'ਤੁਹਾਡਾ ਡੰਡਾ ਤੇ ਸਾਡੀ ਪਿੱਠ, ਹੁਣ ਜਿੰਨਾ ਚਲਾਉਣਾ ਹੈ ਚਲਾਈ ਜਾਓ'- ਪਾਕਿਸਤਾਨ ਸਰਕਾਰ ਵੱਲੋਂ ਕਾਨੂੰਨ 'ਚ ਕੀਤੀ ਗਈ ਸੋਧ 'ਤੇ ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕਦੇ-ਕਦੇ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਪਾਕਿਸਤਾਨ ਇੱਕ ਜਮਹੂਰੀ ਮੁਲਕ ਹੈ। ਇਹ ਜਮਹੂਰੀਅਤ ਭਾਵੇਂ ਡੰਡੇ ਦੇ ਜ਼ੋਰ ਉੱਤੇ ਚੱਲਦੀ ਹੋਵੇ ਪਰ ਹੈ ਤੇ ਜਮਹੂਰੀਅਤ। ਇਲੈਕਸ਼ਨ ਹੁੰਦੇ ਹਨ, ਵੋਟਾਂ ਪੈਂਦੀਆਂ ਹਨ, ਅਸੈਂਬਲੀਆਂ ਮੌਜੂਦ ਹਨ, ਅਦਾਲਤਾਂ ਮੌਜੂਦ ਹਨ ਅਤੇ ਹਰ ਤਰ੍ਹਾਂ ਦਾ ਕਾਨੂੰਨ ਮੌਜੂਦ ਹੈ।
ਇਸ ਜਮਹੂਰੀਅਤ ਨੂੰ ਡਰ ਬਸ ਹਮੇਸ਼ਾ ਇਹ ਰਹਿੰਦਾ ਸੀ ਕਿ ਕਿਸੇ ਦਿਨ ਖ਼ਲਕਤ ਦੇ ਰੌਲ਼ੇ ਤੋਂ ਤੰਗ ਆ ਕੇ ਦਿਲਾਵਰ ਜਨਰਲ ਮਾਰਸ਼ਲ ਲਾਅ ਨਾ ਲਗਾ ਦੇਵੇ।
ਹੁਣ ਸਰਕਾਰ ਨੇ ਆਇਨ (ਕਾਨੂੰਨ) ਵਿੱਚ ਇੱਕ ਤਰਮੀਮ ਕੀਤੀ ਹੈ। 27ਵੀਂ ਤਰਮੀਮ ਉਸ ਦਾ ਨਾਮ ਹੈ ਅਤੇ ਇਸ ਤਰਮੀਮ ਵਿੱਚ ਜੱਜਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੇ ਸੂਬਿਆਂ ਨੂੰ ਫੰਡ ਮਿਲਦੇ ਸਨ ਉਹ ਇਧਰ-ਉਧਰ ਵੰਡੇ ਗਏ ਹਨ।
ਪਰ ਅਸਲ ਕੰਮ ਜਿਹੜਾ ਕੀਤਾ ਗਿਆ ਹੈ, ਜਿਵੇਂ ਲੋਕ ਕਹਿੰਦੇ ਹਨ ਕਿ ਅਸਲ ਕੰਮ ਜਿਹੜਾ ਪਾਇਆ ਗਿਆ ਹੈ ਉਹ ਹੈ ਕਿ ਮਾਰਸ਼ਲ ਲਾਅ ਦੇ ਜਿਸ ਡੰਡੇ ਤੋਂ ਅਸੀਂ ਡਰਦੇ ਰਹਿੰਦੇ ਸੀ, ਉਸ ਨੂੰ ਪਾਲਿਸ਼ ਕਰ ਕੇ ਉਸ ਉੱਤੇ ਸੰਵਿਧਾਨ ਕਵਰ ਚੜ੍ਹਾ ਦਿੱਤਾ ਗਿਆ ਹੈ।
ਇਹ ਕਿਹਾ ਗਿਆ ਹੈ ਕਿ ਇਹ ਤੁਹਾਡਾ ਡੰਡਾ ਅਤੇ ਇਹ ਸਾਡੀ ਪਿੱਠ, ਹੁਣ ਜਿੰਨਾ ਚਲਾਉਣਾ ਹੈ ਚਲਾਈ ਜਾਓ। ਜੇ ਕੋਈ ਰੋਇਆ ਜਾਂ ਕੁਰਲਾਇਆ ਤਾਂ ਉਸ ਨੂੰ ਹੁਣ ਅਸੀਂ ਸਾਡਾ ਨਵਾਂ ਆਇਨ ਵਿਖਾ ਦਿਆ ਕਰਾਂਗੇ।
ਪਹਿਲਾਂ ਵਿਚਾਰੀ ਸਾਡੀ ਜਮਹੂਰੀਅਤ ਇਸ ਉਮੀਦ ਵਿੱਚ ਜਿਉਂਦੀ ਰਹਿੰਦੀ ਸੀ ਕਿ ਇੱਕ ਦਿਨ ਕੋਈ ਜਨਰਲ ਵਰਦੀ ਉਤਾਰੇਗਾ ਤੇ ਫਿਰ ਜਾਨ ਛੁੱਟੇਗੀ ਤੇ ਸ਼ਾਇਦ ਉਸ ਤੋਂ ਬਾਅਦ ਆਉਣ ਵਾਲਾ ਸ਼ਾਇਦ ਸਾਡੇ ਉੱਤੇ ਕੋਈ ਰਹਿਮ ਕਰੇ।
'ਬੰਦੇ ਦੀ ਨੀਤ ਤੋਂ ਥੋੜ੍ਹਾ ਜਿਹਾ ਡਰ ਤਾਂ ਲੱਗਦਾ ਹੈ'
ਹੁਣ ਸਾਡੇ ਕੋਲ ਫੀਲਡ ਮਾਰਸ਼ਲ ਸਾਬ੍ਹ ਹਨ, ਜਿਨ੍ਹਾਂ ਦਾ ਅਹੁਦਾ ਤਾਹਯਾਤ ਹੈ ਭਾਵ ਸਾਰੀ ਉਮਰ ਰਹੇਗਾ ਅਤੇ ਵਰਦੀ ਵੀ ਉਹ ਮਰਦੇ ਦਮ ਤੱਕ ਪਾਉਣਗੇ।
ਹੁਣ ਨਾਲ ਆਇਨ ਵਿੱਚ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਭਾਵੇਂ ਉਨ੍ਹਾਂ ਦਾ ਜੁਰਮ ਹੋਵੇ, ਉਨ੍ਹਾਂ ਨੂੰ ਇਮਿਊਨਿਟੀ ਹਾਸਲ ਹੋਵੇਗੀ। ਮਤਲਬ ਜੋ ਮਰਜ਼ੀ ਕਰਨ, ਜਿਹੜਾ ਵੀ ਕਾਨੂੰਨ ਤੋੜਨ, ਚੋਰੀ, ਡਾਕਾ, ਕਤਲ, ਵਿਆਹ ਉੱਤੇ ਹਵਾਈ ਫਾਇਰਿੰਗ, ਕੋਈ ਵੀ ਕਾਨੂੰਨ ਉਨ੍ਹਾਂ ਨੂੰ ਹੱਥ ਨਹੀਂ ਲਗਾ ਸਕਦਾ।
ਇਹੀ ਇਮਿਊਨਿਟੀ ਸਾਡੇ ਸਦਰ ਸਾਬ੍ਹ ਨੂੰ ਵੀ ਮਿਲੀ ਹੈ। ਉਨ੍ਹਾਂ ਉੱਤੇ ਪਹਿਲਾਂ ਵੀ ਕੇਸ ਰਹਿ ਚੁੱਕੇ ਹਨ ਅਤੇ ਇੰਨੇ ਸਾਲ ਉਹ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ। ਹਾਲਾਂਕਿ, ਕੇਸ ਉਨ੍ਹਾਂ ਉੱਤੇ ਕੋਈ ਸਾਬਤ ਨਹੀਂ ਹੋਇਆ। ਉਹ ਇਸ ਇਮਿਊਨਿਟੀ ਦਾ ਮਜ਼ਾ ਕੋਈ ਤਿੰਨ-ਸਾਢੇ ਤਿੰਨ ਸਾਲ ਤੱਕ ਹੀ ਲੈ ਸਕਣਗੇ।
ਪਰ ਫੀਲਡ ਮਾਰਸ਼ਲ ਸਾਬ੍ਹ ਜਦੋਂ ਤੱਕ ਜਿਉਂਦੇ ਹਨ, ਅੱਲ੍ਹਾ ਉਨ੍ਹਾਂ ਨੂੰ ਲੰਬੀ ਹਯਾਤੀ ਦੇਵੇ, ਉਨ੍ਹਾਂ ਨੂੰ ਸੱਤੇ ਖ਼ੂਨ ਮੁਆਫ਼ ਹਨ।
ਵਜ਼ੀਰ-ਏ-ਆਜ਼ਮ ਸਾਬ੍ਹ ਵੀ ਇਮਿਊਨਿਟੀ ਲੈ ਸਕਦੇ ਹਨ, ਪਰ ਉਨ੍ਹਾਂ ਨੇ ਕੌਮ ਉੱਤੇ ਅਹਿਸਾਨ ਕੀਤਾ ਹੈ ਤੇ ਨਹੀਂ ਲਈ। ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਇਹ ਡੰਡਾ ਚੱਲਣਾ ਹੈ ਤਾਂ ਇਹ ਇਮਿਊਨਿਟੀ ਵਾਲਾ ਕਾਨੂੰਨ ਕਿਸੇ ਨਹੀਂ ਪੁੱਛਣਾ।
ਆਮ ਤੌਰ ਉੱਤੇ ਬੰਦਾ ਪਹਿਲਾਂ ਗੁਨਾਹ ਕਰਦਾ ਹੈ ਤੇ ਫਿਰ ਮੁਆਫ਼ੀ ਮੰਗਦਾ ਹੈ। ਕਾਨੂੰਨ ਵਿੱਚ ਵੀ ਗੁੰਜਾਇਸ਼ਾਂ ਮੌਜੂਦ ਹਨ। ਸਜ਼ਾ-ਏ-ਮੌਤ ਵਾਲੇ ਦੀ ਵੀ ਜਾਨ ਬਖ਼ਸ਼ੀ ਜਾਂਦੀ ਹੈ। ਪਰ ਜਿਹੜਾ ਬੰਦਾ ਇਹ ਕਹੇ ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਨੂੰ ਲਿਖ ਕੇ ਦਿਓ, ਕਾਨੂੰਨ ਵਿੱਚ ਲਿਖ ਕੇ ਦਿਓ, ਆਇਨ ਵਿੱਚ ਲਿਖ ਕੇ ਦਿਓ ਕਿ ਮੈਂ ਜੋ ਵੀ ਕਰਾਂਗਾ, ਮੇਰੀ ਮੁਆਫ਼ੀ ਪੱਕੀ ਹੈ।
ਉਸ ਬੰਦੇ ਦੀ ਨੀਤ ਤੋਂ ਥੋੜ੍ਹਾ ਜਿਹਾ ਡਰ ਤਾਂ ਲੱਗਦਾ ਹੈ ਕਿ ਇਹ ਬੰਦਾ ਸਾਡੇ ਨਾਲ ਪਤਾ ਨਹੀਂ ਕੀ ਕਰੇਗਾ। ਜਨਰਲ ਤੇ ਫੀਲਡ ਮਾਰਸ਼ਲ ਆਪਣੀ ਡਿਊਟੀ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਜਿਹੜੇ ਕੰਮ ਨਹੀਂ ਕਰਦੇ, ਉਹ ਵੀ ਉਹ ਕਰਦੇ ਰਹਿਣਗੇ।
ਪਰ ਜਿਸ ਜਜ਼ਬੇ ਨਾਲ ਸਾਡੇ ਸਿਆਸਤਨਦਾਨਾਂ ਨੇ ਤਕਰੀਰਾਂ ਕੀਤੀਆਂ ਹਨ। ਜਿਸ ਕਾਹਲੀ ਨਾਲ ਇਹ ਤਰਮੀਮ ਪਾਸ ਕੀਤੀ ਹੈ, ਲੋਕਾਂ ਦੇ ਵੋਟਾਂ ਨੂੰ ਜਿਸ ਤਰ੍ਹਾਂ ਟਕੇ-ਟੋਕਰੀ ਵੇਚਿਆ ਹੈ।
ਜਮਹੂਰੀਅਤ ਦੀ ਜਿਸ ਟਾਹਣੀ ਉੱਤੇ ਆਲ੍ਹਣਾ ਬਣਾ ਕੇ ਉਹ ਬੈਠੇ ਸਨ, ਜਿਵੇਂ ਉਸ ਨੂੰ ਵੱਢ ਮਾਰਿਆ ਹੈ ਕਿ ਇਸ ਤਰ੍ਹਾਂ ਦੀ ਗੱਲ ਕੋਈ ਗ਼ਾਲਿਬ ਹੀ ਸਮਝਾ ਸਕਦਾ ਹੈ।
ਜਜ਼ਬਾ ਏ ਇਖ਼ਤਿਆਰ ਏ ਸ਼ੌਕ ਦੇਖਾ ਚਾਹੀਏ
ਸੀਨਾ ਹੈ ਸ਼ਮਸੀਰ ਦੇ ਬਾਹਿਰ ਹੈ ਦਮ ਸ਼ਮਸੀਰ ਦਾ
ਤੇ ਜਿਨ੍ਹਾਂ ਲੋਕਾਂ ਦੇ ਨਾਮ ਉੱਤੇ ਇਹ ਕੰਮ ਹੋਇਆ ਹੈ, ਜਾਨਾਂ ਬਖ਼ਸ਼ੀਆਂ ਗਈਆਂ ਹਨ ਤੇ ਜਾਨਾਂ ਬਖਸ਼ਸ਼ਵਾਈਆਂ ਗਈਆਂ ਹਨ। ਉਹ ਵੀ ਹੱਥ ਬੰਨ੍ਹ ਕੇ ਹੁਣ ਇਹੀ ਕਹਿੰਦੇ ਹੋਣਗੇ ਕਿ ਕਦੇ ਸਾਡੀ ਵੀ ਜਾਨ ਬਖ਼ਸ਼ ਦਿਆ ਕਰੋ।

ਤਸਵੀਰ ਸਰੋਤ, Getty Images
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












