ਇਸ ਸ਼ਹਿਰ ਵਿੱਚ ਕ੍ਰਿਕਟ ਖੇਡਣ 'ਤੇ ਪਾਬੰਦੀ ਕਿਉਂ ਲਗਾ ਦਿੱਤੀ ਗਈ ਹੈ

- ਲੇਖਕ, ਸੋਫੀਆ ਬੇਟਿਜ਼ਾ
- ਰੋਲ, ਬੀਬੀਸੀ ਪੱਤਰਕਾਰ
ਇਟਲੀ ਦੇ ਸ਼ਹਿਰ ਮੋਨਫਾਲਕੋਨ ਦੇ ਬਾਹਰੀ ਹਿੱਸੇ ਵਿੱਚ ਬੰਗਲਾਦੇਸ਼ ਦੇ ਕੁਝ ਮੁੰਡੇ ਤੇਜ਼ ਧੁੱਪ 'ਚ ਛੋਟੀ ਪਿੱਚ 'ਤੇ ਕ੍ਰਿਕਟ ਦਾ ਅਭਿਆਸ ਕਰਦੇ ਹਨ।
ਇਹ ਥਾਂ ਸ਼ਹਿਰ ਤੋਂ ਦੂਰ ਅਤੇ ਟ੍ਰਾਈਸਟ ਏਅਰਪੋਰਟ ਦੇ ਨੇੜੇ ਹੈ।
ਇਹ ਲੋਕ ਸ਼ਹਿਰ ਤੋਂ ਦੂਰ ਕ੍ਰਿਕਟ ਦਾ ਅਭਿਆਸ ਕਿਉਂ ਕਰ ਰਹੇ ਹਨ? ਇਸ ਦਾ ਜਵਾਬ ਇਹ ਹੈ ਕਿ ਸ਼ਹਿਰ ਦੇ ਮੇਅਰ ਨੇ ਸ਼ਹਿਰ ਵਿੱਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਜੇਕਰ ਕਿਸੇ ਨੇ ਪਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ 100 ਯੂਰੋ ਯਾਨੀ ਸਾਢੇ ਨੌਂ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਸ ਕ੍ਰਿਕਟ ਟੀਮ ਦੇ ਕਪਤਾਨ ਮਿਯਾਹ ਬੱਪੀ ਨੇ ਕਿਹਾ, "ਜੇ ਅਸੀਂ ਸ਼ਹਿਰ ਦੇ ਅੰਦਰ ਖੇਡ ਰਹੇ ਹੁੰਦੇ ਤਾਂ ਪੁਲਿਸ ਹੁਣ ਤੱਕ ਸਾਨੂੰ ਰੋਕਣ ਲਈ ਆ ਜਾਂਦੀ।"

ਮਿਯਾਹ ਬੱਪੀ ਦੱਸਦੇ ਹਨ ਕਿ ਬੰਗਲਾਦੇਸ਼ ਦੇ ਕੁਝ ਨੌਜਵਾਨ ਸਥਾਨਕ ਪਾਰਕ ਵਿੱਚ ਕ੍ਰਿਕਟ ਖੇਡਦੇ ਫੜੇ ਗਏ ਸਨ। ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਕੁਝ ਕੈਮਰਿਆਂ ਦੁਆਰਾ ਰਿਕਾਰਡ ਕੀਤੇ ਜਾ ਰਹੇ ਹਨ।
ਇਸ ਖੇਡ ਨੂੰ ਪੁਲਿਸ ਨੇ ਰੋਕਿਆ ਅਤੇ ਜੁਰਮਾਨਾ ਵੀ ਲਗਾਇਆ। ਬੱਪੀ ਨੇ ਕਿਹਾ, ''ਇਹ ਲੋਕ ਕਹਿੰਦੇ ਹਨ ਕਿ ਕ੍ਰਿਕਟ ਇਟਲੀ ਦੀ ਖੇਡ ਨਹੀਂ ਹੈ। ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਪਰਵਾਸੀ ਹਾਂ।
ਕ੍ਰਿਕਟ 'ਤੇ ਪਾਬੰਦੀ ਨੇ ਮੋਨਫਾਲਕੋਨ ਸ਼ਹਿਰ ਵਿੱਚ ਪਣਪ ਰਹੇ ਡੂੰਘੇ ਤਣਾਅ ਨੂੰ ਉਜਾਗਰ ਕੀਤਾ ਹੈ। ਇਹ ਤਣਾਅ ਵਧਦਾ ਜਾ ਰਿਹਾ ਹੈ।
ਸ਼ਹਿਰ ਵਿੱਚ ਵੱਸਦੀ ਬੰਗਲਾਦੇਸ਼ੀ ਮੁਸਲਮਾਨਾਂ ਦੀ ਵੱਡੀ ਗਿਣਤੀ

ਤਸਵੀਰ ਸਰੋਤ, Getty Images
ਇਸ ਸ਼ਹਿਰ ਦੀ ਆਬਾਦੀ 30 ਹਜ਼ਾਰ ਦੇ ਕਰੀਬ ਹੈ। ਇੱਕ ਤਿਹਾਈ ਤੋਂ ਵੱਧ ਲੋਕ ਪਰਵਾਸੀ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਬੰਗਲਾਦੇਸ਼ੀ ਮੁਸਲਮਾਨ ਹਨ। ਇਹ ਬੰਗਲਾਦੇਸ਼ੀ ਮੁਸਲਮਾਨ 1990 ਦੇ ਦਹਾਕੇ ਤੋਂ ਇੱਥੇ ਆਉਣ ਲੱਗੇ ਸਨ।
ਸ਼ਹਿਰ ਦੀ ਸੱਜੇ-ਪੱਖੀ ਮੇਅਰ ਐਨਾ ਮਾਰੀਆ ਦਾ ਕਹਿਣਾ ਹੈ ਕਿ ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਇੱਥੋਂ ਦੀ ਸੱਭਿਆਚਾਰਕ ਪਛਾਣ ਖ਼ਤਰੇ ਵਿੱਚ ਹੈ।
ਮੇਅਰ ਦੀ ਚੋਣ ਪ੍ਰਚਾਰ ਦੌਰਾਨ ਇਮੀਗ੍ਰੇਸ਼ਨ ਵਿਰੋਧੀ ਰੁਖ਼ ਅਪਣਾ ਕੇ ਹੀ ਮਾਰੀਆ ਨੇ ਚੋਣਾਂ ਜਿੱਤੀਆਂ ਸਨ। ਉਹ ਇਸ ਨੂੰ ਆਪਣੇ ਸ਼ਹਿਰ ਅਤੇ ਈਸਾਈ ਕਦਰਾਂ-ਕੀਮਤਾਂ ਦੀ ਰਾਖੀ ਲਈ 'ਮਿਸ਼ਨ' ਦੱਸਦੀ ਹੈ।
ਮਾਰੀਆ ਕਹਿੰਦੇ ਹਨ, “ਸਾਡਾ ਇਤਿਹਾਸ ਮਿਟਾਇਆ ਜਾ ਰਿਹਾ ਹੈ, ਇੰਝ ਲੱਗਦਾ ਹੈ ਜਿਵੇਂ ਕੋਈ ਫਰਕ ਨਹੀਂ ਪੈਂਦਾ। ਸਭ ਕੁਝ ਬਦਤਰ ਲਈ ਬਦਲ ਰਿਹਾ ਹੈ।"
ਮੋਨਫਾਲਕੋਨ ਵਿੱਚ ਬੰਗਲਾਦੇਸ਼ੀਆਂ ਦਾ ਕਿੰਨਾ ਪ੍ਰਭਾਵ ਹੈ?

ਇਸ ਸ਼ਹਿਰ ਵਿੱਚ ਇਟਲੀ ਦੇ ਨਾਗਰਿਕ ਪੱਛਮੀ ਕੱਪੜਿਆਂ ਵਿੱਚ ਅਤੇ ਬੰਗਲਾਦੇਸ਼ੀ ਸਲਵਾਰ ਕਮੀਜ਼ ਅਤੇ ਹਿਜਾਬ ਵਿੱਚ ਨਜ਼ਰ ਆਉਂਦੇ ਹਨ।
ਸ਼ਹਿਰ ਵਿੱਚ ਬੰਗਲਾਦੇਸ਼ੀ ਰੈਸਟੋਰੈਂਟ ਅਤੇ ਹਲਾਲ ਦੀਆਂ ਦੁਕਾਨਾਂ ਹਨ। ਇੱਥੇ ਸਾਈਕਲਿੰਗ ਰੂਟ ਹਨ, ਜੋ ਜ਼ਿਆਦਾਤਰ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕ ਵਰਤਦੇ ਹਨ।
ਮੇਅਰ ਮਾਰੀਆ ਨੇ ਸ਼ਹਿਰ ਦੇ ਉਸ ਹਿੱਸੇ ਤੋਂ ਬੈਂਚ ਹਟਾਏ ਜਿੱਥੇ ਜ਼ਿਆਦਾਤਰ ਬੰਗਲਾਦੇਸ਼ੀ ਬੈਠਦੇ ਸਨ।
ਮਾਰੀਆ ਨੇ ਮੁਸਲਿਮ ਔਰਤਾਂ ਦੇ ਕੱਪੜੇ ਪਾ ਕੇ ਬੀਚ 'ਤੇ ਜਾਣ ਦੇ ਖਿਲਾਫ ਵੀ ਆਵਾਜ਼ ਉਠਾਈ।
ਉਨ੍ਹਾਂ ਕਿਹਾ, “ਇੱਥੇ ਇਸਲਾਮਿਕ ਕੱਟੜਵਾਦ ਦੀ ਇੱਕ ਬਹੁਤ ਮਜ਼ਬੂਤ ਪ੍ਰਕਿਰਿਆ ਹੈ।”
"ਇਹ ਇੱਕ ਅਜਿਹਾ ਸੱਭਿਆਚਾਰ ਹੈ ਜਿਸ ਵਿੱਚ ਮਰਦ ਔਰਤਾਂ ਨਾਲ ਬੁਰਾ ਸਲੂਕ ਕਰਦੇ ਹਨ।"
ਮੇਅਰ ਨੂੰ ਮੁਸਲਮਾਨਾਂ 'ਤੇ ਸਖਤ ਰੁਖ ਕਾਰਨ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਇਸ ਕਾਰਨ ਉਹ ਹੁਣ 24 ਘੰਟੇ ਪੁਲਿਸ ਦੀ ਸੁਰੱਖਿਆ ਹੇਠ ਰਹਿੰਦੇ ਹਨ।
ਮੀਆਂ ਬੱਪੀ ਅਤੇ ਉਸ ਦੇ ਸਾਥੀ ਕ੍ਰਿਕਟਰ ਨੌਕਰੀ ਲਈ ਇਟਲੀ ਆਏ ਸਨ। ਇਹ ਲੋਕ ਜਹਾਜ਼ ਬਣਾਉਣ ਵਾਲੀ ਕੰਪਨੀ ਫਿਨਕੈਨਟੀਏਰੀ ਵਿੱਚ ਕੰਮ ਕਰਦੇ ਹਨ।
ਇਹ ਕੰਪਨੀ ਯੂਰਪ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸ਼ਿਪਿੰਗ ਕੰਪਨੀਆਂ ਵਿੱਚੋਂ ਇੱਕ ਹੈ।
ਇਹ ਕੰਪਨੀ ਵੀ ਮੇਅਰ ਮਾਰੀਆ ਦੇ ਨਿਸ਼ਾਨੇ 'ਤੇ ਹੈ। ਉਹ ਕਹਿੰਦੀ ਹੈ- ਕੰਪਨੀ ਇੰਨੀ ਘੱਟ ਤਨਖਾਹ ਦਿੰਦੀ ਹੈ ਕਿ ਜਿਸ ਤੇ ਕੋਈ ਇਟਾਲੀਅਨ ਕੰਮ ਨਹੀਂ ਕਰੇਗਾ।
ਕੰਪਨੀ ਦੇ ਡਾਇਰੈਕਟਰ ਕ੍ਰਿਸਟੀਆਨੋ ਬਜ਼ਾਰਾ ਦਾ ਕਹਿਣਾ ਹੈ ਕਿ ਜੋ ਪੈਸਾ ਦਿੱਤਾ ਜਾਂਦਾ ਹੈ ਉਹ ਇਟਲੀ ਦੇ ਨਿਯਮਾਂ ਅਨੁਸਾਰ ਹੈ।
ਉਹਨਾਂ ਕਿਹਾ, “ਸਾਨੂੰ ਸਿੱਖਿਅਤ ਮੁਲਾਜ਼ਮ ਨਹੀਂ ਮਿਲ ਰਹੇ ਹਨ। ਯੂਰਪ ਵਿੱਚ ਅਜਿਹੇ ਨੌਜਵਾਨਾਂ ਨੂੰ ਲੱਭਣਾ ਮੁਸ਼ਕਲ ਹੈ ਜੋ ਸ਼ਿਪਯਾਰਡਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਇਟਲੀ ਦੀ ਘੱਟਦੀ ਅਬਾਦੀ

ਤਸਵੀਰ ਸਰੋਤ, Getty Images
ਇਟਲੀ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਘੱਟ ਜਨਮ ਦਰ ਹੈ। ਇਥੇ 2023 ਵਿੱਚ ਸਿਰਫ਼ ਤਿੰਨ ਲੱਖ 79 ਹਜ਼ਾਰ ਬੱਚੇ ਪੈਦਾ ਹੋਏ ਸਨ।
ਦੇਸ਼ ਵਿੱਚ ਮਜ਼ਦੂਰਾਂ ਦੀ ਗਿਣਤੀ ਵੀ ਘੱਟ ਹੈ।
ਖੋਜਕਰਤਾਵਾਂ ਦਾ ਅਨੁਮਾਨ ਹੈ ਕਿ 2050 ਤੱਕ ਇਟਲੀ ਨੂੰ ਹਰ ਸਾਲ 2 ਲੱਖ 80 ਹਜ਼ਾਰ ਕਾਮਿਆਂ ਦੀ ਲੋੜ ਪਵੇਗੀ।
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਪਹਿਲਾਂ ਕਹਿਣਾ ਸੀ ਕਿ ਉਹ ਇਮੀਗ੍ਰੇਸ਼ਨ ਨੂੰ ਘੱਟ ਕਰਨਾ ਚਾਹੁੰਦੀ ਹੈ। ਇਸ ਦੇ ਬਾਵਜੂਦ ਗੈਰ ਯੂਰਪੀ ਕਾਮਿਆਂ ਨੂੰ ਪਰਮਿਟ ਦੇਣ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਮੇਅਰ ਮਾਰੀਆ ਦਾ ਕਹਿਣਾ ਹੈ, "ਬੰਗਲਾਦੇਸ਼ ਦੇ ਮੁਸਲਮਾਨਾਂ ਦਾ ਜੀਵਨ ਢੰਗ ਅਤੇ ਇਟਲੀ ਵਿੱਚ ਪੈਦਾ ਹੋਏ ਲੋਕਾਂ ਦਾ ਜੀਵਨ ਢੰਗ ਬਿਲਕੁਲ ਵੱਖਰਾ ਹੈ।"
ਇਸ ਸ਼ਹਿਰ ਵਿੱਚ ਉਸ ਸਮੇਂ ਤਣਾਅ ਕਾਫੀ ਵੱਧ ਗਿਆ ਸੀ ਜਦੋਂ ਮੇਅਰ ਨੇ ਸ਼ਹਿਰ ਦੇ ਦੋ ਇਸਲਾਮੀ ਕੇਂਦਰਾਂ ਵਿੱਚ ਇਕੱਠੇ ਨਮਾਜ਼ ਅਦਾ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ।
ਮਾਰੀਆ ਕਹਿੰਦੀ ਹੈ, “ਸ਼ਹਿਰ ਦੇ ਲੋਕ ਮੈਨੂੰ ਹੈਰਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਭੇਜਦੇ ਹਨ। ਦੋ ਇਸਲਾਮੀ ਕੇਂਦਰਾਂ 'ਤੇ ਵੱਡੀ ਗਿਣਤੀ 'ਚ ਲੋਕ ਨਮਾਜ਼ ਅਦਾ ਕਰ ਰਹੇ ਹਨ। ਇੱਕ ਇਮਾਰਤ ਵਿੱਚ 1900 ਲੋਕ...''
ਇਟਲੀ ਅਤੇ ਇਸਲਾਮ

ਮੇਅਰ ਮਾਰੀਆ ਦਾ ਕਹਿਣਾ ਹੈ, "ਉਹ ਦਿਨ ਵਿੱਚ ਪੰਜ ਵਾਰ ਉੱਚੀ ਆਵਾਜ਼ ਵਿੱਚ ਨਮਾਜ਼ ਪੜ੍ਹਦੇ ਹਨ।"
ਮਾਰੀਆ ਦਾ ਕਹਿਣਾ ਹੈ ਕਿ ਇਹ ਸਥਾਨਕ ਲੋਕਾਂ ਨਾਲ ਬੇਇਨਸਾਫੀ ਹੈ।
ਆਪਣੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਬਚਾਅ ਕਰਦਿਆਂ ਉਹ ਕਹਿੰਦੇ ਹਨ - ਸਭ ਕੁਝ ਨਿਯਮਾਂ ਅਨੁਸਾਰ ਹੋਇਆ। ਇਹ ਇਸਲਾਮੀ ਕੇਂਦਰ ਧਾਰਮਿਕ ਪੂਜਾ ਲਈ ਨਹੀਂ ਬਣਾਏ ਗਏ ਹਨ।
"ਪ੍ਰਾਰਥਨਾ ਲਈ ਜਗ੍ਹਾ ਪ੍ਰਦਾਨ ਕਰਨਾ ਮੇਰਾ ਕੰਮ ਨਹੀਂ ਹੈ।"
ਇਤਾਲਵੀ ਕਾਨੂੰਨ ਦੇ ਤਹਿਤ ਇਸਲਾਮ ਨੂੰ ਅਧਿਕਾਰਤ ਦਰਜਾ ਨਹੀਂ ਹੈ। ਇਸ ਕਾਰਨ ਪੂਜਾ ਸਥਾਨ ਬਣਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਇਟਲੀ ਵਿਚ ਕੁੱਲ ਅੱਠ ਮਸਜਿਦਾਂ ਹਨ। ਦੇਸ਼ ਵਿੱਚ ਲਗਭਗ 20 ਲੱਖ ਮੁਸਲਮਾਨ ਰਹਿੰਦੇ ਹਨ।
ਇਟਲੀ ਦੇ ਮੁਕਾਬਲੇ ਫਰਾਂਸ ਵਿੱਚ ਦੋ ਹਜ਼ਾਰ ਤੋਂ ਵੱਧ ਮਸਜਿਦਾਂ ਹਨ।
ਮੋਨਫਾਲਕੋਨ 'ਚ ਰਹਿਣ ਵਾਲੇ ਬੰਗਲਾਦੇਸ਼ੀਆਂ ਦਾ ਕਹਿਣਾ ਹੈ ਕਿ ਮੇਅਰ ਦੇ ਇਸ ਫੈਸਲੇ ਨਾਲ ਮੁਸਲਿਮ ਭਾਈਚਾਰੇ 'ਤੇ ਕਾਫੀ ਅਸਰ ਪਿਆ ਹੈ।
19 ਸਾਲਾ ਮੇਹੇਲੀ ਕਹਿੰਦੀ ਹੈ, "ਮੇਅਰ ਸੋਚਦੀ ਹੈ ਕਿ ਬੰਗਾਲੀ ਇਟਲੀ ਦਾ ਇਸਲਾਮੀਕਰਨ ਕਰ ਰਹੇ ਹਨ। ਪਰ ਅਸੀਂ ਸਿਰਫ ਆਪਣੇ ਕੰਮ ਵਲ ਧਿਆਨ ਦਿੰਦੇ ਹਾਂ। "
ਮੇਹਲੀ ਢਾਕਾ ਦੀ ਰਹਿਣ ਵਾਲੀ ਹੈ ਅਤੇ ਉਹ ਪੱਛਮੀ ਕੱਪੜੇ ਪਾਉਂਦੀ ਹੈ। ਮੇਹੇਲੀ ਚੰਗੀ ਇਤਾਲਵੀ ਬੋਲਦੀ ਹੈ।
ਉਹ ਦੱਸਦੀ ਹੈ ਕਿ ਉਸ ਦੀ ਬੰਗਾਲੀ ਪਛਾਣ ਕਾਰਨ ਕਈ ਵਾਰ ਉਸ ਨੂੰ ਸੜਕ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ।
ਮੇਹਲੀ ਨੇ ਕਿਹਾ, “ਮੈਂ ਜਲਦੀ ਤੋਂ ਜਲਦੀ ਇਹ ਸ਼ਹਿਰ ਛੱਡ ਜਾਵਾਂਗਾ।”
ਜੇ ਬੰਗਲਾਦੇਸ਼ੀ ਚਲੇ ਗਏ ਤਾਂ ਕੀ ਹੋਵੇਗਾ?

ਤਸਵੀਰ ਸਰੋਤ, Getty Images
ਮਿਯਾਹ ਬੱਪੀ ਨੂੰ ਉਮੀਦ ਹੈ ਕਿ ਇਸ ਸਾਲ ਉਸ ਨੂੰ ਇਟਾਲੀਅਨ ਪਾਸਪੋਰਟ ਮਿਲ ਜਾਵੇਗਾ। ਪਰ ਉਹ ਨਹੀਂ ਜਾਣਦੇ ਕਿ ਉਹ ਇਸ ਸ਼ਹਿਰ ਵਿਚ ਰਹਿਣਗੇ ਜਾਂ ਨਹੀਂ।
ਬੱਪੀ ਨੇ ਕਿਹਾ, “ਅਸੀਂ ਕੋਈ ਮੁਸੀਬਤ ਦਾ ਕਾਰਨ ਨਹੀਂ ਬਣਦੇ। ਅਸੀਂ ਟੈਕਸ ਅਦਾ ਕਰਦੇ ਹਾਂ। ਪਰ ਇੱਥੋਂ ਦੇ ਲੋਕ ਸਾਨੂੰ ਇੱਥੇ ਰਹਿਣ ਨਹੀਂ ਦੇਣਾ ਚਾਹੁੰਦੇ।”
ਮੇਅਰ ਬੰਗਲਾਦੇਸ਼ੀਆਂ ਨੂੰ ਇਟਾਲੀਅਨਾਂ ਨਾਲੋਂ ਵੱਖਰਾ ਦੱਸ ਸਕਦੀ ਹੈ, ਪਰ ਬੱਪੀ ਇਸ ਦੇ ਉਲਟ ਇਸ਼ਾਰਾ ਕਰਦਾ ਹੈ।
ਉਹ ਕਹਿੰਦੇ ਹਨ, “ਜੇਕਰ ਅਸੀਂ ਸਾਰੇ ਆਪਣੇ ਦੇਸ਼ ਵਾਪਸ ਚਲੇ ਗਏ ਤਾਂ ਜਹਾਜ਼ ਬਣਾਉਣ ਵਾਲੀ ਕੰਪਨੀ ਨੂੰ ਇੱਕ ਜਹਾਜ਼ ਬਣਾਉਣ ਵਿਚ ਪੰਜ ਸਾਲ ਲੱਗ ਜਾਣਗੇ।”
ਪਿਛਲੇ ਮਹੀਨਿਆਂ ਵਿੱਚ, ਇੱਕ ਸਥਾਨਕ ਅਦਾਲਤ ਨੇ ਦੋ ਇਸਲਾਮੀ ਕੇਂਦਰਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਇਕੱਠੇ ਨਮਾਜ਼ ਅਦਾ ਕਰਨ 'ਤੇ ਲੱਗੀ ਪਾਬੰਦੀ ਹਟਾ ਦਿੱਤੀ।
ਪਰ ਮੇਅਰ ਮਾਰੀਆ ਦੀ ਮੁਹਿੰਮ ਜਾਰੀ ਹੈ। ਉਹ ਇਸ ਨੂੰ "ਯੂਰਪ ਦੇ ਇਸਲਾਮੀਕਰਨ" ਦੇ ਵਿਰੁੱਧ ਇੱਕ ਮੁਹਿੰਮ ਦੱਸਦੀ ਹੈ।
ਮਾਰੀਆ ਹੁਣ ਯੂਰਪੀ ਸੰਸਦ ਲਈ ਚੁਣੀ ਗਈ ਹੈ। ਜਲਦੀ ਹੀ ਉਹ ਸੰਸਦ ਵਿੱਚ ਇਸ ਮੁਦੇ ਤੇ ਆਪਣੀ ਆਵਾਜ਼ ਬੁਲੰਦ ਕਰੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












