ਪੰਜਾਬ ਦੀ ਅਮਨਜੋਤ ਜਿਨ੍ਹਾਂ ਦੇ ਪਿਤਾ ਨੇ ਪੈਸਿਆਂ ਦੀ ਘਾਟ ਦੇ ਬਾਵਜੂਦ ਧੀ ਨੂੰ ਇੰਡੀਅਨ ਟੀਮ ਦੀ ਆਲਰਾਊਂਡਰ ਖਿਡਾਰਨ ਬਣਾਇਆ

ਤਸਵੀਰ ਸਰੋਤ, Amanjot
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਦੂਜੇ ਮੈਚ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਜਿੱਥੇ ਕਿਤੇ ਵੀ ਮਹਿਲਾ ਕ੍ਰਿਕਟ ਟੀਮ ਦੀ ਇਸ ਜਿੱਤ ਦੀ ਗੱਲ ਹੋ ਰਹੀ ਹੈ ਉੱਥੇ ਹੀ ਇੱਕ ਪੰਜਾਬਣ ਕੁੜੀ ਦਾ ਜ਼ਿਕਰ ਪਹਿਲੇ ਨੰਬਰ ਉੱਤੇ ਲਿਆ ਜਾ ਰਿਹਾ ਹੈ।
ਇਹ ਨਾਮ ਹੈ ਅਮਨਜੋਤ ਕੌਰ। ਮੁਹਾਲੀ ਦੇ ਰਹਿਣ ਵਾਲੇ ਅਮਨਜੋਤ ਕੌਰ ਇੱਕ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਅਮਨਜੋਤ ਨੇ 1 ਜੂਨ ਨੂੰ ਬ੍ਰਿਸਟਲ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਹਰਫਨਮੌਲਾ ਖੇਡ ਦਾ ਪ੍ਰਦਰਸ਼ਨ ਕੀਤਾ।
ਇਸ ਮੁਕਾਬਲੇ ਨੂੰ ਜਿੱਤਣ ਵਿੱਚ ਅਮਨਜੋਤ ਕੌਰ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਯੋਗਦਾਨ ਦਿੱਤਾ।
ਅਮਨਜੋਤ ਨੇ 35 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 40 ਗੇਂਦਾਂ ਵਿੱਚ 63 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਸ਼ਾਮਲ ਸਨ।
ਗੇਂਦਬਾਜ਼ੀ ਦੌਰਾਨ ਅਮਨਜੋਤ ਨੇ ਇੰਗਲੈਂਡ ਦੇ ਕਪਤਾਨ ਨੈਟ ਸਾਈਵਰ-ਬਰੰਟ ਦੀ ਵਿਕਟ ਲਈ। ਜਿਸਤੋਂ ਬਾਅਦ ਉਨ੍ਹਾਂ ਨੂੰ ਪਲੇਅਰ ਆਫ਼ ਦਿ ਮੈਚ ਵੀ ਚੁਣਿਆ ਗਿਆ।
ਅਮਨਜੋਤ ਕੌਰ ਇੱਕ ਉੱਭਰਦੇ ਆਲਰਾਊਂਡਰ ਕ੍ਰਿਕਟ ਖਿਡਾਰਨ ਹਨ ਜੋ ਭਾਰਤੀ ਟੀਮ ਵਿੱਚ ਸੱਜੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਮੀਡੀਅਮ ਪੇਸ ਗੇਂਦਬਾਜ਼ ਵਜੋਂ ਖੇਡਦੇ ਹਨ।
ਮੁਹਾਲੀ ਵਿੱਚ ਖੇਡਦੇ ਰਹੇ ਗਲੀ ਕ੍ਰਿਕਟ

ਤਸਵੀਰ ਸਰੋਤ, Getty Images
ਅਮਨਜੋਤ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਅਮਨਜੋਤ ਕੌਰ ਬਚਪਨ ਵਿੱਚ ਗਲੀ ਕ੍ਰਿਕਟ ਖੇਡਦੇ ਸਨ।
ਭੁਪਿੰਦਰ ਸਿੰਘ ਕਹਿੰਦੇ ਹਨ,"ਅਮਨਜੋਤ ਦੀ ਖੇਡ ਦੇਖ ਕੇ ਆਲੇ ਦੁਆਲੇ ਗੁਆਂਢੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਅਮਨਜੋਤ ਨੂੰ ਕ੍ਰਿਕਟ ਦੀ ਟਰੇਨਿੰਗ ਦਿਵਾਉਣੀ ਚਾਹੀਦੀ ਹੈ। ਇਸ ਲਈ ਫਿਰ ਨਾਲ ਰਹਿੰਦੇ ਇੱਕ ਗੁਆਂਢੀ ਨੇ ਹੀ ਅਮਨ ਨੂੰ ਕ੍ਰਿਕਟ ਟਰੇਨਿੰਗ ਸੈਂਟਰ ਵਿੱਚ ਭਰਤੀ ਕਰਵਾਇਆ, ਜਿਸਤੋਂ ਬਾਅਦ ਉਸਨੇ ਖੇਡ ਨੂੰ ਹੋਰ ਬਾਰੀਕੀ ਨਾਲ ਸਮਝਣਾ ਸ਼ੁਰੂ ਕੀਤਾ।"
ਟਰੇਨਿੰਗ ਲਈ ਅਮਨਜੋਤ ਨੇ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਕੁੜੀਆਂ ਦੀ ਕ੍ਰਿਕਟ ਅਕੈਡਮੀ ਲੱਭੀ।
ਫਿਰ 16 ਸਾਲ ਦੀ ਉਮਰ ਵਿੱਚ, ਉਹ ਕੋਚ ਨਾਗੇਸ਼ ਗੁਪਤਾ ਨੂੰ ਮਿਲੇ ,ਜਿਨ੍ਹਾਂ ਦੀ ਅਗਵਾਈ ਵਿੱਚ ਉਨ੍ਹਾਂ ਦਾ ਚੰਡੀਗੜ੍ਹ ਸੈਕਟਰ 32 ਵਿੱਚ ਕ੍ਰਿਕਟ ਸਫ਼ਰ ਸ਼ੁਰੂ ਹੋਇਆ।
ਕੋਚ ਨਗੇਸ਼ ਗੁਪਤਾ ਦੀ ਸਿਖਲਾਈ ਅਧੀਨ ਅਮਨਜੋਤ ਕੌਰ ਨੇ ਪੰਜਾਬ ਤੇ ਚੰਡੀਗੜ੍ਹ ਲਈ ਘਰੇਲੂ ਕ੍ਰਿਕਟ ਖੇਡੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਮਹਿਲਾ ਟੀਮ ਦੀ ਨੁਮਾਇੰਦਗੀ ਕਰਦੇ ਹੋਏ, 2021 ਅਤੇ 2022 ਵਿੱਚ ਸੀਨੀਅਰ ਮਹਿਲਾ ਵਨ ਡੇ ਚੈਲੇਂਜਰ ਟਰਾਫ਼ੀ ਵਿੱਚ ਅਮਨ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਕੌਮੀ ਟੀਮ ਵਿੱਚ ਦਾਖਲਾ ਦਿਵਾਇਆ।
ਸਾਲ 2023 ਵਿੱਚ ਅਮਨਜੋਤ ਦੀ ਚੋਣ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਹੋਈ। ਇਸੇ ਸਾਲ ਹੀ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿਰੁੱਧ ਖੇਡੇ ਆਪਣੇ ਪਹਿਲੇ ਮੈਚ ਵਿੱਚ 30 ਗੇਂਦਾਂ ਵਿੱਚ 41 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਅਮਨਜੋਤ ਦੀ ਸਫ਼ਲਤਾ ਪਿੱਛੇ ਹੈ ਪਿਤਾ ਦੀ ਮਿਹਨਤ

ਤਸਵੀਰ ਸਰੋਤ, Getty Images
ਅਮਨਜੋਤ ਕੌਰ ਮੁਹਾਲੀ ਦੇ ਇੱਕ ਸਾਧਾਰਨ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਲੱਕੜ ਦਾ ਫ਼ਰਨੀਚਰ ਬਣਾਉਣ ਦਾ ਕੰਮ ਕਰਦੇ ਹਨ ਅਤੇ ਮਾਤਾ ਘਰੇਲੂ ਔਰਤ ਹਨ। ਪਰ ਪਰਿਵਾਰ ਨੇ ਅਮਨਜੋਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਸਮਰੱਥਾ ਤੋਂ ਵੱਧ ਸਹਿਯੋਗ ਦਿੱਤਾ।
ਅਮਨਜੋਤ ਦੇ ਮਾਤਾ ਮਨਜੀਤ ਕੌਰ ਕਹਿੰਦੇ ਹਨ, "ਅਮਨਜੋਤ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਉਨ੍ਹਾਂ ਦੇ ਪਿਤਾ ਹੈ। ਉਹ ਕਹਿੰਦੇ ਹਨ ਮੈਂ ਹਰ ਵੇਲੇ ਅਮਨ ਦੇ ਨਾਲ ਹੁੰਦੀ ਹਾਂ ਪਰ ਉਹ ਆਪਣੀਆਂ ਗੱਲਾਂ ਆਪਣੇ ਪਿਤਾ ਨਾਲ ਹੀ ਸਾਂਝੀਆਂ ਕਰਦੀ ਹੈ।
ਉਹ ਅਮਨਜੋਤ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਹਿੰਦੇ ਹਨ, "ਉਸਦੇ ਪਿਤਾ ਉਸਨੂੰ ਟਰੇਨਿੰਗ ਉੱਤੇ ਲੈ ਜਾਣ ਲਈ ਆਪਣਾ ਕੰਮ ਛੱਡ ਦਿੰਦੇ ਸਨ।"
"ਉਹ ਤੜਕੇ ਤੜਕੇ ਅਮਨ ਨੂੰ 20 ਕਿਲੋਮੀਟਰ ਦੂਰ ਕੋਚਿੰਗ ਸੈਂਟਰ ਛੱਡ ਕੇ ਘਰ ਆਉਂਦੇ ਫਿਰ 10 ਕਿਲੋਮੀਟਰ ਦੂਰ ਕੰਮ ਉੱਤੇ ਜਾਂਦੇ ਅਤੇ ਸ਼ਾਮ ਨੂੰ ਮੁੜ ਸੈਂਟਰ ਤੋਂ ਵਾਪਸ ਲੈ ਕੇ ਆਉਂਦੇ ਸਨ।"
ਅਮਨਜੋਤ ਦੇ ਪਿਤਾ ਭੁਪਿੰਦਰ ਸਿੰਘ ਕਹਿੰਦੇ ਹਨ, "ਕ੍ਰਿਕਟ ਬਹੁਤ ਮਹਿੰਗੀ ਖੇਡ ਹੈ, ਮੈਂ ਅਮਨ ਨੂੰ ਟਰੇਨਿੰਗ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਸੀ ਇਸ ਲਈ ਮੈਂ ਹਰ ਤਰ੍ਹਾਂ ਦੀ ਮਿਹਨਤ ਕੀਤੀ। ਪਰ ਹੁਣ ਉਹ ਖ਼ੁਦ ਹੀ ਸਾਰਾ ਕੁਝ ਸੰਭਾਲ ਲੈਂਦੀ ਹੈ।"
ਜਦੋਂ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਹੋਏ ਅਮਨਜੋਤ

ਅਮਨਜੋਤ ਕੌਰ ਦੀ ਇਹ ਸਫ਼ਲਤਾ ਇਸ ਕਰਕੇ ਵੀ ਖ਼ਾਸ ਹੈ ਕਿਉਂਕਿ ਉਹ ਹਾਲ ਹੀ ਵਿੱਚ ਗੰਭੀਰ ਸਰੀਰਕ ਸੱਟਾਂ ਤੋਂ ਉਭਰੇ ਹਨ।
2024 ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੀ ਜਾ ਰਹੀ ਸੀਰੀਜ਼ ਦੌਰਾਨ ਮੈਚ ਦੌਰਾਨ ਅਮਨਜੋਤ ਕੌਰ ਦੇ ਹੱਥ ਅਤੇ ਪਿੱਠ ਵਿੱਚ ਸੱਟ ਲੱਗ ਗਈ ਸੀ, ਜਿਸ ਕਾਰਨ ਉਸਨੂੰ ਟੀ-20 ਵਿਸ਼ਵ ਕੱਪ ਦੇ ਨਾਲ-ਨਾਲ ਘਰੇਲੂ ਸੀਜ਼ਨ ਤੋਂ ਵੀ ਬਾਹਰ ਹੋਣਾ ਪਿਆ ਸੀ।
ਸੱਟ ਕਾਰਨ ਉਹ ਇੱਕ ਮਹੀਨਾ ਘਰ ਰਹੇ ਅਤੇ 7 ਮਹੀਨੇ ਐਕਡਮੀ ਵਿੱਚ। ਸਰਜਰੀ ਕਾਰਨ ਅਮਨਜੋਤ ਕ੍ਰਿਕਟ ਤੋਂ ਬਿਲਕੁਲ ਦੂਰ ਹੋ ਗਏ ਸਨ। ਪਰ ਉਨ੍ਹਾਂ ਦਾ ਧਿਆਨ ਹਰ ਵੇਲੇ ਕ੍ਰਿਕਟ ਵਿੱਚ ਰਹਿੰਦਾ ਸੀ।
ਅਮਨਜੋਤ ਦੇ ਪਿਤਾ ਦੱਸਦੇ ਹਨ, "ਉਹ ਸਮਾਂ ਔਖਾ ਸੀ ਪਰ ਸਾਨੂੰ ਪਤਾ ਸੀ ਕਿ ਅਮਨ ਉਸਨੂੰ ਪਾਰ ਕਰ ਲਵੇਗੀ ਕਿਉਂਕਿ ਉਹ ਬਹੁਤ ਮਜਬੂਤ ਹੈ। ਉਹ ਹਰ ਵੇਲੇ ਸਕਾਰਾਤਮਕ ਰਹਿੰਦੀ ਸੀ ਕਿ ਉਹ ਮੁੜ ਕ੍ਰਿਕਟ ਖੇਡੇਗੀ।"
"ਓਹੀ ਹੋਇਆ ਉਸ ਦੋਵੇਂ ਸੱਟਾਂ ਤੋਂ ਬਹੁਤ ਜਲਦੀ ਉਭਰੀ ਅਤੇ ਜਲਦੀ ਹੀ ਉਸਨੇ ਆਪਣੀ ਟਰੇਨਿੰਗ ਮੁੜ ਸ਼ੁਰੂ ਕਰ ਲਈ ਸੀ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਖ਼ਿਲਾਫ਼ ਇੱਕ ਸੀਰੀਜ਼ ਖੇਡੀ ਅਤੇ ਹੁਣ ਇੰਗਲੈਂਡ ਖ਼ਿਲਾਫ਼ ਖੇਡ ਰਹੀ ਹੈ।"
ਮੁੰਬਈ ਇੰਡੀਅਨਜ਼ ਲਈ ਅਮਨਜੋਤ ਦਾ ਯੋਗਦਾਨ

ਅਮਨਜੋਤ ਕੌਰ ਨੇ ਮਹਿਲਾ ਕ੍ਰਿਕਟ ਟੂਰਨਾਮੈਂਟ ਵੂਮੈਨ ਪ੍ਰੀਮਿਅਰ ਲੀਗ ਵਿੱਚ ਵੀ ਹਿੱਸਾ ਲਿਆ।
ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ 50 ਲੱਖ ਰੁਪਏ ਵਿੱਚ ਖਰੀਦਿਆ। ਵੂਮੈਨ ਪ੍ਰੀਮਿਅਰ ਲੀਗ 2025 ਵਿੱਚ ਮੁੰਬਈ ਇੰਡੀਅਨਜ਼ ਨੂੰ ਖਿਤਾਬ ਜਿਤਾਉਣ ਵਿੱਚ ਅਮਨਜੋਤ ਨੇ ਅਹਿਮ ਭੂਮਿਕਾ ਨਿਭਾਈ ਹੈ।
ਆਰਸੀਬੀ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ 27 ਗੇਂਦਾਂ 'ਤੇ ਨਾਬਾਦ 34 ਦੌੜਾਂ ਬਣਾ ਕੇ ਅਮਨ ਨੇ ਜੇਤੂ ਪਾਰੀ ਖੇਡੀ ਜਿਸ ਕਰਕੇ ਅਮਨਜੋਤ ਨੂੰ ਪਲੇਅਰ ਆਫ਼ ਦਿ ਮੈਚ ਵੀ ਚੁਣਿਆ ਗਿਆ ਸੀ।
ਇਸ ਟੂਰਨਾਮੈਂਟ ਵਿੱਚ ਅਮਨਜੋਤ ਕੌਰ ਨੂੰ ਇਮਰਜਿੰਗ ਪਲੇਅਰ ਆਫ਼ ਦਿ ਸੀਜ਼ਨ ਟ੍ਰਾਫ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ।
9 ਸਾਲਾਂ ਤੋਂ ਇੱਕ ਕੋਚ ਤੋਂ ਲੈ ਰਹੇ ਟਰੇਨਿੰਗ

ਅਮਨਜੋਤ ਦਾ ਪਰਿਵਾਰ ਜਦੋਂ ਵੀ ਉਨ੍ਹਾਂ ਦੀ ਸਫ਼ਲਤਾ ਦੀ ਗੱਲ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਅਮਨਜੋਤ ਦੇ ਕੋਚ ਨਗੇਸ਼ ਗੁਪਤਾ ਦਾ ਨਾਮ ਲੈਂਦੇ ਹਨ।
ਭੁਪਿੰਦਰ ਸਿੰਘ ਕਹਿੰਦੇ ਹਨ, "ਅਮਨਜੋਤ ਅੱਜ ਜਿੱਥੇ ਵੀ ਪਹੁੰਚੀ ਹੈ ਉਹ ਸਿਰਫ ਨਗੇਸ਼ ਗੁਪਤਾ ਕਰਕੇ ਸੰਭਵ ਹੋਇਆ ਹੈ।"
ਉਹ ਕਹਿੰਦੇ ਹਨ,"ਨਗੇਸ਼ ਜੀ ਨੇ ਆਪਣੀ ਐਕਡਮੀ ਦੀ ਥਾਂ ਵੀ ਬਦਲ ਲਈ ਹੈ ਪਰ ਅਮਨਜੋਤ ਫੇਰ ਵੀ ਟਰੇਨਿੰਗ ਲਈ ਡੇਢ ਘੰਟਾ ਸਫ਼ਰ ਕਰਕੇ ਉਨ੍ਹਾਂ ਕੋਲ ਹੀ ਟਰੇਨਿੰਗ ਲਈ ਜਾਂਦੀ ਹੈ।"
9 ਸਾਲਾਂ ਤੋਂ ਅਮਨਜੋਤ ਨੂੰ ਟਰੇਨਿੰਗ ਦੇ ਰਹੇ ਕੋਚ ਨਗੇਸ਼ ਗੁਪਤਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਇੰਗਲੈਂਡ ਖ਼ਿਲਾਫ ਮੈਚ ਦੇਰ ਰਾਤ ਨੂੰ ਦੇਖਿਆ। ਇੰਡੀਆ ਦੇ 3 ਆਊਟ ਹੋ ਗਏ ਸਨ 30 ਦੌੜਾਂ ਉੱਤੇ ਜਿਸ ਸਹਿਜਤਾ ਨਾਲ ਅਮਨ ਨੇ ਜੈਮੀਹ ਨਾਲ ਮਿਲ ਕੇ ਭਾਰਤ ਨੂੰ ਜਿੱਤ ਦਿਵਾਈ ਉਹ ਸ਼ਾਨਦਾਰ ਸੀ।"
"ਮੈਂ 9 ਸਾਲਾਂ ਤੋਂ ਅਮਨ ਨੂੰ ਸਿਖਾ ਰਿਹਾ ਹਾਂ, ਸੱਟ ਤੋਂ ਬਾਅਦ ਮੈਂ ਉਸਦੇ ਅੰਦਰ ਬਦਲਾਅ ਦੇਖਿਆ ਹੈ। ਹੁਣ ਉਹ ਜ਼ਿੰਮੇਵਾਰੀ ਨਾਲ ਖੇਡਦੀ ਹੈ।"
ਉਹ ਹੱਸਦੇ ਹੋਏ ਕਹਿੰਦੇ ਹਨ, "ਇੱਕ ਕੋਚ ਮਾਣ ਮਹਿਸੂਸ ਹੀ ਕਰ ਸਕਦਾ ਕਿ ਉਸਦਾ ਵਿਦਿਆਰਥੀ ਖ਼ਾਸ ਸ਼ਾਟ ਮਾਰ ਰਿਹਾ ਹੈ। ਅਮਨਜੋਤ ਦੀ ਖੇਡ ਬਿਹਤਰ ਤੋਂ ਬਿਹਤਰੀਨ ਹੁੰਦੀ ਜਾ ਰਹੀ ਹੈ, ਮੈਂ ਇਸਦੇ ਉੱਤੇ ਹੀ ਮਹਿਸੂਸ ਕਰ ਸਕਦਾ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













