ਭਾਰਤੀ ਪਾਸਪੋਰਟ ਦੀ ਗਲੋਬਲ ਰੈਂਕਿੰਗ ਵਿੱਚ ਗਿਰਾਵਟ ਕਿਉਂ ਆ ਰਹੀ ਹੈ, ਵਿਦੇਸ਼ ਜਾਣ ਵਾਲੇ ਭਾਰਤੀਆਂ 'ਤੇ ਇਸ ਦਾ ਕੀ ਅਸਰ ਪੈਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸ਼ਰਲਿਨ ਮੋਲਨ
- ਰੋਲ, ਬੀਬੀਸੀ ਨਿਊਜ਼, ਮੁੰਬਈ
ਇਸ ਸਾਲ ਦੇ ਸ਼ੁਰੂ ਵਿੱਚ, ਇੱਕ ਭਾਰਤੀ ਟਰੈਵਲ ਇੰਫਲੂਐਂਸਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਭਾਰਤ ਦੇ ਕਮਜ਼ੋਰ ਪਾਸਪੋਰਟ ਬਾਰੇ ਸ਼ਿਕਾਇਤ ਕਰ ਰਹੇ ਸਨ।
ਆਪਣੇ ਇਸ ਵੀਡੀਓ ਵਿੱਚ ਉਨ੍ਹਾਂ ਕਿਹਾ ਸੀ ਕਿ ਭੂਟਾਨ ਅਤੇ ਸ਼੍ਰੀਲੰਕਾ ਵਰਗੇ ਗੁਆਂਢੀ ਦੇਸ਼ ਭਾਰਤੀ ਸੈਲਾਨੀਆਂ ਦਾ ਵਧੇਰੇ ਸਵਾਗਤ ਕਰਦੇ ਹਨ, ਪਰ ਜ਼ਿਆਦਾਤਰ ਪੱਛਮੀ ਅਤੇ ਯੂਰਪੀਅਨ ਦੇਸ਼ਾਂ ਦੀ ਯਾਤਰਾ ਲਈ ਵੀਜ਼ਾ ਪ੍ਰਾਪਤ ਕਰਨਾ ਇੱਕ ਚੁਣੌਤੀ ਬਣਿਆ ਰਹਿੰਦਾ ਹੈ।
ਭਾਰਤ ਦੇ ਕਮਜ਼ੋਰ ਪਾਸਪੋਰਟ 'ਤੇ ਉਨ੍ਹਾਂ ਨੇ ਜੋ ਨਾਰਾਜ਼ਗੀ ਜ਼ਾਹਿਰ ਕੀਤੀ, ਉਹੀ ਸਥਿਤੀ ਹਾਲ ਹੀ ਵਿੱਚ ਜਾਰੀ ਕੀਤੇ ਗਏ ਹੈਨਲੇ ਪਾਸਪੋਰਟ ਇੰਡੈਕਸ ਵਿੱਚ ਵੀ ਝਲਕਦੀ ਹੈ।
ਹੈਨਲੇ ਪਾਸਪੋਰਟ ਇੰਡੈਕਸ, ਵੀਜ਼ਾ-ਮੁਕਤ ਯਾਤਰਾ 'ਤੇ ਅਧਾਰਤ ਦੁਨੀਆਂ ਦੇ ਪਾਸਪੋਰਟਾਂ ਲਈ ਇੱਕ ਰੈਂਕਿੰਗ ਪ੍ਰਣਾਲੀ ਹੈ। ਇਸ ਨੇ ਭਾਰਤ ਨੂੰ 199 ਦੇਸ਼ਾਂ ਵਿੱਚੋਂ 85ਵੇਂ ਸਥਾਨ 'ਤੇ ਰੱਖਿਆ ਹੈ, ਜੋ ਪਿਛਲੇ ਸਾਲ ਨਾਲੋਂ ਵੀ ਪੰਜ ਸਥਾਨ ਹੇਠਾਂ ਹੈ।
ਭਾਰਤ ਸਰਕਾਰ ਨੇ ਅਜੇ ਤੱਕ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬੀਬੀਸੀ ਨੇ ਇਸ ਸਬੰਧ 'ਚ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ।
57 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ ਭਾਰਤੀ

ਤਸਵੀਰ ਸਰੋਤ, Getty Images
ਰਵਾਂਡਾ, ਘਾਨਾ ਅਤੇ ਅਜ਼ਰਬਾਈਜਾਨ ਵਰਗੇ ਦੇਸ਼, ਜਿਨ੍ਹਾਂ ਦੀਆਂ ਅਰਥਵਿਵਸਥਾਵਾਂ, ਵਿਸ਼ਵ ਪੱਧਰ 'ਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਨਾਲੋਂ ਬਹੁਤ ਛੋਟੀਆਂ ਹਨ - ਰੈਂਕਿੰਗ ਵਿੱਚ ਕ੍ਰਮਵਾਰ 78ਵੇਂ, 74ਵੇਂ ਅਤੇ 72ਵੇਂ ਸਥਾਨ 'ਤੇ ਹਨ।
ਦਰਅਸਲ, ਭਾਰਤ ਦੀ ਰੈਂਕਿੰਗ ਪਿਛਲੇ ਦਹਾਕੇ ਤੋਂ 80 ਦੇ ਆਸ-ਪਾਸ ਰਹੀ ਹੈ, ਇੱਥੋਂ ਤੱਕ ਕਿ 2021 ਵਿੱਚ ਤਾਂ ਇਹ 90ਵੇਂ ਸਥਾਨ 'ਤੇ ਵੀ ਪਹੁੰਚ ਗਈ ਸੀ। ਇਹ ਰੈਂਕਿੰਗ ਜਾਪਾਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ਵਰਗੇ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਨਿਰਾਸ਼ਾਜਨਕ ਹੈ, ਜਿਨ੍ਹਾਂ ਨੇ ਲਗਾਤਾਰ ਸਿਖਰਲੇ ਸਥਾਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ।
ਪਿਛਲੇ ਸਾਲ ਵਾਂਗ, ਸਿੰਗਾਪੁਰ 193 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਦੇ ਨਾਲ ਸੂਚਕਾਂਕ ਵਿੱਚ ਸਿਖਰ 'ਤੇ ਰਿਹਾ। ਦੱਖਣੀ ਕੋਰੀਆ 190 ਵੀਜ਼ਾ-ਮੁਕਤ ਸਥਾਨਾਂ ਦੇ ਨਾਲ ਦੂਜੇ ਸਥਾਨ 'ਤੇ ਰਿਹਾ, ਅਤੇ ਜਾਪਾਨ 189 ਦੇ ਨਾਲ ਤੀਜੇ ਸਥਾਨ 'ਤੇ ਰਿਹਾ।
ਇਸ ਦੌਰਾਨ, ਭਾਰਤੀ ਪਾਸਪੋਰਟ ਧਾਰਕ 57 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।
ਅਫਰੀਕੀ ਦੇਸ਼ ਮੌਰੀਤਾਨੀਆ ਵੀ ਭਾਰਤ ਦੇ ਨਾਲ 85ਵੇਂ ਸਥਾਨ 'ਤੇ ਹੈ।
ਪਿਛਲੇ ਕੁਝ ਸਾਲਾਂ 'ਚ ਭਾਰਤੀ ਪਾਸਪੋਰਟ ਦੀ ਸਥਿਤੀ ਕਿਹੋ ਜਿਹੀ ਰਹੀ

ਤਸਵੀਰ ਸਰੋਤ, Getty Images
ਪਾਸਪੋਰਟ ਦੀ ਤਾਕਤ ਕਿਸੇ ਦੇਸ਼ ਦੀ ਸ਼ਕਤੀ ਵਿੱਚ ਨਰਮਾਈ ਅਤੇ ਵਿਸ਼ਵਵਿਆਪੀ ਪ੍ਰਭਾਵ ਨੂੰ ਦਰਸਾਉਂਦੀ ਹੈ। ਇਹ ਇਸਦੇ ਨਾਗਰਿਕਾਂ ਲਈ ਵਧੇਰੇ ਗਤੀਸ਼ੀਲਤਾ, ਵਪਾਰ ਅਤੇ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦੀ ਹੈ। ਇੱਕ ਕਮਜ਼ੋਰ ਪਾਸਪੋਰਟ ਦਾ ਅਰਥ ਹੈ ਵਧੇਰੇ ਕਾਗਜ਼ੀ ਕਾਰਵਾਈ, ਉੱਚ ਵੀਜ਼ਾ ਲਾਗਤਾਂ, ਘੱਟ ਯਾਤਰਾ ਸਹੂਲਤਾਂ ਅਤੇ ਯਾਤਰਾ ਲਈ ਲੰਮੀ ਉਡੀਕ।
ਪਰ ਰੈਂਕਿੰਗ ਵਿੱਚ ਗਿਰਾਵਟ ਦੇ ਬਾਵਜੂਦ, ਪਿਛਲੇ ਦਹਾਕੇ ਦੌਰਾਨ ਭਾਰਤੀਆਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਅਸਲ ਵਿੱਚ ਵਧੀ ਹੈ।
ਉਦਾਹਰਣ ਵਜੋਂ, ਸਾਲ 2014 ਵਿੱਚ - ਜਿਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਆਈ ਸੀ - 52 ਦੇਸ਼ਾਂ ਨੇ ਭਾਰਤੀਆਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਪੇਸ਼ਕਸ਼ ਕੀਤੀ ਸੀ ਅਤੇ ਭਾਰਤ ਦਾ ਪਾਸਪੋਰਟ ਰੈਂਕਿੰਗ ਵਿੱਚ 76ਵੇਂ ਸਥਾਨ 'ਤੇ ਸੀ।
ਇੱਕ ਸਾਲ ਬਾਅਦ, ਇਹ 85ਵੇਂ ਸਥਾਨ 'ਤੇ ਡਿੱਗ ਗਿਆ। ਫਿਰ 2023 ਅਤੇ 2024 ਵਿੱਚ 80ਵੇਂ ਸਥਾਨ 'ਤੇ ਪਹੁੰਚ ਗਿਆ ਅਤੇ ਇਸ ਸਾਲ ਵਾਪਸ 85ਵੇਂ ਸਥਾਨ 'ਤੇ ਆ ਗਿਆ।
ਇਸ ਦੌਰਾਨ, ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ ਵਾਲੇ ਸਥਾਨ 2015 ਵਿੱਚ 52 ਤੋਂ ਵਧ ਕੇ 2023 ਵਿੱਚ 60 ਅਤੇ 2024 ਵਿੱਚ 62 ਹੋ ਗਏ।
ਸਾਲ 2025 ਵਿੱਚ ਵੀਜ਼ਾ-ਮੁਕਤ ਸਥਾਨਾਂ ਦੀ ਗਿਣਤੀ (57) ਹੈ ਜੋ ਕਿ 2015 (52) ਨਾਲੋਂ ਵੱਧ ਹੈ, ਫਿਰ ਵੀ ਭਾਰਤ ਦੋਵਾਂ ਸਾਲਾਂ ਵਿੱਚ 85ਵੇਂ ਸਥਾਨ 'ਤੇ ਹੈ। ਤਾਂ ਅਜਿਹਾ ਕਿਉਂ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਇੱਕ ਮੁੱਖ ਕਾਰਨ ਵਿਸ਼ਵ ਪੱਧਰ ਦੀ ਗਤੀਸ਼ੀਲਤਾ ਵਿੱਚ ਵਧਿਆ ਮੁਕਾਬਲਾ ਹੈ - ਜਿਸ ਦਾ ਮਤਲਬ ਹੈ ਕਿ ਦੇਸ਼ ਆਪਣੇ ਨਾਗਰਿਕਾਂ ਅਤੇ ਆਪਣੀ ਅਰਥਵਿਵਸਥਾ ਨੂੰ ਲਾਭ ਪਹੁੰਚਾਉਣ ਲਈ ਵਧੇਰੇ ਯਾਤਰਾ ਸਾਂਝੇਦਾਰੀ ਵਿੱਚ ਸ਼ਾਮਲ ਹੋ ਰਹੇ ਹਨ।
ਰਿਪੋਰਟ ਕੀ ਕਹਿੰਦੀ ਹੈ

ਤਸਵੀਰ ਸਰੋਤ, Getty Images
ਹੈਨਲੇ ਐਂਡ ਪਾਰਟਨਰਜ਼ ਦੀ 2025 ਦੀ ਰਿਪੋਰਟ ਦੇ ਅਨੁਸਾਰ, ਯਾਤਰੀਆਂ ਦੁਆਰਾ ਵੀਜ਼ਾ-ਮੁਕਤ ਯਾਤਰਾ ਕਰਨ ਵਾਲੇ ਸਥਾਨਾਂ ਦੀ ਵਿਸ਼ਵਵਿਆਪੀ ਔਸਤ ਗਿਣਤੀ 2006 ਵਿੱਚ 58 ਤੋਂ ਦੁੱਗਣੀ ਹੋ ਕੇ 2025 ਵਿੱਚ 109 ਹੋ ਗਈ ਹੈ।
ਉਦਾਹਰਣ ਵਜੋਂ, ਚੀਨ ਨੇ ਪਿਛਲੇ ਦਹਾਕੇ ਵਿੱਚ ਆਪਣੇ ਨਾਗਰਿਕਾਂ ਦੁਆਰਾ ਜਾ ਸਕਣ ਵਾਲੇ ਵੀਜ਼ਾ-ਮੁਕਤ ਸਥਾਨਾਂ ਦੀ ਗਿਣਤੀ 50 ਤੋਂ ਵਧਾ ਕੇ 82 ਕਰ ਦਿੱਤੀ ਹੈ। ਨਤੀਜੇ ਵਜੋਂ, ਇਸੇ ਸਮੇਂ ਇਹ ਸੂਚਕਾਂਕ ਵਿੱਚ 94ਵੇਂ ਤੋਂ ਸੁਧਰ ਕੇ 60ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਇਸ ਦੌਰਾਨ, ਭਾਰਤ - ਜੋ ਜੁਲਾਈ ਵਿੱਚ ਸੂਚਕਾਂਕ 'ਤੇ 77ਵੇਂ ਸਥਾਨ 'ਤੇ ਸੀ ਕਿਉਂਕਿ ਉਸ ਸਮੇਂ ਇਸ ਦੀ 59 ਦੇਸ਼ਾਂ ਤੱਕ ਵੀਜ਼ਾ-ਮੁਕਤ ਪਹੁੰਚ ਸੀ, ਪਰ ਫਿਰ ਦੋ ਦੇਸ਼ਾਂ ਤੱਕ ਇਹ ਪਹੁੰਚ ਗੁਆਉਣ ਤੋਂ ਬਾਅਦ ਅਕਤੂਬਰ ਵਿੱਚ 85ਵੇਂ ਸਥਾਨ 'ਤੇ ਆ ਗਿਆ। (ਹੈਨਲੇ ਪਾਸਪੋਰਟ ਸੂਚਕਾਂਕ ਨੂੰ ਗਲੋਬਲ ਵੀਜ਼ਾ ਨੀਤੀਆਂ ਵਿੱਚ ਬਦਲਾਅ ਨੂੰ ਦਰਸਾਉਣ ਲਈ ਤਿਮਾਹੀ ਵਿੱਚ ਅਪਡੇਟ ਕੀਤਾ ਜਾਂਦਾ ਹੈ)
1980 ਦੇ ਦਹਾਕੇ ਤੋਂ ਬਾਅਦ ਕੀ ਬਦਲਾਅ ਆਇਆ

ਅਰਮੀਨੀਆ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਅਚਲ ਮਲਹੋਤਰਾ ਦਾ ਕਹਿਣਾ ਹੈ ਕਿ ਕੁਝ ਹੋਰ ਕਾਰਕ ਵੀ ਕਿਸੇ ਦੇਸ਼ ਦੇ ਪਾਸਪੋਰਟ ਦੀ ਤਾਕਤ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਇਸ ਦੀ ਆਰਥਿਕ ਅਤੇ ਰਾਜਨੀਤਿਕ ਸਥਿਰਤਾ ਅਤੇ ਨਾਲ ਹੀ ਇਹ ਕਿ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਗਰਿਕਾਂ ਦਾ ਕਿੰਨੇ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ।
ਉਦਾਹਰਣ ਵਜੋਂ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਪਾਸਪੋਰਟ ਸਿਖਰਲੇ 10 ਦੇਸ਼ਾਂ ਵਿੱਚੋਂ ਬਾਹਰ ਹੋ ਗਿਆ ਹੈ ਅਤੇ ਹੁਣ 12ਵੇਂ ਸਥਾਨ 'ਤੇ ਹੈ - ਜਿੱਥੇ ਹੋਣਾ ਇਸ ਦੇ ਲਈ ਇੱਕ ਇਤਿਹਾਸਿਕ ਗੱਲ ਹੈ - ਕਿਉਂਕਿ ਵਿਸ਼ਵ ਰਾਜਨੀਤੀ ਵਿੱਚ ਇਸ ਦਾ ਰੁਖ਼ ਤੇਜ਼ੀ ਨਾਲ ਅਲੱਗ-ਥਲੱਗ ਹੋ ਗਿਆ ਹੈ।
ਅਚਲ ਮਲਹੋਤਰਾ ਯਾਦ ਕਰਦੇ ਹਨ ਕਿ ਕਿਵੇਂ 1970 ਦੇ ਦਹਾਕੇ ਵਿੱਚ ਭਾਰਤੀਆਂ ਨੇ ਕਈ ਪੱਛਮੀ ਅਤੇ ਯੂਰਪੀਅਨ ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਦਾ ਆਨੰਦ ਮਾਣਿਆ, ਪਰ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਮੰਗ ਉੱਠਣ ਤੋਂ ਬਾਅਦ ਇਹ ਸਥਿਤੀ ਬਦਲ ਗਈ। ਇਸ ਦੌਰਾਨ ਭਾਰਤ ਵਿੱਚ ਸਿੱਖਾਂ ਲਈ ਇੱਕ ਸੁਤੰਤਰ ਦੇਸ਼ ਦੀ ਮੰਗ ਕੀਤੀ ਅਤੇ ਅੰਦਰੂਨੀ ਗੜਬੜ ਪੈਦਾ ਕੀਤੀ। ਬਾਅਦ ਦੇ ਸਿਆਸੀ ਉਥਲ-ਪੁਥਲ ਨੇ ਇੱਕ ਸਥਿਰ, ਲੋਕਤੰਤਰੀ ਦੇਸ਼ ਵਾਲੀ ਭਾਰਤ ਦੀ ਛਵੀ ਨੂੰ ਹੋਰ ਵੀ ਖਰਾਬ ਕਰ ਦਿੱਤਾ।
ਭਾਰਤੀ ਪਾਸਪੋਰਟ ਦੇ ਕਮਜ਼ੋਰ ਹੋਣ ਦੇ ਕੀ ਹਨ ਕਾਰਨ

ਤਸਵੀਰ ਸਰੋਤ, Getty Images
ਮਲਹੋਤਰਾ ਕਹਿੰਦੇ ਹਨ, "ਬਹੁਤ ਸਾਰੇ ਦੇਸ਼ ਪਰਵਾਸੀਆਂ ਪ੍ਰਤੀ ਵੀ ਵਧੇਰੇ ਸਾਵਧਾਨ ਹੋ ਰਹੇ ਹਨ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਦੂਜੇ ਦੇਸ਼ਾਂ ਵਿੱਚ ਪਰਵਾਸ ਕਰਦੇ ਹਨ ਜਾਂ ਆਪਣੇ ਵੀਜ਼ੇ ਦੀ ਸੀਮਾ ਤੋਂ ਵੱਧ ਸਮੇਂ ਤੱਕ ਰੁਕੇ ਰਹਿੰਦੇ ਹਨ, ਜੋ ਦੇਸ਼ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ।"
ਮਲਹੋਤਰਾ ਕਹਿੰਦੇ ਹਨ ਕਿ ਕਿਸੇ ਦੇਸ਼ ਦਾ ਪਾਸਪੋਰਟ ਕਿੰਨਾ ਸੁਰੱਖਿਅਤ ਹੈ ਅਤੇ ਇਸ ਦੀਆਂ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਕਿਹੋ-ਜਿਹੀਆਂ ਹਨ, ਇਹ ਗੱਲਾਂ ਦੂਜੇ ਦੇਸ਼ਾਂ ਤੱਕ ਵੀਜ਼ਾ-ਮੁਕਤ ਪਹੁੰਚ ਪ੍ਰਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਭਾਰਤ ਦਾ ਪਾਸਪੋਰਟ ਸੁਰੱਖਿਆ ਖਤਰਿਆਂ ਦੇ ਮਾਮਲੇ 'ਚ ਕਮਜ਼ੋਰ ਰਹਿੰਦਾ ਹੈ। ਸਾਲ 2024 ਵਿੱਚ ਦਿੱਲੀ ਪੁਲਿਸ ਨੇ ਕਥਿਤ ਵੀਜ਼ਾ ਅਤੇ ਪਾਸਪੋਰਟ ਧੋਖਾਧੜੀ ਦੇ ਇਲਜ਼ਾਮ ਹੇਠ 203 ਲੋਕਾਂ ਨੂੰ ਗ੍ਰਿਫਤਾਰ ਕੀਤਾ। ਭਾਰਤ ਆਪਣੀਆਂ ਗੁੰਝਲਦਾਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਅਤੇ ਹੌਲੀ ਵੀਜ਼ਾ ਪ੍ਰਕਿਰਿਆ ਲਈ ਵੀ ਜਾਣਿਆ ਜਾਂਦਾ ਹੈ।
ਮਲਹੋਤਰਾ ਕਹਿੰਦੇ ਹਨ ਕਿ ਤਕਨੀਕੀ ਤਰੱਕੀ, ਜਿਵੇਂ ਕਿ ਭਾਰਤ ਦੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਇਲੈਕਟ੍ਰਾਨਿਕ ਪਾਸਪੋਰਟ ਜਾਂ ਈ-ਪਾਸਪੋਰਟ, ਸੁਰੱਖਿਆ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾ ਸਕਦੇ ਹਨ। ਈ-ਪਾਸਪੋਰਟਾਂ ਵਿੱਚ ਇੱਕ ਛੋਟੀ ਜਿਹੀ ਚਿੱਪ ਹੁੰਦੀ ਹੈ ਜੋ ਬਾਇਓਮੈਟ੍ਰਿਕ ਜਾਣਕਾਰੀ ਨੂੰ ਸਟੋਰ ਕਰਦੀ ਹੈ, ਜਿਸ ਨਾਲ ਦਸਤਾਵੇਜ਼ ਨੂੰ ਜਾਅਲੀ ਬਣਾਉਣਾ ਜਾਂ ਛੇੜਛਾੜ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਪਰ ਭਾਰਤੀਆਂ ਦੀ ਗਲੋਬਲ ਗਤੀਸ਼ੀਲਤਾ ਅਤੇ ਭਾਰਤ ਦੀ ਪਾਸਪੋਰਟ ਰੈਂਕਿੰਗ ਨੂੰ ਵਧਾਉਣ ਲਈ ਵਧੇਰੇ ਕੂਟਨੀਤਕ ਸੰਪਰਕ ਅਤੇ ਯਾਤਰਾ ਸਮਝੌਤੇ ਹੀ ਸਭ ਤੋਂ ਮਹੱਤਵਪੂਰਨ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












