ਤਰਨ ਤਾਰਨ ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ ਅਤੇ ਅਕਾਲੀ ਦਲ ਦੇ ਦੂਜੇ ਥਾਂ 'ਤੇ ਆਉਣ ਦਾ ਸਿਆਸੀ ਸੁਨੇਹਾ ਕੀ ਹੈ

ਤਸਵੀਰ ਸਰੋਤ, SS Badal FB/Bhagwant Mann X
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਥਕ ਸੀਟ ਵੱਜੋਂ ਜਾਣੀ ਜਾਂਦੀ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਹਰਮੀਤ ਸਿੰਘ ਸੰਧੂ ਇਸੇ ਸੀਟ ਤੋਂ ਸਾਲ 2022 ਵਿੱਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 'ਆਪ' ਉਮੀਦਵਾਰ ਕਸ਼ਮੀਰ ਸਿੰਘ ਤੋਂ ਹਾਰੇ ਸਨ ਅਤੇ ਜੂਨ ਮਹੀਨੇ ਕਸ਼ਮੀਰ ਸਿੰਘ ਦੀ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ।
ਸ਼ੁੱਕਰਵਾਰ ਨੂੰ ਆਏ ਜ਼ਿਮਨੀ ਚੋਣ ਦੇ ਨੀਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 42,649, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30, 558, ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਨੂੰ 19,620,ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਨੂੰ 15,078 ਵੋਟਾਂ ਅਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ 6,239 ਵੋਟਾਂ ਮਿਲੀਆਂ ਹਨ।
ਸੱਤਾਧਾਰੀ ਪਾਰਟੀ ਦੀ ਜਿੱਤ ਅਤੇ ਪੰਥਕ ਧਿਰਾਂ ਦੇ ਆਜ਼ਾਦ ਲੜਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੂਜੇ ਨੰਬਰ ਉਪਰ ਰਹੇ ਹਨ।
ਤਰਨ ਤਾਰਨ ਵਿਧਾਨ ਸਭਾ ਹਲਕਾ ਖ਼ਡੂਰ ਸਾਹਿਬ ਲੋਕ ਸਭਾ ਸੀਟ ਦੇ ਅਧੀਨ ਆਉਂਦਾ ਹੈ ਅਤੇ ਇੱਥੋਂ ਸਾਲ 2024 ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਅਮ੍ਰਿਤਪਾਲ ਸਿੰਘ ਨੇ ਜਿੱਤ ਦਰਜ ਕੀਤੀ ਸੀ। ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੂਜੇ ਨੰਬਰ 'ਤੇ ਰਹੇ ਸਨ ਅਤੇ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਤੀਜੇ ਨੰਬਰ ਉਪਰ ਸਨ।
ਲੰਮੇ ਸਮੇਂ ਤੋਂ ਸੱਤਾ ਤੋਂ ਬਾਹਰ ਅਤੇ ਬੇਅਦਬੀ ਵਰਗੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਕਿਸੇ ਸਮੇਂ ਖਾੜਕੂਵਾਦ ਦੇ ਪ੍ਰਭਾਵ ਹੇਠ ਰਹੇ ਇਲਾਕੇ ਵਿੱਚ ਦੂਜੇ ਨੰਬਰ 'ਤੇ ਆਉਣ ਦੇ ਕੀ ਮਾਇਨੇ ਹਨ? ਕੀ ਇਹ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਚੰਗੇ ਪ੍ਰਦਰਸ਼ਨ ਅਤੇ ਬੀਜੇਪੀ ਨਾਲ ਗਠਜੋੜ ਦਾ ਸੰਕੇਤ ਦਿੰਦੀ ਹੈ?

ਚੋਣ ਨਤੀਜੇ 'ਆਪ' ਤੇ ਅਕਾਲੀ ਦਲ ਲਈ ਕੀ ਇਸ਼ਾਰਾ ਕਰਦੇ ਹਨ?
ਸਾਲ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਤਰਨ ਤਾਰਨ ਜ਼ਿਮਨੀ ਚੋਣ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਹੋਰ ਪੰਥਕ ਧਿਰਾਂ ਅਤੇ ਕਾਂਗਰਸ ਪਾਰਟੀ ਲਈ ਅਹਿਮ ਮੰਨੀ ਜਾ ਰਹੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਜ਼ਿਮਨੀ ਚੋਣ ਵਿੱਚ ਅਕਸਰ ਸੱਤਾਧਾਰੀ ਪਾਰਟੀ ਦਾ ਜ਼ੋਰ ਹੁੰਦਾ ਹੈ ਅਤੇ ਲੋਕਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਕੰਮ ਹੋ ਜਾਣਗੇ।
ਹਾਲਾਂਕਿ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਮੁਤਾਬਕ 'ਆਪ' ਦੀ ਜਿੱਤ ਲਈ ਪਾਰਟੀ ਦਾ ਸੱਤਾ ਵਿੱਚ ਹੋਣਾ ਅਤੇ ਉਮੀਦਵਾਰ ਦਾ ਸਥਾਨਕ ਹੋਣਾ ਵੀ ਵੱਡਾ ਕਾਰਨ ਹੈ।
ਪਰ ਸਿੱਧੂ ਮੰਨਦੇ ਹਨ ਕਿ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਤਸਵੀਰ ਸਰੋਤ, BBC/RS Robin
ਜਸਪਾਲ ਸਿੱਧੂ ਮੁਤਾਬਕ, "ਇਹ ਚੋਣ ਨਤੀਜੇ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਧੜੇ ਲਈ ਨਿਰਾਸ਼ਾ ਵਾਲੀ ਗੱਲ ਹਨ। ਅਕਾਲੀ ਦਲ ਦਾ ਦੂਜੇ ਨੰਬਰ ਉਪਰ ਆਉਣਾ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਲਈ ਵੀ ਚਿੰਤਾਵਾਂ ਵਧਾਵੇਗਾ। ਹੁਣ ਹਰਪ੍ਰੀਤ ਸਿੰਘ ਦੇ ਧੜੇ ਦੇ ਲੋਕ ਅਕਾਲੀ ਦਲ ਵੱਲ ਆ ਸਕਦੇ ਹਨ।"
ਸਿਆਸੀ ਮਾਹਰ ਡਾਕਟਰ ਪਰਮੋਦ ਕੁਮਾਰ ਕਹਿੰਦੇ ਹਨ ਕਿ ਅਕਾਲੀ ਦਲ ਦਾ ਦੂਜੇ ਨੰਬਰ ਉਪਰ ਆਉਣ ਦਿਖਾਉਂਦਾ ਹੈ ਕਿ ਅਕਾਲੀ ਦਲ ਮੁੜ ਵਾਪਸੀ ਦੀ ਰਾਹ 'ਤੇ ਆ ਰਿਹਾ ਹੈ।
ਉਹ ਕਹਿੰਦੇ ਹਨ, "ਅਕਾਲੀ ਦਲ ਦਾ ਗਰਮ ਖਿਆਲੀਆਂ ਅਤੇ ਕਾਂਗਰਸ ਤੋਂ ਅੱਗੇ ਆਉਣਾ ਸਾਲ 2027 ਲਈ ਉਨ੍ਹਾਂ ਦੀਆਂ ਉਮੀਦਾਂ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਬੀਜੇਪੀ ਵੀ ਅਕਾਲੀ ਦਲ ਨਾਲ ਗਠਜੋੜ ਬਾਰੇ ਸੋਚੇਗੀ।"

ਰਾਜਨੀਤਿਕ ਸੁਨੇਹਾ ਕੀ ਹੈ?
ਇਨ੍ਹਾਂ ਚੋਣਾਂ ਵਿੱਚ 'ਆਪ' ਨੇ ਅਕਾਲੀ ਦਲ ਤੋਂ ਪਾਰਟੀ ਵਿੱਚ ਆਏ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਸੀ।
ਮਨਦੀਪ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ। ਮਨਦੀਪ ਸਿੰਘ, ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਉਰਫ਼ ਸਨੀ ਦੇ ਭਰਾ ਹਨ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਰਨ ਤਾਰਨ ਸੀਟ ਲੰਮਾ ਸਮਾਂ ਅਕਾਲੀ ਦਲ ਦੇ ਦਬਦਬੇ ਹੇਠ ਰਹੀ ਹੈ। ਇੱਥੋਂ ਅਕਾਲੀ ਅਤੇ ਕਾਂਗਰਸ ਦੇ ਉਮੀਦਵਾਰ ਜਿੱਤ ਹਾਸਿਲ ਕਰਦੇ ਰਹੇ ਹਨ।
ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਇਹ ਇਲਾਕਾ ਲੰਮਾ ਸਮਾਂ ਖਾੜਕੂਵਾਦ ਦੇ ਪ੍ਰਭਾਵ ਹੇਠ ਰਿਹਾ ਹੈ ਅਤੇ ਇਸ ਨੂੰ ਪੰਥਕ ਸਿਆਸਤ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਪਰ ਜੋ ਸਾਲ 2022 ਵਿੱਚ ਹੋਇਆ, ਉਹ ਕਦੇ-ਕਦੇ ਹੁੰਦਾ ਹੈ, ਇਹ ਵੀ ਜ਼ਰੂਰੀ ਨਹੀਂ ਹੈ ਕਿ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਵਾਪਰੇ।"
ਸਿਆਸੀ ਮਾਹਰ ਡਾਕਟਰ ਪਰਮੋਦ ਕੁਮਾਰ ਕਹਿੰਦੇ ਹਨ, "ਤਰਨ ਤਾਰਨ ਜ਼ਿਮਨੀ ਚੋਣ ਭਾਵੇਂ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਪਰ ਦੂਜੇ ਪਾਸੇ ਵੀ ਸਿਆਸੀ ਪਾਰਟੀਆਂ ਨੂੰ ਕਾਫ਼ੀ ਵੋਟਾਂ ਮਿਲੀਆਂ ਹਨ। 'ਆਪ' ਲਈ ਵੀ ਇਹ ਇੱਕ ਸਿਆਸੀ ਸਬਕ ਹੈ ਕਿ ਚੋਣ ਤਾਂ ਜਿੱਤ ਲਈ ਪਰ ਦੂਜੀਆਂ ਧਿਰਾਂ ਵੀ ਮਜ਼ਬੂਤ ਹੋ ਰਹੀਆਂ ਹਨ।"
ਡਾ. ਪਰਮੋਦ ਕਹਿੰਦੇ ਹਨ, "ਜੋ ਲੋਕ ਮੰਨ ਰਹੇ ਸਨ ਕਿ ਅਕਾਲੀ ਦਲ ਨੂੰ ਸਿੱਖਾਂ ਦਾ ਸਮਰਥਨ ਨਹੀਂ ਮਿਲ ਰਿਹਾ, ਉਨ੍ਹਾਂ ਲਈ ਸਾਫ਼ ਹੋ ਗਿਆ ਹੈ ਕਿ ਹੁਣ ਲੋਕ ਅਕਾਲੀ ਦਲ ਨਾਲ ਵੀ ਹਨ।"
ਜਸਪਾਲ ਸਿੱਧੂ ਕਹਿੰਦੇ ਹਨ, "ਤਰਨ ਤਾਰਨ ਜ਼ਿਮਨੀ ਚੋਣ ਦਿਖਾਉਂਦੀ ਹੈ ਕਿ ਅਮ੍ਰਿਤਪਾਲ ਸਿੰਘ ਦਾ ਫੈਕਟਰ ਹੁਣ ਕੰਮ ਨਹੀਂ ਕਰ ਰਿਹਾ।"
ਤਰਨ ਤਾਰਨ ਹਲਕੇ ਦਾ ਸਿਆਸੀ ਇਤਿਹਾਸ ਕੀ ਹੈ?
ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰੀ ਜਿੱਤਿਆ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਹਾਜ਼ਰੀ ਲਵਾਈ ਹੈ।
ਪਿਛਲੀਆਂ ਛੇ ਚੋਣਾਂ ਵਿੱਚੋਂ ਤਿੰਨ ਵਾਰ ਅਕਾਲੀ ਦਲ ਅਤੇ ਇੱਕ-ਇੱਕ ਵਾਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਜਿੱਤੇ ਹਨ।
ਸਾਲ 1997 ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪ੍ਰੇਮ ਲਾਲਪੁਰਾ ਨੇ ਜਿੱਤ ਪ੍ਰਾਪਤ ਕੀਤੀ ਸੀ।
ਸਾਲ 2002 ਵਿੱਚ ਹਰਮੀਤ ਸਿੰਘ ਸੰਧੂ ਆਜ਼ਾਦ ਉਮੀਦਵਾਰ ਵਜੋਂ ਜਿੱਤ ਸਨ ਜਦਕਿ ਸਾਲ 2007 ਅਤੇ 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਇਸ ਹਲਕੇ ਤੋਂ ਜਿੱਤੇ ਸਨ।
ਸਾਲ 2017 ਵਿੱਚ ਕਾਂਗਰਸ ਦੇ ਉਮੀਦਵਾਰ ਧਰਮਬੀਰ ਅਗਨੀਹੋਤਰੀ ਵਿਧਾਇਕ ਚੁਣੇ ਗਏ ਸਨ। ਸਾਲ 2022 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਸੋਹਲ ਨੇ ਜਿੱਤ ਪ੍ਰਾਪਤ ਕੀਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














