ਕਸ਼ਮੀਰੀ ਸਿੱਖ ਜੋ ਕਦੇ ਕਬਾਇਲੀ ਹਮਲੇ ਅੱਗੇ ਡੱਟ ਕੇ ਖੜੇ, ਅੱਜ ਵੀ ਕਿਹੜੇ ਹੱਕਾਂ ਤੋਂ ਵਾਂਝੇ ਹਨ

ਕਸ਼ਮੀਰ ਵਿੱਚ ਸਿੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਸ਼ਮੀਰ ਵਿੱਚ ਸਿੱਖ ਘੱਟ ਗਿਣਤੀ ਭਾਈਚਾਰਾ ਹੈ ਅਤੇ ਕਾਫ਼ੀ ਸਮੇਂ ਤੋਂ ਸਿਆਸੀ ਪ੍ਰਤੀਨਿੱਧਤਾ ਦੀ ਮੰਗ ਕਰ ਰਿਹਾ ਹੈ (File Photo)
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਜੰਮੂ-ਕਸ਼ਮੀਰ ਵਿੱਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਿਸ ਵਿੱਚ ਇੱਕ ਸਿੱਖ ਆਗੂ ਗੁਰਵਿੰਦਰ ਸਿੰਘ ਓਬਰਾਏ ਵੀ ਸ਼ਾਮਲ ਹਨ।

ਉਹ ਸ਼ੰਮੀ ਓਬਰਾਏ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਉਹ ਇੱਕ ਵਪਾਰਕ ਪਿਛੋਕੜ ਤੋਂ ਆਉਂਦੇ ਹਨ ਅਤੇ ਮੌਜੂਦਾ ਸਮੇਂ ਨੈਸ਼ਨਲ ਕਾਨਫਰੰਸ ਦੇ ਖ਼ਜ਼ਾਨਚੀ ਹਨ।

ਸਾਲ 2011 ਦੀ ਜਨਗਣਨਾ ਅਨੁਸਾਰ ਜੰਮੂ-ਕਸ਼ਮੀਰ ਦੀ ਜਨਸੰਖਿਆ 12, 541,302 ਹੈ ਅਤੇ ਇਹਨਾਂ ਵਿੱਚ ਸਿੱਖਾਂ ਦੀ ਗਿਣਤੀ ਸਿਰਫ਼ 2,34, 848 ਹੈ।

ਜੰਮੂ-ਕਸ਼ਮੀਰ ਵਿੱਚ ਘੱਟ-ਗਿਣਤੀ ਸਿੱਖਾਂ ਦਾ ਇੱਕ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਰਾਜ ਵੀ ਰਿਹਾ ਹੈ। ਅਕਤੂਬਰ 1947 ਵਿੱਚ ਸਿੱਖ ਭਾਈਚਾਰੇ ਨੇ ਹੋਰਨਾਂ ਭਾਈਚਾਰਿਆਂ ਸਮੇਤ ਕਬਾਇਲੀ ਹਿੰਸਾ ਦਾ ਸਾਹਮਣਾ ਕੀਤਾ ਅਤੇ ਆਪਣੇ ਘਰ ਛੱਡ ਕੇ ਰਫ਼ਿਊਜੀ ਕੈਂਪਾਂ ਵਿੱਚ ਦਿਨ ਵੀ ਕੱਟੇ। ਜਿੰਨਾ ਇਲਾਕਿਆਂ ਵਿੱਚੋਂ ਲੋਕ ਕੈਂਪਾਂ ਵਿੱਚ ਗਏ, ਉਸ ਨੂੰ ਪਾਕਿਸਤਾਨ ਪ੍ਰਸਾਸ਼ਿਤ ਕਸ਼ਮੀਰ ਕਿਹਾ ਜਾਂਦਾ ਹੈ।

ਸਥਾਨਕ ਸਿੱਖਾਂ ਤੇ ਅਕਾਦਮਿਕ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਿੱਖ ਘੱਟ-ਗਿਣਤੀ ਹੋਣ ਕਾਰਨ ਆਪਣੀ ਰਾਜਨੀਤਿਕ ਅਤੇ ਧਾਰਮਿਕ ਪ੍ਰਤੀਨਿੱਧਤਾ ਲਈ ਜੂਝ ਰਹੇ ਹਨ। ਪਹਿਲਾਂ ਤੋਂ ਹੀ ਘੱਟ-ਗਿਣਤੀ ਸਿੱਖਾਂ ਦੇ ਬੱਚੇ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੇ ਹਨ।

ਗੁਰਵਿੰਦਰ ਸਿੰਘ ਓਬਰਾਏ ਅਤੇ ਓਮਰ ਅਬਦੁਲਾਹ

ਤਸਵੀਰ ਸਰੋਤ, Omar Abdullah/FB

ਤਸਵੀਰ ਕੈਪਸ਼ਨ, ਸ਼ੰਮੀ ਓਬਰਾਏ ਇੱਕ ਵਪਾਰਕ ਪਿਛੋਕੜ ਤੋਂ ਆਉਂਦੇ ਹਨ ਅਤੇ ਮੌਜੂਦਾ ਸਮੇਂ ਨੈਸ਼ਨਲ ਕਾਨਫਰੰਸ ਦੇ ਖ਼ਜ਼ਾਨਚੀ ਹਨ।

ਕਬਾਇਲੀਆਂ ਦਾ ਹਮਲਾ ਤੇ ਕਤਲੋਗਾਰਤ

ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਜੰਮੂ-ਕਸ਼ਮੀਰ ਇੱਕ ਅਲੱਗ ਰਿਆਸਤ ਸੀ ਜਿਸ ਦੇ ਰਾਜਾ ਹਰੀ ਸਿੰਘ ਸਨ।

ਖੋਜਕਾਰ ਕੰਵਲ ਸਿੰਘ ਕਹਿੰਦੇ ਹਨ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਨੂੰ ਆਪਣੇ ਅਧੀਨ ਲੈਣ ਲਈ ਪਾਕਿਸਤਾਨ ਤੋਂ ਕਬਾਇਲੀ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਜੋ 22 ਅਕਤੂਬਰ ਤੋਂ 5 ਨਵੰਬਰ ਤੱਕ ਚੱਲਿਆ, ਜਿਸ ਦੌਰਾਨ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ 'ਕਲਤੇਆਮ' ਹੋਇਆ। ਇਸ ਹਮਲੇ ਦੌਰਾਨ ਮੁਸ਼ਫਰਾਬਾਦ, ਮੀਰਪੁਰ, ਕੋਟਲੀ, ਦੋਮੇਲ, ਪੁੰਛ, ਰਾਜੌਰੀ ਅਤੇ ਬਾਰਾਮੁੱਲਾ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਕੰਵਲ ਸਿੰਘ ਕਹਿੰਦੇ ਹਨ, "ਸਿੱਖਾਂ ਦੀ ਕਤਲੋਗਾਰਤ ਬਾਰੇ ਜ਼ਿਆਦਾ ਲਿਖਿਆ ਨਹੀਂ ਗਿਆ ਅਤੇ ਨਾ ਹੀ ਖਾਸ ਚਰਚਾ ਹੋਈ ਹੈ।"

ਕਬਾਇਲੀ ਹਮਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਮਲ ਜੀਬੀ ਸਿੰਘ ਕਬਾਇਲੀ ਹਮਲੇ ਦੇ ਬਹੁਤ ਸਾਰੇ ਗਵਾਹਾਂ ਅਤੇ ਪੀੜ੍ਹਤਾਂ ਨੂੰ ਮਿਲੇ ਹਨ।

'ਐਨ ਇਨਵਿਜ਼ਿਬਲ ਮਾਇਨੋਰਟੀ: 'ਦ ਹਿਸਟਰੀ, ਸੋਸਾਇਟੀ ਐਂਡ ਪਾਲਿਟਿਕਸ ਆਫ ਸਿਖਸ ਇਨ ਕਸ਼ਮੀਰ' ਦੀ ਲੇਖਕ ਕੋਮਲ ਜੀਬੀ ਸਿੰਘ ਕਹਿੰਦੇ ਹਨ, "ਇਸ ਦੌਰਾਨ ਬਹੁਤ ਸਾਰੇ ਸਿੱਖ ਮਾਰੇ ਗਏ। ਹਾਲਾਂਕਿ, ਮਰਨ ਵਾਲਿਆਂ ਵਿੱਚ ਹੋਰ ਭਾਈਚਾਰਿਆਂ ਦੇ ਲੋਕ ਵੀ ਸ਼ਾਮਲ ਸਨ। ਜਦੋਂ ਕਬਾਇਲੀਆਂ ਨੇ ਕਤਲੇਆਮ ਕੀਤਾ, ਲੋਕਾਂ ਨੇ ਵੀ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਲੰਮੇ ਸਮੇਂ ਤੱਕ ਰੋਕੀ ਰੱਖਿਆ।"

ਕੰਵਲ ਸਿੰਘ

ਤਸਵੀਰ ਸਰੋਤ, Kanwal Singh

ਤਸਵੀਰ ਕੈਪਸ਼ਨ, ਕੰਵਲ ਸਿੰਘ ਦੇ ਅਨੁਸਾਰ ਉਨ੍ਹਾਂ ਦੇ ਦਾਦਾ ਅਨੂਪ ਸਿੰਘ ਕੈਪਟਨ (ਸੇਵਾਮੁਕਤ) ਨੇ 1947 ਵਿੱਚ, ਪੁੰਛ ਦੀ ਰੱਖਿਆ ਅਤੇ ਬਚਾਅ ਲਈ ਬ੍ਰਿਗੇਡੀਅਰ ਪ੍ਰੀਤਮ ਸਿੰਘ ਵੱਲੋਂ ਬਣਾਈ ਗਈ ਜੰਮੂ ਅਤੇ ਕਸ਼ਮੀਰ ਮਿਲੀਸ਼ੀਆ (ਸਵੈਸੇਵੀ ਸੈਨਾ) ਲਈ ਸਵੈ-ਇੱਛਾ ਨਾਲ ਸੇਵਾ ਕੀਤੀ ਸੀ।

ਕੋਮਲ ਜੀਬੀ ਸਿੰਘ ਇਸ ਘਟਨਾ ਦੇ ਬਹੁਤ ਸਾਰੇ ਗਵਾਹਾਂ ਅਤੇ ਪੀੜ੍ਹਤਾਂ ਨੂੰ ਮਿਲੇ ਹਨ।

ਪੁੰਛ ਦੀ ਪਿਛੋਕੜ ਰੱਖਣ ਵਾਲੇ ਕੰਵਲ ਸਿੰਘ ਕਹਿੰਦੇ ਹਨ, "ਜਦੋਂ ਕਬਾਇਲੀਆਂ ਨੇ ਗੁਰਦੁਆਰਾ ਨਗਾਲੀ ਸਾਹਿਬ ਉਪਰ ਹਮਲਾ ਕੀਤਾ ਤਾਂ ਮੇਰੇ ਪੜਦਾਦਾ ਪੂਰਨ ਸਿੰਘ ਨੇ 6 ਬੰਦਿਆਂ ਨਾਲ ਬੰਦੂਕਾਂ ਲੈ ਕੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦੀ ਰੱਖਿਆ ਲਈ 48 ਘੰਟੇ ਮੋਰਚਾ ਲਗਾਇਆ ਸੀ। ਉਸ ਤੋਂ ਬਾਅਦ ਉੱਥੇ ਫੌਜ ਪਹੁੰਚ ਗਈ ਸੀ।"

ਗੁਰਦੁਆਰਾ ਨਗਾਲੀ ਸਾਹਿਬ

ਤਸਵੀਰ ਸਰੋਤ, Kanwal Singh

ਤਸਵੀਰ ਕੈਪਸ਼ਨ, ਖੋਜਾਰਥੀ ਕੰਵਲ ਸਿੰਘ ਮੁਤਾਬਕ ਅਕਤੂਬਰ 1947 ਵਿੱਚ ਕਬਾਇਲੀਆਂ ਨੇ ਗੁਰਦੁਆਰਾ ਨਗਾਲੀ ਸਾਹਿਬ ਉਪਰ ਹਮਲਾ ਕੀਤਾ ਸੀ

ਉਹ ਕਹਿੰਦੇ ਹਨ, "ਇਸ ਦੌਰਾਨ ਬਹੁਤ ਸਾਰੇ ਰਫ਼ਿਊਜੀ ਮੁਸ਼ਫਰਾਬਾਦ ਤੋਂ ਪੁੰਛ ਅਤੇ ਬਾਰਾਮੁੱਲਾ ਪਹੁੰਚੇ। ਉਹਨਾਂ ਨੇ ਲੋਕਾਂ ਨੂੰ ਹਮਲੇ ਬਾਰੇ ਪਿੰਡ-ਪਿੰਡ ਜਾ ਕੇ ਦੱਸਿਆ। ਇਹ ਲੜਾਈ ਉਸ ਸਮੇਂ ਤੱਕ ਚੱਲਦੀ ਰਹੀ ਜਦੋਂ ਤੱਕ ਫੌਜ ਨਹੀਂ ਪਹੁੰਚੀ ਸੀ। ਇਸ ਤੋਂ ਬਾਅਦ ਫੌਜਾਂ ਦੀ ਲੜਾਈ ਕਰੀਬ ਇੱਕ ਸਾਲ ਚੱਲੀ।"

ਸਿੱਖਾਂ ਦਾ ਜੰਮੂ-ਕਸ਼ਮੀਰ 'ਚ ਇਤਿਹਾਸ

ਕੋਮਲ ਜੀਬੀ ਸਿੰਘ ਕਹਿੰਦੇ ਹਨ ਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਜੰਮੂ-ਕਸ਼ਮੀਰ ਆਏ ਸਨ ਅਤੇ ਉਹਨਾਂ ਤੋਂ ਬਾਅਦ ਛੇਵੇ ਗੁਰੂ ਹਰਗੋਬਿੰਦ ਜੀ ਘਾਟੀ ਵਿੱਚ ਪਹੁੰਚੇ ਸਨ।

ਆਪਣੀ ਬੁਲੰਦੀ ਦੇ ਦੌਰ ਵਿੱਚ ਰਣਜੀਤ ਸਿੰਘ ਦਾ ਸਾਮਰਾਜ ਇੱਕ ਪਾਸੇ ਖ਼ੈਬਰ ਪਾਸ ਅਤੇ ਦੂਜੇ ਪਾਸੇ ਕਸ਼ਮੀਰ ਤੱਕ ਫ਼ੈਲਿਆ ਹੋਇਆ ਸੀ। ਕਸ਼ਮੀਰ ਵਿੱਚ 27 ਸਾਲਾਂ ਦਾ ਸਿੱਖ ਰਾਜ (1819 ਤੋਂ 1846) 'ਸੁਧਾਰਾਂ ਅਤੇ ਜਬਰ' ਵੱਜੋਂ ਜਾਣਿਆ ਜਾਂਦਾ ਹੈ।

ਰਣਜੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1839 ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਤੋਂ ਬਾਅਦ 'ਲਾਹੌਰ ਸੰਧੀ' ਤਹਿਤ ਕਸ਼ਮੀਰ ਈਸਟ ਇੰਡੀਆ ਕੰਪਨੀ ਕੋਲ ਚਲਾ ਗਿਆ

ਸਾਲ 1839 ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਤੋਂ ਬਾਅਦ 'ਲਾਹੌਰ ਸੰਧੀ' ਤਹਿਤ ਕਸ਼ਮੀਰ ਈਸਟ ਇੰਡੀਆ ਕੰਪਨੀ ਕੋਲ ਚਲਾ ਗਿਆ ਅਤੇ 'ਅੰਮ੍ਰਿਤਸਰ ਸੰਧੀ' ਤਹਿਤ ਇਹ ਗੁਲਾਬ ਸਿੰਘ ਨੂੰ 75 ਲੱਖ ਵਿੱਚ ਵੇਚ ਦਿੱਤਾ ਗਿਆ।

ਦਰਅਸਲ ਸਿੱਖਾਂ ਦੀ ਕਸ਼ਮੀਰ 'ਤੇ ਜਿੱਤ ਨਾਲ 'ਪੰਜ ਸਦੀਆਂ ਪੁਰਾਣੇ ਮੁਸਲਮ ਰਾਜ ਦਾ ਅੰਤ' ਹੋ ਗਿਆ ਸੀ ਅਤੇ ਸਿੱਖਾਂ ਨੇ ਕਸ਼ਮੀਰ ਵਿੱਚ ਅਫ਼ਗਾਨਾਂ ਦੇ ਛੇ ਤੋਂ ਵੱਧ ਦਹਾਕਿਆਂ ਦੇ ਸਾਸ਼ਨ ਨੂੰ ਵੀ ਖ਼ਤਮ ਕੀਤਾ ਸੀ।

ਇਤਿਹਾਸਕਾਰ ਹਰੀ ਰਾਮ ਗੁਪਤਾ ਆਪਣੀ ਕਿਤਾਬ 'ਹਿਸਟਰੀ ਆਫ ਸਿੱਖਸ, ਦਿ ਲੌਇਨ ਆਫ ਲਾਹੌਰ' ਵਿੱਚ ਲਿਖਦੇ ਹਨ ਕਿ ਸ਼ੋਪੀਆਂ ਦੀ ਲੜਾਈ ਵਿੱਚ ਦੁਰਾਨੀ ਸਾਮਰਾਜ ਦੇ ਕਸ਼ਮੀਰ ਵਿੱਚ ਗਵਰਨਰ ਜੱਬਾਰ ਖ਼ਾਨ ਨੂੰ ਹਰਾਉਣ ਤੋਂ ਬਾਅਦ ਸਿੱਖ ਫੌਜ 15 ਜੁਲਾਈ 1819 ਨੂੰ ਸ੍ਰੀਨਗਰ ਵਿੱਚ ਦਾਖਲ ਹੋਈ ਸੀ।

'ਪੰਜ ਸਦੀਆਂ ਪੁਰਾਣੇ ਮੁਸਲਮ ਰਾਜ ਦਾ ਅੰਤ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਖਾਂ ਦੀ ਕਸ਼ਮੀਰ 'ਤੇ ਜਿੱਤ ਨਾਲ 'ਪੰਜ ਸਦੀਆਂ ਪੁਰਾਣੇ ਮੁਸਲਮ ਰਾਜ ਦਾ ਅੰਤ' ਹੋ ਗਿਆ ਸੀ ਅਤੇ ਸਿੱਖਾਂ ਨੇ ਕਸ਼ਮੀਰ ਵਿੱਚ ਅਫ਼ਗਾਨਾਂ ਦੇ ਛੇ ਤੋਂ ਵੱਧ ਦਹਾਕਿਆਂ ਦੇ ਸਾਸ਼ਨ ਨੂੰ ਵੀ ਖ਼ਤਮ ਕੀਤਾ ਸੀ।

ਇਤਿਹਾਸਕਾਰ ਹਰੀ ਰਾਮ ਗੁਪਤਾ ਲਿਖਦੇ ਹਨ ਕਿ 1819 ਤੋਂ 1839 ਤੱਕ 20 ਸਾਲਾਂ ਵਿੱਚ ਸੱਤ ਗਵਰਨਰਾਂ ਨੇ ਕਸ਼ਮੀਰ ਉੱਤੇ ਰਾਜ ਕੀਤਾ।

ਉਹ ਲਿਖਦੇ ਹਨ ਕਿ ਦੀਵਾਨ ਮੋਤੀ ਰਾਮ ਨੇ ਗਊ ਹੱਤਿਆ ਅਤੇ ਜਨਤਕ ਅਜ਼ਾਨ ਅਤੇ ਸ਼੍ਰੀਨਗਰ ਦੀ ਜਾਮਾ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਸਮੂਹਿਕ ਨਮਾਜ਼ ਬੰਦ ਕਰ ਦਿੱਤੀ।

ਦੀਵਾਨ ਮੋਤੀ ਰਾਮ ਤੋਂ ਬਾਅਦ ਥੋੜੇ ਸਮੇਂ ਲਈ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਗਵਰਨਰ ਲਗਾਇਆ ਗਿਆ ਸੀ।

ਹਰੀ ਸਿੰਘ ਨਲਵਾ ਦੇ ਸਮੇਂ ਬਾਰੇ ਉਹ ਲਿਖਦੇ ਹਨ, ''ਉਹਨਾਂ ਨੇ ਕਾਠੀ ਦਰਵਾਜ਼ਾ, ਸ੍ਰੀਨਗਰ, ਮਟਨ ਅਤੇ ਬਾਰਾਮੂਲਾ ਵਿੱਚ ਗੁਰਦੁਆਰੇ ਬਣਾਏ, ਜੋ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਦੀ ਯਾਤਰਾ ਨਾਲ ਜੁੜੇ ਹੋਏ ਸਨ। ਉਸ ਨੇ ਪੂਜਾ, ਪਹਿਰਾਵੇ ਅਤੇ ਕੁਝ ਰੀਤੀ-ਰਿਵਾਜਾਂ ਸੰਬੰਧੀ ਅਫਗਾਨ ਸ਼ਾਸਨ ਅਧੀਨ ਕਸ਼ਮੀਰੀ-ਪੰਡਤਾਂ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤੀਆਂ।''

ਦੂਜੇ ਪਾਸੇ ਕਸ਼ਮੀਰ ਵਿੱਚ ਸਿੱਖਾਂ ਦੇ ਰਾਜ ਦੀ ਅਫ਼ਗਾਨਾਂ ਨਾਲ ਤੁਲਨਾ ਕਰਦੇ ਹੋਇਆ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਐੱਮ.ਜੇ. ਅਕਬਰ ਆਪਣੀ ਕਿਤਾਬ, 'ਕਸ਼ਮੀਰ: ਬਿਹਾਈਡ 'ਦ ਵੇਲ' ਵਿੱਚ ਲਿਖਦੇ ਹਨ, ''ਅਫ਼ਗਾਨਾਂ ਤੋਂ ਬਾਅਦ ਆਏ ਸਿੱਖ ਇੰਨੇ ਜ਼ਿਆਦਾ ਜ਼ਾਲਿਮ ਤਾਂ ਨਹੀਂ ਸਨ, ਪਰ ਉਹ ਸਖ਼ਤ ਅਤੇ ਕਠੋਰ ਹਾਕਮ ਸਨ।''

ਕੋਮਲ ਜੀਬੀ ਸਿੰਘ

ਮੌਜੂਦਾ ਸਮੇਂ ਸਿੱਖਾਂ ਦੇ ਕੀ ਮੁੱਦੇ ਹਨ?

ਸਾਲ 2019 ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਯੂਟੀ ਪ੍ਰਸਾਸ਼ਨ ਹੈ ਅਤੇ ਇਸ ਸਮੇਂ ਸੂਬੇ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਿੱਚ ਨੈਸ਼ਨਲ ਕਾਨਫਰੰਸ ਪਾਰਟੀ ਦੀ ਸਰਕਾਰ ਹੈ।

ਲੰਮੇ ਸਮੇਂ ਤੋਂ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਆਪਣੇ ਲਈ ਸਿਆਸਤ ਅਤੇ ਉੱਚ ਅਹੁਦੇ ਵਾਲੀਆਂ ਸਰਕਾਰੀ ਨੌਕਰੀਆਂ ਵਿੱਚ ਪ੍ਰਤੀਨਿੱਧਤਾ ਨੂੰ ਬਹੁਤ ਘੱਟ ਮੰਨਦੇ ਹਨ।

ਪੁੰਛ ਦੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨਰਿੰਦਰ ਸਿੰਘ ਕਹਿੰਦੇ ਹਨ, "ਸਿੱਖਾਂ ਦੀ ਸੂਬੇ ਵਿੱਚ ਕਾਫ਼ੀ ਵਸੋਂ ਹੈ ਪਰ ਰਾਜਨੀਤਿਕ ਪ੍ਰਤੀਨਿੱਧਤਾ ਹੱਕ ਮੁਤਾਬਕ ਨਹੀਂ ਮਿਲੀ। ਪੁਲਿਸ ਵਿੱਚ ਵੀ ਵੱਡੇ ਅਹੁੱਦਿਆਂ ਉਪਰ ਸਾਡੇ ਘੱਟ ਹੀ ਲੋਕ ਹਨ। ਸਾਨੂੰ ਘੱਟ-ਗਿਣਤੀ ਵਾਲੇ ਲਾਭ ਵੀ ਨਹੀਂ ਮਿਲ ਰਹੇ। ਸਾਡੇ ਬੱਚੇ ਪੜ੍ਹ ਲਿਖ ਗਏ ਹਨ ਅਤੇ ਉਹ ਬਾਹਰ ਦਿੱਲੀ ਜਾਂ ਵਿਦੇਸ਼ਾਂ ਵਿੱਚ ਜਾ ਰਹੇ ਹਨ ਜਿਸ ਦਾ ਸਾਡੀ ਗਿਣਤੀ ਉਪਰ ਵੀ ਅਸਰ ਪੈ ਰਿਹਾ ਹੈ।"

ਕੋਮਲ ਜੀਬੀ ਸਿੰਘ ਕਹਿੰਦੇ ਹਨ ਕਿ 1989 ਵਿੱਚ ਹਿੰਦੂ ਭਾਈਚਾਰੇ ਦੇ ਉਜਾੜੇ ਤੋਂ ਬਾਅਦ ਸਿੱਖ ਇੱਕੋ-ਇੱਕ ਭਾਈਚਾਰਾ ਹੈ ਜੋ ਕਸ਼ਮੀਰ ਵਿੱਚ ਰਹਿ ਰਿਹਾ ਹੈ।

narinder

ਉਹ ਕਹਿੰਦੇ ਹਨ, "ਇੱਥੇ ਨੌਜਵਾਨਾਂ ਲਈ ਜ਼ਿਆਦਾ ਮੌਕੇ ਨਹੀਂ ਹਨ, ਇਸ ਲਈ ਸਿੱਖਾਂ ਨੂੰ ਆਪਣੀ ਹੋਂਦ 'ਤੇ ਸਵਾਲ ਲੱਗ ਰਿਹਾ ਹੈ। ਸਾਡੇ ਨੌਜਵਾਨ ਬਾਹਰ ਜਾ ਰਹੇ ਹਨ ਅਤੇ ਕਸ਼ਮੀਰ ਵਿੱਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਲੋਕਾਂ ਨੂੰ ਫਿਕਰ ਹੈ ਕਿ ਕਿਤੇ ਅਗਲੇ 10-20 ਸਾਲਾਂ ਵਿੱਚ ਸਾਡੀ ਹੋਂਦ ਹੀ ਨਾ ਖ਼ਤਮ ਹੋ ਜਾਵੇ ਕਿਉਂਕਿ ਸਾਡੇ ਨੌਜਵਾਨ ਦੇਸ਼ ਛੱਡ ਕੇ ਜਾ ਰਹੇ ਹਨ। ਹਾਲਾਂਕਿ, ਮੁਸਲਮਾਨ ਭਾਈਚਾਰੇ ਦੇ ਨੌਜਵਾਨ ਵੀ ਜਾ ਰਹੇ ਹਨ ਪਰ ਉਹਨਾਂ ਦੀ ਸੰਖਿਆ ਬਹੁਤ ਜਿਆਦਾ ਹੈ।"

ਕੋਮਲ ਜੀਬੀ ਸਿੰਘ ਅੱਗੇ ਕਹਿਦੇ ਹਨ, "ਸ਼ੰਮੀ ਓਬਰਾਏ ਦਾ ਰਾਜ ਸਭਾ ਜਾਣਾ ਬਹੁਤ ਵਧੀਆ ਗੱਲ ਹਨ ਪਰ ਉਹ ਵੀ ਚੁਣੇ ਹੋਏ ਨਹੀਂ ਹਨ। ਜੇਕਰ ਸਿੱਖ ਆਗੂ ਚੁਣੇ ਨਹੀਂ ਜਾ ਰਹੇ ਤਾਂ ਵੀ ਇਸ ਦਾ ਅਰਥ ਹੈ ਕਿ ਗਰਾਉਂਡ 'ਤੇ ਬਹੁਤ ਸਾਰੇ ਗੈਪ ਹਨ। ਹਾਲੇ ਵੀ ਭਾਰਤ ਵਿੱਚ ਜਾਤ, ਜਮਾਤ ਅਤੇ ਧਰਮ ਦੇ ਨਾਂ ਉਪਰ ਹੀ ਵੋਟ ਪੈਂਦੀ ਹੈ।"

ਪੰਜਾਬੀ ਭਾਸ਼ਾ ਦਾ ਮੁੱਦਾ

ਜੰਮੂ-ਕਸ਼ਮੀਰ ਦੇ ਸਿੱਖ ਪੰਜਾਬੀ, ਪਹਾੜੀ, ਹਿੰਦਕੋ ਅਤੇ ਕਸ਼ਮੀਰੀ ਭਾਸ਼ਾਵਾਂ ਬੋਲਦੇ ਹਨ।

ਨਰਿੰਦਰ ਸਿੰਘ ਕਹਿੰਦੇ ਹਨ ਕਿ ਕਿਸੇ ਸਮੇਂ ਪੰਜਾਬੀ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਈ ਜਾਂਦੀ ਸੀ ਪਰ ਇਸ ਨੂੰ ਜਾਣ ਬੁੱਝ ਕੇ ਖਤਮ ਕਰ ਦਿੱਤਾ ਗਿਆ।

ਜੰਮੂ-ਕਸ਼ਮੀਰ ਦੀ ਸਿਆਸਤ 'ਚ ਸਿੱਖਾਂ ਦੀ ਪ੍ਰਤੀਨਿੱਧਤਾ

ਮੌਜੂਦਾ ਸਮੇਂ ਵਿੱਚ ਸ਼ੰਮੀ ਓਬਰਾਏ ਦੇ ਰਾਜ ਸਭਾ ਜਾਣ ਤੋਂ ਪਹਿਲਾ ਵਿਧਾਨ ਸਭਾ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਇੱਕ ਵਿਧਾਇਕ ਹਨ, ਨਰਿੰਦਰ ਸਿੰਘ ਰੈਣਾ ਹਨ ਜੋ ਬੀਜੇਪੀ ਦੇ ਆਰਐੱਸ ਪੁਰਾ, ਜੰਮੂ ਦੱਖਣ ਤੋਂ ਸਾਲ 2024 ਵਿੱਚ ਚੁਣੇ ਗਏ ਸਨ।

ਨਰਿੰਦਰ ਸਿੰਘ ਰੈਣਾ ਕਹਿੰਦੇ ਹਨ, "ਹਾਲਾਂਕਿ ਅਸੀਂ 2 ਫੀਸਦ ਤੋਂ ਘੱਟ ਹਾਂ ਪਰ ਰਾਜਨੀਤਿਕ ਪਾਰਟੀਆਂ ਟਿੱਕਟ ਦਿੰਦੀਆਂ ਹਨ। ਸ਼ੰਮੀ ਓਬਰਾਏ ਵੀ ਚੁਣੇ ਗਏ ਹਨ। ਮੈਂ ਵਿਧਾਇਕ ਹਾਂ। ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਵੀ ਰਹੇ। ਉਹ ਪੀਡੀਪੀ ਦੀ ਸਰਕਾਰ ਵਿੱਚ ਮੰਤਰੀ ਵੀ ਰਹੇ। ਚੁਣੇ ਜਾਣਾ ਇੱਕ ਰਾਜਨੀਤਿਕ ਪ੍ਰਕਿਰਿਆ ਹੈ।"

ਉਹ ਕਹਿੰਦੇ ਹਨ, "ਸਿੱਖ ਪੂਰੇ ਦੇਸ਼ ਵਿੱਚ ਘੱਟ ਗਿਣਤੀ ਹਨ ਅਤੇ ਜੰਮੂ-ਕਸ਼ਮੀਰ ਵਿੱਚ ਇਹ ਦਰਜਾ ਲਾਗੂ ਹੈ। ਜੰਮੂ ਵਿੱਚ ਮਾਇਨੋਰਟੀ ਇੰਸਟੀਚਿਊਟ ਵੀ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)