ਪਾਕਿਸਤਾਨ ਵਿੱਚ ਦੁਨੀਆਂ ਦੇ ਸਭ ਤੋਂ ਜ਼ਹਿਰੀਲੇ ਤਰਲ ਦੀ ਤਲਾਸ਼ ਕਿਉਂ ਹੋ ਰਹੀ ਹੈ

ਬਿੱਛੂ
ਤਸਵੀਰ ਕੈਪਸ਼ਨ, ਕਾਲੇ ਅਤੇ ਮੋਟੀ ਪੂਛ ਵਾਲੇ ਬਿਛੂਆਂ ਦਾ ਜ਼ਹਿਰ ਬਹੁਤ ਕੀਮਤੀ ਮੰਨਿਆ ਜਾਂਦਾ ਹੈ
    • ਲੇਖਕ, ਉਮਰ ਦਰਾਜ਼ ਨੰਗਿਆਨਾ
    • ਰੋਲ, ਬੀਬੀਸੀ ਉਰਦੂ

ਜਿਵੇਂ ਹੀ ਮੈਂ ਵੈਨ ਤੋਂ ਬਾਹਰ ਆਇਆ, ਹਨੇਰੇ ਦੀ ਚਾਦਰ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ। ਹਾਲਾਂਕਿ, ਇਸ ਹਨੇਰੇ ਵਿੱਚ ਮੈਂ ਪਹਾੜ ਦੀ ਸ਼ੁੱਧ ਤਾਜ਼ੀ ਹਵਾ ਨੂੰ ਮਹਿਸੂਸ ਕਰ ਸਕਦਾ ਸੀ।

ਤੁਰਨ ਵੇਲੇ ਮੇਰੇ ਪੈਰਾਂ ਹੇਠਲੀ ਜ਼ਮੀਨ ਕਦੇ ਪੱਥਰੀਲੀ ਤੇ ਕਦੇ ਨਰਮ ਮਹਿਸੂਸ ਹੁੰਦੀ ਰਹੀ। ਸਾਵਧਾਨੀ ਨਾਲ ਚੱਲਦੇ ਹੋਏ, ਮੇਰੇ ਅੱਗੇ-ਅੱਗੇ ਚੱਲ ਰਹੇ ਤਿੰਨ ਜਣਿਆਂ ਨੇ ਆਪਣੀਆਂ ਟਾਰਚਾਂ ਚਲਾ ਲਈਆਂ ਸਨ।

ਉਨ੍ਹਾਂ ਦੀ ਅਲਟਰਾਵਾਇਲਟ ਰੌਸ਼ਨੀ ਚਾਰੇ ਪਾਸੇ ਫੈਲ ਗਈ। ਉਨ੍ਹਾਂ ਵਿੱਚੋਂ ਨਿਕਲੇ ਤਿੰਨ ਵੱਡੇ ਜਾਮਨੀ ਰਿੰਗਾਂ ਦੀ ਮਦਦ ਨਾਲ ਅਸੀਂ ਆਲੇ-ਦੁਆਲੇ ਦੀ ਬੰਜਰ ਜ਼ਮੀਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਅੱਗੇ ਚੱਲ ਰਹੇ ਤਿੰਨ ਵਿਅਕਤੀਆਂ ਵਿੱਚੋਂ ਹਰ ਇੱਕ ਦੇ ਹੱਥਾਂ ਵਿੱਚ ਵੱਡੇ ਚਿਮਟੇ ਹਨ।

ਗੋਡਿਆਂ ਤੱਕ ਬੂਟ ਅਤੇ ਲੰਬੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਪਹਿਨਣ ਵਾਲੇ ਇਹ ਲੋਕ ਅਲਟਰਾਵਾਇਲਟ ਰੌਸ਼ਨੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਨਗਲਾਸ ਪਹਿਨੇ ਹੋਏ ਹਨ।

ਦਰਅਸਲ, ਇਹ ਲਾਹੌਰ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਟੀਮ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਦੱਖਣੀ ਪਾਕਿਸਤਾਨ ਦੀ ਕੋਹ-ਏ-ਸੁਲੇਮਾਨ ਪਰਬਤ ਲੜੀ ਦੇ ਹੇਠਾਂ ਮੌਜੂਦ ਹਾਂ। ਇਹ ਸਥਾਨ ਤੌਂਸਾ ਸ਼ਹਿਰ ਦੇ ਨੇੜੇ ਸਥਿਤ ਹੈ।

ਬਿੱਛੂਆਂ ਅਤੇ ਜ਼ਹਿਰੀਲੇ ਸੱਪਾਂ ਦੀ ਭਾਲ ਦੇ ਲਿਹਾਜ਼ ਨਾਲ ਇਹ ਜਗ੍ਹਾ ਬਿਲਕੁਲ ਮੁਫੀਦ ਥਾਂ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਾਕਿਸਤਾਨ ਵਿੱਚ ਜ਼ਹਿਰੀਲੇ ਬਿੱਛੂਆਂ ਦੀ ਭਾਲ

ਹੌਲੀ-ਹੌਲੀ ਅੱਗੇ ਵਧਦੇ ਹੋਏ ਡਾਕਟਰ ਮੋਹਸਿਨ ਅਹਿਸਨ ਨੇ ਮੈਨੂੰ ਦੱਸਿਆ, "ਇੱਥੇ ਵੱਡੀ ਗਿਣਤੀ ਵਿੱਚ ਬਿੱਛੂ ਅਤੇ ਜ਼ਹਿਰੀਲੇ ਸੱਪ ਹਨ। ਇਸ ਲਈ ਅਸੀਂ ਇੱਥੇ ਆਏ ਹਾਂ।"

ਡਾਕਟਰ ਅਹਿਸਾਨ ਅਤੇ ਉਨ੍ਹਾਂ ਦੀ ਟੀਮ ਪਾਕਿਸਤਾਨ ਵਿੱਚ ਮਿਲਣ ਵਾਲੇ ਸਭ ਤੋਂ ਖ਼ਤਰਨਾਕ ਬਿੱਛੂਆਂ ਦੀ ਭਾਲ ਵਿੱਚ ਇੱਥੇ ਆਈ ਹੈ। ਇਨ੍ਹਾਂ ਬਿੱਛੂਆਂ ਦੇ ਜ਼ਹਿਰ ਦੀ ਵਰਤੋਂ ਮੈਡੀਕਲ ਖੋਜ 'ਚ ਕੀਤੀ ਜਾਵੇਗੀ।

ਇੱਥੇ ਬਿੱਛੂਆਂ ਅਤੇ ਸੱਪਾਂ ਦੀ ਖੋਜ ਕਰਨ ਵਾਲੇ ਜ਼ਿਆਦਾਤਰ ਲੋਕ ਕਾਫ਼ੀ ਤਜਰਬੇਕਾਰ ਹਨ। ਇਹ ਵਿਗਿਆਨੀ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਜ਼ਿੰਦਾ ਬਿਛੂਆਂ ਨੂੰ ਫੜ੍ਹ ਰਹੇ ਹਨ।

ਇਹ ਲੋਕ ਅੱਤ ਦੀ ਗਰਮੀ, ਸੱਪ ਦੇ ਡੰਗਣ ਦੇ ਖ਼ਤਰੇ ਜਾਂ ਕਾਲੇ ਮੋਟੀ ਪੂਛ ਵਾਲੇ ਬਿੱਛੂ ਦੇ ਡੰਗ ਦੇ ਡਰ ਦੇ ਬਾਵਜੂਦ ਇਹ ਕੰਮ ਕਰ ਰਹੇ ਹਨ।

ਦਰਅਸਲ, ਜ਼ਹਿਰੀਲੇ ਬਿੱਛੂ ਦੇ ਡੰਗ ਰਾਹੀਂ ਜ਼ਹਿਰ ਸਿੱਧਾ ਲੋਕਾਂ ਦੇ ਦਿਮਾਗ਼ੀ ਪ੍ਰਣਾਲੀ ਤੱਕ ਪਹੁੰਚਦਾ ਹੈ। ਇਸ ਕਾਰਨ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਅਧਰੰਗ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸਾਹ ਪ੍ਰਣਾਲੀ ਵੀ ਫੇਲ੍ਹ ਹੋ ਜਾਂਦੀ ਹੈ।

ਡਾਕਟਰ ਅਹਿਸਾਨ ਦੱਸਦੇ ਹਨ, "ਪਰ ਸਾਡੇ ਲਈ ਇਹ ਬਿੱਛੂਆਂ ਦੀ ਸਭ ਤੋਂ ਮਹੱਤਵਪੂਰਨ ਪ੍ਰਜਾਤੀ ਹੈ। ਇਸ ਦੇ ਜ਼ਹਿਰ ਦੀ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ।"

ਉਹ ਕਹਿੰਦੇ ਹਨ, “ਚੰਨ ਦੀ ਰੌਸ਼ਨੀ ਨਾ ਹੋਣਾ ਇਨ੍ਹਾਂ ਬਿੱਛੂਆਂ ਨੂੰ ਫੜ੍ਹਨ ਲਈ ਆਦਰਸ਼ ਸਥਿਤੀ ਹੁੰਦੀ ਹੈ।”

ਸੂਰਜ ਡੁੱਬਣ ਤੋਂ ਬਾਅਦ, ਇਹ ਬਿੱਛੂ ਆਪਣੇ ਬਿੱਲਾਂ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਤਿੰਨ ਤੋਂ ਚਾਰ ਘੰਟਿਆਂ ਤੱਕ ਕੀੜੇ-ਮਕੌੜੇ ਅਤੇ ਹੋਰ ਛੋਟੀਆਂ ਚੀਜ਼ਾਂ ਦਾ ਸ਼ਿਕਾਰ ਕਰਦੇ ਹਨ।

ਬਿੱਛੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨੀਵਰਸਿਟੀ ਦੀ ਟੀਮ ਪਾਕਿਸਤਾਨ ਵਿੱਚ ਜ਼ਹਿਰੀਲੇ ਬਿੱਛੂਆਂ ਦੀ ਭਾਲ ਵਿੱਚ ਲੱਗੀ ਹੋਈ ਹੈ

ਜ਼ਹਿਰ 'ਤੇ ਖੋਜ

ਕੁਝ ਮਿੰਟਾਂ ਬਾਅਦ ਉਨ੍ਹਾਂ ਵਿੱਚੋਂ ਇੱਕ ਵਿਗਿਆਨੀ ਨੇ ਇੱਕ ਇਸ਼ਾਰਾ ਕੀਤਾ। ਉਨ੍ਹਾਂ ਦੇ ਨਾਲ ਦੇ ਸਾਰੇ ਲੋਕ ਇੱਕ ਥਾਂ ਇਕੱਠੇ ਹੋ ਗਏ।

ਡਾਕਟਰ ਅਹਿਸਾਨ ਦੱਸਦੇ ਹਨ, "ਇਹ ਮੋਟੀ ਪੂਛ ਵਾਲਾ ਕਾਲਾ ਬਿੱਛੂ ਹੈ।"

ਉਹ ਥੋੜ੍ਹਾ ਅੱਗੇ ਝੁਕ ਕੇ ਇਸ ਵੱਲ ਦੇਖਦੇ ਹਨ।

"ਇਹ ਕਾਫ਼ੀ ਵੱਡਾ ਹੈ, ਲਗਭਗ 10 ਸੈਂਟੀਮੀਟਰ ਲੰਬਾ। ਵਿਸ਼ਾਲ ਡੰਗ ਅਤੇ ਇੱਕ ਮੋਟੀ ਪੂਛ ਵਾਲਾ ਇੱਕ ਬਿੱਛੂ। ਅਤੇ ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇਸ ਵਿੱਚ ਡੰਗ ਦੇ ਬਿਲਕੁਲ ਹੇਠਾਂ ਜ਼ਹਿਰ ਦੀ ਇੱਕ ਛੋਟੀ ਜਿਹੀ ਪੋਟਲੀ ਹੈ।"

ਰੋਸ਼ਨੀ ਵਿੱਚ ਇਹ ਦਿਖਾਈ ਦੇ ਰਿਹਾ ਸੀ ਕਿ ਇਸ ਨੇ ਇੱਕ ਕੀੜਾ ਆਪਣੇ ਡੰਗ ਨਾਲ ਫੜਿਆ ਹੋਇਆ ਸੀ। ਇਸ ਕੀੜੇ ਦੀ ਡੰਗ ਕਾਰਨ ਜਾਨ ਚਲੀ ਗਈ ਹੈ।

ਬਿੱਛੂ ਕੀੜਾ ਫੜ੍ਹ ਕੇ ਆਪਣੇ ਬਿੱਲ ਵੱਲ ਚਲਿਆ ਗਿਆ। ਇਹ ਸਭ ਕੁਝ ਪਲਾਂ ਵਿੱਚ ਹੀ ਹੋ ਗਿਆ।

ਪਾਕਿਸਤਾਨ
ਤਸਵੀਰ ਕੈਪਸ਼ਨ, ਇਸ ਤਰ੍ਹਾਂ ਪਾਕਿਸਤਾਨ ਵਿਚ ਬਿੱਛੂਆਂ ਦੀ ਭਾਲ ਜਾਰੀ ਹੈ

ਡਾ. ਅਹਿਸਾਨ ਦੱਸਦੇ ਹਨ ਕਿ ਸਾਰੇ ਬਿੱਛੂ ਅਲਟਰਾਵਾਇਲਟ ਰੋਸ਼ਨੀ ਵਿੱਚ ਚਮਕਦੇ ਹਨ। ਉਨ੍ਹਾਂ ਦੇ ਬਾਹਰੀ ਪਿੰਜਰ ਵਿੱਚ ਹਾਈਲਾਈਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਲਈ ਇਹ ਚਮਕਦਾ ਹੈ।

ਡਾ. ਅਹਿਸਾਨ ਬਿੱਛੂ ਦੇ ਬਿੱਲ ਦੇ ਅੰਦਰ ਡੂੰਘੀ ਖੁਦਾਈ ਕਰਦੇ ਹਨ ਅਤੇ ਫਿਰ ਆਪਣੇ ਚਿਮਟੇ ਨਾਲ ਬਿੱਛੂ ਨੂੰ ਬਾਹਰ ਕੱਢਦੇ ਹਨ ਅਤੇ ਇੱਕ ਡੱਬੇ ਵਿੱਚ ਰੱਖਦੇ ਹਨ। ਬਿੱਛੂ ਨੇ ਅਜੇ ਵੀ ਕੀੜਾ ਫੜਿਆ ਹੋਇਆ ਸੀ।

ਅੱਧੀ ਰਾਤ ਤੱਕ ਬਿੱਛੂਆਂ ਦਾ ‘ਸ਼ਿਕਾਰ’ ਜਾਰੀ ਰਹਿੰਦਾ ਹੈ। ਇਸ ਦੌਰਾਨ ਸਮੁੱਚੀ ਟੀਮ ਨੇ ਮਿਲ ਕੇ ਇੱਕ ਦਰਜਨ ਤੋਂ ਵੱਧ ਬਿੱਛੂ ਫੜ੍ਹੇ ਹਨ। ਇਨ੍ਹਾਂ ਵਿੱਚ ਮੋਟੀ ਪੂਛ ਵਾਲੇ ਕਾਲੇ ਬਿੱਛੂ ਦੇ ਨਾਲ-ਨਾਲ ਭਾਰਤੀ ਲਾਲ ਅਤੇ ਅਰਬੀ ਪ੍ਰਜਾਤੀ ਦੇ ਬਿੱਛੂ ਸ਼ਾਮਲ ਹਨ।

ਇਸ ਵਾਰ ਕੋਈ ਹਾਦਸਾ ਨਹੀਂ ਵਾਪਰਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਿਰਫ਼ ਇੱਕ ਹੀ ਗੰਭੀਰ ਹਾਦਸਾ ਵਾਪਰਿਆ ਹੈ।

ਐਂਡਰੋਕਟੋਨਸ ਪਰਿਵਾਰ ਦੇ ਇੱਕ ਪੀਲੇ ਬਿੱਛੂ ਨੇ ਇੱਕ ਪੀਐੱਚਡੀ ਵਿਦਿਆਰਥੀ ਨੂੰ ਡੰਗਿਆ ਸੀ। ਇਹ ਬਿੱਛੂ ਮੋਟੀ ਪੂਛ ਵਾਲੇ ਕਾਲੇ ਬਿੱਛੂ ਜਾਤੀ ਦਾ ਸੀ।

ਇਹ ਵੀ ਪੜ੍ਹੋ-

ਬਹੁਤ ਕੀਮਤੀ ਜ਼ਹਿਰ

ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਡਾਕਟਰ ਮੁਹੰਮਦ ਤਾਹਿਰ ਨੇ ਦੱਸਿਆ ਕਿ ਇਸ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣ ਪਿਆ।

ਉਨ੍ਹਾਂ ਦੱਸਿਆ ਕਿ ਇਸ ਕਿਸਮ ਦੇ ਬਿੱਛੂਆਂ ਦਾ ਜ਼ਹਿਰ ਦੁਨੀਆ ਦੇ ਸਭ ਤੋਂ ਕੀਮਤੀ ਤਰਲ ਪਦਾਰਥਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ, "ਕੁਝ ਰਿਪੋਰਟਾਂ ਦੇ ਅਨੁਸਾਰ, ਕੌਮਾਂਤਰੀ ਬਾਜ਼ਾਰ ਵਿੱਚ ਇੱਕ ਲੀਟਰ ਬਿੱਛੂ ਦਾ ਜ਼ਹਿਰ ਕਰੋੜਾਂ ਡਾਲਰ ਵਿੱਚ ਵਿਕਦਾ ਹੈ।"

ਸ਼ਾਇਦ ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇਸ ਨੂੰ ਹਾਸਿਲ ਕਰਨਾ ਬਹੁਤ ਮੁਸ਼ਕਲ ਹੈ।

ਫੜ੍ਹੇ ਗਏ ਬਿੱਛੂਆਂ ਨੂੰ ਪਾਕਿਸਤਾਨ ਦੇ ਫ਼ੈਸਲਾਬਾਦ ਕੈਂਪਸ ਵਿੱਚ ਵੱਖਰੇ ਡੱਬਿਆਂ ਵਿੱਚ ਰੱਖਿਆ ਗਿਆ ਹੈ ਕਿਉਂਕਿ ਇਹ ਆਟੋ ਈਟਰ ਹਨ। ਭਾਵ ਉਹ ਆਪਣੀ ਹੀ ਨਸਲ ਦੇ ਬਿੱਛੂ ਖਾਣ ਲੱਗ ਪੈਂਦੇ ਹਨ।

ਉੱਥੇ ਉਨ੍ਹਾਂ ਨੂੰ ਵਾਤਾਵਰਨ ਦੇ ਅਨੁਕੂਲ ਹੋਣ ਲਈ ਕੁਝ ਸਮਾਂ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਜ਼ਹਿਰ ਕੱਢ ਲਿਆ ਜਾਂਦਾ ਹੈ। ਉਨ੍ਹਾਂ ਵਿੱਚੋਂ ਇੱਕ ਸਮੇਂ ਵਿੱਚ ਜ਼ਹਿਰ ਦੀ ਇੱਕ ਛੋਟੀ ਜਿਹੀ ਬੂੰਦ ਹੀ ਕੱਢੀ ਜਾਂਦੀ ਹੈ।

ਕਈ ਵਾਰ, ਦਰਜਨਾਂ ਬਿੱਛੂਆਂ ਤੋਂ ਜ਼ਹਿਰ ਕੱਢਣ ਤੋਂ ਬਾਅਦ, ਸਿਰਫ ਕੁਝ ਮਾਈਕ੍ਰੋਗ੍ਰਾਮ ਜ਼ਹਿਰ ਹੀ ਇਕੱਠਾ ਹੁੰਦਾ ਹੈ। ਇਨ੍ਹਾਂ ਨੂੰ ਮਾਈਨਸ 86 ਡਿਗਰੀ ਤੋਂ ਘੱਟ ਤਾਪਮਾਨ 'ਤੇ ਵਿਸ਼ੇਸ਼ ਫਰਿੱਜ ਵਿਚ ਰੱਖਿਆ ਜਾਂਦਾ ਹੈ।

ਸਪੱਸ਼ਟ ਹੈ ਕਿ ਇਹ ਬਹੁਤ ਕੀਮਤੀ ਜ਼ਹਿਰ ਵਿਕਰੀ ਲਈ ਨਹੀਂ ਹੈ। ਯੂਨੀਵਰਸਿਟੀ ਦਾ ਇਹ ਪ੍ਰਾਜੈਕਟ ਸਰਕਾਰ ਦੀ ਮਨਜ਼ੂਰੀ ਨਾਲ ਚੱਲ ਰਿਹਾ ਹੈ।

ਇਸ ਜ਼ਹਿਰ ਦੀ ਵਰਤੋਂ ਆਪਣੀ ਖੋਜ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਪਾਕਿਸਤਾਨ ਜਾਂ ਵਿਦੇਸ਼ ਵਿੱਚ ਆਪਣੇ ਭਾਈਵਾਲ ਅਦਾਰਿਆਂ ਨਾਲ ਸਾਂਝਾ ਕਰਦੀ ਹੈ।

ਬਿੱਛੂ

ਜ਼ਹਿਰੀਲੇ ਬਿੱਛੂਆਂ ਦੀ ਤਸਕਰੀ

ਪਾਕਿਸਤਾਨ ਵਿੱਚ ਬਿੱਛੂਆਂ ਦਾ ਸ਼ਿਕਾਰ ਕਰਨ ਵਾਲੇ ਹੋਰ ਵੀ ਲੋਕ ਹਨ। ਜ਼ਹਿਰ ਲਈ ਤਸਕਰ ਪਿੰਡ ਵਾਸੀਆਂ ਕੋਲੋਂ ਚਲਾਕੀ ਨਾਲ ਇਹ ਕੰਮ ਕਰਵਾ ਲੈਂਦੇ ਹਨ।

ਡਾ. ਅਹਿਸਾਨ ਦੱਸਦੇ ਹਨ, "ਇਹ ਤਸਕਰ ਪਿੰਡ ਵਾਸੀਆਂ ਨੂੰ ਕਹਿੰਦੇ ਹਨ ਕਿ ਜੇਕਰ ਉਹ 80 ਤੋਂ 100 ਗ੍ਰਾਮ ਵਜ਼ਨ ਵਾਲਾ ਬਿੱਛੂ ਫੜ੍ਹ ਲੈਂਦੇ ਹਨ ਤਾਂ ਉਨ੍ਹਾਂ ਨੂੰ ਲੱਖਾਂ ਰੁਪਏ ਮਿਲਣਗੇ।"

ਉਹ ਕਹਿੰਦੇ ਹਨ, "ਦਰਅਸਲ ਇੰਨੇ ਭਾਰ ਵਾਲੇ ਬਿੱਛੂ ਹੁੰਦੇ ਹੀ ਨਹੀਂ ਹਨ। ਪਰ ਬਹੁਤੇ ਪਿੰਡ ਵਾਲਿਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ।"

ਸੌਖੇ ਢੰਗ ਨਾਲ ਪੈਸੇ ਕਮਾਉਣ ਦੇ ਲਾਲਚ ਨਾਲ ਉਹ ਜਿਹੜਾ ਵੀ ਬਿੱਛੂ ਮਿਲਦਾ ਹੈ, ਉਸ ਨੂੰ ਫੜ੍ਹ ਲੈਂਦੇ ਹਨ।

ਇਨ੍ਹਾਂ ਬਿੱਛੂਆਂ ਦਾ ਵਜ਼ਨ ਸਮੱਗਲਰਾਂ ਵੱਲੋਂ ਦੱਸੇ ਗਏ ਨਾਲੋਂ ਘੱਟ ਹੋਣ ਕਾਰਨ ਪਿੰਡ ਵਾਸੀਆਂ ਨੂੰ ਕੁਝ ਸੌ ਰੁਪਏ ਹੀ ਮਿਲਦੇ ਹਨ।

ਡਾ. ਅਹਿਸਾਨ ਦਾ ਕਹਿਣਾ ਹੈ, "ਪਰ ਇਹ ਤਸਕਰ ਇਨ੍ਹਾਂ ਬਿੱਛੂਆਂ ਨੂੰ ਆਪਣੇ ਕੋਲ ਰੱਖਦੇ ਹਨ ਅਤੇ ਪਾਕਿਸਤਾਨ ਤੋਂ ਬਾਹਰ ਕਾਲੇ ਬਾਜ਼ਾਰ ਵਿੱਚ ਵੇਚਦੇ ਦਿੰਦੇ ਹਨ। ਉੱਥੇ, ਫਾਰਮਾਸਿਊਟੀਕਲ ਕੰਪਨੀਆਂ ਅਤੇ ਖੋਜ ਕਰਨ ਅਤੇ ਪਾਲਤੂ ਜਾਨਵਰਾਂ ਵਾਂਗ ਰੱਖਣ ਦੇ ਸ਼ੌਕੀਨ ਲੋਕ ਇਨ੍ਹਾਂ ਨੂੰ ਖਰੀਦਦੇ ਲੈਂਦੀਆਂ ਹਨ।"

ਇਹ ਇੱਕ ਵਿਡੰਬਨਾ ਹੈ ਕਿ ਬਿੱਛੂ ਦਾ ਜ਼ਹਿਰ ਕਾਫੀ ਜ਼ਹਿਰੀਲਾ ਹੁੰਦਾ ਹੈ ਪਰ ਮੰਨਿਆ ਜਾਂਦਾ ਹੈ ਕਿ ਦਵਾਈ ਦੇ ਤੌਰ 'ਤੇ ਇਸ ਦੀ ਵਰਤੋਂ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ।

ਡਾ: ਅਹਿਸਾਨ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਐਲਬੀਨੋ ਚੂਹਿਆਂ 'ਤੇ ਇਸ ਦੀ ਜਾਂਚ ਕੀਤੀ ਸੀ।

ਇਸ ਅਧਿਐਨ ਦੌਰਾਨ ਇਹ ਪਤਾ ਲੱਗਦਾ ਹੈ ਕਿ ਇਸ ਥਾਂ 'ਤੇ ਮੌਜੂਦ ਮਿਸ਼ਰਣ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ 'ਚ ਮਦਦ ਕਰ ਸਕਦੇ ਹਨ। ਉਹ ਸੈੱਲਾਂ ਦੇ ਵਿਕਾਸ ਨੂੰ ਹੌਲੀ ਕਰਕੇ ਉਨ੍ਹਾਂ ਨੂੰ ਮਾਰਨ ਵਿੱਚ ਮਦਦ ਕਰ ਸਕਦੇ ਹਨ।

ਇਸ ਅਧਿਐਨ ਦੇ ਪੂਰਾ ਹੋਣ 'ਤੇ, ਇਸ ਨੂੰ ਇੱਕ ਅੰਤਰਰਾਸ਼ਟਰੀ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ।

ਇਸ ਅਧਿਐਨ ਦੇ ਪੂਰਾ ਹੋਣ ʼਤੇ ਇਸ ਬਾਰੇ ਕੌਮਾਂਤਰੀ ਜਨਰਲ ਵਿੱਚ ਛਾਪਿਆ ਜਾਂਦਾ ਹੈ।

ਬਿੱਛੂ
ਤਸਵੀਰ ਕੈਪਸ਼ਨ, ਅਜਿਹੇ ਡੱਬਿਆਂ ਵਿੱਚ ਬਿੱਛੂ ਰੱਖੇ ਜਾਂਦੇ ਹਨ

ਜ਼ਹਿਰ ਨਾਲ ਦਰਜ ਦਾ ਇਲਾਜ

ਡਾ. ਤਾਹਿਰ ਦਾ ਕਹਿਣਾ ਹੈ ਕਿ ਇਹ ਜ਼ਹਿਰ ਦਰਦ ਦੇ ਇਲਾਜ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ।

ਉਹ ਦੱਸਦੇ ਹਨ, "ਕੁਝ ਜ਼ਹਿਰ ਹਨ ਜਿਨ੍ਹਾਂ ਵਿੱਚ ਪੇਪਟਾਇਡਸ ਪਾਏ ਜਾਂਦੇ ਹਨ। ਇਹ ਦਿਮਾਗ਼ੀ ਪ੍ਰਣਾਲੀ ਤੋਂ ਦਰਦ ਦੇ ਸੰਕੇਤਾਂ ਨੂੰ ਰੋਕਦਾ ਹੈ। ਇਹੀ ਕਾਰਨ ਹੈ ਕਿ ਇਹ ਬੇਹੱਦ ਘਾਤਕ ਦਰਦ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।"

ਜ਼ਹਿਰ ਵਿੱਚ ਪਾਏ ਜਾਣ ਵਾਲੇ ਪੇਪਟਾਇਡਸ ਵੀ ਸੋਜ ਨੂੰ ਘਟਾ ਸਕਦੇ ਹਨ।

ਜੀਸੀ ਲਾਹੌਰ ਯੂਨੀਵਰਸਿਟੀ ਦੀ ਇੱਕ ਟੀਮ ਨੇ ਜ਼ਹਿਰ ਤੋਂ ਇਨ੍ਹਾਂ ਪੇਪਟਾਇਡਸ ਨੂੰ ਵੱਖ ਕੀਤਾ ਅਤੇ ਇਹ ਦੇਖਣ ਲਈ ਟਰਾਇਲ ਕੀਤੇ ਕਿ ਉਹ ਕਿੰਨੇ ਪ੍ਰਭਾਵਸ਼ਾਲੀ ਸਨ।

ਡਾ. ਤਾਹਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਚੰਗੇ ਨਤੀਜੇ ਮਿਲੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ ਤੋਂ ਕੋਈ ਸੋਜ ਘੱਟ ਕਰਨ ਵਾਲੀ ਦਵਾਈ ਬਣਾਈ ਜਾ ਸਕਦੀ ਹੈ।

ਬਿੱਛੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਇਨ੍ਹਾਂ ਬਿੱਛੂਆਂ ਤੋਂ ਕੱਢੇ ਗਏ ਜ਼ਹਿਰ ਨੂੰ ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ

ਖੋਜਕਾਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ। ਉਹ ਬਿੱਛੂ ਦੇ ਕੱਟਣ ਲਈ ਐਂਟੀਡੋਟਸ (ਪ੍ਰਤੀਰੋਧ) ਵਿਕਸਿਤ ਕਰ ਰਹੀ ਹੈ।

ਇਹ ਲੋਕ ਪਾਕਿਸਤਾਨ ਦੇ ਕਿਸੇ ਖ਼ਾਸ ਖੇਤਰ ਵਿੱਚ ਪਾਏ ਜਾਣ ਵਾਲੇ ਬਿੱਛੂਆਂ ਦੀਆਂ ਪ੍ਰਜਾਤੀਆਂ ਦੀ ਜੀਓਟੈਗਿੰਗ ਅਤੇ ਪਛਾਣ ਕਰਦੇ ਹਨ।

ਫਿਰ ਉਨ੍ਹਾਂ ਦੇ ਜ਼ਹਿਰ ਦਾ ਟੀਕਾ ਦੂਜੇ ਜਾਨਵਰਾਂ ਨੂੰ ਲਗਾਉਣ ਲਈ ਵਰਤਿਆ ਜਾਂਦਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਕਿੰਨਾ ਘਾਤਕ ਹੈ।

ਡਾ. ਤਾਹਿਰ ਦਾ ਕਹਿਣਾ ਹੈ, "ਇੱਕ ਵਾਰ ਜਦੋਂ ਅਸੀਂ ਬਿੱਛੂ ਦੀ ਇੱਕ ਵਿਸ਼ੇਸ਼ ਪ੍ਰਜਾਤੀ ਦੇ ਜ਼ਹਿਰ ਦੇ ਜ਼ਹਿਰੀਲੇਪਣ ਦਾ ਪਤਾ ਲਗਾ ਲੈਂਦੇ ਹਾਂ, ਤਾਂ ਅਸੀਂ ਉਸ ਖੇਤਰ ਵਿੱਚੋਂ ਕੁਝ ਪੌਦੇ ਅਤੇ ਨਦੀਨ ਇਕੱਠੇ ਕਰਦੇ ਹਾਂ ਅਤੇ ਉਸ ਪ੍ਰਜਾਤੀ ਦੇ ਬਿੱਛੂਆਂ ਲਈ ਐਂਟੀ-ਡਾਟਸ ਬਣਾਉਂਦੇ ਹਾਂ।"

ਸੰਭਾਵੀ ਐਂਟੀਡੋਟਸ ਦੀ ਫਿਰ ਇਹ ਦੇਖਣ ਲਈ ਜਾਂਚ ਕੀਤੀ ਜਾਂਦੀ ਹੈ ਕਿ ਉਹ ਕਿੰਨੇ ਪ੍ਰਭਾਵਸ਼ਾਲੀ ਹਨ।

ਇਸ ਕੰਮ ਵਿੱਚ ਲੱਗੀਆਂ ਟੀਮਾਂ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਪਾਕਿਸਤਾਨ ਵਿੱਚ ਜੀਵਨ ਰੱਖਿਅਕ ਐਂਟੀ ਦਵਾਈਆਂ ਵਿਕਸਿਤ ਕਰਨ ਵਿੱਚ ਕਾਮਯਾਬ ਹੋਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)