ਯਮਨ 'ਚ ਭਾਰਤੀ ਨਰਸ ਨਿਮਿਸ਼ਾ ਦੀ ਸਜ਼ਾ-ਏ-ਮੌਤ ਨੂੰ ਟਾਲਿਆ ਗਿਆ, ਮ੍ਰਿਤਕ ਦੇ ਭਰਾ ਨੇ ਇਸ ਕੇਸ ਬਾਰੇ ਕੀ ਕਿਹਾ

ਨਿਮਿਸ਼ਾ
ਤਸਵੀਰ ਕੈਪਸ਼ਨ, ਨਿਮਿਸ਼ਾ ਨਰਸ ਦਾ ਕੰਮ ਕਰਨ ਯਮਨ ਗਈ ਸੀ

ਯਮਨ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ ਵਿੱਚ, ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਯਮਨ ਦੇ ਸਥਾਨਕ ਪ੍ਰਸ਼ਾਸਨ ਨੇ 16 ਜੁਲਾਈ 2025 ਨੂੰ ਹੋਣ ਵਾਲੀ ਫਾਂਸੀ ਨੂੰ ਫਿਲਹਾਲ ਟਾਲ ਦਿੱਤਾ ਹੈ।

ਉਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੇ ਲੋਕਾਂ ਨੇ ਬੀਬੀਸੀ ਨੂੰ ਫਾਂਸੀ ਦੀ ਮਿਤੀ ਬਾਰੇ ਜਾਣਕਾਰੀ ਦਿੱਤੀ ਸੀ।

ਫਾਂਸੀ ਦੀ ਸਜ਼ਾ ਤੋਂ ਬਾਅਦ ਨਿਮਿਸ਼ਾ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਸਰਗਰਮ ਹੋਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ, ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਸੀ।

ਹਾਲ ਹੀ ਦੇ ਦਿਨਾਂ ਵਿੱਚ, ਸਰਕਾਰ ਨੇ ਪਰਿਵਾਰ ਨੂੰ ਦੂਜੀ ਧਿਰ ਨਾਲ ਆਪਸੀ ਸਹਿਮਤੀ ਨਾਲ ਮਾਮਲੇ ਨੂੰ ਹੱਲ ਕਰਨ ਲਈ ਸਮਾਂ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ।

ਸੂਤਰਾਂ ਅਨੁਸਾਰ, ਮਾਮਲੇ ਦੀ ਸੰਵੇਦਨਸ਼ੀਲਤਾ ਦੇ ਬਾਵਜੂਦ, ਭਾਰਤੀ ਅਧਿਕਾਰੀ ਯਮਨ ਦੇ ਜੇਲ੍ਹ ਪ੍ਰਸ਼ਾਸਨ ਅਤੇ ਇਸਤਗਾਸਾ ਦਫ਼ਤਰ ਦੇ ਸੰਪਰਕ ਵਿੱਚ ਰਹੇ, ਜਿਸ ਕਾਰਨ ਫਾਂਸੀ ਨੂੰ ਮੁਲਤਵੀ ਕੀਤਾ ਜਾ ਸਕਿਆ।

ਕੀ ਕੁਝ ਵਾਪਰਿਆ

ਸੈਮੂਅਲ ਜੇਰੋਮ
ਤਸਵੀਰ ਕੈਪਸ਼ਨ, ਤਾਮਿਲਨਾਡੂ ਦੇ ਸੈਮੂਅਲ ਜੇਰੋਮ ਨੇ ਨਿਮਿਸ਼ਾ ਪ੍ਰਿਆ ਕੇਸ ਨੂੰ ਮੀਡੀਆ ਵਿੱਚ ਲਿਆਂਦਾ

ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਨੂੰ ਯਮਨ ਵਿੱਚ 2017 ਦੇ ਇੱਕ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਹ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ।

ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ ਅਤੇ ਨਿਮਿਸ਼ਾ ਦੀ ਮਾਂ ਪ੍ਰੇਮਾ ਕੁਮਾਰੀ, ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੇ ਸਨ।

ਭਾਰਤ ਸਰਕਾਰ ਤੋਂ ਖ਼ਾਸ ਇਜਾਜ਼ਤ ਲੈ ਕੇ ਪ੍ਰੇਮਾ ਕੁਮਾਰੀ ਪਿਛਲੇ ਸਾਲ ਅਪ੍ਰੈਲ ਵਿੱਚ ਯਮਨ ਗਏ ਸਨ।

ਕਿਉਂਕਿ ਯਮਨ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ ਇਸ ਲਈ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਤੋਂ ਸਿਰਫ਼ ਕਤਲ ਕੀਤੇ ਵਿਅਕਤੀ ਦੇ ਪਰਿਵਾਰ ਨੂੰ 'ਬਲੱਡ ਮਨੀ' ਵਜੋਂ ਮੁਆਵਜ਼ੇ ਦੀ ਰਕਮ ਦਾ ਭੁਗਤਾਨ ਕਰਕੇ ਅਤੇ ਮਾਫ਼ੀ ਪ੍ਰਾਪਤ ਕਰਕੇ ਹੀ ਬਚਾਇਆ ਜਾ ਸਕਦਾ ਹੈ।

ਜਦੋਂ ਨਿਮਿਸ਼ਾ ਦਾ ਪਰਿਵਾਰ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਯਮਨ ਦੇ ਰਾਸ਼ਟਰਪਤੀ ਮਹਿਦੀ ਅਲ-ਮਸ਼ਾਦ (ਹਾਊਤੀ ਧੜੇ) ਨੇ ਜਨਵਰੀ ਵਿੱਚ ਨਿਮਿਸ਼ਾ ਨੂੰ ਫਾਂਸੀ ਦੇਣ ਨੂੰ ਮਨਜ਼ੂਰੀ ਦੇ ਦਿੱਤੀ।

ਨਿਮਿਸ਼ਾ ਪ੍ਰਿਆ ਦੀ ਆਪਣੇ ਪਤੀ ਨਾਲ ਫੋਟੋ
ਤਸਵੀਰ ਕੈਪਸ਼ਨ, ਨਿਮਿਸ਼ਾ ਪ੍ਰਿਆ ਦੀ ਆਪਣੇ ਪਤੀ ਨਾਲ ਫ਼ੋਟੋ

ਇਸ ਤੋਂ ਪਹਿਲਾਂ, ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਯਮਨ ਵਿੱਚ ਨਿਮਿਸ਼ਾ ਕੇਸ ਦੇ ਪਾਵਰ ਆਫ਼ ਅਟਾਰਨੀ ਸੈਮੂਅਲ ਜੇਰੋਮ ਨੇ ਕਿਹਾ, "ਸਭ ਕੁਝ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਅੱਜ (ਮੰਗਲਵਾਰ) ਦਿਨ ਦੇ ਅੰਤ ਤੱਕ, ਕੁਝ ਚੰਗੀ ਖ਼ਬਰ ਮਿਲ ਸਕਦੀ ਹੈ। ਪਰ ਇਹ ਮੌਤ ਦੀ ਸਜ਼ਾ ਰੱਦ ਹੋਣ ਦੀ ਖ਼ਬਰ ਨਹੀਂ ਹੋਵੇਗੀ। ਸਿਰਫ਼ ਫਾਂਸੀ ਨੂੰ ਮੁਲਤਵੀ ਕੀਤਾ ਜਾਵੇਗਾ।"

ਉਨ੍ਹਾਂ ਇਹ ਵੀ ਕਿਹਾ ਸੀ, "ਹੁਣ ਤੱਕ ਮਹਿਦੀ ਦੇ ਪਰਿਵਾਰ ਨੇ ਮਾਫ਼ੀ ਨਹੀਂ ਦਿੱਤੀ ਹੈ। ਜੇਕਰ ਉਹ ਮਾਫ਼ ਕਰ ਦਿੰਦੇ ਹਨ, ਤਾਂ ਹੀ ਮੌਤ ਦੀ ਸਜ਼ਾ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਵੇਲੇ, ਸਾਡੇ ਕੋਲ ਸਿਰਫ਼ ਫਾਂਸੀ ਨੂੰ ਮੁਲਤਵੀ ਕਰਨ ਦਾ ਬਦਲ ਹੈ, ਜਿਸ ਨਾਲ ਸਾਨੂੰ ਪਰਿਵਾਰ ਨਾਲ ਗੱਲ ਕਰਨ ਲਈ ਹੋਰ ਸਮਾਂ ਮਿਲੇਗਾ।"

ਸੈਮੂਅਲ ਜੇਰੋਮ ਨੇ ਬੀਬੀਸੀ ਤਮਿਲ ਨੂੰ ਦੱਸਿਆ ਸੀ ਕਿ ਯਮਨ ਸਰਕਾਰ ਤੋਂ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਮਿਲੀ ਹੈ। "ਅਸੀਂ ਅਧਿਕਾਰਤ ਹੁਕਮ ਦੀ ਉਡੀਕ ਕਰ ਰਹੇ ਹਾਂ।"

ਸੋਮਵਾਰ, 14 ਜੁਲਾਈ ਨੂੰ ਕੇਰਲਾ ਦੇ ਇੱਕ ਬਹੁਤ ਹੀ ਸਤਿਕਾਰਤ ਅਤੇ ਪ੍ਰਭਾਵਸ਼ਾਲੀ ਮੁਸਲਿਮ ਧਾਰਮਿਕ ਆਗੂ ਗ੍ਰੈਂਡ ਮੁਫਤੀ ਏਪੀ ਅਬੂਬਕਰ ਮੁਸਲਿਆਰ ਨੇ ਨਿਮਿਸ਼ਾ ਪ੍ਰਿਆ ਕੇਸ ਬਾਰੇ 'ਯਮਨ ਦੇ ਕੁਝ ਸ਼ੇਖਾਂ' ਨਾਲ ਗੱਲ ਕੀਤੀ।

ਸੁਪਰੀਮ ਕੋਰਟ ਦੇ ਵਕੀਲ ਅਤੇ ਕੌਂਸਲ ਮੈਂਬਰ ਸੁਭਾਸ਼ ਚੰਦਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ ਦੇ ਮੈਂਬਰਾਂ ਨੇ ਗ੍ਰੈਂਡ ਮੁਫ਼ਤੀ ਨਾਲ ਮੁਲਾਕਾਤ ਕੀਤੀ ਸੀ।"

"ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ (ਯਮਨ) ਦੇ ਕੁਝ ਪ੍ਰਭਾਵਸ਼ਾਲੀ ਸ਼ੇਖਾਂ ਨਾਲ ਗੱਲ ਕੀਤੀ।"

ਚੰਦਰ ਨੇ ਕਿਹਾ, "ਸਾਨੂੰ ਦੱਸਿਆ ਗਿਆ ਹੈ ਕਿ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਮ੍ਰਿਤਕਾਂ ਦੇ ਕੁਝ ਰਿਸ਼ਤੇਦਾਰਾਂ ਸਣੇ ਪ੍ਰਭਾਵਸ਼ਾਲੀ ਲੋਕ ਵੀ ਮੌਜੂਦ ਰਹਿਣਗੇ।"

ਮ੍ਰਿਤਕ ਮਹਿਦੀ ਦੇ ਭਰਾ ਨੇ ਅਬਦੇਲਫਤਹ
ਤਸਵੀਰ ਕੈਪਸ਼ਨ, ਮ੍ਰਿਤਕ ਮਹਿਦੀ ਦੇ ਭਰਾ ਨੇ ਅਬਦੇਲਫਤਹ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕੀ ਚਾਹੁੰਦਾ ਹੈ

ਮ੍ਰਿਤਕ ਮਹਿਦੀ ਦਾ ਪਰਿਵਾਰ ਕੀ ਚਾਹੁੰਦਾ ਹੈ

ਉਧਰ ਦੂਜੇ ਪਾਸੇ ਮ੍ਰਿਤਕ ਮਹਿਦੀ ਦੇ ਭਰਾ ਨੇ ਅਬਦੇਲਫਤਹ ਹੇਦੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਨਿਮਿਸ਼ਾ ਅਤੇ ਮਹਿਦੀ ਵਿਚਕਾਰ ਰਿਸ਼ਤਾ ਕਿਸੇ ਵੀ ਹੋਰ ਆਮ ਰਿਸ਼ਤੇ ਵਾਂਗ ਸੀ।

ਉਨ੍ਹਾਂ ਨੇ ਅੱਗੇ ਦੱਸਿਆ, "ਉਨ੍ਹਾਂ ਨੇ ਇੱਕ ਦੂਜੇ ਨੂੰ ਜਾਣਿਆ ਫਿਰ ਇੱਕ ਮੈਡੀਕਲ ਕਲੀਨਿਕ ਵਿੱਚ ਵਪਾਰਕ ਭਾਈਵਾਲੀ ਸ਼ੁਰੂ ਕੀਤੀ, ਫਿਰ 3 ਜਾਂ 4 ਸਾਲਾਂ ਲਈ ਵਿਆਹ ਕਰਵਾ ਲਿਆ।"

ਮਹਿਦੀ ਵੱਲੋਂ ਨਿਮਿਸ਼ਾ ਦਾ ਪਾਸਪੋਰਟ ਜ਼ਬਤ ਕਰਨ ਵਾਲੇ ਤੱਥ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਇਹ ਇੱਕ ਝੂਠਾ ਦਾਅਵਾ ਹੈ ਜਿਸਦਾ ਕੋਈ ਜ਼ਿਕਰ ਨਹੀਂ ਹੈ। ਦੋਸ਼ੀ ਨੇ ਖ਼ੁਦ ਇਸ ਦਾ ਜ਼ਿਕਰ ਨਹੀਂ ਕੀਤਾ ਅਤੇ ਇਹ ਦਾਅਵਾ ਨਹੀਂ ਕੀਤਾ ਕਿ ਉਸ ਨੇ ਉਸ ਦਾ ਪਾਸਪੋਰਟ ਰੋਕਿਆ ਸੀ ਜਾਂ ਉਸ ਦਾ ਸ਼ੋਸ਼ਣ ਕੀਤਾ ਸੀ ਜਿਵੇਂ ਕਿ ਅਫ਼ਵਾਹ ਹੈ।"

" ਸਾਨੂੰ ਅਫ਼ਸੋਸ ਹੈ ਕਿ ਭਾਰਤੀ ਮੀਡੀਆ ਵੱਲੋਂ ਸੱਚਾਈ ਨਾਲ ਛੇੜਛਾੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਖ਼ਾਸ ਕਰਕੇ ਦੋਸ਼ੀ ਨੂੰ ਪੀੜਤ ਵਜੋਂ ਪੇਸ਼ ਕਰਕੇ, ਅਪਰਾਧ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ।"

"ਅਤੇ ਅਸੀਂ ਇਹ ਸਪੱਸ਼ਟ ਤੌਰ 'ਤੇ ਕਹਿੰਦੇ ਹਾਂ ਕਿ ਉਨ੍ਹਾਂ ਦਾ ਉਦੇਸ਼ ਜਨਤਕ ਰਾਇ ਨੂੰ ਪ੍ਰਭਾਵਿਤ ਕਰਨਾ ਹੈ।"

ਨਿਮਿਸ਼ਾ ਅਤੇ ਮਹਿਦੀ ਵਿਚਾਲੇ ਵਿਵਾਦ ਦੇ ਮਾਮਲੇ ʼਤੇ ਉਨ੍ਹਾਂ ਨੇ ਕਿਹਾ, "ਮੈਂ ਕਹਿੰਦਾ ਹਾਂ ਕਿ ਕੋਈ ਵੀ ਵਿਵਾਦ, ਭਾਵੇਂ ਕੋਈ ਵੀ ਹੋਵੇ ਅਤੇ ਕਿੰਨਾ ਵੀ ਵੱਡਾ ਹੋਵੇ, ਕਤਲ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾ ਸਕਦਾ, ਲਾਸ਼ ਨੂੰ ਟੁਕੜੇ-ਟੁਕੜੇ ਕਰਨ, ਵਿਗਾੜਨ ਅਤੇ ਲੁਕਾਉਣ ਦੀ ਤਾਂ ਗੱਲ ਹੀ ਛੱਡ ਦਿਓ।"

"ਅਸੀਂ ਜੋ ਮਹਿਸੂਸ ਕੀਤਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ!"

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਨਾ ਸਿਰਫ਼ ਇਸ ਬੇਰਹਿਮ ਭਰੇ ਅਪਰਾਧ ਤੋਂ ਪੀੜਤ ਹਾਂ, ਸਗੋਂ ਇੱਕ ਭਿਆਨਕ ਅਤੇ ਘਿਨਾਉਣੇ ਪਰ ਸਪੱਸ਼ਟ ਅਪਰਾਧ ਮਾਮਲੇ ਵਿੱਚ ਲੰਬੀ, ਥਕਾ ਦੇਣ ਵਾਲੀ ਮੁਕੱਦਮੇਬਾਜ਼ੀ ਪ੍ਰਕਿਰਿਆ ਤੋਂ ਵੀ ਪੀੜਤ ਹਾਂ, ਜਿਸ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਹੱਲ ਕਰ ਲਿਆ ਜਾਣਾ ਚਾਹੀਦਾ ਸੀ, ਇੰਨੇ ਸਾਲ ਨਹੀਂ ਲੱਗਣੇ ਚਾਹੀਦੇ ਸਨ।"

"ਸੁਲ੍ਹਾ-ਸਫਾਈ ਦੀਆਂ ਕੋਸ਼ਿਸ਼ਾਂ 'ਤੇ ਸਾਡਾ ਰੁਖ਼ ਸਪੱਸ਼ਟ ਹੈ, ਅਸੀਂ ਵਿੱਚ ਰੱਬ ਦੇ ਕਾਨੂੰਨ 'ਕਿਸਾਸ' (ਬਦਲਾ) ਨੂੰ ਲਾਗੂ ਕਰਨ 'ਤੇ ਜ਼ੋਰ ਦਿੰਦੇ ਹਾਂ, ਹੋਰ ਕੁਝ ਨਹੀਂ।"

ਨਿਮਿਸ਼ਾ ਪ੍ਰਿਆ ਨੂੰ ਬਚਾਉਣ ਦਾ ਕੀ ਤਰੀਕਾ ਹੈ?

ਨਿਮਿਸ਼ਾ ਦੀ ਮਾਂ ਪ੍ਰੇਮਾ
ਤਸਵੀਰ ਕੈਪਸ਼ਨ, ਨਿਮਿਸ਼ਾ ਦੀ ਮਾਂ ਪ੍ਰੇਮਾ ਪਿਛਲੇ ਸਾਲ ਅਪ੍ਰੈਲ ਵਿੱਚ ਭਾਰਤ ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਨਾਲ ਯਮਨ ਗਈ ਸੀ

ਨਿਮਿਸ਼ਾ ਪ੍ਰਿਆ ਕੇਸ ਨੂੰ ਤਾਮਿਲਨਾਡੂ ਦੇ ਸੈਮੂਅਲ ਜੇਰੋਮ ਨੇ ਹੀ ਮੀਡੀਆ ਵਿੱਚ ਸੁਰਖੀਆਂ ਵਿੱਚ ਲਿਆਂਦਾ ਸੀ।

ਜੇਰੋਮ ਬੀਤੇ ਕਈ ਸਾਲਾਂ ਤੋਂ ਯਮਨ ਵਿੱਚ ਇੱਕ ਹਵਾਬਾਜ਼ੀ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ, ਮਹਿਦੀ ਪਰਿਵਾਰ ਤੋਂ ਨਿਮਿਸ਼ਾ ਲਈ ਮਾਫੀ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।

ਦਸੰਬਰ 2023 ਵਿੱਚ ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਜੇਰੋਮ ਨੇ ਕਿਹਾ ਸੀ ਕਿ ਮਾਫ਼ੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਪੈਸਾ ਮੁੱਖ ਕਾਰਕ ਨਹੀਂ ਸੀ।

ਉਨ੍ਹਾਂ ਕਿਹਾ, "ਖੂਨ ਦੀ ਰਕਮ ਸਿਰਫ਼ ਮਾਫ਼ੀ ਦਾ ਪ੍ਰਤੀਕ ਹੈ। ਕੁਝ ਹੋਰ ਮਾਮਲਿਆਂ ਵਿੱਚ ਪ੍ਰਭਾਵਿਤ ਯਮਨੀ ਪਰਿਵਾਰਾਂ ਨੇ 5 ਮਿਲੀਅਨ ਡਾਲਰ ਯਾਨੀ ਭਾਰਤੀ ਮੁਦਰਾ ਵਿੱਚ 42 ਕਰੋੜ ਦੇਣ ਦੀ ਪੇਸ਼ਕਸ਼ ਕਰਨ ਤੋਂ ਬਾਅਦ ਵੀ ਮਾਫ਼ ਨਹੀਂ ਕੀਤਾ ਗਿਆ। ਇਸੇ ਲਈ ਮਹਿਦੀ ਦੇ ਪਰਿਵਾਰ ਨਾਲ ਕਈ ਪੜਾਵਾਂ ਵਿੱਚ ਗੱਲਬਾਤ ਕੀਤੀ ਗਈ ਹੈ ਅਤੇ ਇਹ ਜਾਰੀ ਵੀ ਹੈ।"

ਇਸ ਮਾਫ਼ੀ ਦੀ ਅਹਿਮੀਅਤ ਬਾਰੇ ਬੋਲਦਿਆਂ ਜੇਰੋਮ ਨੇ ਕਿਹਾ, "ਯਮਨ ਦੇ ਰਾਸ਼ਟਰਪਤੀ ਵੱਲੋਂ ਮੌਤ ਦੀ ਸਜ਼ਾ ਦੀ ਪ੍ਰਵਾਨਗੀ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਭੇਜੀ ਜਾਵੇਗੀ, ਜੋ ਫ਼ਿਰ ਮੌਤ ਦੀ ਸਜ਼ਾ ਨੂੰ ਲਾਗੂ ਕਰਨ ਦਾ ਹੁਕਮ ਜਾਰੀ ਕਰਨਗੇ।"

"ਇਸ ਤੋਂ ਪਹਿਲਾਂ, ਉਹ ਮਹਿਦੀ ਦੇ ਪਰਿਵਾਰ ਨੂੰ ਫ਼ੋਨ ਕਰਨਗੇ ਅਤੇ ਉਨ੍ਹਾਂ ਤੋਂ ਪੁੱਛਣਗੇ ਕਿ ਕੀ ਉਨ੍ਹਾਂ ਨੂੰ ਨਿਮਿਸ਼ਾ ਨੂੰ ਸਜ਼ਾ ਸੁਣਾਏ ਜਾਣ 'ਤੇ ਕੋਈ ਇਤਰਾਜ਼ ਹੈ।"

"ਪੁੱਛੇ ਜਾਣ ਉੱਤੇ ਜੇਕਰ ਮਹਿਦੀ ਦਾ ਪਰਿਵਾਰ ਕਹਿੰਦਾ ਹੈ ਕਿ ਉਹ ਇੱਛੁਕ ਨਹੀਂ ਹਨ ਜਾਂ ਉਹ ਨਿਮਿਸ਼ਾ ਨੂੰ ਮੁਆਫ਼ ਕਰ ਸਕਦੇ ਹਨ, ਤਾਂ ਸਜ਼ਾ 'ਤੇ ਫ਼ੌਰਨ ਰੋਕ ਲਾ ਦਿੱਤੀ ਜਾਵੇਗੀ।"

ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਮੌਜੂਦਾ ਸਥਿਤੀ ਵਿੱਚ, ਕਤਲ ਕੀਤੇ ਗਏ ਮਹਿਦੀ ਦੇ ਪਰਿਵਾਰ ਕੋਲ ਇੱਕੋ ਇੱਕ ਵਿਕਲਪ ਹੈ ਕਿ ਉਹ ਮੁਆਵਜ਼ਾ ਸਵੀਕਾਰ ਕਰਨ ਅਤੇ ਨਿਮਿਸ਼ਾ ਨੂੰ ਮਾਫ਼ ਕਰ ਦੇਣ।

ਕੀ ਹੈ ਪੂਰਾ ਮਾਮਲਾ?

ਪ੍ਰੇਮਾ ਕੁਮਾਰੀ
ਤਸਵੀਰ ਕੈਪਸ਼ਨ, ਨਿਮਿਸ਼ਾ ਦੀ ਮਾਂ ਪ੍ਰੇਮਾ ਕੁਮਾਰੀ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਯਮਨ ਜਾਣ ਦੀ ਇਜਾਜ਼ਤ ਲਈ ਸੀ

ਦਸੰਬਰ 2023 ਵਿੱਚ ਪ੍ਰਕਾਸ਼ਿਤ ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਸਿਖਲਾਈ ਪ੍ਰਾਪਤ ਨਰਸ ਨਿਮਿਸ਼ਾ ਪ੍ਰਿਆ 2008 ਵਿੱਚ ਕੇਰਲ ਤੋਂ ਯਮਨ ਗਏ ਸਨ।

ਉੱਥੇ ਉਨ੍ਹਾਂ ਨੂੰ ਰਾਜਧਾਨੀ ਸਨਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਮਿਲ ਗਈ।

2011 'ਚ ਨਿਮਿਸ਼ਾ ਟੌਮੀ ਥਾਮਸ ਨਾਲ ਵਿਆਹ ਕਰਨ ਲਈ ਕੇਰਲ ਆਏ ਅਤੇ ਫਿਰ ਦੋਵੇਂ ਯਮਨ ਚਲੇ ਗਏ ਸਨ। ਦਸੰਬਰ 2012 ਵਿੱਚ ਉਨ੍ਹਾਂ ਨੇ ਇੱਕ ਧੀ ਨੂੰ ਜਨਮ ਦਿੱਤਾ।

ਥਾਮਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਈ ਉਚਿਤ ਨੌਕਰੀ ਨਹੀਂ ਮਿਲੀ, ਜਿਸ ਕਾਰਨ ਵਿੱਤੀ ਸਮੱਸਿਆਵਾਂ ਵਧ ਗਈਆਂ ਅਤੇ 2014 ਵਿੱਚ ਉਹ ਆਪਣੀ ਧੀ ਨਾਲ ਕੋਚੀ ਵਾਪਸ ਆ ਗਏ।

ਉਸੇ ਸਾਲ ਨਿਮਿਸ਼ਾ ਨੇ ਆਪਣੀ ਘੱਟ ਤਨਖਾਹ ਵਾਲੀ ਨੌਕਰੀ ਛੱਡ ਕੇ ਕਲੀਨਿਕ ਖੋਲ੍ਹਣ ਦਾ ਫੈਸਲਾ ਕੀਤਾ।

ਯਮਨ ਦੇ ਕਾਨੂੰਨ ਦੇ ਤਹਿਤ, ਅਜਿਹਾ ਕਰਨ ਲਈ ਇੱਕ ਸਥਾਨਕ ਸਾਥੀ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਹ ਸਮਾਂ ਹੈ ਜਦੋਂ ਮਹਿਦੀ ਇਸ ਕਹਾਣੀ ਵਿੱਚ ਦਾਖਲ ਹੁੰਦੇ ਹਨ।

ਮਹਿਦੀ ਇੱਕ ਕੱਪੜੇ ਦੀ ਦੁਕਾਨ ਚਲਾਉਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਨੇ ਕਲੀਨਿਕ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਜਿੱਥੇ ਨਿਮਿਸ਼ਾ ਕੰਮ ਕਰਦੀ ਸੀ।

ਇਹ ਵੀ ਪੜ੍ਹੋ-

ਜਨਵਰੀ 2015 ਵਿੱਚ ਜਦੋਂ ਨਿਮਿਸ਼ਾ ਭਾਰਤ ਆਈ ਸੀ ਤਾਂ ਮਹਿਦੀ ਉਨ੍ਹਾਂ ਦੇ ਨਾਲ ਆਏ ਸਨ।

ਨਿਮਿਸ਼ਾ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੈਸੇ ਲੈ ਕੇ ਲਗਭਗ 50 ਲੱਖ ਰੁਪਏ ਇਕੱਠੇ ਕੀਤੇ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਆਪਣਾ ਕਲੀਨਿਕ ਖੋਲ੍ਹਣ ਲਈ ਯਮਨ ਵਾਪਸ ਆ ਗਈ।

ਜਦੋਂ ਯਮਨ ਵਿੱਚ ਘਰੇਲੂ ਯੁੱਧ ਸ਼ੁਰੂ ਹੋਇਆ ਤਾਂ ਉਦੋਂ ਥਾਮਸ ਅਤੇ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣ ਦੇ ਯਤਨ ਸ਼ੁਰੂ ਹੋਏ ਸਨ ।

ਉਸ ਸਮੇਂ ਦੌਰਾਨ ਭਾਰਤ ਨੇ ਆਪਣੇ 4,600 ਨਾਗਰਿਕਾਂ ਅਤੇ 1,000 ਵਿਦੇਸ਼ੀ ਨਾਗਰਿਕਾਂ ਨੂੰ ਯਮਨ ਤੋਂ ਬਾਹਰ ਕੱਢਿਆ ਪਰ ਨਿਮਿਸ਼ਾ ਵਾਪਸ ਨਹੀਂ ਆਏ।

ਪਰ ਨਿਮਿਸ਼ਾ ਦੇ ਹਾਲਾਤ ਜਲਦ ਹੀ ਵਿਗੜਨ ਲੱਗੇ ਅਤੇ ਉਹ ਮਹਿਦੀ ਦੀ ਸ਼ਿਕਾਇਤ ਕਰਨ ਲੱਗੀ।

ਨਿਮਿਸ਼ਾ ਦੀ ਮਾਂ ਪ੍ਰੇਮਾ ਕੁਮਾਰੀ ਵੱਲੋਂ 2023 ਵਿੱਚ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ, "ਮਹਿਦੀ ਨੇ ਨਿਮਿਸ਼ਾ ਦੇ ਵਿਆਹ ਦੀਆਂ ਫੋਟੋਆਂ ਉਸ ਦੇ ਘਰੋਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਛੇੜਛਾੜ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਨਿਮਿਸ਼ਾ ਨਾਲ ਵਿਆਹ ਕੀਤਾ ਹੈ।"

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਿਦੀ ਨੇ ਨਿਮਿਸ਼ਾ ਨੂੰ ਕਈ ਮੌਕਿਆਂ 'ਤੇ ਧਮਕੀ ਦਿੱਤੀ ਅਤੇ "ਉਸ ਦਾ ਪਾਸਪੋਰਟ ਆਪਣੇ ਕੋਲ ਰੱਖਿਆ ਅਤੇ ਜਦੋਂ ਨਿਮਿਸ਼ਾ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਪੁਲਿਸ ਨੇ ਉਲਟਾ ਨਿਮਿਸ਼ਾ ਨੂੰ ਹੀ ਛੇ ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।"

ਕਤਲ ਦਾ ਇਲਜ਼ਾਮ ਅਤੇ ਸਜ਼ਾ

ਮੌਤ ਦੀ ਸਜ਼ਾ ਦੀ ਮੁਆਫ਼ੀ

ਨਿਮਿਸ਼ਾ ਦੇ ਪਤੀ ਥਾਮਸ ਨੂੰ 2017 'ਚ ਮਹਿਦੀ ਦੇ ਕਤਲ ਦੀ ਜਾਣਕਾਰੀ ਮਿਲੀ ਸੀ।

ਥਾਮਸ ਨੂੰ ਯਮਨ ਤੋਂ ਖ਼ਬਰ ਮਿਲੀ ਸੀ ਕਿ ਨਿਮਿਸ਼ਾ ਨੂੰ ਉਨ੍ਹਾਂ ਦੇ ਪਤੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਥਾਮਸ ਲਈ ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਹ ਖੁਦ ਨਿਮਿਸ਼ਾ ਦਾ ਪਤੀ ਸੀ।

ਮਹਿਦੀ ਦੀ ਕੱਟੀ ਹੋਈ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਨੂੰ ਸਾਊਦੀ ਅਰਬ ਨਾਲ ਲੱਗਦੀ ਯਮਨ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਬੀਬੀਸੀ ਦੀ ਰਿਪੋਰਟ ਅਨੁਸਾਰ, 'ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਹਿਦੀ ਨੇ ਕਲੀਨਿਕ ਦੇ ਮਾਲਕੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਸੀ ਅਤੇ ਕਲੀਨਿਕ ਦੀ ਮਲਕੀਅਤ ਦਾ ਵੀ ਦਾਅਵਾ ਕੀਤਾ ਸੀ। ਮਹਿਦੀ ਨੇ ਕਲੀਨਿਕ ਤੋਂ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ ਸਨ ਅਤੇ ਨਿਮਿਸ਼ਾ ਦਾ ਪਾਸਪੋਰਟ ਵੀ ਰੱਖ ਲਿਆ ਸੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)