ਸਿੱਖ ਪੁਲਿਸ ਅਫ਼ਸਰ, ਜੋ ਪੰਜ ਸਾਲ ਤੋਂ ਪੱਗ ਤੇ ਦਾੜ੍ਹੀ ਰੱਖਣ ਲਈ ਲੜਾਈ ਲੜ ਰਿਹਾ

ਤਸਵੀਰ ਸਰੋਤ, Getty Images
ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਨੂੰ ਉਸ ਦੇ ਵਿਆਹ ਲਈ ਦਾੜ੍ਹੀ ਵਧਾਉਣ ਦੀ ਇਜ਼ਾਜਤ ਨਾ ਦਿੱਤੇ ਜਾਣ ਨੂੰ ਧਾਰਮਿਕ ਆਜ਼ਾਦੀ ਦਿੱਤੇ ਜਾਣ ਲਈ ਬਣੇ 2019 ਦੇ ਸਟੇਟ ਕਾਨੂੰਨ ਦੀ ਉਲੰਘਣਾ ਦੱਸਿਆ ਗਿਆ ਹੈ।
ਅਸਲ ਵਿੱਚ ਨਿਊਯਾਰਕ ਪੁਲਿਸ ਟਰੂਪਰ ਵਜੋਂ ਤਾਇਨਾਤ ਚਰਨਜੋਤ ਟਿਵਾਣਾ ਨੂੰ ਕਥਿਤ ਤੌਰ ’ਤੇ ਬੀਤੇ ਸਾਲਾਂ ਵਿੱਚ ਪੱਗ ਬੰਨਣ ਤੇ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਮਾਰਚ 2022 ਵਿੱਚ ਵੀ ਚਰਨਜੋਤ ਟਿਵਾਣਾ ਨੇ ਆਪਣੇ ਵਿਆਹ ਲਈ ਕਰੀਬ ਡੇਢ ਇੰਚ ਤੱਕ ਦਾੜ੍ਹੀ ਵਧਾਉਣ ਦੀ ਇਜ਼ਾਜਤ ਮੰਗੀ ਸੀ।
ਉਨ੍ਹਾਂ ਦੇ ਸੁਪਰਵਾਈਜ਼ਰਾਂ ਨੇ ਇਹ ਕਹਿੰਦਿਆਂ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਸੁਰੱਖਿਆ ਲਈ ਖ਼ਤਰਾ ਹੋ ਸਕਦੀ ਹੈ।
ਨਿਊਯਾਰਕ ਸਟੇਟ ਟਰੂਪਰਜ਼ ਪੁਲਿਸ ਬੈਨੀਵੋਲੈਂਟ ਐਸੋਸੀਏਸ਼ਨ ਮੁਤਾਬਕ ਉੱਚ ਅਧਿਕਾਰੀਆਂ ਵਲੋਂ ਦਾੜ੍ਹੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਗੈਸ ਮਾਸਕ ਨੂੰ ਮੁੱਦਾ ਬਣਾਇਆ ਗਿਆ ਸੀ ਤੇ ਇਸ ਨਾਲ ਸੁਰੱਖਿਆ ਦਾ ਮਸਲਾ ਖੜਾ ਹੋ ਸਕਣ ਦੀ ਸੰਭਾਵਨਾ ਦਾ ਸ਼ੱਕ ਪ੍ਰਗਟ ਕੀਤਾ ਸੀ।

ਤਸਵੀਰ ਸਰੋਤ, Getty Images
ਟਕਰਾਅ ਦੀ ਸ਼ੁਰੂਆਤ
ਬਿਨਾਂ ਕੱਟੇ ਵਾਲ ਅਤੇ ਦਾੜ੍ਹੀ ਸਿੱਖ ਮਰਦਾਂ ਲਈ ਧਾਰਮਿਕ ਵਚਨਬੱਧਤਾ ਦਾ ਪ੍ਰਤੀਕ ਹਨ। ਪਰ ਇਸ ਧਾਰਮਿਕ ਵਚਨਬੱਧਤਾ ਦਾ ਸਟੇਟ ਪੁਲਿਸ ਦੇ ਪਹਿਰਾਵਾ ਤੇ ਦਿੱਖ ਸਬੰਧੀ ਨਿਯਮਾਂ ਨਾਲ ਹਮੇਸ਼ਾਂ ਤੋਂ ਹੀ ਟਕਰਾਅ ਰਿਹਾ ਹੈ।
ਨਿਯਮਾਂ ਮੁਤਾਬਕ ਫ਼ੌਜੀਆਂ ਦੇ ਵਾਲ ਛੋਟੇ ਹੋਣੇ ਚਾਹੀਦੇ ਹਨ ਤੇ ਦਾੜ੍ਹੀ ਰੱਖਣ ਦੀ ਇਜ਼ਾਜਤ ਨਹੀਂ ਹੈ।
ਚਰਨਜੋਤ ਟਿਵਾਣਾ, ਜੇਮਜ਼ਟਾਊਨ, ਨਿਊਯਾਰਕ ਦੇ ਵਾਸੀ ਹਨ। ਟਿਵਾਣਾ ਪੰਜਾਬੀ ਮੂਲ ਦੇ ਸਿੱਖ ਹਨ ਤੇ ਉਨ੍ਹਾਂ ਨੇ ਮਾਰਚ 2022 ਵਿੱਚ ਆਪਣੇ ਵਿਆਹ ਲਈ 1.27 ਸੈਂਟੀਮੀਟਰ ਲੰਬੀ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ।
ਪਰ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਸੀ।
ਟਿਵਾਣਾ ਦੇ ਹੱਕ ਵਿੱਚ ਆਏ ਲੋਕਾਂ ਦਾ ਤਰਕ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਉਸ ਦੀਆਂ ਧਾਰਮਿਕ ਮਾਨਤਾਵਾਂ ਮੰਨਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਹੈ।
ਇਸ ਬਾਰੇ 2019 ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਗਿਆ ਸੀ। ਜਿਸ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਧਰਮ ਦੇ ਆਧਾਰ ’ਤੇ ਰੀਤੀ ਰਿਵਾਜ਼ ਅਪਣਾਉਣ ਦੀ ਇਜ਼ਾਜਤ ਦਿੱਤੀ ਗਈ ਸੀ।

ਤਸਵੀਰ ਸਰੋਤ, Getty Images
2019 ਦਾ ਕਾਨੂੰਨ ਕੀ ਕਹਿੰਦਾ ਹੈ
2019 ਦਾ ‘ਰੀਲੀਜ਼ੀਅਸ ਗਰੈਬ ਲਾਅ’ ਕੰਮਕਾਜੀ ਥਾਵਾਂ ’ਤੇ ਧਰਮ ਦੇ ਆਧਾਰ ਉੱਤੇ ਹੋਣ ਵਾਲੇ ਵਿਤਕਰੇ ਨੂੰ ਰੋਕਣ ਲਈ ਕਦਮ ਇੱਕ ਵੱਡਾ ਕਦਮ ਸੀ।
ਇਸ ਤਹਿਤ ਕਿਸੇ ਨੂੰ ਵੀ ਆਪਣੀ ਮਰਜ਼ੀ ਦੇ ਧਰਮ ਦੀ ਪਾਲਣਾ ਕਰਨ ਦੀ ਆਗਿਆ ਦੇ ਨਾਲ- ਨਾਲ ਧਾਰਮਿਕ ਵਚਨਬੱਧਤਾ ਦੇ ਆਧਾਰ ’ਤੇ ਧਾਰਮਿਕ ਚਿੰਨ੍ਹ ਪਹਿਨਣ ਜਾਂ ਚਹਿਰੇ ਦੇ ਵਾਲ ਰੱਖਣ ਦੀ ਆਗਿਆ ਹੈ।
“ਕਾਨੂੰਨ ਮੁਤਾਬਕ ਕਿਸੇ ਵੀ ਕੰਮ ਵਾਲੀ ਥਾਂ ’ਤੇ ਮਨੁੱਖੀ ਅਧਿਕਾਰਾਂ ਤਹਿਤ ਕਿਸੇ ਨੂੰ ਧਰਮ ਦੇ ਆਧਾਰ ਉੱਤੇ ਨੌਕਰੀ ਦੇਣ, ਤਰੱਕੀ ਦੇਣ ਜਾਂ ਭੇਦਭਾਵ ਕਰਨ ਦੀ ਆਗਿਆ ਨਹੀਂ ਹੈ।”

ਤਸਵੀਰ ਸਰੋਤ, David Weprin/Twitter
ਅਲੋਚਕਾਂ ਨੇ ਕੀ ਕਿਹਾ
ਕੂਈਨਜ਼ ਦੀ ਐੱਨਵਾਈਐੱਸ ਅਸੈਂਬਲੀ ਦੇ ਨੁਮਾਇੰਦੇ ਡੈਵਿਡ ਵੈਪਰਿਨ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਨਿਖੇਦੀ ਕੀਤੀ ਹੈ।
ਉਨ੍ਹਾਂ ਇਸ ਬਾਰੇ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ, “ਮੈਂ 2019 ਵਿੱਚ ‘ਰੀਲੀਜ਼ੀਅਸ ਗਰੈਬ ਲਾਅ’ ਬਿੱਲ ਦੀ ਹਮਾਇਤ ਕੀਤੀ ਸੀ। ਇਸ ਤਹਿਤ ਕਿਸੇ ਨੂੰ ਵੀ ਆਪਣੇ ਧਰਮ ਦੇ ਅਭਿਆਸ ਜਾਂ ਕੰਮ ਵਿਚਕਾਰ ਕੋਈ ਚੋਣ ਨਹੀਂ ਕਰਨੀ ਪਵੇਗੀ। ਮੈਂ ਪੁਲਿਸ ਅਫ਼ਸਰ ਟਿਵਾਣਾ ਦੇ ਮਾਮਲੇ ਵਿੱਚ ਫ਼ੌਰੀ ਤੌਰ ’ਤੇ ਕਾਨੂੰਨ ਤਹਿਤ ਕਾਰਵਾਈ ਦੀ ਮੰਗ ਕਰਦਾ ਹਾਂ।”
ਡੈਵਿਡ ਨੇ ਇਸ ਮੁੱਦੇ ’ਤੇ 23 ਜੁਲਾਈ ਨੂੰ ਇੱਕ ਪ੍ਰੈਸ ਕਾਂਨਫ਼ਰੰਸ ਵੀ ਕੀਤੀ ਸੀ।
ਉਨ੍ਹਾਂ ਕਿਹਾ ਸੀ, “2019 ਦਾ ਬਿੱਲ ਹੁਣ ਇੱਕ ਕਾਨੂੰਨ ਬਣ ਚੁੱਕਿਆ ਹੈ। ਕਿਸ ਨੂੰ ਵੀ ਰੁਜ਼ਗਾਰ ਲਈ ਆਪਣੇ ਧਰਮ ਨੂੰ ਛੱਡਣ ਦੀ ਲੋੜ ਨਹੀਂ ਯਾਨੀ ਹਰ ਇੱਕ ਨੂੰ ਆਪਣੀ ਨੌਕਰੀ ਦੇ ਨਾਲ ਕਿਸੇ ਵੀ ਧਰਮ ਦੀ ਪਾਲਣਾ ਕਰਨ ਤੇ ਉਸ ਨਾਲ ਜੁੜੇ ਰੀਤੀ-ਰਿਵਾਜ਼ਾਂ ਨੂੰ ਮੰਨਣ ਦੀ ਆਗਿਆ ਹੈ।”
“ਕਿਸੇ ਨੂੰ ਵੀ ਧਰਮ ਤੇ ਰੁਜ਼ਗਾਰ ਦੇ ਮਾਮਲੇ ’ਤੇ ਦੁਵਿਧਾ ਵਿੱਚ ਪੈਣ ਦੀ ਲੋੜ ਨਹੀਂ ਹੈ।”
ਡੈਵਿਡ ਨੇ ਇਹ ਵੀ ਕਿਹਾ ਕਿ ਸੂਬਾ ਉਨ੍ਹਾਂ ਅਧਿਕਾਰੀਆਂ ਲਈ ਵੀ ਹਾਂ-ਪੱਖੀ ਰਵੱਈਆ ਰੱਖਦਾ ਹੈ ਜੋ ਗੈਸ ਮਾਸਕ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਹਵਾਲਾ ਦਿੱਤਾ ਕੇ ਬੀਤੇ ਸਮਿਆਂ ਵਿੱਚ ਵੀ ਨਿਊਯਾਰਕ ਸਟੇਟ ਪੁਲਿਸ ਵਿੱਚ ਅਜਿਹੇ ਅਧਿਕਾਰੀਆਂ ਨੂੰ ਥਾਂ ਦਿੱਤੀ ਗਈ ਸੀ।
“ਅਮਰੀਕਾ ਤੇ ਦੁਨੀਆਂ ਦੇ ਹੋਰ ਕਈ ਦੇਸ਼ਾਂ ਦੀਆਂ ਫ਼ੌਜਾਂ ਵੀ ਧਾਰਮਿਕ ਵਚਨਬੱਧਤਾ ਨੂੰ ਪੂਰਿਆਂ ਕਰਨ ਦੀ ਇਜ਼ਾਜਤ ਦਿੰਦੀਆਂ ਹਨ।”
ਉਨ੍ਹਾਂ ਕਿਹਾ ਕਿ ਜਿੰਨੀ ਥਾਂ ਦਿੱਤੇ ਜਾਣ ਦੀ ਸੰਭਾਵਨਾ ਹੈ ਉਨੀਆਂ ਧਾਰਮਿਕ ਮਾਮਲਿਆਂ ’ਤੇ ਛੋਟਾਂ ਮਿਲਟਰੀ ਵਿੱਚ ਵੀ ਦਿੱਤੇ ਜਾਣ ਦੀ ਵਿਵਸਥਾ ਹੈ।
“ਅਸੀਂ ਵਿਭਿਨਤਾ ਤੇ ਬਰਾਬਰਤਾ ਦੇ ਹੱਕ ਵਿੱਚ ਹਾਂ। ਪੁਲਿਸ ਦੇ ਕਿਸੇ ਵੀ ਅਧਿਕਾਰੀ ਦੀ ਧਰਮ ਜਾਂ ਮੈਡੀਕਲ ਆਧਾਰ ’ਤੇ ਕੀਤੀ ਗਈ ਮੰਗ ਬਾਰੇ ਬਿਨ੍ਹਾਂ ਕਿਸੇ ਭੇਦਭਾਵ ਦੇ ਇੱਕੋਂ ਪ੍ਰੀਕ੍ਰਿਆ ਜ਼ਰੀਏ ਫ਼ੈਸਲਾ ਲਿਆ ਜਾਂਦਾ ਹੈ ਤੇ ਅਜਿਹਾ ਹੀ ਹੋਣਾ ਚਾਹੀਦਾ ਹੈ।”
ਇਸ ਮਾਮਲੇ ’ਤੇ ਨਿਊਯਾਰਕ ਪੁਲਿਸ ਦੇ ਕਰਮਚਾਰੀ ਤੇ ਸਿੱਖ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ, “ਆਸ ਹੈ ਕਿ ਇੱਕ ਦਿਨ ਆਵੇਗਾ ਜਦੋਂ ਨਿਊਯਾਰਕ ਸਟੇਟ ਫ਼ੌਜ ਦੇ ਸਿੱਖ ਕਰਮਚਾਰੀਆਂ ਨੂੰ ਦਾੜ੍ਹੀ ਰੱਖਣ ਦੇ ਦਸਤਾਰ ਬੰਨ੍ਹਣ ਦੀ ਆਗਿਆ ਦੇ ਦਿੱਤੀ ਜਾਵੇਗੀ।”

ਤਸਵੀਰ ਸਰੋਤ, Getty Images
ਟਿਵਾਣਾ ਦੇ ਸਮਰਥਨ ਵਿੱਚ ਉੱਠੀਆਂ ਆਵਾਜ਼ਾਂ
ਇਸ ਮਾਮਲੇ ’ਤੇ ਵਿਭਾਗ ਦੇ ਕਈ ਸਾਥੀ ਵੀ ਟਿਵਾਣੀ ਦੀ ਹਿਮਾਇਤ ’ਤੇ ਆਏ ਹਨ। ਨਿਊਯਾਰਕ ਸਟੇਟ ਪੁਲਿਸ ਪੁਲਿਸ ਬੇਨੇਵੋਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਰਲਸ ਮਰਫ਼ੀ ਨੇ ਇੱਕ ਪ੍ਰੈਸ ਕਾਂਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ,“ਅਸੀਂ ਇਥੇ ਟਿਵਾਣਾ ਦੀ ਹਮਾਇਤ ਲਈ ਆਏ ਹਾਂ, ਕਿਸੇ ਵੀ ਧਰਮ ਨੂੰ ਮੰਨਣਾ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ।”
ਮਰਫ਼ੀ ਮੁਤਾਬਕ ਟਿਵਾਣਾ ਨੂੰ ਵਿਆਹ ਮੌਕੇ ਦਾੜ੍ਹੀ ਵਧਾਉਣ ਲਈ ਸੰਚਾਰ ਵਿੰਗ ਵਿੱਚ ਤਾਇਨਾਤ ਕੀਤਾ ਗਿਆ ਸੀ। “ਪਰ ਉਹ ਵਿਆਹ ਤੋਂ ਬਾਅਦ ਵੀ ਪੂਰਾ ਸਾਲ ਆਪਣੀ ਦਾੜ੍ਹੀ ਲੰਬੀ ਰੱਖਣਾ ਚਾਹੁੰਦੇ ਸਨ।”
ਉਨ੍ਹਾਂ ਕਿਹਾ,“ਅਸੀਂ ਟਿਵਾਣਾ ਨੂੰ ਉਸ ਦਾ ਸੰਵਿਧਾਨਿਕ ਹੱਕ ਦਿੱਤੇ ਜਾਣ ਦੇ ਪੱਖ ਵਿੱਚ ਹਾਂ। ਇਸ ਤਰ੍ਹਾਂ ਦੀ ਸੁਵਿਧਾ ਪਹਿਲਾਂ ਵੀ ਕਈ ਕਰਮਚਾਰੀਆਂ ਨੂੰ ਦਿੱਤੀ ਗਈ ਹੈ।”
ਨਿਊ ਯਾਰਕ ਸਟੇਟ ਪੁਲਿਸ ਦੇ ਬੁਲਾਰੇ ਨੇ ਇਸ ਮਾਮਲੇ ਵਿੱਚ ਦੱਸਿਆ,“ਅਸੀਂ ਹਾਲ ਹੀ ਵਿੱਚ ਚਹਿਰੇ ਦੇ ਵਾਲਾਂ ਸਬੰਧੀ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕੀਤੇ ਹਨ।”
“ਨਿਊਯਾਰਕ ਸਟੇਟ ਪਾਲਿਸੀ ਯੁਨੀਫ਼ਾਰਮ ਤੇ ਸਾਜੋ-ਸਮਾਨ ਕਮੇਟੀ ਪੱਗਾਂ ਦੇ ਸਟਾਈਲ ਤੇ ਉਨ੍ਹਾਂ ਨੂੰ ਜਾਰੀ ਕਰਨ ਦੀ ਪ੍ਰੀਕ੍ਰਿਆ ’ਤੇ ਕੰਮ ਕਰ ਰਹੀ ਹੈ।”












