ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨਾਲ ਸਮਝੌਤਾ ਤੋੜਿਆ, ਇਹ ਸਥਿਤੀ ਕਿਵੇਂ ਬਣ ਗਈ, ਅੱਗੇ ਕੀ ਹੋਵੇਗਾ

ਤਸਵੀਰ ਸਰੋਤ, Getty Images
- ਲੇਖਕ, ਹੋਲੀ ਹੌਂਡਰਿਚ
- ਰੋਲ, ਬੀਬੀਸੀ ਪੱਤਕਾਰ
ਕੈਨੇਡਾ ਦੀ ਖੱਬੇ ਪੱਖੀ ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਨੇ ਜਸਟਿਨ ਟਰੂਡੋ ਦੀ ਲਿਬਰਲਜ਼ ਪਾਰਟੀ ਨਾਲ ਆਪਣੇ ਢਾਈ ਸਾਲ ਪੁਰਾਣੇ ਸਮਝੌਤੇ ਤੋਂ ਹੱਥ ਪਿੱਛੇ ਖਿੱਚ ਲਏ ਹਨ।
ਐੱਨਡੀਪੀ ਦੇ ਸਮਰਥਨ ਨਾਲ ਜਸਟਿਨ ਟਰੂਡੋ ਦੀ ਸਰਕਾਰ ਸੱਤਾ ਵਿੱਚ ਬਣੀ ਰਹਿਣ ’ਚ ਕਾਮਯਾਬ ਹੋਈ ਸੀ।
ਇਸ ਸਬੰਧੀ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ,“ਮੈਂ ਆਪਣੇ ਫੈਸਲੇ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਦਿੱਤੀ ਹੈ।”
ਜਗਮੀਤ ਨੇ ਕਿਹਾ,“ਲਿਬਰਲਜ਼ ਪਾਰਟੀ ਕੈਨੇਡਾ ਦੇ ਨਾਗਰਿਕਾਂ ਦੀ ਲੜਾਈ ਲੜਨ ਲਈ ਬਹੁਤ ਕਮਜ਼ੋਰ ਤੇ ਸਵਾਰਥੀ ਹੈ।”
ਇਸ ਸਮਝੌਤੇ ਨੂੰ ‘ਸਪਲਾਈ ਤੇ ਭਰੋਸਾ’ ਨਾਲ ਜਾਣਿਆਂ ਜਾਂਦਾ ਹੈ। ਐੱਨਡੀਪੀ ਨੇ ਭਰੋਸੇ ਦੀਆਂ ਵੋਟਾਂ ਵਿੱਚ ਘੱਟ ਗਿਣਤੀ ਲਿਬਰਲਜ਼ ਦਾ ਸਮਰਥਨ ਕੀਤਾ ਸੀ।

ਦੋਵਾਂ ਪਾਰਟੀਆਂ 'ਚ ਕੀ ਸਮਝੌਤਾ ਹੋਇਆ ਸੀ
ਇਸ ਐਲਾਨ ਦਾ ਇਹ ਮਤਲਬ ਨਹੀਂ ਹੈ ਕਿ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ ਪਰ ਚੋਣਾਂ ਦੇ ਤੈਅ ਸਮੇਂ ਅਕਤੂਬਰ 2025 ਤੋਂ ਪਹਿਲਾਂ ਇਹ ਚੋਣਾਂ ਹੋ ਸਕਦੀਆਂ ਹਨ।
ਜਗਮੀਤ ਸਿੰਘ ਨੇ ਬੁੱਧਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਪੂਰੇ ਭਰੋਸੇ ਨਾਲ ਅਸੀਂ ਬੇਭਰੋਸਗੀ ਮਤਾ ਲੈ ਕੇ ਆਵਾਂਗੇ।
ਉਨ੍ਹਾਂ ਕਿਹਾ,“ਐੱਨਡੀਪੀ ਚੋਣਾਂ ਲਈ ਤਿਆਰ ਹੈ।”
ਸੰਸਦ ’ਚ ਇੱਕ ਭਰੋਸੇ ਦੀ ਵੋਟ ਗਵਾਉਣ ਨਾਲ ਆਮ ਚੋਣਾਂ ਹੋ ਸਕਦੀਆਂ ਹਨ।
ਜਸਟਿਨ ਟਰੂਡੋ ਤੇ ਜਗਮੀਤ ਸਿੰਘ ਵਿਚਾਲੇ ਮਾਰਚ 2022 ’ਚ ਸਮਝੌਤਾ ਹੋਇਆ ਸੀ ਕਿ ਲਿਬਰਲਜ਼ ਸੰਸਦ ’ਚ ਐੱਨਡੀਪੀ ਦੇ ਪ੍ਰਮੁੱਖ ਮੁੱਦਿਆਂ ’ਤੇ ਪਾਰਟੀ ਦਾ ਸਮਰਥਨ ਕਰੇਗੀ।
ਇਹ ਸਮਝੌਤਾ ਗੱਠਜੋੜ ਤੋਂ ਵੱਖਰਾ ਹੋ ਕੇ ਸੱਤਾ ’ਚ ਪਾਰਟੀਆਂ ਦੀ ਬਰਾਬਰ ਤਾਕਤ ਦਾ ਸੀ।
ਲਿਬਰਲਜ਼ ਪਿਛਲੀਆਂ ਦੋਵੇਂ ਚੋਣਾਂ ’ਚ ਬਹੁਮਤ ਹਾਸਲ ਕਰਨ ’ਚ ਅਸਫਲ ਰਹੀ ਪਰ ਉਸ ਨੇ ਘੱਟ ਗਿਣਤੀ ਦੇ ਤੌਰ ‘ਤੇ ਐੱਨਡੀਪੀ ਵੱਲੋਂ ਭਰੋਸੇ ਦੀਆਂ ਵੋਟਾਂ ’ਚ ਮਿਲੇ ਸਮਰਥਨ ਨਾਲ ਸ਼ਾਸਨ ਚਲਾਇਆ।

ਤਸਵੀਰ ਸਰੋਤ, Getty Images
ਇਸ ਦੇ ਬਦਲੇ ਜਗਮੀਤ ਸਿੰਘ ਦੀ ਪਾਰਟੀ ਨੇ ਮੁੱਖ ਤਰਜੀਹਾਂ ਜਿਵੇਂ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਦੰਦਾਂ ਦੇ ਇਲਾਜ, ਜਨਮ ਨਿਯੰਤਰਨ ਅਤੇ ਟੀਕਾਕਰਨ ਨੂੰ ਕਵਰ ਕਰਨ ਵਾਲੇ ਕੌਮੀ ਫਾਰਮਾਕੇਅਰ ਪ੍ਰੋਗਰਾਮ ਲਾਗੂ ਕਰਵਾਉਣ ’ਚ ਸਫਲਤਾ ਹਾਸਲ ਕੀਤੀ।
ਇਹ ਸੰਘੀ ਪੱਧਰ ’ਤੇ ਦੋ ਪਾਰਟੀਆਂ ’ਚ ਹੋਇਆ ਅਜਿਹਾ ਪਹਿਲਾ ਰਸਮੀ ਸਮਝੌਤਾ ਸੀ।
ਇਸ ਬਸੰਤ ਰੁੱਤ ਤੱਕ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਸਮਝੌਤੇ ਲਈ ਜਨਤਕ ਤੌਰ ’ਤੇ ਵਚਨਬੱਧ ਰਹੇ।
ਐੱਨਡੀਪੀ ਦੀ ਲੀਡਰਸ਼ਿਪ ਨੇ ਪਿਛਲੇ ਮਹੀਨੇ ਸਮਝੌਤੇ ਦਾ ਮੁੜ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਟਰੂਡੋ ਦੀ ਕੈਬਨਿਟ ਨੇ ਕੈਨੇਡਾ ਦੇ ਦੋ ਸਭ ਤੋਂ ਵੱਡੇ ਰੇਲਵੇ ਵੱਲੋਂ ਕੰਮ ਰੁਕਣ ਤੋਂ ਬਾਅਦ ਆਪਣੇ ਉਦਯੋਗਿਕ ਸਬੰਧ ਬੋਰਡ ਨੂੰ ਬਾਈਡਿੰਗ ਆਰਬਿਟਰੇਸ਼ਨ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।
ਜਗਮੀਤ ਸਿੰਘ ਨੇ ਇਸ ਸਮਝੌਤੇ ਨੂੰ ਤੋੜਦੇ ਹੋਏ ਕਿਹਾ,“ਲਿਬਰਲਜ਼ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਉਹ ਕੈਨੇਡਾ ਦੇ ਨਾਗਰਿਕਾਂ ਤੋਂ ਇੱਕ ਹੋਰ ਮੌਕਾ ਲੈਣ ਦੇ ਹੱਕਦਾਰ ਨਹੀਂ ਹਨ।”

ਤਸਵੀਰ ਸਰੋਤ, X/JAGMEET SINGH
ਕੰਜ਼ਰਵੇਟਿਵ ਆਗੂ ਨੇ ਜਗਮੀਤ ਨੂੰ ਕੀ ਅਪੀਲ ਕੀਤੀ ਸੀ ?
ਜਸਟਿਨ ਟਰੂਡੋ ਨੇ ਨਿਊਫਾਊਂਡਲੈਂਡ ‘ਚ ਹੋਏ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਸੰਸਦ ਦਾ ਕੰਮ ਸੰਭਾਲ ਸਕਦੇ ਹਨ ਅਤੇ ਕੈਨੇਡਾ ਦੇ ਨਾਗਰਿਕਾਂ ਲਈ ਕੰਮ ਕਰਨ ‘ਤੇ ਕੇਂਦਰਿਤ ਹੋਣਗੇ।
ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਅਗਾਮੀ ਚੋਣਾਂ ਅਗਲੀ ਪਤਝੜ ਤੱਕ ਨਹੀਂ ਹੋਣਗੀਆਂ ਤੇ ਉਨ੍ਹਾਂ ਦੀ ਸਰਕਾਰ ਨੂੰ ਆਪਣੇ ਏਜੰਡੇ ‘ਤੇ ਅੱਗੇ ਵਧਣ ਦਾ ਸਮਾਂ ਮਿਲੇਗਾ।
ਕੈਨੇਡਾ ਦੇ ਵੋਟਰਾਂ ਨੇ ਹਾਲ ਹੀ ਦੇ ਸਾਲਾਂ ‘ਚ ਵਧਦੀ ਮਹਿੰਗਾਈ ਅਤੇ ਰਿਹਾਇਸ਼ ਦੀ ਸਮਰੱਥਾ ਦੇ ਸੰਕਟ ਵਰਗੇ ਮੁੱਦਿਆਂ ’ਤੇ ਨਿਰਾਸ਼ਾ ਦਿਖਾਈ ਹੈ।
ਚੋਣਾਂ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਲਿਬਰਲ ਮਹੀਨਿਆਂ ਤੋਂ ਹੇਠਾਂ ਚੱਲ ਰਹੇ ਹਨ।
ਕੌਮੀ ਸਰਵੇਖਣ ’ਚ ਇਹ ਸਾਹਮਣੇ ਆਇਆ ਕਿ ਲਿਬਰਲ ਆਪਣੇ ਵਿਰੋਧੀ ਕੰਜ਼ਰਵੇਟਿਵਜ਼ ਤੋਂ 18 ਅੰਕ ਪਿੱਛੇ ਹਨ।
ਕੰਜ਼ਰਵੇਟਿਵ ਦੇ ਆਗੂ ਪਿਏਰੇ ਪੋਲੀਵਰੇ ਨੇ ਅਵਿਸ਼ਵਾਸ ਵੋਟ ਲਈ ਵਚਨਬੱਧ ਨਾ ਹੋਣ ’ਤੇ ਜਗਮੀਤ ਸਿੰਘ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਇੱਕ ‘ਸਟੰਟ’ ਕਰਾਰ ਦਿੱਤਾ।
ਉਨ੍ਹਾਂ ਨੇ ਪਿਛਲੇ ਹਫ਼ਤੇ ਇੱਕ ਪੱਤਰ ਲਿਖ ਕੇ ਜਗਮੀਤ ਸਿੰਘ ਨੂੰ ਲਿਬਰਲਜ਼ ਨਾਲ ਆਪਣਾ ਸਮਝੌਤਾ ਤੋੜਨ ਦੀ ਅਪੀਲ ਕੀਤੀ ਸੀ।
ਜਸਟਿਨ ਟਰੂਡੋ 2015 ਤੋਂ ਸੱਤਾ ਵਿੱਚ ਹਨ। ਲਿਬਰਲਜ਼ ਨੇ 2019 ਤੇ 2021 ਵਿੱਚ ਘੱਟ ਗਿਣਤੀ ਦੇ ਬਾਵਜੂਦ ਦੁਬਾਰਾਂ ਚੋਣਾਂ ਜਿੱਤੀਆਂ ਸਨ।
ਕੌਣ ਹਨ ਜਗਮੀਤ ਸਿੰਘ

ਤਸਵੀਰ ਸਰੋਤ, Getty Images
ਜਗਮੀਤ ਸਿੰਘ ਐੱਨਡੀਪੀ ਦੇ ਮੁਖੀ ਅਤੇ ਕੈਨੇਡਾ ਦੇ ਸੰਸਦ ਮੈਂਬਰ ਹਨ।
ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ, ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।
ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰ 'ਨਿਊ ਡੈਮੋਕਰੇਟਿਕ ਪਾਰਟੀ' ਦੇ ਕੱਦਵਾਰ ਆਗੂ ਹਨ।
ਪਾਰਟੀ ਪ੍ਰਧਾਨਗੀ ਦੀ ਚੋਣ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਰੈਲੀ ਵਿਚ ਪਹੁੰਚ ਕੇ ਉਨ੍ਹਾਂ ਖਿਲਾਫ਼ ਨਸਲੀ ਟਿੱਪਣੀਆਂ ਕਰਨ ਕਰਕੇ ਉਹ ਮੁੜ ਚਰਚਾ ਵਿਚ ਆ ਗਏ ਸਨ।
ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।
ਜਗਮੀਤ ਸਿੰਘ ਅਤੇ ਭਾਰਤ ਦਾ ਰੁਖ਼
ਜਗਮੀਤ ਸਿੰਘ ਨਾਲ ਸਰਕਾਰ ਚਲਾਉਣ ਨੂੰ ਭਾਰਤ ਵੀ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਹੈ।
ਪਿਛਲੇ ਸਮੇਂ ਦੌਰਾਨ ਭਾਰਤ ਤੇ ਕੈਨੇਡਾ ਵਿਚਾਲੇ ਦੂਰੀਆਂ ਆਈਆਂ ਹਨ। ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਟਰੂਡੋ ਨੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੀ ਗੱਲ ਕਹੀ ਸੀ
ਭਾਰਤ ਨੇ ਅਜਿਹੇ ਦੋਸ਼ਾਂ ਨੂੰ ਨਕਾਰਦੇ ਹੋਏ, ਸਬੂਤ ਦੇਣ ਲਈ ਕਿਹਾ ਸੀ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਜਗਮੀਤ ਸਿੰਘ ਅਤੇ ਸਿੱਖ ਵੋਟ ਬੈਂਕ ਨੂੰ ਦੇਖਦੇ ਹੋਏ ਟਰੂਡੋ ਭਾਰਤ ਖ਼ਿਲਾਫ਼ ਇੰਨਾ ਖੁੱਲ੍ਹ ਕੇ ਬੋਲੇ ਸਨ।
ਭਾਰਤੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨੇ ਬੀਤੀਆਂ ਆਮ ਚੋਣਾਂ ’ਚ 24 ਸੀਟਾਂ ਜਿੱਤੀਆਂ ਸੀ ਅਤੇ ਉਹ ਕਿੰਗਮੇਕਰ ਦੀ ਭੂਮਿਕਾ ਵਿੱਚ ਸੀ।
ਜਗਮੀਤ ਸਿੰਘ ਭਾਰਤ ਦੀ ਕਈ ਮੌਕਿਆਂ ’ਤੇ ਆਲੋਚਨਾ ਕਰਦੇ ਰਹੇ ਹਨ।
ਅਪਰੈਲ 2022 ’ਚ ਜਗਮੀਤ ਸਿੰਘ ਨੇ ਕਿਹਾ ਸੀ,“ਭਾਰਤ ’ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੀ ਹਿੰਸਾ ਦੀਆਂ ਤਸਵੀਰਾਂ, ਵੀਡੀਓ ਦੇਖ ਕੇ ਚਿੰਤਤ ਹਾਂ। ਮੋਦੀ ਸਰਕਾਰ ਨੂੰ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਤੋਂ ਰੋਕਣਾ ਚਾਹੀਦਾ। ਮਨੁੱਖੀ ਅਧਿਕਾਰਾਂ ਦੀ ਵਰਤੋਂ ਹੋਣੀ ਚਾਹੀਦੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ















