'ਬੱਚਿਆਂ ਦੀ ਇੱਕ ਨਸਲ ਤਬਾਹ ਕਰ ਹੁਣ ਹੁਕਮ ਹੈ ਜੰਗਬੰਦੀ ਕਰਵਾਉਣੀ', ਡੌਨਲਡ ਟਰੰਪ ਦੇ ਗਾਜ਼ਾ ਪਲਾਨ 'ਤੇ ਮੁਹੰਮਦ ਹਨੀਫ ਦੀ ਟਿੱਪਣੀ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਪਾਕਿਸਤਾਨ ਦੇ ਸਕੂਲਾਂ ਵਿੱਚ ਸਾਨੂੰ ਕੋਈ ਹੋਰ ਸ਼ਾਇਰ ਪੜ੍ਹਾਉਣ ਨਾ ਪੜ੍ਹਾਉਣ, ਅੱਲਾਮਾ ਇਕਬਾਲ ਦੀਆਂ ਕੁਝ ਨਜ਼ਮਾਂ ਨੂੰ ਰੱਟਾ ਜ਼ਰੂਰ ਲਗਵਾਇਆ ਜਾਂਦਾ ਹੈ। ਜੇ ਤੁਸੀਂ ਪਾਕਿਸਤਾਨ 'ਚ ਸਕੂਲੇ ਗਏ ਹੋ ਤਾਂ ਇਹ ਸ਼ੇਅਰ ਤੁਹਾਨੂੰ ਜ਼ਰੂਰ ਯਾਦ ਹੋਵੇਗਾ...
ਏਕ ਹੂੰ ਮੁਸਲਿਮ ਹਰਮ ਕੀ ਪਾਸਬਾਨੀ ਕੇ ਲਿਏ
ਨੀਲ ਕੇ ਸਾਹਿਲ ਸੇ ਲੇਕਰ ਤਾ-ਬ-ਖ਼ਾਕ-ਏ-ਕਾਸ਼ਗਰ
ਸਕੂਲਾਂ 'ਚ ਨਾਲ-ਨਾਲ ਇਹ ਵੀ ਸਿਆਪਾ ਕੀਤਾ ਜਾਂਦਾ ਸੀ ਕਿ 'ਕਾਸ਼ ਉੱਮਤ-ਤੇ ਮੁਸਲਮਾਂ ਇਕੱਠੀ ਹੋਤੀ ਤੋ ਹਮ ਸਬਕੀ ਤਕਦੀਰ ਬਦਲ ਜਾਤੀ।'
ਲਓ ਜੀ ਹੁਣ ਉੱਮਤ ਇਕੱਠੀ ਹੋਣ ਲੱਗੀ ਹੈ ਰਿਆਧ ਤੋਂ ਲੈ ਕੇ ਇਸਲਾਮਾਬਾਦ ਤੱਕ ਵਾਇਆ ਵਾਸ਼ਿੰਗਟਨ ਡੀਸੀ।
ਸਦਰ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਬਹਿ ਕੇ ਸਾਡੇ ਹਰਮ ਦੇ ਸਭ ਤੋਂ ਵੱਡੇ ਵੈਰੀ ਨੇਤਾ ਨੇਤਨਯਾਹੂ ਨਾਲ ਸਲਾਹ ਕਰਕੇ ਗਾਜ਼ਾ ਵਿੱਚ ਜੰਗ ਰੁਕਵਾਉਣ ਦਾ ਇੱਕ ਵੀਹ ਪੁਆਇੰਟ ਦਾ ਪਲਾਨ ਦਿੱਤਾ ਹੈ ਤੇ ਸਭ ਤੋਂ ਬੱਲੇ-ਬੱਲੇ ਕਰਨ ਵਾਲਿਆਂ 'ਚ ਪਾਕਿਸਤਾਨ ਦੀ ਹਕੂਮਤ ਸ਼ਾਮਿਲ ਹੈ।
ਸਦਰ ਟਰੰਪ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ, ਫੀਲਡ ਮਾਰਸ਼ਲ, ਇਹ ਬੜੇ ਹੀ ਜ਼ਬਰਦਸਤ ਲੋਕ ਨੇ ਤੇ ਮੇਰੇ ਪਲਾਨ 'ਚ ਸ਼ੁਰੂ ਤੋਂ ਹੀ ਸ਼ਾਮਲ ਸਨ।
ਪਲਾਨ ਤੁਸੀਂ ਆਪ ਪੜ੍ਹ ਲਓ, ਇਹ ਹਰਮ ਤੋਂ ਜ਼ਿਆਦਾ, ਫਲਸਤੀਨ ਤੋਂ ਜ਼ਿਆਦਾ ਇਜ਼ਰਾਈਲ ਦੀ ਪਾਸਬਾਨੀ ਦਾ ਪ੍ਰੋਗਰਾਮ ਲੱਗਦਾ ਹੈ।
60 ਹਜ਼ਾਰ ਤੋਂ ਜ਼ਿਆਦਾ ਬੰਦਾ ਮਾਰ ਕੇ, ਇੱਕ ਪੂਰੀ ਬੱਚਿਆਂ ਦੀ ਨਸਲ ਨੂੰ ਅਪਾਹਜ ਕਰਕੇ ਤੇ ਕਈ ਬੱਚਿਆਂ ਦੀਆਂ ਸੜਦਿਆਂ ਦੀਆਂ ਕੁਰਲਾਉਂਦਿਆਂ ਦੀਆਂ ਤਸਵੀਰਾਂ ਲਾਈਵ ਸਟ੍ਰੀਮ ਕਰਕੇ, ਹੁਣ ਹੁਕਮ ਹੋਇਆ ਹੈ ਕਿ ਜੇ ਜੰਗਬੰਦੀ ਕਰਾਉਣੀ ਹੈ ਤਾਂ ਫਲਸਤੀਨ ਦੀ ਆਜ਼ਾਦੀ ਵਰਗੀਆਂ ਗੱਲਾਂ ਫਿਲਹਾਲ ਭੁੱਲ ਜਾਓ।
ਹੁਣ ਅਸੀਂ ਇੱਥੇ ਇੱਕ ਨਵਾਂ ਕਬਜ਼ਾ ਕਰਾਂਵਾਂਗੇ। ਗਾਜ਼ਾ ਵਿੱਚ ਜਿਸ ਨੇ ਰਹਿਣਾ ਹੈ ਰਹੇ, ਜਿਸ ਨੇ ਜਾਣਾ ਹੈ ਜਾਵੇ, ਇਜ਼ਰਾਈਲ ਦੀ ਫੌਜ ਕਿਤੇ ਨਹੀਂ ਜਾਵੇਗੀ।
ਗਾਜ਼ਾ ਇੱਕ ਕਲੋਨੀ ਬਣੇਗਾ, ਉਸੇ ਤਰ੍ਹਾਂ ਜਿਵੇਂ 18ਵੀਂ ਤੇ 19ਵੀਂ ਸਦੀ 'ਚ ਇੰਡੀਆ ਤੇ ਨਾਲ ਅੱਧੀ ਕੁ ਦੁਨੀਆਂ ਗੋਰਿਆਂ ਦੀ ਕਾਲੋਨੀ ਹੁੰਦੀ ਸੀ। ਜਿੱਥੇ ਕਲੋਨੀ ਹੁੰਦੀ ਹੈ ਉੱਥੇ ਇੱਕ ਵਾਇਸਰਾਇ ਵੀ ਚਾਹੀਦਾ ਹੁੰਦਾ ਹੈ। ਬਾਦਸ਼ਾਹੀ ਤਾਂ ਟਰੰਪ ਦੀ ਹੋਵੇਗੀ ਲੇਕਿਨ ਵਾਇਸਰਾਇ ਲਈ ਉਨ੍ਹਾਂ ਨੇ ਯੂਕੇ ਦੇ ਦੋ ਵਾਰ ਰਹੇ ਵਜ਼ੀਰ-ਏ-ਆਜ਼ਮ ਟੋਨੀ ਬਲੇਅਰ ਨੂੰ ਲੱਭ ਲਿਆ ਹੈ।
ਟੋਨੀ ਬਲੇਅਰ ਉਹ ਸਾਬ੍ਹ ਨੇ ਜਿਨ੍ਹਾਂ ਨੇ ਲੋਕਾਂ ਦੇ ਸਾਹਮਣੇ ਸੀਨੇ 'ਤੇ ਹੱਥ ਮਾਰ ਕੇ ਕਿਹਾ ਸੀ ਕਿ ਮੇਰੇ ਕੋਲ ਪੱਕੀਆਂ ਰਿਪੋਰਟਾਂ ਹਨ ਕਿ ਈਰਾਕ ਵੱਡਾ ਬੰਬ ਬਣਾਉਣ ਵਾਲਾ ਹੈ ਤੇ ਪੂਰੀ ਦੁਨੀਆਂ ਨੂੰ ਉਸ ਤੋਂ ਖਤਰਾ ਹੈ।
ਫਿਰ ਈਰਾਕ 'ਤੇ ਹਮਲਾ ਹੋਇਆ, ਕੋਈ 10 ਲੱਖ ਤੋਂ ਜ਼ਿਆਦਾ ਬੰਦੇ ਮਾਰੇ ਗਏ। ਇੱਕ ਪੂਰੀ ਨਸਲ ਤਬਾਹ ਕਰਕੇ ਉਨ੍ਹਾਂ ਨੇ ਭੋਲ਼ਾ ਜਿਹਾ ਮੂੰਹ ਬਣਾ ਕੇ ਫਿਰ ਕਹਿ ਛੱਡਿਆ ਕਿ ਬਈ ਮੇਰੀਆਂ ਰਿਪੋਰਟਾਂ ਗਲਤ ਸਨ, ਈਰਾਕ ਕੋਲ ਕੋਈ ਬੰਬ-ਸ਼ੰਬ ਨਹੀਂ ਸੀ, 'ਆਈ ਐਮ ਸੌਰੀ'।
ਹੁਣ ਟੋਨੀ ਬਲੇਅਰ ਦੇ ਆਪਣੇ ਮੁਲਕ ਵਿੱਚ ਕਈ ਲੋਕ ਕਹਿੰਦੇ ਹਨ ਕਿ ਇਸ 'ਤੇ ਤਾਂ ਜੰਗੀ ਜਰਾਇਮ ਦਾ ਮੁਕੱਦਮਾ ਹੋਣਾ ਚਾਹੀਦਾ ਹੈ। ਤੇ ਟਰੰਪ ਤੇ ਉਸ ਦੇ ਨਾਲ ਲੱਗੇ ਉੱਮਤ ਦੇ ਲੀਡਰ ਕਹਿੰਦੇ ਨੇ ਕਿ ਬਈ ਤੂੰ ਇੱਕ ਵਾਰ ਫਿਰ ਆਜਾ, ਜਿਹੜੇ ਚਾਅ ਤੇਰੇ ਈਰਾਕ 'ਚ ਪੂਰੇ ਨਹੀਂ ਸੀ ਹੋਏ ਉਹ ਹੁਣ ਤੂੰ ਗਾਜ਼ਾ 'ਚ ਪੂਰੇ ਕਰ ਲਈਂ।
ਯੂਕੇ ਦੀ ਇੱਕ ਲਿਖਾਰੀ ਕੋਲੋਂ ਪੁੱਛਿਆ ਗਿਆ ਕਿ ਇਸ ਕੰਮ ਲਈ ਟੋਨੀ ਬਲੇਅਰ ਨੂੰ ਹੀ ਕਿਉਂ ਚੁਣਿਆ ਗਿਆ ਹੈ, ਉਨ੍ਹਾਂ ਫਰਮਾਇਆ ਕਿ 'ਇਸ ਲਈ ਕਿ ਸ਼ੈਤਾਨ ਅੱਜ-ਕੱਲ੍ਹ ਵਿਹਲਾ ਨਹੀਂ'।

ਤਸਵੀਰ ਸਰੋਤ, Getty Images
ਪਾਕਿਸਤਾਨ ਵਿੱਚ ਵੀ ਕਈ ਲੋਕ ਤੇ ਭਲ਼ੇ ਲੋਕ ਜਿਹੜੇ ਕਹਿੰਦੇ ਨੇ ਕਿ ਦੋ ਸਾਲਾਂ ਤੋਂ ਗਾਜ਼ਾ ਵਿੱਚ ਬੱਚੇ ਮਰ ਰਹੇ ਹਨ, ਤੁਹਾਡੇ ਨਾਅਰਿਆਂ ਨੇ ਤੁਹਾਡੇ ਬਾਈਕਾਟਾਂ ਨੇ ਕੀ ਕਰ ਲਿਆ ਹੈ? ਇਹ ਜ਼ੁਲਮ ਰੁਕਵਾਉਣ ਦਾ ਇਹੀ ਤਰੀਕਾ ਹੈ ਕਿ ਇਸ ਪਲਾਨ ਨੂੰ ਮੰਨ ਜਾਓ। ਵੈਸੇ ਵੀ ਤੁਹਾਨੂੰ ਬੜੇ ਅਰਸੇ ਬਾਅਦ ਦੁਨੀਆਂ 'ਚ ਇੱਜ਼ਤ ਮਿਲ ਰਹੀ ਹੈ। ਸਾਊਦੀ ਅਰਬ ਤੁਹਾਡੇ ਨਾਲ ਡਿਫੈਂਸ ਪੈਕਟ ਕਰ ਰਿਹਾ ਹੈ, ਵ੍ਹਾਈਟ ਹਾਊਸ 'ਚ ਤੁਹਾਡੀਆਂ ਦਾਅਵਤਾਂ ਹੋ ਰਹੀਆਂ ਨੇ।
ਜਜ਼ਬਾਤੀ ਨਾ ਬਣੋ, ਪ੍ਰੈਕਟੀਕਲ ਹੋ ਕੇ ਸੋਚੋ। ਘਰ ਤੁਹਾਡੇ ਕੋਲ ਦਾਣੇ ਕੋਈ ਨਹੀਂ ਤੇ ਚੱਲੇ ਹੋ ਤੁਸੀਂ ਫਲਸਤੀਨ ਆਜ਼ਾਦ ਕਰਾਉਣ।
ਨਾਲ ਸਾਨੂੰ ਪਾਕਿਸਤਾਨੀਆਂ ਨੂੰ ਪਾਸਪੋਰਟ ਵੀ ਫੜਾਇਆ ਹੈ, ਜਿਸ 'ਚ ਸਾਨੂੰ ਸਿਰਫ਼ ਇੱਕੋ ਮੁਲਕ 'ਚ ਜਾਣ ਤੋਂ ਮਨ੍ਹਾਂ ਕੀਤਾ ਹੈ।
ਯਾਦ ਇਹ ਵੀ ਕਰਾਉਂਦੇ ਰਹਿੰਦੇ ਨੇ ਕਿ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਫਰਮਾ ਗਏ ਸਨ ਕਿ ਜਦੋਂ ਤੱਕ ਫਲਸਤੀਨ ਆਜ਼ਾਦ ਨਹੀਂ ਹੁੰਦਾ, ਅਸੀਂ ਫ਼ਲਸਤੀਨੀਆਂ ਦੇ ਨਾਲ ਹੀ ਖਲੋਤੇ ਹਾਂ।
ਫਿਰ ਇਹ ਭਲੇ ਲੋਕ ਇਹ ਵੀ ਯਾਦ ਕਰਾ ਛੱਡਦੇ ਨੇ ਕਿ ਤੁਸੀਂ ਬਾਬੇ ਕਾਇਦ-ਏ-ਆਜ਼ਮ ਦੀਆਂ ਕਿਹੜੀਆਂ ਸਾਰੀਆਂ ਗੱਲਾਂ ਮੰਨੀ ਬੈਠੇ ਹੋ, ਇਹਦੇ 'ਤੇ ਵੀ ਮਿੱਟੀ ਪਾਓ।
ਸ਼ਾਇਦ ਅੱਲਾਮਾ ਇਕਬਾਲ ਦੀ ਉੱਮਦ ਨੇ ਉਨ੍ਹਾਂ ਦਾ ਇੱਕ ਹੋਰ ਸ਼ੇਅਰ ਪੜ੍ਹ ਲਿਆ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਫਰਮਾਇਆ ਸੀ...
ਪਾਸਬਾਂ ਮਿਲ ਗਏ, ਕਾਅਬੇ ਕੋ ਸਨਮ ਖਾਨੇ ਸੇ
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













