ਯੂਏਈ ਲਈ ਖੇਡਣ ਵਾਲਾ ਪੰਜਾਬੀ ਕ੍ਰਿਕਟਰ ਕੌਣ ਹੈ, ਜਿਸ ਦਾ ਰੋਲ ਮਾਡਲ ਹੈ ਯੁਵਰਾਜ ਸਿੰਘ

ਸਿਮਰਨਜੀਤ ਸਿੰਘ ਕੰਗ
ਤਸਵੀਰ ਕੈਪਸ਼ਨ, ਆਪਣੀ ਮਾਂ ਨਾਲ ਕ੍ਰਿਕਟਰ ਸਿਮਰਨਜੀਤ ਸਿੰਘ ਕੰਗ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਕ੍ਰਿਕਟਰ ਬਣਨ ਦਾ ਸੁਪਨਾ ਤਾਂ ਪਹਿਲੇ ਦਿਨ ਤੋਂ ਲਿਆ ਹੋਇਆ ਸੀ, ਪਰ ਮੈਂ ਯੂਏਈ ਦੀ ਟੀਮ ਵਿੱਚ ਖੇਡਾਂਗਾ ਇਹ ਕਦੇ ਖਿਆਲ ਵੀ ਨਹੀਂ ਆਇਆ ਸੀ।"

ਇਹ ਬੋਲ ਪੰਜਾਬ ਦੇ ਅੰਮ੍ਰਿਤਧਾਰੀ ਨੌਜਵਾਨ ਸਿਮਰਨਜੀਤ ਸਿੰਘ ਕੰਗ ਦੇ ਹਨ, ਜੋ ਸੰਯੁਕਤ ਅਰਬ ਅਮੀਰਾਤ ਦੀ ਕੌਮੀ ਕ੍ਰਿਕਟ ਟੀਮ ਦਾ ਹਿੱਸਾ ਹਨ। ਸਿਮਰਨਜੀਤ ਸਿੰਘ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਦਾ ਰਹਿਣ ਵਾਲਾ ਹੈ। ਨਵੰਬਰ 2024 ਵਿੱਚ ਸਿਮਰਨਜੀਤ ਸਿੰਘ ਦੀ ਚੋਣ ਸੰਯੁਕਤ ਅਰਬ ਅਮੀਰਾਤ ਦੀ ਕੌਮੀ ਕ੍ਰਿਕਟ ਟੀਮ ਵਿੱਚ ਹੋਈ।

ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਨਵੇਂ ਸਾਲ ਮੌਕੇ ਸਿਮਰਨਜੀਤ ਸਿੰਘ ਆਪਣੇ ਪਿੰਡ ਪਰਿਵਾਰ ਨੂੰ ਮਿਲਣ ਪਹੁੰਚੇ, ਜਿੱਥੇ ਪਿੰਡ ਵਾਸੀਆਂ ਨੇ ਬੜੇ ਮਾਣ ਨਾਲ ਉਨ੍ਹਾਂ ਦਾ ਸਨਮਾਨ ਕੀਤਾ।

ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਿਮਰਨਜੀਤ ਸਿੰਘ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਹਨ, ਹੁਣ ਤੱਕ ਉਹ ਯੂਏਈ ਦੀ ਟੀਮ ਵੱਲੋਂ 11 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਸਿਮਰਨਜੀਤ ਸਿੰਘ ਦਾ ਜਨਮ 1989 ਵਿੱਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਵਿੱਚ ਹੋਇਆ। ਉਨ੍ਹਾਂ ਦੇ ਮਾਪੇ ਖੇਤੀਬਾੜੀ ਕਰਦੇ ਹਨ।

ਇਸ ਰਿਪੋਰਟ ਵਿੱਚ ਅਸੀਂ ਸਿਮਰਨਜੀਤ ਸਿੰਘ ਦੇ ਪਿਛੋਕੜ 'ਤੇ ਇੱਕ ਝਾਤ ਮਾਰਦੇ ਹਾਂ।

ਵੀਡੀਓ ਕੈਪਸ਼ਨ, ਯੁਵਰਾਜ ਦਾ ਫੈਨ ਰਿਹਾ ਪੰਜਾਬੀ ਕਿਵੇਂ UAE ਦੀ ਕ੍ਰਿਕਟ ਟੀਮ ‘ਚ ਪਹੁੰਚਿਆ

ਸ਼ੁਭਮਨ ਗਿੱਲ ਨਾਲ ਕੀਤੀ ਪ੍ਰੈਕਟਿਸ

ਸਿਮਰਨਜੀਤ ਸਿੰਘ ਬਚਪਨ ਤੋਂ ਕ੍ਰਿਕਟ ਖੇਡ ਰਹੇ ਹਨ। ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਕ੍ਰਿਕਟ ਖੇਡਣ ਲਈ ਚੰਡੀਗੜ੍ਹ ਦੇ ਕਿਸੇ ਕਾਲਜ ਵਿੱਚ ਦਾਖਲਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-26 ਦੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ।

ਉਨ੍ਹਾਂ ਨੇ ਚੰਡੀਗੜ੍ਹ ਰਹਿੰਦਿਆਂ ਸੈਕਟਰ-16 ਦੇ ਸਟੇਡੀਅਮ ਵਿੱਚ ਕ੍ਰਿਕਟ ਦਾ ਅਭਿਆਸ ਸ਼ੁਰੂ ਕੀਤਾ। ਇੱਥੇ ਹੀ ਭਾਰਤੀ ਟੀਮ ਦੇ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਮੁਲਾਕਾਤ ਹੋਈ ਤੇ ਇਕੱਠੇ ਪ੍ਰੈਕਟਿਸ ਕੀਤੀ। ਸਿਮਰਨਜੀਤ ਦੱਸਦੇ ਹਨ ਕਿ ਉਸ ਵੇਲੇ ਸ਼ੁਭਮਨ ਗਿੱਲ ਮਹਿਜ਼ 10 ਸਾਲ ਦੇ ਸਨ।

ਸਿਮਰਨਜੀਤ ਸਿੰਘ

ਤਸਵੀਰ ਸਰੋਤ, Simranjeet Singh

ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਯੂਏਈ ਦੀ ਟੀਮ ਵੱਲੋਂ ਖੇਡਦੇ ਹਨ

ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸਿਖਲਾਈ ਲੈਣ ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਕ੍ਰਿਕਟ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।

ਫੇਰ ਲੁਧਿਆਣਾ ਵਿੱਚ ਕੋਚ ਹਰਭਜਨ ਗਿੱਲ ਕੋਲ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਅਤੇ ਪੰਜਾਬ ਵਿੱਚ ਲੁਧਿਆਣਾ ਦੀ ਟੀਮ ਵੱਲੋਂ ਨੁਮਾਇੰਦਗੀ ਕੀਤੀ।

ਕੋਵਿਡ ਲੌਕਡਾਊਨ ਨੇ ਦਿਖਾਇਆ ਰਸਤਾ

ਆਪਣੇ ਕ੍ਰਿਕਟ ਦੇ ਸਫ਼ਰ ਬਾਰੇ ਦੱਸਦਿਆਂ ਸਿਮਰਨਜੀਤ ਕਹਿੰਦੇ ਹਨ, "ਮੈਂ ਲੁਧਿਆਣਾ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਕਰ ਰਿਹਾ ਸੀ ਤੇ ਕੋਰੋਨਾ ਕਾਲ ਦੌਰਾਨ ਸਾਡੀ ਅਕੈਡਮੀ ਵਿੱਚ ਪ੍ਰੈਕਟਿਸ ਬੰਦ ਹੋ ਗਈ। ਮੈਂ ਤਾਲਾਬੰਦੀ ਕਾਰਨ ਘਰ ਆ ਗਿਆ।”

“ਘਰ ਆ ਕੇ ਦੇਖਿਆ ਤਾਂ ਮੇਰਾ ਇੱਕ ਦੋਸਤ ਦੁਬਈ ਵਿੱਚ ਕ੍ਰਿਕਟ ਖੇਡ ਰਿਹਾ ਸੀ। ਉਸ ਨੇ ਮੈਨੂੰ ਦੱਸਿਆ ਕਿ ਸਾਡੀ ਤਾਂ ਟਰੇਨਿੰਗ ਚੱਲ ਰਹੀ ਹੈ। ਇਸ ਤੋਂ ਬਾਅਦ ਮੈਂ ਓਹਦੇ ਨਾਲ ਗੱਲ ਕਰਕੇ ਦੁਬਈ ਜਾਣ ਦਾ ਮਨ ਬਣਾ ਲਿਆ, ਹਵਾਈ ਉਡਾਣਾਂ ਬੰਦ ਹੋਣ ਤੋਂ ਪਹਿਲਾਂ ਮੈਂ 1 ਮਹੀਨੇ ਦਾ ਵੀਜ਼ਾ ਲੈ ਕੇ ਦੁਬਈ ਚਲਿਆ ਗਿਆ ਸੀ।"

"ਇੱਕ ਮਹੀਨੇ ਵਿੱਚ ਮੈਂ ਸ਼ਾਰਜਾਹ ਅੰਤਰ-ਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਪਣੀ ਪ੍ਰੈਕਟਿਸ ਵੀ ਕਰਦਾ ਰਿਹਾ ਤੇ ਉੱਥੇ ਆਉਂਦੇ ਬੱਚਿਆਂ-ਨੌਜਵਾਨਾਂ ਨੂੰ ਕ੍ਰਿਕਟ ਦੀ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਮੈਂ ਲੁਧਿਆਣਾ ਵਿੱਚ ਆਪਣੇ ਕੋਚ ਹਰਭਜਨ ਗਿੱਲ ਤੋਂ ਹੀ ਨੌਜਵਾਨਾਂ ਨੂੰ ਟਰੇਨਿੰਗ ਦੇਣ ਦੀ ਸਿਖਲਾਈ ਲੈ ਲਈ ਸੀ।"

ਕੰਗ ਦੱਸਦੇ ਹਨ, "ਜਦੋਂ ਮੈਂ ਦੁਬਈ ਵਿੱਚ ਸੀ ਤਾਂ ਭਾਰਤ ਵਿੱਚ ਉਡਾਣਾਂ ਬੰਦ ਹੋ ਗਈਆਂ, ਮੈਂ ਦੁਬਈ ਵਿੱਚ ਹੀ ਫਸ ਗਿਆ। ਫੇਰ ਮੈਂ ਸੋਚਿਆ ਕਿ ਹੁਣ ਵਾਪਸ ਭਾਰਤ ਤਾਂ ਨਹੀਂ ਜਾ ਸਕਦਾ, ਇਸ ਲਈ ਮੈਂ ਦੁਬਈ ਵਿੱਚ ਹੀ ਵੀਜ਼ਾ ਹੋਰ ਵਧਾ ਕੇ ਕ੍ਰਿਕਟ ਖੇਡਣ ਦਾ ਫੈਸਲਾ ਲਿਆ।"

ਸਿਮਰਨਜੀਤ ਸਿੰਘ ਆਪਣੇ ਸਾਥੀ ਖਿਡਾਰੀ ਨਾਲ

ਤਸਵੀਰ ਸਰੋਤ, Simranjeet Singh

ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਆਪਣੇ ਸਾਥੀ ਖਿਡਾਰੀ ਨਾਲ

ਯੂਏਈ ਦੀ ਕ੍ਰਿਕਟ ਬਾਰੇ ਦੱਸਦਿਆਂ ਸਿਮਰਨਜੀਤ ਕਹਿੰਦੇ ਹਨ, "ਦੁਬਈ ਵਿੱਚ ਕ੍ਰਿਕਟ ਖੇਡਣ ਵਾਲੇ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਤੀ ਸਹਾਇਤਾ ਦਿੰਦੀਆਂ ਹਨ। ਮੈਨੂੰ ਦੁਬਈ ਵਿੱਚ ਮਲਿਕ ਗੁਲਾਮ ਮੁਸਤਫਾ ਨੇ ਆਪਣੀ ਟੀਮ ਐੱਮਜੀਐੱਮ ਕਲੱਬ ਵਿੱਚ ਸ਼ਾਮਲ ਕਰਵਾਇਆ।”

“ਇੱਕ ਮਹੀਨੇ ਤੋਂ ਬਾਅਦ ਦੁਬਈ ਰਹਿਣ ਲਈ ਵਿਜ਼ਟਰ ਵੀਜ਼ਾ ਲੈ ਕੇ ਦਿੱਤਾ, ਮੈਨੂੰ ਦੁਬਈ ਵਿੱਚ ਰਹਿਣ ਲਈ ਵਿੱਤੀ ਸਹਾਇਤਾ ਕਰਦੇ ਰਹੇ। ਦੁਬਈ ਦਾ ਪੱਕਾ ਵੀਜ਼ਾ ਦਿਵਾਉਣ ਵਿੱਚ ਵੀ ਉਨ੍ਹਾਂ ਨੇ ਹੀ ਮੇਰੀ ਮਦਦ ਕੀਤੀ।"

ਕੌਮੀ ਟੀਮ ਵਿੱਚ ਸ਼ਾਮਲ ਹੋਣ ਲਈ ਤਿੰਨ ਸਾਲ ਤੱਕ ਕਰਨਾ ਪਿਆ ਇੰਤਜ਼ਾਰ

ਆਪਣੇ ਹੁਨਰ ਉੱਤੇ ਭਰੋਸਾ ਦਿਖਾਉਂਦਿਆਂ ਸਿਮਰਨਜੀਤ ਕਹਿੰਦੇ ਹਨ, "ਮੈਨੂੰ ਪਤਾ ਸੀ ਕਿ ਮੇਰਾ ਸਮਾਂ ਇੱਕ ਦਿਨ ਆਵੇਗਾ ਤੇ ਹੁਣ ਉਹ ਸਮਾਂ ਆ ਗਿਆ ਹੈ। ਦੁਬਈ ਵਿੱਚ ਮੈਂ ਯੂਏਈ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਮਿਲਦਾ ਰਹਿੰਦਾ ਸੀ, ਉਨ੍ਹਾਂ ਨਾਲ ਮੇਰੀ ਜਾਣ-ਪਛਾਣ ਵੀ ਚੰਗੀ ਹੋ ਗਈ ਸੀ। ਉਹ ਦੇਖਦੇ ਸਨ ਕਿ ਮੈਂ ਗੇਂਦਬਾਜ਼ੀ ਵਧੀਆ ਕਰ ਰਿਹਾ ਹਾਂ।"

"ਯੂਏਈ ਦੀ ਟੀਮ ਵਿੱਚ ਸ਼ਾਮਲ ਹੋਣ ਲਈ 3 ਘਰੇਲੂ ਕ੍ਰਿਕਟ ਟੂਰਨਾਮੈਂਟ ਖੇਡਣ ਦਾ ਤਜਰਬਾ ਹੋਣਾ ਲਾਜ਼ਮੀ ਹੈ। ਇਸ ਲਈ ਮੈਂ ਲਗਾਤਾਰ ਘਰੇਲੂ ਮੈਚ ਖੇਡ ਰਿਹਾ ਸੀ।”

“3 ਸਾਲ ਪੂਰੇ ਹੋਣ ਉੱਤੇ ਕੌਮਾਂਤਰੀ ਟੀਮ ਲਈ ਮੈਂ ਪਿਛਲੇ ਸਾਲ ਵੀ ਅਪਲਾਈ ਕੀਤਾ ਸੀ ਪਰ ਉਹ ਸੰਭਵ ਨਹੀਂ ਹੋ ਸਕਿਆ ਸੀ, ਪਰ ਇਸ ਵਾਰ ਘਰੇਲੂ ਮੈਚਾਂ ਵਿੱਚ ਜਦੋਂ ਮੈਂ ਚੰਗਾ ਪ੍ਰਦਰਸ਼ਨ ਕੀਤਾ ਤਾਂ ਨਵੰਬਰ 2024 ਵਿੱਚ ਮੇਰੀ ਚੋਣ ਯੂਏਈ ਦੀ ਕੌਮਾਂਤਰੀ ਟੀਮ ਵਿੱਚ ਹੋ ਗਈ।"

ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਸਾਹਿਬ ਸਬੰਧੀ ਖਾਸ ਇਜਾਜ਼ਤ ਲਈ

ਸਿਮਰਨਜੀਤ ਸਿੰਘ

ਤਸਵੀਰ ਸਰੋਤ, Simranjeet Singh

ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਖੱਬੇ ਹੱਥ ਦੇ ਗੇਂਦਬਾਜ਼ ਹਨ

ਸਿਮਰਨਜੀਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਅੰਮ੍ਰਿਤਧਾਰੀ ਹੋਣ ਕਰਕੇ ਮੈਂ ਹਮੇਸ਼ਾ ਮਰਿਆਦਾ ਤਹਿਤ ਛੋਟੀ ਕਿਰਪਾਨ ਪਾ ਕੇ ਰੱਖਦਾ ਸੀ। ਪਰ ਫੀਲਡਿੰਗ ਕਰਦੇ ਸਮੇਂ ਸੱਟ ਲੱਗਣ ਦਾ ਖ਼ਤਰਾ ਵੀ ਰਹਿੰਦਾ ਸੀ। ਇਸ ਲਈ 2011 ਵਿੱਚ ਇੱਕ ਦੋਸਤ ਦੇ ਸੁਝਾਅ ਦੇਣ ਤੋਂ ਬਾਅਦ ਮੈਂ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਸ੍ਰੀ ਸਾਹਿਬ ਪੱਗ/ਪਟਕਾ ਹੇਠ ਬੰਨ੍ਹਣ ਦੀ ਇਜਾਜ਼ਤ ਦਿੱਤੀ। ਉਸ ਤੋਂ ਬਾਅਦ ਮੈਂ ਹਰ ਮੈਚ ਵਿੱਚ ਆਪਣੇ ਪਟਕੇ ਹੇਠਾਂ ਸ੍ਰੀ ਸਾਹਿਬ ਬੰਨ੍ਹ ਕੇ ਖੇਡਦਾ ਹਾਂ।"

ਸਿਮਰਨਜੀਤ ਦੇ ਮਾਤਾ ਸੁਖਦੇਵ ਕੌਰ ਕਹਿੰਦੇ ਹਨ, "ਸਿਮਰਨਜੀਤ ਪੂਰੀ ਰਹਿਤ ਮਰਿਆਦਾ ਨਾਲ ਯੂਏਈ ਦੀ ਕ੍ਰਿਕਟ ਟੀਮ ਲਈ ਖੇਡ ਰਿਹਾ ਹੈ ਅਤੇ ਸਿੱਖੀ ਸਿਧਾਂਤਾਂ ਨੂੰ ਨਹੀਂ ਭੁੱਲਿਆ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।"

‘ਯੂਏਈ ਵਿੱਚ ਸਾਥੀ ਖਿਡਾਰੀਆਂ ਵੱਲੋਂ ਕਦੇ ਨਹੀਂ ਹੋਇਆ ਵਿਤਕਰਾ’

ਸਿਮਰਨਜੀਤ ਸਿੰਘ ਦਾਅਵਾ ਕਰਦੇ ਹਨ ਕਿ ਸਾਬਤ ਸੂਰਤ ਸਿੱਖ ਹੋਣ ਕਰ ਕੇ ਉਨ੍ਹਾਂ ਨੂੰ ਕਦੇ ਯੂਏਈ ਵਿੱਚ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ।

"ਮੇਰੇ ਸਾਥੀ ਖਿਡਾਰੀ, ਉੱਥੋਂ ਦੀ ਸਰਕਾਰ, ਪ੍ਰਸ਼ਾਸਨ, ਅਧਿਕਾਰੀ ਹਰ ਕੋਈ ਮੇਰੇ ਨਾਲ ਪਿਆਰ ਨਾਲ ਰਹਿੰਦਾ ਹੈ ਤੇ ਹਰ ਸਮੇਂ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਸਾਬਤ ਸੂਰਤ ਸਿੱਖ ਹੋਣ ਕਾਰਨ ਮੇਰੇ ਖਾਣ-ਪੀਣ, ਰਹਿਣ-ਸਹਿਣ ਦਾ ਸਾਰਾ ਧਿਆਨ ਬਾਕੀ ਟੀਮ ਮੈਂਬਰ ਵੀ ਰੱਖਦੇ ਹਨ।"

"ਪੁੱਤ ਦੇ ਮੈਚ ਦੇਖਣ ਲਈ ਸਾਰੀ ਰਾਤ ਜਾਗਦੀ ਹਾਂ"

ਸਿਮਰਨਜੀਤ ਸਿੰਘ ਦੇ ਮਾਤਾ-ਪਿਤਾ
ਤਸਵੀਰ ਕੈਪਸ਼ਨ, ਮਾਪਿਆਂ ਨੂੰ ਆਪਣੇ ਪੁੱਤ ਦੀ ਪ੍ਰਾਪਤੀ ਉਪਰ ਮਾਣ ਹੈ

ਸਿਮਰਨਜੀਤ ਸਿੰਘ ਦੇ ਮਾਤਾ ਸੁਖਦੇਵ ਕੌਰ ਭਾਵੁਕ ਹੁੰਦਿਆਂ ਕਹਿੰਦੇ ਹਨ, "ਹੁਣ ਮੈਂ ਸੋਚਦੀ ਹਾਂ ਕਿ ਜਿੰਨੀ ਮਿਹਨਤ ਅਸੀਂ ਆਪਣੇ ਪੁੱਤ ਲਈ ਕੀਤੀ, ਉਸਦਾ ਫਲ ਹੁਣ ਮਿਲ ਰਿਹਾ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕਿ ਪੁੱਤ ਨੂੰ ਦੂਰ ਭੇਜ ਰਹੀ ਹਾਂ, ਪਰ ਹੁਣ ਜਦੋਂ ਉਸ ਦੇ ਮੈਚ ਚੱਲਦੇ ਹਨ ਤਾਂ ਮੈਂ ਉਸ ਨੂੰ ਦੇਖਣ ਲਈ ਸਾਰੀ ਰਾਤ ਜਾਗਦੀ ਰਹਿੰਦੀ ਹਾਂ। ਜਦੋਂ ਉਹ ਵਿਕਟ ਲੈਂਦਾ ਤਾਂ ਮੈਂ ਬੇਹੱਦ ਖੁਸ਼ ਹੁੰਦੀ ਹਾਂ। ਹੁਣ ਤੱਕ ਉਹ ਜਿੰਨੇ ਵੀ ਮੈਚ ਖੇਡਿਆ, ਮੈਂ ਹਰ ਮੈਚ ਦੇਖਿਆ ਹੈ।"

ਯੁਵਰਾਜ ਸਿੰਘ ਰਹੇ ਰੋਲ ਮਾਡਲ

ਸਿਮਰਨਜੀਤ ਦੱਸਦੇ ਹਨ, "ਮੈਂ ਸ਼ੁਰੂ ਤੋਂ ਹੀ ਯੁਵਰਾਜ ਸਿੰਘ ਨੂੰ ਦੇਖਦਾ ਸੀ, ਉਨ੍ਹਾਂ ਦਾ ਹੀ ਫੈਨ ਸੀ। ਉਨ੍ਹਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਪਰ ਹੌਲੀ-ਹੌਲੀ ਮੈਨੂੰ ਸਮਝ ਆਉਣ ਲੱਗ ਗਿਆ ਸੀ ਕਿ ਮੈਂ ਗੇਂਦਬਾਜ਼ੀ ਵਿੱਚ ਚੰਗਾ ਹਾਂ। ਇਸ ਕਰਕੇ ਮੈਂ ਸਪਿੰਨਰ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਪ੍ਰੈਕਟਿਸ ਵੀ ਉਸੇ ਦਿਸ਼ਾ ਵਿੱਚ ਕੀਤੀ।”

“ਨਿਊਜ਼ੀਲੈਂਡ ਦੇ ਡੈਨੀਅਲ ਵਿਟੋਰੀ, ਸ੍ਰੀਲੰਕਾ ਦੇ ਰੰਗਨਾ ਹੈਰਾਥ ਦੀ ਗੇਂਦਬਾਜ਼ੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਤੇ ਉਨ੍ਹਾਂ ਨੂੰ ਹੀ ਮੈਂ ਆਪਣਾ ਆਦਰਸ਼ ਮੰਨਦਾ ਹਾਂ।"

‘ਮੇਰਾ ਟੀਚਾ ਯੂਏਈ ਨੂੰ ਜਿਤਾਉਣਾ’

ਸਿਮਰਨਜੀਤ ਸਿੰਘ

ਤਸਵੀਰ ਸਰੋਤ, Simranjeet Singh

ਸਿਮਰਨਜੀਤ ਸਿੰਘ ਕਹਿੰਦੇ ਹਨ, "ਮੈਂ ਭਾਰਤੀ ਹਾਂ ਪਰ ਕ੍ਰਿਕਟ ਖੇਡਣ ਦਾ ਮੌਕਾ ਮੈਨੂੰ ਯੂਏਈ ਨੇ ਦਿੱਤਾ ਹੈ। ਇਸ ਲਈ ਜਦੋਂ ਵੀ ਮੈਂ ਮੈਦਾਨ ਵਿੱਚ ਹੋਵਾਂਗਾ ਤਾਂ ਮੇਰਾ ਮਕਸਦ ਆਪਣੀ ਟੀਮ ਨੂੰ ਜਿਤਾਉਣਾ ਹੀ ਹੋਵੇਗਾ। ਬੇਸ਼ੱਕ ਸਾਹਮਣੇ ਭਾਰਤੀ ਟੀਮ ਹੋਵੇਗੀ ਪਰ ਮੈਂ ਆਪਣੀ ਟੀਮ ਨੂੰ ਜਿਤਾਉਣ ਲਈ ਹੀ ਮੈਦਾਨ ਵਿੱਚ ਉਤਰਾਂਗਾ।"

"ਭਾਰਤ ਵਿੱਚ ਕ੍ਰਿਕਟ ਖੇਡਣਾ ਸੌਖਾ ਨਹੀਂ ਹੈ, ਇੱਥੇ ਮੁਕਾਬਲਾ ਬਹੁਤ ਸਖ਼ਤ ਹੈ। ਕੌਮਾਂਤਰੀ ਟੀਮ ਵਿੱਚ ਖੇਡਣ ਲਈ ਤੁਹਾਨੂੰ ਬਹੁਤ ਇੰਤਜ਼ਾਰ ਕਰਨਾ ਪੈਂਦਾ ਹੈ। ਪਰ ਮੈਂ ਸੋਚਦਾ ਹਾਂ ਕਿ ਮੇਰੇ ਲਈ ਪਰਮਾਤਮਾ ਨੇ ਇਹੀ ਰਸਤਾ ਚੁਣਿਆ ਸੀ। ਮੈਂ ਖੁਸ਼ ਹਾਂ ਕਿ ਮੈਂ ਕ੍ਰਿਕਟ ਖੇਡ ਰਿਹਾ ਹਾਂ, ਕ੍ਰਿਕਟ ਹੀ ਮੇਰਾ ਸੁਪਨਾ ਸੀ। ਦੇਸ਼ ਭਾਵੇਂ ਕੋਈ ਵੀ ਹੋਵੇ ਖਿਡਾਰੀ ਨੂੰ ਸਭ ਤੋਂ ਪਿਆਰੀ ਆਪਣੀ ਖੇਡ ਹੁੰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)