ਤੁਹਾਡੇ ਲਈ ਇਕੱਲਤਾ ਮਹਿਸੂਸ ਹੋਣਾ ਕਦੋਂ ਬੇਹੱਦ ਖ਼ਤਰਨਾਕ ਹੋ ਸਕਦਾ ਹੈ, ਇਕੱਲਤਾ ਤੇ ਇਕੱਲੇ ਰਹਿਣ 'ਚ ਕੀ ਫ਼ਰਕ ਹੈ

ਤਸਵੀਰ ਸਰੋਤ, Getty Images
- ਲੇਖਕ, ਆਂਡਰੇ ਬਿਅਰਨਾਥ
- ਰੋਲ, ਬੀਬੀਸੀ ਪੱਤਰਕਾਰ
ਇਕੱਲਤਾ ਤੁਹਾਡੀ ਸਿਹਤ ਲਈ ਬਹੁਤ ਮਾੜੀ ਹੈ। ਕੁਝ ਮਾਹਰਾਂ ਦੇ ਮੁਤਾਬਕ ਇਹ ਇੱਕ ਦਿਨ ਵਿੱਚ 15 ਸਿਗਰਟਾਂ ਪੀਣ ਜਿੰਨਾ ਹੀ ਖ਼ਤਰਨਾਕ ਹੈ।
ਅਸੀਂ ਹਮੇਸ਼ਾ ਆਪਣੇ ਸਮਾਰਟਫ਼ੋਨਾਂ ਨਾਲ ਜੁੜੇ ਰਹਿੰਦੇ ਹਾਂ ਅਤੇ ਸਾਡੇ 'ਤੇ ਇੱਕ ਦਿਨ ਵਿੱਚ ਸੈਂਕੜੇ ਡਿਜ਼ੀਟਲ ਸੁਨੇਹਿਆਂ ਦੀ ਭਰਮਾਰ ਹੁੰਦੀ ਹੈ ਪਰ, ਇਸ ਨਾਲ ਸਾਨੂੰ ਹਮੇਸ਼ਾ ਚੰਗਾ ਮਹਿਸੂਸ ਨਹੀਂ ਹੁੰਦਾ।
ਦਰਅਸਲ, ਇਹ ਨਿਰੰਤਰ ਸੰਪਰਕ ਸਾਡੇ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। ਇਸ ਨਾਲ ਬਹੁਤ ਸਾਰੇ ਲੋਕ ਸ਼ਾਂਤੀ ਲਈ ਤਰਸ ਜਾਂਦੇ ਹਨ। ਤਾਂ ਕੀ ਇਨ੍ਹਾਂ ਸਾਰੀਆਂ ਚੀਜ਼ਾਂ ਵਿਚਕਾਰ ਕਿਸੇ ਕਿਸਮ ਦਾ ਸੰਤੁਲਨ ਲੱਭਣਾ ਸੰਭਵ ਹੈ?
ਬੀਬੀਸੀ ਨੇ ਇਸ ਬਾਰੇ ਸਿਹਤ ਮਾਹਰਾਂਂ ਨਾਲ ਗੱਲ ਕੀਤੀ ਹੈ

ਕੀ ਇਕੱਲਤਾ ਜਾਂ ਇਕੱਲੇ ਰਹਿਣਾ ਵਿੱਚ ਕੋਈ ਫ਼ਰਕ ਹੈ?

ਤਸਵੀਰ ਸਰੋਤ, Getty Images
ਭਾਵੇਂ ਇਕੱਲਤਾ ਇੱਕ ਪੁਰਾਣੀ ਸਮੱਸਿਆ ਹੈ, ਪਰ ਕੋਰੋਨਾ ਮਹਾਂਮਾਰੀ ਦੌਰਾਨ ਲੰਬੇ ਸਮੇਂ ਤੱਕ ਲੌਕਡਾਊਨ ਅਤੇ ਲੋਕਾਂ ਵਿਚਕਾਰ ਦੂਰੀ ਦੇ ਕਾਰਨ ਲੱਖਾਂ ਲੋਕਾਂ ਲਈ ਇਕੱਲਤਾ ਵੱਡੀ ਚੁਣੌਤੀ ਬਣ ਗਈ ਹੈ।
ਇਸ ਨਾਲ ਬਹੁਤ ਸਾਰੇ ਲੋਕ ਇਕੱਲਾਪਨ ਮਹਿਸੂਸ ਕਰਨ ਲੱਗ ਪਏ ਸਨ।
ਬਰਤਾਨੀਆ ਦੀ ਸ਼ੈਫੀਲਡ ਹਾਲਮ ਯੂਨੀਵਰਸਿਟੀ ਵਿੱਚ ਇਕੱਲਤਾ ਬਾਰੇ ਪੜ੍ਹਾਉਣ ਵਾਲੀ ਐਂਡਰੀਆ ਵਿਗਫੀਲਡ ਕਹਿੰਦੇ ਹਨ ਕਿ ਇਕੱਲਤਾ ਇੱਕ ਅਸਹਿਜ ਭਾਵਨਾ ਹੈ।
ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਹਾਡੇ ਕੋਲ ਓਨੇ ਵੱਖ-ਵੱਖ ਤਰ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ ਜਿੰਨੇ ਤੁਸੀਂ ਚਾਹੁੰਦੇ ਹੋ।
ਮਾਹਿਰਾਂ ਦਾ ਕਹਿਣਾ ਹੈ ਕਿ ਇਕੱਲਤਾ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਰਿਸ਼ਤੇ ਓਨੇ ਚੰਗੇ ਨਹੀਂ ਹਨ ਜਿੰਨੇ ਤੁਸੀਂ ਚਾਹੁੰਦੇ ਹੋ।
ਇਹ ਉਦੋਂ ਵੀ ਹੋ ਸਕਦਾ ਹੈ ਜਦੋਂ ਤੁਸੀਂ ਆਪਣੇ ਰਿਸ਼ਤਿਆਂ ਦੀ ਤੁਲਨਾ ਦੂਜਿਆਂ ਨਾਲ ਕਰਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਹਾਡੀ ਦੋਸਤੀ ਇੰਨੀ ਮਜ਼ਬੂਤ ਨਹੀਂ ਹੈ।
ਜੇਕਰ ਤੁਸੀਂ ਇਕੱਲੇ ਹੋ, ਤਾਂ ਤੁਸੀਂ ਜਲਦੀ ਹੀ ਇਕੱਲਤਾ ਵਿੱਚ ਫਸ ਸਕਦੇ ਹੋ। ਪਰ ਇਹ ਵੀ ਸੱਚ ਹੈ ਕਿ ਤੁਸੀਂ ਲੋਕਾਂ ਦੀ ਭੀੜ ਵਿੱਚ ਵੀ ਇਕੱਲਤਾ ਦਾ ਅਨੁਭਵ ਕਰ ਸਕਦੇ ਹੋ।
ਵਿਗਫੀਲਡ ਕਹਿੰਦੇ ਹਨ ਕਿ ਇਹ ਮਹਿਸੂਸ ਕਰਨਾ ਕਿ ਤੁਸੀਂ ਕਿਸੇ ਨਾਲ ਜੁੜੇ ਹੋਏ ਨਹੀਂ ਹੋ ਜਾਂ ਤੁਹਾਡੇ ਰਿਸ਼ਤੇ ਮਜ਼ਬੂਤ ਨਹੀਂ ਹਨ, ਤੁਹਾਨੂੰ ਉਦਾਸ ਅਤੇ ਇਕੱਲਤਾ ਮਹਿਸੂਸ ਕਰਵਾ ਸਕਦਾ ਹੈ।
ਕੁਝ ਭਾਸ਼ਾਵਾਂ ਵਿੱਚ, ਲੋਕ ਇਕੱਲਤਾ ਅਤੇ ਖੁਦ ਤੋਂ ਇਕੱਲੇ ਰਹਿਣਾ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ।
ਹਾਲਾਂਕਿ, ਖੁਦ ਤੋਂ ਅਲੱਗ ਰਹਿਣਾ ਥੋੜ੍ਹਾ ਵੱਖਰਾ ਹੈ ਕਿਉਂਕਿ ਆਮ ਤੌਰ 'ਤੇ ਕੁਝ ਸਮੇਂ ਲਈ ਇਕੱਲੇ ਰਹਿਣਾ ਸ਼ਾਂਤੀ ਅਤੇ ਆਰਾਮ ਦਾ ਅਹਿਸਾਸ ਦਿੰਦਾ ਹੈ।
ਬਰਤਾਨੀਆ ਦੀ ਡਰਹਮ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਥੂਈ ਵੀ ਨਗੁਏਨ ਦਾ ਕਹਿਣਾ ਹੈ ਕਿ ਇਕੱਲੇ ਰਹਿਣ ਦਾ ਮਤਲਬ ਹੈ ਬਿਨਾਂ ਦੂਜਿਆਂ ਨਾਲ ਗੱਲ ਕੀਤੇ ਅਤੇ ਸੋਸ਼ਲ ਮੀਡੀਆ 'ਤੇ ਵੀ ਕਿਸੇ ਨਾਲ ਗੱਲਬਾਤ ਕੀਤੇ ਵਗੈਰ, ਇਕੱਲੇ ਸਮਾਂ ਬਿਤਾਉਣਾ।
ਇਕੱਲਤਾ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

ਤਸਵੀਰ ਸਰੋਤ, Getty Images
ਇਕੱਲਤਾ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ।
ਕੈਂਬਰਿਜ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਕੱਲਤਾ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਟਾਈਪ 2 ਸ਼ੂਗਰ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਇਸ ਦੇ ਨਾਲ ਹੀ ਲਾਗ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਵਿਗਫੀਲਡ ਦਾ ਕਹਿਣਾ ਹੈ ਕਿ ਇਸ ਗੱਲ ਦੇ ਵੀ ਸਬੂਤ ਹਨ ਕਿ ਇਕੱਲਤਾ ਯਾਦਦਾਸ਼ਤ ਦੀ ਘਾਟ, ਡਿਪਰੈਸ਼ਨ, ਚਿੰਤਾ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦੀ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਕੱਲਤਾ ਸਿਹਤ ਨੂੰ ਕਿਉਂ ਨੁਕਸਾਨ ਪਹੁੰਚਾਉਂਦੀ ਹੈ।
ਡਾਕਟਰਾਂ ਦਾ ਮੰਨਣਾ ਹੈ ਕਿ ਕਿਉਂਕਿ ਇਕੱਲਤਾ ਸਰੀਰ 'ਤੇ ਵਧੇਰੇ ਤਣਾਅ ਪਾਉਂਦੀ ਹੈ ਅਤੇ ਮਾਨਸਿਕ ਗਤੀਵਿਧੀ ਨੂੰ ਘਟਾਉਂਦੀ ਹੈ।
ਇਸ ਨਾਲ ਮਾਨਸਿਕ ਸਿਹਤ ਸਮੱਸਿਆਵਾਂ ਹੋਰ ਵੀ ਵਿਗੜ ਸਕਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਚਾਰ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਸਮਾਜਿਕ ਤੌਰ 'ਤੇ ਅਲੱਗ-ਥਲੱਗ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ 5 ਤੋਂ 15 ਫ਼ੀਸਦ ਨਬਾਲਗ ਵੀ ਇਕੱਲਤਾ ਦੇ ਸ਼ਿਕਾਰ ਹਨ।
ਕੁਝ ਸਮੂਹਾਂ ਨੂੰ ਇਕੱਲਤਾ ਦਾ ਵਧੇਰੇ ਖ਼ਤਰਾ ਹੁੰਦਾ ਹੈ, ਭਾਵੇਂ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ।
ਇਹਨਾਂ ਵਿੱਚ ਪ੍ਰਵਾਸੀ, ਘੱਟ ਗਿਣਤੀ ਲੋਕ, ਪਨਾਹਗਾਹ, ਐਲਜੀਟੀਬੀਕਿਉਂ, ਦੇਖਭਾਲ ਕਰਨ ਵਾਲੇ ਅਤੇ ਸਿਹਤ ਸਮੱਸਿਆਵਾਂ ਨਾਲ ਜੁਝ ਰਹੇ ਲੋਕ ਸ਼ਾਮਲ ਹਨ।
ਇਕੱਲੇਪਣ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?
ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਕੱਲਤਾ ਨਾਲ ਨਜਿੱਠਣ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।
ਅੱਜ ਦੇ ਸਮੇਂ ਇਕੱਲਤਾ ਅਹਿਮ ਮੁੱਦਾ ਬਣ ਗਿਆ ਹੈ, ਕਿਉਂਕਿ ਇਸਦਾ ਸਿਹਤ ਸੰਭਾਲ, ਸਮਾਜਿਕ ਸੇਵਾਵਾਂ ਅਤੇ ਆਰਥਿਕਤਾ 'ਤੇ ਬਹੁਤ ਪ੍ਰਭਾਵ ਪੈਂਦਾ ਹੈ।
ਖੋਜ ਦਰਸਾਉਂਦੀ ਹੈ ਕਿ ਦੂਜਿਆਂ ਦੀ ਸੇਵਾ ਕਰਨਾ ਇਕੱਲਤਾ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ।
ਹਾਂਗਕਾਂਗ ਵਿੱਚ, 375 ਵਲੰਟੀਅਰਾਂ ਨੂੰ ਸ਼ਾਮਲ ਕਰਨ ਵਾਲੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਆਪਣਾ ਖਾਲੀ ਸਮਾਂ ਕੁਝ ਅਜਿਹਾ ਕਰਨ ਵਿੱਚ ਬਿਤਾਉਣ ਨਾਲ ਜੋ ਤੁਹਾਨੂੰ ਪਸੰਦ ਹੈ, ਇਕੱਲਤਾ ਘੱਟ ਸਕਦੀ ਹੈ।
ਇਹ ਖਾਸ ਕਰਕੇ ਬਜ਼ੁਰਗਾਂ ਲਈ ਫਾਇਦੇਮੰਦ ਹੈ।
ਆਸਟ੍ਰੇਲੀਆ ਅਤੇ ਨੀਦਰਲੈਂਡ ਇਕੱਲਤਾ ਘਟਾਉਣ ਲਈ ਇੱਕ ਵੱਖਰਾ ਤਰੀਕਾ ਅਪਣਾ ਰਹੇ ਹਨ।
ਉਹ ਬਜ਼ੁਰਗ ਅਤੇ ਨੌਜਵਾਨ ਲੋਕਾਂ ਨੂੰ ਕਮਿਊਨਿਟੀ ਸੈਂਟਰਾਂ ਜਾਂ ਰਿਹਾਇਸ਼ੀ ਖੇਤਰਾਂ ਵਰਗੀਆਂ ਥਾਵਾਂ 'ਤੇ ਇਕੱਠੇ ਸਮਾਂ ਬਿਤਾਉਣ ਲਈ ਉਤਸ਼ਾਹਿਤ ਕਰਦੇ ਹਨ।
ਯੂਕੇ ਵਿੱਚ, 'ਸੋਸ਼ਲ ਪ੍ਰਸਕ੍ਰਾਬਿੰਗ' ਦਾ ਤਰੀਕਾ ਵੀ ਵਧ ਰਿਹਾ ਹੈ। ਇਸ ਵਿੱਚ ਦਵਾਈ ਲਿਖਣ ਦੀ ਬਜਾਏ, ਡਾਕਟਰ ਅਜਿਹੇ ਪ੍ਰੋਗਰਾਮਾਂ ਦੀ ਸਿਫ਼ਾਰਸ਼ ਕਰਦੇ ਹਨ ਜੋ ਇਕੱਲੇ ਲੋਕਾਂ ਨੂੰ ਦੂਜਿਆਂ ਨਾਲ ਜੁੜਨ ਵਿੱਚ ਮਦਦ ਕਰਦੇ ਹਨ।
ਮਨੋਵਿਗਿਆਨੀ, ਹਾਓਲਾਨ ਲਿਆਂਗ ਕਹਿੰਦੇ ਹਨ ਕਿ ਸਮਾਵੇਸ਼ੀ ਭਾਈਚਾਰੇ ਬਣਾਉਣਾ ਜ਼ਰੂਰੀ ਹੈ ਜਿੱਥੇ ਲੋਕ ਇਕੱਠੇ ਕੰਮ ਕਰਨ ਅਤੇ ਹਰ ਕੋਈ ਆਪਣੀ ਕਦਰ ਮਹਿਸੂਸ ਕਰਦਾ ਹੋਵੇ।
ਲਿਆਂਗ ਕਹਿੰਦੇ ਹਨ, "ਦੂਜਿਆਂ ਨਾਲ ਗੱਲਬਾਤ ਕਰਨਾ, ਦਿਆਲੂ ਹੋਣਾ ਅਤੇ ਮਦਦ ਦੀ ਪੇਸ਼ਕਸ਼ ਕਰਨਾ ਇਕੱਲਤਾ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ।"
ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਰ ਕਿਸੇ ਲਈ ਇਹ ਜਾਂਚਣਾ ਜ਼ਰੂਰੀ ਹੈ ਕਿ ਉਹ ਆਪਣੇ ਰਿਸ਼ਤਿਆਂ ਅਤੇ ਦੋਸਤੀਆਂ ਤੋਂ ਕਿੰਨੇ ਖੁਸ਼ ਹਨ।
ਤੁਹਾਨੂੰ ਇਕੱਲੇਪਣ ਦੇ ਲੱਛਣਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਕਿ ਲੰਬੇ ਸਮੇਂ ਤੱਕ ਉਦਾਸ ਮਹਿਸੂਸ ਕਰਨਾ, ਸਮਾਜਿਕ ਤੌਰ 'ਤੇ ਮੇਲ-ਜੋਲ ਨਾ ਰੱਖਣਾ ਜਾਂ ਘਰ ਵਿੱਚ ਵਧੇਰੇ ਸਮਾਂ ਬਿਤਾਉਣਾ।
ਹੋਰ ਲੱਛਣਾਂ ਵਿੱਚ ਦੂਜਿਆਂ ਤੋਂ ਅਲੱਗ-ਥਲੱਗ ਮਹਿਸੂਸ ਕਰਨਾ ਜਾਂ ਆਪਣੇ ਆਲੇ ਦੁਆਲੇ ਦੀਆਂ ਥਾਵਾਂ ਨਾਲ ਜੁੜਿਆ ਹੋਇਆ ਮਹਿਸੂਸ ਨਾ ਕਰਨਾ ਸ਼ਾਮਲ ਹੈ।
ਕੀ ਆਪਣੀ ਮਰਜ਼ੀ ਨਾਲ ਇਕੱਲੇ ਰਹਿਣਾ ਗਲਤ ਹੈ?

ਤਸਵੀਰ ਸਰੋਤ, Getty Images
ਪ੍ਰੋਫੈਸਰ ਨਗੁਏਨ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਜਿਨ੍ਹਾਂ ਨੂੰ ਮਜ਼ਬੂਤ, ਸਹਾਇਕ ਰਿਸ਼ਤਿਆਂ ਦੀ ਲੋੜ ਹੁੰਦੀ ਹੈ।
ਉਹ ਕਹਿੰਦੇ ਹਨ, "ਲੋਕ ਅਕਸਰ ਸੋਚਦੇ ਹਨ ਕਿ ਇਕੱਲੇ ਸਮਾਂ ਬਿਤਾਉਣਾ ਮਾੜਾ ਹੈ, ਕਿਉਂਕਿ ਅਸੀਂ ਇਕੱਠੇ ਰਹਿਣ ਦੀ ਮਹੱਤਤਾ 'ਤੇ ਬਹੁਤ ਜ਼ੋਰ ਦਿੰਦੇ ਹਾਂ, ਪਰ ਇਕੱਲੇ ਰਹਿਣਾ ਅਸਲ ਵਿੱਚ ਸਾਨੂੰ ਸ਼ਾਂਤ ਅਤੇ ਤਣਾਅ ਮੁਕਤ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।"
ਬਰਤਾਨੀਆ ਦੀ ਰੀਡਿੰਗ ਯੂਨੀਵਰਸਿਟੀ ਦੇ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਦੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ।
ਖੋਜਕਰਤਾਵਾਂ ਨੇ 21 ਦਿਨਾਂ ਲਈ 178 ਲੋਕਾਂ ਦੀ ਨਿਗਰਾਨੀ ਕੀਤੀ। ਇਸ ਸਮੇਂ ਦੌਰਾਨ ਤਣਾਅ, ਖੁਸ਼ੀ, ਆਜ਼ਾਦੀ ਅਤੇ ਇਕੱਲਤਾ ਦੀਆਂ ਭਾਵਨਾਵਾਂ ਦੇ ਪੱਧਰਾਂ ਦੀ ਨਿਗਰਾਨੀ ਕੀਤੀ ਗਈ ਸੀ।
ਇਸ ਅਧਿਐਨ ਨੇ ਦਿਖਾਇਆ ਕਿ ਇਕੱਲੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਾਡਾ ਤਣਾਅ ਘੱਟਦਾ ਹੈ ਅਤੇ ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ।
ਖੋਜਕਰਤਾਵਾਂ ਦੇ ਅਨੁਸਾਰ, ਇਹ ਦਰਸਾਉਂਦਾ ਹੈ ਕਿ ਇਕੱਲੇ ਰਹਿਣ ਨਾਲ ਸ਼ਾਂਤੀ ਦਾ ਅਨੁਭਵ ਮਿਲਦਾ ਹੈ।
ਹਾਲਾਂਕਿ, ਜਿਨ੍ਹਾਂ ਦਿਨਾਂ ਵਿੱਚ ਉਹ ਜ਼ਿਆਦਾ ਸਮਾਂ ਇਕੱਲੇ ਬਿਤਾਉਂਦੇ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਵਧੇਰੇ ਇਕੱਲੇ ਅਤੇ ਘੱਟ ਸੰਤੁਸ਼ਟ ਮਹਿਸੂਸ ਕੀਤਾ ਸੀ।
ਆਪਣੇ ਲਈ ਚੰਗੇ ਪਲ ਕਿਵੇਂ ਲੱਭਣੇ ਹਨ?

ਤਸਵੀਰ ਸਰੋਤ, Getty Images
ਅਧਿਐਨ ਦਰਸਾਉਂਦੇ ਹਨ ਕਿ ਇਕੱਲੇ ਸਮਾਂ ਬਿਤਾਉਣ ਨਾਲ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਅਤੇ ਆਜ਼ਾਦ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ।
ਇਹ ਖਾਸ ਤੌਰ 'ਤੇ ਮਦਦਗਾਰ ਹੋ ਸਕਦਾ ਹੈ ਜਦੋਂ ਤੁਸੀਂ ਬਹੁਤ ਤਣਾਅ ਮਹਿਸੂਸ ਕਰ ਰਹੇ ਹੋਵੋ।
ਇਕੱਲੇ ਸਮਾਂ ਬਿਤਾਉਣ ਨਾਲ ਤੁਹਾਡੀ ਮਾਨਸਿਕ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਤੁਸੀਂ ਭਾਵਨਾਤਮਕ ਤੌਰ 'ਤੇ ਮਜ਼ਬੂਤ ਹੋ ਸਕਦੇ ਹੋ। ਪਰ, ਕੁਝ ਲੋਕਾਂ ਲਈ ਇਕੱਲੇ ਸਮਾਂ ਬਿਤਾਉਣਾ ਮੁਸ਼ਕਲ ਹੋ ਸਕਦਾ ਹੈ।
ਪ੍ਰੋਫੈਸਰ ਨਗੁਏਨ ਇਕੱਲੇ ਸਮਾਂ ਬਿਤਾਉਣ ਨੂੰ ਇੱਕ ਨਿਯਮਤ ਆਦਤ ਬਣਾਉਣ ਦੀ ਸਿਫਾਰਸ਼ ਕਰਦੇ ਹਨ। ਉਹ ਸਿਫ਼ਾਰਸ਼ ਕਰਦੇ ਹਨ ਕਿ ਤੁਸੀਂ ਆਪਣੇ ਫ਼ੋਨ ਦੀ ਵਰਤੋਂ ਕੀਤੇ ਵਗੈਰ ਆਪਣੇ ਨਾਲ ਸਮਾਂ ਬਿਤਾਓ।
ਉਹ ਕਹਿੰਦੇ ਹਨ, "ਜਦੋਂ ਵੀ ਲੋਕ ਮੈਨੂੰ ਪੁੱਛਦੇ ਹਨ ਕਿ ਇਕੱਲੇ ਰਹਿਣ ਦਾ ਫਾਇਦਾ ਕਿਵੇਂ ਉਠਾਉਣਾ ਹੈ, ਮੈਂ ਹਮੇਸ਼ਾ ਛੋਟੀਆਂ ਚੀਜ਼ਾਂ ਨਾਲ ਸ਼ੁਰੂਆਤ ਕਰਨ ਦੀ ਸਿਫਾਰਸ਼ ਕਰਦੀ ਹਾਂ, ਜਿਵੇਂ ਕਿ ਆਪਣੇ ਲਈ ਦਿਨ ਵਿੱਚ ਸਿਰਫ਼ 15 ਮਿੰਟ ਕੱਢਣਾ।"
ਇਸ ਥੋੜ੍ਹੇ ਸਮੇਂ ਵਿੱਚ, ਤੁਸੀਂ ਇਸ ਗੱਲ ਦਾ ਧਿਆਨ ਰੱਖ ਸਕਦੇ ਹੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਤੁਹਾਨੂੰ ਕੀ ਕਰਨਾ ਪਸੰਦ ਹੈ। ਜਿਵੇਂ-ਜਿਵੇਂ ਦਿਨ ਬੀਤਦੇ ਜਾਂਦੇ ਹਨ, ਤੁਸੀਂ ਇਸ ਸਮੇਂ ਨੂੰ ਮਿੰਟ-ਦਰ-ਮਿੰਟ ਵਧਾਉਣਾ ਸ਼ੁਰੂ ਕਰ ਸਕਦੇ ਹੋ।
ਉਹ ਕਹਿੰਦੇ ਹਨ, "ਕਈ ਵਾਰ ਲੋਕ ਕੁਝ ਦਿਨਾਂ ਲਈ ਆਪਣਾ ਸਕ੍ਰੀਨ ਟਾਈਮ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਘਟਾਉਣਾ ਬਾਰੇ ਸੋਚਦੇ ਹਨ। ਇਸ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਅਤੇ ਉਹ ਭਵਿੱਖ ਵਿੱਚ ਦੁਬਾਰਾ ਕੋਸ਼ਿਸ਼ ਕਰਨ ਸਮੇਂ ਆਨਾਕਾਨੀ ਕਰ ਸਕਦੇ ਹਨ।"
ਕੀ ਇਕੱਲੇ ਰਹਿਣ ਦੀ ਕੋਈ ਸੀਮਾ ਹੈ?
ਰੀਡਿੰਗ ਯੂਨੀਵਰਸਿਟੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਲੋਕ ਇਕੱਲੇ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਹ ਜ਼ਿਆਦਾ ਇਕੱਲੇ ਅਤੇ ਘੱਟ ਖੁਸ਼ ਮਹਿਸੂਸ ਕਰਦੇ ਹਨ।
ਭਾਵੇਂ ਉਹ ਆਪਣੀ ਮਰਜ਼ੀ ਨਾਲ ਇਕੱਲੇ ਰਹਿਣਾ ਚੁਣਦੇ ਹਨ, ਪਰ ਇਹ ਉਨ੍ਹਾਂ ਨੂੰ ਚੰਗਾ ਮਹਿਸੂਸ ਨਹੀਂ ਕਰਵਾਉਂਦਾ। ਹਾਲਾਂਕਿ, ਇਹ ਭਾਵਨਾਵਾਂ ਕਈ ਦਿਨਾਂ ਤੱਕ ਮਹਿਸੂਸ ਨਹੀਂ ਹੁੰਦੀਆਂ।
ਨਗੁਏਨ ਦੇ ਅਨੁਸਾਰ, ਇਕੱਲੇ ਸਮੇਂ ਦਾ ਸਹੀ ਸੰਤੁਲਨ ਬਣਾਉਣ ਲਈ ਘੰਟਿਆਂ ਦੀ ਕੋਈ ਨਿਰਧਾਰਤ ਗਿਣਤੀ ਨਹੀਂ ਹੈ। ਇਸਦੀ ਬਜਾਏ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਲ ਕਿੰਨਾ ਚੰਗਾ ਹੈ।
ਉਹ ਕਹਿੰਦੇ ਹਨ ਕਿ ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਕੱਲਤਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਜਾਗਣ ਦੇ 75 ਫ਼ੀਸਦ ਸਮੇਂ ਲਈ ਇਕੱਲੇ ਹੁੰਦੇ ਹਾਂ।
ਉਹ ਕਹਿੰਦੇ ਹਨ ਕਿ ਇਕੱਲੇ ਰਹਿਣ ਦਾ ਸਹੀ ਸਮਾਂ ਹਰ ਕਿਸੇ ਲਈ ਵੱਖਰਾ ਹੁੰਦਾ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਰ ਰੋਜ਼ ਕਿਵੇਂ ਮਹਿਸੂਸ ਕਰਦੇ ਹੋ। ਪਰ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਕਰਨ ਲਈ ਕੁਝ ਚੀਜ਼ਾਂ ਕੀ ਹਨ?
ਮਾਹਰ ਅਜਿਹੀਆਂ ਚੀਜ਼ਾਂ ਕਰਨ ਦੀ ਸਲਾਹ ਦਿੰਦੇ ਹਨ ਜੋ ਤੁਹਾਡੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਅਤੇ ਤੁਹਾਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਨ।
ਇਸ ਲਈ, ਸਾਡੇ ਕੋਲ ਬਹੁਤ ਸਾਰੇ ਵਿਕਲਪ ਉਪਲਬਧ ਹਨ। ਜਿਵੇਂ ਕਿ ਪੜ੍ਹਨਾ, ਰੁੱਖ ਲਗਾਉਣਾ, ਸੈਰ ਕਰਨਾ, ਗਾਣੇ ਸੁਣਨਾ, ਖਾਣਾ ਪਕਾਉਣਾ ਅਤੇ ਘਰ ਦੀ ਸਜਾਵਟ ਕਰਨਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












