'ਕਾਰਗਿਲ ਵਿੱਚ ਪਾਕਿਸਤਾਨ ਨਾਲ ਲੜਿਆ ਅਤੇ ਇੱਥੇ...' ਲੇਹ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਕੀ ਕਿਹਾ?

ਸੇਵਾਂਗ ਥਰਚਿਨ

ਤਸਵੀਰ ਸਰੋਤ, Majid Jahangir

ਤਸਵੀਰ ਕੈਪਸ਼ਨ, ਸੇਵਾਂਗ ਥਰਚਿਨ
    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਪੱਤਰਕਾਰ

"ਮੇਰਾ ਪੁੱਤ ਪੁਲਿਸ ਵੱਲੋਂ ਮਾਰਿਆ ਗਿਆ ਸੀ। ਉਸਦੇ ਚਾਰ ਬੱਚੇ ਹਨ। ਉਨ੍ਹਾਂ ਦੀ ਪੜ੍ਹਾਈ ਅਧੂਰੀ ਹੈ। ਹੁਣ ਮੈਂ ਕੀ ਕਰ ਸਕਦੀ ਹਾਂ? ਮੇਰਾ ਦਿਲ ਘਬਰਾ ਰਿਹਾ ਹੈ। ਮਰਨਾ ਤਾਂ ਮੈਨੂੰ ਚਾਹੀਦਾ ਸੀ, ਮੇਰਾ ਪੁੱਤ ਨਹੀਂ। ਮੈਂ ਵੀ ਭੁੱਖ ਹੜਤਾਲ 'ਤੇ ਬੈਠੀ ਸੀ। ਮੈਨੂੰ ਉੱਥੇ ਚੱਕਰ ਆ ਗਿਆ ਸੀ ਤੇ ਮੈਂ ਵਾਪਸ ਆ ਗਈ ਸੀ।"

ਇਹ ਸ਼ਬਦ ਸੇਰਿਨ ਡੋਲਕਰ ਦੇ ਹਨ, ਜਿਨ੍ਹਾਂ ਦਾ ਪੁੱਤ ਸੇਵਾਂਗ ਥਾਰਚਿਨ, ਲੇਹ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ।

ਉਸਨੇ 22 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ ਹਵਲਦਾਰ ਵਜੋਂ ਸੇਵਾਮੁਕਤ ਹੋਇਆ।

ਸੇਵਾਂਗ ਥਰਚਿਨ ਨੇ ਕਾਰਗਿਲ ਜੰਗ ਵੀ ਲੜੀ ਸੀ।

ਪਿਛਲੇ ਪੰਜ ਸਾਲਾਂ ਤੋਂ, ਲੱਦਾਖ ਦੇ ਲੋਕ ਮੰਗ ਕਰ ਰਹੇ ਹਨ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਦਿੱਤਾ ਜਾਵੇ ਅਤੇ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਜਾਵੇ।

ਇਸ ਸਬੰਧ ਵਿੱਚ, ਲੇਹ ਵਿੱਚ ਮਸ਼ਹੂਰ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਅਤੇ ਲੇਹ ਐਪੈਕਸ ਬਾਡੀ ਵੱਲੋਂ ਇੱਕ ਭੁੱਖ ਹੜਤਾਲ ਚੱਲ ਰਹੀ ਸੀ।

ਲੇਹ ਵਿੱਚ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Majid Jahangir

ਤਸਵੀਰ ਕੈਪਸ਼ਨ, ਲੇਹ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਦਫ਼ਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ

24 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਨੌਜਵਾਨ ਭੁੱਖ ਹੜਤਾਲ ਵਾਲੀ ਥਾਂ 'ਤੇ ਇਕੱਠੇ ਹੋਏ। ਬਾਅਦ ਵਿੱਚ ਭੀੜ ਨੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਕਈ ਥਾਵਾਂ 'ਤੇ ਹਿੰਸਾ ਭੜਕ ਗਈ, ਪ੍ਰਦਰਸ਼ਨਕਾਰੀਆਂ ਨੇ ਲੇਹ ਹਿੱਲ ਕੌਂਸਲ ਦਫ਼ਤਰ ਅਤੇ ਹੋਰ ਸਰਕਾਰੀ ਇਮਾਰਤਾਂ 'ਤੇ ਪੱਥਰਬਾਜ਼ੀ ਕੀਤੀ।

ਭਾਜਪਾ ਦਫ਼ਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਨੂੰ ਨੁਕਸਾਨ ਪਹੁੰਚਾਇਆ ਗਿਆ।

ਸੁਰੱਖਿਆ ਬਲਾਂ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਦੇ ਨਤੀਜੇ ਵਜੋਂ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੁਰੱਖਿਆ ਕਰਮਚਾਰੀਆਂ ਸਣੇ ਕਈ ਹੋਰ ਜ਼ਖਮੀ ਹੋ ਗਏ।

ਹਿੰਸਾ ਤੋਂ ਬਾਅਦ ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਦੋ ਦਿਨ ਬਾਅਦ, ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੋਧਪੁਰ ਜੇਲ੍ਹ ਭੇਜ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਲੇਹ ਸ਼ਹਿਰ ਵਿੱਚ ਕਾਫ਼ੀ ਤਣਾਅ ਹੈ।

ਪ੍ਰਸ਼ਾਸਨ ਨੇ ਲੇਹ ਵਿੱਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐੱਨਐੱਸਐੱਸ਼) ਦੀ ਧਾਰਾ 163 ਲਾਗੂ ਕਰ ਦਿੱਤੀ ਹੈ।

ਇਸ ਤਹਿਤ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ ਅਤੇ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਹਨ।

ਕਰਫਿਊ ਵਰਗੀ ਸਥਿਤੀ ਦੇ ਚਲਦਿਆਂ ਲੇਹ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਚਾਰ ਲੋਕਾਂ ਦੀ ਮੌਤ ਹੋ ਗਈ

ਸੋਨਮ ਵਾਂਗਚੁਕ

ਹਿੰਸਾ ਤੋਂ ਬਾਅਦ, ਪੁਲਿਸ ਨੇ ਕਿਹਾ ਸੀ ਕਿ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ।

ਪਰ ਉਹ ਅੱਗੇ ਵਧਦੇ ਰਹੇ ਅਤੇ ਕਈ ਸਰਕਾਰੀ ਇਮਾਰਤਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਲੱਦਾਖ ਦੇ ਡੀਜੀਪੀ ਡਾਕਟਰ ਐੱਸਡੀ ਸਿੰਘ ਜਾਮਵਾਲ ਨੇ 27 ਸਤੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਵੈ-ਰੱਖਿਆ ਵਿੱਚ ਗੋਲੀਬਾਰੀ ਕੀਤੀ।

46 ਸਾਲਾ ਸੇਵਾਂਗ ਥਾਰਚਿਨ ਤੋਂ ਇਲਾਵਾ, ਮ੍ਰਿਤਕਾਂ ਵਿੱਚ ਜਿਗਮੇਤ ਦੋਰਜੇ (25), ਸਟਾਂਜ਼ਿਨ ਨਾਮਗਿਆਲ (23) ਅਤੇ ਰਿੰਚੇਨ ਦਾਦੁਲ (20) ਵੀ ਸ਼ਾਮਲ ਸਨ।

ਬੀਬੀਸੀ ਹਿੰਦੀ ਦੀ ਇੱਕ ਟੀਮ ਨੇ ਮਾਰੇ ਗਏ ਚਾਰ ਲੋਕਾਂ ਵਿੱਚੋਂ ਤਿੰਨ ਦੇ ਘਰਾਂ ਦਾ ਦੌਰਾ ਕੀਤਾ, ਜੋ ਲੇਹ ਦੇ ਦੂਰ-ਦੁਰਾਡੇ ਇਲਾਕਿਆਂ ਦੇ ਵਸਨੀਕ ਸਨ।

ਸੇਵਾਂਗ ਦੇ ਪਿਤਾ ਨੇ ਕੀ ਕਿਹਾ?

ਸੇਵਾਂਗ ਥਾਰਚਿਨ ਦੇ ਪਿਤਾ

ਤਸਵੀਰ ਸਰੋਤ, Majid Jahangir

ਤਸਵੀਰ ਕੈਪਸ਼ਨ, ਸੇਵਾਂਗ ਥਾਰਚਿਨ ਦੇ ਪਿਤਾ ਕਹਿੰਦੇ ਹਨ ਕਿ ਹੁਣ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ

ਬੀਬੀਸੀ ਹਿੰਦੀ ਦੀ ਟੀਮ ਲੇਹ ਵਿੱਚ ਸੇਵਾਂਗ ਥਰਚਿਨ ਦੇ ਘਰ ਗਈ।

ਉਨ੍ਹਾਂ ਦੇ ਪਿਤਾ, ਸਟਾਂਜ਼ਿਨ ਨਾਮਗਿਆਲ ਕਹਿੰਦੇ ਹਨ, "ਇੱਥੇ ਲੋਕ ਭੁੱਖ ਹੜਤਾਲ 'ਤੇ ਸਨ। ਮੇਰਾ ਪੁੱਤ ਵੀ ਭੁੱਖ ਹੜਤਾਲ ਕਰ ਰਿਹਾ ਸੀ। ਰੋਸ ਮਾਰਚ ਉੱਥੋਂ ਸ਼ੁਰੂ ਹੋਇਆ। ਜਦੋਂ ਵੀ ਮੇਰੇ ਪੁੱਤ ਨੂੰ ਸਮਾਂ ਮਿਲਦਾ ਸੀ, ਉਹ ਭੁੱਖ ਹੜਤਾਲ 'ਤੇ ਚਲਾ ਜਾਂਦਾ ਸੀ।"

ਆਪਣੇ ਪੁੱਤ ਦੇ ਫੌਜੀ ਕਰੀਅਰ ਦਾ ਜ਼ਿਕਰ ਕਰਦੇ ਹੋਏ, ਸਟਾਂਜ਼ਿਨ ਕਹਿੰਦੇ ਹਨ, "ਉਸਨੇ 22 ਸਾਲ ਫੌਜ ਵਿੱਚ ਸੇਵਾ ਕੀਤੀ। ਆਪਣੀ ਸੇਵਾ ਦੌਰਾਨ, ਉਸਨੇ ਕਾਰਗਿਲ ਜੰਗ ਵਿੱਚ ਵੀ ਲੜਾਈ ਲੜੀ। ਉਸਨੇ ਕਾਰਗਿਲ ਯੁੱਧ ਦੌਰਾਨ ਦਰਾਸ ਵਿੱਚ ਲੜਾਈ ਲੜੀ। ਉਹ ਯੁੱਧ ਦੌਰਾਨ ਇੱਕ ਚੋਟੀ 'ਤੇ ਚੜ੍ਹਿਆ ਅਤੇ ਫਿਸਲ ਕੇ ਡਿੱਗ ਪਿਆ ਸੀ ਜਿਸ ਨਾਲ ਉਹ ਜ਼ਖਮੀ ਹੋ ਗਿਆ।"

"ਪੰਦਰਾਂ ਦਿਨਾਂ ਬਾਅਦ, ਜਦੋਂ ਉਹ ਠੀਕ ਹੋਇਆ ਅਤੇ ਹਸਪਤਾਲ ਤੋਂ ਛੁੱਟੀ ਮਿਲੀ, ਤਾਂ ਉਸਨੇ ਅਗਲੇ ਹੀ ਦਿਨ ਕਿਹਾ ਕਿ ਉਹ ਲੜਾਈ ਲਈ ਵਾਪਸ ਜਾਵੇਗਾ। ਉਹ ਵਾਪਸ ਚਲਾ ਗਿਆ। ਉਹ ਜੰਗਬੰਦੀ ਤੱਕ ਉੱਥੇ ਲੜਦਾ ਰਿਹਾ।"

"ਭਾਰਤ ਨੇ ਇੱਕ ਪਾਕਿਸਤਾਨੀ ਚੌਕੀ 'ਤੇ ਕਬਜ਼ਾ ਕਰ ਲਿਆ। ਉਹ ਪਾਕਿਸਤਾਨ ਵਿਰੁੱਧ ਲੜਿਆ, ਜ਼ਿੰਦਾ ਵਾਪਸ ਆਇਆ ਅਤੇ ਇੱਥੇ ਲੱਦਾਖ ਵਿੱਚ ਸਥਾਨਕ ਪੁਲਿਸ ਨੇ ਉਸਨੂੰ ਮਾਰ ਦਿੱਤਾ।"

ਉਹ ਮੰਗ ਕਰਦੇ ਹਨ, "ਇਸ ਘਟਨਾ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਨਿਆਂਇਕ ਜਾਂਚ ਨਹੀਂ ਹੁੰਦੀ, ਤਾਂ ਮੈਂ ਕੇਸ ਦਾਇਰ ਕਰਾਂਗਾ।"

ਸਟਾਂਜ਼ਿਨ ਕਹਿੰਦੇ ਹਨ, "ਮੇਰੇ ਪੁੱਤ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ, ਮੈਨੂੰ ਲੱਗਾ ਜਿਵੇਂ ਮੇਰੇ ਉੱਤੇ ਅਸਮਾਨ ਡਿੱਗ ਪਿਆ ਹੋਵੇ। ਮੈਂ ਕੀ ਕਰ ਸਕਦਾ ਸੀ? ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸਾਰੀ ਜ਼ਮੀਨ ਕਾਲੀ ਲੱਗ ਰਹੀ ਸੀ। ਮੈਂ ਜੀ ਰਿਹਾ ਹਾਂ। ਮੈਂ ਆਪਣੇ ਬੱਚੇ ਨੂੰ ਯਾਦ ਕਰਕੇ ਦਿਨ-ਰਾਤ ਰੋ ਰਿਹਾ ਹਾਂ।"

ਹੋਰ ਘਰਾਂ ਵਿੱਚ ਵੀ ਮਾਤਮ ਦਾ ਮਾਹੌਲ

चोतर सिरिंग
ਤਸਵੀਰ ਕੈਪਸ਼ਨ, ਜਿਗਮੇਤ ਦੇ ਚਾਚਾ ਇਹ ਜਾਣਨਾ ਚਾਹੁੰਦਾ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ ਸੀ

ਇਨ੍ਹਾਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਰੇ ਗਏ 24 ਸਾਲਾ ਜਿਗਮੇਤ ਦੋਰਜੇ ਦੇ ਘਰ ਵਿੱਚ ਵੀ ਸੋਗ ਦਾ ਮਾਹੌਲ ਹੈ।

ਜਿਗਮੇਤ ਦੇ ਪਰਿਵਾਰ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਹੋਏ, ਬਹੁਤ ਸਾਰੇ ਰਿਸ਼ਤੇਦਾਰ ਅਤੇ ਗੁਆਂਢੀ ਉਨ੍ਹਾਂ ਦੇ ਘਰ ਆਏ ਹੋਏ ਸਨ।

ਲੇਹ ਦੇ ਖਰਨਾਕਲਿੰਗ ਪਿੰਡ ਤੋਂ ਆਏ ਜਿਗਮੇਤ ਦੇ ਮਾਮਾ ਤਸੇਰਿੰਗ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਕਿਹਾ, "ਉਸ ਦਿਨ ਲੱਦਾਖ ਦੇ ਵੱਖ-ਵੱਖ ਹਿੱਸਿਆਂ ਤੋਂ ਕੁੜੀਆਂ, ਮੁੰਡੇ ਅਤੇ ਬਜ਼ੁਰਗ ਲੋਕ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਗਏ ਸਨ। ਅਸੀਂ ਪੂਰੇ ਮਾਮਲੇ ਦੀ ਜਾਂਚ ਚਾਹੁੰਦੇ ਹਾਂ।"

"ਮਾਰੇ ਗਏ ਚਾਰ ਲੋਕਾਂ ਨੂੰ ਗੋਲੀ ਕਿਵੇਂ ਲੱਗੀ? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸਨ।"

"ਸਾਡੇ ਪੁੱਤਰ ਨੇ ਦੋ ਮਹੀਨੇ ਪਹਿਲਾਂ ਹੀ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ। ਉਸ ਕੋਲ ਦੋ ਮਹੀਨਿਆਂ ਦੀ ਛੁੱਟੀ ਸੀ। ਉਹ ਮਜ਼ਦੂਰੀ ਕਰਨ ਲਈ ਆਪਣੇ ਪਿੰਡ ਗਿਆ ਸੀ। ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਸਾਨੂੰ ਬਹੁਤ ਦੁੱਖ ਹੈ।"

स्‍टांज़‍िन नामग्‍याल के पड़ोसी
ਤਸਵੀਰ ਕੈਪਸ਼ਨ, ਸਟਾਂਜ਼ਿਨ ਨਾਮਗਿਆਲ ਦਾ ਪਰਿਵਾਰ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਉਸਦੇ ਗੁਆਂਢੀ ਜਿਗਮਿਤ ਨੇ ਕਿਹਾ ਕਿ ਲੋਕ ਹਿੰਸਾ ਦੀ ਜਾਂਚ ਦੀ ਮੰਗ ਕਰ ਰਹੇ ਸਨ।

ਮਾਰੇ ਗਏ ਲੋਕਾਂ ਵਿੱਚ 25 ਸਾਲਾ ਸਟਾਂਜ਼ਿਨ ਨਾਮਗਿਆਲ ਵੀ ਸ਼ਾਮਲ ਸੀ, ਜਿਨ੍ਹਾਂ ਦਾ ਘਰ ਲੇਹ ਸ਼ਹਿਰ ਤੋਂ ਤਕਰੀਬਨ ਸੱਤ ਕਿਲੋਮੀਟਰ ਦੂਰ ਹੈ।

ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ, ਤਾਂ ਪਰਿਵਾਰ ਬਹੁਤ ਗ਼ਮਗੀਨ ਸੀ। ਉਹ ਸਾਡੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸਨ।

ਉਸ ਦੇ ਗੁਆਂਢੀ ਜਿਗਮਿਤ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਗੋਲੀਆਂ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸਨ।

ਦੂਜੇ ਪਾਸੇ, ਸੇਵਾਂਗ ਦੇ ਪਿਤਾ ਦਾ ਕਹਿਣਾ ਹੈ ਕਿ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਸਨਮਾਨ ਵਿੱਚ, ਲੱਦਾਖ ਨੂੰ ਛੇਵੀਂ ਸ਼ਡਿਊਲ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਸਟਾਂਜ਼ਿਨ ਨਾਮਗਿਆਲ ਕਹਿੰਦੇ ਹਨ, "ਲੋਕ ਛੇਵੀਂ ਅਨੁਸੂਚੀ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਇਹ ਨਹੀਂ ਦੇ ਰਹੀ। ਸਾਨੂੰ ਛੇਵੀਂ ਅਨੁਸੂਚੀ ਮਿਲਣੀ ਚਾਹੀਦੀ ਹੈ। ਅਸੀਂ ਅੰਦੋਲਨ ਜਾਰੀ ਰੱਖਾਂਗੇ। ਅਸੀਂ ਵਰਤ ਰੱਖਾਂਗੇ। ਅਸੀਂ ਜਲੂਸ ਕੱਢਾਂਗੇ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)