‘ਕਸ਼ਮੀਰ ਫਾਈਲਜ਼’ ਜਾਂ ‘ਦਿ ਕੇਰਲਾ ਸਟੋਰੀ’ ਵਰਗੀਆਂ ਫ਼ਿਲਮਾਂ ਵੋਟ ਪਾਉਣ ਦਾ ਫੈਸਲਾ ਬਦਲ ਸਕਦੀਆਂ ਹਨ

ਤਸਵੀਰ ਸਰੋਤ, ADAH SHARMA/TWITTER
- ਲੇਖਕ, ਮੁਰਲੀਧਰਨ ਕਾਸੀਵਿਸਵਨਾਥਨ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਕੁਝ ਸਾਲਾਂ ਵਿੱਚ ਹਿੰਦੂਤਵ ਪਾਰਟੀਆਂ ਦੀ ਵਿਚਾਰਧਾਰਾ 'ਤੇ ਕੇਂਦਰਿਤ ਫਿਲਮਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।
ਕੀ ਇਹ ਫਿਲਮਾਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ?
2019 ਵਿੱਚ ਜਦੋਂ ਲੋਕਸਭਾ ਚੋਣਾਂ ਨੇੜੇ ਸਨ, ਉਦੋਂ ਰਿਲੀਜ਼ ਹੋਈਆਂ ਦੋ ਫ਼ਿਲਮਾਂ ਨੇ ਕਾਫੀ ਹਲਚਲ ਮਚਾ ਦਿੱਤੀ ਸੀ।
ਲੋਕਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਵਿਜੇ ਗੁੱਟੇ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਰਿਲੀਜ਼ ਹੋਈ ਸੀ।
ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਲਿਖੀ ਕਿਤਾਬ 'ਤੇ ਆਧਾਰਿਤ ਹੈ।
ਫ਼ਿਲਮ ਵਿੱਚ ਦਰਸਾਇਆ ਗਿਆ ਸੀ ਕਿ ਕਿਵੇਂ ਮਨਮੋਹਨ ਸਿੰਘ ਉੱਤੇ ਦੇ ਕਾਰਜਕਾਲ ਵਿੱਚ ਕਾਂਗਰਸ ਲੀਡਰਸ਼ਿਪ ਉਨ੍ਹਾਂ ਦੇ ਫ਼ੈਸਲਿਆਂ 'ਤੇ ਕਾਬਜ਼ ਰਹੀ।
ਲੋਕਸਭਾ ਚੋਣਾਂ ਦੇ ਨੇੜੇ ਆਉਂਦਿਆਂ 'ਦਿ ਤਾਸ਼ਕੈਂਟ ਫ਼ਾਈਲਜ਼ – ਹੂ ਕਿਲਡ ਸ਼ਾਸਤਰੀ?' ਵਰਗੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਹੋ ਗਈਆਂ ਸਨ।
ਵਿਵੇਕ ਅਗਨੀਹੋਤਰੀ ਦੀ ਨਿਰਦੇਸ਼ਨਾ ਵਿੱਚ ਬਣੀ ਇਸ ਫ਼ਿਲਮ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਬਾਰੇ ਸਵਾਲ ਖੜੇ ਕਰ ਦਿੱਤੇ ਸਨ।
ਹਾਲਾਂਕਿ, ਫ਼ਿਲਮ ਨੂੰ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਇਲਜ਼ਾਮ ਲਾਇਆ ਗਿਆ ਕਿ ਇਹ ਦੋਵੇਂ ਫਿਲਮਾਂ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਗਈਆਂ ਸਨ, ਜੋ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਵਿਰੋਧੀ ਪਾਰਟੀ ਸੀ।

ਤਸਵੀਰ ਸਰੋਤ, SPICE PR
ਬੀਤੇ ਵਰ੍ਹੇ ਆਈਆਂ ਤਿੰਨ ਫ਼ਿਲਮਾਂ
ਇਸ ਵਾਰ ਵੀ ਅਜਿਹਾ ਹੀ ਹੋਇਆ, ਹੁਣ ਜਦੋਂ ਸੰਸਦੀ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਪਿਛਲੇ ਸਾਲ ਤੋਂ ਇਸੇ ਤਰ੍ਹਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਹਨ।
ਇਸੇ ਲਾਈਨ ਉੱਤੇ ਅਧਾਰਿਤ ਤਿੰਨ ਫਿਲਮਾਂ ਪਿਛਲੇ ਸਾਲ ਹੀ ਰਿਲੀਜ਼ ਹੋਈਆਂ ਸਨ।
'ਦਿ ਕੇਰਲਾ ਸਟੋਰੀ': ਕੇਰਲਾ ਦੀ ਇੱਕ ਔਰਤ ਜੋ ਨਰਸ ਬਣਨਾ ਚਾਹੁੰਦੀ ਹੈ, ਇਸਲਾਮ ਕਬੂਲ ਕਰਦੀ ਹੈ ਅਤੇ ਆਈਐੱਸਆਈਐੱਸ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਉਸ ਦੀ ਕਹਾਣੀ ਇੱਕ ਅਫ਼ਗਾਨ ਜੇਲ੍ਹ ਵਿੱਚ ਖ਼ਤਮ ਹੁੰਦੀ ਹੈ।
ਕੇਰਲ ਵਿੱਚ ਇਸ ਫ਼ਿਲਮ ਦਾ ਤਿੱਖਾ ਵਿਰੋਧ ਹੋਇਆ ਸੀ।
ਫ਼ਿਲਮ 'ਕਰੂ' ਨੇ ਕਿਹਾ ਕਿ ਇਸ ਸਬੰਧ ਵਿੱਚ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਦੌਰਾਨ ਇਸ ਸਬੰਧੀ ਦਿੱਤੇ ਗਏ ਅੰਕੜੇ ਸਹੀ ਨਹੀਂ ਹਨ।
ਇਹ ਫ਼ਿਲਮ ਪਿਛਲੇ ਸਾਲ ਮਈ 'ਚ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਸੀ।
ਇਸ ਫ਼ਿਲਮ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਗਿਆ।

ਤਸਵੀਰ ਸਰੋਤ, X/Pen Movies
'ਦਿ ਕਸ਼ਮੀਰ ਫਾਈਲਜ਼': ਇਸ ਫਿਲਮ ਵਿੱਚ 1990ਵਿਆਂ ਦੌਰਾਨ ਕਸ਼ਮੀਰ ਤੋਂ ਹਿੰਦੂ ਪੰਡਿਤਾਂ ਦੇ ਪਲਾਇਨ ਨੂੰ ਨਸਲੀ ਹਿੰਸਾ ਸਦਕਾ ਵਾਪਰੀ ਕਾਰਵਾਈ ਦੱਸਿਆ ਗਿਆ।
ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ। ਭਾਜਪਾ ਨੇ ਇਸ ਫ਼ਿਲਮ ਦਾ ਵੀ ਕਾਫੀ ਸਮਰਥਨ ਕੀਤਾ ਹੈ।
ਪਾਰਟੀ ਨੇ ਦਾਅਵਾ ਕੀਤਾ ਕਿ ਫ਼ਿਲਮ ਨੇ ਛੁਪੇ ਸੱਚ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ। ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸੱਤਾ ਸੀ ,ਉੱਥੇ ਫ਼ਿਲਮ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਸੀ।
ਇਹ ਫ਼ਿਲਮ 11 ਮਾਰਚ 2022 ਨੂੰ ਰਿਲੀਜ਼ ਹੋਈ ਸੀ ਅਤੇ ਇੱਕ ਸਫ਼ਲ ਫ਼ਿਲਮ ਰਹੀ ਸੀ।
'ਦਿ ਵੈਕਸੀਨ ਵਾਰ': ਇਸ ਫ਼ਿਲਮ ਦਾ ਨਿਰਦੇਸ਼ਨ ਵੀ ਵਿਵੇਕ ਅਗਨੀਹੋਤਰੀ ਨੇ ਕੀਤਾ ਸੀ। ਇਹ ਭਾਰਤ ਵਿੱਚ ਕੋਵਿਡ ਦੀ ਲਾਗ ਤੋਂ ਬਚਾਅ ਲਈ ਇੱਕ ਟੀਕਾ ਤਿਆਰ ਕੀਤੇ ਜਾਣ ਦੀ ਕਹਾਣੀ ਹੈ।
ਹਾਲਾਂਕਿ ਇੱਕ ਫ਼ਿਲਮ ਦੇ ਰੂਪ ਵਿੱਚ ਦੇਖਣਯੋਗ ਹੈ, ਆਲੋਚਕਾਂ ਨੇ ਫ਼ਿਲਮ ਉੱਤੇ ਇੱਕ ਸਰਕਾਰੀ ਪ੍ਰਚਾਰ ਲਈ ਬਣੀ ਫ਼ਿਲਮ ਹੋਣ ਦੇ ਇਲਜ਼ਾਮ ਲਗਾਏ। ਇਹ ਪਿਛਲੇ ਸਾਲ 23 ਸਤੰਬਰ ਨੂੰ ਰਿਲੀਜ਼ ਹੋਈ ਸੀ।
ਇਨ੍ਹਾਂ ਤਿੰਨ ਫ਼ਿਲਮਾਂ 'ਚੋਂ 'ਦਿ ਕੇਰਲਾ ਸਟੋਰੀ' ਅਤੇ 'ਦਿ ਕਸ਼ਮੀਰ ਫਾਈਲਜ਼' ਨੇ ਕਾਫੀ ਧੂਮ ਮਚਾਈ ਸੀ।
ਫ਼ਿਲਮ 'ਦਿ ਕੇਰਲਾ ਸਟੋਰੀ' ਖ਼ਿਲਾਫ਼ ਕੇਰਲਾ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਤਸਵੀਰ ਸਰੋਤ, X/Randeep Hooda
ਹਿੰਦੀ ਫਿਲਮਾਂ ਦੀ ਲੰਮੀ ਸੂਚੀ
ਇਸ ਤੋਂ ਬਾਅਦ, ਇਸ ਸਾਲ ਜਨਵਰੀ ਤੋਂ, ਹਿੰਦੂਤਵੀ ਦ੍ਰਿਸ਼ਟੀਕੋਣ ਵਾਲੀਆਂ ਕਈ ਫਿਲਮਾਂ ਰਿਲੀਜ਼ ਹੋਈਆ।
'ਸਵਤੰਤਰ ਵੀਰ ਸਾਵਰਕਰ': ਇਹ ਸਾਵਰਕਰ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਫ਼ਿਲਮ ਹੈ।
ਅਦਾਕਾਰ ਰਣਦੀਪ ਹੁੱਡਾ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਨਿਰਦੇਸ਼ਿਤ ਕੀਤਾ ਹੈ।
ਇਹ ਫ਼ਿਲਮ 22 ਮਾਰਚ ਨੂੰ ਰਿਲੀਜ਼ ਹੋਈ ਸੀ।
ਇਸ ਫ਼ਿਲਮ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਇਤਿਹਾਸਕ ਜਾਣਕਾਰੀ ਨੂੰ ਹਿੰਦੂਤਵੀ ਨਜ਼ਰੀਏ ਤੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਤਸਵੀਰ ਸਰੋਤ, X/taran adarsh
'ਜੇਐੱਨਯੂ: ਜਹਾਂਗੀਰ ਨੈਸ਼ਨਲ ਯੂਨੀਵਰਸਿਟੀ': ਇਹ ਫ਼ਿਲਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਹਾਲਾਤ ਨੂੰ ਪੇਸ਼ ਕਰਦੀ ਫ਼ਿਲਮ ਹੈ। ਜਿਸ ਦਾ ਨਿਰਦੇਸ਼ਨ ਵਿਨੈ ਸ਼ਰਮਾ ਨੇ ਕੀਤਾ ਹੈ।
ਉਰਵਸ਼ੀ ਰੌਤਾਲਾ, ਸਿਧਾਰਥ ਭੋਟਕੇ, ਵਿਜੇ ਰਾਸ ਵਰਗੇ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ।
ਫ਼ਿਲਮ ਦੇ ਪੋਸਟਰ ਉੱਤੇ ਦਿਖਾਇਆ ਗਿਆ ਖੱਬੇ-ਪੱਖੀਆਂ ਦੇ ਦਬਦਬੇ ਵਾਲੀ ਯੂਨੀਵਰਸਿਟੀ ਵਿੱਚ ਇੱਕ ਸੱਜੇ-ਪੱਖੀ ਵਿਦਿਆਰਥੀ। ਫ਼ਿਲਮ ਨੂੰ ਪਹਿਲਾਂ 5 ਅਪ੍ਰੈਲ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ।
ਪਰ ਹੁਣ ਰਿਲੀਜ਼ ਨੂੰ 22 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, X/Jio Studios
ਆਰਟੀਕਲ 370: ਆਦਿਤਿਆ ਸੁਹਾਸ ਜਾਂਬਲੇ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਵਿੱਚ ਯਾਮੀ ਗੌਤਮ, ਪ੍ਰਿਆਮਣੀ ਅਤੇ ਅਰੁਣ ਕੋਵਿਲ ਨੇ ਕੰਮ ਕੀਤਾ ਹੈ।
ਇਹ ਫ਼ਿਲਮ ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਬਾਰੇ ਹੈ। ਇਹ ਕਸ਼ਮੀਰ 'ਤੇ ਭਾਜਪਾ ਦੇ ਸਟੈਂਡ ਦੇ ਆਲੇ-ਦੁਆਲੇ ਕੇਂਦਰਿਤ ਫ਼ਿਲਮ ਹੈ।.
ਇਹ ਫ਼ਿਲਮ 23 ਫਰਵਰੀ ਨੂੰ ਰਿਲੀਜ਼ ਹੋਈ ਸੀ।

ਤਸਵੀਰ ਸਰੋਤ, X/Komal Nahta
ਮੈਂ ਅਟਲ ਹੂੰ: ਰਵੀ ਯਾਦਵ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ।
ਅਦਾਕਾਰ ਪੰਕਜ ਤ੍ਰਿਪਾਠੀ ਨੇ ਵਾਜਪਾਈ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 19 ਜਨਵਰੀ ਨੂੰ ਰਿਲੀਜ਼ ਹੋਈ ਸੀ।
ਤਕਰੀਬਨ 20 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ ਸਿਨੇਮਾਘਰਾਂ 'ਚ ਸਿਰਫ 8.5 ਕਰੋੜ ਰੁਪਏ ਕਮਾਏ।

ਤਸਵੀਰ ਸਰੋਤ, X/ Samarveer Creations
'ਰਜ਼ਾਕਾਰ': ਯਤਾ ਸਤਿਆਨਾਰਾਇਣ ਦੀ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਬਾਬੀ ਸਿਮਹਾ, ਤੇਜ ਸਬਰੂ ਅਤੇ ਵੇਦਿਕਾ ਅਭਿਨੀਤ ਨੇ ਕੰਮ ਕੀਤਾ ਹੈ।
ਇਹ ਫ਼ਿਲਮ ਭਾਰਤ ਦੀ ਆਜ਼ਾਦੀ ਦੇ ਸਮੇਂ ਨਿਜ਼ਾਮ ਦੇ ਹੈਦਰਾਬਾਦ ਰਾਜ ਵਿੱਚ ਵਾਪਰੀਆਂ ਘਟਨਾਵਾਂ 'ਤੇ ਅਧਾਰਤ ਸੀ।
15 ਮਾਰਚ ਨੂੰ ਰਿਲੀਜ਼ ਹੋਈ ਇਸ ਤੇਲਗੂ ਫ਼ਿਲਮ ਵੀ ਘਟਨਾਵਾਂ ਨੂੰ ਹਿੰਦੂਤਵੀ ਦ੍ਰਿਸ਼ਟੀਕੋਣ ਤੋਂ ਬਿਆਨ ਕੀਤੇ ਜਾਣ ਬਦਲੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਤਸਵੀਰ ਸਰੋਤ, X/Ramesh Bala
'ਐਕਸੀਡੈਂਟ ਔਰ ਕੋਂਸਪੀਰੇਸੀ: ਗੋਧਰਾ': ਗੁਜਰਾਤ ਵਿੱਚ 2002 ਵਿੱਚ ਹੋਈ ਗੋਧਰਾ ਰੇਲ ਸੜਨ ਦੀ ਘਟਨਾ ਉੱਤੇ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਐੱਮਕੇ ਸਿਵਕਸ਼ ਨੇ ਕੀਤਾ ਹੈ।
ਇਹ ਫ਼ਿਲਮ ਗੋਧਰਾ ਕਾਂਡ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਤੇ ਆਧਾਰਿਤ ਦੱਸੀ ਜਾਂਦੀ ਹੈ।
ਨਾਨਾਵਤੀ ਕਮਿਸ਼ਨ ਨੇ ਇਹ ਸਿੱਟਾ ਕੱਢਿਆ ਸੀ ਕਿ ਗੋਧਰਾ ਰੇਲ ਸੜਨ ਦੀ ਘਟਨਾ ਇਸ ਲਈ ਵਾਪਰੀ ਕਿਉਂਕਿ ਮੁਸਲਮਾਨਾਂ ਨੇ ਰੇਲ 'ਤੇ ਹਮਲਾ ਕੀਤਾ ਸੀ।
ਇਹ ਫ਼ਿਲਮ ਪਿਛਲੇ ਸਾਲ ਮਾਰਚ ਮਹੀਨੇ ਰਿਲੀਜ਼ ਹੋਈ ਸੀ।
'ਦਿ ਕੇਰਲਾ ਸਟੋਰੀ' ਕਾਰਨ ਛਿੜਿਆ ਮੁੜ ਵਿਵਾਦ
ਫ਼ਿਲਮਾਂ ਆਉਂਦੀਆਂ ਹੀ ਰਹਿੰਦੀਆਂ ਹਨ, 5 ਅਪ੍ਰੈਲ ਨੂੰ ਵਿਵਾਦਪੂਰਨ ਫ਼ਿਲਮ 'ਦਿ ਕੇਰਲਾ ਸਟੋਰੀ' ਭਾਰਤ ਦੇ ਸਰਕਾਰੀ ਟੈਲੀਵਿਜ਼ਨ ਦੂਰਦਰਸ਼ਨ 'ਤੇ ਰਿਲੀਜ਼ ਹੋਈ।
ਜਦੋਂ ਇਹ ਐਲਾਨ ਕੀਤਾ ਗਿਆ ਤਾਂ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਿਯਾਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ।
ਪਿਨਾਰਈ ਵਿਜਿਯਾਨ ਨੇ ਐਕਸ ਸਾਈਟ 'ਤੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਸੀ ਕਿ 'ਨੈਸ਼ਨਲ ਟੈਲੀਵਿਜ਼ਨ ਨੂੰ ਇਸ ਫ਼ਿਲਮ ਦੀ ਸਕ੍ਰੀਨਿੰਗ ਕਰਕੇ ਭਾਜਪਾ ਦਾ ਪ੍ਰਚਾਰਕ ਨਹੀਂ ਬਣਨਾ ਚਾਹੀਦਾ ਜੋ ਚੋਣਾਂ ਤੋਂ ਪਹਿਲਾਂ ਫਿਰਕੂ ਤਣਾਅ ਪੈਦਾ ਕਰਦੀ ਹੈ।'

ਤਸਵੀਰ ਸਰੋਤ, Getty Images
ਕੀ ਫਿਲਮਾਂ ਚੋਣਾਂ ਨੂੰ ਪ੍ਰਭਾਵਿਤ ਕਰਦੀਆਂ ਹਨ?
ਫ਼ਿਲਮਾਂ ਨੂੰ ਦੁਨੀਆਂ ਭਰ ਵਿੱਚ ਪ੍ਰਚਾਰ ਲਈ ਵਰਤਿਆ ਗਿਆ ਹੈ।
ਪਰ ਕੀ ਚੋਣਾਂ ਤੋਂ ਪਹਿਲਾਂ ਆਉਣ ਵਾਲੀਆਂ ਫ਼ਿਲਮਾਂ ਵੋਟਰਾਂ ਨੂੰ ਉਨ੍ਹਾਂ ਦਾ ਫ਼ੈਸਲਾ ਬਦਲਣ ਲਈ ਪ੍ਰੇਰਿਤ ਕਰ ਸਕਦੀਆਂ ਹਨ।
ਥੀਓਡੋਰ ਬਾਸਕਰਨ ਲੰਬੇ ਸਮੇਂ ਤੋਂ ਤਮਿਲ ਫਿਲਮਾਂ ਦਾ ਅਧਿਐਨ ਕਰ ਰਹੇ ਹਨ। ਉਨ੍ਹਾਂ ਨੇ ਤਾਮਿਲ ਫ਼ਿਲਮਾਂ ਬਾਰੇ 'ਦਿ ਆਈ ਆਫ਼ਾ ਦਾ ਸਰਪੈਂਟ' ਸਿਰਲੇਖ ਹੇਠ ਕਿਤਾਬ ਵੀ ਲਿਖੀ ਹੈ।
ਉਹ ਕਹਿੰਦੇ ਹਨ ਕਿ ਇਹ ਮਾਪਣ ਦਾ ਕੋਈ ਤਰੀਕਾ ਨਹੀਂ ਹੈ ਕਿ ਫਿਲਮਾਂ ਦਾ ਚੋਣਾਂ 'ਤੇ ਫੌਰੀ ਪ੍ਰਭਾਵ ਪੈਂਦਾ ਹੈ ਜਾਂ ਨਹੀਂ।
"ਇਸ ਬਾਰੇ ਸਪੱਸ਼ਟਤਾ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੋਈ ਸਿਆਸੀ ਪਾਰਟੀ ਫਿਲਮਾਂ ਰਿਲੀਜ਼ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।"

ਤਸਵੀਰ ਸਰੋਤ, Jatinder Mauhar
'ਪ੍ਰਾਪੇਗੰਡਾ ਆਉਂਦਾ ਜਾਂਦਾ ਰਹਿੰਦਾ ਹੈ’- ਜਤਿੰਦਰ ਮੌਹਰ
ਪੰਜਾਬੀ ਫ਼ਿਲਮਕਾਰ ਜਤਿੰਦਰ ਮੌਹਰ ਨੇ ਬੀਬੀਸੀ ਪੱਤਰਕਾਰ ਰਾਜਵੀਰ ਕੌਰ ਗਿੱਲ ਨਾਲ ਗੱਲ ਕਰਦਿਆਂ ਕਿਹਾ ਕਿ ਪਾਪੇਗੰਡਾ ਫ਼ਿਲਮਾਂ ਦੇ ਵਿਸਥਾਰ ਨੂੰ ਇੱਕ ਬਰਤਾਂਤ ਪੁਖਤਾ ਕਰਨ ਦਾ ਜ਼ਰੀਆ ਹੋ ਸਕਦਾ ਹੈ। ਮੌਹਰ ਮੰਨਦੇ ਹਨ ਕਿ ਦੂਜੇ ਪਾਸੇ ਉਸ ਬਿਰਤਾਂਤ ਨੂੰ ਉਲਟਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਉਹ ਕਹਿੰਦੇ ਹਨ,“ਸਮਾਜ ਵਿੱਚ ਵੱਖ-ਵੱਖ ਧਾਰਨਾਵਾਂ, ਵਿਚਾਰਧਾਰਾਵਾਂ ਨਾਲ ਸਬੰਧ ਰੱਖਣ ਵਾਲੇ ਲੋਕ ਹਨ ਅਤੇ ਇਸੇ ਤਰ੍ਹਾਂ ਫ਼ਿਲਮਕਾਰ ਵੀ ਹਨ। ਪਰ ਲੋਕ ਬਹੁਤ ਸਿਆਣੇ ਹਨ।”
“ਸਾਨੂੰ ਲੋਕਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਹਾਂ-ਪੱਖੀ ਚੀਜ਼ਾਂ ਨੂੰ ਹੀ ਕਬੂਲਦੇ ਹਨ, ਚਾਹੇ ਉਹ ਕਲਾ ਬਾਰੇ ਹੋਵੇ ਜਾਂ ਜ਼ਿੰਦਗੀ ਬਾਰੇ।”
“ਲੋਕ ਬੁਨਿਆਦੀ ਸਹੂਲਤਾਂ ਦੀ ਪੂਰਤੀ ਤੇ ਸਮਾਜਿਕ ਭਾਈਚਾਰੇ ਦੀ ਹਾਮੀ ਭਰਦੇ ਹਨ ਅਤੇ ਇਸੇ ਪੱਖ ਤੋਂ ਹੀ ਉਹ ਚੀਜ਼ਾਂ ਨੂੰ ਸਵਿਕਾਰਦੇ ਹਨ। ਉਨ੍ਹਾਂ ਨੂੰ ਨਫ਼ਰਤ ਤੇ ਮੁਹੱਬਤ ਦੋਵਾਂ ਦੀ ਭਾਸ਼ਾ ਸਮਝ ਆਉਂਦੀ ਹੈ।”
“ਅਰਾਜਕਤਾ ਪਸੰਦ ਲੋਕ ਉਸੇ ਸੁਰ ਦੀਆਂ ਫ਼ਿਲਮਾਂ ਬਣਾਉਂਦੇ ਹਨ ਅਤੇ ਦੂਜੇ ਪਾਸੇ ਮੁਹੱਬਤ ’ਦੇ ਹੱਕ ਵਿੱਚ ਖੜੇ ਕਲਾਕਾਰ ਅਤੇ ਲੋਕ ਵੀ ਹਨ ਜੋ ਉਸ ਰਾਹ ’ਤੇ ਤੁਰਦਿਆਂ , ਸਮਾਜ ਨੂੰ ਸੇਧ ਦੇਣ ਵਾਲੀਆਂ ਸਾਕਾਰਤਮਕ ਫ਼ਿਲਮਾਂ ਬਣਾਉਂਦੇ ਹਨ।”
ਮੌਹਰ ਕਹਿੰਦੇ ਹਨ,“ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ। ਪਾਪੇਗੰਡਾ ਆਉਂਦਾ ਜਾਂਦਾ ਰਹਿੰਦਾ ਹੈ, ਪਰ ਸਮਾਜਿਕਤਾ ਨੂੰ ਨਹੀਂ ਵੰਡ ਸਕਾ। ਲੋਕਾਂ ਨੇ ਇਕੱਠੇ ਹੀ ਰਹਿਣਾ ਹੁੰਦਾ ਹੈ।”












