ਪੁਰਾਣੀਆਂ ਫਿਲਮਾਂ ਨੂੰ ਮੁੜ ਦੇਖਣ ਲਈ ਸਿਨੇਮਾਘਰਾਂ ’ਚ ਕਤਾਰਾਂ ਕਿਉਂ ਲੱਗ ਰਹੀਆਂ ਹਨ, ਲੋਕ ਦੁਬਾਰਾ ਦੇਖਣ ਕਿਉਂ ਜਾ ਰਹੇ ਹਨ

ਤਸਵੀਰ ਸਰੋਤ, Balaji Motion Pictures/Instagram
- ਲੇਖਕ, ਮੈਰਿਲ ਸੇਬੇਸਟੀਅਨ, ਸ਼ਰਨਿਆ ਰਿਸ਼ੀਕੇਸ਼
- ਰੋਲ, ਬੀਬੀਸੀ ਪੱਤਰਕਾਰ
ਜਦੋਂ 26 ਸਾਲ ਦੀ ਜ਼ਾਕਿਆ ਰਫ਼ੀਕੀ ਨੇ ਸੁਣਿਆ ਕਿ 2018 ’ਚ ਆਈ ਬੌਲੀਵੁੱਡ ਫਿਲਮ ‘ਲੈਲਾ ਮਜਨੂ’ ਦੁਬਾਰਾ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਪਤਾ ਸੀ ਕਿ ਉਹ ਇਸ ਨੂੰ ਫਿਰ ਤੋਂ ਦੇਖਣਗੇ।
ਆਪਣੀ ਭੈਣ ਨਾਲ ਫਿਲਮ ਦੇਖਣ ਆਈ ਜ਼ਾਕਿਆ ਰਫ਼ੀਕੀ ਕਹਿੰਦੇ ਹਨ, “2018 ’ਚ ਮੈਂ ਉਨ੍ਹਾਂ ਕੁਝ ਕੁ ਲੋਕਾਂ ਵਿੱਚੋਂ ਸੀ, ਜੋ ਇਸ ਫਿਲਮ ਨੂੰ ਦੇਖਣ ਲਈ ਆਏ ਸਨ। ਇਸ ਵਾਰ ਕਈ ਲੋਕ ਇਸ ਫਿਲਮ ਨੂੰ ਦੇਖਣ ਲਈ ਆਏ ਹਨ। ਬਹੁਤ ਲੋਕ ਇਸ ਫਿਲਮ ਨੂੰ ਦੇਖ ਕੇ ਹੱਸ ਰਹੇ ਸਨ ਤੇ ਕਈ ਰੋ ਰਹੇ ਸੀ।”
ਰਫ਼ੀਕੀ ਕਹਿੰਦੇ ਹਨ ਕਿ ਉਨ੍ਹਾਂ ਦਾ ਇਸ ਫਿਲਮ ਨਾਲ ‘ਭਾਵਨਾਤਮਕ ਲਗਾਅ’ ਹੈ, ਇਹ ਪ੍ਰੇਮ ਕਹਾਣੀ ਕਸ਼ਮੀਰ ਦੇ ਪਿਛੋਕੜ ਨੂੰ ਦਰਸਾਉਂਦੀ ਹੈ, ਜਿੱਥੋਂ ਉਹ ਸਬੰਧ ਰੱਖਦੀ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ,“ਆਪਣੇ ਘਰ ਦੇ ਹਿੱਸੇ ਨੂੰ ਵੱਡੇ ਪਰਦੇ ’ਤੇ ਦੇਖਣਾ ਸਕੂਨ ਦਿੰਦਾ ਹੈ। ਜਦੋਂ ਉਹ ਕਸ਼ਮੀਰ ਦੀਆਂ ਸੜਕਾਂ ’ਤੇ ਗੱਡੀ ’ਚ ਸੈਰ ਕਰ ਰਹੇ ਹੁੰਦੇ ਹਨ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਖੁਦ ਉੱਥੇ ਮੌਜੂਦ ਹੋ।”

ਮਸ਼ਹੂਰ ਫਿਲਮਕਾਰ ਇਮਤਿਆਜ਼ ਅਲੀ ਦੀ ਫਿਲਮ ਲੈਲਾ ਮਜਨੂ ਜਦੋਂ ਪਹਿਲੀ ਵਾਰ ਰਿਲੀਜ਼ ਹੋਈ ਸੀ ਤਾਂ ਕੁਝ ਖਾਸ ਕਮਾਲ ਨਹੀਂ ਸੀ ਕਰ ਸਕੀ ਪਰ ਦੁਬਾਰਾ ਰਿਲੀਜ਼ ਹੋਣ ’ਤੇ ਫਿਲਮ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
ਇਹ ਉਨ੍ਹਾਂ ਕੁਝ ਦਰਜਨ ਭਰ ਭਾਰਤੀ ਫਿਲਮਾਂ ’ਚੋਂ ਇੱਕ ਹੈ, ਜਿਸ ਦੇ ਦੁਬਾਰਾ ਰਿਲੀਜ਼ ਹੋਣ ’ਤੇ ਲੋਕ ਵੱਡੀ ਗਿਣਤੀ ’ਚ ਇਸ ਨੂੰ ਦੇਖਣ ਲਈ ਸਿਨੇਮਾਘਰਾਂ ਵੱਲ ਜਾ ਰਹੇ ਹਨ।
ਦੁਬਾਰਾ ਰਿਲੀਜ਼ ਹੋ ਰਹੀਆਂ ਫਿਲਮਾਂ ’ਚੋਂ ਕੁਝ ਕੁ ਤਾਂ ਅਜਿਹੀਆਂ ਹਨ, ਜੋ ਦਹਾਕੇ ਪਹਿਲਾਂ ਰਿਲੀਜ਼ ਹੋਈਆਂ ਸਨ।
ਦੁਨੀਆ ਭਰ ਦੀ ਦੂਜੀ ਸਿਨੇਮਾ ਇੰਡਸਟਰੀ ਵਾਂਗ ਹੀ ਭਾਰਤੀ ਸਿਨੇਮਾ ਸਨਅਤ ਨੇ ਕਰੋਨਾ ਕਾਲ ਦੇ ਸਮੇਂ ’ਚ ਕਾਫੀ ਉਤਰਾਅ-ਚੜ੍ਹਾਅ ਦੇਖੇ, ਜਦੋਂ ਮਹੀਨਿਆਂ ਤੱਕ ਸਿਨੇਮਾਘਰ ਬੰਦ ਸੀ।
ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਕਹਿੰਦੇ ਹਨ, ਇਹ ਸਾਲ ਖਾਸ ਤੌਰ ’ਤੇ ਹਾਲ ਹੀ ਵਿੱਚ ਰਿਲੀਜ਼ ਹੋਈਆਂ ਬੌਲੀਵੁੱਡ ਫਿਲਮਾਂ ਲਈ ਚੰਗਾ ਨਹੀਂ ਰਿਹਾ।

ਤਸਵੀਰ ਸਰੋਤ, Getty Images
‘ਲੈਲਾ ਮਜਨੂ’ ਦੇਖਣ ਵਾਲਿਆਂ ਦੀ ਭੀੜ
ਹਾਲਾਂਕਿ, ਬੌਲੀਵੁੱਡ ਦੇ ਦਬਦਬੇ ਵਾਲੀਆਂ ਭਾਰਤੀ ਫਿਲਮ ਜਗਤ ਨਾਲ ਜੁੜੀਆਂ ਜ਼ਿਆਦਾ ਫਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀਆਂ ਹਨ ਪਰ ਹੁਣ ਲੋਕਾਂ ਤੋਂ ਇਹ ਸੁਣਨਾ ਆਮ ਹੋ ਗਿਆ ਹੈ ਕਿ ਉਹ ਸਿਨੇਮਾਘਰਾਂ ਵਿੱਚ ਜਾਣ ਦੀ ਬਜਾਏ ਫਿਲਮ ਦਾ ਨੈੱਟਫਲਿੱਕਸ ਜਾਂ ਕਿਸੇ ਹੋਰ ਓਟੀਟੀ ਫਲੇਟਫਾਰਮ ’ਤੇ ਆਉਣ ਦਾ ਇੰਤਜ਼ਾਰ ਕਰਦੇ ਹਨ।
ਕੁਝ ਫਿਲਮਾਂ ਨੇ ਇਸ ਟਰੈਂਡ ਨੂੰ ਤੋੜਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਹੌਰਰ ਕਾਮੇਡੀ ਫਿਲਮ ‘ਇਸਤਰੀ-2’ ਨੇ ਦੇਸ਼ ’ਚ ਹੁਣ ਤੱਕ ਕਰੀਬ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉਹ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਬਣ ਚੁੱਕੀ ਹੈ।
ਕਮਾਈ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਹ ਬਸ ਪੈਨ ਇੰਡੀਆ ਫਿਲਮ ‘ਕਲਕੀ’ ਤੋਂ ਹੀ ਪਿੱਛੇ ਹੈ। ਕਲਕੀ ਭਾਰਤ ਦੇ ਕੁਝ ਸਭ ਤੋਂ ਵੱਡੇ ਸਿਤਾਰਿਆਂ ਨਾਲ ਸਜੀ ਹੋਈ ਫਿਲਮ ਹੈ।
ਪਰ ‘ਇਸਤਰੀ-2’ ਇੰਡਸਟਰੀ ਦੇ ਕੁਝ ਕੁ ਉਭਰ ਰਹੇ ਅਦਾਕਾਰਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਕਈ ਦਿੱਗਜ ਸਿਤਾਰਿਆਂ ਦੀਆਂ ਫਿਲਮਾਂ ਬੁਰੀ ਤਰ੍ਹਾਂ ਫਲਾਪ ਰਹੀਆਂ ਹਨ।

ਤਸਵੀਰ ਸਰੋਤ, Getty Images
ਭਾਰਤੀ ਫਿਲਮ ਇੰਡਸਟਰੀ ’ਚ ਲਗਾਤਾਰ ਹੋ ਰਹੇ ਬਦਲਾਅ
ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਫਿਲਮ ਇੰਡਸਟਰੀ ਲਗਾਤਾਰ ਬਦਲਾਅ ਦਾ ਸਾਹਮਣਾ ਕਰ ਰਹੀ ਹੈ, ਕਿਉਂਕਿ ਸਰੋਤਿਆਂ ਦੇ ਦੇਖਣ ਦੀਆਂ ਆਦਤਾਂ ਬਦਲ ਰਹੀਆਂ ਹਨ।
ਇਸ ਸਾਲ ਹੁਣ ਤੱਕ ਦੀਆਂ ਟੌਪ-10 ਫਿਲਮਾਂ ’ਚੋਂ ਤਿੰਨ ਫਿਲਮਾਂ ਕੇਰਲ ਸੂਬੇ ਤੋਂ ਹਨ, ਜਿਥੇ ਬਜਟ ਬੌਲੀਵੁੱਡ ਮੁਕਾਬਲੇ ਘੱਟ ਹੁੰਦਾ ਹੈ।
ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਫਿਲਮ ਡਿਸਟ੍ਰੀਬਿਊਟਰ ਅਤੇ ਸਰੋਤੇ ਦੋਵੇਂ ਹੀ ਆਪਣੀ ਸਹੂਲਤ ਦੇ ਹਿਸਾਬ ਨਾਲ ਪੁਰਾਣੀਆਂ ਫਿਲਮਾਂ ਵੱਲ ਰੁਖ਼ ਕਰ ਰਹੇ ਹਨ।
ਜੇ ਫਿਰ ਤੋਂ ਰਿਲੀਜ਼ ਹੋਈਆਂ ਫਿਲਮਾਂ ਦੀ ਲਿਸਟ ਦੇਖੀਆਂ ਤਾਂ ਇਸ ਦੇ ਪਿੱਛੇ ਦਾ ਫਾਰਮੂਲਾ ਸਮਝਣਾ ਮੁਸ਼ਕਲ ਹੋਵੇਗਾ।
ਦੁਬਾਰਾ ਰਿਲੀਜ਼ ਹੋਈਆਂ ਫਿਲਮਾਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਹਨ। 1990 ਦਾ ਦਹਾਕਾ ਕਾਫੀ ਪਸੰਦ ਕੀਤਾ ਜਾਣ ਵਾਲਾ ਨਜ਼ਰ ਆਉਂਦਾ ਹੈ।
‘ਦਿਲਵਾਲੇ ਦੁਲਹਨੀਆ ਲੇਂ ਜਾਏਂਗੇ’ ਅਤੇ ‘ਹਮ ਆਪਕੇ ਹੈਂ ਕੌਣ’ ਵਰਗੀਆਂ ਰੋਮਾਂਟਿਕ ਫਿਲਮਾਂ ਹੋਣ ਜਾਂ ‘ਮੈਂ ਖਿਲਾੜੀ ਤੂੰ ਅਨਾੜੀ’ ਅਤੇ ‘ਬਾਜ਼ੀਗਰ’ ਵਰਗੀਆਂ ਐਕਸ਼ਨ ਥ੍ਰੀਲਰ, ਇਨ੍ਹਾਂ ਨੂੰ ਦੁਬਾਰਾ ਵੱਡੇ ਪਰਦੇ ’ਤੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ।
‘ਰੌਕਸਟਾਰ’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਅਤੇ ‘ਜਬ ਵੀ ਮੈਟ’ ਵਰਗੀਆਂ ਫਿਲਮਾਂ ਨੇ ਵੀ ਸਰੋਤਿਆਂ ਨੂੰ ਵਾਪਸ ਸਿਨੇਮਾਘਰਾਂ ਵੱਲ ਖਿੱਚਿਆ ਹੈ।
ਵਿਸ਼ਲੇਸ਼ਕ ‘ਲੈਲਾ ਮਜਨੂ’ ਦੀ ਸਫਲਤਾ ਤੋਂ ਸਭ ਤੋਂ ਵੱਧ ਹੈਰਾਨ ਹੋਏ ਹਨ। ਫਿਲਮਾ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਖਾਸ ਤੌਰ ’ਤੇ ਇਸ ਗੱਲ ਤੋਂ ਖੁਸ਼ ਹਨ ਕਿ ਕਸ਼ਮੀਰ ’ਚ ਲੋਕ ਇਸ ਫਿਲਮ ਨੂੰ ਦੇਖ ਸਕੇ ਹਨ ਕਿਉਂਕਿ ਉਥੇ ਸਿਨੇਮਾਘਰ ਦੋ ਦਹਾਕਿਆਂ ਮਗਰੋਂ 2022 ਵਿੱਚ ਦੁਬਾਰਾ ਖੁੱਲ੍ਹੇ ਹਨ।
ਕੋਮਲ ਨਾਹਟਾ ਕਹਿੰਦੇ ਹਨ,“ਇਹ ਫਿਲਮ ਹੁਣ ਆਪਣੀ ਕੀਮਤ ਕੱਢ ਸਕੀ ਹੈ ਜਾਂ ਕਹਿ ਲਵੋ ਆਪਣਾ ਘਾਟਾ ਘਟਾ ਸਕੀ ਹੈ।”
“ਇਹ ਸਫਲਤਾ ਅਜਿਹੀਆਂ ਦੂਜੀਆਂ ਫਿਲਮਾਂ ਨੂੰ ਵੀ ਦੁਬਾਰਾ ਰਿਲੀਜ਼ ਹੋਣ ਲਈ ਪ੍ਰੇਰਿਤ ਕਰੇਗੀ।”

ਤਸਵੀਰ ਸਰੋਤ, FACEBOOK/MOHANLAL
ਰੀ-ਰਿਲੀਜ਼ ਫਿਲਮਾਂ ਦੇ ਚੱਲਣ ਦੀ ਕੀ ਵਜ੍ਹਾ ਹੈ?
ਬੌਲੀਵੁੱਡ ਵਿਸ਼ਲੇਸ਼ਕ ਤਰਨ ਆਦਰਸ਼ ਕਹਿੰਦੇ ਹਨ,“ਇਹ ਰੀ-ਰਿਲੀਜ਼ ਫਿਲਮਾਂ ਨਵੀਆਂ ਫਿਲਮਾਂ ਦੀ ਕਮੀ ਅਤੇ ਬੌਕਸ ਆਫਿਸ ਦੀ ਫਿੱਕੀ ਪੈ ਗਈ ਚਮਕ ਨੂੰ ਪੂਰਾ ਕਰ ਰਹੀਆਂ ਹਨ।”
ਇਨ੍ਹਾਂ ਦੀ ਰੀ-ਰਿਲੀਜ਼ ਵਿੱਚ ਨਾ ਦੇ ਬਰਾਬਰ ਪ੍ਰਮੋਸ਼ਨ ਹੁੰਦਾ ਹੈ। ਇਨ੍ਹਾਂ ਦੇ ਪੋਸਟਰ ਸਿਰਫ ਸੋਸ਼ਲ ਮੀਡੀਆ ਅਤੇ ਟਿਕਟ ਬੁਕਿੰਗ ਸਾਈਟਸ ’ਤੇ ਹੀ ਨਜ਼ਰ ਆਉਂਦੇ ਹਨ।
ਤਰਨ ਆਦਰਸ਼ ਕਹਿੰਦੇ ਹਨ,“ਇਹ ਪੂਰੀ ਤਰ੍ਹਾਂ ਲੰਘੇ ਸਮੇਂ ’ਤੇ ਨਿਰਭਰ ਕਰਦੀ ਹੈ ਜਾਂ ਕਿਸੇ ਫਿਲਮ ਦੇ ਲਈ ਸਰੋਤਿਆਂ ਦਾ ਪਿਆਰ ਦਿਖਾਉਂਦੀ ਹੈ, ਜਿਸ ਦੇ ਪਹਿਲਾਂ ਤੋਂ ਹੀ ਪੱਕੇ ਪ੍ਰਸ਼ੰਸ਼ਕ ਹਨ।”
ਉਥੇ ਹੀ ਤਾਮਿਲ ਅਤੇ ਤੇਲਗੂ ਇੰਡਸਟਰੀ ’ਚ ਰੀ-ਰਿਲੀਜ਼ ਦੇ ਪਿੱਛੇ ਮੁੱਖ ਫੈਕਟਰ ਇਥੋਂ ਦੇ ਸਿਤਾਰੇ ਹਨ।
ਹਾਲ ਹੀ ਵਿੱਚ ਕੁਝ ਵੀਡੀਓ ਸਾਹਮਣੇ ਆਈਆਂ ਹਨ, ਜਿਸ ’ਚ ਤੇਲਗੂ ਸੁਪਰਸਟਾਰ ਚਿਰੰਜੀਵੀ ਦੇ ਫੈਨਸ 2002 ’ਚ ਆਈ ਉਨ੍ਹਾਂ ਦੀ ਹਿੱਟ ਫਿਲਮ ‘ਇੰਦਰਾ’ ਦੇ ਇੱਕ ਗਾਣੇ ’ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ।
ਪਵਨ ਕਲਿਆਣ ਦੀ 2012 ’ਚ ਆਈ ਫਿਲਮ ‘ਗੱਬਰ ਸਿੰਘ’ ਅਗਲੇ ਹਫ਼ਤੇ ਦੁਬਾਰਾ ਰਿਲੀਜ਼ ਹੋਣ ਲਈ ਤਿਆਰ ਹੈ।
ਤਾਮਿਲ ਅਦਾਕਾਰ ਵਿਜੈ ਦੀ 2004 ’ਚ ਆਈ ‘ਘਿੱਲੀ’ ਅਪਰੈਲ ’ਚ ਦੁਬਾਰਾ ਰਿਲੀਜ਼ ਹੋਈ ਤਾਂ ਸਰੋਤਿਆਂ ਦੀ ਭੀੜ ਇਕੱਠੀ ਹੋ ਗਈ।
ਦੱਖਣੀ ਫਿਲਮ ਜਗਤ ਦੇ ਵਿਸ਼ਲੇਸ਼ਕ ਸ਼੍ਰੀਧਰ ਪਿਲਲਈ ਕਹਿੰਦੇ ਹਨ,“ਇਹ ਜ਼ਿਆਦਾਤਰ ਉਹ ਫਿਲਮਾਂ ਹਨ, ਜੋ ਵੀਹ ਸਾਲ ਪਹਿਲਾਂ ਵੱਡੀਆਂ ਹਿੱਟ ਸਨ। ਸਰੋਤਿਆਂ ਦਾ ਇਨ੍ਹਾਂ ਫਿਲਮਾਂ ਲਈ ਅਤੇ ਇਨ੍ਹਾਂ ਸਿਤਾਰਿਆਂ ਲਈ ਪਿਆਰ ਇਸ ਦੀ ਰੀ-ਰਿਲੀਜ਼ ਦੀ ਮੁੱਖ ਵਜ੍ਹਾ ਹੈ।”
ਮਲਿਆਲਮ ਸੁਪਰਸਟਾਰ ਮੋਹਨ ਲਾਲ ਦੀਆਂ ਅਜਿਹੀਆਂ ਦੋ ਫਿਲਮਾਂ ਸਾਲ 2000 ਦੀ ਦੇਵਦੂਤਨ ਅਤੇ ਸਾਲ 1993 ਦੀ ਮਨਚਿਤਰਥਾਜੁ, ਕੇਰਲਾ ਦੇ ਸਿਨੇਮਾਘਰਾਂ ਵਿੱਚ ਵਾਪਸ ਪਰਤੀਆਂ ਹਨ।
ਇਹ ਦੋਵੇਂ ਹੌਰਰ ਫਿਲਮਾਂ ਹਨ।

ਤਸਵੀਰ ਸਰੋਤ, Getty Images
ਪੈਸੇ ਦੇ ਕੇ ਪੁਰਾਣੀ ਫਿਲਮਾਂ ਕਿਉਂ ਦੇਖ ਰਹੇ ਨੇ ਲੋਕ?
ਫਿਲਮ ‘ਦੇਵਦੂਤਨ’ ਆਪਣੀ ਪਹਿਲੀ ਰਿਲੀਜ਼ ’ਚ ਫਲਾਪ ਸੀ, ਹੁਣ ਸਿਨੇਮਾਘਰਾਂ ’ਚ ਇੱਕ ਮਹੀਨੇ ਤੋਂ ਚੱਲ ਰਹੀ ਹੈ।
ਪਿਲਲਈ ਕਹਿੰਦੇ ਹਨ,“ਮਨਿਚਿਤਰਥਾਜੁ, ਜਿਸ ਨੇ ਬੌਕਸ ਆਫਿਸ ’ਤੇ ਆਪਣੀ ਪਹਿਲੀ ਰਿਲੀਜ਼ ’ਚ ਸਾਰੇ ਰਿਕਾਰਡ ਤੋੜ ਦਿੱਤੇ ਸਨ, ਦੱਖਣੀ ਭਾਰਤ ’ਚ ਦੁਬਾਰਾ ਰਿਲੀਜ਼ ਹੋਈਆਂ ਫਿਲਮਾਂ ’ਚ ਸ਼ਾਇਦ ਸਭ ਤੋਂ ਵੱਡੀ ਹਿੱਟ ਹੈ।”
ਉਹ ਕਹਿੰਦੇ ਹਨ,“ਇਹ ਫਿਲਮ ਜਦੋਂ ਰਿਲੀਜ਼ ਹੋਈ ਸੀ ਤਾਂ ਬਲੌਕਬਸਟਰ ਸੀ ਅਤੇ ਹੁਣ ਇਸ ਨੂੰ ਨੌਜਵਾਨ ਪ੍ਰਸ਼ੰਸ਼ਕ ਵੀ ਮਿਲ ਰਹੇ ਹਨ।”
ਕਦੇ-ਕਦੇ ਕਿਸੇ ਫਿਲਮ ਦੇ ਸੀਕੁਏਲ ਦੀ ਸੰਭਾਵਨਾ ਉਸ ਫਿਲਮ ’ਚ ਦੁਬਾਰਾ ਦਰਸ਼ਕਾਂ ਦੀ ਰੁਚੀ ਵਧਾਉਂਦੀ ਹੈ।
ਕੋਮਲ ਕਹਿੰਦੇ ਹਨ ਕਿ ਪਿਛਲੇ ਸਾਲ 2001 ’ਚ ਆਈ ‘ਗਦਰ ਏਕ ਪ੍ਰੇਮ ਕਥਾ’ ਨੂੰ ਉਸ ਦੇ ਸੀਕੁਏਲ ਗਦਰ-2 ਦੇ ਹਿੱਟ ਹੋਣ ਤੋਂ ਬਾਅਦ ਸਿਨੇਮਾਘਰਾਂ ’ਚ ਫਿਰ ਤੋਂ ਸਰੋਤਿਆਂ ਦਾ ਪਿਆਰ ਮਿਲਿਆ।
ਉਹ ਅੱਗੇ ਕਹਿੰਦੇ ਹਨ ਕਿ ਉਥੇ ਹੀ ਕਮਲ ਹਸਨ ਦੀ ਇੰਡੀਅਨ ਨੂੰ ਰੀ-ਰਿਲੀਜ਼ ’ਤੇ ਉਸ ਤਰ੍ਹਾਂ ਦੀ ਸਫਲਤਾ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਇੰਡੀਅਨ-2 ਨੇ ਬੌਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ।
ਅਜਿਹੇ ’ਚ ਲੋਕ ਆਖਿਰ ਉਨ੍ਹਾਂ ਪੁਰਾਣੀਆਂ ਫਿਲਮਾਂ ਨੂੰ ਦੇਖਣ ਲਈ ਪੈਸਾ ਖਰਚ ਕਰਨ ਲਈ ਕਿਉਂ ਤਿਆਰ ਹਨ ਜੋ ਓਟੀਟੀ ਪਲੇਟਫਾਰਮ ’ਤੇ ਵੀ ਮੌਜੂਦ ਹਨ।
ਆਦਰਸ਼ ਕਹਿੰਦੇ ਹਨ,“ਕਿਸੇ ਫਿਲਮ ਨੂੰ ਸਿਨੇਮਾਘਰ ’ਚ ਦੇਖਣ ਦਾ ਅਨੁਭਵ, ਉਸ ਨੂੰ ਆਨਲਾਈਨ ਦੇਖਣ ਤੋਂ ਬਹੁਤ ਵੱਖਰਾ ਹੁੰਦਾ ਹੈ ਅਤੇ ਇਹੀ ਫੈਕਟਰ ਸਰੋਤਿਆਂ ਨੂੰ ਸਿਨੇਮਾਘਰਾਂ ਵੱਲ ਖਿੱਚ ਰਿਹਾ ਹੈ।”
ਸ਼ਰੂਤੀ ਜ਼ੇਡੇ ਇਸ ਨਾਲ ਸਹਿਮਤ ਹਨ। ਪੁਣੇ ਦੀ 30 ਸਾਲਾ ਸ਼ਰੂਤੀ ਪਿਛਲੇ ਸਾਲ ਤੋਂ ਹੁਣ ਤੱਕ ਕਈ ਅਜਿਹੀਆਂ ਫਿਲਮਾਂ ਦੇਖ ਚੁੱਕੀ ਹੈ।
ਉਹ ਕਹਿੰਦੀ ਹੈ,“ਫਿਲਮ ਨੂੰ ਉਸ ਦੀ ਕਹਾਣੀ ਲਈ ਦੇਖਣ ਦੀ ਬਜਾਏ, ਇਹ ਇੱਕ ਸਮੂਹਿਕ ਅਨੁਭਵ ਬਣ ਜਾਂਦਾ ਹੈ, ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ ਅਤੇ ਉਹ ਡਾਇਲਾਗ ਜਾਂ ਕਿਸੇ ਸੀਨ ਤੋਂ ਪਹਿਲਾਂ ਉਸੇ ਹਿਸਾਬ ਨਾਲ ਆਪਣੀ ਪ੍ਰਤੀਕਿਰਿਆ ਦਿੰਦੇ ਹਨ।”
ਸ਼ਰੂਤੀ ਨੂੰ ਹੁਣ ਤੇਲਗੂ ਸੁਪਰਸਟਾਰ ਨਾਗਾਰਜੁਨ ਦੀ 2004 ਵਿੱਚ ਆਈ ਫਿਲਮ ‘ਮਾਸ’ ਨੂੰ ਵੱਡੇ ਪਰਦੇ ’ਤੇ ਦੇਖਣ ਦਾ ਇੰਤਜ਼ਾਰ ਹੈ।
ਪਰ ਸ਼ਰੂਤੀ ਨੇ ਅੱਗੇ ਜੋ ਕਿਹਾ ਉਹ ਫਿਲਮ ਨਿਰਮਾਤਾਵਾਂ ਦੀ ਉਮੀਦ ਵਧਾਉਣ ਵਾਲਾ ਹੈ।
“ਮੈਂ ਸਾਲ ’ਚ ਇਕ ਜਾਂ ਦੋ ਦੁਬਾਰਾ ਰਿਲੀਜ਼ ਹੋਈਆਂ ਫਿਲਮਾਂ ਦੇਖ ਸਕਦੀ ਹਾਂ ਪਰ ਉਸ ਤੋਂ ਬਾਅਦ ਮੈਂ ਨਵੀਆਂ ਫਿਲਮਾਂ ਵੀ ਦੇਖਣਾ ਪਸੰਦ ਕਰੂੰਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












