ਜੈ ਭੀਮ: ਉਸ ਜੱਜ ਦੀ ਕਹਾਣੀ ਜੋ ਅਦਾਲਤ ਵਿੱਚ ਕਹਿੰਦਾ ਸੀ 'ਮੇਰੀ ਅਦਾਲਤ ਵਿੱਚ ਮਾਈ ਲਾਰਡ ਨਾ ਕਿਹਾ ਕਰੋ'

ਤਸਵੀਰ ਸਰੋਤ, @2D_ENTPVTLTD/bbc
- ਲੇਖਕ, ਅਨਘਾ ਪਾਠਕ
- ਰੋਲ, ਬੀਬੀਸੀ ਪੱਤਰਕਾਰ
''ਲੋਕਾਂ ਦੇ ਸਿਰ 'ਤੇ ਛੱਤ ਨਹੀਂ ਹੈ। ਪਤੇ ਦਾ ਕੋਈ ਸਬੂਤ ਨਹੀਂ ਹੈ, ਲਿਹਾਜ਼ਾ ਉਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਇਸ ਲਈ ਉਹ ਵੋਟ ਨਹੀਂ ਪਾ ਸਕਦੇ। ਤੁਹਾਨੂੰ ਉਨ੍ਹਾਂ ਲਈ ਕੁਝ ਕਰਨਾ ਚਾਹੀਦਾ ਹੈ।''
''ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਹੈ? ਸਾਨੂੰ ਕੱਲ ਇਨ੍ਹਾਂ ਦੀਆਂ ਵੋਟਾਂ ਲਈ ਭੀਖ ਮੰਗਣੀ ਹੋਵੇਗੀ। ਸਾਨੂੰ ਬਾਲਗਾਂ ਨੂੰ ਸਿੱਖਿਆ ਦੇਣ ਦਾ ਬੇਕਾਰ ਪ੍ਰੋਗਰਾਮ ਬੰਦ ਕਰਨ ਦੀ ਲੋੜ ਹੈ ਤਾਂ ਕਿ ਇਨ੍ਹਾਂ ਬਕਵਾਸਾਂ ਉੱਪਰ ਰੋਕ ਲੱਗ ਸਕੇ।''
ਇਹ ਦੋਵੇਂ ਸੰਵਾਦ ਪੇਸ਼ੇ ਤੋਂ ਅਧਿਆਪਕ ਪਰ ਆਦੀਵਾਸੀਆਂ ਦੇ ਹੱਕਾਂ ਲਈ ਸਰਗਰਮ ਰਹਿਣ ਵਾਲੇ ਇੱਕ ਵਿਅਕਤੀ ਅਤੇ ਇੱਕ ਸਥਾਨਕ ਆਗੂ ਦੀ ਆਪਸੀ ਗੱਲਬਾਤ ਹਨ।
ਮੈਨੂੰ ਲਗਦਾ ਹੈ ਕਿ ਜੈ ਭੀਮ ਦਾ ਸਾਰ ਇਸੇ ਵਾਰਾਤਲਾਪ ਵਿੱਚ ਲੁਕਿਆ ਹੋਇਆ ਹੈ।
ਇਹ ਫ਼ਿਲਮ ਮੌਜੂਦਾ ਸਿਸਟਮ ਦੇ ਪੀੜਤਾਂ ਦੇ ਦਮਨ ਅਤੇ ਸਿਸਟਮ ਦੇ ਖ਼ਿਲਾਫ਼ ਇੱਕ ਇਨਸਾਨ ਵੱਲੋਂ ਛੇੜੇ ਗਏ ਸੰਘਰਸ਼ ਬਾਰੇ ਹੈ।
ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਸ ਦੀ ਕਹਾਣੀ ਤਿੰਨ ਵਾਕਾਂ ਵਿੱਚ ਨਹੀਂ ਦੱਸੀ ਜਾ ਸਕਦੀ।
ਤਾਮਿਲ ਸੂਪਰ ਸਟਾਰ ਸੂਰਿਆ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਪਰ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਫ਼ਿਲਮ ਬਾਰੇ ਵਿਵਾਦ ਵੀ ਹੈ।
ਫ਼ਿਲਮ ਦੇ ਇੱਕ ਦ੍ਰਿਸ਼ ਉੱਪਰ ਇਤਰਾਜ਼ ਜਤਾਏ ਜਾ ਰਹੇ ਹਨ ਅਤੇ ਉਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਦ੍ਰਿਸ਼ ਵਿੱਚ ਪ੍ਰਕਾਸ਼ ਰਾਜ ਵੱਲੋਂ ਨਿਭਾਇਆ ਗਿਆ ਕਿਰਦਾਰ ਇੱਕ ਹਿੰਦੀ ਭਾਸ਼ੀ ਨੂੰ ਥੱਪੜ ਮਾਰਦਾ ਹੈ।
ਉਹ ਵਿਅਕਤੀ ਪੁੱਛਦਾ ਹੈ,- ਤੂੰ ਮੈਨੂੰ ਕਿਉਂ ਮਾਰਿਆ? '' ਇਸ ਦੇ ਜਵਾਬ ਵਿੱਚ ਪ੍ਰਕਾਸ਼ਰਾਜ ਦਾ ਕਿਰਦਾਰ ਕਹਿੰਦਾ ਹੈ, ''ਤਮਿਲ ਵਿੱਚ ਬੋਲੋ''
ਸੋਸ਼ਲ ਮੀਡੀਆ ਉੱਪਰ ਇਸ ਵਿਵਾਦ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ।
ਹਾਲਾਂਕਿ ਇਸ ਲੇਖ ਵਿੱਚ ਨਾ ਤਾਂ ਇਸ ਫ਼ਿਲਮ ਦੇ ਪਲਾਟ ਉੱਪਰ ਅਤੇ ਨਾ ਹੀ ਉਸ ਤੋਂ ਉਪਜੇ ਤਾਜ਼ਾ ਵਿਵਾਦ ਉੱਪਰ ਚਰਚਾ ਕੀਤੀ ਜਾ ਰਹੀ ਹੈ।
ਜੈ ਭੀਮ ਫ਼ਿਲਮ ਇੱਕ ਸੱਚੀ ਕਹਾਣੀ ਉੱਪਰ ਅਧਾਰਿਤ ਹੈ ਪਰ ਸੱਚ ਕੀ ਸੀ/ ਪੂਰੇ ਸਿਸਟਮ ਨਾਲ ਲੜਨ ਵਾਲਾ ਉਹ ਵਿਅਕਤੀ ਕੌਣ ਸੀ?

ਤਸਵੀਰ ਸਰੋਤ, @2D_ENTPVTLTD
ਉਹ ਸੱਚੀ ਘਟਨਾ ਜਿਸ 'ਤੇ ਬਣੀ ਫ਼ਿਲਮ
ਫ਼ਿਲਮ ਜੈ ਭੀਮ ਤਾਮਿਲਨਾਡੂ ਵਿੱਚ 1993 ਵਿੱਚ ਘਟੀ ਇੱਕ ਘਟਨਾ ਉੱਪਰ ਅਧਾਰਿਤ ਹੈ। ਅਸਲ ਵਿੱਚ ਹੋਇਆ ਕੀ ਸੀ। ਇਹ ਜਾਨਣ ਦੇ ਲਈ ਬੀਬੀਸੀ ਮਰਾਠੀ ਨੇ ਇਸ ਮਾਮਲੇ ਵਿੱਚ 2006 ਵਿੱਚ ਮਦਰਾਸ ਹਾਈ ਕੋਰਟ ਦੇ ਇੱਕ ਫ਼ੈਸਲੇ ਦਾ ਅਧਿਐਨ ਕੀਤਾ ਤਾਂ ਜੋ ਘਟਨਾਕ੍ਰਮ ਨੂੰ ਸਿਲਸਲੇਵਾਰ ਤਰੀਕੇ ਨਾਲ ਸਮਝਿਆ ਜਾ ਸਕੇ।
ਇਹ ਗੱਲ 1993 ਦੀ ਤਮਿਲਨਾਡੂ ਦੇ ਮੁਦਤ੍ਰੀ ਪਿੰਡ ਦੀ ਹੈ। ਉਸ ਪਿੰਡ ਵਿੱਚ ਕੁਰਵਾ ਆਦੀਵਾਸੀ ਭਾਈਚਾਰੇ ਦੇ ਚਾਰ ਪਰਿਵਾਰ ਰਹਿੰਦੇ ਸਨ। ਕੁਰਵਾ ਭਾਈਚਾਰਾ ਪਹਿਲਾਂ ਕਦੇ 'ਜਰਾਇਮ ਪੇਸ਼ਾ ਕਬੀਲਿਆਂ' ਵਿੱਚ ਸ਼ਾਮਲ ਰਿਹਾ ਹੈ।
ਰਾਜਕਤਰੂ ਅਤੇ ਸੇਂਗਈ ਦਾ ਵਿਆਹੁਤਾ ਜੋੜਾ ਉਸੇ ਪਿੰਡ ਵਿੱਚ ਰਹਿੰਦਾ ਸੀ। 20 ਮਾਰਚ ਦੀ ਸਵੇਰ ਕੁਝ ਪੁਲਿਸ ਵਾਲਿਆਂ ਨੇ ਸੇਂਗਈ ਦੇ ਘਰ ਦਾ ਬੂਹਾ ਖੜਕਾਇਆ। ਪੁਲਿਸ ਨੇ ਸੇਂਗਈ ਨੂੰ ਪੁੱਛਿਆ ''ਤੇਰਾ ਪਤੀ ਕਿੱਥੇ ਹੈ?'' ਸੇਂਗਈ ਨੇ ਜਵਾਬ ਦਿੱਤਾ ''ਕੰਮ 'ਤੇ ਗਏ ਹਨ''।
ਇਸ ਤੋਂ ਬਾਅਦ ਪੁਲਿਸ ਨੇ ਕਿਹਾ, ''ਗੁਆਂਢੀ ਪਿੰਡ ਵਿੱਚ ਡੇਢ ਲੱਖ ਦੇ ਗਹਿਣੇ ਚੋਰੀ ਹੋ ਗਏ ਹਨ। ਉਸ ਦੇ ਲਈ ਅਸੀਂ ਤੇਰੇ ਪਤੀ ਨੂੰ ਲੱਭ ਰਹੇ ਹਾਂ।''
ਪੁਲਿਸ ਦੀ ਉਮੀਦ ਦੇ ਮੁਤਾਬਕ, ਸੇਂਗਈ ਦੇ ਜਵਾਬ ਨਾ ਦੇਣ ਕਾਰਨ ਪੁਲਿਸ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਬੱਚਿਆਂ, ਉਨ੍ਹਾਂ ਦੇ ਪਤੀ ਦੇ ਭਰਾ ਅਤੇ ਭੈਣ ਨੂੰ ਵੈਨ ਵਿੱਚ ਬਿਠਾ ਕੇ ਲੈ ਗਏ।
ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਰਾਜਕਤਰੂ ਦਾ ਪਤਾ ਦੱਸ ਦੇਣਗੇ ਤਾਂ ਅਸੀਂ ਤੁਹਾਨੂੰ ਜਾਣ ਦੇਵਾਂਗੇ। ਇਸ ਅਪਰਾਧ ਵਿੱਚ ਇੱਕ ਵਿਅਕਤੀ ਗੋਵਿੰਦਰਾਜ ਦਾ ਨਾਮ ਸ਼ਾਮਲ ਹੋਇਆ ਸੀ। ਪੁਲਿਸ ਨੇ ਉਸੇ ਗੁਆਂਢੀ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਮੁਲਾਜ਼ਮ ਕੱਮਾਪੁਰਮ ਪੁਲਿਸ ਸਟੇਸ਼ਨ 20 ਮਾਰਚ, 1993 ਨੂੰ ਸ਼ਾਮ ਛੇ ਵਜੇ ਪਹੁੰਚੇ ਸਨ। ਸੇਂਗਈ ਨੂੰ ਪੁਲਿਸ ਥਾਣੇ ਦੇ ਬਾਹਰ ਇੱਕ ਸ਼ੇਡ ਵਿੱਚ ਲਿਜਾਇਆ ਗਿਆ। ਬਾਕੀਆਂ ਨੂੰ ਪੁੱਛਗਿੱਛ ਲਈ ਅੰਦਰ ਲਿਜਾਇਆ ਗਿਆ।
ਉਸੇ ਸਮੇਂ ਇੱਕ ਸਥਾਨਕ ਐਸਐਚਓ ਨੇ ਸੇਂਗਈ ਨੂੰ ਡੰਡੇ ਨਾਲ ਕੁੱਟਿਆ। ਉਸ ਨੇ ਸੇਂਗਈ ਨੂੰ ਪਤੀ ਦਾ ਪਤਾ ਦੱਸਣ ਅਤੇ ਗਹਿਣੇ ਮੋੜਨ ਲਈ ਕਿਹਾ।
ਇਹ ਵੀ ਪੜ੍ਹੋ:
ਪੁਲਿਸ ਨੇ ਸੇਂਗਈ ਦੇ ਪੁੱਤਰ ਨੂੰ ਵੀ ਹੱਥ ਪਿੱਛੇ ਬੰਨ੍ਹ ਕੇ ਮਾਰਿਆ ਅਤੇ ਕੁੜੀ ਨੂੰ ਵੀ ਮਾਰਿਆ। ਪੁਲਿਸ ਦਾ ਮੰਨਣਾ ਸੀ ਕਿ ਚੋਰੀ ਰਾਜਕਤਰੂ ਨੇ ਕੀਤੀ ਹੈ ਅਤੇ ਉਨ੍ਹਾਂ ਨੂੰ ਚੋਰੀ ਦਾ ਸਮਾਨ ਤੁਰੰਤ ਵਾਪਸ ਕਰ ਦੇਣਾ ਚਾਹੀਦਾ ਹੈ।
ਸੇਂਗਈ ਉਨ੍ਹਾਂ ਦੇ ਦੋ ਬੱਚਿਆਂ ਅਤੇ ਰਾਜਕਤਰੂ ਦੇ ਭੈਣ-ਭਰਾ ਨੂੰ ਉਹ ਰਾਤ ਥਾਣੇ ਵਿੱਚ ਹੀ ਕੱਟਣੀ ਪਈ।
ਅਗਲੇ ਦਿਨ ਸਬੰਧਤ ਪੁਲਿਸ ਅਫ਼ਸਰ ਇੱਕ ਵਾਰ ਫਿਰ ਬਾਹਰ ਗਏ ਅਤੇ ਸ਼ਾਮ ਚਾਰ ਵਜੇ ਵਾਪਸ ਆਏ। ਇਸ ਵਾਰ ਰਾਜਕਤਰੂ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਸੀ।
ਪੁਲਿਸ ਨੇ ਬਾਅਦ ਵਿੱਚ ਸੇਂਗਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ। ਰਾਮਾਸਵਾਮੀ (ਇਸ ਕੇਸ ਵਿੱਚ ਮੁੱਖ ਪੁਲਿਸ ਅਫ਼ਸਰ, ਜਿਨ੍ਹਾਂ ਨੂੰ ਬਾਅਦ ਵਿੱਚ ਮੁਲਜ਼ਮ ਠਹਿਰਾਇਆ ਗਿਆ।) ਨੇ ਸੇਂਗਈ ਨੂੰ ਅਗਲੇ ਦਿਨ ਮਾਸਾਹਾਰੀ ਖਾਣਾ ਲਿਆਉਣ ਨੂੰ ਕਿਹਾ।
ਅਗਲੇ ਦਿਨ ਤਕਰੀਬਨ ਇੱਕ ਵਜੇ ਸੇਂਗਈ ਖਾਣੇ ਦਾ ਡੱਬਾ ਲੈਕੇ ਇਕੱਲੀ ਹੀ ਥਾਣੇ ਆਈ। ਉਸ ਸਮੇਂ ਉਨ੍ਹਾਂ ਨੇ ਦੇਖਿਆ ਕਿ ਦੇਖਿਆ ਕਿ ਪਤੀ ਖਿੜਕੀ ਨਾਲ ਬੰਨ੍ਹਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਨੰਗਾ ਹੈ। ਪੁਲਿਸ ਨੇ ਉਸ ਨੂੰ ਬਹੁਤ ਕੁੱਟਿਆ ਸੀ
ਸੇਂਗਈ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ? ਪੁਲਿਸ ਨੇ ਉਸ ਨੂੰ ਵੀ ਕੁੱਟਿਆ ਅਤੇ ਧਮਕਾਇਆ ਕਿ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ।

ਤਸਵੀਰ ਸਰੋਤ, @2D_ENTPVTLTD
'ਪੁਲਿਸ ਨੇ ਰਾਜਕਤਰੂ ਨੂੰ ਵਿਹਿਸ਼ੀਆਂ ਵਾਂਗ ਕੁੱਟਿਆ'
ਸੇਂਗਈ ਨੇ ਆਪਣੇ ਪਤੀ ਦਾ ਲਹੂ ਵਹਿੰਦਾ ਦੇਖਇਆ, ਕੁਝ ਦੇਰ ਬਾਅਦ ਸੇਂਗਈ, ਉਸ ਦੇ ਪਤੀ ਦੇ ਭਰਾ ਅਤੇ ਇੱਕ ਹੋਰ ਮੁਲਜ਼ਮ ਗੋਵਿੰਦਰਾਜੂ ਨੂੰ ਇੱਕ ਨਜ਼ਦੀਕੀ ਸ਼ੈਡ ਵਿੱਚ ਲਿਜਾਇਆ ਗਿਆ।
ਪੁਲਿਸ ਉੱਥੇ ਸੇਂਗਈ ਦੇ ਪਤੀ ਨੂੰ ਵੀ ਲੈਕੇ ਆਈ। ਰਾਜਕਤਰੂ ਉਸ ਸਮੇਂ ਬੇਹੋਸ਼ ਅਤੇ ਤੁਰਨ ਤੋਂ ਅਸਮਰੱਥ ਸੀ।
ਸੇਂਗਈ ਸਾਰਿਆਂ ਨੂੰ ਰੋਟੀ ਖੁਆ ਰਹੀ ਸੀ ਪਰ ਰਾਜਕਤਰੂ ਬੇਸੁੱਧ ਪਿਆ ਸੀ। ਪੁਲਿਸ ਵਾਲੇ ਉਸ ਨੂੰ ਠੁਡੇ ਮਾਰਦੇ ਰਹੇ ਕਿ ਉਹ ਡਰਾਮਾ ਕਰ ਰਿਹਾ ਹੈ।
ਕਿਸੇ ਨੇ ਰਾਜਕਤਰੂ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਉਸ ਦੇ ਮੂੰਹ ਵਿੱਚੋਂ ਬਾਹਰ ਆ ਗਿਆ। ਉਸ ਦੇ ਸਾਹ ਜਿਵੇਂ ਰੁਕੇ ਹੋਏ ਸਨ।
ਇਹ ਵੀ ਪੜ੍ਹੋ:
ਸੇਂਗਈ ਨੇ ਉਨ੍ਹਾਂ ਲੋਕਾਂ ਨੂੰ ਪੁੱਛਿਆ, ''ਤੁਸੀਂ ਮੇਰੇ ਪਤੀ ਨੂੰ ਇੰਨੀ ਵਹਿਸ਼ਤ ਨਾਲ ਕਿਉਂ ਮਾਰਿਆ?'' ਪੁਲਿਸ ਨੇ ਉਨ੍ਹਾਂ ਨੂੰ ਧੱਕੇ ਨਾਲ ਬਸ ਵਿੱਚ ਬਿਠਾ ਕੇ ਘਰ ਭੇਜ ਦਿੱਤਾ।
ਸੇਂਗਈ ਦੁਪਹਿਰ ਕਰੀਬ ਤਿੰਨ ਵਜੇ ਥਾਣੇ ਵਿੱਚੋਂ ਨਿਕਲ ਕੇ ਸ਼ਾਮ ਛੇ ਵਜੇ ਆਪਣੇ ਪਿੰਡ ਪਹੁੰਚੀ। ਜਦੋਂ ਉਹ ਪਿੰਡ ਪਹੁੰਚੀ ਤਾਂ ਪਿੰਡ ਵਾਲੇ ਉਸ ਦੀ ਉਡੀਕ ਕਰ ਰਹੇ ਸਨ।
ਇੱਕ ਪਿੰਡ ਵਾਸੀ ਨੇ ਉਨ੍ਹਾਂ ਨੂੰ ਦੱਸਿਆ, ''ਪੁਲਿਸ ਨੇ ਦੱਸਿਆ ਹੈ ਕਿ ਰਾਜਕਤਰੂ ਸਵਾ ਚਾਰ ਵਜੇ ਹਿਰਾਸਤ ਵਿੱਚੋਂ ਭੱਜ ਗਿਆ।''
ਸੇਂਗਈ ਹੈਰਾਨ ਸੀ। ਉਹ ਇਸ ਖ਼ਬਰ ਉੱਪਰ ਕਿਵੇਂ ਯਕੀਨ ਕਰ ਸਕਦੀ ਸੀ? ਤਿੰਨ ਘੰਟੇ ਪਿਹਲਾਂ ਜੋ ਇਨਸਾਨ ਅਚੇਤ ਪਿਆ ਸੀ ਅਤੇ ਖੜ੍ਹੇ ਹੋਣ ਦੀ ਵੀ ਤਾਕਤ ਨਹੀਂ ਸੀ, ਉਹ ਭੱਜ ਕਿਵੇਂ ਸਕਦਾ ਹੈ?
ਅਗਲੇ ਦਿਨ ਯਾਨੀ 22 ਮਾਰਚ, 1993 ਨੂੰ ਮਾਨਸੁਰੂਟੀ ਪੁਲਿਸ ਸਟੇਸ਼ਨ ਦੇ ਇਲਾਕੇ ਵਿੱਚ ਇੱਕ ਲਾਸ਼ ਮਿਲੀ। ਰਿਕਾਰਡ ਨੂੰ ਲਾਵਾਰਿਸ ਦੱਸਿਆ ਸੀ। ਲਾਸ਼ ਉੱਪਰ ਕੁੱਟਮਾਰ ਦੇ ਡੂੰਘੇ ਇਲਾਜ ਸਨ। ਅੱਖ ਅਤੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਲਾਸ਼ ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸਨ।

ਤਸਵੀਰ ਸਰੋਤ, 2D_ENTPVTLTD
ਆਖ਼ਰ ਰਾਜਕਤਰੂ ਗਏ ਕਿੱਥੇ?
ਪੁਲਿਸ ਨੇ ਰਾਜਕਤਰੂ ਦੀ ਭਾਬੀ ਦੇ ਨਾਲ ਛੇੜਛਾੜ ਵੀ ਕੀਤੀ ਸੀ। ਬਾਅਦ ਵਿੱਚ ਅਦਾਲਤ ਵਿੱਚ ਦਿੱਤੇ ਬਿਆਨ ਵਿੱਚ ਦੱਸਿਆ ਗਿਆ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਸਨ।
ਇੱਥੋਂ ਹੀ ਸੇਂਗਈ ਦੀ ਇਨਸਾਫ਼ ਦੀ ਜੰਗ ਸ਼ੁਰੂ ਹੋਈ। ਪੁਲਿਸ ਨੇ ਆਪਣੀ ਹਿਰਾਸਤ ਵਿੱਚ ਉਸ ਦੇ ਪਤੀ ਨੂੰ ਕੁੱਟ-ਕੁੱਟ ਕੇ ਮਾਰ ਸੁੱਟਿਆ ਸੀ।
ਜਦਕਿ ਹੁਣ ਪੁਲਿਸ ਕਹਿ ਰਹੀ ਸੀ ਕਿ ਉਹ ਫਰਾਰ ਹੈ। ਪਤੀ ਦੀ ਤਲਾਸ਼ ਵਿੱਚ ਸੇਂਗਈ ਵੱਡੇ ਅਫ਼ਸਰਾਂ ਕੋਲ ਗਈ ਅਤੇ ਅਦਾਲਕ ਦਾ ਬੂਹਾ ਖੜਕਾਇਆ। ਉਹ ਇਕੱਲੀ ਹੀ ਜੂਝ ਰਹੀ ਸੀ।
ਇੱਕ ਦਿਨ ਉਨ੍ਹਾਂ ਨੂੰ ਮਦਰਾਸ ਦੇ ਇੱਕ ਵਕੀਲ ਬਾਰੇ ਪਤਾ ਲੱਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਵਕੀਲ ਮਨੁੱਖੀ ਹੱਕਾਂ ਦੇ ਮਾਮਲੇ ਵਿੱਚ ਕੋਈ ਫ਼ੀਸ ਨਹੀਂ ਲੈਂਦੇ ਹਨ। ਸੇਂਗਈ ਨੇ ਉਨ੍ਹਾਂ ਤੋਂ ਮਦਦ ਮੰਗੀ।
ਉਹ ਵਿਅਕਤੀ ਸਨ ਜਸਟਿਸ ਚੰਦਰੂ। ਫ਼ਿਲਮ ਜੈ ਭੀਮ ਵਿੱਚ ਸੂਰਿਆ ਦਾ ਕਿਰਦਾਰ ਉਨ੍ਹਾਂ ਉੱਪਰ ਹੀ ਅਧਾਰਿਤ ਹੈ।

ਜਸਟਿਸ ਉਸ ਸਮੇਂ ਵਕਾਲਤ ਕਰਦੇ ਸਨ ਅਤੇ ਉਨ੍ਹਾਂ ਨੇ ਸੇਂਗਈ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਮਦਰਾਸ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ (ਬੰਦੀ ਪੇਸ਼ ਕਰਵਾਉਣ ਲਈ ਪਟੀਸ਼ਨ) ਪਾ ਦਿੱਤੀ। ਇਸ ਦੀ ਵਰਤੋਂ ਪ੍ਰਸ਼ਾਸਨ ਦੀ ਗ੍ਰਿਫ਼ਤ ਵਿੱਚ ਮੌਜੂਦ ਕਿਸੇ ਅਦਾਲਤ ਵਿੱਚ ਪੇਸ਼ ਕਰਨ ਲਈ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਸਰਕਾਰੀ ਅਮਲਾ ਤੁਰੰਤ ਹਰਕਤ ਵਿੱਚ ਆ ਗਿਆ। ਸੇਂਗਈ ਨੂੰ ਲਾਵਾਰਿਸ ਲਾਸ਼ ਦੱਸੀ ਗਈ ਉਸ ਲਾਸ਼ ਦੀਆਂ ਤਸਵੀਰਾਂ ਦਿਖਾਈਆਂ ਗਈਆਂ।
ਸੇਂਗਈ ਨੇ ਸ਼ਨਾਖ਼ਤ ਕੀਤੀ ਕਿ ਉਹ ਉਨ੍ਹਾਂ ਦਾ ਪਤੀ ਹੀ ਸੀ। ਹੁਣ ਇਹ ਸਾਫ਼ ਹੋ ਗਿਆ ਸੀ ਕਿ ਰਾਜਕਤਰੂ ਦੀ ਮੌਤ ਹੋ ਗਈ।
ਮਦਰਾਸ ਹਾਈਕੋਰਟ ਨੇ ਸੇਂਗਈ ਨੂੰ ਮੁਆਵਜ਼ਾ ਦੇਣ ਅਤੇ ਮਾਮਲੇ ਦੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ।
ਹਾਲਾਂਕਿ ਇਸ ਸਮੇਂ ਸਾਬਤ ਨਹੀਂ ਹੋ ਸਕਿਆ ਕਿ ਰਾਜਕਤਰੂ ਦੀ ਮੌਤ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕਾਰਨ ਹੀ ਹੋਈ ਸੀ।
ਇਹ ਮਾਮਲਾ ਉਸ ਤੋਂ ਬਾਅਦ ਸੈਸ਼ਨ ਕੋਰਟ ਵਿੱਚ ਗਿਆ। ਉੱਥੇ ਕੁੱਟਮਾਰ, ਛੇੜਛਾੜ ਅਤੇ ਤਸ਼ਦੱਦ ਦੇ ਇਲਜ਼ਾਮਾ ਦਾ ਸਾਹਮਣਾ ਕਰ ਰਹੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।
ਇਸ ਤੋਂ ਬਾਅਦ ਇਹ ਮਾਮਲਾ ਸੂਬੇ ਵਿੱਚ ਸੁਰਖੀਆਂ ਵਿੱਚ ਆ ਗਿਆ। ਉਸ ਸਮੇ ਜਦੋਂ ਜਾਂਚ ਕਮੇਟੀ ਬਣਾਈ ਗਈ ਅਤੇ ਸੈਸ਼ਨ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਤਮਿਲਨਾਡੂ ਸਰਕਾਰ ਨੇ ਮਦਰਾਸ ਹਾਈਕੋਰਟ ਵਿੱਚ ਅਪੀਲ ਕੀਤੀ।
ਉਸ ਤੋਂ ਬਾਅਦ, 2006 ਵਿੱਚ ਮਦਰਾਸ ਹਾਈ ਕੋਰਟ ਨੇ ਰਾਜਕਤਰੂ ਦੀ ਮੌਤ ਦੀ ਜਾਂਚ ਲਈ ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਕਰਾਰ ਦਿੱਤਾ।
ਇਹ ਵੀ ਸਾਬਤ ਹੋਇਆ ਕਿ ਪੁਲਿਸ ਡਾਇਰੀ ਵਿੱਚ ਦਰਜ ਰਿਪੋਰਟ ਬਦਲ ਦਿੱਤੀ ਗਈ ਸੀ ਅਤੇ ਪੁਲਿਸ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ।
ਉਸ ਘਟਨਾ ਦੇ 13 ਸਾਲ ਬਾਅਦ ਹੁਣ ਪੁਲਿਸ ਕਰਮੀਆਂ ਨੂੰ ਤਾਉਮਰ ਕੈਦ ਦੀ ਸਜ਼ਾ ਮਿਲੀ। ਉੱਥੇ ਇੱਕ ਡਾਕਟਰ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ।
ਇਸ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਕੇਂਦਰ ਵਿੱਚ ਜਸਟਿਸ ਚੰਦਰੂ ਸਨ। ਉਨ੍ਹਾਂ ਨੇ ਕੇਰਲ ਦੇ ਕੁਝ ਗਵਾਹਾਂ ਨੂੰ ਕਿਤੋਂ ਕੱਢ ਲਿਆ। ਉਨ੍ਹਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਪੁਲਿਸ ਝੂਠ ਬੋਲ ਰਹੀ ਹੈ। ਉਨ੍ਹਾਂ ਨੇ ਨਾ ਸਿਰਫ਼ ਇੱਕ ਵਕੀਲ ਦਾ ਕੰਮ ਕੀਤਾ ਸਗੋਂ ਜਾਂਚ ਏਜੰਸੀਆਂ ਦਾ ਵੀ ਕੰਮ ਕੀਤਾ।

ਸੂਰਿਆ ਨੇ ਜਸਟਿਸ ਚੰਦਰੂ ਦਾ ਕਿਰਦਾਰ ਨਿਭਾਇਆ, ਉਹ ਕੌਣ ਹਨ?
ਚੰਦਰੂ ਨੂੰ ਬਾਅਦ ਵਿੱਚ ਜੱਜ ਬਣਾਇਆ ਗਿਆ। ਉਹ ਮਦਰਾਸ ਹਾਈਕੋਰਟ ਦੇ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਏ।
ਅਸਲ ਵਿੱਚ ਪਹਿਲੇ ਉਨ੍ਹਾਂ ਨੂੰ ਵਕਾਲਤ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਉਹ ਇੱਕ ਹਾਦਸੇ ਵਜੋਂ ਵਕਾਲਤ ਵਿੱਚ ਆ ਗਏ। ਆਪਣੇ ਕਾਲਜ ਵਿੱਚ ਉਹ ਵਾਮਪੰਥੀ ਅੰਦੋਲਨ ਨਾਲ ਜੁੜੇ ਹੋਏ ਸਨ।
ਉਸ ਦੌਰਾਨ ਉਨ੍ਹਾਂ ਨੇ ਪੂਰੇ ਤਮਿਲਨਾਡੂ ਦੀ ਯਾਤਰਾ ਕੀਤੀ ਅਤੇ ਵੱਖ-ਵੱਖ ਲੋਕਾਂ ਨਾਲ ਰਹੇ।
ਉਸ ਤੋਂ ਬਾਅਦ ਉਨ੍ਹਾਂ ਨੇ ਇਸ ਲਈ ਕਾਨੂੰਨ ਦੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਇਸ ਨਾਲ ਕਾਲਜ ਦੀ ਸਰਗਰਮੀ ਵਿੱਚ ਮਦਦ ਮਿਲੇਗੀ।
ਉਹ ਕਹਿੰਦੇ ਹਨ, ''ਜਦੋਂ ਮੈਂ ਕਾਲਜ ਵਿੱਚ ਸੀ, ਉਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਸੀ। ਮੈਂ ਦੇਖਿਆ ਕਿ ਕਈਆਂ ਨੂੰ ਉਨ੍ਹਾਂ ਦੇ ਮੂਲ ਹੱਕਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਪੂਰੇ ਸਮੇਂ ਲਈ ਵਕੀਲ ਬਣਨ ਦਾ ਐਲਾਨ ਕੀਤਾ।''

ਤਸਵੀਰ ਸਰੋਤ, Getty Images
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ, ''ਗ਼ਰੀਬਾਂ ਅਤੇ ਦਲਿਤਾਂ ਲਈ ਕਾਨੂੰਨੀ ਲੜਾਈ ਲੜਨਾ ਬਹੁਤ ਮੁਸ਼ਕਲ ਹੈ। ਕਈ ਲੋਕ ਪੁੱਛਦੇ ਹਨ ਕਿ ਤੁਹਾਡੇ ਇਹ ਗ਼ਰੀਬ ਮੁਵੱਕਿਲ ਪੇਚੀਦਾ ਕਾਨੂੰਨੀ ਪ੍ਰਣਾਲੀ ਦਾ ਕਦੋਂ ਤੱਕ ਸਾਹਮਣਾ ਕਰ ਸਕਣਗੇ। ਉਸ ਬਾਰੇ ਮੈਂ ਕਹਿੰਦਾ ਹਾਂ ਕਿ ਉਦੋਂ ਤੱਕ, ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਜਾਂਦਾ।''
ਜਸਟਿਸ ਚੰਦਰੂ ਨੂੰ 2006 ਵਿੱਚ ਮਦਰਾਸ ਹਾਈ ਕੋਰਟ ਦਾ ਅਡੀਸ਼ਨਲ ਜੱਜ ਬਣਾਇਆ ਗਿਆ। ਉਸ ਤੋਂ ਬਾਅਦ 2009 ਵਿੱਚ ਸਥਾਈ ਜੱਜ ਬਣਾ ਦਿੱਤਾ ਗਿਆ।
ਜੱਜ ਦੇ ਕਰੀਅਰ ਵਜੋਂ, ਉਨ੍ਹਾਂ ਨੇ ਕਰੀਬ 96 ਹਜ਼ਾਰ ਕੇਸਾਂ ਦੀ ਸੁਣਵਾਈ ਕੀਤੀ। ਇਹ ਇੱਕ ਰਿਕਾਰਡ ਹੈ।
ਆਮ ਤੌਰ 'ਤੇ ਕੋਈ ਵੀ ਜੱਜ ਆਪਣੇ ਕਰੀਅਰ ਦੌਰਾਨ ਔਸਤ 10 ਤੋਂ 20 ਹਜ਼ਾਰ ਮਾਮਲਿਆਂ ਦੀ ਹੀ ਸੁਣਵਾਈ ਕਰ ਪਾਉਂਦੇ ਹਨ।
ਉਨ੍ਹਾਂ ਦੇ ਇੱਕ ਫ਼ੈਸਲੇ ਕਾਰਨ ਹੀ ਮਿੱਡ ਡੇ ਮੀਲ ਬਣਾਉਣ ਵਾਲੀਆਂ 25 ਹਜ਼ਾਰ ਔਰਤਾਂ ਨੂੰ ਆਮਦਨੀ ਦਾ ਪੱਕਾ ਵਸੀਲਾ ਮਿਲ ਸਕਿਆ।
ਉਨ੍ਹਾਂ ਨੇ ਆਪਣੀ ਕਾਰ ਉੱਪਰੋਂ ਲਾਲ ਬੱਤੀ ਲਹਾ ਦਿੱਤੀ ਸੀ। ਉਹ ਆਪਣੀ ਸੁਰੱਖਿਆ ਦੇ ਲਈ ਗਾਰਡ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਹ ਇੱਕ ਕਦਮ ਹੋਰ ਅੱਗੇ ਗਏ ਅਤੇ ਲੋਕਾਂ ਨੂੰ ਜ਼ੋਰ ਦੇ ਕੇ ਕਹਿੰਦੇ ਸਨ ਕਿ ਉਨ੍ਹਾਂ ਦੀ ਅਦਾਲਤ ਵਿੱਚ 'ਮਾਈ ਲਾਰਡ' ਨਾ ਕਿਹਾ ਜਾਵੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













