ਕੀ ਵਿਆਹ ਦਾ ਵਾਅਦਾ ਕਰਕੇ ਸਰੀਰਕ ਰਿਸ਼ਤੇ ਬਣਾਉਣਾ ਅਪਰਾਧ ਹੈ, ਜਾਣੋ ਕਾਨੂੰਨ ਕੀ ਕਹਿੰਦਾ ਹੈ

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣਾ ਬਲਾਤਕਾਰ ਮੰਨਿਆ ਜਾਵੇਗਾ ? (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਮੰਨਿਆ ਜਾਵੇਗਾ ? (ਸੰਕੇਤਕ ਤਸਵੀਰ)
    • ਲੇਖਕ, ਅਨਗਾਹ ਪਾਠਕ
    • ਰੋਲ, ਬੀਬੀਸੀ ਮਰਾਠੀ

ਵਿਆਹ ਦਾ ਵਾਅਦਾ ਕਰਕੇ ਜੇਕਰ ਕਿਸੀ ਮਹਿਲਾ ਨਾਲ ਉਸ ਦੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਇਆ ਜਾਵੇ ਅਤੇ ਫਿਰ ਉਸ ਨਾਲ ਵਿਆਹ ਨਾ ਕਰਵਾਇਆ ਜਾਵੇ, ਤਾਂ ਕੀ ਇਹ ਕਾਨੂੰਨੀ ਅਪਰਾਧ ਹੈ?

ਕੀ ਇਸ ਤਰ੍ਹਾਂ ਦੇ ਮਾਮਲੇ ਵਿੱਚ ਬਲਾਤਕਾਰ ਦਾ ਕੇਸ ਦਰਜ ਹੋ ਸਕਦਾ ਹੈ?

ਹੁਣ ਇਨ੍ਹਾਂ ਸਵਾਲਾਂ ਦੇ ਉੱਠਣ ਦਾ ਕਾਰਨ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਆਇਆ ਕੇਸ ਹੈ।

ਦਰਅਸਲ ਮਹਾਰਾਸ਼ਟਰ ਦੇ ਨਵੀਂ ਮੁੰਬਈ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਵਿਅਕਤੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਗਏ ਪਰ ਫਿਰ ਉਸ ਨੇ ਵਿਆਹ ਨਹੀਂ ਕਰਵਾਇਆ।

ਉਹ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ।

ਇਨ੍ਹਾਂ ਦੋਵਾਂ ਦਾ ਰਿਸ਼ਤਾ 2008 ਤੋਂ 2017 ਤੱਕ ਸੀ, ਜਿਸ ਤੋਂ ਬਾਅਦ ਉਹ ਵੱਖ ਹੋ ਗਏ ਸਨ।

ਮਹਿਲਾ ਵੱਲੋਂ ਵਿਅਕਤੀ ਖਿਲਾਫ਼ ਵਿਆਹ ਦਾ ਵਾਅਦਾ ਕਰਨ, ਸਰੀਰਕ ਸਬੰਧ ਬਣਾਉਣ ਅਤੇ ਵਿਆਹ ਨਾ ਕਰਵਾਉਣ ਦੇ ਇਲਜ਼ਾਮ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਸ ਮਗਰੋਂ ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਸ ਵਿਅਕਤੀ ਵੱਲੋਂ ਐਫਆਈਆਰ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਸੀ ਪਰ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ।

ਮਹਿਲਾ ਨੇ ਦਾਅਵਾ ਕੀਤਾ ਸੀ ਕਿ ਸਰੀਰਕ ਸਬੰਧ ਲਈ ਉਸ ਦੀ ਸਹਿਮਤੀ ਵਿਆਹ ਦੇ ਵਾਅਦੇ 'ਤੇ ਅਧਾਰਿਤ ਸੀ।

ਮਹਿਲਾ ਦਾ ਤਰਕ ਸੀ ਕਿ ਵਿਅਕਤੀ ਨੇ ਸਹਿਮਤੀ ਲੈਣ ਲਈ ਝੂਠ ਬੋਲਿਆ ਸੀ।

ਭਾਰਤੀ ਕਾਨੂੰਨ ਦੀ ਧਾਰਾ 376 ਦੇ ਤਹਿਤ, ਜੇਕਰ ਕਿਸੇ ਮਹਿਲਾ ਨਾਲ ਸਰੀਰਕ ਸਬੰਧਾਂ ਲਈ ਸਹਿਮਤੀ ਗਲਤ ਬਿਆਨ ਜਾਂ ਝੂਠ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਇਹ ਬਲਾਤਕਾਰ ਮੰਨਿਆ ਜਾਂਦਾ ਹੈ।

ਪਰ ਇਸ ਮਸਲੇ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ, ''ਇਸ ਖਾਸ ਮਾਮਲੇ 'ਚ ਮਹਿਲਾ ਅਤੇ ਪੁਰਸ਼ 2008 ਤੋਂ 2017 ਤੱਕ ਲੰਬੇ ਸਮੇਂ ਤੱਕ ਰਿਸ਼ਤੇ 'ਚ ਸਨ ਅਤੇ ਉਸ ਦੌਰਾਨ ਸਰੀਰਕ ਸਬੰਧ ਵੀ ਹੋ ਸਕਦੇ ਹਨ।

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਹੋਈ ਹੈ, ਜਿਸ ਨੇ ਇਸ ਮੁੱਦੇ ’ਤੇ ਚਰਚਾ ਛੇੜ ਦਿੱਤੀ ਹੈ

“ਭਾਵੇਂ ਸ਼ੁਰੂ ਵਿੱਚ ਝੂਠ ਬੋਲ ਕੇ ਸਰੀਰਕ ਸਬੰਧਾਂ ਲਈ ਸਹਿਮਤੀ ਲਈ ਗਈ ਸੀ ਪਰ ਅਜਿਹਾ ਕੋਈ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ।”

“ਇੱਕ ਵਾਰ ਲਈ ਮੰਨ ਵੀ ਲਿਆ ਜਾਵੇ ਕਿ ਨੌਂ ਸਾਲਾਂ ਦੇ ਰਿਸ਼ਤੇ ਦੌਰਾਨ ਹਰ ਵਾਰ ਝੂਠ ਬੋਲ ਕੇ ਮਹਿਲਾ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਸੀ ਅਤੇ ਔਰਤ ਵਲੋਂ ਕਦੇ ਸ਼ੱਕ ਜਾਂ ਵਿਰੋਧ ਵੀ ਨਹੀਂ ਕੀਤਾ ਗਿਆ... ਨੌਂ ਸਾਲਾਂ ਦਾ ਸਮਾਂ ਪਟੀਸ਼ਨ ਵਿੱਚ ਮਹਿਲਾ ਦੁਆਰਾ ਲਗਾਏ ਕਥਿਤ ਇਲਜ਼ਾਮਾਂ (ਝੂਠ ਦੁਆਰਾ ਸਹਿਮਤੀ ਪ੍ਰਾਪਤ ਕਰਨਾ) ਦੀ ਗੰਭੀਰਤਾ ਨੂੰ ਘਟਾਉਂਦਾ ਹੈ।"

ਪੁਰਸ਼ ਧਿਰ ਦੇ ਵਕੀਲ ਐਡਵੋਕੇਟ ਮ੍ਰਿਨਲ ਬੂਆ ਨੇ ਕਿਹਾ, "ਸੁਪਰੀਮ ਕੋਰਟ ਦਾ ਇਸ ਫੈਸਲੇ ਨੂੰ ਔਰਤਾਂ ਦੇ ਸੰਦਰਭ ਵਿੱਚ ਅਨੁਚਿਤ ਠਹਿਰਾਉਣਾ ਠੀਕ ਨਹੀਂ ਹੈ। ਇਹ ਸਿਰਫ ਸਬੰਧਤ ਕੇਸ ਦੇ ਤੱਥਾਂ 'ਤੇ ਆਧਾਰਿਤ ਹੈ।"

ਉਹ ਅੱਗੇ ਦੱਸਦੇ ਹਨ, “ਇਸ ਦਾ ਮੁੱਖ ਕਾਰਨ ਇਹ ਹੈ ਕਿ ਮਹਿਲਾ ਨੇ ਖੁਦ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਸਬੰਧਤ ਵਿਅਕਤੀ ਨਾਲ 9-10 ਸਾਲਾਂ ਤੋਂ ਸਹਿਮਤੀ ਨਾਲ ਸਬੰਧ ਸਨ।”

ਸ਼ਿਕਾਇਤਕਰਤਾ ਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਸਬੰਧਤ ਵਿਅਕਤੀ ਵਿਆਹਿਆ ਹੋਇਆ ਹੈ।

ਵਿਅਕਤੀ ਵੱਲੋਂ ਮਹਿਲਾ ਦੀ ਵਿੱਤੀ ਤੌਰ ‘ਤੇ ਮਦਦ ਕੀਤੀ ਜਾਂਦੀ ਸੀ। ਔਰਤ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ।

ਕੋਰਟ ਦਾ ਫੈਸਲਾ

ਇਸ ਦੇ ਉਲਟ ਅਦਾਲਤ ਨੂੰ ਸ਼ਿਕਾਇਤ ਵਿੱਚ ਧੋਖੇ ਦੀ ਕੋਈ ਗੱਲ ਨਹੀਂ ਮਿਲੀ, ਸਗੋਂ ਇਹ ਰਿਸ਼ਤਾ ਸਹਿਮਤੀ ਵਾਲਾ ਸੀ। ਬੈਂਚ ਨੇ ਸਹਿਮਤੀ ਵਾਲਾ ਰਿਸ਼ਤਾ ਖਤਮ ਹੋਣ ਤੋਂ ਬਾਅਦ ਬਲਾਤਕਾਰ ਦਾ ਕੇਸ ਦਰਜ ਕਰਨ ਨੂੰ ਚਿੰਤਾਜਨਕ ਦੱਸਿਆ ਹੈ।

ਮ੍ਰਿਨਲ ਬੂਆ ਨੇ ਜਾਣਕਾਰੀ ਦਿੱਤੀ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸ਼ਿਕਾਇਤਕਰਤਾ ਮਹਿਲਾ ਨੇ ਆਪਣੀ ਮਰਜ਼ੀ ਨਾਲ 9 ਤੋਂ 10 ਸਾਲ ਤੱਕ ਸਰੀਰਕ ਸਬੰਧ ਬਣਾਏ ਸਨ।

ਇਸ ਤੱਥ ਦੇ ਬਾਵਜੂਦ ਕਿ ਸਬੰਧਤ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਕਾਨੂੰਨ ਅਨੁਸਾਰ ਉਸ ਦੀ ਪਹਿਲੀ ਪਤਨੀ ਜ਼ਿੰਦਾ ਸੀ ਅਤੇ ਦੂਜੀ ਉਸ ਨਾਲ ਦੁਬਾਰਾ ਵਿਆਹ ਨਹੀਂ ਕਰਵਾ ਰਹੀ ਸੀ।

ਇਸ ਨੂੰ ਤੱਥਾਂ ਦੀ ਗਲਤ ਧਾਰਨਾ ਨਹੀਂ ਕਿਹਾ ਜਾ ਸਕਦਾ।

ਇਸ ਵਿਚ ਸ਼ਾਮਲ ਮਹਿਲਾ, ਮੁਲਜ਼ਮ ਵਿਅਕਤੀ ਅਤੇ ਉਸ ਦੀ ਪਤਨੀ ਵਿਚਕਾਰ ਰਿਸ਼ਤਿਆਂ ਅਤੇ ਸਬੰਧਾਂ ਦਾ ਵੇਰਵਾ ਕਾਫੀ ਗੁੰਝਲਦਾਰ ਹੈ।

ਪਰ ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ।

ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿੱਥੇ ਵਿਆਹ ਦਾ ਵਾਅਦਾ ਕਰਕੇ ਜਾਂ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧਾਂ ਲਈ ਔਰਤ ਦੀ ਸਹਿਮਤੀ ਲਈ ਗਈ ਹੈ। ਇਸ 'ਤੇ ਵੱਖ-ਵੱਖ ਅਦਾਲਤਾਂ 'ਚ ਵੱਖ-ਵੱਖ ਫੈਸਲੇ ਆ ਚੁੱਕੇ ਹਨ।

ਇਸ ਲਈ ਇਸ ਵਿਸ਼ੇਸ਼ ਮਾਮਲੇ ਦੇ ਵੇਰਵਿਆਂ ਵਿੱਚ ਜਾਣ ਤੋਂ ਪਹਿਲਾ ਅਸੀਂ ਮਾਹਿਰਾਂ ਦੀ ਮਦਦ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ, ਕੀ ਕਿਸੇ ਮਹਿਲਾ ਨਾਲ ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਉਣਾ ਕਾਨੂੰਨ ਦੇ ਤਹਿਤ ਅਪਰਾਧ ਹੈ?

ਜੇਕਰ ਹਾਂ, ਤਾਂ ਇਹ ਕਿੰਨਾ ਗੰਭੀਰ ਮਾਮਲਾ ਹੈ? ਅਤੇ ਕਿਸ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ?

ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ, “ਜਦੋਂ ਅਜਿਹਾ ਕੋਈ ਮਾਮਲਾ ਸਾਡੇ ਸਾਹਮਣੇ ਆਉਂਦਾ ਹੈ, ਤਾਂ ਸਾਡੇ ਵਲੋਂ ਆਈਪੀਸੀ ਦੀ ਧਾਰਾ 376 ( ਬਲਾਤਕਾਰ ਦੀ ਧਾਰਾ) ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਸ ਵਿੱਚ 420 ਦੀ ਧਾਰਾ ਵੀ ਲਗਾਈ ਜਾਂਦੀ ਹੈ।”

ਜਦੋਂ ਕੋਈ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਇਹ ਧਾਰਾਵਾਂ ਲਾਗੂ ਹੁੰਦੀਆਂ ਹਨ।

ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜਿਹੇ ਮਾਮਲੇ ਵਿੱਚ ਪੁਲਿਸ ਧਾਰਾ 376 ਤਹਿਤ ਮਾਮਲਾ ਦਰਜ ਕਰਦੀ ਹੈ

ਅਗਲੇਰੀ ਕਾਰਵਾਈ ਉਸ ਅਨੁਸਾਰ ਅੱਗੇ ਵਧਦੀ ਹੈ ਅਤੇ ਜਦੋਂ ਅਦਾਲਤ ਵਿੱਚ ਕੇਸ ਆਉਂਦਾ ਹੈ ਤਾਂ ਸੁਣਵਾਈ ਕੇਸ ਦੇ ਤੱਥਾਂ ਅਤੇ ਵੇਰਵਿਆਂ ਦੇ ਨਾਲ ਅਤੇ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਕੀਤੀ ਜਾਂਦੀ ਹੈ।

ਐਡਵੋਕੇਟ ਰੰਜਨਾ ਗਾਵਾਂਡੇ ਮਹਾਰਾਸ਼ਟਰ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ, “ਅਦਾਲਤਾਂ ਦੇ ਪਹਿਲੇ ਫੈਸਲਿਆਂ ਵਿੱਚ ਅਜਿਹੇ ਮਾਮਲਿਆਂ ਵਿੱਚ ਸਹਿਮਤੀ ਨੂੰ ਜਾਇਜ਼ ਨਹੀਂ ਠਹਿਰਾਈਆ ਗਿਆ ਸੀ ਅਤੇ ਬਲਾਤਕਾਰ ਹੋਣ ਦੀ ਗੱਲ ਮੰਨੀ ਗਈ ਸੀ।”

ਪਰ ਹਾਲ ਹੀ ਵਿੱਚ ਦੋ-ਤਿੰਨ ਫੈਸਲੇ ਆਏ ਹਨ ਜਿੱਥੇ ਅਦਾਲਤ ਨੇ ਕਿਹਾ ਹੈ ਕਿ ਜੇਕਰ ਦੋਵੇਂ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਹਨ ਤਾਂ ਇਸ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ।

ਭਾਵੇਂ ਕਿ ਲਿਵ-ਇਨ ਵਿੱਚ ਰਹਿਣ ਵਾਲੀ ਮਹਿਲਾ ਘਰੇਲੂ ਹਿੰਸਾ ਦੇ ਤਹਿਤ ਕੇਸ ਦਰਜ ਕਰਵਾ ਸਕਦੀ ਹੈ।

ਗਾਵਾਂਡੇ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਸਮੇਂ ਲਈ ਪਰਿਭਾਸ਼ਾ ਨਿਰਧਾਰਤ ਕਰਨਾ ਅਦਾਲਤੀ ਕੇਸ ਦੇ ਹਾਲਾਤਾਂ 'ਤੇ ਨਿਰਭਰ ਕਰਦਾ ਹੈ।

ਐਡਵੋਕੇਟ ਰਾਮਾ ਸਰੋਦੇ ਮੰਨਦੇ ਹਨ ਕਿ ਹਰੇਕ ਮਾਮਲੇ ਦੇ ਵੇਰਵੇ ਵੱਖਰੇ ਹੁੰਦੇ ਹਨ ਅਤੇ ਹਰ ਇੱਕ ਤੇ ਬਰਾਬਰ ਨਿਯਮਾਵਲੀ ਲਾਗੂ ਨਹੀਂ ਕੀਤੀ ਜਾ ਸਕਦੀ।

“ਇਹ ਬਹੁਤ ਹੀ ਵਿਅਕਤੀਗਤ ਹੈ। ਜਿਸ ਤਰ੍ਹਾਂ ਕਈਆਂ ਦਾ ਵਿਆਹ ਤੋਂ ਬਾਅਦ ਤਲਾਕ ਹੋ ਜਾਂਦਾ ਹੈ, ਕਈ ਵਾਰ ਵਿਆਹ ਕੁਝ ਸਮੇਂ ਬਾਅਦ ਟੁੱਟ ਜਾਂਦਾ ਹੈ। ਇਸ ਸਭ ਦੇ ਕਈ ਕਾਰਨ ਹਨ। ਇਹ ਪਰਿਵਾਰਕ ਮੰਗਾਂ, ਇੱਕ ਦੂਜੇ ਨਾਲ ਅਸਹਿਮਤੀ ਤੇ ਵਿੱਤੀ ਕਾਰਨ ਵਰਗੇ ਕਾਰਕਾਂ ਕਰਕੇ ਹੋ ਸਕਦਾ ਹੈ।”

“ਇਨ੍ਹਾਂ ਸਭ ਨੂੰ ਧੋਖਾ ਦੇਣ ਦਾ ਮਾਮਲਾ ਨਹੀਂ ਮੰਨਿਆ ਜਾ ਸਕਦਾ। ਹਾਂ, ਇਹ ਮੁਮਕਿਨ ਹੈ, ਸ਼ੁਰੂ ਤੋਂ ਇਹ ਜਾਣਦੇ ਹੋਏ ਕਿ ਮੈਂ ਉਸ ਨਾਲ ਵਿਆਹ ਨਹੀਂ ਕਰਾਂਗਾ ਅਤੇ ਅਜਿਹੀ ਸਥਿਤੀ ਵਿਚ ਉਸ ਨੂੰ ਲੁਭਾਉਣ ਲਈ ਝੂਠ ਬੋਲਣ ਦੀ ਹਾਲਤ ਵਿੱਚ ਇਸ ਦੇ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ।”

ਇਹ ਅਦਾਲਤ ’ਚ ਪੇਸ਼ ਕੀਤੇ ਤੱਥਾਂ ’ਤੇ ਨਿਰਭਰ ਕਰਦਾ ਹੈ।

ਰਾਮਾ ਸਰੋਦੇ ਅੱਗੇ ਕਹਿੰਦੇ ਹਨ, “ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਇਰਾਦਾ ਮਹੱਤਵਪੂਰਨ ਹੁੰਦਾ ਹੈ।”

ਜੋੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਦੋ-ਤਿੰਨ ਫੈਸਲੇ ਆਏ ਹਨ ਜਿੱਥੇ ਅਦਾਲਤ ਨੇ ਕਿਹਾ ਹੈ ਕਿ ਜੇਕਰ ਦੋਵੇਂ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਹਨ ਤਾਂ ਇਸ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ।

“ਜੇਕਰ ਉਸ ਨੇ ਵਿਆਹ ਕਰਨ ਦਾ ਇਰਾਦਾ ਦਿਖਾਇਆ ਹੈ ਤਾਂ ਇਹ ਅਪਰਾਧਿਕ ਮਾਮਲਾ ਨਹੀਂ ਬਣਦਾ। ਪਰ ਜੇਕਰ ਉਸ ਦਾ ਇਰਾਦਾ ਸ਼ੁਰੂ ਤੋਂ ਹੀ ਨਹੀਂ ਸੀ, ਤਾਂ ਅਦਾਲਤ ਇਸ 'ਤੇ ਵੱਖਰੇ ਤੌਰ 'ਤੇ ਵਿਚਾਰ ਕਰ ਸਕਦੀ ਹੈ। ਪਰ ਇੱਥੇ ਔਰਤਾਂ ਦਾ ਸੁਚੇਤ ਹੋਣਾ ਵੀ ਜ਼ਰੂਰੀ ਹੈ। ਪਰ ਅਮਲੀ ਤੌਰ 'ਤੇ ਅਜਿਹਾ ਥੋੜਾ ਮੁਸ਼ਕਿਲ ਹੈ। ਪਿਆਰ ਵਿੱਚ ਹੋਣਾ ਕਈ ਵਾਰ ਧੋਖਾਧੜੀ ਦੀ ਸੰਭਾਵਨਾ ਵਧਾ ਦਿੰਦਾ ਹੈ।"

ਇਹ ਪਰਿਭਾਸ਼ਿਤ ਕਰਨ ਵਿੱਚ ਅਦਾਲਤ ਦੁਆਰਾ ਸਹਿਮਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਕੀ ਇਹ ਬਲਾਤਕਾਰ ਹੈ ਜਾਂ ਨਹੀਂ।

ਭਾਰਤੀ ਕਾਨੂੰਨਾਂ ਦੇ ਅਨੁਸਾਰ ਹੇਠਾਂ ਲਿਖੀਆਂ ਗਈਆਂ ਸਥਿਤੀਆਂ ਵਿੱਚ ਬਣਾਏ ਸਰੀਰਕ ਸਬੰਧ ਬਲਾਤਕਾਰ ਹਨ।

  • ਔਰਤ ਦੀ ਮਰਜ਼ੀ ਦੇ ਵਿਰੁੱਧ
  • ਔਰਤ ਦੀ ਸਹਿਮਤੀ ਤੋਂ ਬਿਨਾਂ
  • ਜੇਕਰ ਮਹਿਲਾ ਨੇ ਇਸ ਡਰ ਤੋਂ ਸਹਿਮਤੀ ਦਿੱਤੀ ਹੈ ਕਿ ਉਸ ਨੂੰ ਜਾਂ ਉਸ ਦੇ ਨਜ਼ਦੀਕੀਆਂ ਨੂੰ ਨੁਕਸਾਨ ਪਹੁੰਚਾਇਆ ਜਾਂ ਮਾਰਿਆ ਜਾ ਸਕਦਾ ਹੈ
  • ਜੇ ਇਹ ਸੋਚ ਕੇ ਸਹਿਮਤੀ ਦਿੱਤੀ ਗਈ ਹੈ ਕਿ ਵਿਅਕਤੀ ਉਸਦਾ ਪਤੀ ਹੈ ਅਤੇ ਉਸ ਨਾਲ ਵਿਆਹੀ ਹੋਈ ਹੈ
  • ਜੇਕਰ ਮਹਿਲਾ ਨੇ ਮਾਨਸਿਕ ਤੌਰ 'ਤੇ ਖਰਾਬ ਜਾਂ ਨਸ਼ਾ ਵਿੱਚ ਹੋਣ ਸਮੇਂ ਸਹਿਮਤੀ ਦਿੱਤੀ ਹੈ
  • ਜੇ ਵਿਅਕਤੀ ਵੱਲੋਂ ਬੇਹੋਸ਼ੀ ਦੀ ਦਵਾਈ ਦੇ ਕੇ ਸਹਿਮਤੀ ਲਈ ਗਈ ਹੈ
  • ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਮਹਿਲਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਲਈ ਸਹਿਮਤੀ ਦੇ ਰਹੀ ਹੈ ਅਤੇ ਇਸ ਦੇ ਨਤੀਜੇ ਕੀ ਹੋਣਗੇ
  • ਜੇਕਰ ਉਸਦੀ ਉਮਰ ਅਠਾਰਾਂ ਸਾਲ ਤੋਂ ਘੱਟ ਹੈ, ਸਹਿਮਤੀ ਹੋਣ ਜਾਂ ਨਾ ਹੋਣ ਦੀ ਸੂਰਤ ਵਿੱਚ ਵੀ
  • ਅਤੇ ਅੰਤ ਵਿੱਚ ਜੇ ਉਹ ਆਪਣੀ ਸਹਿਮਤੀ ਦੱਸਣ ਜਾਂ ਪ੍ਰਗਟ ਕਰਨ ਵਿੱਚ ਅਸਮਰੱਥ ਹੈ

ਇਸ ਤੋਂ ਇਲਾਵਾ ਇੰਡੀਆਨ ਪੀਨਲ ਕੋਡ ਦੀ ਧਾਰਾ 90 ਅਨੁਸਾਰ ਜੇਕਰ ਡਰ ਜਾਂ ਤੱਥਾਂ ਦੇ ਭੁਲੇਖੇ ਕਾਰਨ ਸਹਿਮਤੀ ਦਿੱਤੀ ਗਈ ਹੈ ਤਾਂ ਇਹ ਬਲਾਤਕਾਰ ਹੈ।

ਪਰ ਇੱਕ ਗੱਲ ਜੋ ਜ਼ਰੂਰੀ ਹੈ ਕਿ ਜੇਕਰ ਆਦਮੀ ਨੂੰ ਪਤਾ ਹੈ ਕਿ ਸਹਿਮਤੀ ਡਰ ਜਾਂ ਗਲਤ ਧਾਰਨਾ ਕਾਰਨ ਹੈ, ਤਾਂ ਵੀ ਉਹ ਸਰੀਰਕ ਸਬੰਧ ਬਣਾਉਂਦਾ ਹੈ। ਇਸ 'ਤੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ, "ਤੱਥਾਂ ਬਾਰੇ ਗਲਤ ਧਾਰਨਾ ਉਦੋਂ ਕਹੀ ਜਾ ਸਕਦੀ ਹੈ ਜਦੋਂ ਵਿਆਹ ਦਾ ਵਾਅਦਾ ਝੂਠਾ ਸੀ ਅਤੇ ਜਿਸ ਵਿਅਕਤੀ ਨੇ ਇਹ ਵਾਅਦਾ ਕੀਤਾ ਸੀ, ਉਸ ਦਾ ਸ਼ੁਰੂ ਤੋਂ ਹੀ ਵਾਅਦਾ ਨਿਭਾਉਣ ਦਾ ਕੋਈ ਇਰਾਦਾ ਨਹੀਂ ਸੀ।"

“ਸਿਰਫ ਸਰੀਰਕ ਸਬੰਧ ਬਣਾਉਣ ਲਈ ਵਾਅਦਾ ਕੀਤਾ ਗਿਆ ਸੀ। ਪਰ ਵਿਅਕਤੀ ਵੱਲੋਂ ਵਿਆਹ ਦਾ ਵਾਅਦਾ ਤੋੜਨਾ ਮੰਨਿਆ ਜਾ ਸਕਦਾ ਹੈ। ਇਸ ਸੂਰਤ ਵਿੱਚ ਤੱਥਾਂ ਦੀ ਗਲਤ ਧਾਰਨਾ ਨਹੀਂ ਕਿਹਾ ਜਾ ਸਕਦਾ।”

ਪਰ ਫਿਰ ਅਜਿਹੀ ਸਥਿਤੀ ਵਿੱਚ ਮਹਿਲਾਵਾਂ ਨੂੰ ਕਾਨੂੰਨ ਦਾ ਕੋਈ ਸਮਰਥਨ ਨਹੀਂ ਹੈ? ਜੇਕਰ ਨਹੀਂ, ਤਾਂ ਸਰਕਾਰ ਦੁਆਰਾ ਨਵੇਂ ਲਾਗੂ ਕੀਤੇ ਗਏ ਕਾਨੂੰਨਾਂ ਵਿੱਚ ਵਿਆਹ ਦਾ ਵਾਅਦਾ ਕਰਕੇ ਅਤੇ ਰੱਖਣ ਦਾ ਵਾਅਦਾ ਨਾ ਨਿਭਾਉਣ ਤੇ ਸਰੀਰਕ ਸਬੰਧ ਬਣਾਉਣ ’ਤੇ ਇੱਕ ਨਵੀਂ ਧਾਰਾ ਹੈ।

ਮਹਿਲਾ

ਤਸਵੀਰ ਸਰੋਤ, Getty Images

ਨਵੀਂ ਧਾਰਾ ਕੀ ਹੈ?

1 ਜੁਲਾਈ 2024 ਨੂੰ ਇੰਡੀਅਨ ਪੀਨਲ ਕੋਡ ਨੂੰ ਭਾਰਤੀ ਦੰਡ ਸਾਹਿਤਾ ਨਾਲ ਬਦਲ ਦਿੱਤਾ ਗਿਆ ਹੈ।

ਇਸ ਕਾਨੂੰਨ ਅਨੁਸਾਰ ਕਿਸੇ ਔਰਤ ਨੂੰ ਧੋਖਾ ਦੇਣ, ਨੌਕਰੀ, ਤਰੱਕੀ ਜਾਂ ਵਿਆਹ ਦੀ ਪੇਸ਼ਕਸ਼ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਣਾ ਕਾਨੂੰਨ ਦੇ ਤਹਿਤ ਅਪਰਾਧ ਹੈ।

ਵਕੀਲ ਸੀਮਾ ਕੁਸ਼ਵਾਹਾ ਕਹਿੰਦੇ ਹਨ, “ਇਹ ਇੱਕ ਵੱਡੀ ਤਬਦੀਲੀ ਹੈ। ਪਹਿਲਾਂ ਅਜਿਹੇ ਮਾਮਲੇ ਵਿੱਚ ਸਿਰਫ ਬਲਾਤਕਾਰ ਦੀ ਧਾਰਾ ਦੇ ਤਹਿਤ ਦਰਜ ਕੀਤੇ ਜਾਂਦੇ ਸਨ ਪਰ ਹੁਣ ਇਸਦੇ ਲਈ ਇੱਕ ਨਵੀਂ ਧਾਰਾ ਹੈ।”

ਸੀਮਾ ਕੁਸ਼ਵਾਹਾ ਅੱਗੇ ਕਹਿੰਦੇ ਹਨ, “ਅਜਿਹੀਆਂ ਘਟਨਾਵਾਂ ਵਿੱਚ ਮਹਿਲਾਵਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਜੇਕਰ ਰਿਸ਼ਤਾ ਲਿਵ-ਇਨ ਦਾ ਹੈ ਅਤੇ ਵਿਆਹ ਦਾ ਵਾਅਦਾ ਕੀਤਾ ਗਿਆ ਹੈ। ਆਮ ਕਰਕੇ ਉਹ ਪੰਜ-ਸੱਤ ਸਾਲ ਰਹਿਣਗੇ। ਜੇਕਰ ਔਰਤ ਲਗਾਤਾਰ ਵਿਆਹ ਦੇ ਵਾਅਦੇ ਲਈ ਰਿਸ਼ਤੇ ਵਿੱਚ ਬਣੀ ਰਹਿੰਦੀ ਹੈ ਅਤੇ ਫਿਰ ਆਦਮੀ ਅਚਾਨਕ ਵਿਆਹ ਲਈ ਨਾਂਹ ਕਰ ਦਿੰਦਾ ਹੈ, ਤਾਂ ਫਿਰ ਔਰਤ ਕਿੱਥੇ ਜਾਵੇਗੀ? ਉਸ ਕੋਲ ਕੀ ਬਦਲ ਹੈ? ਇਸ ਲਈ ਇਹ ਕਾਨੂੰਨ ਮਹੱਤਵਪੂਰਨ ਹੈ।”

ਇਸ ਅਪਰਾਧ ਵਿੱਚ ਵੱਧ ਤੋਂ ਵੱਧ ਦਸ ਸਾਲ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਪਰ ਇਹ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਅਜਿਹੇ ਸਰੀਰਕ ਸਬੰਧਾਂ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ।

ਇਸ ਕਾਨੂੰਨ ਨੂੰ ਲੈ ਕੇ ਵਿਵਾਦ ਵੀ ਹਨ।

ਵੀਨਾ ਪੇਸ਼ੇ ਵਜੋਂ ਵਕੀਲ ਹੈ। ਉਨ੍ਹਾਂ ਮੁਤਾਬਕ ਵਿਆਹ ਦਾ ਝੂਠਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਉਣਾ ਇਕ ਗੁੰਝਲਦਾਰ ਮਾਮਲਾ ਹੈ।

“ਤੁਸੀਂ ਇਰਾਦਾ ਕਿਵੇਂ ਸਾਬਤ ਕਰੋਗੇ? ਇਸ ਲਈ ਜੇਕਰ ਦੋ ਲੋਕ ਇੱਕ-ਦੁਜੇ ਨੂੰ ਪਿਆਰ ਕਰਦੇ ਹਨ ਪਰ ਕੁਝ ਸਮੇਂ ਬਾਅਦ ਉਹ ਪਿਆਰ ਮਹਿਸੂਸ ਨਹੀਂ ਕਰਦੇ ਅਤੇ ਇਸ ਕਾਰਨ ਵਿਆਹ ਨਹੀਂ ਕਰਨਾ ਚਾਹੁੰਦੇ। ਅਜਿਹੇ ਮਾਮਲੇ ਵਿੱਚ ਆਦਮੀ ਨੂੰ ਵਿਆਹ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।”

ਹਾਲ ਹੀ ਵਿੱਚ ਕਾਨੂੰਨ ਵਿੱਚ ਅਹਿਮ ਬਦਲਾਅ ਹੋਇਆ ਹੈ ਜਿਸ ਵਿੱਚ ਹੁਣ ਸਜ਼ਾ ਦੀ ਤਜਵੀਜ਼ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਕਾਨੂੰਨ ਵਿੱਚ ਅਹਿਮ ਬਦਲਾਅ ਹੋਇਆ ਹੈ ਜਿਸ ਵਿੱਚ ਹੁਣ ਸਜ਼ਾ ਦੀ ਤਜਵੀਜ਼ ਹੈ

ਉਹ ਅੱਗੇ ਕਹਿੰਦੇ ਹਨ, “ਸਾਡੇ ਵਰਗੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਇਹ ਵਿਵਸਥਾ ਕਾਨੂੰਨ ਵਿੱਚ ਨਹੀਂ ਹੋਣੀ ਚਾਹੀਦੀ। ਕਿਉਂਕਿ ਸਰੀਰਕ ਸਬੰਧ ਨੂੰ ਇਸ ਐਕਟ ਵਿੱਚ ਸਹਿਮਤੀ ਨਾਲ ਹੋਣਾ ਮੰਨਿਆ ਗਿਆ ਹੈ।”

“ਕਿਸੇ ਵੀ ਜੁਰਮ ਨੂੰ ਅਪਰਾਧ ਮੰਨਣ ਵੇਲੇ ਤੁਹਾਨੂੰ ਬਹੁਤ ਧਿਆਨ ਨਾਲ ਸੋਚਣਾ ਪੈਂਦਾ ਹੈ। ਕਿਸੇ ਜੁਰਮ ਦਾ ਜ਼ਿਆਦਾ ਅਪਰਾਧੀਕਰਨ ਵੀ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਬਹੁਤ ਜ਼ਿਆਦਾ ਸ਼ਕਤੀ ਸਰਕਾਰ, ਸਿਸਟਮ ਅਤੇ ਪੁਲਿਸ ਦੇ ਹੱਥਾਂ ਵਿਚ ਚਲੀ ਜਾਂਦੀ ਹੈ।”

“ਇਹ ਫੈਮੀਨਸਟਾਂ ਲਈ ਵੀ ਇੱਕ ਗੁੰਝਲਦਾਰ ਮੁੱਦਾ ਹੈ ਕਿਉਂਕਿ ਇੱਕ ਕਾਰਨ ਇਹ ਵੀ ਹੈ ਕਿ ਤੁਸੀਂ ਕੁਆਰੇਪਣ ਨੂੰ ਉਤਸ਼ਾਹਿਤ ਕਰ ਰਹੇ ਹੋ ਕਿਉਂਕਿ ਇੱਕ ਮਹਿਲਾ ਦਾ ਅੰਤਿਮ ਟੀਚਾ ਵਿਆਹ ਹੀ ਹੈ।”

“ਇਹ ਕਹਿ ਕੇ ਕਿ ਮਹਿਲਾਵਾਂ ਨੂੰ ਵਿਆਹ ਦੇ ਅੰਦਰ ਹੀ ਸਰੀਰਕ ਸਬੰਧ ਬਣਾਉਣ ਦੀ ਇਜਾਜ਼ਤ ਹੈ, ਤੁਸੀਂ ਪਿੱਤਰਸੱਤਾ ਦੀ ਪੱਟੀ ਨੂੰ ਵਧਾ ਰਹੇ ਹੋ। ਪਰ ਇਹ ਵੀ ਉਨਾ ਹੀ ਸੱਚ ਹੈ ਕਿ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਨਾਲ ਧੋਖਾਧੜੀ ਹੁੰਦੀ ਹੈ।”

“ਉਹ ਮਹਿਲਾਵਾਂ ਕਦੇ ਵੀ ਸਰੀਰਕ ਸਬੰਧਾਂ ਲਈ ਸਹਿਮਤ ਨਹੀਂ ਹੁੰਦੀਆਂ ਜੇਕਰ ਵਿਆਹ ਦਾ ਵਾਅਦਾ ਜਾਂ ਲਾਲਚ ਨਾ ਹੁੰਦਾ।”

ਵੀਨਾ ਮਹਿਸੂਸ ਕਰਦੇ ਹਨ ਕਿ ਪ੍ਰਤੀਕਿਰਿਆਵਾਦੀ ਹੋਣ, ਨੈਤਿਕ ਪੁਲਿਸਿੰਗ ਅਤੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਿਚਕਾਰ ਅੰਤਰ ਸਾਫ ਨਹੀਂ ਹੈ।

ਕੁਝ ਲੋਕ ਇਸ ਕਾਨੂੰਨ ਦੀ ਲੋੜ ਮਹਿਸੂਸ ਕਰਦੇ ਹਨ, ਨਾਲ ਹੀ ਕੁਝ ਇਸ ਦਾ ਵਿਰੋਧ ਵੀ ਕਰਦੇ ਹਨ। ਕਿਉਂਕਿ ਸੱਤਾ, ਜਾਤ, ਵਰਗ ਅਤੇ ਪ੍ਰਭਾਵ ਵਰਗੀਆਂ ਚੀਜ਼ਾਂ ਵੀ ਔਰਤ-ਮਰਦ ਦੇ ਸਰੀਰਕ ਸਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਇਹ ਅਦਾਲਤ ਦੇ ਅਖ਼ਤਿਆਰ 'ਤੇ ਛੱਡ ਦੇਣਾ ਚਾਹੀਦਾ ਸੀ।

ਵੀਨਾ ਇਹ ਵੀ ਕਹਿੰਦੇ ਹਨ,"ਵਿਆਹ ਦਾ ਵਾਅਦਾ ਕਰਨ ਤੋਂ ਬਾਅਦ ਵਿਆਹ ਨਾ ਕਰਨਾ ਦੁਨੀਆਂ ਵਿੱਚ ਕਿਤੇ ਵੀ ਅਪਰਾਧ ਨਹੀਂ ਮੰਨਿਆ ਜਾਂਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)