'ਮੈਂ ਇਨ੍ਹਾਂ ਕੀੜੀਆਂ ਨਾਲ ਨਹੀਂ ਰਹਿ ਸਕਦੀ। ਪਲੀਜ਼ ਬੱਚੀ ਦਾ ਧਿਆਨ ਰੱਖਣਾ', ਮਹਿਲਾ ਨੇ ਸੁਸਾਈਡ ਨੋਟ ਲਿਖ ਕੀਤੀ ਖ਼ੁਦਕੁਸ਼ੀ

- ਲੇਖਕ, ਪ੍ਰਵੀਣ ਸ਼ੁਭਮ
- ਰੋਲ, ਬੀਬੀਸੀ ਤੇਲੁਗੂ ਲਈ
ਤੇਲੰਗਾਨਾ ਦੇ ਸੰਗਾਰੇਡੀ ਵਿੱਚ ਖ਼ੁਦਕੁਸ਼ੀ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ।
ਸੰਗਾਰੇਡੀ ਜ਼ਿਲ੍ਹਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਚਿੰਦਮ ਮਨੀਸ਼ਾ ਨਾਮ ਦੀ ਇੱਕ 25 ਸਾਲਾ ਮਹਿਲਾ ਨੇ ਆਪਣੇ ਪਤੀ ਨੂੰ ਇੱਕ ਪੱਤਰ ਲਿਖਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਪੱਤਰ ਵਿੱਚ ਮਹਿਲਾ ਨੇ ਲਿਖਿਆ ਸੀ, "ਮੈਂ ਇਨ੍ਹਾਂ ਕੀੜੀਆਂ ਨਾਲ ਨਹੀਂ ਰਹਿ ਸਕਦੀ, ਬੱਚੀ ਦਾ ਧਿਆਨ ਰੱਖਣਾ।''
ਮਾਮਲੇ ਦੇ ਜਾਂਚ ਅਧਿਕਾਰੀ, ਪਤਨਚੇਰੂ ਇੰਸਪੈਕਟਰ ਨਰੇਸ਼ ਨੇ ਮੀਡੀਆ ਨੂੰ ਦੱਸਿਆ, "ਸਾਡਾ ਮੰਨਣਾ ਹੈ ਕਿ ਮਨੀਸ਼ਾ ਨੇ ਖੁਦਕੁਸ਼ੀ ਕੀਤੀ ਕਿਉਂਕਿ ਉਨ੍ਹਾਂ ਨੂੰ ਕੀੜੀਆਂ ਤੋਂ ਫੋਬੀਆ ਸੀ।''
ਮਨੋਵਿਗਿਆਨੀ ਐਮ.ਏ. ਕਰੀਮ ਕਹਿੰਦੇ ਹਨ, "ਫੋਬੀਆ ਉਹ ਹੁੰਦਾ ਹੈ ਜਦੋਂ ਲੋਕ ਕਿਸੇ ਖਾਸ ਸਥਿਤੀ ਦਾ ਸਾਹਮਣਾ ਕਰਨ ਜਾਂ ਕਿਸੇ ਖਾਸ ਵਸਤੂ ਨੂੰ ਦੇਖਣ 'ਤੇ ਬਹੁਤ ਜ਼ਿਆਦਾ ਡਰ ਅਤੇ ਘਬਰਾਹਟ ਮਹਿਸੂਸ ਕਰਦੇ ਹਨ।''
ਕੀੜੀਆਂ ਦੇ ਡਰ ਨੂੰ ਮਾਈਰਮੇਕੋਫੋਬੀਆ ਕਿਹਾ ਜਾਂਦਾ ਹੈ।
ਪੁਲਿਸ ਨੇ ਕੀ ਦੱਸਿਆ

ਸੰਗਾਰੇਡੀ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ, "ਮਨਚਿਰਿਆ ਦੇ ਰਹਿਣ ਵਾਲੇ ਚਿੰਦਮ ਸ਼੍ਰੀਕਾਂਤ ਅਤੇ ਮਨੀਸ਼ਾ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਇੱਕ ਧੀ ਹੈ।ਪਿਛਲੇ ਇੱਕ ਸਾਲ ਤੋਂ ਉਹ ਸੰਗਾਰੇਡੀ ਜ਼ਿਲ੍ਹੇ ਦੇ ਅਮੀਨਪੁਰ ਦੇ ਨਵਿਆ ਹੋਮਜ਼ ਵਿੱਚ ਰਹਿ ਰਹੇ ਸਨ।"
"4 ਨਵੰਬਰ ਦੀ ਸ਼ਾਮ ਨੂੰ ਜਦੋਂ ਘਰ ਵਿੱਚ ਕੋਈ ਨਹੀਂ ਸੀ, ਮਨੀਸ਼ਾ ਨੇ ਖੁਦਕੁਸ਼ੀ ਕਰ ਲਈ।"
ਡਾਕਟਰਾਂ ਦੀ ਇੱਕ ਟੀਮ ਨੇ ਪਤਨਚੇਰੂ ਤਹਿਸੀਲਦਾਰ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਸਥਾਨਕ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ।
ਇੰਸਪੈਕਟਰ ਨਰੇਸ਼ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਮਨੀਸ਼ਾ ਨੇ ਕੀੜੀਆਂ ਦੇ ਡਰ ਕਾਰਨ ਖੁਦਕੁਸ਼ੀ ਕੀਤੀ ਹੈ... "ਅੱਗੇ ਜਾਂਚ ਜਾਰੀ ਹੈ।"
ਉਨ੍ਹਾਂ ਦੱਸਿਆ, "4 ਨਵੰਬਰ ਦੀ ਦੁਪਹਿਰ ਨੂੰ ਮਨੀਸ਼ਾ ਆਪਣੀ ਧੀ ਨੂੰ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਛੱਡ ਗਈ ਕਿਉਂਕਿ ਉਸ ਨੇ ਘਰ ਦੀ ਸਫਾਈ ਕਰਨੀ ਸੀ। ਉਸਨੇ ਆਪਣੇ ਪਤੀ ਨੂੰ ਮੈਸੇਜ ਕੀਤਾ ਕਿ ਸ਼ਾਮ ਨੂੰ ਘਰ ਵਾਪਸ ਆਉਣ ਵੇਲੇ ਬੱਚੇ ਲਈ ਕੁਝ ਸਨੈਕਸ ਲੈ ਕੇ ਆਉਣ।''
''ਸਾਡਾ ਮੰਨਣਾ ਹੈ ਕਿ ਉਨ੍ਹਾਂ ਨੇ ਘਰ ਦੀ ਸਫਾਈ ਕਰਦੇ ਸਮੇਂ ਹੀ ਕੀੜੀਆਂ ਨੂੰ ਦੇਖ ਕੇ ਖੁਦਕੁਸ਼ੀ ਕਰ ਲਈ। ਆਪਣੀ ਜਾਨ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਤੀ ਲਈ ਇੱਕ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਲਿਖਿਆ ਸੀ, 'ਸ਼੍ਰੀ, ਮੈਂ ਇਨ੍ਹਾਂ ਕੀੜੀਆਂ ਨਾਲ ਨਹੀਂ ਰਹਿ ਸਕਦੀ। ਪਲੀਜ਼ ਬੱਚੀ ਦਾ ਧਿਆਨ ਰੱਖਣਾ'।''

ਇੰਸਪੈਕਟਰ ਨਰੇਸ਼ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਮਨੀਸ਼ਾ ਨੇ ਆਪਣੇ ਪਤੀ, ਸ਼੍ਰੀਕਾਂਤ ਨੂੰ ਬੱਚੇ ਲਈ ਆਪਣੀਆਂ ਪਿਛਲੀਆਂ ਸੁੱਖਣਾਂ ਪੂਰੀਆਂ ਕਰਨ ਲਈ ਕਿਹਾ।
ਜਾਂਚ ਦੇ ਹਿੱਸੇ ਵਜੋਂ, ਪੁਲਿਸ ਨੇ ਮਨੀਸ਼ਾ ਦੇ ਮਾਪਿਆਂ ਅਤੇ ਉਨ੍ਹਾਂ ਦੇ ਪਤੀ, ਸ਼੍ਰੀਕਾਂਤ ਤੋਂ ਪੁੱਛਗਿੱਛ ਕੀਤੀ।
ਇੰਸਪੈਕਟਰ ਨਰੇਸ਼ ਨੇ ਕਿਹਾ, "ਮਨੀਸ਼ਾ ਬਚਪਨ ਤੋਂ ਹੀ ਕੀੜੀਆਂ ਤੋਂ ਡਰਦੇ ਸਨ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਮੰਚੇਰੀਅਲ ਵਿੱਚ ਪਹਿਲਾਂ ਵੀ ਉਨ੍ਹਾਂ ਦੀ ਇਸ ਸਿਲਸਿਲੇ 'ਚ ਕਾਊਂਸਲਿੰਗ ਹੋ ਚੁੱਕੀ ਸੀ।''
ਬੀਬੀਸੀ ਨੇ ਮਨੀਸ਼ਾ ਦੇ ਪਰਿਵਾਰ ਨਾਲ ਇਸ ਘਟਨਾ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
"ਇਹ ਕੋਈ ਬਿਮਾਰੀ ਨਹੀਂ ਹੈ, ਸਗੋਂ ਇੱਕ ਮਾਨਸਿਕ ਵਿਕਾਰ ਹੈ"

ਕਰੀਮਨਗਰ ਦੇ ਮਨੋਵਿਗਿਆਨੀ ਐਮ.ਏ. ਕਰੀਮ ਨੇ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੇ ਵੇਰਵੇ ਇੱਕ ਗੰਭੀਰ ਡਰ ਦਾ ਸੰਕੇਤ ਦਿੰਦੇ ਹਨ।
ਉਨ੍ਹਾਂ ਕਿਹਾ, "ਇਹ ਇੱਕ ਮਨੋਵਿਗਿਆਨਕ ਵਿਕਾਰ ਹੈ, ਕੋਈ ਬਿਮਾਰੀ ਨਹੀਂ। ਇਹ ਇੱਕ ਕਾਲਪਨਿਕ ਮਨੋਵਿਗਿਆਨਕ ਵਿਕਾਰ ਹੈ ਜਿਸ ਵਿੱਚ ਕਿਸੇ ਅਜਿਹੀ ਚੀਜ਼ ਦੀ ਹੋਂਦ ਨੂੰ ਸਮਝਣਾ ਸ਼ਾਮਲ ਹੈ ਜੋ ਮੌਜੂਦ ਹੀ ਨਹੀਂ ਹੈ।''
''ਬਚਪਨ ਵਿੱਚ ਬਣਿਆ ਅਜਿਹਾ ਡਰ ਜਿਵੇਂ-ਜਿਵੇਂ ਵਧਦਾ ਹੈ, ਇਹ ਇੱਕ ਫੋਬੀਆ ਬਣ ਜਾਂਦਾ ਹੈ ਅਤੇ ਇੱਕ ਭਰਮ ਬਣ ਜਾਂਦਾ ਹੈ। ਉਹ ਇੱਕ ਛੋਟੀ ਕੀੜੀ ਨੂੰ ਵੀ ਹਾਥੀ ਜਿੰਨਾ ਵੱਡਾ ਸਮਝਣਾ ਸ਼ੁਰੂ ਕਰ ਦਿੰਦੇ ਹਨ ਅਤੇ ਡਰ ਜਾਂਦੇ ਹਨ। ਉਹ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਜਾਂਦੇ ਹਨ, ਜਿੱਥੇ ਉਹ ਕੀੜੀਆਂ ਤੋਂ ਵੀ ਡਰ ਜਾਂਦੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ।''
''ਕਿਉਂਕਿ (ਇਸ ਮਾਮਲੇ 'ਚ) ਇੱਥੇ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ, ਇਸ ਲਈ ਅਸੀਂ ਇਹ ਯਕੀਨੀ ਤੌਰ 'ਤੇ ਨਹੀਂ ਕਹਿ ਸਕਦੇ ਕਿ ਇਹੀ (ਕੀੜੀਆਂ ਤੋਂ ਡਰ) ਖੁਦਕੁਸ਼ੀ ਦਾ ਕਾਰਨ ਹੈ। ਇਹ ਸਿਰਫ਼ ਮੰਨਿਆ ਜਾ ਰਿਹਾ ਹੈ।''
ਡਾਕਟਰ ਕਰੀਮ ਕਹਿੰਦੇ ਹਨ ਕਿ ਇਹ ਖ਼ਾਨਦਾਨੀ ਸਮੱਸਿਆ ਨਹੀਂ ਹੈ ਅਤੇ ਕਾਗਨਿਟੀਵ ਬੇਹੇਵਿਰਲ ਥੈਰੇਪੀ (ਸੀਬੀਟੀ) ਵਰਗੇ ਤਰੀਕਿਆਂ ਨਾਲ ਅਜਿਹੇ ਲੋਕਾਂ ਵਿੱਚ ਤਬਦੀਲੀ ਲਿਆਈ ਜਾ ਸਕਦੀ ਹੈ।
ਮਾਈਰਮੇਕੋਫੋਬੀਆ ਕੀ ਹੁੰਦਾ ਹੈ?

ਯੂਨਾਨੀ ਵਿੱਚ ਮਾਈਰਮੈਕਸ ਦਾ ਅਰਥ ਹੁੰਦਾ ਹੈ - ਕੀੜੀ। ਕੀੜੀਆਂ ਦੇ ਡਰ ਨੂੰ ਮਾਈਰਮੈਕਸੋਫੋਬੀਆ ਕਿਹਾ ਜਾਂਦਾ ਹੈ।
ਫੋਬੀਆ ਕਈ ਕਾਰਨਾਂ ਕਰਕੇ ਪੈਦਾ ਹੋ ਸਕਦਾ ਹੈ, ਜਿਸ ਵਿੱਚ ਵਿਕਾਸਵਾਦੀ (ਉਦਾਹਰਣ ਵਜੋਂ, ਸੱਪਾਂ ਵਰਗੇ ਜ਼ਹਿਰੀਲੇ ਜੀਵਾਂ ਦਾ ਆਮ ਡਰ), ਨਿੱਜੀ ਅਨੁਭਵ, ਸੱਭਿਆਚਾਰਕ ਪ੍ਰਭਾਵ ਅਤੇ ਕੀੜੀਆਂ ਬਾਰੇ ਆਮ ਮਨੋਵਿਗਿਆਨਕ ਚਿੰਤਾਵਾਂ ਸ਼ਾਮਲ ਹਨ।
ਫੋਬੀਆ ਸਲਿਊਸ਼ਨ ਵੈੱਬਸਾਈਟ ਮੁਤਾਬਕ, "ਹਾਲਾਂਕਿ, ਇਹ ਦੂਜੇ ਫੋਬੀਆ ਵਾਂਗ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਨਹੀਂ ਹੈ, ਪਰ ਇਹ ਬਿਲਕੁਲ ਦੁਰਲੱਭ ਵੀ ਨਹੀਂ ਹੈ।''
ਫੋਬੀਆ ਸਲਿਊਸ਼ਨ ਮੁਤਾਬਕ, "ਵੱਖ-ਵੱਖ ਫੋਬੀਆ ਦੁਨੀਆਂ ਦੀ ਆਬਾਦੀ ਦੇ ਅੰਦਾਜ਼ਨ 7-9 ਫੀਸਦੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨੇ ਲੋਕ ਫੋਬੀਆ ਤੋਂ ਪੀੜਤ ਹਨ, ਕਿਉਂਕਿ ਬਹੁਤ ਸਾਰੇ ਮਦਦ ਮੰਗਣ ਅੱਗੇ ਹੀ ਨਹੀਂ ਆਉਂਦੇ ਜਾਂ ਆਪਣੇ ਡਰ ਨੂੰ ਫੋਬੀਆ ਵਜੋਂ ਪਛਾਣਦੇ ਹੀ ਨਹੀਂ।''
ਮਹੱਤਵਪੂਰਨ ਸੂਚਨਾ
ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












