ਸ਼ੁਭਮਨ ਗਿੱਲ ਕਪਤਾਨ ਵਜੋਂ ਆਪਣਾ ਪਹਿਲਾ ਮੈਚ ਭਾਰਤੀ ਟੀਮ ਦੀਆਂ ਕਿਹੜੀਆਂ ਗਲਤੀਆਂ ਕਾਰਨ ਜਿੱਤ ਨਹੀਂ ਸਕੇ

ਸ਼ੁਭਮਨ ਗਿੱਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ ਟੈਸਟ ਕਪਤਾਨ ਦੇ ਰੂਪ ਵਿੱਚ ਡੈਬਿਊ 'ਤੇ ਸੈਂਕੜਾ ਮਾਰਨ ਵਾਲੇ ਚੌਥੇ ਭਾਰਤੀ ਕਪਤਾਨ ਬਣੇ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ 25 ਸਾਲਾ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਖੇਡੀ ਨੌਜਵਾਨਾਂ ਦੀ ਭਾਰਤੀ ਟੀਮ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਰਿਟਾਇਰਮੈਂਟ ਤੋਂ ਬਾਅਦ ਖੇਡੀ ਪਹਿਲੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਕਈ ਕਮਾਲ ਕੀਤੇ ਪਰ ਮੈਚ ਨਾ ਜਿੱਤ ਸਕੇ।

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੇਡਿੰਗਲੇ ਮੈਦਾਨ ਵਿੱਚ ਖੇਡਿਆ ਗਿਆ।

ਇਸ ਮੁਕਾਬਲੇ ਵਿੱਚ ਸ਼ੁਭਮਨ ਗਿੱਲ ਟੈਸਟ ਕਪਤਾਨ ਦੇ ਰੂਪ ਵਿੱਚ ਡੈਬਿਊ 'ਤੇ ਸੈਂਕੜਾ ਮਾਰਨ ਵਾਲੇ ਚੌਥੇ ਭਾਰਤੀ ਕਪਤਾਨ ਬਣੇ।

ਪਹਿਲੇ ਟੈਸਟ ਮੈਚ ਵਿੱਚ ਭਾਰਤ ਨੂੰ ਇੰਗਲੈਂਡ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 371 ਦੌੜਾਂ ਦਾ ਵੱਡਾ ਟਾਰਗੇਟ ਦੇਣ ਦੇ ਬਾਵਜੂਦ ਵੀ ਭਾਰਤ ਜਿੱਤ ਨਾ ਸਕਿਆ।

ਯਾਨੀ ਹੁਣ ਭਾਰਤ 5 ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਨਾਲ ਪਿੱਛੇ ਹੋ ਗਿਆ ਹੈ। ਮੈਚ ਵਿੱਚ ਭਾਰਤ ਨੇ ਕੁੱਲ 9 ਕੈਚ ਛੱਡੇ।

ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਭਾਰਤ ਦੇ ਓਪਨਰਾਂ ਦਾ ਸ਼ਾਨਦਾਰ ਪ੍ਰਦਰਸ਼ਨ, ਰਿਸ਼ਭ ਪੰਤ ਦੇ ਰਿਕਾਰਡ, ਬੁਮਰਾਹ ਦੀ ਗੇਂਦਬਾਜ਼ੀ ਸਣੇ ਪੰਜ ਕਿਹੜੀਆਂ ਅਹਿਮ ਗੱਲਾਂ ਰਹੀਆਂ, ਇਸ ਬਾਰੇ ਗੱਲ ਕਰਾਂਗੇ।

ਸ਼ੁਭਮਨ ਗਿੱਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੇਡਿੰਗਲੇ ਮੈਦਾਨ ਵਿੱਚ ਖੇਡਿਆ ਗਿਆ

ਭਾਰਤ ਦੇ ਓਪਨਰਾਂ ਦਾ ਪ੍ਰਦਰਸ਼ਨ

ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ, ਜਿਸ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 359 ਦੌੜਾਂ 'ਤੇ ਤਿੰਨ ਵਿਕਟਾ ਗੁਆਈਆਂ।

ਇਸ ਦੌਰਾਨ ਭਾਰਤ ਦੇ ਓਪਨਰਾਂ ਵੱਲੋਂ 91 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਭਾਰਤੀ ਟੀਮ ਨੇ ਮਜ਼ਬੂਤ ਨੀਂਹ ਰੱਖੀ, ਜੋ ਭਾਰਤ ਨੂੰ ਮੁਕਾਬਲੇ ਵਿੱਚ ਮਜ਼ਬੂਤ ਬਣਾ ਸਕੀ।

ਓਪਨਰ ਜੋੜੀ ਯਸ਼ਸਵੀ ਜੈਸਵਾਲ (101) ਅਤੇ ਕੇਐੱਲ ਰਾਹੁਲ (42) ਨੇ ਪਹਿਲੀ ਇਨਿੰਗ ਵਿੱਚ ਸਮਝਦਾਰੀ ਨਾਲ ਖੇਡਦਿਆਂ ਭਾਰਤ ਨੂੰ ਚੰਗੀ ਸ਼ੁਰੂਆਤ ਦੁਆਈ।

23 ਸਾਲਾ ਯਸ਼ਸਵੀ ਜੈਸਵਾਲ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਥੇ ਹੀ ਕੇਐੱਲ ਰਾਹੁਲ ਆਪਣੀ ਸੂਝ ਨਾਲ ਖੇਡਦੇ ਨਜ਼ਰ ਆਏ।

ਪਹਿਲੀ ਇਨਿੰਗ ਵਿੱਚ ਕੇਐੱਲ ਰਾਹੁਲ ਬੇਸ਼ੱਕ 42 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਦੂਜੀ ਇਨਿੰਗ ਵਿੱਚ ਉਨ੍ਹਾਂ ਨੇ ਆਪਣੀ ਖੇਡ ਦਾ ਸਹੀ ਤਕਨੀਕ ਨਾਲ ਇਸਤੇਮਾਲ ਕਰਦੇ ਹੋਏ 137 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤੀ ਵੱਲ ਵਧਾਇਆ।

ਸਾਬਕਾ ਕ੍ਰਿਕਟਰ ਅਤੇ ਖੇਡ ਮਾਹਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ ਹੈ।

ਸਰਨਦੀਪ ਦਾ ਕਹਿਣਾ ਹੈ ਕਿ ਇਸ ਟੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ ਓਪਨਰ ਜੈਸਵਾਲ ਤੇ ਕੇਐੱਲ ਰਾਹੁਲ ਦਾ ਚੰਗਾ ਪ੍ਰਦਸ਼ਨ ਕਰਨਾ।

ਉਹ ਕਹਿੰਦੇ ਹਨ, "ਜਦੋਂ ਸ਼ੁਭਮਨ ਨੂੰ ਕਪਤਾਨੀ ਮਿਲੀ ਤਾਂ ਸਾਰੇ ਇਹ ਕਹਿ ਰਹੇ ਸਨ ਕਿ ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਦੀ ਘਾਟ ਹੈ ਪਰ ਇਹ ਨੌਜਵਾਨਾਂ ਦੀ ਟੀਮ ਵੱਖਰੀ ਸੋਚ ਨਾਲ ਖੇਡ ਰਹੀ ਹੈ। ਯਸ਼ਸਵੀ ਜੈਸਵਾਲ ਜਿਵੇਂ ਟੀ-20 ਵਿੱਚ ਖੇਡ ਰਿਹਾ ਸੀ, ਉਹ ਟੈਸਟ ਵਿਚ ਵੀ ਚੰਗਾ ਖੇਡ ਰਿਹਾ ਹੈ।"

"ਭਾਰਤ ਵਾਸਤੇ ਜੈਸਵਾਲ ਓਪਨਰ ਹੋਣ ਦੇ ਨਾਤੇ ਕਾਫੀ ਅਹਿਮ ਖਿਡਾਰੀ ਹੈ ਕਿਉਂਕਿ ਜੇ ਓਪਨਰ ਸੈਂਕੜਾ ਮਾਰਦਾ ਤਾਂ ਬਾਕੀ ਟੀਮ ਮਜ਼ਬੂਤ ਬਣ ਕੇ ਉਭਰ ਦੀ ਹੈ ਤੇ ਜੈਸਵਾਲ ਨੇ ਇਸ ਟੈਸਟ ਮੈਚ ਦੀ ਪਹਿਲੀ ਇਨਿੰਗ ਵਿੱਚ ਇਸੇ ਤਰ੍ਹਾਂ ਕੀਤਾ।"

"ਜੈਸਵਾਲ ਨਾਲ ਓਪਨਰ ਖਿਡਾਰੀ ਕੇਐੱਲ ਰਾਹੁਲ ਕਾਫੀ ਸਮਝਦਾਰ ਖਿਡਾਰੀ ਹੈ। ਇਨ੍ਹਾਂ ਦੋਨਾਂ ਨੇ ਟੀਮ ਲਈ ਚੰਗੀਆਂ ਦੌੜਾਂ ਬਣਾਈਆਂ ਹਨ, ਜੋ ਕਿ ਭਾਰਤੀ ਟੀਮ ਲਈ ਆਉਣ ਵਾਲੇ ਸਮੇਂ ਲਈ ਵੀ ਚੰਗੀ ਖਬਰ ਹੈ।"

ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਓਪਨਰ ਜੋੜੀ ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਨੇ ਪਹਿਲੀ ਇਨਿੰਗ ਵਿੱਚ ਸਮਝਦਾਰੀ ਨਾਲ ਖੇਡਦਿਆਂ ਭਾਰਤ ਨੂੰ ਚੰਗੀ ਸ਼ੁਰੂਆਤ ਦੁਆਈ

ਸ਼ੁਭਮਨ ਦੀ ਇੰਗਲੈਂਡ ਵਿੱਚ ਸ਼ਾਨਦਾਰ ਬੱਲੇਬਾਜ਼ੀ

ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਸ਼ੁਭਮਨ ਗਿੱਲ ਨੇ ਖੁੱਲ੍ਹ ਕੇ ਕਿਹਾ ਸੀ ਕਿ ਉਹ ਇਸ ਲੜੀ ਦਾ ਅੰਤ 'ਸਰਬੋਤਮ ਬੱਲੇਬਾਜ਼' ਬਣ ਕੇ ਕਰਨਾ ਚਾਹੁੰਦਾ ਹੈ।

ਕਪਤਾਨ ਦੇ ਰੂਪ ਵਿੱਚ ਆਪਣੇ ਪਹਿਲੇ ਹੀ ਮੈਚ ਵਿੱਚ ਇੱਕ ਲੀਡਰ ਦੀ ਭੂਮਿਕਾ ਨਿਭਾਉਂਦੇ ਹੋਏ ਸ਼ੁਭਮਨ ਗਿੱਲ ਨੇ ਮੋਰਚਾ ਸੰਭਾਲਿਆ ਤੇ ਆਪਣੇ ਆਪ ਨੂੰ ਸਾਬਿਤ ਕੀਤਾ।

ਸ਼ੁਭਮਨ ਗਿੱਲ ਨੇ ਆਪਣੀ ਬੱਲੇਬਾਜ਼ੀ ਨਾਲ ਇਹ ਜ਼ਰੂਰ ਸਾਬਿਤ ਕਰ ਦਿੱਤਾ ਹੈ ਕਿ ਚੌਥੇ ਨੰਬਰ 'ਤੇ ਉਹ ਵਿਰਾਟ ਕੋਹਲੀ ਦੀ ਥਾਂ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਸਰਨਦੀਪ ਕਹਿੰਦੇ ਹਨ, "ਆਪਣੀ ਕਪਤਾਨੀ ਵਿੱਚ ਪਹਿਲੇ ਹੀ ਮੈਚ 'ਚ ਸੈਂਕੜਾ ਲਾਉਣ ਬਹੁਤ ਵੱਡੀ ਗੱਲ ਹੈ। ਉਸ ਨੇ ਇਹ ਦਿਖਾਇਆ ਕਿ ਉਹ ਭਾਰਤੀ ਟੀਮ ਦੇ ਆਉਣ ਵਾਲੇ ਭਵਿੱਖ ਦਾ ਕਪਤਾਨ ਹੈ। ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਗਿੱਲ ਮੈਦਾਨ ਵਿੱਚ ਖਰਾ ਉਤਰਿਆ। ਗਿੱਲ ਚਾਰ ਨੰਬਰ 'ਤੇ ਆਇਆ ਅਤੇ ਇਹ ਨੰਬਰ ਵਿਰਾਟ ਕੋਹਲੀ ਦਾ ਸੀ। ਗਿੱਲ ਨੇ ਇਸ ਮੁਕਾਬਲੇ ਵਿੱਚ ਦਿਖਾ ਦਿੱਤਾ ਕਿ ਇਹ ਸੀਟ ਮੇਰੇ ਨਾਮ ਦੀ ਹੀ ਸੀ।"

ਉਹ ਕਹਿੰਦੇ ਹਨ ਕਿ ਮੈਚ ਦੌਰਾਨ ਟੀਮ ਵਿੱਚ ਕੁਝ ਖਾਮੀਆਂ ਜ਼ਰੂਰ ਰਹੀਆਂ ਪਰ ਸ਼ੁਭਮਨ ਗਿੱਲ ਨੇ ਆਪਣੇ ਤਜਰਬੇ ਨਾਲ ਇਹ ਵੀ ਦਿਖਾਇਆ ਕਿ ਉਹ ਸਿਰਫ ਟੀ-20 ਦੀ ਕਪਤਾਨੀ ਹੀ ਨਹੀਂ ਟੈਸਟ ਦੀ ਕਪਤਾਨੀ ਵੀ ਕਰ ਸਕਦੇ ਹਨ।

ਰਿਸ਼ਭ ਪੰਤ

ਰਿਸ਼ਭ ਪੰਤ ਦੇ ਰਿਕਾਰਡ ਤੇ ਬੱਲੇਬਾਜ਼ੀ

ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਦੇ ਵਿਕਟ ਕੀਪਰ ਤੇ ਪੰਜ ਨੰਬਰ 'ਤੇ ਆਏ ਬੱਲੇਬਾਜ਼ ਰਿਸ਼ਭ ਪੰਤ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਇਸ ਮੁਕਾਬਲੇ ਵਿੱਚ ਜਦੋਂ ਪੰਤ ਕਰੀਜ਼ 'ਤੇ ਆਏ ਤਾਂ ਸ਼ੁਰੂਆਤੀ ਖੇਡ ਵਿੱਚ ਉਨ੍ਹਾਂ ਦਾ ਅੰਦਾਜ਼ ਵੱਖਰਾ ਦਿਖਿਆ। ਉਹ ਜਲਦ ਸ਼ੌਟ ਲਗਾਉਣ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਕੋਈ ਕਾਹਲ ਨਹੀਂ ਕੀਤੀ ਅਤੇ ਨਾ ਹੀ ਕੋਈ ਉੱਚਾ ਸ਼ੌਟ ਖੇਡਿਆ।

ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਪਿਛਲੀ ਆਸਟ੍ਰੇਲੀਆ ਸੀਰੀਜ਼ ਵਾਲੀ ਨਾਕਾਮੀ ਨੂੰ ਨਹੀਂ ਦੁਹਰਾਇਆ ਅਤੇ ਕਾਫੀ ਸੂਝਬੂਝ ਨਾਲ ਬੱਲੇਬਾਜ਼ੀ ਕੀਤੀ।

ਇਸ ਦੌਰਾਨ ਪੰਤ ਸਟੰਪ ਮਾਈਕ 'ਤੇ ਖੁਦ ਨਾਲ ਗੱਲ ਕਰਦੇ ਵੀ ਦਿਖੇ। ਖਰਾਬ ਸ਼ੌਟ ਖੇਡਣ 'ਤੇ ਉਹ ਖੁਦ ਨੂੰ ਸਮਝਾਉਂਦੇ ਨਜ਼ਰ ਆਏ।

ਇਸ ਟੈਸਟ ਮੈਚ ਵਿੱਚ ਉਨ੍ਹਾਂ ਨੇ ਦੋ ਸੈਂਕੜੇ ਲਗਾਏ। ਇਨ੍ਹਾਂ ਸੈਂਕੜਿਆਂ ਨਾਲ ਉਹ ਇੰਗਲੈਂਡ ਵਿੱਚ ਇਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਦੌਰਾਨ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਹ ਇੰਗਲੈਂਡ ਵਿੱਚ ਇੱਕ ਟੈਸਟ ਮੈਚ ਵਿੱਚ ਦੋ ਸੈਂਕੜੇ ਲਗਾਉਣ ਵਾਲੇ ਨੌਵੇਂ ਵਿਦੇਸ਼ੀ ਬੱਲੇਬਾਜ਼ ਹਨ।

ਰਿਸ਼ਭ ਪੰਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਿਸ਼ਭ ਪੰਤ ਕਰੀਜ਼ 'ਤੇ ਆਏ ਤਾਂ ਸ਼ੁਰੂਆਤੀ ਖੇਡ ਵਿੱਚ ਉਨ੍ਹਾਂ ਦਾ ਅੰਦਾਜ਼ ਵੱਖਰਾ ਦਿਖਿਆ

ਸਰਨਦੀਪ ਕਹਿੰਦੇ ਹਨ, "ਰਿਸ਼ਭ ਪੰਤ ਭਾਰਤੀ ਟੀਮ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ। ਜੋ ਪਿਛਲੇ ਕਈ ਸਾਲਾਂ ਤੋਂ ਮਹਿੰਦਰ ਸਿੰਘ ਧੋਨੀ ਕਰਦੇ ਆਏ ਸੀ, ਹੁਣ ਉਨ੍ਹਾਂ ਦੀ ਥਾਂ ਰਿਸ਼ਭ ਪੰਤ ਨੂੰ ਦੇਖਿਆ ਜਾ ਸਕਦਾ। ਇਸੇ ਲਈ ਉਨ੍ਹਾਂ ਨੂੰ ਉਪ ਕਪਤਾਨ ਵੀ ਬਣਾਇਆ ਗਿਆ ਹੈ। ਪੰਤ ਨੇ ਦਿਖਾਇਆ ਕਿ ਦਬਾਅ ਵਿੱਚ ਕਿਵੇਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਸਕਦਾ।"

ਸਰਨਦੀਪ ਕਹਿੰਦੇ ਹਨ ਕਿ ਸਲੈਕਟਰਾਂ ਨੇ ਆਉਣ ਵਾਲੇ ਸਮੇਂ ਲਈ ਇੱਕ ਨੌਜਵਾਨਾਂ ਦੀ ਟੀਮ ਖੜ੍ਹੀ ਕਰ ਲਈ ਹੈ, ਜਿਸ ਦੇ ਕਪਤਾਨ ਤੇ ਉਪ ਕਪਤਾਨ ਵੀ ਨੌਜਵਾਨ ਹਨ।

ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਬੱਲੇਬਾਜ਼ੀ ਬਾਰੇ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ ਅਤੇ ਸੌਰਭ ਗਾਂਗੁਲੀ ਨੇ ਵੀ ਤਾਰੀਫ ਕੀਤੀ ਹੈ।

ਉਨ੍ਹਾਂ ਨੇ ਐਕਸ ਉਪਰ ਪੋਸਟ ਕਰ ਕੇ 2002 ਦਾ ਟੈਸਟ ਮੈਚ ਯਾਦ ਕੀਤਾ, ਜਿਸ ਵਿੱਚ ਸਚਿਨ ਤੇਂਦੂਲਕਰ ਨੇ ਯਾਦਗਾਰ ਪਾਰੀ ਖੇਡਦਿਆਂ 193 ਦੌੜਾਂ ਬਣਾਈਆਂ ਸੀ। ਇਸੇ ਤਰ੍ਹਾਂ ਰਾਹੁਲ ਦ੍ਰਾਵਿੜ ਨੇ 148 ਅਤੇ ਸੌਰਭ ਗਾਂਗੁਲੀ ਨੇ 128 ਦੌੜਾਂ ਬਣਾਈਆਂ ਸੀ।

ਜਸਪ੍ਰੀਤ ਬੁਮਰਾਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਸਪ੍ਰੀਤ ਬੁਮਰਾਹ ਤੀਜੇ ਦਿਨ ਪੰਜ ਵਿਕਟਾਂ ਹਾਸਲ ਕੀਤੀਆਂ

ਬੁਮਰਾਹ ਦੀਆਂ ਪੰਜ ਵਿਕਟਾਂ

ਜਸਪ੍ਰੀਤ ਬੁਮਰਾਹ ਨੇ ਪਹਿਲੇ ਟੈਸਟ ਮੈਚ ਦੀ ਪਹਿਲੀ ਇਨਿੰਗ ਵਿੱਚ ਪੰਜ ਵਿਕਟਾਂ ਲਈਆਂ। ਬੁਮਰਾਹ ਨੇ ਦੂਜੇ ਦਿਨ ਇੰਗਲੈਂਡ ਦੀਆਂ ਤਿੰਨ ਵਿਕਟਾਂ ਝਟਕਾਈਆਂ। ਇਸੇ ਤਰ੍ਹਾਂ ਤੀਜੇ ਦਿਨ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਹੋਏ ਬੁਮਰਾਹ ਨੇ ਕ੍ਰਿਸ ਬਾਕਸ ਅਤੇ ਜੋਸ਼ ਟੰਗ ਨੂੰ ਆਊਟ ਕਰ ਕੇ ਪੰਜ ਵਿਕਟਾਂ ਹਾਸਲ ਕੀਤੀਆਂ।

ਉਨ੍ਹਾਂ ਨੇ 83 ਦੌੜਾਂ ਦਿੱਤੀਆਂ। ਹਾਲਾਕਿ ਦੂਜੀ ਇਨਿੰਗ ਵਿੱਚ ਬੁਮਰਾਹ ਵਿਕਟਾਂ ਲਈ ਜ਼ਰੂਰ ਸੰਘਰਸ਼ ਕਰਦੇ ਨਜ਼ਰ ਆਏ।

ਬੁਮਰਾਹ ਨੇ ਆਪਣੇ ਕਰੀਅਰ ਵਿੱਚ 14ਵੀਂ ਵਾਰ ਪੰਜ ਵਿਕਟਾਂ ਲਈਆਂ ਹਨ। ਉਹ ਹੁਣ ਤੱਕ 205 ਵਿਕਟਾਂ ਲੈ ਚੁੱਕੇ ਹਨ।

ਸਰਨਦੀਪ ਬੁਮਰਾਹ ਬਾਰੇ ਕਹਿੰਦੇ ਹਨ ਕਿ ਉਹ ਤਿੰਨੇ ਫਾਰਮੈਟ ਵਿੱਚ ਸ਼ਾਨਦਾਰ ਗੇਂਦਬਾਜ਼ ਹੈ।

"ਵਿਸ਼ਵ ਭਰ ਵਿੱਚ ਜਸਪ੍ਰੀਤ ਬੁਮਰਾਹ ਤੋਂ ਪਰੇ ਦਾ ਕੋਈ ਗੇਂਦਬਾਜ਼ ਨਹੀਂ ਆਇਆ।"

ਭਾਰਤੀ ਟੀਮ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤੀ ਖਿਡਾਰੀਆਂ ਨੇ ਫਿਲਡਿੰਗ ਦੌਰਾਨ ਕਈ ਕੈਚ ਛੱਡੇ, ਜਿਸ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਜੀਵਨਦਾਨ ਮਿਲੇ

ਭਾਰਤੀ ਗੇਂਦਬਾਜ਼ਾਂ ਦੀਆਂ ਕਮਜ਼ੋਰੀਆਂ ਤੇ ਖ਼ਰਾਬ ਫਿਲਡਿੰਗ

ਇਸ ਟੈਸਟ ਮੈਚ ਵਿੱਚ ਜਿਥੇ ਬੱਲੇਬਾਜ਼ਾਂ ਨੇ ਆਪਣਾ ਫਰਜ਼ ਨਿਭਾਇਆ, ਉੱਥੇ ਗੇਂਦਬਾਜ਼ ਮੌਕੇ ਸਾਂਭਣ ਵਿੱਚ ਅਸਫਲ ਦਿਖਾਈ ਦਿੱਤੇ ਹਨ। ਭਾਰਤੀ ਗੇਂਦਬਾਜ਼ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਸਾਂਝੇਦਾਰੀ ਨੂੰ ਤੋੜਨ ਵਿੱਚ ਨਾਕਾਮ ਰਹੇ।

ਭਾਰਤੀ ਗੇਂਦਬਾਜ਼ਾਂ ਦੇ ਦਿਸ਼ਾਹੀਣ ਹੋਣ ਦਾ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਖੂਬ ਫਾਇਦਾ ਚੁੱਕਿਆ।

ਭਾਰਤੀ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਇਸ ਮੁਕਾਬਲੇ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੰਗਲੈਂਡ ਦੇ ਬੱਲੇਬਾਜ਼ ਉਨ੍ਹਾਂ ਦੇ ਖ਼ਿਲਾਫ਼ ਆਕਰਮਕ ਦਿਖੇ।

ਪ੍ਰਸਿੱਧ ਕ੍ਰਿਸ਼ਨਾ ਇਸ ਮੁਕਾਬਲੇ ਵਿੱਚ ਬੇਸ਼ੱਕ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ ਪਰ ਉਨ੍ਹਾਂ ਨੇ ਕਾਫੀ ਦੌੜਾਂ ਦਿੱਤੀਆਂ, ਜਿਸ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਲਈ ਕਈ ਵਾਰ ਰਾਹ ਸੌਖਾਲਾ ਹੁੰਦਾ ਦਿਖਿਆ।

ਇਸ ਮੁਕਾਬਲੇ ਵਿੱਚ ਗੇਂਦਬਾਜ਼ੀ ਦੇ ਨਾਲ ਭਾਰਤੀ ਖਿਡਾਰੀਆਂ ਵੱਲੋਂ ਕੀਤੀ ਗਈ ਖਰਾਬ ਫਿਲਡਿੰਗ ਦੀ ਵੀ ਰੱਜ ਕੇ ਆਲੋਚਨਾ ਹੋਈ। ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਭਾਰਤੀ ਸਕੋਰ ਦੇ ਨੇੜੇ ਪਹੁੰਚਾਉਣ ਵਿੱਚ ਭਾਰਤੀ ਦੀ ਹੀ ਫਿਲਡਿੰਗ ਨੇ ਅਹਿਮ ਯੋਗਦਾਨ ਪਾਇਆ।

ਭਾਰਤੀ ਖਿਡਾਰੀਆਂ ਨੇ ਫਿਲਡਿੰਗ ਦੌਰਾਨ ਕਈ ਕੈਚ ਛੱਡੇ, ਜਿਸ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਜੀਵਨਦਾਨ ਮਿਲੇ।

ਸਰਨਦੀਪ ਕਹਿੰਦੇ ਹਨ, "ਫਿਲਡਿੰਗ ਇੱਕ ਅਜਿਹੀ ਚੀਜ਼ ਹੈ ਕਿ ਤੁਹਾਨੂੰ ਚੰਗੀ ਕਰਨੀ ਹੀ ਪਵੇਗੀ, ਜੇ ਤੁਸੀਂ ਫਿਲਡਿੰਗ ਵਿੱਚ ਢਿੱਲ ਵਰਤੀ ਤਾਂ ਵਿਰੋਧੀ ਟੀਮ ਨੂੰ ਇਸ ਦਾ ਰੱਜਵਾਂ ਫਾਇਦਾ ਮਿਲੇਗਾ। ਭਾਰਤ ਦੇ ਫਿਲਡਰਾਂ ਨੇ ਇੰਗਲੈਂਡ ਨੂੰ ਮੁਕਾਬਲੇ ਵਿੱਚ ਆਉਣ ਦਾ ਮੌਕਾ ਦਿੱਤਾ। ਜੇ ਕੈਚ ਫੜੇ ਜਾਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋਣਾ ਸੀ।"

ਗੇਂਦਬਾਜ਼ੀ ਬਾਰੇ ਸਰਨਦੀਪ ਕਹਿੰਦੇ ਹਨ, "ਬੇਸ਼ੱਕ ਬੁਮਰਾਹ ਚੰਗਾ ਗੇਂਦਬਾਜ਼ ਹੈ ਪਰ ਮੈਨੇਜਮੈਂਟ ਨੂੰ ਇਹ ਵੀ ਦੇਖਣਾ ਪਵੇਗਾ ਕਿ ਉਸ ਦੇ ਨਾਲ ਹੋਰ ਚੰਗੇ ਗੇਂਦਬਾਜ਼ ਖੜ੍ਹੇ ਕਰਨੇ ਪੈਣਗੇ।"

ਅਰਸ਼ਦੀਪ ਨੂੰ ਬਾਹਰ ਬਿਠਾਉਣ ਦੇ ਫ਼ੈਸਲੇ ਨੂੰ ਵੀ ਸਰਨਦੀਪ ਗਲਤ ਕਰਾਰ ਦਿੰਦੇ ਹਨ।

ਉਹ ਕਹਿੰਦੇ ਹਨ, "ਸ਼ਾਰਦੁਲ ਠਾਕੁਰ ਨੂੰ ਟੀਮ ਵਿੱਚ ਖਿਡਾਇਆ, ਜਿਸ ਦਾ ਪ੍ਰਦਰਸ਼ਨ ਖਰਾਬ ਹੈ ਤੇ ਉਸ ਨੂੰ ਸਿਰਫ ਛੇ ਓਵਰ ਹੀ ਕਰਨ ਦਿੱਤੇ। ਇਥੇ ਟੀਮ ਨੂੰ ਅਰਸ਼ਦੀਪ ਨਾਲ ਜਾਣਾ ਚਾਹੀਦਾ ਸੀ। ਅਰਸ਼ ਚੰਗੀ ਫਾਰਮ ਵਿੱਚ ਹੈ ਅਤੇ ਮੁਕਾਬਲੇ ਵਿੱਚ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਜਦੋਂ ਗੇਂਦਬਾਜ਼ੀ ਕਰਦਾ ਤਾਂ ਟੀਮ ਨੂੰ ਵਿਕਟ ਕੱਢਣ ਵਿੱਚ ਮਦਦ ਕਰਦਾ। ਅਗਲੇ ਮੈਚ ਵਿੱਚ ਇਸ ਗਲਤੀ ਤੋਂ ਸੇਧ ਲੈਣੀ ਚਾਹੀਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)