2 ਕਰੋੜ ਬਲੱਡ ਮਨੀ ਦੇਣ ਦੇ ਬਾਵਜੂਦ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚ, ‘ਆਖ਼ਰੀ ਇੱਛਾ ਆਪਣੇ ਭਰਾ ਨੂੰ ਮਿਲਣਾ’

- ਲੇਖਕ, ਗਗਨਦੀਪ ਸਿੰਘ ਜੱਸੋਵਾਲ/ਭਾਰਤ ਭੂਸ਼ਣ
- ਰੋਲ, ਬੀਬੀਸੀ ਪੱਤਰਕਾਰ/ਬੀਬੀਸੀ ਸਹਿਯੋਗੀ
"ਮੇਰੀ ਬੱਸ ਆਖ਼ਰੀ ਇੱਛਾ ਹੈ ਕਿ ਮੈਂ ਆਪਣੇ ਭਰਾ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ"
ਇਹ ਬੋਲਦੇ ਹੋਏ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲ੍ਹਣ ਦੇ ਵਾਸੀ ਪ੍ਰਗਟ ਸਿੰਘ ਭਾਵੁਕ ਹੋ ਜਾਂਦੇ ਹਨ।
ਪ੍ਰਗਟ ਸਿੰਘ ਦਾ ਛੋਟਾ ਭਰਾ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਹ ਇੱਕ ਦੂਜੇ ਨੂੰ ਪਿਛਲੇ 15 ਸਾਲਾਂ ਤੋਂ ਨਹੀਂ ਮਿਲੇ।
ਬਲਵਿੰਦਰ ਸਿੰਘ ਨੂੰ ਕਤਲ ਦੇ ਕੇਸ ਵਿੱਚ ਮੌਤ ਦੀ ਸਜ਼ਾ ਹੋਈ ਸੀ ਪਰ ਉਸ ਦੇ ਪਰਿਵਾਰ ਨੇ ਲੋਕਾਂ ਦੀ ਮਦਦ ਨਾਲ, ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਦੀ ਸਹਾਇਤਾ ਨਾਲ 2 ਕਰੋੜ ਦੀ ਬਲੱਡ ਮਨੀ ਇਕੱਠੀ ਕੀਤੀ ਸੀ। ਇਹ ਰਕਮ ਪਿਛਲੇ ਸਾਲ ਮਈ ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਭਰ ਵੀ ਦਿੱਤੀ ਗਈ ਸੀ।
ਹਾਲਾਂਕਿ, ਬਲੱਡ ਮਨੀ ਦੇਣ ਦੇ ਬਾਵਜੂਦ 13 ਮਹੀਨੇ ਤੋਂ ਬਲਵਿੰਦਰ ਸਿੰਘ ਜੇਲ੍ਹ ਵਿੱਚ ਹੀ ਹੈ ਪਰ ਉਸਦਾ ਪਰਿਵਾਰ ਆਪਣੇ ਘਰ ਦੇ ਮੈਂਬਰ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕਰ ਰਿਹਾ ਹੈ।

‘ਬਲਵਿੰਦਰ ਦੀ ਉਡੀਕ ’ਚ ਮਾਤਾ-ਪਿਤਾ ਤੁਰ ਗਏ’
ਬੀਬੀਸੀ ਪੰਜਾਬੀ ਦੀ ਟੀਮ ਬਲਵਿੰਦਰ ਸਿੰਘ ਦੇ ਪਿੰਡ ਪਹੁੰਚੀ। ਬਲਵਿੰਦਰ ਦੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ। ਬਲਵਿੰਦਰ ਦੇ ਪਰਿਵਾਰ ਵਿੱਚ ਸਿਰਫ ਇੱਕ ਵੱਡਾ ਭਰਾ ਬਚਿਆ ਹੈ ਜਦਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ।
ਬਲਵਿੰਦਰ ਸਿੰਘ ਦਾ ਘਰ ਬਹੁਤ ਖਸਤਾ ਹਾਲਤ ਵਿੱਚ ਹੈ ਕਿਉਂਕਿ ਇਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਘਰ ਦੇ ਪਿਛਲੇ ਪਾਸੇ ਵੱਡਾ-ਵੱਡਾ ਘਾਹ ਤੇ ਬੂਟੀਆਂ ਉਘੀਆਂ ਆਈ ਹਨ।
ਉਸ ਦੇ ਕਮਰੇ ਨੂੰ ਵੀ ਤਾਲਾ ਲੱਗਿਆ ਹੋਇਆ ਸੀ ਅਤੇ ਪੂਰਾ ਘਰ ਮਿੱਟੀ ਨਾਲ ਭਰਿਆ ਪਿਆ ਸੀ।

ਬਲਵਿੰਦਰ ਦਾ ਭਰਾ ਪ੍ਰਗਟ ਅੱਜਕੱਲ੍ਹ ਟਰੱਕ ਡਰਾਈਵਰ ਹੈ। ਉਹ ਜਦੋਂ ਪਿੰਡ ਆਉਂਦਾ ਹੈ ਤਾਂ ਰੋਟੀ ਆਪਣੇ ਚਾਚੇ ਦੇ ਘਰ ਖਾਂਦਾ ਹੈ।
ਬਲਵਿੰਦਰ ਸਿੰਘ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਨੂੰ ਸਾਲ 2013 ਵਿੱਚ ਆਪਣੇ ਇੱਕ ਸਹਿ-ਕਰਮਚਾਰੀ ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਉਨ੍ਹਾਂ ਕਿਹਾ, “ਸਮੁੱਚੇ ਭਾਈਚਾਰੇ ਨੇ ਉਸਦੀ ਜਾਨ ਬਚਾਉਣ ਲਈ 2 ਕਰੋੜ ਦੀ ਬਲੱਡ ਮਨੀ ਇਕਠੀ ਕੀਤੀ ਤਾਂ ਜੋ ਉਸਦੀ ਜਾਨ ਬਚਾਈ ਜਾਵੇ ਤੇ ਵਾਪਿਸ ਭਾਰਤ ਲਿਆਂਦਾ ਜਾ ਸਕੇ। ਪਰ ਬਲਵਿੰਦਰ ਦੇ ਮਾਤਾ-ਪਿਤਾ ਆਪਣੇ ਪੁੱਤਰ ਦੀ ਉਡੀਕ ਕਰਦੇ ਹੀ ਤੁਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ ਸੀ।”
ਉਨ੍ਹਾਂ ਕਿਹਾ ਕਿ 15 ਸਾਲ ਹੋ ਗਏ ਹਨ ਉਨ੍ਹਾਂ ਨੇ ਆਪਣੇ ਭਰਾ ਨੂੰ ਨਹੀਂ ਦੇਖਿਆ।

ਰਿਹਾਈ ਦਾ ਲੰਮਾ ਹੁੰਦਾ ਜਾ ਰਿਹਾ ਇੰਤਜ਼ਾਰ
ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਬਲੱਡ ਮਨੀ ਮਿਲਣ ਤੋਂ ਬਾਅਦ ਬਲਵਿੰਦਰ ਸਿੰਘ ਨੂੰ 2 ਹਫਤਿਆਂ ਦੇ ਅੰਦਰ ਰਿਹਾਅ ਕਰ ਦਿੱਤਾ ਜਾਵੇਗਾ ਪਰ ਹੁਣ 13 ਮਹੀਨੇ ਹੋ ਗਏ ਹਨ।
ਉਨ੍ਹਾਂ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਬਲਵਿੰਦਰ ਸਿੰਘ ਦੇ ਕੇਸ ਦੀ ਪੈਰਵੀ ਕਰਨ ਦੀ ਅਪੀਲ ਕੀਤੀ।
ਜੋਗਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਜੇਲ੍ਹ ਵਿੱਚ ਉਹਨਾਂ ਦੇ ਭਰਾ ਨਾਲ ਮਾੜਾ ਸਲੂਕ ਹੋ ਰਿਹਾ ਹੈ।
ਹਾਲਾਂਕਿ, ਬਲਵਿੰਦਰ ਦੇ ਵਕੀਲ ਨਾਲ ਯੂਸਫ਼ ਖ਼ਾਨ ਨੇ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਨੂੰ ਖਾਰਜ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਬਿੱਟੂ ਮੱਲਣ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੀ ਬਲੱਡ ਮਨੀ ਵਿੱਚ 14 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ, “ਅਸੀਂ ਕੁਝ ਦਿਨਾਂ ਵਿੱਚ 2 ਕਰੋੜ ਰੁਪਏ ਇਕੱਠੇ ਕਰ ਲਏ ਸਨ। ਲੋਕਾਂ ਨੇ ਆਪਣਾ ਕੰਮ ਕਰ ਦਿੱਤਾ ਹੈ ਪਰ ਹੁਣ ਸਰਕਾਰਾਂ ਦਾ ਫਰਜ਼ ਹੈ ਕਿ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ।”
ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸਪੀ ਸਿੰਘ ਓਬਰਾਏ ਨੇ ਵੀ ਬਲਵਿੰਦਰ ਸਿੰਘ ਦੀ ਰਿਹਾਈ ਲਈ ਪੈਸਾ ਦਾਨ ਕੀਤਾ ਸੀ।
ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ 20 ਲੱਖ ਰੁਪਏ ਦਾ ਯੋਗਦਾਨ ਕੀਤਾ ਸੀ, ਜਦੋਂ ਕਿ ਇਹ ਪੈਸਾ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਨੂੰ ਟਰਾਂਸਫਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਕਰ ਪੈਸੇ ਜਮ੍ਹਾਂ ਹੋ ਗਏ ਤਾਂ ਬਲਵਿੰਦਰ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਆਪਣੇ ਪੱਧਰ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਉਠਾਉਣਗੇ।

ਬਲਵਿੰਦਰ ਸਿੰਘ ਦੇ ਕੇਸ ਦੀਆਂ ਮੁੱਖ ਗੱਲਾਂ:
- ਬਲਵਿੰਦਰ ਸਿੰਘ 2008 ਵਿਚ ਸਾਊਦੀ ਅਰਬ ਗਿਆ ਸੀ
- 2013 ਵਿਚ ਉਸਦੀ ਸਾਊਦੀ ਅਰਬ ਦੇ ਇਕ ਨਾਗਰਿਕ ਨਾਲ ਝੜਪ ਹੋ ਗਈ ਸੀ
- ਇਸ ਝੜਪ ਦੌਰਾਨ ਸਾਊਦੀ ਅਰਬ ਦੇ ਨਾਗਰਿਕ ਦਾ ਕਤਲ ਹੋ ਗਿਆ
- ਪਿਛਲੇ ਸਾਲ 13 ਮਈ ਨੂੰ ਅਦਾਲਤ ਨੇ ਬਲਵਿੰਦਰ ਨੂੰ ਸਜ਼ਾ ਸੁਣਾਈ ਸੀ
- ਪਰਿਵਾਰ ਨੇ ਬਲਵਿੰਦਰ ਦੀ ਰਿਹਾਈ ਲਈ 2 ਕਰੋੜ ਬਲੱਡ ਮਨੀ ਭਰ ਦਿੱਤੇ ਹਨ

ਕੀ ਹੈ ਮਾਮਲਾ ?

ਤਸਵੀਰ ਸਰੋਤ, Yousuf Khan
ਕੰਮਕਾਰ ਲਈ ਬਲਵਿੰਦਰ ਸਿੰਘ 2008 ਵਿਚ ਸਾਊਦੀ ਅਰਬ ਗਿਆ ਸੀ। 2013 ਵਿਚ ਉਸ ਦੀ ਸਾਊਦੀ ਅਰਬ ਦੇ ਇਕ ਨਾਗਰਿਕ ਨਾਲ ਝੜਪ ਹੋ ਗਈ ਸੀ। ਇਸ ਝੜਪ ਦੌਰਾਨ ਉਸ ਤੋਂ ਸਾਊਦੀ ਅਰਬ ਦੇ ਨਾਗਰਿਕ ਦਾ ਕਤਲ ਹੋ ਗਿਆ। ਪਿਛਲੇ ਸਾਲ 13 ਮਈ ਨੂੰ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ।
ਬਲਵਿੰਦਰ ਸਿੰਘ ਵੱਲੋਂ ਰਹਿਮ ਦੀ ਅਪੀਲ ਕਰਨ ’ਤੇ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰਿਆਲ (ਭਾਰਤੀ ਕਰੰਸੀ ਵਿੱਚ ਦੋ ਕਰੋੜ) ਦੀ ਰਾਸ਼ੀ ਦੇਣ ਦੇ ਉਪਰ ਸਜ਼ਾ ਮੁਆਫ਼ ਕਰਨ ਦੀ ਗੱਲ ਆਖੀ ਸੀ।
ਪੰਜਾਬ ਵਿੱਚੋਂ ਲੋਕਾਂ ਨੇ ਪਰਿਵਾਰ ਦੀ ਅਪੀਲ ’ਤੇ ਇਹ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਪਰ ਬਲਵਿੰਦਰ ਸਿੰਘ ਹਾਲੇ ਵੀ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ।
ਕੀ ਹੁੰਦੀ ਹੈ ਬਲੱਡ ਮਨੀ?
ਇਸਲਾਮ ਵਿੱਚ ਸ਼ਰੀਆ ਕਾਨੂੰਨ ਅਨੁਸਾਰ ਜੇ ਕਤਲ ਦੇ ਮੁਲਜ਼ਮ ਅਤੇ ਪੀੜਤ ਪੱਖ (ਪਰਿਵਾਰ) ਵਿਚਕਾਰ ਸਮਝੌਤਾ ਹੋ ਜਾਵੇ ਅਤੇ ਜੇ ਪੀੜਿਤ ਪਰਿਵਾਰ ਮੁਆਫ਼ੀ ਦੇਣ ਲਈ ਸਹਿਮਤ ਹੋ ਜਾਵੇ ਤਾਂ ਫਾਂਸੀ ਮੁਆਫ਼ ਕਰਨ ਲਈ ਅਦਾਲਤਾਂ 'ਚ ਅਪੀਲ ਕੀਤੀ ਜਾ ਸਕਦੀ ਹੈ।
ਹਾਲਾਂਕਿ ਇਸ 'ਚ ਕਈ ਵਾਰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ, ਜਿਸ ਨੂੰ ਬਲੱਡ ਮਨੀ ਕਹਿੰਦੇ ਹਨ। ਬੱਲਡ ਮਨੀ ਕਿੰਨੀ ਹੋਵੇਗੀ, ਇਹ ਵੱਖ-ਵੱਖ ਕੇਸ ਅਤੇ ਦੇਸ਼ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Dilbagh Singh
ਮਾਮਲੇ ’ਚ ਕੋਆਰਡੀਨੇਟਰ ਨੇ ਕੀ ਦੱਸਿਆ?
ਦਿਲਬਾਗ ਸਿੰਘ ਸਾਊਦੀ ਅਰਬ ਵਿੱਚ ਇੱਕ ਹੈਲਪ ਗਰੁੱਪ ਚਲਾਉਂਦੇ ਹਨ ਅਤੇ ਬਲਵਿੰਦਰ ਸਿੰਘ ਦੇ ਮਾਮਲੇ ਵਿੱਚ ਕੋਆਰਡੀਨੇਟਰ ਹਨ।
ਦਿਲਬਾਗ ਸਿੰਘ ਨੇ ਦੱਸਿਆ, “ਅਸੀਂ ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦੀ ਸਾਰੀ ਰਕਮ ਅਦਾ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਨੇ ਵੀ ਬਲਵਿੰਦਰ ਸਿੰਘ ਦੇ ਹੱਕ ਵਿੱਚ ਬਿਆਨ ਦੇ ਦਿੱਤਾ ਹੈ। ਪਤਾ ਨਹੀਂ ਬਲਵਿੰਦਰ ਸਿੰਘ ਦੀ ਰਿਹਾਈ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ?”
ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਪਹਿਲਾਂ ਵੀ ਇਸ ਮਾਮਲੇ ਦੀ ਸਰਗਰਮੀ ਨਾਲ ਪੈਰਵੀ ਕੀਤੀ ਸੀ ਪਰ ਅਸੀਂ ਫਿਰ ਭਾਰਤੀ ਦੂਤਾਵਾਸ ਨੂੰ ਇਹ ਮਾਮਲਾ ਸਾਊਦੀ ਅਰਬ ਕੋਲ ਉਠਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਬਲਵਿੰਦਰ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ।

ਵਕੀਲ ਦਾ ਕੀ ਕਹਿਣਾ ਹੈ ?
ਬਲਵਿੰਦਰ ਸਿੰਘ ਦੇ ਵਕੀਲ ਯੂਸਫ਼ ਖ਼ਾਨ ਨੇ ਦੱਸਿਆ ਕਿ ਰਿਹਾਈ ਸਬੰਧੀ ਕਾਗਜ਼ੀ ਕਾਰਵਾਈ ਪੈਂਡਿੰਗ ਹੈ ਜਿਸ ਕਾਰਨ ਰਿਹਾਈ ਵਿੱਚ ਦੇਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਕਾਗਜ਼ੀ ਕਾਰਵਾਈ ਦਾ ਹਵਾਲਗੀ ਨਾਲ ਸਬੰਧ ਹੈ।
ਯੂਸਫ਼ ਖ਼ਾਨ ਕਹਿੰਦੇ ਹਨ, “ਸਾਊਦੀ ਅਧਿਕਾਰੀਆਂ ਨੇ ਬਲਵਿੰਦਰ ਸਿੰਘ ਦੀ ਰਿਹਾਈ ਲਈ ਪਹਿਲਾਂ ਵੀ ਜੇਲ੍ਹ ਵਿਭਾਗ ਨੂੰ ਕਾਗਜ਼ ਭੇਜੇ ਸਨ ਪਰ ਉਹ ਕਾਗਜ਼ਾਤ ਜੇਲ੍ਹ ਵਿਭਾਗ ਕੋਲ ਕਿਸੇ ਕਾਰਨ ਨਹੀਂ ਪਹੁੰਚੇ।”
ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਕੇਸ ਦੀ ਪੈਰਵੀ ਕਰ ਰਹੇ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ 10 ਦਿਨਾਂ ਵਿੱਚ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਜਾਵੇਗੀ ਤੇ ਬਲਵਿੰਦਰ ਸਿੰਘ ਜੇਲ੍ਹ ਵਿੱਚੋਂ ਰਿਹਾਅ ਹੋ ਜਾਣਗੇ।
ਮੁਕਤਸਰ ਦੀ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਕਿਹਾ ਕਿ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਅਤੇ ਉਹ ਇਸ ਕੇਸ ਨੂੰ ਪੰਜਾਬ ਸਰਕਾਰ ਕੋਲ ਚੁੱਕ ਰਹੇ ਹਨ ਤਾਂ ਜੋ ਇਸ ਨੂੰ ਅੱਗੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਜਾ ਸਕੇ ਤੇ ਇਸ ਦਾ ਹੱਲ ਕੀਤਾ ਜਾਵੇ।












