ਮਾਨਸਿਕ ਸਿਹਤ ਨਾਲ ਜੂਝ ਰਹੇ ਬਹੁਤੇ ਮਰਦ ਮਦਦ ਲੈਣ ਤੋਂ ਝਿਜਕਦੇ ਕਿਉਂ ਹਨ ਤੇ ਮਾਨਿਸਕ ਪਰੇਸ਼ਾਨੀਆਂ ਦੇ ਮੁੱਖ ਕਾਰਨ ਕੀ ਹਨ

ਤਸਵੀਰ ਸਰੋਤ, Getty Images
- ਲੇਖਕ, ਸੇਲਿਨ ਗਿਰਿਤ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਭਰ ਵਿੱਚ ਨੌਜਵਾਨਾਂ ਅੰਦਰ ਮਾਨਸਿਕ ਤੰਦਰੁਸਤੀ ਬਾਰੇ ਜਾਗਰੂਕਤਾ ਵਧੀ ਹੈ। ਇਨ੍ਹਾਂ ਵਿੱਚ ਖ਼ਾਸ ਕਰਕੇ ਅੱਲ੍ਹੜ ਮੁੰਡੇ ਅਤੇ ਨੌਜਵਾਨ ਮਰਦ ਸ਼ਾਮਲ ਹਨ।
ਸਾਲ 2023 ਵਿੱਚ ਕੀਤੀ ਗਈ ਇੱਕ ਅਮਰੀਕੀ ਖੋਜ ਤੋਂ ਪਤਾ ਲੱਗਿਆ ਹੈ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਮਾਨਸਿਕ ਸਿਹਤ ਲਈ ਮਦਦ ਲੈਣ ਦੀ ਸੰਭਾਵਨਾ 40 ਫ਼ੀਸਦ ਘੱਟ ਹੁੰਦੀ ਹੈ ।
ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਲ੍ਹੜ ਮੁੰਡੇ ਅਤੇ ਨੌਜਵਾਨ ਮਾਨਸਿਕ ਤੰਦਰੁਸਤੀ ਲਈ ਕਦੋਂ, ਕਿਵੇਂ ਅਤੇ ਕਿੱਥੋਂ ਮਦਦ ਮੰਗਦੇ ਹਨ ?
ਯੂਰਪੀਅਨ ਚਾਈਲਡ ਐਂਡ ਅਡੋਲਸੈਂਟ ਸਾਈਕਿਆਰਟੀ ਜਰਨਲ, 2024 ਦੀ ਇੱਕ ਸਮੀਖਿਆ ਵਿੱਚ ਕਿਹਾ ਗਿਆ ਹੈ, "ਇਹ ਚਿੰਤਾਜਨਕ ਹੈ, ਕਿਉਂਕਿ ਕਿਸ਼ੋਰ ਮੁੰਡਿਆਂ ਅਤੇ ਨੌਜਵਾਨ ਮਰਦਾਂ ਵਿੱਚ ਖ਼ੁਦਕੁਸ਼ੀ ਦੀ ਦਰ ਜ਼ਿਆਦਾ ਹੈ ਪਰ ਉਹ ਮਾਨਸਿਕ ਸਿਹਤ ਸੇਵਾਵਾਂ ਦਾ ਲਾਭ ਲੈਣ ਵਿੱਚ ਪਿੱਛੇ ਰਹਿੰਦੇ ਹਨ।"
ਚੁੱਪਚਾਪ ਤਕਲੀਫ਼ ਝੱਲਣਾ

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਪਿਛਲੇ ਸਾਲ ਕੀਤੀ ਗਈ ਇੱਕ ਖੋਜ ਮੁਤਾਬਕ, ਵਿਸ਼ਵ ਪੱਧਰ 'ਤੇ 10 ਤੋਂ 19 ਸਾਲ ਦੀ ਉਮਰ ਵਿਚਾਲੇ ਸੱਤ ਵਿੱਚੋਂ ਇੱਕ ਨਾਬਾਲਗ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦਾ ਹੈ।
ਇਸਦੇ ਵਿੱਚ ਡਿਪਰੈਸ਼ਨ, ਚਿੰਤਾ ਅਤੇ ਵਿਵਹਾਰ ਸਬੰਧੀ ਸਥਿਤੀਆਂ ਸਭ ਤੋਂ ਆਮ ਹਨ ਜੋ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਵਿੱਚ ਖੁਦਕੁਸ਼ੀ ਨਾਲ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਬਣੀਆਂ ਹੋਈਆਂ ਹਨ।
ਲੈਂਸੇਟ ਸਾਈਕਿਆਰਟੀ ਕਮਿਸ਼ਨ ਦੇ ਮੁਤਾਬਕ, ਸਾਰੀਆਂ ਮਾਨਸਿਕ ਸਿਹਤ ਸਥਿਤੀਆਂ ਵਿੱਚੋਂ 75 ਫ਼ੀਸਦ 25 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੁੰਦੀਆਂ ਹਨ ਅਤੇ 15 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਹੁੰਦਾ ਹੈ।
ਹਾਲਾਂਕਿ ਨੌਜਵਾਨ ਸਰੀਰਕ ਤੌਰ 'ਤੇ ਪਹਿਲਾਂ ਨਾਲੋਂ ਸਿਹਤਮੰਦ ਹਨ, ਪਰ ਉਹ ਮਾਨਸਿਕ ਤੌਰ 'ਤੇ ਸੰਘਰਸ਼ ਕਰ ਰਹੇ ਹਨ। ਅਜਿਹੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ।
ਅਜਿਹੀ ਮਾਨਸਿਕ ਸਥਿਤੀ ਦੇ ਚਲਦਿਆਂ ਇਹ ਉਮਰ ਨੌਜਵਾਨਾਂ ਦੀ ਮਾਨਸਿਕ ਸਿਹਤ ਵਿੱਚ 'ਇੱਕ ਖ਼ਤਰਨਾਕ ਪੜਾਅ' ਬਣ ਗਈ ਹੈ।
ਇਸ ਦੇ ਬਾਵਜੂਦ, ਬਹੁਤ ਸਾਰੇ ਕਿਸ਼ੋਰ ਅਤੇ ਨੌਜਵਾਨ ਮੌਜੂਦ ਮਾਨਸਿਕ ਸਿਹਤ ਸੇਵਾਵਾਂ ਦੀ ਵਰਤੋਂ ਨਹੀਂ ਕਰਦੇ।
ਆਸਟ੍ਰੇਲੀਆ ਦੇ ਰਾਸ਼ਟਰੀ ਯੁਵਾ ਹੈਲਥ ਸੈਂਟਰ ਆਫ਼ ਐਕਸੀਲੈਂਸ, ਓਰੀਗੇਨ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮਨੋਵਿਗਿਆਨੀ, ਪ੍ਰੋਫ਼ੈਸਰ ਪੈਟ੍ਰਿਕ ਮੈਕਗੌਰੀ ਕਹਿੰਦੇ ਹਨ, "ਪਿਛਲੇ 15 ਤੋਂ 20 ਸਾਲਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਚਿੰਤਾਜਨਕ ਤੌਰ 'ਤੇ ਵਧੀਆਂ ਹਨ, ਪਰ ਨੌਜਵਾਨ ਮਰਦ ਮਦਦ ਮੰਗਣ ਵਿੱਚ ਬਹੁਤ ਪਿੱਛੇ ਹਨ।"
ਨੌਜਵਾਨ ਮਰਦ ਅਕਸਰ ਉਦੋਂ ਤੱਕ ਮਦਦ ਨਹੀਂ ਲੈਂਦੇ ਜਦੋਂ ਤੱਕ ਉਹ ਗੰਭੀਰ ਸਥਿਤੀ ਤੱਕ ਨਹੀਂ ਪਹੁੰਚ ਜਾਂਦੇ।
ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਵਨਾਤਮਕ ਕਠੋਰਤਾ ਅਤੇ ਸਵੈ-ਨਿਰਭਰਤਾ ਨਾਲ ਜੁੜੇ ਸਮਾਜਿਕ ਨਿਯਮਾਂ ਕਾਰਨ ਵੀ ਮੁੰਡੇ ਮਦਦ ਮੰਗਣ ਲਈ ਅੱਗੇ ਨਹੀਂ ਆਉਂਦੇ।
ਅਧਿਐਨ ਇਹ ਦਰਸਾਉਂਦੇ ਹਨ ਕਿ ਕਮਜ਼ੋਰੀ ਦਿਖਾਉਣਾ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਨੂੰ ਉਹ ਕਮਜ਼ੋਰੀ ਦੀ ਨਿਸ਼ਾਨੀ ਮੰਨਦੇ ਹਨ।
ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਅਤੇ ਮਰਦਾਂ ਲਈ ਇੱਕ ਮਾਨਸਿਕ ਸਿਹਤ ਸਰੋਤ 'ਹੈੱਡਜ਼ ਅੱਪ ਗਾਈਜ਼' ਦੇ ਨਿਰਦੇਸ਼ਕ, ਡਾਕਟਰ ਜੌਨ ਓਗਰੋਡਨਿਕਜ਼ੁਕ ਦੱਸਦੇ ਹਨ ਕਿ ਬਹੁਤ ਸਾਰੇ ਮੁੰਡੇ ਅਜੇ ਵੀ ਮਦਦ ਮੰਗਣ ਨੂੰ ਅਸਫਲਤਾ ਨਾਲ ਜੋੜ ਕੇ ਦੇਖਦੇ ਹਨ।
ਉਹ ਕਹਿੰਦੇ ਹਨ, "ਅਸੀਂ ਮਰਦਾਨਾ ਸਮਾਜੀਕਰਨ ਬਾਰੇ ਗੱਲ ਕਰੀਏ ਤਾਂ ਮਰਦਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ ਇਸਦੇ ਬਹੁਤ ਸਾਰੇ ਨਿਯਮ ਹਨ।"
"ਦ੍ਰਿੜ ਰਹੋ, ਮਜ਼ਬੂਤ ਬਣੋ, ਕਾਬੂ ਵਿੱਚ ਰਹੋ, ਕੋਈ ਕਮਜ਼ੋਰ ਭਾਵਨਾਵਾਂ ਨਾ ਦਿਖਾਓ ਅਤੇ ਆਪਣੀਆਂ ਸਮੱਸਿਆਵਾਂ ਨੂੰ ਖ਼ੁਦ ਹੱਲ ਕਰੋ। ਇਹ ਨਿਯਮ ਮਰਦਾਂ ਨੂੰ ਆਪਣੀਆਂ ਭਾਵਨਾਵਾਂ ਨਾਲ ਜੁੜਨ ਅਤੇ ਲੋੜ ਪੈਣ 'ਤੇ ਮਦਦ ਮੰਗਣ ਤੋਂ ਰੋਕਦੇ ਹਨ।"
ਡਾਕਟਰ ਓਗਰੋਡਨਿਕਜ਼ੁਕ ਕਹਿੰਦੇ ਹਨ ਕਿ ਜਦੋਂ ਮਰਦਾਂ ਨੂੰ ਉਨ੍ਹਾਂ ਦੇ ਲਹਿਜ਼ੇ, ਭਾਸ਼ਾ ਅਤੇ ਰਵੱਈਏ ਦੇ ਮੁਤਾਬਕ ਸਹਾਇਤਾ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਜ਼ਿੰਮੇਦਾਰੀ ਵਧ ਜਾਂਦੀ ਹੈ।
ਗ਼ੈਰ-ਰਸਮੀ ਪਹੁੰਚ

ਤਸਵੀਰ ਸਰੋਤ, Getty Images
ਸਮਾਜਿਕ ਨਿਯਮਾਂ ਅਤੇ ਕਮਜ਼ੋਰੀ ਦੇ ਪੱਖਪਾਤ ਤੋਂ ਇਲਾਵਾ, ਹੋਰ ਵੀ ਕਾਰਨ ਹਨ ਜੋ ਮੁੰਡਿਆਂ ਦੀ ਮਾਨਸਿਕ ਸਿਹਤ ਸਹਾਇਤਾ ਪ੍ਰਤੀ ਸੋਚ ਨੂੰ ਪ੍ਰਭਾਵਤ ਕਰਦੇ ਹਨ।
ਕਈ ਮੁੰਡੇ ਲੱਛਣਾਂ ਦੀ ਪਛਾਣ ਨਹੀਂ ਪਾਉਂਦੇ ਅਤੇ ਨਾ ਹੀ ਉਹ ਇਹ ਜਾਣਦੇ ਹਨ ਕਿ ਉਨ੍ਹਾਂ ਨੂੰ ਕਿਵੇਂ ਅਤੇ ਕਿੱਥੋਂ ਮਦਦ ਮਿਲ ਸਕਦੀ ਹੈ। ਉਹ ਮੌਜੂਦਾ ਡਾਕਟਰੀ ਪ੍ਰਣਾਲੀਆਂ ਨਾਲ ਸਹਿਜ ਮਹਿਸੂਸ ਨਹੀਂ ਕਰਦੇ।
ਕਿਸ਼ੋਰ ਮੁੰਡੇ ਅਤੇ ਨੌਜਵਾਨ ਮਰਦ ਅਕਸਰ ਗ਼ੈਰ-ਰਸਮੀ ਮਦਦ ਦੀ ਮੰਗ ਕਰਦੇ ਹਨ, ਜਿਵੇਂ ਕਿ ਦੋਸਤਾਂ ਨਾਲ ਗੱਲ ਕਰਨਾ, ਚੁੱਪ ਹੋ ਜਾਣਾ, ਆਨਲਾਈਨ ਸਹਾਇਤਾ ਸ਼ਾਮਲ ਹਨ। ਇਹ ਸਭ ਕੰਮ ਉਨ੍ਹਾਂ ਦੀ ਮਦਦ ਲੈਣ ਦੀ ਲੋੜ, ਜ਼ਿੰਮੇਵਾਰੀ ਅਤੇ ਸਰਗਰਮੀ ਉੱਤੇ ਜ਼ਿਆਦਾ ਪ੍ਰਭਾਵ ਪਾਉਂਦੇ ਹਨ।
ਇਸ ਦੇ ਕਾਰਨ ਨੌਜਵਾਨਾਂ ਨੂੰ ਸਹਾਇਤਾ ਦੇ ਰਹੀਆਂ ਕੁਝ ਸੰਸਥਾਵਾਂ ਇਲਾਜ ਦੇ ਰਵਾਇਤੀ ਰੂਪਾਂ ਨੂੰ ਛੱਡ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨਾਲ ਕੰਮ ਕਰਕੇ ਅਜਿਹੀਆਂ ਥਾਵਾਂ ਬਣਾਈਆਂ ਹਨ ਜਿਨ੍ਹਾਂ ਤੱਕ ਉਨ੍ਹਾਂ ਦੀ ਪਹੁੰਚ ਸੌਖੀ ਹੋ ਸਕੇ ਅਤੇ ਇੱਥੇ ਗ਼ੈਰ-ਰਸਮੀ ਗੱਲਬਾਤ ਆਸਾਨੀ ਨਾਲ ਹੋ ਸਕੇ।
ਓਰੀਗੇਨ ਦੇ ਕਾਰਜਕਾਰੀ ਨਿਰਦੇਸ਼ਕ ਪੈਟ੍ਰਿਕ ਮੈਕਗੌਰੀ ਕਹਿੰਦੇ ਹਨ, "ਨੌਜਵਾਨ ਮਰਦ ਪਹਿਲੀ ਵਾਰ ਵਿੱਚ ਕਿਸੇ ਵੀ ਕਾਊਂਸਲਿੰਗ ਰੂਮ ਵਿੱਚ ਬੈਠ ਕੇ ਗੱਲ ਕਰਨ ਵਿੱਚ ਓਨੇਂ ਸਹਿਜ ਨਹੀਂ ਹੋ ਸਕਦੇ ਜਿੰਨੇ ਉਹ ਅਸਲ ਵਿੱਚ ਚਾਹੁੰਦੇ ਹਨ ਅਤੇ ਹੋ ਸਕਦਾ ਹੈ ਕਿ ਉਹ ਬੈਠ ਕੇ ਇੰਟਰਵਿਊ ਨਾ ਕਰਨਾ ਚਾਹੁਣ।"
"ਹੋ ਸਕਦਾ ਹੈ ਕਿ ਉਹ ਕੁਝ ਕਰਦੇ ਸਮੇਂ, ਸੈਰ ਕਰਨ ਵੇਲੇ ਜਾਂ ਫੇਰ ਟੇਬਲ ਟੈਨਿਸ ਖੇਡਦੇ ਸਮੇਂ ਗੱਲ ਕਰਨ ਨੂੰ ਵਧੇਰੇ ਪਸੰਦ ਕਰਨ।"
ਸੋਸ਼ਲ ਮੀਡੀਆ: ਦੋਸਤ ਜਾਂ ਦੁਸ਼ਮਣ?

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ਇੱਕ ਦੋ-ਧਾਰੀ ਤਲਵਾਰ ਹੈ। ਇਹ ਇਕੱਲੇ ਹੋ ਚੁੱਕੇ ਨੌਜਵਾਨਾਂ ਨੂੰ ਆਪਸ ਵਿੱਚ ਜੋੜ ਸਕਦਾ ਹੈ ਅਤੇ ਚੰਗੀ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ, ਪਰ ਇਹ ਉਨ੍ਹਾਂ ਨੂੰ ਨੁਕਸਾਨਦੇਹ ਵਿਚਾਰਾਂ ਅਤੇ ਮਰਦਾਂ ਦੇ ਨਕਾਰਾਤਮਕ ਆਦਰਸ਼ਾਂ ਦੇ ਸੰਪਰਕ ਵਿੱਚ ਲਿਆ ਸਕਦਾ ਹੈ।
ਇੱਕ ਕਲੀਨੀਕਲ ਮਨੋਵਿਗਿਆਨੀ ਅਤੇ ਮੋਵੈਂਮਬਰ ਇੰਸਟੀਚਿਊਟ ਆਫ਼ ਮੈਨਜ਼ ਹੈਲਥ ਦੇ ਗਲੋਬਲ ਡਾਇਰੈਕਟਰ ਡਾਕਟਰ ਸਾਈਮਨ ਰਾਈਸ ਕਹਿੰਦੇ ਹਨ, "ਜ਼ਿਆਦਾਤਰ ਨੌਜਵਾਨ ਮਰਦ ਅਤੇ ਉਨ੍ਹਾਂ ਦੀ ਮਰਦਾਨਗੀ ਨਾਲ ਸਬੰਧਿਤ ਸਮੱਗਰੀ ਦੇਖ ਰਹੇ ਹਨ।"
ਮੋਵੈਂਮਬਰ ਦੀ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ "ਮੈਨੋਸਫੀਅਰ" ਨਾਲ ਸਬੰਧਤ ਸਮੱਗਰੀ ਮਤਲਬ ਮਰਦਾਨਗੀ ਨਾਲ ਜੁੜੀ ਸਮੱਗਰੀ ਦੇਖੀ ਉਨ੍ਹਾਂ ਨੌਜਵਾਨਾਂ ਦੀ ਮਾਨਸਿਕ ਸਿਹਤ ਉਨ੍ਹਾਂ ਦੇ ਸਾਥੀਆਂ ਨਾਲੋਂ ਮਾੜੀ ਸੀ।
ਪਰ ਡਾਕਟਰ ਸਾਈਮਨ ਰਾਈਸ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਾਰੀ ਸਮੱਗਰੀ ਨਕਾਰਾਤਮਕ ਨਹੀਂ ਹੈ ਅਤੇ ਸੋਸ਼ਲ ਮੀਡੀਆ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਇੱਕ ਲਾਭਦਾਇਕ ਸਾਧਨ ਵੀ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ, ਭਾਈਚਾਰਿਆਂ ਨੂੰ ਇਕੱਠੇ ਲਿਆਉਣ, ਚੰਗੀ ਸਿਹਤ ਅਤੇ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਅਤੇ ਇਸਦੇ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨੂੰ ਘਟਾਉਣ ਲਈ ਕਰੀਏ।"
ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਐਲਗੋਰਿਦਮ ਇਸਦੇ ਵਿੱਚ ਇੱਕ ਚੁਣੌਤੀ ਹਨ ਕਿਉਂਕਿ ਉਸਨੂੰ ਇਸੇ ਤਰੀਕੇ ਤਿਆਰ ਕੀਤਾ ਗਿਆ ਹੈ ਜਿਸਦੇ ਨਾਲ ਸਮੱਗਰੀ ਦੇ ਵਾਇਰਲ ਹੋਣ ਦੀ ਸੰਭਾਵਨਾ ਜ਼ਿਆਦਾ ਹੋਵੇ। ਕਿਸੇ ਵੀ ਸਕਾਰਾਤਮਕ ਅਤੇ ਸਿਹਤ ਨਾਲ ਸਬੰਧਤ ਸਮੱਗਰੀ ਲਈ "ਐਲਗੋਰਿਦਮ ਮੁਤਾਬਕ ਚੱਲਣਾ" ਔਖਾ ਹੁੰਦਾ ਹੈ।

ਆਕਸਫੋਰਡ ਯੂਨੀਵਰਸਿਟੀ ਵਿੱਚ ਕਿਸ਼ੋਰ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਮੀਨਾ ਫ਼ਜ਼ਲ ਇਸ ਗੱਲ ਨਾਲ ਸਹਿਮਤ ਹਨ ਕਿ ਕਿਸ਼ੋਰਾਂ ਅਤੇ ਅਤੇ ਉਨ੍ਹਾਂ ਦੇ ਨਾਲ ਜੁੜੇ ਲੋਕਾਂ ਨੂੰ ਇਹ ਸਿਖਾਉਣਾ ਮਹੱਤਵਪੂਰਨ ਹੈ ਕਿ ਸੋਸ਼ਲ ਮੀਡੀਆ ਐਲਗੋਰਿਦਮ ਕਿਵੇਂ ਕੰਮ ਕਰਦਾ ਹੈ।
ਉਹ ਜਲਦੀ ਹੀ ਪ੍ਰਕਾਸ਼ਿਤ ਹੋਣ ਵਾਲੇ ਇੱਕ ਅਧਿਐਨ ਵੱਲ ਇਸ਼ਾਰਾ ਕਰਦੇ ਹਨ, ਜਿਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਤਿਹਾਈ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਦੇਖੀ ਹੈ।
ਪਰ ਪ੍ਰੋਫ਼ੈਸਰ ਫਜ਼ਲ ਕਹਿੰਦੇ ਹਨ ਕਿ ਇਸਦੇ ਲਈ ਇਕੱਲੇ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਦੋਂਕਿ ਸਮਾਜ ਵਿੱਚ ਹੋ ਰਹੀਆਂ ਵਿਆਪਕ ਤਬਦੀਲੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਪਰਿਵਾਰ ਅਤੇ ਭਾਈਚਾਰਕ ਢਾਂਚੇ ਦੀ ਬਣਤਰ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਸੋਸ਼ਲ ਮੀਡੀਆ ਬਹੁਤ ਸਾਰੇ ਨੌਜਵਾਨਾਂ ਲਈ ਸਹਾਇਕ ਭੂਮਿਕਾ ਨਿਭਾ ਸਕਦਾ ਹੈ।"
ਇਕੱਲਾਪਣ ਇੱਕ ਵੱਡਾ ਕਾਰਨ

ਤਸਵੀਰ ਸਰੋਤ, Getty Images
ਮੁੰਡਿਆਂ ਦੇ ਸਾਹਮਣੇ ਆਉਣ ਵਾਲੀਆਂ ਸਭ ਤੋਂ ਵੱਡੀਆਂ ਅਤੇ ਅਕਸਰ ਅਣਦੇਖੀਆਂ ਚੁਣੌਤੀਆਂ ਵਿੱਚੋਂ ਇੱਕ ਇਕੱਲਾਪਣ ਹੈ।
ਮਈ ਵਿੱਚ ਪ੍ਰਕਾਸ਼ਿਤ ਇੱਕ ਗੈਲਪ ਸਰਵੇਖਣ ਮੁਤਾਬਕ, 15 ਤੋਂ 34 ਸਾਲ ਦੀ ਉਮਰ ਦੇ 25 ਫ਼ੀਸਦੀ ਅਮਰੀਕੀ ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਲੰਬੇ ਸਮੇਂ ਤੋਂ ਇੱਕਲਾਪਣ ਮਹਿਸੂਸ ਕੀਤਾ ਹੈ।
ਇਹ ਅੰਕੜਾ ਕੌਮੀ ਔਸਤ 18 ਫ਼ੀਸਦੀ ਤੋਂ ਵੱਧ ਹੈ। ਨੌਜਵਾਨ ਔਰਤਾਂ ਲਈ ਇਹ ਅੰਕੜਾ ਵੀ 18 ਫ਼ੀਸਦੀ ਹੀ ਹੈ।
ਡਾਕਟਰ ਓਗਰੋਡਨਿਕਜ਼ੁਕ ਦਾ ਕਹਿਣਾ ਹੈ ਕਿ ਹੈਡਸ ਅੱਪ ਗਾਈਜ਼ ਦੇ ਅੰਕੜੇ ਦਰਸਾਉਂਦੇ ਹਨ ਕਿ ਇਕੱਲਾਪਣ ਅਤੇ ਮਕਸਦ ਦੀ ਘਾਟ ਨੌਜਵਾਨ ਮਰਦਾਂ ਵਿੱਚ ਤਣਾਅ ਦੇ ਦੋ ਸਭ ਤੋਂ ਪ੍ਰਮੁੱਖ ਕਾਰਨ ਹਨ।
ਇਸ ਲਈ ਮਾਹਰ ਨੌਜਵਾਨਾਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹਨ। ਜਿੱਥੇ ਕਿਸ਼ੋਰ ਮੁੰਡੇ ਦੋਸਤੀ ਦੇ ਨਾਲ-ਨਾਲ ਰੋਜ਼ਾਨਾ ਜੀਵਨ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ।
ਇਸਦਾ ਅਰਥ ਹੈ ਕਿ ਅਸੀਂ ਮੈਂਟਰਸ਼ਿਪ ਪ੍ਰੋਗਰਾਮ ਚਲਾ ਸਕਦੇ ਹਾਂ, ਸਹਿਕਰਮੀ ਸਹਾਇਤਾ ਗਰੁੱਪ ਬਣਾ ਸਕਦੇ ਹਾਂ ਜਾਂ ਫਿਰ ਕਲਾਸਾਂ ਵਿੱਚ ਮਾਨਸਿਕ ਸਿਹਤ ਬਾਰੇ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲਣ 'ਤੇ ਵਿਚਾਰ ਕਰ ਸਕਦੇ ਹਾਂ।
ਸਕੂਲਾਂ ਦੀ ਭੂਮਿਕਾ

ਤਸਵੀਰ ਸਰੋਤ, Getty Images
ਪ੍ਰੋਫ਼ੈਸਰ ਮੀਨਾ ਫ਼ਜ਼ਲ ਕਹਿੰਦੇ ਹਨ, "ਇੱਕ ਬਹੁਤ ਹੀ ਸਕਾਰਾਤਮਕ ਸੰਕੇਤ ਹੈ ਕਿ ਜਦੋਂ ਨੌਜਵਾਨ ਮੁੰਡੇ ਮਦਦ ਮੰਗਦੇ ਹਨ, ਤਾਂ ਉਨ੍ਹਾਂ ਨੂੰ ਆਮ ਤੌਰ 'ਤੇ ਉਹ ਮਦਦ ਫ਼ਾਇਦੇਮੰਦ ਲੱਗਦੀ ਹੈ।"
ਉਹ ਕਹਿੰਦੇ ਹਨ, "ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਮਦਦ ਕਿੱਥੋਂ ਮਿਲਦੀ ਹੈ। ਇਹ ਸਕੂਲ ਵੀ ਹੋ ਸਕਦਾ ਹੈ, ਸਮਾਜਿਕ ਸੇਵਾਵਾਂ ਹੋ ਸਕਦੀਆਂ ਹੈ, ਜਾਂ ਕਿਸੇ ਭਾਈਚਾਰੇ ਤੋਂ ਮਿਲ ਸਕਦੀ ਹੈ।"
ਇਸ ਗੱਲ ਦੇ ਸਬੂਤ ਵੱਧ ਰਹੇ ਹਨ ਕਿ ਸਕੂਲ ਮੁੰਡਿਆਂ ਦੀ ਭਲਾਈ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
ਅਕਾਦਮਿਕ ਦਬਾਅ, ਖ਼ਾਸ ਕਰਕੇ ਉਨ੍ਹਾਂ ਹਾਲਾਤ ਵਿੱਚ ਜਿੱਥੇ ਮੁੰਡੇ ਕੁੜੀਆਂ ਤੋਂ ਪਿੱਛੇ ਰਹਿ ਜਾਂਦੇ ਹਨ, ਇਹ ਚਿੰਤਾ, ਨਿਰਾਸ਼ਾ ਅਤੇ ਇਕੱਲੇਪਣ ਨੂੰ ਵਧਾਉਣ ਦਾ ਕਾਰਨ ਬਣ ਸਕਦੇ ਹਨ।
ਪ੍ਰੋਫ਼ੈਸਰ ਫ਼ਜ਼ਲ ਦਾ ਮੰਨਣਾ ਹੈ ਕਿ ਮੁੰਡਿਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਦੇ ਢਾਂਚੇ ਨੂੰ ਬਦਲਣ ਦੀ ਲੋੜ ਹੈ।
ਉਹ ਕਹਿੰਦੇ ਹਨ, "ਦੁਨੀਆ ਦੇ ਜ਼ਿਆਦਾਤਰ ਬੱਚਿਆਂ ਕੋਲ ਸਕੂਲ ਤੱਕ ਪਹੁੰਚ ਹੈ, ਇਸ ਲਈ ਸ਼ਾਇਦ ਇਹ ਉਹ ਥਾਂ ਹੈ ਜਿੱਥੇ ਸਾਨੂੰ ਸਿਰਫ਼ ਬੱਚਿਆਂ ਦੀ ਸਿੱਖਿਆ ਬਾਰੇ ਹੀ ਨਹੀਂ, ਸਗੋਂ ਕਿਸ਼ੋਰਾਂ ਦੇ ਰੂਪ ਵਿੱਚ ਵਿਕਾਸ ਦਾ ਵਿਆਪਕ ਅਰਥ ਕੀ ਹੈ, ਖ਼ਾਸ ਕਰਕੇ ਮੁੰਡਿਆਂ ਲਈ, ਇਸ ਬਾਰੇ ਸੋਚਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












