ਜਦੋਂ ਇੱਕ ਏਸੀ ਮੈਕੇਨਿਕ ਨੇ 40 ਤੋਂ ਵੱਧ ਫਿਲਮਾਂ ਰਿਕਾਰਡ ਕਰਕੇ ਰਿਲੀਜ਼ ਦੇ ਪਹਿਲੇ ਦਿਨ ਹੀ ਵੇਚੀਆਂ, ਫਿਲਮ ਉਦਯੋਗ ਨੂੰ ਪਿਆ 3700 ਕਰੋੜ ਦਾ ਘਾਟਾ

ਤਸਵੀਰ ਸਰੋਤ, Hyderabad Police
ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਨੌਜਵਾਨ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮਾਂ ਜਿਵੇਂ, ਟੰਡੇਲ, ਹੈਸ਼ਟੇਗ ਸਿੰਗਲ, ਰਾਜਧਾਨੀ ਫਾਇਲਜ਼ ਨੂੰ ਰਿਲੀਜ਼ ਦੇ ਪਹਿਲੇ ਹੀ ਦਿਨ ਐੱਚਡੀ ਕੁਆਲਿਟੀ ਵਿੱਚ ਪਾਇਰੇਟ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਉਹ ਆਈਟੀਆਈ ਗ੍ਰੇਜੂਏਟ ਹੈ ਪਰ ਉਸ ਦਾ ਕੰਮ ਫਿਲਮਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਕਾਪੀ ਕਰਕੇ ਵੇਚਣਾ ਹੈ।
5 ਜੂਨ ਨੂੰ ਤੇਲਗੂ ਫਿਲਮ ਚੈਂਬਰ ਆਫ ਕਾਮਰਸ (ਟੀਐੱਫਸੀਸੀ) ਐਂਟੀ-ਵੀਡੀਓ ਪਾਇਰੇਸੀ ਸੇਲ ਦੇ ਬੁਲਾਰੇ ਮਨਿੰਦਰ ਬਾਬੂ ਨੇ ਸਾਈਬਰ ਕ੍ਰਾਇਮ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਇਲਜ਼ਾਮ ਲਗਾਇਆ ਸੀ ਕਿ ਇਸ ਸਾਲ 9 ਮਈ ਨੂੰ ਰਿਲੀਜ਼ ਹੋਈ ਫਿਲਮ 'ਹੈਸ਼ਟੇਗ ਸਿੰਗਲ' ਦੀਆਂ ਗੈਰ-ਕਾਨੂੰਨੀ ਤੌਰ 'ਤੇ ਕਾਪੀਆਂ ਬਣਾਈਆਂ ਗਈਆਂ ਸਨ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ, "ਪਾਇਰੇਟੇਡ ਐੱਚਡੀ ਗੁਣਵਤਾ ਵਾਲੇ ਪ੍ਰਿੰਟ 1TamilBlasters, 5MovieRules ਅਤੇ 1TamilMV ਸਾਈਟਾਂ 'ਤੇ ਅਪਲੋਡ ਕੀਤਾ ਗਿਆ ਸੀ।"
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਕਿਰਨ ਕੁਮਾਰ ਨਾਮ ਦਾ ਨੌਜਵਾਨ ਇਸ ਵਿੱਚ ਸ਼ਾਮਲ ਸੀ।
ਤੁਸੀਂ ਪਾਇਰੇਸੀ ਨੂੰ ਕਿਵੇਂ ਪਛਾਣਦੇ ਹੋ?
ਤੇਲਗੂ ਫਿਲਮ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਪਾਇਰੇਸੀ ਦੇ ਕਾਰਨ ਤੇਲਗੂ ਫਿਲਮ ਉਦਯੋਗ ਨੂੰ 2024 ਵਿੱਚ ਲਗਭਗ 3700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਫਿਲਮ ਚੈਂਬਰ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਸਿਨੇਮਾਘਰਾਂ ਵਿੱਚ ਦਿਖਾਈ ਜਾਣ ਵਾਲੀਆਂ ਫਿਲਮਾਂ ਦੇ ਲ਼ਈ ਹਰ ਸਿਨੇਮਾ ਹਾਲ ਵਿੱਚ ਹਰ ਸ਼ੋਅ ਦੇ ਲਈ ਸਕਰੀਨ 'ਤੇ ਇੱਕ ਖਾਸ ਕੋਡ ਹੁੰਦਾ ਹੈ। ਉਹ ਕੋਡ ਗਿਣਤੀ, ਅੱਖਰ ਅਤੇ ਕਿਊਆਰ ਕੋਡ ਹੋ ਸਕਦਾ ਹੈ। ਇਹ ਕੋਡ ਫਿਲਮ ਦੇਖਣ ਵਾਲੇ ਦਰਸ਼ਕਾਂ ਨੂੰ ਦਿਖਾਈ ਨਹੀਂ ਦਿੰਦਾ। ਪਰ ਜੇ ਫਿਲਮ ਰਿਕਾਰਡ ਕੀਤੀ ਗਈ ਹੈ ਤਾਂ ਉਹ ਕੋਡ ਵੀ ਰਿਕਾਰਡ ਹੋ ਜਾਵੇਗਾ। ਇਸ ਕੋਡ ਦੇ ਆਧਾਰ 'ਤੇ ਇਹ ਪਛਾਣ ਕੀਤੀ ਜਾ ਸਕਦੀ ਹੈ ਕਿ ਕਿਸ ਥੀਏਟਰ ਵਿੱਚ ਅਤੇ ਕਿਸ ਸਮੇਂ ਸ਼ੋਅ ਦੀ ਪਾਇਰੇਟੇਡ ਰਿਕਾਰਡਿੰਗ ਕੀਤੀ ਗਈ ਸੀ।"
ਇਸ ਦੇ ਆਧਾਰ 'ਤੇ ਅੱਟਾਪੁਰ ਦੇ ਇੱਕ ਥੀਏਟਰ ਵਿੱਚ ਲੱਗੇ ਇੱਕ ਸ਼ੋਅ ਦੀ ਪਛਾਣ ਪਾਇਰੇਟੇਡ ਦੇ ਰੂਪ ਵਿੱਚ ਕੀਤੀ ਗਈ ਅਤੇ ਫਿਲਮ ਚੈਂਬਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਤਸਵੀਰ ਸਰੋਤ, Geetha Arts
ਪੁਲਿਸ ਨੇ ਮੁਲਜ਼ਮ ਨੂੰ ਕਿਵੇਂ ਫੜਿਆ?
ਹੈਦਰਾਬਾਦ ਸਿਟੀ ਸਾਈਬਰ ਕ੍ਰਾਇਮ ਡੀਸੀਰੀ ਧਰਾ ਕਵਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਫਿਲਮ ਕਿਹੜੇ ਥੀਏਟਰ ਤੋਂ ਪਾਇਰੇਟੇਡ ਕੀਤੀ ਗਈ ਸੀ, ਇਸ ਦੀ ਜਾਣਕਰੀ ਟੀਐੱਫਸੀਸੀ ਤੋਂ ਮਿਲੀ ਸੀ।
ਕਵਿਤਾ ਨੇ ਦੱਸਿਆ ਕਿ ਉਨ੍ਹਾਂ ਇਹ ਪਤਾ ਲਗਾਉਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ ਕਿ ਫਿਲਮ ਦੇ ਪਹਿਲੇ ਦਿਨ ਸਵੇਰੇ ਸ਼ੋਅ ਵਿੱਚ 47 ਲੋਕ ਗਏ ਸਨ। ਪੁਲਿਸ ਪਾਇਰੇਸੀ ਪ੍ਰਿੰਟ ਦੇ ਆਧਾਰ 'ਤੇ ਇਹ ਵੀ ਪਤਾ ਲਗਾਉਣ ਵਿੱਚ ਸਫਲ ਰਹੀ ਕਿ ਵੀਡੀਓ ਥੀਏਟਰ ਦੇ ਕਿਸ ਕੋਨੇ ਤੋਂ ਬਣਾਇਆ ਗਿਆ ਸੀ।
ਆਨਲਾਈਨ ਟਿਕਟ ਬੁਕਿੰਗ (ਬੁੱਕ ਮਾਈ ਸ਼ੋਅ) ਦੇ ਵੇਰਵੇ ਦੀ ਜਾਂਚ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਦੀ ਪਛਾਣ ਸ਼ੱਕੀਆਂ ਦੇ ਰੂਪ ਵਿੱਚ ਕੀਤੀ ਗਈ।
ਕਵਿਤਾ ਨੇ ਬੀਬੀਸੀ ਨੂੰ ਦੱਸਿਆ, "ਚਾਰ ਮਾਮਲਿਆਂ ਦੀ ਤਕਨੀਤੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਐੱਨਜੀਓ ਕਲੋਨੀ ਦੇ ਜਨ ਕਿਰਨ ਕੁਮਾਰ ਚੋਰੀ ਵਿੱਚ ਸ਼ਾਮਲ ਸੀ।"
ਕਵਿਤਾ ਨੇ ਦੱਸਿਆ, "ਜਦੋਂ ਅਸੀਂ ਉਸ ਨੂੰ ਪਹਿਲਾਂ ਬੁਲਾਇਆ ਅਤੇ ਜਾਂਚ ਕੀਤੀ ਤਾਂ ਉਸ ਨੇ ਇਹ ਕਹਿ ਕਿ ਬਚਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਨਾਲ ਹੀ ਬੈਠੀ ਇੱਕ ਹੋਰ ਲੜਕੀ ਨੇ ਇਹ ਵੀਡੀਓ ਰਿਕਾਰਡ ਕੀਤੀ ਹੈ। ਜਦੋਂ ਉਸ ਦਾ ਫੋਨ ਬਰਾਮਦ ਕੀਤਾ ਗਿਆ ਤਾਂ ਹੋਰ ਸਬੂਤ ਮਿਲੇ। ਇਸ ਤੋਂ ਬਾਅਦ ਅਸੀਂ ਕਿਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।"
ਕਿਰਨ ਕੁਮਾਰ ਪੂਰਬੀ ਗੋਦਾਵਰੀ ਜ਼ਿਲ੍ਹੇ ਤੋਂ ਹਨ। ਉਨ੍ਹਾਂ ਦੀ ਉਮਰ 29 ਸਾਲ ਹੈ। ਉਨ੍ਹਾਂ ਨੇ ਆਈਟੀਆਈ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਫਿਲਹਾਲ ਹੈਦਰਾਬਾਦ ਦੇ ਵਨਸਥਲੀਪੁਰਮ ਨੇੜੇ ਇੱਕ ਐਨਜੀਓ ਕਲੋਨੀ ਵਿੱਚ ਰਹਿੰਦਾ ਹੈ ਅਤੇ ਇੱਕ ਏਸੀ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਸਦੀ ਆਮਦਨ ਘੱਟ ਸੀ, ਇਸ ਲਈ ਉਸਨੇ ਫਿਲਮਾਂ ਦੀ ਚੋਰੀ ਕਰਕੇ ਪੈਸੇ ਕਮਾਉਣ ਦੀ ਯੋਜਨਾ ਬਣਾਈ।
ਮੂਵੀ ਪਾਇਰੇਸੀ ਕਿਵੇਂ ਸ਼ੁਰੂ ਹੋਈ?

ਤਸਵੀਰ ਸਰੋਤ, Geetha Arts
ਪੁਲਿਸ ਦਾ ਕਹਿਣਾ ਹੈ ਕਿ ਕਿਰਨ ਕੁਮਾਰ ਨੇ ਡੇਢ ਸਾਲ ਵਿੱਚ ਕਰੀਬ 40 ਫਿਲਮਾਂ ਦੀ ਪਾਇਰੇਸੀ ਕੀਤੀ ਹੈ।
ਇਨ੍ਹਾਂ ਵਿੱਚ ਟੰਡੇਲ, ਹੈਸ਼ਟੇਗ ਸਿੰਗਲ, ਰਾਜਧਾਨੀ ਫਾਇਲਜ਼, ਪੇਲੀ ਕਨੀ ਪ੍ਰਸਾਦ, 14 ਡੇਜ਼ ਲਵ ਅਤੇ ਗੇਮ ਆਨ ਵਰਗੀਆਂ ਫਿਲਮਾਂ ਸ਼ਾਮਲ ਹਨ।
ਸਾਈਬਰ ਕ੍ਰਾਈਮ ਡੀਸੀਪੀ ਕਵਿਤਾ ਨੇ ਦੱਸਿਆ, "ਕਿਰਨ ਕੁਮਾਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ 1TamilMV ਨਾਮ ਦੇ ਇੱਕ ਪਾਇਰੇਸੀ ਗਰੁੱਪ ਦਾ ਮੀਮ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਇਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਉਹ ਪਾਇਰੇਟੇਡ ਕੰਟੈਂਟ ਉਪਲਬਧ ਕਰਵਾਉਣ ਦੇ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਕਿਰਨ ਕੁਮਾਰ ਨੇ ਈਮੇਲ ਭੇਜ ਕੇ ਕਿਹਾ ਕਿ ਉਹ ਪਾਇਰੇਟੇਡ ਕੰਟੈਂਟ ਉਪਲਬਧ ਕਰਵਾਏਗਾ।"
ਉਨ੍ਹਾਂ ਨੇ ਦੱਸਿਆ ਕਿ ਕਿਰਨ ਨੇ ਕਿਸ ਪ੍ਰਕਾਰ ਚੋਰੀ ਕੀਤੀ।
ਕਵਿਤਾ ਨੇ ਕਿਹਾ, "ਉਹ ਆਨਲਾਈਨ ਟਿਕਟ ਬੁੱਕ ਕਰਦਾ ਸੀ ਅਤੇ ਰਿਲੀਜ਼ ਵਾਲੇ ਦਿਨ ਹੀ ਫਿਲਮ ਦੇਖਣ ਜਾਂਦਾ ਸੀ। ਉਹ ਆਪਣਾ ਫੋਨ ਆਪਣੀ ਸ਼ਰਟ ਦੀ ਜੇਬ ਵਿੱਚ ਰੱਖਦਾ ਸੀ ਅਤੇ ਉਸ ਨੂੰ ਐੱਚਡੀ ਕੁਆਲਟੀ ਵਿੱਚ ਰਿਕਾਰਡ ਕਰਦਾ ਸੀ। ਪੁਲਿਸ ਨੇ ਪਾਇਆ ਕਿ ਉਹ ਇਸ ਨੂੰ ਰਿਕਾਰਡ ਕਰਨ ਲਈ ਇੱਕ ਖਾਸ ਫੋਨ ਦਾ ਇਸਤੇਮਾਲ ਕਰਦਾ ਸੀ। ਉਹ ਕੁਝ ਦੂਰ ਜਾਣ ਤੋਂ ਬਾਅਦ ਆਪਣੇ ਫੋਨ ਨੂੰ ਬੰਦ ਕਰ ਦਿੰਦਾ ਸੀ ਤਾਂ ਕਿ ਉਸ ਦੀ ਲੋਕੇਸ਼ਨ ਦਾ ਪਤਾ ਨਾ ਚੱਲ ਸਕੇ। ਪੁਲਿਸ ਨੇ ਪਾਇਆ ਕਿ ਉਹ ਟੈਲੀਗ੍ਰਾਮ 'ਤੇ ਰਿਕਾਰਡ ਕੀਤੀਆਂ ਗਈਆਂ ਫਿਲਮਾਂ ਦੇ ਲਿੰਕ ਪਾਇਰੇਸੀ ਗਰੁੱਪ ਨੂੰ ਭੇਜਦਾ ਸੀ।"
ਕਵਿਤਾ ਨੇ ਕਿਹਾ ਕਿ ਕਿਰਨ ਵੱਲੋਂ ਇੱਕ ਫਿਲਮ ਦਾ ਪਾਇਰੇਟੇਡ ਵੀਡੀਓ ਭੇਜਣ ਤੋਂ ਬਾਅਦ ਉਸ ਨੇ ਆਪਣਾ ਟੈਲੀਗ੍ਰਾਮ ਅਕਾਊਂਟ ਵੀ ਬਦਲ ਦਿੱਤਾ ਸੀ।
ਬਿਟਕੋਇਨ ਰਾਹੀਂ ਭੁਗਤਾਨ

ਤਸਵੀਰ ਸਰੋਤ, Getty Images
ਪੁਲਿਸ ਦਾ ਕਹਿਣਾ ਹੈ ਕਿ ਪਾਇਰੇਸੀ ਸਮੂਹਾਂ ਦੇ ਪ੍ਰਬੰਧਕਾਂ ਪਾਇਰੇਸੀ ਦੇ ਲਈ ਪ੍ਰਤੀ ਫਿਲਮ 25,000 ਤੋਂ 30,000 ਰੁਪਏ ਦਾ ਭੁਗਤਾਨ ਕਰਦੇ ਸਨ।
ਕਵਿਤਾ ਕਹਿੰਦੇ ਹਨ, "ਕਿਰਨ ਨੂੰ ਪਾਇਰੇਸੀ ਸਮੂਹਾਂ ਤੋਂ ਕ੍ਰਿਪਟੋ ਕਰੰਸੀ (ਬਿਟਕੋਇਨ) ਵਿੱਚ ਪੈਸੇ ਮਿਲਦੇ ਸਨ। ਉਹ ਜ਼ੇਬ ਪੇਅ, ਕੁਆਇਨ ਡੀਸੀਐਕਸ ਆਦਿ ਰਾਹੀਂ ਇਸਨੂੰ ਭਾਰਤੀ ਮੁਦਰਾ ਵਿੱਚ ਬਦਲਦਾ ਸੀ ਅਤੇ ਇਸਨੂੰ ਆਪਣੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਦਾ ਸੀ।"
ਫਿਲਮ ਚੈਂਬਰ ਦੀ ਪਹਿਲ
ਤੇਲਗੂ ਫਿਲਮ ਚੈਂਬਰ ਆਫ ਕਾਮਰਸ ਦੇ ਆਨਰੇਰੀ ਸਕੱਤਰ ਕੇਐਲ ਦਮੋਦਰ ਪ੍ਰਸਾਦ ਨੇ ਕਿਹਾ ਕਿ ਫਿਲਮ ਇੰਡਸਟਰੀ ਮੂਵੀ ਪਾਇਰੇਸੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਅਸੀਂ ਪਹਿਲਾਂ ਹੀ ਇੱਕ ਐਂਟੀ-ਪਾਇਰੇਸੀ ਸੈੱਲ ਸਥਾਪਤ ਕਰ ਲਿਆ ਹੈ। ਇਸ ਰਾਹੀਂ ਅਸੀਂ ਪਾਇਰੇਸੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਨ੍ਹਾਂ ਖੇਤਰਾਂ ਦੀ ਪਛਾਣ ਕਰ ਰਹੇ ਹਾਂ ਜਿੱਥੇ ਪਾਇਰੇਸੀ ਹੋ ਰਹੀ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਰਹੇ ਹਾਂ।"
ਫਿਲਮਾਂ ਦੀ ਚੋਰੀ ਕਰਨ 'ਤੇ ਦਸ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ
ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀ.ਵੀ. ਅਨੰਦ ਨੇ ਕਿਹਾ ਕਿ ਫਿਲਮ ਪਾਇਰੇਸੀ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ, "ਸਿਨੇਮਾਟੋਗ੍ਰਾਫੀ ਐਕਟ ਅਤੇ ਕਾਪੀਰਾਈਟ ਐਕਟ ਅਨੁਸਾਰ ਪਾਇਰੇਸੀ ਇੱਕ ਅਪਰਾਧ ਹੈ। ਅਪਰਾਧ ਸਾਬਤ ਹੋਣ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਤਿੰਨ ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਇਸ ਵਿੱਚ ਕੈਦ ਅਤੇ ਜੁਰਮਾਨਾ ਦੋਵੇਂ ਵੀ ਲੱਗ ਸਕਦੇ ਹਨ। ਇਸ ਤੋਂ ਇਲਾਵਾ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।"
ਅਨੰਦ ਨੇ ਦੱਸਿਆ ਕਿ ਜੇ ਭਾਰਤੀ ਦੰਡ ਸਹਿਤਾ ਦੀਆਂ ਧਾਰਾਵਾਂ ਦੇ ਨਾਲ ਇਸ ਅਪਰਾਧ ਨੂੰ ਜੋੜ ਦਿੱਤਾ ਜਾਵੇ ਤਾਂ ਦੋਸ਼ ਸਾਬਤ ਹੋਣ 'ਤੇ ਦਸ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












