'ਦਿਲ ਦਾ ਮਾਮਲਾ': ਕਿਸੇ ਦਾ ਦਿਲ ਸੱਜੇ ਪਾਸੇ ਤਾਂ ਕਿਸੇ ਦਾ ਦਿਲ ਖੱਬੇ ਤੋਂ ਖਿਸਕ ਕੇ ਪਹੁੰਚਿਆ ਸੱਜੇ ਪਾਸੇ, ਜਾਣੋ ਕਿਵੇਂ ਹੋਇਆ ਇਲਾਜ

ਮੋਨਾ ਰਾਣੀ ਦਾਸ

ਤਸਵੀਰ ਸਰੋਤ, MANIPAL HOSPITAL BROADWAY

ਤਸਵੀਰ ਕੈਪਸ਼ਨ, ਮੋਨਾ ਰਾਣੀ ਦਾਸ

ਜਦੋਂ ਕੁਝ ਸਾਲ ਪਹਿਲਾਂ ਮੋਨਾ ਰਾਣੀ ਦਾਸ ਨੂੰ ਸੀਨੇ ਦੇ ਸੱਜੇ ਪਾਸੇ ਚੀਸ ਉੱਠਣੀ ਸ਼ੁਰੂ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸਮਝਿਆ ਕਿ ਉਨ੍ਹਾਂ ਨੂੰ ਬਦਹਜ਼ਮੀ ਹੋ ਰਹੀ ਹੈ ਜਾਂ ਤੇਜ਼ਾਬ ਬਣ ਰਿਹਾ ਹੈ।

ਮੋਨਾ ਰਾਣੀ ਦਾਸ (52) ਬੰਗਾਲਦੇਸ਼ ਤੋਂ ਹਨ। ਉਨ੍ਹਾਂ ਦੇ ਪਰਿਵਾਰ ਨੂੰ ਭੋਰਾ ਵੀ ਅੰਦਾਜ਼ਾ ਨਹੀਂ ਸੀ ਕਿ ਮੋਨਾ ਵਿੱਚ ਇੱਕ ਦੁਰਲਭ ਅਤੇ ਜਨਮਜਾਤ ਖਾਸੀਅਤ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਤੱਕ ਦੀ ਯਾਤਰਾ ਕਰਨੀ ਪਵੇਗੀ।

ਬੀਬੀਸੀ ਬੰਗਾਲੀ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ ਮੋਨਾ ਨੇ ਆਪਣੇ ਲੱਛਣਾਂ ਦੀ ਸ਼ੁਰੂਆਤ ਬਾਰੇ ਦੱਸਿਆ।

ਉਨ੍ਹਾਂ ਨੇ ਕਿਹਾ, “ਮੇਰੇ ਸੀਨੇ ਦੇ ਸੱਜੇ ਪਾਸੇ ਦਰਦ ਹੋਣਾ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਮੈਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ।”

ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਹ ਤਾਂ ਸਰਜਰੀ ਦੇ ਦੌਰਾਨ ਡਾਕਟਰਾਂ ਨੂੰ ਸਮਝ ਆਇਆ ਕਿ ਉਨ੍ਹਾਂ ਦੇ ਦਿਲ ਵਿੱਚ ਕੁਝ ਖਾਸ ਹੈ।

ਦਾਸ ਮੁਤਾਬਕ, “ਡਾਕਟਰਾਂ ਨੇ ਮਹਿਸੂਸ ਕੀਤਾ ਕਿ ਮੇਰਾ ਦਿਲ ਸੀਨੇ ਦੇ ਸੱਜੇ ਪਾਸੇ ਸੀ।”

ਉਨ੍ਹਾਂ ਦੇ ਸ਼ਹਿਰ ਦੇ ਡਾਕਟਰਾਂ ਨੇ ਦੇਖਿਆ ਕਿ ਦਾਸ ਨੂੰ ਦਿਲ ਦੀ ਜਮਾਂਦਰੂ ਅਤੇ ਦੁਰਲਭ ਡੈਕਸਟਰੋਕਾਰਡੀਆ ਦੀ ਸਥਿਤੀ ਹੈ। ਜਿਸ ਵਿੱਚ ਦਿਲ ਸੀਨੇ ਦੇ ਖੱਬੇ ਪਾਸੇ ਹੋਣ ਦੀ ਬਜਾਏ ਸੱਜੇ ਪਾਸੇ ਸਥਿਤ ਹੁੰਦਾ ਹੈ।

ਉਨ੍ਹਾਂ ਦਾ ਜਿਗਰ, ਫੇਫੜੇ, ਸਪਲੀਨ ਅਤੇ ਪੇਟ ਸਭ ਕੁਝ ਆਮ ਨਾਲੋਂ ਦੂਜੇ ਪਾਸੇ ਸੀ। ਡਾਕਟਰੀ ਖੋਜ ਮੁਤਾਬਕ ਹਰ 12 ਹਜ਼ਾਰ ਮਗਰ ਇੱਕ ਬੱਚੇ ਦਾ ਦਿਲ ਸੱਜੇ ਪਾਸੇ ਹੋ ਸਕਦਾ ਹੈ।

ਮੋਨਾ ਦੀ ਸਿਹਤ ਵਿਗੜਦੀ ਦੇਖ ਕੇ ਉਨ੍ਹਾਂ ਦੇ ਪਰਿਵਾਰ ਨੇ ਭਾਰਤ ਵਿੱਚ ਕੋਲਕਾਤਾ ਦੇ ਇੱਕ ਦਿਲ ਦੇ ਮਾਹਰ ਡਾਕਟਰ ਨੂੰ ਮਿਲਣ ਦਾ ਫੈਸਲਾ ਕੀਤਾ।

ਬੰਗਲਾਦੇਸ਼ ਵਿੱਚ ਬਹੁਤ ਸਾਰੇ ਲੋਕਾਂ ਦੀ ਰਾਇ ਹੈ ਕਿ ਭਾਰਤ ਵਿੱਚ ਸਿਹਤ ਸਹੂਲਤਾਂ ਬਿਹਤਰ ਹਨ। ਬੰਗਲਾਦੇਸ਼ ਤੋਂ ਕਈ ਲੱਖ ਲੋਕ ਇਲਾਜ ਲਈ ਭਾਰਤ ਆਉਂਦੇ ਹਨ।

ਮੋਨਾ ਦਾ ਮੁਆਇਨਾ ਇਸੇ ਸਾਲ ਮਈ ਮਹੀਨੇ ਦੌਰਾਨ ਮਨੀਪਾਲ ਹਸਪਤਾਲ ਬਰੌਡਵੇ ਵਿੱਚ ਡਾ਼ ਸਿਧਾਰਥ ਮੁਖਰਜੀ ਨੇ ਕੀਤਾ।

ਦਿਲ ਦੀ ਸਥਿਤੀ ਦੀ ਤੁਲਨਾ
ਤਸਵੀਰ ਕੈਪਸ਼ਨ, ਦਿਲ ਦੀ ਸਥਿਤੀ ਦੀ ਤੁਲਨਾ

ਉਹ ਦੱਸਦੇ ਹਨ,“ਕਿਸੇ ਅਜਿਹੇ ਮਰੀਜ਼ ਦਾ ਅਪ੍ਰੇਸ਼ਨ ਕਰਨਾ ਜਿਸ ਦਾ ਦਿਲ ਸੱਜੇ ਪਾਸੇ ਹੋਵੇ, ਬਹੁਤ ਮੁਸ਼ਕਿਲ ਹੈ। ਕਿਉਂਕਿ ਅਸੀਂ ਆਮ ਕਰਕੇ ਸੱਜੇ ਹੱਥ ਦੀ ਵਰਤੋਂ ਕਰਦੇ ਹਾਂ ਅਤੇ ਮਰੀਜ਼ ਦੇ ਖੱਬੇ ਪਾਸੇ ਸਰਜਰੀ ਕਰਦੇ ਹਾਂ।”

ਉਹ ਅੱਗੇ ਦੱਸਦੇ ਹਨ,“ਇਸ ਮਾਮਲੇ ਵਿੱਚ ਅਸੀਂ ਮਰੀਜ਼ ਦੇ ਸੱਜੇ ਪਾਸੇ ਅਪ੍ਰੇਸ਼ਨ ਕਰਨਾ ਸੀ, ਜੋ ਕਿ ਨਵਾਂ ਹੈ ਲੇਕਿਨ ਸਾਡੀ ਸਾਰੀ ਟੀਮ ਨੇ ਸਥਿਤੀ ਨਾਲ ਤਾਲਮੇਲ ਕਾਇਮ ਕਰ ਲਿਆ।”

ਅਪ੍ਰੇਸ਼ਨ ਵਧੀਆ ਹੋਇਆ, ਮੋਨਾ ਰਾਣੀ ਦਾਸ ਬੰਗਲਾਦੇਸ਼ ਆਪਣੇ ਘਰ ਵੀ ਜਾ ਚੁੱਕੇ ਹਨ। ਹੁਣ ਉਹ ਜਾਂਚ ਲਈ ਇੱਕ ਵਾਰ ਫਿਰ ਭਾਰਤ ਵਾਪਸ ਆਉਣਗੇ।

ਦਿਲ ਦਾ ਤਬਾਦਲਾ

ਹਾਲ ਹੀ ਵਿੱਚ ਦਿਲ ਨਾਲ ਜੁੜੇ ਇੱਕ ਹੋਰ ਮਾਮਲੇ ਨੇ ਭਾਰਤੀ ਮੀਡੀਆ ਦਾ ਧਿਆਨ ਖਿੱਚਿਆ ਹੈ।

ਇਸ ਵਿੱਚ ਇੱਕ ਵਿਅਕਤੀ ਦਾ ਦਿਲ ਜਨਮ ਸਮੇਂ ਤਾਂ ਖੱਬੇ ਪਾਸੇ ਹੀ ਸੀ ਲੇਕਿਨ ਬਾਅਦ ਵਿੱਚ ਸਮੇਂ ਦੇ ਨਾਲ ਖੰਘ ਦੇ ਦੌਰਿਆਂ ਕਾਰਨ ਦਿਲ ਆਪਣੀ ਸਥਿਤੀ ਤੋਂ ਖਿਸਕਦਾ ਰਿਹਾ ਅਤੇ ਸੱਜੇ ਪਾਸੇ ਚਲਿਆ ਗਿਆ।

ਰੇਜ਼ਾ ਉਲ ਕਰੀਮ 66 ਸਾਲ ਦੇ ਹਨ ਅਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਹਮੇਸ਼ਾ ਹੀ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਕਰੀਮ ਨੇ ਬੀਬੀਸੀ ਬੰਗਾਲੀ ਨੂੰ ਦੱਸਿਆ, “ਬਚਪਨ ਵਿੱਚ ਮੈਂ ਖੇਡਾਂ ਖੇਡਦਾ ਸੀ ਪਰ ਕਈ ਵਾਰ ਮੈਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਅਤੇ ਖੰਘ ਛਿੜਦੀ ਸੀ।”

ਵਟਸਐਪ ਚੈਨਲ ਦਾ ਇਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

“ਅੱਗੇ ਜਾ ਕੇ ਮੈਂ 25 ਸਾਲ ਸਿਆਸਤ ਵਿੱਚ ਸਰਗਰਮ ਰਿਹਾ, ਇਸ ਲਈ ਮੈਂ ਇੱਧਰ-ਉੱਧਰ ਭੱਜਦਾ-ਨੱਠਦਾ ਵੀ ਰਿਹਾ। ਮੈਂ ਆਪਣੇ ਡਾਕਟਰ ਨੂੰ ਮਿਲਦਾ ਰਿਹਾ ਅਤੇ ਉਨ੍ਹਾਂ ਦੇ ਕਹੇ ਮੁਤਾਬਕ ਦਵਾਈ ਵੀ ਨਿਯਮਤ ਰੂਪ ਵਿੱਚ ਲੈਂਦਾ ਰਿਹਾ।”

ਲੇਕਿਨ ਪਿਛਲੇ ਕੁਝ ਸਾਲਾਂ ਦੌਰਾਨ ਕਰੀਮ ਕਾਫ਼ੀ ਕਮਜ਼ੋਰ ਰਹਿਣ ਲੱਗ ਪਏ। ਉਨ੍ਹਾਂ ਦੀ ਸਿਹਤ ਕਾਰਨ ਉਨ੍ਹਾਂ ਦੀ ਬੇਟੀ ਨੂੰ ਆਪਣੇ ਪਿਤਾ ਦੀ ਸਿਹਤ ਦਾ ਫਿਕਰ ਹੋਇਆ ਅਤੇ ਉਹ ਉਨ੍ਹਾਂ ਨੂੰ ਕੋਲਕਾਤਾ ਵਿੱਚ ਦਿਲ ਦੇ ਇੱਕ ਸੂਪਰਸੈਸ਼ਿਐਲਿਟੀ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਉਣ ਲਈ ਲੈ ਕੇ ਆਈ।

ਡਾਕਟਰਾਂ ਨੇ ਦੇਖਿਆ ਕਿ ਰੇਜ਼ਾ-ਉਲ ਕਰੀਮ ਦਾ ਦਿਲ ਬਚਪਨ ਵਿੱਚ ਤਪਦਿਕ ਕਾਰਨ ਖਿਸਕ ਕੇ ਸੱਜੇ ਪਾਸੇ ਚਲਿਆ ਗਿਆ ਹੈ।

ਆਪਣੀ ਸਥਿਤ ਬਾਰੇ ਕਰੀਮ ਦੱਸਦੇ ਹਨ,“ਮੇਰਾ ਦਮ ਇੰਨਾ ਚੜ੍ਹ ਜਾਂਦਾ ਸੀ ਕਿ ਨਮਾਜ਼ ਦੌਰਾਨ ਗੋਡਣੀਆਂ ਬੈਠਣ ਤੋਂ ਬਾਅਦ ਮੈਨੂੰ ਖੜ੍ਹੇ ਹੋਣ ਵਿੱਚ ਵੀ ਮੁਸ਼ਕਿਲ ਹੁੰਦੀ ਸੀ। ਦੋ-ਤਿੰਨ ਵਾਰ ਤਾਂ ਮੈਂ ਨਮਾਜ਼ ਦੌਰਾਨ ਬੇਹੋਸ਼ ਵੀ ਹੋ ਗਿਆ ਸੀ।”

ਰੇਜ਼ਾ ਉਲ ਕਰੀਮ

ਤਸਵੀਰ ਸਰੋਤ, MEDICA SUPERSPECIALITY HOSPITAL

ਤਸਵੀਰ ਕੈਪਸ਼ਨ, ਰੇਜ਼ਾ ਉਲ ਕਰੀਮ

ਡਾਕਟਰਾਂ ਨੇ ਦੇਖਿਆ ਕਿ ਉਨ੍ਹਾਂ ਦਾ ਦਿਲ ਬਚਪਨ ਤੋਂ ਪੈਂਦੇ ਖੰਘ ਤੇ ਤਪੈਦਿਕ ਦੇ ਦੌਰਿਆਂ ਕਾਰਨ ਖੱਬੇ ਪਾਸੇ ਤੋਂ ਖਿਸਕ ਕੇ ਸੱਜੇ ਪਾਸੇ ਚਲਿਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੇ ਦਿਲ ਦੀ ਮਦਦ ਕਰਨ ਅਤੇ ਸਾਹ ਦੀ ਮੁਸ਼ਕਿਲ ਦੂਰ ਕਰਨ ਲਈ ਪੇਸ ਮੇਕਰ ਪਾਉਣ ਦਾ ਫੈਸਲਾ ਕੀਤਾ।

ਜੂਨ ਮਹੀਨੇ ਵਿੱਚ ਕਰੀਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਤੁਰੰਤ ਅਪ੍ਰੇਸ਼ਨ ਕਰਨਾ ਬਹੁਤ ਜ਼ਰੂਰੀ ਸੀ। ਹਾਲਾਂਕਿ ਪਰਿਵਾਰ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।

ਉਨ੍ਹਾਂ ਨੂੰ ਤਿੰਨ ਘੰਟੇ ਦੇ ਅਪ੍ਰੇਸ਼ਨ ਤੋਂ ਬਾਅਦ ਹੀ ਦੱਸਿਆ ਗਿਆ ਕਿ ਉਨ੍ਹਾਂ ਦਾ ਕਿੰਨਾ ਦੁਰਲੱਭ ਅਪ੍ਰੇਸ਼ਨ ਸੀ।

ਪੇਸ ਮੇਕਰ ਇੱਕ ਛੋਟਾ ਬਿਜਲੀ ਨਾਲ ਚੱਲਣ ਵਾਲਾ ਉਪਕਰਣ ਹੁੰਦਾ ਹੈ, ਜੋ ਦਿਲ ਤੱਕ ਪਹੁੰਚਣ ਵਾਲੇ ਬਿਜਲੀ ਦੇ ਮੱਧਮ ਝਟਕਿਆਂ ਨੂੰ ਨਿਯਮਿਤ ਕਰਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ ਦੇ ਦਿਲ ਦੀ ਧੜਕਨ ਘਟੇ ਨਾ, ਜੋ ਕਿ ਮਰੀਜ਼ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਕਰੀਮ ਦਾ ਅਪ੍ਰੇਸ਼ਨ ਕਰਨ ਵਾਲੇ ਡਾ਼ ਦਿਲੀਪ ਕੁਮਾਰ ਮੁਤਾਬਕ ਕਰੀਮ ਦਾ ਅਪ੍ਰੇਸ਼ਨ ਇਸ ਲਈ ਵਿਲੱਖਣ ਸੀ ਕਿਉਂਕਿ ਪੇਸ ਮੇਕਰ ਆਮ ਤੌਰ ਉੱਤੇ ਉਨ੍ਹਾਂ ਲੋਕਾਂ ਲਈ ਬਣੇ ਹੁੰਦੇ ਹਨ, ਜਿਨ੍ਹਾਂ ਦਾ ਦਿਲ ਖੱਬੇ ਪਾਸੇ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਦੁਰਲਭ ਸੀ ਕਿ ਕਰੀਮ ਦੇ ਅਪ੍ਰੇਸ਼ਨ ਵਿੱਚ ਮੈਡੀਕਲ ਟੀਮ ਨੇ ਕੰਡਕਸ਼ਨ ਸਿਸਟਮ ਪੇਸਿੰਗ (ਸੀਐੱਸਪੀ) ਪ੍ਰਣਾਲੀ ਦੀ ਵਰਤੋਂ ਕੀਤੀ, ਜੋ ਸੱਜੇ ਪਾਸੇ ਦਿਲ ਵਾਲਿਆਂ ਵਿੱਚ ਪਹਿਲਾਂ ਕਦੇ ਵਰਤੀ ਨਹੀਂ ਗਈ।

ਬ੍ਰਿਟਿਸ਼ ਕਾਰਡਿਅਕ ਸੋਸਾਈਟੀ ਮੁਤਾਬਕ ਸੀਐੱਸਪੀ ਦਿਲ ਦੀ ਗਤੀ ਦਾ (ਕਾਰਡਿਐਕ ਪੇਸਿੰਗ) ਇੱਕ ਨਵੀਨ ਤਰੀਕਾ ਹੈ। ਜਿਸ ਵਿੱਚ ਦਿਲ ਦੇ ਆਪਣੀ ਕੰਡਕਸ਼ਨ ਪ੍ਰਣਾਲੀ ਦੀ ਵਰਤੋਂ ਕਰਕੇ ਕਾਰਗਰ ਧੜਕਣ ਕਾਇਮ ਕੀਤੀ ਜਾਂਦੀ ਹੈ।

ਸੌਖੇ ਸ਼ਬਦਾਂ ਵਿੱਚ ਸੀਐੱਸਪੀ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਪੇਸ ਮੇਕਰ ਜ਼ਰੀਏ ਦਿਲ ਦੀ ਸਧਾਰਨ ਧੜਕਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਕਰੀਮ ਵੀ ਆਪਣੇ ਅਪ੍ਰੇਸ਼ਨ ਤੋਂ ਬਾਅਦ ਠੀਕ-ਠਾਕ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਇਹ ਦੇਖਣ ਲਈ ਮੁੜ ਜਾਂਚ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਦਾ ਪੇਸ ਮੇਕਰ ਸਹੀ ਕੰਮ ਕਰ ਰਿਹਾ ਹੈ ਜਾਂ ਨਹੀਂ।

ਉਨ੍ਹਾਂ ਦੇ ਡਾਕਟਰ ਦਾ ਕਹਿਣਾ ਹੈ ਕਿ ਕਰੀਮ ਨੂੰ ਹੁਣ ਸਾਹ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਉਹ ਬਿਨਾਂ ਬੇਹੋਸ਼ ਹੋਏ ਅਰਾਮ ਨਾਲ ਨਮਾਜ਼ ਪੜ੍ਹ ਲੈਂਦੇ ਹਨ।

ਬੀਬੀਸੀ ਦੇ ਲਈ ਕੁਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)