ਚੰਡੀਗੜ੍ਹ 'ਚ ਦਰਖ਼ਤ ਡਿੱਗਣ ਕਰਕੇ ਬਾਂਹ ਗੁਆਉਣ ਵਾਲੀ ਇਸ਼ਿਤਾ ਨੂੰ 3 ਸਾਲ ਬਾਅਦ ਮਿਲਿਆ ਇਨਸਾਫ਼, ਜਾਣੋ ਕਿਵੇਂ ਹਾਦਸੇ ਤੋਂ ਉਭਰ ਰਹੇ

ਇਸ਼ਿਤਾ ਸ਼ਰਮਾ
ਤਸਵੀਰ ਕੈਪਸ਼ਨ, ਹਾਦਸੇ ਦੌਰਾਨ ਬਾਂਹ ਗਵਾ ਦੇਣ ਦੀ ਪੀੜ ਇਸ਼ਿਤਾ ਅਤੇ ਉਹਨਾਂ ਦੇ ਮਾਪਿਆਂ ਲਈ ਅਸਹਿ ਹੈ।
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

"ਸਕੂਲ ਅੰਦਰ ਖੜ੍ਹਾ ਇੱਕ ਵੱਡਾ ਰੁੱਖ ਅਚਾਨਕ ਸਾਡੇ ਉੱਤੇ ਡਿੱਗ ਗਿਆ, ਮੇਰੀ ਬਾਂਹ ਹਿੱਲ ਨਹੀਂ ਰਹੀ ਸੀ ਤੇ ਮੇਰੀ ਸਹੇਲੀ ਦਾ ਸਿਰ ਖੂਨ ਨਾਲ ਲੱਥਪਥ ਸੀ।"

"ਅਸੀਂ ਦੋਵੇਂ ਇੱਕ-ਦੋ ਦਿਨ ਤੋਂ ਇੱਕ-ਦੂਜੇ ਨਾਲ ਨਾਰਾਜ਼ ਸੀ, ਮੈਂ ਉਸ ਦਿਨ ਸਕੂਲ ਨਹੀਂ ਜਾਣਾ ਸੀ ਪਰ ਮੈਂ ਬਸ ਆਪਣੀ ਦੋਸਤ ਨੂੰ ਮਨਾਉਣ ਲਈ ਸਕੂਲ ਗਈ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਸਾਡੀ ਆਖਰੀ ਮੁਲਾਕਾਤ ਹੋਵੇਗੀ।"

ਆਪਣੇ ਨਾਲ ਵਾਪਰੇ ਇਸ ਭਿਆਨਕ ਹਾਦਸਾ ਨੂੰ ਯਾਦ ਕਰਦਿਆਂ 18 ਸਾਲਾ ਇਸ਼ਿਤਾ ਸ਼ਰਮਾ ਭਾਵੁਕ ਹੋ ਗਏ।

ਇਸ਼ਿਤਾ 15 ਸਾਲ ਦੇ ਸਨ ਜਦੋਂ ਉਹਨਾਂ ਦੇ ਸਕੂਲ ਵਿੱਚ ਖੜ੍ਹਾ ਇੱਕ ਪਿੱਪਲ ਦਾ ਦਰੱਖਤ ਅਚਾਨਕ ਉਹਨਾਂ ਉੱਤੇ ਡਿੱਗ ਗਿਆ। ਇਸ ਹਾਦਸੇ ਵਿੱਚ ਇਸ਼ਿਤਾ ਦੀ ਖੱਬੀ ਬਾਂਹ ਗੰਭੀਰ ਜ਼ਖਮੀ ਹੋਈ ਅਤੇ ਸਰਜਰੀ ਤੋਂ ਬਾਅਦ ਬਾਂਹ ਨੂੰ ਕੱਟਣਾ ਪਿਆ।

ਹਾਦਸੇ ਦੌਰਾਨ ਬਾਂਹ ਗੁਆ ਦੇਣ ਦੀ ਪੀੜ ਇਸ਼ਿਤਾ ਅਤੇ ਉਹਨਾਂ ਦੇ ਮਾਪਿਆਂ ਲਈ ਅਸਹਿ ਹੈ।

ਪਰ 29 ਸਤੰਬਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਇੱਕ ਫੈਸਲੇ ਨੇ ਪਰਿਵਾਰ ਨੂੰ ਕੁਝ ਰਾਹਤ ਦਿੱਤੀ ਹੈ।

ਮ੍ਰਿਤਕ ਅਤੇ ਪੀੜਤ ਵਿਦਿਆਰਥਣ ਦੇ ਪਰਿਵਾਰ ਵੱਲੋਂ ਪਾਈ ਗਈ ਰਿਟ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੂੰ 1 ਕਰੋੜ ਅਤੇ ਜ਼ਖਮੀ ਇਸ਼ਿਤਾ ਸ਼ਰਮਾ ਦੇ ਪਰਿਵਾਰ ਨੂੰ 50 ਲੱਖ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ।

ਪਟੀਸ਼ਨ ਦਾਖਲ ਕਰਨ ਸਮੇਂ ਜ਼ਖਮੀ ਇਸ਼ਿਤਾ ਸ਼ਰਮਾ ਨਬਾਲਗ ਸਨ। ਇਸ ਕਰਕੇ ਉਦੋਂ ਅਦਾਲਤੀ ਹੁਕਮਾਂ ਕਰਕੇ ਉਨ੍ਹਾਂ ਦਾ ਨਾਮ ਜ਼ਾਹਿਰ ਨਹੀਂ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਫੈਸਲੇ ਆਉਣ ਸਮੇਂ ਇਸ਼ਿਤਾ ਸ਼ਰਮਾ ਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।

ਕਿਵੇਂ ਹੋਇਆ ਹਾਦਸਾ?

ਇਸ਼ਿਤਾ ਸ਼ਰਮਾ ਦੇ ਮਾਪੇ
ਤਸਵੀਰ ਕੈਪਸ਼ਨ, ਇਸ਼ਿਤਾ ਸ਼ਰਮਾ ਦੇ ਮਾਪਿਆਂ ਦੀ ਦਲੀਲ ਹੈ ਕਿ ਸਕੂਲ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਖਾਣਾ ਖਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ

8 ਜੁਲਾਈ 2022 ਨੂੰ ਚੰਡੀਗੜ੍ਹ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਦੀ ਹਦੂਦ ਦੇ ਅੰਦਰ ਸਕੂਲ ਦੀ ਕੰਧ ਦੇ ਨਾਲ ਖੜ੍ਹੇ 250 ਸਾਲ ਪੁਰਾਣੇ ਪਿੱਪਲ ਦੇ ਦਰੱਖਤ ਥੱਲੇ ਬੈਠ ਕੇ ਬਹੁਤ ਸਾਰੇ ਵਿਦਿਆਰਥੀ ਖਾਣਾ ਖਾ ਰਹੇ ਸਨ। ਲਗਭਗ ਸਾਢੇ ਗਿਆਰਾਂ ਵਜੇ ਇਹ ਹੈਰੀਟੇਜ ਦਰੱਖਤ ਅਚਾਨਕ ਵਿਦਿਆਰਥੀਆਂ ਉੱਤੇ ਡਿੱਗ ਗਿਆ।

ਇਸ ਘਟਨਾ ਦੌਰਾਨ 15 ਸਾਲਾ ਹਿਰਾਕਸ਼ੀ ਦੀ ਮੌਤ ਹੋ ਗਈ, 15 ਸਾਲਾ ਇਸ਼ਿਤਾ ਸ਼ਰਮਾ ਦੀ ਬਾਂਹ ਕੱਟੀ ਗਈ, ਇੱਕ ਬੱਸ ਅਟੈਂਡੈਂਟ ਮਹਿਲਾ ਸਮੇਤ 15 ਤੋਂ ਵੱਧ ਲੋਕ ਜ਼ਖਮੀ ਹੋਏ ਸਨ।

ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਸਕੂਲ ਨੂੰ ਜ਼ਿੰਮੇਵਾਰ ਠਹਿਰਾਇਆ। ਇਸ਼ਿਤਾ ਸ਼ਰਮਾ ਦੇ ਮਾਪਿਆਂ ਦੀ ਦਲੀਲ ਹੈ ਕਿ ਸਕੂਲ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਖਾਣਾ ਖਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ ਜਿਸ ਕਰਕੇ ਮਜਬੂਰਨ ਵਿਦਿਆਰਥੀਆਂ ਨੂੰ ਦਰੱਖਤ ਥੱਲੇ ਬੈਠ ਕੇ ਖਾਣਾ ਖਾਣਾ ਪੈਂਦਾ ਸੀ।

ਉਹਨਾਂ ਦੀ ਦਲੀਲ ਇਹ ਵੀ ਸੀ ਕਿ 250 ਸਾਲ ਪੁਰਾਣੇ ਦਰੱਖਤ ਦੀ ਸਾਂਭ-ਸੰਭਾਲ ਦਾ ਪੂਰਾ ਜ਼ਿੰਮਾ ਚੰਡੀਗੜ੍ਹ ਪ੍ਰਸ਼ਾਸਨ ਦਾ ਸੀ ਤਾਂ ਦਰੱਖਤ ਖੋਖਲਾ ਹੋ ਚੁੱਕਿਆ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ।

ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਬਚਾਅ ਪੱਖ ਵਿੱਚ ਇਸ ਘਟਨਾ ਨੂੰ "ਐਕਟ ਆਫ਼ ਗਾਡ" ਕਿਹਾ।

ਮ੍ਰਿਤਕ ਵਿਦਿਆਰਥਣ ਦਾ ਪਰਿਵਾਰ ਕੀ ਬੋਲਿਆ

ਇਸ਼ਿਤਾ ਸ਼ਰਮਾ

ਮ੍ਰਿਤਕ ਵਿਦਿਆਰਥਣ ਦੇ ਪਿਤਾ ਪੰਕਜ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ।

"ਇਹ ਹਾਦਸਾ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਵਾਪਰਿਆ ਸੀ ਜਿਸ ਕਰਕੇ ਅਸੀਂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਸੀ। ਮੇਰੀ ਧੀ ਤਾਂ ਕਦੇ ਵਾਪਸ ਨਹੀਂ ਆਵੇਗੀ ਪਰ ਮੁਆਵਜ਼ੇ ਦੀ ਰਕਮ ਨਾਲ ਇਸ਼ਿਤਾ ਦਾ ਇਲਾਜ ਚੰਗੀ ਤਰ੍ਹਾਂ ਹੋ ਜਾਵੇਗਾ ਇਸ ਦੀ ਸਾਨੂੰ ਸੰਤੁਸ਼ਟੀ ਹੈ।"

ਸਕੂਲ ਨਹੀਂ ਜਾਣਾ ਚਾਹੁੰਦੀ ਸੀ ਇਸ਼ਿਤਾ

8 ਜੁਲਾਈ 2022 ਦੀ ਸਵੇਰ 15 ਸਾਲਾ ਇਸ਼ਿਤਾ ਸ਼ਰਮਾ ਲਈ ਉਮੀਦਾਂ ਨਾਲ ਭਰੀ ਹੋਈ ਸੀ, ਉਸ ਦਿਨ ਉਹ ਸਿਰਫ ਇਸ ਲਈ ਸਕੂਲ ਗਏ ਸਨ ਕਿਉਂਕਿ ਉਹਨਾਂ ਨੇ ਨਰਾਜ਼ ਹੋਈ ਆਪਣੀ ਪੱਕੀ ਸਹੇਲੀ ਨੂੰ ਮਨਾਉਣਾ ਸੀ।

ਹੋਰ ਦੋਸਤ ਵੀ ਉਹਨਾਂ ਦਾ ਪੈਚ ਅੱਪ (ਸੁਲਾਹ) ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਪਹਿਲੀਆਂ ਕਲਾਸਾਂ ਲਗਾਉਣ ਤੋਂ ਬਾਅਦ ਸਾਰੇ ਦੋਸਤ ਲਗਭਗ ਗਿਆਰਾਂ ਵਜੇ ਸਕੂਲ ਵਿੱਚ ਹੀ ਮੌਜੂਦ ਇੱਕ 250 ਸਾਲ ਪੁਰਾਣੇ ਹੈਰੀਟੇਜ ਰੁੱਖ (ਪਿੱਪਲ ਦੇ ਰੁੱਖ) ਥੱਲੇ ਦੁਪਹਿਰ ਦਾ ਭੋਜਨ ਕਰਨ ਲਈ ਬੈਠ ਗਏ।

ਇਸ਼ਿਤਾ ਦੱਸਦੇ ਹਨ, "ਮੈਂ ਆਪਣਾ ਭੋਜਨ ਖਤਮ ਕਰਨ ਮਗਰੋਂ ਆਪਣੀ ਸਹੇਲੀ ਦੇ ਭੋਜਨ ਖਤਮ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਹੁਣ ਮੈਂ ਉਸ ਨੂੰ ਮਨਾਵਾਂਗੀ।"

ਪਰ ਏਨੇ ਵਿੱਚ ਹੀ ਇੱਕ ਵੱਡਾ ਦਰੱਖਤ ਸਾਡੇ ਉੱਤੇ ਡਿੱਗ ਗਿਆ।

ਉਨ੍ਹਾਂ ਨੇ ਦੱਸਿਆ, "ਸਾਰੇ ਪਾਸੇ ਰੌਲਾ ਪੈ ਗਿਆ, ਕੁਝ ਅਧਿਆਪਕ ਭੱਜੇ ਆਏ ਉਹਨਾਂ ਨੇ ਮੈਨੂੰ ਡਿੱਗੇ ਹੋਏ ਦਰੱਖਤ ਥੱਲਿਓਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਇੱਕ ਬਾਂਹ ਦਰੱਖਤ ਦੇ ਇੱਕ ਭਾਰੀ ਟਾਹਣੇ ਥੱਲੇ ਦੱਬੀ ਹੋਈ ਸੀ। ਮੈਂ ਉੱਠ ਨਹੀਂ ਪਾ ਰਹੀ ਸੀ, ਬਸ ਮੇਰੇ ਦਰਦ ਹੋ ਰਿਹਾ ਸੀ, ਬਹੁਤ ਦਰਦ ਜਿਸਨੂੰ ਮੈਂ ਬਿਆਨ ਨਹੀਂ ਕਰ ਸਕਦੀ।"

ਏਨੇ ਵਿੱਚ ਹੀ ਮੈਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਇੱਕ ਹੋਰ ਕੁੜੀ ਦੇ ਸਿਰ ਵਿੱਚ ਖੂਨ ਹੀ ਖੂਨ ਨਿਕਲ ਰਿਹਾ ਸੀ, ਉਹ ਮੇਰੀ ਪੱਕੀ ਸਹੇਲੀ ਸੀ, ਜਿਸ ਨਾਲ ਮੈਂ ਦੋ ਦਿਨ ਪਹਿਲਾਂ ਗੱਲ ਨਹੀਂ ਕਰ ਰਹੀ ਸੀ ਤੇ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਹੀ ਸੀ।"

'ਕਲਾਸਰੂਮ ਗੰਦੇ ਨਾ ਹੋਣ ਇਸ ਲਈ ਬਾਹਰ ਖਾਣਾ ਖਾਓ'

ਇਸ਼ਿਤਾ ਸ਼ਰਮਾ
ਤਸਵੀਰ ਕੈਪਸ਼ਨ, 8 ਜੁਲਾਈ 2022 ਦੇ ਦਿਨ ਨੂੰ ਯਾਦ ਕਰ ਸਿਰਫ਼ ਇਸ਼ਿਤਾ ਹੀ ਨਹੀਂ ਸਹਿਮ ਜਾਂਦੇ ਉਹਨਾਂ ਦੇ ਮਾਤਾ ਵੀ ਫੁੱਟ-ਫੁੱਟ ਕੇ ਰੋਂ ਪੈਂਦੇ ਹਨ।

ਖੁਦ ਨਾਲ ਵਾਪਰੇ ਇਸ ਭਿਆਨਕ ਹਾਦਸੇ ਨੂੰ ਯਾਦ ਕਰਦਿਆਂ ਜ਼ਖਮੀ ਇਸ਼ਿਤਾ ਸ਼ਰਮਾ ਨੇ ਦੱਸਿਆ, "ਸਾਨੂੰ ਸਕੂਲ ਦੇ ਕਲਾਸਰੂਮ ਅੰਦਰ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਇਸਦੇ ਪਿੱਛੇ ਕਾਰਨ ਸੀ ਕਿ ਕਲਾਸਰੂਮ ਗੰਦੇ ਨਾ ਹੋ ਜਾਣ।"

ਉਹ ਦੱਸਦੇ ਹਨ, "ਸਾਡੇ ਤੋਂ ਕੁਝ ਮਿੰਟ ਪਹਿਲਾਂ ਹੀ ਛੋਟੇ-ਛੋਟੇ ਨਰਸਰੀ ਦੇ ਬੱਚੇ ਉਸੇ ਹੈਰੀਟੇਜ ਦਰੱਖਤ ਥੱਲੇ ਬੈਠ ਕੇ ਖਾਣਾ ਖਾ ਕੇ ਗਏ ਸਨ। ਜੇਕਰ ਇਹ ਹਾਦਸਾ ਉਹਨਾਂ ਨਾਲ ਵਾਪਰ ਜਾਂਦਾ ਫੇਰ!"

ਉਹ ਕਹਿੰਦੇ ਹਨ, "ਦਰੱਖਤ ਬਹੁਤ ਵੱਡਾ ਸੀ, ਗਰਮੀ ਦਾ ਮਹੀਨਾ ਸੀ, ਅਸੀਂ ਛਾਂ ਲੱਭ ਰਹੇ ਸੀ ਇਸ ਕਰਕੇ ਦਰੱਖਤ ਦੇ ਥੱਲੇ ਬੈਠ ਕੇ ਖਾਣਾ ਖਾਣ ਲੱਗੇ। ਇਹ ਪਹਿਲੀ ਵਾਰ ਵੀ ਨਹੀਂ ਸੀ, ਅਸੀਂ ਲਗਭਗ ਰੋਜ਼ ਹੀ ਇੱਥੇ ਖਾਣਾ ਖਾਂਦੇ ਸੀ। ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਦਰੱਖਤ ਸਾਡੀ ਦੋਸਤ ਦੀ ਜਾਨ ਲੈ ਲਵੇਗਾ।"

ਅਦਾਲਤ ਨੇ ਵੀ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਦਾ ਸਿੱਖਿਆ ਵਿਭਾਗ ਇਹ ਯਕੀਨੀ ਬਣਾਵੇ ਕਿ ਜਾਂ ਤਾਂ ਸਕੂਲ ਵਿਦਿਆਰਥੀਆਂ ਨੂੰ ਕਲਾਸ ਰੂਮਾਂ ਵਿੱਚ ਖਾਣਾ ਖਾਣ ਦੇਣ ਜਾਂ ਅਜਿਹੀ ਸਾਫ਼ ਅਤੇ ਸੁਰੱਖਿਅਤ ਥਾਂ ਮੁਹੈਇਆ ਕਰਵਾਉਣ ਜਿੱਥੇ ਬੈਠ ਕੇ ਖਾਣਾ ਖਾਧਾ ਜਾ ਸਕੇ।

ਹਾਈ ਕੋਰਟ ਦੀਆਂ ਅਹਿਮ ਟਿੱਪਣੀਆਂ

ਰਾਮਦੀਪ ਪ੍ਰਤਾਪ ਸਿੰਘ
ਤਸਵੀਰ ਕੈਪਸ਼ਨ, ਪਟੀਸ਼ਨਕਰਤਾ ਦੇ ਵਕੀਲ ਰਾਮਦੀਪ ਪ੍ਰਤਾਪ ਸਿੰਘ

ਇਸ ਮਾਮਲੇ ਵਿੱਚ 29 ਸਤੰਬਰ 2025 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ ਦੀ ਪ੍ਰਧਾਨਗੀ ਹੇਠ ਪਟੀਸ਼ਨਕਰਤਾਵਾਂ ਦੇ ਹੱਕ ਵਿੱਚ 41 ਪੰਨਿਆਂ ਦਾ ਫੈਸਲਾ ਸੁਣਾਇਆ ਜਿਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਗਿਆ।

ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮ੍ਰਿਤਕ ਵਿਦਿਆਰਥਣ ਦੇ ਪਿਤਾ ਨੂੰ 1 ਕਰੋੜ ਰੁਪਏ ਅਤੇ ਆਪਣੀ ਬਾਂਹ ਗੁਆ ਚੁੱਕੀ ਪੀੜਤ ਇਸ਼ਿਤਾ ਸ਼ਰਮਾ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ।

ਪਟੀਸ਼ਨਕਰਤਾ ਦੇ ਵਕੀਲ ਰਾਮਦੀਪ ਪ੍ਰਤਾਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੇ ਗਏ 20 ਲੱਖ ਅਤੇ ਜ਼ਖਮੀ ਵਿਦਿਆਰਥਣ ਦੇ ਪਰਿਵਾਰ ਨੂੰ ਦਿੱਤੇ 10 ਲੱਖ ਤੋਂ ਇਲਾਵਾ 1 ਕਰੋੜ ਅਤੇ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ।

ਜ਼ਖਮੀ ਵਿਦਿਆਰਥਣ ਇਸ਼ਿਤਾ ਦੇ ਪਿਤਾ ਅਮਨ ਸ਼ਰਮਾ ਦੱਸਦੇ ਹਨ ਕਿ ਹਾਦਸੇ ਤੋਂ ਬਾਅਦ ਬਣੀ ਜਾਂਚ ਕਮੇਟੀ ਇਹ ਸਿਫਾਰਿਸ਼ ਕਰ ਚੁੱਕੀ ਸੀ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਸੀ।

ਇਸ ਤੋਂ ਬਾਅਦ 2023 ਵਿੱਚ ਮ੍ਰਿਤਕ ਵਿਦਿਆਰਥਣ ਦੇ ਪਿਤਾ ਅਤੇ ਜ਼ਖਮੀ ਇਸ਼ਿਤਾ ਦੇ ਪਿਤਾ ਨੇ ਮਿਲ ਕੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕੀਤੀ ਅਤੇ ਇਸ ਘਟਨਾ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ। ਜਿਸਤੋਂ ਬਾਅਦ ਲਗਾਤਾਰ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਹੋ ਰਹੀ ਸੀ।

ਚੰਡੀਗੜ੍ਹ ਪ੍ਰਸ਼ਾਸਨ ਦਾ ਕੀ ਕਹਿਣਾ ਹੈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਈਕੋਰਟ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਅਮਨ ਬਾਹਰੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਫਿਲਹਾਲ ਚੰਡੀਗੜ੍ਹ ਪ੍ਰਸ਼ਾਸਨ ਇਸ ਫੈਸਲੇ ਉੱਤੇ ਰੀਵਿਊ ਕਰ ਰਿਹਾ ਹੈ, ਉਸਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।

'ਸਾਨੂੰ ਦਰੱਖਤਾਂ ਤੋਂ ਡਰ ਲੱਗਦਾ'

ਇਸ਼ਿਤਾ ਸ਼ਰਮਾ
ਤਸਵੀਰ ਕੈਪਸ਼ਨ, ਇਸ਼ਿਤਾ ਨੇ ਬੈਡਮਿੰਟਨ ਖੇਡਣਾ, ਪੇਟਿੰਗ ਕਰਨਾ ਸ਼ੁਰੂ ਕੀਤਾ ਹੈ।

8 ਜੁਲਾਈ 2022 ਦੇ ਦਿਨ ਨੂੰ ਯਾਦ ਕਰ ਸਿਰਫ਼ ਇਸ਼ਿਤਾ ਹੀ ਨਹੀਂ ਸਹਿਮ ਜਾਂਦੇ ਉਹਨਾਂ ਦੇ ਮਾਤਾ ਵੀ ਫੁੱਟ-ਫੁੱਟ ਕੇ ਰੋਂ ਪੈਂਦੇ ਹਨ।

ਉਹਨਾਂ ਦੇ ਮਾਤਾ ਪ੍ਰੀਤਿਕਾ ਸ਼ਰਮਾ ਆਪਣੀਆਂ ਅੱਖਾਂ ਵਿੱਚੋਂ ਹੰਝੂ ਸਾਫ਼ ਕਰਦੇ ਕਹਿੰਦੇ ਹਨ, "ਇੱਕ ਦਰੱਖਤ ਮੇਰੀ ਧੀ ਨੂੰ ਏਨਾ ਦੁੱਖ ਦੇਵੇਗਾ ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ, 'ਸਾਨੂੰ ਹੁਣ ਦਰੱਖਤਾਂ ਤੋਂ ਡਰ ਲੱਗਦਾ ਹੈ। ਅਸੀਂ ਖੁਦ ਤਾਂ ਕੀ ਆਪਣੀ ਗੱਡੀ ਵੀ ਕਿਸੇ ਦਰੱਖਤ ਥੱਲੇ ਨਹੀਂ ਖੜ੍ਹੀ ਕਰਦੇ।

ਇਸ਼ਿਤਾ ਦੇ ਮਾਤਾ ਕਹਿੰਦੇ ਹਨ, "ਨਕਲੀ ਬਾਂਹ (ਪ੍ਰੌਸਥੈਟਿਕ ਆਰਮ) ਪਹਿਨਣ ਕਰਕੇ ਇਸ਼ਿਤਾ ਦੇ ਛਾਤੀ ਵਿੱਚ ਵੀ ਦਰਦ ਹੁੰਦਾ ਹੈ, ਹੋਰ ਕਈ ਬਿਮਾਰੀਆਂ ਦਾ ਸਾਹਮਣਾ ਵੀ ਇਸ਼ਿਤਾ ਨੂੰ ਕਰਨਾ ਪੈਂਦਾ ਹੈ। ਬਹੁਤ ਮੁਸ਼ਕਲ ਹੈ ਆਪਣੀ ਧੀ ਨੂੰ ਇਸ ਹਾਲ ਵਿੱਚ ਦੇਖਣਾ, ਉਹ ਘਟਨਾ ਹਰ ਰੋਜ਼ ਸਾਡੇ ਦਿਮਾਗ ਵਿੱਚ ਘੁੰਮਦੀ ਹੈ। ਯਾਦ ਆਉਂਦਾ ਕਿ ਹਸਪਤਾਲ ਵਿੱਚ ਮੈਂ ਆਪਣੀ ਧੀ ਨੂੰ ਕਿਵੇਂ ਖੂਨ ਨਾਲ ਲੱਥਪੱਥ ਦੇਖਿਆ।"

ਇਸ਼ਿਤਾ ਦੇ ਪਿਤਾ ਅਮਨ ਸ਼ਰਮਾ ਕਹਿੰਦੇ ਹਨ, "ਸਕੂਲ ਉਹ ਥਾਂ ਹੁੰਦੀ ਹੈ ਜਿੱਥੇ ਬੱਚੇ ਸਭ ਤੋਂ ਵੱਧ ਸੁਰੱਖਿਅਤ ਹੁੰਦੇ ਹਨ, ਪਰ ਸਾਡੀ ਧੀ ਨਾਲ ਉੱਥੇ ਹਾਦਸਾ ਵਾਪਰਿਆ। ਸਾਡੇ ਬੱਚਿਆਂ ਦੀ ਕੀ ਗਲਤੀ ਸੀ"

ਹਾਦਸੇ ਦੀ ਜਾਂਚ ਲਈ ਬਣੀ ਕਮੇਟੀ ਦੀਆਂ ਸਿਫ਼ਾਰਿਸ਼ਾਂ ਕੀ ਸਨ

ਇਸ ਦੁਖਦਾਈ ਘਟਨਾ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 13 ਜੁਲਾਈ 2022 ਨੂੰ ਸੇਵਾਮੁਕਤ ਜਸਟਿਸ ਜਤਿੰਦਰ ਚੌਹਾਨ ਦੀ ਅਗਵਾਈ ਹੇਠ ਇੱਕ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ।

ਜਾਂਚ ਮਗਰੋਂ ਕਮੇਟੀ ਨੇ 13 ਦਸੰਬਰ 2022 ਨੂੰ ਆਪਣੀ ਰਿਪੋਰਟ ਦਾਖਲ ਕੀਤੀ। ਰਿਪੋਰਟ ਮੁਤਾਬਕ ਇਹ ਘਟਨਾ ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਦੀ ਲਾਪਰਵਾਹੀ ਕਾਰਨ ਵਾਪਰੀ।

ਕਮੇਟੀ ਵੱਲੋਂ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਜ਼ਖਮੀ ਇਸ਼ਿਤਾ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਗਈ।

ਇਸ ਤੋਂ ਇਲਾਵਾ, ਕਮੇਟੀ ਨੇ ਨਿਰਦੇਸ਼ ਦਿੱਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਜ਼ਖਮੀ ਇਸ਼ਿਤਾ ਦੇ ਇਲਾਜ, ਬਾਂਹ ਟਰਾਂਸਪਲਾਂਟ ਦਾ ਸਾਰਾ ਖਰਚਾ ਵੀ ਚੁੱਕੇਗਾ।

ਚੰਡੀਗੜ੍ਹ ਇੰਜੀਨੀਅਰਿੰਗ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਸੀ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਬੱਸ ਅਟੈਂਡੈਂਟ ਸ਼ੀਲਾ, ਜਿਸਨੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਗੰਭੀਰ ਯਤਨ ਕੀਤੇ, ਉਹਨਾਂ ਦੇ ਪੂਰੇ ਇਲਾਜ ਦਾ ਖਰਚਾ ਵੀ ਚੁੱਕੇਗਾ ਅਤੇ ਕੀਮਤੀ ਜਾਨਾਂ ਬਚਾਉਣ ਲਈ ਉਹਨਾਂ ਦੇ ਸਮਰਪਿਤ ਯਤਨਾਂ ਨੂੰ ਦੇਖਦੇ ਹੋਏ, ਉਹਨਾਂ ਨੂੰ ਉਸਦੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਵੀ ਪ੍ਰਦਾਨ ਕਰੇਗਾ।

ਇਸਤੋਂ ਇਲਾਵਾ ਕਮੇਟੀ ਨੇ ਭਵਿੱਖ ਵਿੱਚ ਅਜਿਹੀ ਦੁਖਦਾਈ ਘਟਨਾ ਨੂੰ ਦੁਹਰਾਉਣ ਤੋਂ ਰੋਕਣ ਲਈ ਉਚਿੱਤ ਕਦਮ ਚੁੱਕਣ ਦੀ ਸਿਫਾਰਿਸ਼ ਕੀਤੀ

ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕਮੇਟੀ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਸਿਫ਼ਾਰਸ਼ਾਂ ਨੂੰ ਮੰਨ ਲਿਆ, ਪਰ ਪਰਿਵਾਰਾਂ ਨੂੰ ਮੁਆਵਜ਼ੇ ਦੀ ਪੂਰੀ ਅਦਾਇਗੀ ਨਹੀਂ ਕੀਤੀ।

ਜਿਸਤੋਂ ਬਾਅਦ ਮ੍ਰਿਤਕ ਅਤੇ ਜ਼ਖਮੀ ਇਸ਼ਿਤਾ ਦੇ ਪਰਿਵਾਰ ਵੱਲੋਂ 2023 ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।

ਯੂਪੀਐੱਸਸੀ ਦੀ ਤਿਆਰੀ ਕਰ ਰਹੇ ਇਸ਼ਿਤਾ

ਇਸ਼ਿਤਾ ਸ਼ਰਮਾ

ਇਸ਼ਿਤਾ ਸ਼ਰਮਾ ਕਹਿੰਦੇ ਹਨ, "ਇੱਕ ਹਾਦਸਾ ਮੇਰੀ ਪੂਰੀ ਜ਼ਿੰਦਗੀ ਬਦਲ ਗਿਆ ਹੈ, ਕਿਸੇ ਬਾਹਰੀ ਵਿਅਕਤੀ ਦੇ ਸਾਹਮਣੇ ਜਾਣ ਤੋਂ ਪਹਿਲਾਂ ਅਜਿਹੇ ਕੱਪੜੇ ਪਹਿਨਣੇ ਪੈਂਦੇ ਹਨ ਜਿਸ ਨਾਲ ਉਹਨਾਂ ਦੀ ਖੱਬੀ ਬਾਂਹ ਲੁਕੋਈ ਜਾ ਸਕੇ। ਆਪਣੀ ਮਨ-ਪਸੰਦ ਕੱਪੜੇ ਨਹੀਂ ਪਹਿਨੇ ਜਾ ਸਕਦੇ। ਲੋਕ ਤੁਹਾਨੂੰ ਅਜੀਬ ਤਰੀਕੇ ਨਾਲ ਦੇਖਦੇ ਹਨ।”

"ਮੈਂ ਸਰਜਨ ਬਣਨ ਬਾਰੇ ਸੋਚ ਰਹੀ ਸੀ ਪਰ ਇੱਕ ਦਿਨ ਮੈਨੂੰ ਕਿਸੇ ਵਿਅਕਤੀ ਨੇ ਕਿਹਾ ਕਿ ਹੁਣ ਤੂੰ ਸਰਜਨ ਨਹੀਂ ਬਣ ਸਕੇਗੀ ਕਿਉਂਕਿ ਸਰਜਨ ਲਈ ਦੋ ਬਾਹਵਾਂ ਹੋਣੀਆਂ ਚਾਹੀਦੀਆਂ ਹਨ। ਇਹ ਸੁਣ ਕੇ ਮਨ ਦੁਖੀ ਹੋਇਆ ਪਰ ਹੁਣ ਮੈਂ ਹੌਲੀ-ਹੌਲੀ ਅੱਗੇ ਵੱਧ ਰਹੀ ਹਾਂ। ਬੈਡਮਿੰਟਨ ਖੇਡਣਾ, ਪੇਟਿੰਗ ਕਰਨਾ ਸ਼ੁਰੂ ਕੀਤਾ ਹੈ। ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹਾਂ ਤੇ ਇੱਕ ਦਿਨ ਕਲੀਅਰ ਜ਼ਰੂਰ ਕਰਾਂਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)