ਦੁਨੀਆਂ ਤੋਂ ਵੱਖ ਹੋ ਕਲਪਨਾ 'ਚ ਰਹਿਣ ਵਾਲਾ ਜੋੜਾ, ਜਿਸ ਨੇ ਸਾਲਾਂ ਤੱਕ ਪੁੱਤ ਨੂੰ ਆਪਣੇ ਹੀ ਘਰ ਦੇ ਬਗੀਚੇ 'ਚ ਦੱਬੀ ਰੱਖਿਆ

ਤਸਵੀਰ ਸਰੋਤ, West Midlands Police
- ਲੇਖਕ, ਕੈਟੀ ਥੋਮਸਨ ਅਤੇ ਐਨੀ ਡੇਲਾਨੀ
- ਰੋਲ, ਬੀਬੀਸੀ ਨਿਊਜ਼
ਬਰਮਿੰਘਮ ਵਿੱਚ ਇੱਕ ਘਰ ਦੇ ਪਿਛਲੇ ਬਗੀਚੇ 'ਚ ਤਿੰਨ ਸਾਲਾ ਬੱਚੇ ਅਬੀਆ ਯਸ਼ਰਾਹਯਾਲਾਹ ਦੀ ਲਾਸ਼ ਦੋ ਸਾਲਾਂ ਤੱਕ ਜ਼ਮੀਨ ਵਿੱਚ ਦਫ਼ਨਾਈ ਹੋਈ ਸੀ।
ਇਹ ਛੋਟਾ ਬੱਚਾ ਉਸ ਦੇ ਹੀ ਮਾਪਿਆਂ ਵੱਲੋਂ ਦਫ਼ਨਾਇਆ ਗਿਆ ਸੀ। ਜਿਨ੍ਹਾਂ ਦਾ ਇਹ ਮੰਨਣਾ ਸੀ ਕਿ ਜੇ ਉਹ ਲਾਸ਼ ਨੂੰ ਦਫਨਾਉਂਦੇ ਸਮੇਂ ਰਸਮ ਦੀ ਪਾਲਣਾ ਕਰਨਗੇ ਤਾਂ ਉਨ੍ਹਾਂ ਦੇ ਬੱਚੇ ਦਾ ਪੁਨਰਜਨਮ ਹੋਵੇਗਾ।
ਤਾਈ ਅਤੇ ਨਈਆਹਮੀ ਯਸ਼ਰਾਹਯਾਲਾਹ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਰਸਮ ਨਿਭਾਉਂਦੇ ਸਮੇਂ ਉਹ ਆਪਣੇ ਪੁੱਤਰ ਦੀ ਆਤਮਾ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ।
ਅਬੀਆ ਦੀ 2020 ਵਿੱਚ ਸਾਹ ਪ੍ਰਣਾਲੀ ਵਿੱਚ ਲਾਗ ਲੱਗਣ ਕਾਰਨ ਮੌਤ ਹੋ ਗਈ ਸੀ।

ਬੱਚਾ ਬੁਰੀ ਤਰ੍ਹਾਂ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕਾ ਸੀ ਅਤੇ ਉਹ ਹੋਰ ਵੀ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
ਪੁਲਿਸ ਨੇ ਜਦੋਂ 2022 ਵਿੱਚ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਤਾਂ ਉਸ ਵੇਲੇ ਮਾਪਿਆਂ ਦੀ ਇਸ ਹਰਕਤ ਦਾ ਪਤਾ ਲੱਗਾ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਕਿੰਨੇ ਲਾਪਰਵਾਹ ਸਨ।
ਇਸ ਜੋੜੇ ਨੇ ਆਪਣੀ ਵੱਖਰੀ ਹੀ ਦੁਨੀਆਂ ਬਣਾ ਲਈ ਸੀ ਅਤੇ ਉਹ ਵੱਖਰੇ ਤਰੀਕੇ ਨਾਲ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਹੀ ਹਿਸਾਬ ਨਾਲ ਆਪਣੇ ਫਿਰਕੇ ਦੇ ਨਿਯਮ ਬਣਾ ਲਏ, ਜਿਸ ਵਿੱਚ ਨਵੇਂ ਯੁੱਗ ਦੇ ਰਹੱਸਵਾਦ ਅਤੇ ਪੱਛਮੀ ਅਫਰੀਕਾ ਦੇ ਧਰਮ ਤੋਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ।
ਉਨ੍ਹਾਂ ਨੇ ਸਖਤ ਸ਼ਾਕਾਹਾਰ ਦਾ ਅਭਿਆਸ ਕੀਤਾ ਅਤੇ ਦੁਨੀਆਂ ਤੋਂ ਦੂਰੀ ਬਣਾਈ, ਪੱਛਮੀ ਇਲਾਜ ਤੋਂ ਵੀ ਮੂੰਹ ਮੋੜ ਲਿਆ।
ਪੁਲਿਸ ਨੇ 2022 ਵਿੱਚ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ

ਤਸਵੀਰ ਸਰੋਤ, West Midlands Police
ਤਾਈ ਯਸ਼ਰਾਹਯਾਲਾਹ ਨੇ ਆਪਣੇ ਆਪ ਨੂੰ ਇੱਕ ਕਾਲਪਨਿਕ ਦੇਸ਼ ਦਾ ਮੁਖੀਆ ਬਣਾ ਲਿਆ ਅਤੇ ਜੋੜੇ ਨੇ ਉਸ ਦੇਸ਼ ਦੇ ਪਾਸਪੋਰਟ ਵੀ ਬਣਾ ਲਏ ਸਨ।
ਪਰ ਇੱਕ ਅਪਰਾਧਿਕ ਮਾਮਲੇ ਵਿੱਚ ਸੁਣਵਾਈ ਦੌਰਾਨ ਜੁਰੀ ਨੇ ਸੁਣਿਆ ਕਿ ਦੋਵੇਂ ਮਾਪਿਆਂ ਨੇ ਅਬੀਆ ਦੀ ਦੇਖ-ਭਾਲ ਨਾਲੋਂ ਹੋਰ ਗੱਲਾਂ ਨੂੰ ਤਰਜੀਹ ਦਿੱਤੀ, ਜਿਸ ਦੇ ਬਾਅਦ ਵਿੱਚ ਤਬਾਹਕੁਨ ਨਤੀਜੇ ਸਾਹਮਣੇ ਆਏ।
ਇੱਕ ਜਾਸੂਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜੋੜੇ ਨੂੰ ਉਨ੍ਹਾਂ ਦਾ ਵਿਸ਼ਵਾਸ ਇਸ ਹੱਦ ਤੱਕ ਲੈ ਗਿਆ ਕਿ ਉਹ ਇਸ ਵਿੱਚ ਧੱਸਦੇ ਹੀ ਚਲੇ ਗਏ।
ਟੈਸਟ ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ ਅਬੀਆ ਦੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਸੀ, ਉਸ ਨੂੰ ਅਨੀਮੀਆ ਸੀ ਅਤੇ ਹੱਡੀਆਂ ਵਿੱਚ ਵਿਗਾੜ ਆ ਚੁੱਕਾ ਸੀ। ਉਹ ਬੱਚਾ ਦੰਦਾਂ ਦੇ ਗੰਭੀਰ ਸੜਨ ਸਣੇ ਕਈ ਬਿਮਾਰੀਆਂ ਤੋਂ ਪੀੜਤ ਸੀ।
ਹਾਲਾਂਕਿ ਮੌਤ ਦਾ ਕੋਈ ਪੁਖ਼ਤਾ ਕਾਰਨ ਨਹੀਂ ਪਤਾ ਚੱਲ ਸਕਿਆ ਪਰ ਅਦਾਲਤ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਮੌਤ ਭੁੱਖਮਰੀ ਕਾਰਨ ਹੋਈ ਸੀ।
ਜੋੜੇ ਨੇ ਅਬੀਆ ਦੀ ਮੌਤ ਦਾ ਕਾਰਨ ਬਣਨ ਤੋਂ ਇਨਕਾਰ ਕੀਤਾ ਹੈ। ਕੋਵੈਂਟਰੀ ਕਰਾਊਨ ਕੋਰਟ ਵਿੱਚ ਸੱਤ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਵਾਰ-ਵਾਰ ਅਬੀਆ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਪਰ ਜਦੋਂ ਉਨ੍ਹਾਂ ਨੇ ਚੁਣੌਤੀ ਦਿੱਤੀ ਤਾਂ ਬੱਚੇ ਦੇ ਮਾਪੇ ਗੁੱਸੇ ਵਿੱਚ ਆ ਗਏ।
ਜੋੜੇ ਨੇ ਘਰ ਬਾਹਰ ਇੱਕ ਵੱਡਾ ਬੋਰਡ ਲਗਾਇਆ ਸੀ

ਤਸਵੀਰ ਸਰੋਤ, West Midlands Police
ਹੈਂਡਸਵਰਥ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਵੱਡਾ ਬੋਰਡ ਲੱਗਿਆ ਹੋਇਆ, ਜਿਸ ਉਪਰ ਲਿਖਿਆ ਸੀ, "ਅੰਦਰ ਆਉਣ ਮਨ੍ਹਾ ਹੈ, ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਆਉਣ 'ਤੇ ਮਨਾਹੀ ਹੈ।"
ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਹੈ ਅਤੇ ਖੁਦ ਨੂੰ ਰਾਜ ਦੇ ਨਾਲ "ਠੇਕੇ" 'ਤੇ ਰੱਖਿਆ ਹੋਇਆ ਨਹੀਂ ਸਮਝਿਆ। ਦੂਜਿਆਂ ਸ਼ਬਦਿਆਂ ਵਿੱਚ ਕਹੀਏ ਤਾਂ ਆਪਣੇ ਆਪ ਨੂੰ ਸਭ ਤੋਂ ਵੱਖਰਾ ਕਰ ਲਿਆ।
ਮੈਡੀਕਲ ਜੈਨੇਟਿਕਸ ਦੇ ਸਾਬਕਾ ਵਿਦਿਆਰਥੀ ਤਾਈ ਯਸ਼ਰਾਹਯਾਲਾਹ ਨੇ ਕਿੱਤਾ ਛੱਡਣ ਤੋਂ ਪਹਿਲਾਂ ਆਪਣੇ ਖੁਦ ਦੇ ਕਾਨੂੰਨਾਂ ਦੀ ਕਾਢ ਕੱਢੀ ਅਤੇ ਆਪਣਾ ਰਾਜ ਸਥਾਪਤ ਕਰਨ ਦਾ ਦਾਅਵਾ ਕੀਤਾ।
ਇਸ ਜੋੜੇ ਨੇ ਆਪਣੇ ਆਪ ਨੂੰ "ਯਸ਼ਾਰਾਹਯਾਲਾਹ ਦੇ ਰਾਜ ਦੀ ਪ੍ਰਭੂਸੱਤਾ ਅਤੇ ਸਥਾਨਕ ਮੈਂਬਰ" ਵਜੋਂ ਪੇਸ਼ ਕੀਤਾ।
ਇਨ੍ਹਾਂ ਦੀ ਕੌਮ ਦਾ ਕੋਈ ਹੋਰ ਪੈਰੋਕਾਰ ਨਹੀਂ ਸੀ। ਇਹ ਸਿਰਫ਼ ਪਤੀ-ਪਤਨੀ ਹੀ ਸਨ। ਪੁਲਿਸ ਅਨੁਸਾਰ ਪਤਨੀ ਆਪਣੇ ਪਤੀ ਦੀ ਵਿਚਾਰਧਾਰਾ ਦੀ ਭਗਤ ਸੀ।
ਜਦੋਂ 2021 ਵਿੱਚ ਪੁਲਿਸ ਅਧਿਕਾਰੀ ਅਬੀਆ ਦੇ ਦੇਖਭਾਲ ਸਬੰਧੀ ਜਾਂਚ ਲਈ ਉਨ੍ਹਾਂ ਦੇ ਘਰ ਗਏ ਤਾਂ 42 ਸਾਲਾ ਤਈ ਯਸ਼ਰਾਹਯਾਲਾਹ ਨੇ ਉਨ੍ਹਾਂ 'ਤੇ ਚੀਕ ਕੇ ਕਿਹਾ, "ਮੇਰੇ ਖੇਤਰ ਵਿੱਚ ਤੁਹਾਡਾ ਕੋਈ ਅਧਿਕਾਰ ਨਹੀਂ ਹੈ, ਮੈਨੂੰ ਤੁਹਾਡੇ ਨਾਲ ਜੁੜਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਆਪਣੀ ਪ੍ਰਭੂਸੱਤਾ ਵਿੱਚ ਹਾਂ।"

ਤਸਵੀਰ ਸਰੋਤ, West Midlands Police
ਜਦੋਂ ਉਹ ਪੁਲਿਸ ਸਾਹਮਣੇ ਇਹ ਸਭ ਬੋਲ ਰਿਹਾ ਸੀ, ਉਸ ਸਮੇਂ ਅਬੀਆ ਮਰ ਚੁੱਕਾ ਸੀ ਅਤੇ ਪੁਲਿਸ ਉਸ ਦੀ ਲਾਸ਼ ਦੀ ਭਾਲ ਕੀਤੇ ਬਿਨਾਂ ਹੀ ਵਾਪਸ ਪਰਤ ਗਈ ਸੀ।
ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਉਦੋਂ ਤੋਂ ਮੰਦਭਾਗੇ ਹਾਲਾਤਾਂ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦਖ਼ਲ ਦੇਣ ਦੇ ਮੌਕੇ ਖੁੰਝ ਗਏ ਹਨ।
ਵੈਸਟ ਮਿਡਲੈਂਡਜ਼ ਪੁਲਿਸ ਨੇ ਉਦੋਂ ਤੋਂ ਕਿਹਾ ਹੈ ਕਿ "ਹਾਲਾਤਾਂ ਦਾ ਇੱਕ ਮੰਦਭਾਗਾ ਸਮੂਹ" ਸਾਹਮਣੇ ਆਇਆ, ਜਿਸ ਵਿੱਚ ਦਖ਼ਲ ਦੇਣ ਦੇ ਮੌਕੇ ਖੁੰਝ ਗਏ ਹਨ। ਅਧਿਕਾਰੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਅਬੀਆ ਕਾਨੂੰਨੀ ਤੌਰ 'ਤੇ ਘਰੋਂ ਗੈਰਹਾਜ਼ਰ ਸੀ।"
ਇਸ ਕੇਸ ਵਿੱਚ ਪੁਲਿਸ ਅਤੇ ਹੋਰ ਏਜੰਸੀਆਂ ਦੀ ਸ਼ਮੂਲੀਅਤ ਨੂੰ ਦੇਖਣ ਲਈ ਬਾਲ ਸੁਰੱਖਿਆ ਅਭਿਆਸ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਫੋਰਸ ਦੇ ਡਿਟੈਕਟਿਵ ਇੰਸਪੈਕਟਰ ਨੇ ਕਿਹਾ, "ਅਦਾਲਤ ਵਿੱਚ ਅਸੀਂ ਜੋ ਮੈਡੀਕਲ ਸਬੂਤ ਸੁਣੇ ਹਨ, ਉਨ੍ਹਾਂ ਦੇ ਬਾਰੇ ਸੋਚ ਕੇ ਵਿਸ਼ਵਾਸ ਨਹੀਂ ਹੁੰਦਾ ਕਿ ਅਬੀਆ ਨੂੰ ਕਿੰਨਾ ਦਰਦ ਹੋਇਆ ਹੋਵੇਗਾ ਅਤੇ ਮੇਰਾ ਦਿਲ ਅਬੀਆ ਬਾਰੇ ਸੋਚ ਕੇ ਦੁਖੀ ਹੁੰਦਾ ਹੈ ਕਿ ਉਸ ਨੂੰ ਬਚਾਉਣ ਦੇ ਮੌਕੇ ਸਨ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।"
ਜੋੜਾ ਇੱਕ ਬੱਸ ਵਾਲੀ ਰਿਹਾਇਸ਼ ਵਿੱਚ ਰਹਿਣ ਲੱਗਾ

ਤਸਵੀਰ ਸਰੋਤ, West Midlands Police
ਦਸੰਬਰ 2022 ਵਿੱਚ ਜਦੋਂ ਉਕਤ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਸਮੇਂ ਆਬੀਆ ਨੂੰ ਮਰੇ ਨੂੰ ਦੋ ਸਾਲ ਹੋ ਚੁੱਕੇ ਸਨ।
ਇਹ ਜੋੜਾ ਸਮਰਸੇਟ ਚਲਾ ਗਿਆ ਸੀ ਅਤੇ ਉਥੇ ਇੱਕ ਬੱਸ ਵਿੱਚ ਬਣੀ ਰਿਹਾਇਸ਼ 'ਚ ਇੱਕ ਹੋਰ ਬੱਚੇ ਨਾਲ ਰਹਿ ਰਹੇ ਸੀ। ਉਸ ਦੇ ਅੰਦਰ ਹਾਲਾਤ ਬਹੁਤ ਖ਼ਰਾਬ ਸਨ। ਉਹ ਘਰ ਠੰਢਾ, ਗੰਦਾ ਤੇ ਤੰਗ ਸੀ ਅਤੇ ਉਥੋਂ ਪਿਸ਼ਾਬ ਦੀ ਬੁਦਬੂ ਆਉਂਦੀ ਸੀ। ਕੋਈ ਪਖਾਨਾ ਨਹੀਂ ਸੀ, ਉਹ ਇਸ ਦੀ ਬਜਾਏ ਬਾਲਟੀਆਂ ਦੀ ਵਰਤੋਂ ਕਰਦੇ ਸਨ।
ਇਹ ਅਬੀਆ ਦੀ ਅਸਥਾਈ ਕਬਰ ਤੋਂ 100 ਮੀਲ ਦੂਰ ਸੀ। ਉੱਥੇ ਇੱਕ ਸਮਾਜ ਸੇਵੀ ਨੂੰ ਮਹਿਸੂਸ ਹੋਣ ਲੱਗਿਆ ਕਿ ਇਸ ਜੋੜੇ ਨਾਲ ਅਤੀਤ ਵਿੱਚ ਕੁਝ ਵੱਡਾ ਹੋਇਆ ਹੈ।
ਤਿੰਨ ਦਿਨਾਂ ਦੇ ਦੌਰਾਨ ਹੋਏ ਆਦਾਨ-ਪ੍ਰਦਾਨ ਵਿੱਚ ਅਬੀਆ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਗਿਆ।

ਤਸਵੀਰ ਸਰੋਤ, West Midlands Police
ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਸਮਾਜ ਸੇਵੀ ਨੇ ਜੋੜੇ ਦੇ ਸੋਸ਼ਲ ਮੀਡੀਆ ਅਕਾਊਂਟਸ ਬਾਰੇ ਘੋਖ ਕੀਤੀ।
ਉਸ ਨੂੰ 2016 ਦੀ ਇੱਕ ਵੀਡੀਓ ਲੱਭੀ, ਜਿਸ ਵਿੱਚ ਤਾਈ ਯਸ਼ਰਾਹਯਾਲਾਹ ਨੂੰ ਅਬੀਆ ਨਾਮਕ ਬੱਚੇ ਦਾ ਜ਼ਿਕਰ ਕਰਦੇ ਹੋਏ ਸੁਣਿਆ ਜਾ ਸਕਦਾ ਹੈ।
43 ਸਾਲਾ ਨਈਆਹਮੀ ਯਸ਼ਰਾਹਯਾਲਾਹ ਨੂੰ ਅਕਤੂਬਰ ਅਤੇ ਦਸੰਬਰ 2018 ਦੀਆਂ ਤਸਵੀਰਾਂ ਅਤੇ ਵੀਡੀਓ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਉਕਤ ਸਮਾਜ ਸੇਵੀ ਨੇ ਅਗਲੇ ਦਿਨ 8 ਦਸੰਬਰ 2022 ਨੂੰ ਤਾਈ ਯਸ਼ਰਾਹਯਾਲਾਹ ਨਾਲ ਗੱਲ ਕੀਤੀ ਅਤੇ ਉਸ ਨੂੰ ਉਨ੍ਹਾਂ ਪੋਸਟਾਂ ਬਾਰੇ ਪੁੱਛਿਆ, ਜਿਸ ਵਿੱਚ ਇੱਕ ਛੋਟੇ ਬੱਚੇ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਸਨ, ਜਿਨ੍ਹਾਂ ਨਾਲ ਲਿਖਿਆ ਸੀ, "ਜਿਵੇਂ ਦਾ ਪਿਤਾ, ਉਵੇਂ ਦਾ ਪੁੱਤ"।
ਬੱਸ ਵਾਲੀ ਰਿਹਾਇਸ਼ ਵਿੱਚ ਰਹਿੰਦਿਆਂ ਜੋੜਾ ਬਹੁਤ ਕਮਜ਼ੋਰ ਹੋ ਗਿਆ ਸੀ

ਤਸਵੀਰ ਸਰੋਤ, West Midlands Police
ਇਸ ਦੌਰਾਨ ਉਸ ਨੇ ਕਿਹਾ ਕਿ ਬੱਸ ਵਾਲੀ ਰਿਹਾਇਸ਼ ਵਿੱਚ ਉਨ੍ਹਾਂ ਨਾਲ ਰਹਿ ਰਿਹਾ ਬੱਚਾ ਅਬੀਆ ਦਾ ਪੁਨਰ ਜਨਮ ਸੀ ਅਤੇ ਅਬੀਆ "ਸਰੀਰਕ ਅਰਥਾਂ ਵਿੱਚ" ਮਰ ਚੁੱਕਿਆ ਸੀ।
ਇਨ੍ਹਾਂ ਸ਼ਬਦਾਂ ਕਾਰਨ ਹੀ ਜੋੜੇ ਦੀ ਗ੍ਰਿਫ਼ਤਾਰੀ ਦਾ ਰਾਹ ਖੁੱਲ੍ਹਿਆ ਅਤੇ ਜਲਦ ਹੀ ਅਬੀਆ ਦੀ ਲਾਸ਼ ਬਰਮਿੰਘਮ ਵਿੱਚ ਲੱਭੀ ਗਈ।
ਜਦੋਂ ਪੁਲਿਸ ਅਫ਼ਸਰ ਨਈਆਹਮੀ ਯਸ਼ਰਾਹਯਾਲਾਹ ਨੂੰ ਗ੍ਰਿਫ਼ਤਾਰ ਕਰਨ ਗਏ ਤਾਂ ਉਸ ਨੇ ਉਨ੍ਹਾਂ ਉਪਰ ਚੀਕਣਾ ਸ਼ੁਰੂ ਕਰ ਦਿੱਤਾ,"ਮੇਰਾ ਤੁਹਾਡੇ ਨਾਲ ਕੋਈ ਇਕਰਾਰਨਾਮਾ ਨਹੀਂ ਹੈ, ਮੈਂ ਆਪਣੀ ਨਾਗਰਿਕਤਾ ਤਿਆਗਦੀ ਹਾਂ।"
ਔਰਤ ਬੇਹੱਦ ਕਮਜ਼ੋਰ ਹੋ ਚੁੱਕੀ ਸੀ, ਜੋ ਕਿ ਦੇਖਣ ਨੂੰ ਇੱਕ ਪਿੰਜਰ ਵਾਂਗ ਲੱਗਦੀ ਸੀ ਤੇ ਉਸ ਨੂੰ ਤੁਰਨ ਵਿੱਚ ਦਿੱਕਤ ਆ ਰਹੀ ਸੀ।
ਉਸ ਦਾ ਪਤੀ ਵੀ ਬਹੁਤ ਕਮਜ਼ੋਰ ਹੋ ਚੁੱਕਾ ਸੀ।
ਡਿਟੈਕਟਿਵ ਇੰਸਪੈਕਟਰ ਡੇਵਨਪੋਰਟ ਨੇ ਕਿਹਾ, "ਉਹ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਸਨ, ਜਿਸ 'ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਤੇ ਇਹ ਸਭ ਦਰਸਾਉਂਦਾ ਹੈ ਕਿ ਉਹ ਆਪਣੇ ਵਿਸ਼ਵਾਸ ਵਿੱਚ ਇੰਨਾ ਜ਼ਿਆਦਾ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਹੇਠਾਂ ਵੱਲ ਧੱਕ ਰਿਹਾ ਸੀ।"

"ਉਹ ਅਜਿਹੇ ਕਿਸੇ ਵੀ ਵਿਅਕਤੀ ਤੋਂ ਪੂਰੀ ਤਰ੍ਹਾਂ ਦੂਰ ਰਹਿੰਦੇ ਸਨ, ਜੋ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਨਹੀਂ ਸੀ ਮੰਨਦੇ, ਉਹ ਪੱਕੇ ਸ਼ਾਕਾਹਾਰੀ ਬਣ ਗਏ ਸਨ ਅਤੇ ਸਿਰਫ ਸ਼ਾਕਾਹਾਰੀ ਭੋਜਨ ਹੀ ਖਾਂਦੇ ਸਨ। ਇਹ ਸਭ ਅਬੀਆ ਨਾਲ ਵੀ ਹੋਇਆ, ਜਿਸ ਕਰ ਕੇ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ।"
"ਇਸ ਲਈ ਇਹ ਸੋਚਣਾ ਬਹੁਤ ਦੁਖਦਾਈ ਹੈ ਕਿ ਉਹ ਆਪਣੀ ਮੌਤ ਦੇ ਸਮੇਂ ਆਪਣੇ ਅੰਤਿਮ ਦਿਨਾਂ ਵਿੱਚ ਕਿਵੇਂ ਰਿਹਾ ਹੋਵੇਗਾ।"
ਅਦਾਲਤ ਵਿੱਚ ਸੁਣਵਾਈ ਦੌਰਾਨ ਨਈਆਹਮੀ ਯਸ਼ਰਾਹਯਾਲਾਹ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਪਹਿਲੀ ਸ਼ਰਧਾਲੂ ਸੀ ਅਤੇ ਉਹ ਪੂਰੀ ਤਰ੍ਹਾਂ ਉਨ੍ਹਾਂ 'ਤੇ ਫਿਦਾ ਸੀ।
ਉਸ ਨੂੰ ਬਰਮਿੰਘਮ ਸਿਟੀ ਸੈਂਟਰ ਦੇ ਆਲੇ-ਦੁਆਲੇ ਯੂ-ਟਿਊਬ ਵੀਡੀਓਜ਼ ਰਾਹੀਂ ਪ੍ਰਚਾਰ ਕਰਦੇ ਹੋਏ ਦੇਖਿਆ ਗਿਆ ਸੀ।
ਡਿਟੈਕਟਿਵ ਇੰਸਪੈਕਟਰ ਡੇਵਨਪੋਰਟ ਨੇ ਦੱਸਿਆ,"ਉਨ੍ਹਾਂ ਨੇ ਪੂਰੀ ਤਰ੍ਹਾਂ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਮਿਲੀ ਤਾਂ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਹੀ ਉਸ ਦਾ ਅਸਲ ਪਿਆਰ ਹੈ।"

ਤਸਵੀਰ ਸਰੋਤ, West Midlands Police
ਤਾਈ ਯਸ਼ਰਾਹਯਾਲਾਹ ਯੂਨੀਵਰਸਿਟੀ ਵਿੱਚ ਮੈਡੀਕਲ ਜੈਨੇਟਿਕਸ ਦੀ ਪੜ੍ਹਾਈ ਕਰਦਾ ਸੀ।
ਅਦਾਲਤ ਨੂੰ ਦਿੱਤੇ ਆਪਣੇ ਸਬੂਤ ਵਿੱਚ ਉਨ੍ਹਾਂ ਕਿਹਾ, "ਮੈਂ ਪੂਰੀ ਤਰ੍ਹਾਂ ਸ਼ਰਮਿੰਦਾ ਹਾਂ" ਅਤੇ ਮੰਨਿਆ ਕਿ ਉਸ ਨੇ ਸਿਧਾਂਤਾਂ 'ਤੇ ਵਿਸ਼ਵਾਸ ਕਰਨਾ ਉਸ ਦੀ ਮੂਰਖਤਾ ਸੀ।
ਉਨ੍ਹਾਂ ਨੇ ਜੂਰੀ ਨੂੰ ਦੱਸਿਆ, "ਮੈਂ ਬਹੁਤ ਜ਼ਿਆਦਾ ਸੁਰੱਖਿਅਤ ਮਹਿਸੂਸ ਕੀਤਾ। ਮੈਂ ਸੋਚਿਆ ਕਿ ਮੈਂ ਆਪਣੇ ਅਤੇ ਆਪਣੇ ਪਰਿਵਾਰ ਲਈ ਚੰਗਾ ਕਰ ਰਿਹਾ ਹਾਂ।"
ਪਰ ਪੁਲਿਸ ਨੇ ਕਿਹਾ ਕਿ ਉਹ ਹੰਕਾਰੀ ਅਤੇ ਚਲਾਕ ਸੀ, ਜਦਕਿ ਨਈਆਹਮੀ ਯਸ਼ਰਾਹਯਾਲਾਹ ਕਮਜ਼ੋਰ ਦਿਮਾਗ਼ ਵਾਲੀ ਅਤੇ ਭੋਲੀ ਸੀ।
ਡਿਟੈਕਟਿਵ ਇੰਸਪੈਕਟਰ ਡੇਵਨਪੋਰਟ ਨੇ ਕਿਹਾ,"ਉਸ ਨੇ ਆਪਣੀ ਮਰਜ਼ੀ ਨਾਲ ਉਸ ਦਾ ਪਾਲਣ ਕੀਤਾ ਅਤੇ ਆਪਣੇ ਪਤੀ ਦੀ ਵਿਚਾਰਧਾਰਾ ਮੰਨ ਕੇ ਆਪਣੀ ਸਿਹਤ ਅਤੇ ਆਪਣੇ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












