'ਤੁਹਾਡੀ ਬਸਤੀ ਨੂੰ ਬਚਾਉਣ ਤੋਂ ਪਹਿਲਾਂ ਤਬਾਹ ਕਰਨ ਦੀ ਲੋੜ ਹੈ, ਇਹ ਪੁਰਾਣੀ ਗੋਰੀ ਫਿਲੌਸਫੀ ਹੈ', ਫ਼ਲਸਤੀਨ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਬਾਰੇ ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਰਾਤੋਂ-ਰਾਤੀ ਇੱਕ ਤੋਂ ਬਾਅਦ ਯੂਰਪੀ ਅਤੇ ਗੋਰੇ ਮੁਲਕਾਂ ਦੀਆਂ ਹਕੂਮਤਾਂ ਜਾਗੀਆਂ ਹਨ ਅਤੇ ਐਲਾਨ ਕੀਤਾ ਹੈ ਕਿ ਅਸੀਂ ਫ਼ਲਸਤੀਨ ਦੀ ਰਿਆਸਤ ਨੂੰ ਤਸਲੀਮ ਕਰਦੇ ਹਾਂ।
ਯੂਕੇ, ਫਰਾਂਸ, ਕੈਨੇਡਾ, ਆਸਟ੍ਰੇਲੀਆ, ਸਾਰਿਆਂ ਦੀਆਂ ਹਕੂਮਤਾਂ ਨੇ ਕਿਹਾ ਹੈ ਕਿ ਹੁਣ ਅਸੀਂ ਫ਼ਲਸਤੀਨ ਦੀ ਰਿਆਸਤ ਨੂੰ ਮੰਨਦੇ ਹਾਂ ਅਤੇ ਨਾਲ ਜਿਸ ਨੂੰ ਟੂ-ਸਟੇਟ ਸਲਿਊਸ਼ਨ ਕਹਿੰਦੇ ਹਨ, ਕਿ ਇਜ਼ਰਾਈਲ ਦੀ ਆਪਣੀ ਹਕੂਮਤ ਹੋਵੇਗੀ ਅਤੇ ਫ਼ਲਸਤੀਨ ਦੀ ਆਪਣੀ, ਉਸ ਲਈ ਵੀ ਕੰਮ ਕਰਾਂਗੇ।
ਇਹ ਅਜੇ ਕਿਸੇ ਨੇ ਨਹੀਂ ਦੱਸਿਆ ਕਿ ਦੋ ਸਾਲਾਂ ਤੋਂ ਇਜ਼ਰਾਈਲ ਜਿਹੜੀ ਗਾਜ਼ਾ ਵਿੱਚ ਅੰਨ੍ਹੇਵਾਹ ਬੰਬਾਰੀ ਕਰ ਰਿਹਾ ਹੈ, ਉਸ ਦਾ ਕੀ ਕਰਨਾ ਹੈ।
ਹੁਣ ਯੂਐੱਨ ਵੀ ਆਖਦਾ ਹੈ ਕਿ ਗਾਜ਼ਾ ਵਿੱਚ ਨਸਲਕੁਸ਼ੀ ਹੋ ਰਹੀ ਹੈ। ਨਸਲਕੁਸ਼ੀ ਭਾਰਾ ਸ਼ਬਦ ਹੈ ਅਤੇ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਮੁਲਕ ਜਾਂ ਕੋਈ ਫੌਜ ਆਪਣੇ ਦੁਸ਼ਮਣ ਦੀਆਂ ਨਸਲਾਂ ਮਿਟਾਉਣ ਦੇ ਮਿਸ਼ਨ ʼਤੇ ਨਿਕਲੀ ਹੈ।
ਦੁਨੀਆਂ ਵਿੱਚ ਇਨ੍ਹਾਂ ਮਸਲਿਆਂ ਦੇ ਮਾਹਰ ਕਾਫੀ ਚਿਰਾਂ ਤੋਂ ਕਹਿ ਰਹੇ ਸਨ ਕਿ ਨਸਲਕੁਸ਼ੀ ਹੋ ਰਹੀ ਹੈ ਅਤੇ ਯੂਐੱਨ ਨੇ ਕੋਈ ਡੇਢ ਕੁ ਸਾਲ ਤਹਿਕੀਕਾਤ ਕਰਨ ਤੋਂ ਬਾਅਦ ਕਿਹਾ ਹੈ ਕਿ ਨਸਲਕੁਸ਼ੀ ਵਾਕਈ ਹੋ ਰਹੀ ਹੈ। ਯੂਕੇ ਹੁਣ ਵੀ ਕਹਿ ਰਿਹਾ ਹੈ ਕਿ ਕੋਈ ਨਸਲਕੁਸ਼ੀ ਨਹੀਂ ਹੋ ਰਹੀ।

ʻਇਨ੍ਹਾਂ ਹਕੂਮਤਾਂ ਦਾ ਜ਼ਮੀਰ ਕੋਈ ਨਹੀਂ ਜਾਗਿਆʼ
ਇਹ ਸਾਰੇ ਮੁਲਕ ਜਿਹੜੇ ਇੱਕ ਦਮ ਫ਼ਲਸਤੀਨ ਨੂੰ ਰਿਆਸਤ ਮੰਨਣ ਲਈ ਤਿਆਰ ਹਨ ਅਤੇ ਇਹ ਨਾਲ-ਨਾਲ ਗਾਜ਼ਾ ʼਤੇ ਬੰਬਾਰੀ ਲਈ ਅਸਲਾ ਅਤੇ ਪੈਸਾ ਵੀ ਦੇਈ ਜਾ ਰਹੇ ਹਨ।
ਨਾਲ-ਨਾਲ ਸਾਨੂੰ ਇਹ ਵੀ ਦੱਸੀ ਜਾ ਰਹੇ ਹਨ ਕਿ ਹਸਪਤਾਲਾਂ ʼਤੇ ਡਿੱਗਦੇ ਬੰਬ ਨਾ ਦੇਖੋ ਅਤੇ ਇਹ ਵੀ ਨਾ ਦੇਖੋ ਕਿ ਸਨਾਈਪਰ ਦੁੱਧ ਪੀਂਦੇ ਬੱਚਿਆਂ ਦੇ ਸਿਰ ਦਾ ਨਿਸ਼ਾਨਾ ਲੈ ਕੇ ਗੋਲੀਆਂ ਮਾਰ ਰਹੇ ਹਨ।
ਇਹ ਵੀ ਯਾਦ ਨਾ ਕਰਵਾਓ ਕਿ ਪਹਿਲੀ ਜੰਗ-ਏ-ਅਜ਼ੀਮ ਅਤੇ ਦੂਜੀ ਜੰਗ-ਏ-ਅਜ਼ੀਮ ਵਿੱਚ ਇੰਨੇ ਸਾਫ਼ੀ ਨਹੀਂ ਸਨ ਮਰੇ, ਜਿੰਨੇ ਗਾਜ਼ਾ ਵਿੱਚ ਮਰ ਗਏ ਹਨ। ਪਰ ਸਾਡਾ ਵੱਡਾ ਦਿਲ ਦੇਖੋ ਤੇ ਇਹ ਯਾਦ ਰੱਖੋ ਕਿ ਅਸੀਂ ਫ਼ਲਸਤੀਨ ਨੂੰ ਰਿਆਸਤ ਮੰਨ ਰਹੇ ਹਾਂ।
ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਰਾਤੋਂ-ਰਾਤੀ ਇਨ੍ਹਾਂ ਹਕੂਮਤਾਂ ਦਾ ਜ਼ਮੀਰ ਕੋਈ ਨਹੀਂ ਜਾਗਿਆ। ਇੱਥੇ ਕਿਸੇ ਕੋਲ ਜ਼ਮੀਰ ਹੋਵੇ ਜਾਂ ਨਾ ਹੋਵੇ, ਮੋਬਾਈਲ ਫੋਨ ਜ਼ਰੂਰ ਹੁੰਦਾ ਹੈ ਤੇ ਜ਼ਾਲਮ ਤੋਂ ਜ਼ਾਲਮ ਬੰਦਾ ਵੀ ਕਿੰਨੇ ਕੁ ਬੱਚੇ ਆਪਣੀ ਫੋਨ ਦੀ ਸਕਰੀਨ ʼਤੇ ਸੜ੍ਹਦੇ ਦੇਖ ਸਕਦਾ ਹੈ।
ਕਿੰਨੇ ਕੁ ਡਾਕਟਰਾਂ ਦੀਆਂ ਦੁਹਾਈਆਂ ਸੁਣ ਸਕਦਾ ਹੈ ਕਿ ਇਹ ਜਖ਼ਮੀ ਬੱਚਿਆਂ ਦੇ ਹੱਥ-ਪੈਰ ਵੱਢਣ ਲੱਗੇ ਹਾਂ।ਪਰ ਸਾਡੇ ਕੋਲ ਇਨ੍ਹਾਂ ਨੂੰ ਸੁੰਨ ਕਰਨ ਵਾਲੀਆਂ, ਬੇਹੋਸ਼ ਕਰਨ ਵਾਲੀਆਂ ਦਵਾਈਆਂ ਨਹੀਂ ਹਨ। ਉਸ ਤੋਂ ਬਾਅਦ ਇਹ ਕਿ ਇਨ੍ਹਾਂ ਬੱਚਿਆਂ ਲਈ ਹੁਣ ਪਾਊਡਰ ਵਾਲਾ ਦੁੱਧ ਵੀ ਮੁੱਕ ਗਿਆ ਹੈ।
'ਇਹ ਇੱਕ ਪੁਰਾਣੀ ਫਿਲੌਸਫੀ ਹੈʼ
ਜਿਹੜਾ ਜ਼ੁਲਮ ਹਿਟਲਰ ਨੇ ਜਰਮਨੀ ਵਿੱਚ ਯਹੂਦੀਆਂ ʼਤੇ ਕੀਤਾ ਸੀ। ਉਸ ਦੀਆਂ ਖ਼ਬਰਾਂ ʼਤੇ ਫੋਟੋਆਂ ਕਾਫੀ ਅਰਸੇ ਬਾਅਦ ਬਾਹਰ ਆਈਆਂ ਸਨ। ਯੂਰਪੀ ਮੁਲਕਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਤਾਂ ਬੜਾ ਜ਼ੁਲਮ ਹੋ ਗਿਆ ਹੈ।
ਜੋ ਹੁਣ ਬੀਤ ਰਹੀ ਹੈ, ਉਹ 24 ਘੰਟੇ ਲਾਈਵ ਕਾਸਟ ਹੋ ਰਹੀ ਹੈ। ਪਤਾ ਨਹੀਂ ਜੇ ਇਹ ਕਨਸਨਟ੍ਰੇਸ਼ਨ ਕੈਂਪਾਂ ਅੰਦਰੋਂ ਕੈਮਰਿਆਂ ਤੋਂ ਲਾਈਵ ਫੀਡ ਆ ਰਹੀ ਹੁੰਦੀ ਤਾਂ ਸਾਡਾ ਜ਼ਮੀਰ ਜਾਗਣਾ ਸੀ ਜਾਂ ਨਹੀਂ।
ਹੁਣ ਰਾਤੋਂ-ਰਾਤੀ ਫ਼ਲਸਤੀਨ ਨੂੰ ਰਿਆਸਤ ਮੰਨਣ ਵਾਲੇ ਹੁਕਮਰਾਨਾ ਨੂੰ ਵੀ ਆਪਣੇ ਆਖ਼ਰ ਦੀ ਕੋਈ ਫਿਕਰ ਨਹੀਂ ਪਰ ਆਪਣੇ ਵੋਟਰਾਂ ਦੀ ਫਿਕਰ ਜ਼ਰੂਰ ਹੈ ਕਿਉਂਕਿ ਹਰੇਕ ਹਫ਼ਤੇ ਗਾਜ਼ਾ ਦੇ ਹੱਕ ਵਿੱਚ ਜਲਸੇ ਨਿਕਲਦੇ ਹਨ, ਜਲੂਸ ਹੁੰਦੇ ਹਨ, ਨਾਅਰੇ ਵੱਜਦੇ ਹਨ ਅਤੇ ਗ੍ਰਿਫ਼ਤਾਰੀਆਂ ਵੀ ਹੁੰਦੀਆਂ ਹਨ।
ਇਨ੍ਹਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਵੋਟਰਾਂ ਨੂੰ ਦੱਸ ਦਿਆਂਗੇ ਕਿ ਦੇਖੋ ਅਸੀਂ ਫ਼ਲਸਤੀਨੀ ਬੱਚੇ ਤਾਂ ਨਹੀਂ ਬਚਾ ਸਕੇ ਪਰ ਫ਼ਲਸਤੀਨ ਨੂੰ ਹਕੂਮਤ ਤੇ ਅਸੀਂ ਮੰਨ ਲਿਆ ਸੀ।

ਤਸਵੀਰ ਸਰੋਤ, Getty Images
ਇਹ ਇੱਕ ਪੁਰਾਣੀ ਗੋਰੀ ਫਿਲੌਸਫੀ ਹੈ, ਜਿਹੜੀ ਵੀਅਤਨਾਮ ਤੋਂ ਲੈ ਕੇ ਅਫ਼ਗਾਨਿਸਤਾਨ ਤੇ ਇਰਾਕ, ਲੀਬੀਆ ਸ਼ਾਮ ਤੱਕ ਅਜ਼ਮਾਈ ਗਈ ਹੈ। ਜਿਸ ਵਿੱਚ ਗੋਰਾ ਸਾਬ੍ਹ ਕਹਿੰਦਾ ਹੈ ਕਿ ਤੁਹਾਡੀ ਬਸਤੀ ਨੂੰ ਬਚਾਉਣ ਦੀ ਜ਼ਰੂਰਤ ਹੈ ਪਰ ਇਸ ਨੂੰ ਬਚਾਉਣ ਲਈ ਇਸ ਨੂੰ ਪਹਿਲਾ ਤਬਾਹ ਕਰਨਾ ਜ਼ਰੂਰੀ ਹੈ।
ਪਹਿਲਾਂ ਅਸੀਂ ਬੰਬ ਸੁੱਟਾਂਗੇ। ਜਿਹੜੇ ਇਨ੍ਹਾਂ ਬੰਬਾਂ ਤੋਂ ਬਚ ਜਾਣਗੇ, ਉਨ੍ਹਾਂ ਦੇ ਰਹਿਣ ਲਈ ਅਸੀਂ ਟੈਂਟ ਭੇਜਾਂਗੇ ਤੇ ਨਾਲ ਸੁੱਕਾ ਰਾਸ਼ਨ ਭੇਜਾਂਗੇ।
ਜਿਹੜੇ ਬੱਚੇ ਅਸੀਂ ਬੰਬ ਮਾਰ ਕੇ ਲੂਲ੍ਹੇ-ਲੰਗੜੇ ਕਰ ਦਿੱਤੇ ਹਨ, ਉਨ੍ਹਾਂ ਲਈ ਪਲਾਸਟਿਕ ਦੀਆਂ ਲੱਤਾਂ ਅਤੇ ਬਾਹਾਂ ਤੇ ਨਾਲ ਖਿਡੌਣੇ ਵੀ ਭੇਜਾਂਗੇ। ਫਿਰ ਕਹਿ ਦਿਆਂਗੇ ਕਿ ਹੁਣ ਤੁਹਾਡੀ ਰਿਆਸਤ ਆਜ਼ਾਦ ਹੈ।
ਸਾਡਾ ਸ਼ੁਕਰੀਆ ਅਦਾ ਕਰੋ ਤੇ ਸਾਡੀ ਜਾਨ ਛੱਡੋ।
ਰੱਬ ਰਾਖਾ !
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













