤੇ ਤਸਦੀਕ ਕੀਤੀ ਜਾ ਸਕਦੀ ਹੈ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਮੌਤ ਕਦੋਂ ਹੋਈ ਹੈ। ਜੇਕਰ ਇਸ ਸਿਸਟਮ ਨੂੰ ਬਿਹਤਰ ਬਣਾਇਆ ਜਾਂਦਾ ਹੈ, ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।"

ਕੇਵਾਈਸੀ ਦਸਤਾਵੇਜ਼ਾਂ ਦੀ ਦੁਰਵਰਤੋਂ
ਇਸ ਪੈਮਾਨੇ ʼਤੇ ਬੀਮਾ ਫਰਜ਼ੀਵਾੜੇ ਸਾਹਮਣੇ ਆਉਣ ਤੋਂ ਬਾਅਦ ਤੋਂ ਬੀਮਾ ਕੰਪਨੀਆਂ ਵੀ ਚਿੰਤਤ ਹਨ।
ਐੱਸਬੀਆਈ ਲਾਈਫ ਦੇ ਸੀਈਓ ਰਜਨੀਸ਼ ਮਧੁਕਰ ਕਹਿੰਦੇ ਹਨ ਕਿ ਕੰਪਨੀ ਬੀਮਾ ਧਾਰਕ ਨੂੰ ਤਕਲੀਫ ਦਿੱਤੇ ਬਿਨ੍ਹਾਂ ਦਾਅਵੇ ਨੂੰ ਪ੍ਰੋਸੈਸ ਕਰਦੀ ਹੈ, ਇਸੇ ਦਾ ਫਾਇਦਾ ਧੋਖਾਧੜੀ ਕਰਨ ਵਾਲੇ ਚੁੱਕਦੇ ਹਨ।
ਰਜਨੀਸ਼ ਮਧੁਕਰ ਕਹਿੰਦੇ ਹਨ, "ਬੀਮਾ ਦਾਅਵਿਆਂ ਦਾ ਭੁਗਤਾਨ ਕਰਦੇ ਹੋ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਦਾਅਵਾ ਕਰਨ ਵਾਲਿਆਂ ਨੂੰ ਕੋਈ ਤਕਲੀਫ਼ ਨਾ ਹੋਵੇ ਕਿਉਂਕਿ ਕਿਸੇ ਦੀ ਮੌਤ ਤੋਂ ਬਾਅਦ ਪਰਿਵਾਰ ਪਹਿਲਾ ਹੀ ਬਹੁਤ ਪਰੇਸ਼ਾਨ ਹੁੰਦੇ ਹਨ। ਇਸ ਵਿਚਾਲੇ ਇਹ ਲੋਕ (ਸਕੈਮਰ) ਆ ਜਾਂਦੇ ਹਨ, ਜੋ ਫਰਜ਼ੀਵਾੜਾ ਕਰਦੇ ਹਨ।"
ਇਸ ਧੋਖਾਧੜੀ ਦੀ ਜੜ੍ਹ ਵਿੱਚ ਕੇਵਾਈਸੀ ਯਾਨਿ ਪਛਾਣ ਨਾਲ ਜੁੜੇ ਦਸਤਾਵੇਜ਼ ਦਾ ਗ਼ਲਤ ਇਸਤੇਮਾਲ ਹੈ।
ਏਐੱਸਪੀ ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਧੋਖਾਧੜੀ ਨੂੰ ਅੰਜਾਮ ਦੇਣ ਲਈ ਲੋਕਾਂ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਉਹ ਲੋਕ ਜੋ ਅਸਲ ਵਿੱਚ ਪੀੜਤ ਹਨ, ਵੀ ਧੋਖਾਧੜੀ ਦੀ ਜਾਂਚ ਦੇ ਦਾਇਰੇ ਵਿੱਚ ਆਉਂਦੇ ਹਨ। ਸਭ ਤੋਂ ਵੱਡੀ ਚੁਣੌਤੀ ਹੈ ਅਜਿਹੇ ਲੋਕਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ।"
ਬੀਮਾ ਜੋਖ਼ਮ ਪ੍ਰਬੰਧਨ ਐਸੋਸੀਏਸ਼ਨ ਨਾਲ ਜੁੜੇ ਡਾ. ਰਮੇਸ਼ ਖਰੇ ਕਹਿੰਦੇ ਹਨ, "ਜਦੋਂ ਧੋਖਾਧੜੀ ਫੜੀ ਜਾਂਦੀ ਹੈ, ਤਾਂ ਉਹ ਲੋਕ ਮੁਸੀਬਤ ਵਿੱਚ ਪੈ ਜਾਂਦੇ ਹਨ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਪੈਨ ਕਾਰਡ ਦੀ ਵਰਤੋਂ ਕੀਤੀ ਗਈ ਹੈ।"
"ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੇਵਾਈਸੀ ਦੀ ਦੁਰਵਰਤੋਂ ਨਾ ਹੋਵੇ।"
ਬੀਮਾ ਧੋਖਾਧੜੀ ਵਧ ਰਹੀ ਹੈ - ਆਈਆਰਡੀਏਆਈ

ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਯਾਨਿ ਆਈਆਰਡੀਏਆਈ ਨੇ ਬੀਮਾ ਖੇਤਰ ਵਿੱਚ ਧੋਖਾਧੜੀ ਨੂੰ ਰੋਕਣ ਲਈ 2024 ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਦੇ ਤਹਿਤ ਜੇਕਰ ਕੋਈ ਧੋਖਾਧੜੀ ਦਾ ਪਤਾ ਲੱਗਦਾ ਹੈ ਤਾਂ ਇਸਦੀ ਜਾਂਚ ਕਰਨਾ ਲਾਜ਼ਮੀ ਹੈ।
ਬੀਮਾ ਧੋਖਾਧੜੀ ਦੇ ਪੈਮਾਨੇ ਬਾਰੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਹਾਲਾਂਕਿ, ਅਨੁਮਾਨਾਂ ਅਨੁਸਾਰ, ਇਹ ਹਜ਼ਾਰਾਂ ਕਰੋੜਾਂ ਵਿੱਚ ਹੋ ਸਕਦਾ ਹੈ।
ਸੰਭਲ ਵਿੱਚ ਬੀਮਾ ਸੰਮੇਲਨ ਵਿੱਚ ਬੋਲਦਿਆਂ, ਆਈਆਰਡੀਏਆਈ ਦੀ ਕਾਰਜਕਾਰੀ ਨਿਰਦੇਸ਼ਕ ਮੀਨਾ ਕੁਮਾਰੀ ਨੇ ਮੰਨਿਆ ਹੈ ਕਿ ਬੀਮਾ ਧੋਖਾਧੜੀ ਲਗਾਤਾਰ ਵੱਧ ਰਹੀ ਹੈ।
ਮੀਨਾ ਕੁਮਾਰੀ ਨੇ ਕਿਹਾ, "ਕਈ ਵਾਰ ਲੋਕ ਕਹਿੰਦੇ ਹਨ ਕਿ ਧੋਖਾਧੜੀ ਹੋਣ ਨਾਲ ਵੱਧ ਤੋਂ ਵੱਧ ਕੀ ਹੋਵੇਗਾ, ਬੀਮਾ ਦਾਅਵੇ ਵਧ ਜਾਣਗੇ। ਅਜਿਹੀ ਸਥਿਤੀ ਵਿੱਚ, ਜਦੋਂ ਵੀ ਸੰਭਵ ਹੁੰਦਾ ਹੈ, ਤਾਂ ਅਗਲੇ ਸਾਲ ਨਵੇਂ ਪਾਲਿਸੀ ਧਾਰਕਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਕਿਉਂਕਿ ਵਧੇ ਹੋਏ ਦਾਅਵਿਆਂ ਕਾਰਨ ਬੀਮਾ ਪ੍ਰੀਮੀਅਮ ਵਧ ਜਾਂਦਾ ਹੈ।"
ਮੀਨਾ ਕੁਮਾਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ, ਇਹ ਸਿੱਧੇ ਤੌਰ 'ਤੇ ਉਨ੍ਹਾਂ ਗਾਹਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਪਾਲਿਸੀ ਖਰੀਦਣ ਲਈ ਬੀਮਾ ਕੰਪਨੀਆਂ ਕੋਲ ਆਉਂਦੇ ਹਨ।
ਇਸ ਬੀਮਾ ਧੋਖਾਧੜੀ ਦਾ ਘੇਰਾ ਕਿੰਨਾ ਵੱਡਾ ਹੈ, ਇਸ ਸਵਾਲ 'ਤੇ ਅਨੁਕ੍ਰਿਤੀ ਸ਼ਰਮਾ ਕਹਿੰਦੇ ਹਨ, "ਅਸੀਂ ਪੰਜ ਮਹੀਨਿਆਂ ਤੋਂ ਜਾਂਚ ਕਰ ਰਹੇ ਹਾਂ। ਲਗਭਗ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਹਜ਼ਾਰਾਂ ਜਾਅਲੀ ਪਾਲਿਸੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।"
"ਮੈਨੂੰ ਲੱਗਦਾ ਹੈ ਕਿ ਅਸੀਂ ਹੁਣ ਤੱਕ ਸ਼ਾਇਦ ਸਿਰਫ 10 ਫੀਸਦ ਕੰਮ ਹੀ ਕਰ ਸਕੇ ਹਾਂ। ਅਜਿਹੇ ਧੋਖਾਧੜੀ ਨੂੰ ਰੋਕਣ ਲਈ ਅਜੇ ਵੀ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












