ਜਦੋਂ ਮੁਹੰਮਦ ਅਲੀ ਜਿਨਾਹ ’ਤੇ 14 ਅਗਸਤ 1947 ਨੂੰ ਹਮਲੇ ਦੀ ਸਾਜਿਸ਼ ਕੀ ਸੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਲਈ
ਪਾਕਿਸਤਾਨ ਦੀ ਆਜ਼ਾਦੀ ਤੋਂ 7 ਦਿਨ ਪਹਿਲਾਂ ਮੁਹੰਮਦ ਅਲੀ ਜਿਨਾਹ ਨੇ ਆਪਣੀ ਭੈਣ ਫ਼ਾਤਿਮਾ ਦੇ ਨਾਲ ਕੇਡੀ ਸੀ-3 ਡਕੋਟਾ ਜਹਾਜ਼ ’ਚ ਦਿੱਲੀ ਤੋਂ ਕਰਾਚੀ ਲਈ ਉਡਾਨ ਭਰੀ ਸੀ।
ਉਸ ਸਮੇਂ ਉਨ੍ਹਾਂ ਨੇ ਅਜਿਹਾ ਪਹਿਰਾਵਾ ਪਹਿਨਿਆ ਹੋਇਆ ਸੀ ਜੋ ਕਿ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਦੇ ਲਈ ਲੰਡਨ ਰਵਾਨਾ ਹੋਣ ਤੋਂ ਪਹਿਲਾਂ ਕਦੇ ਵੀ ਨਹੀਂ ਪਾਇਆ ਸੀ। ਗੋਡਿਆਂ ਤੱਕ ਲੰਮੀ ਸ਼ੇਰਵਾਨੀ, ਤੰਗ ਚੂੜੀਦਾਰ ਪਜਾਮੀ ਅਤੇ ਬਿਨ੍ਹਾਂ ਤਸ਼ਮਿਆਂ ਦੇ ਲੋਫ਼ਰ ਜੁੱਤੇ।
ਜਹਾਜ਼ ਦੀਆਂ ਪੌੜੀਆਂ ਦੇ ਉੱਪਰ ਪਹੁੰਚ ਕੇ ਜਿਨਾਹ ਨੇ ਦਿੱਲੀ ਦੇ ਧੂੜ ਨਾਲ ਭਰੇ ਆਸਮਾਨ ਨੂੰ ਆਖ਼ਰੀ ਵਾਰ ਵੇਖਿਆ ਅਤੇ ਹੌਲੀ ਜਿਹੇ ਬੁੜਬੁੜਾਏ, “ਮੈਂ ਸ਼ਾਇਦ ਦਿੱਲੀ ਨੂੰ ਅੰਤਿਮ ਵਾਰ ਵੇਖ ਰਿਹਾ ਹਾਂ।”
ਕਰਾਚੀ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ 10 ਔਰੰਗਜ਼ੇਬ ਰੋਡ ਵਾਲਾ ਘਰ ਹਿੰਦੂ ਉਦਯੋਗਪਤੀ ਸੇਠ ਰਾਮਕ੍ਰਿਸ਼ਨ ਡਾਲਮੀਆ ਨੂੰ 3 ਲੱਖ ਰੁਪਏ ’ਚ ਵੇਚ ਦਿੱਤਾ ਸੀ।

ਕੁਝ ਹੀ ਘੰਟਿਆਂ ਬਾਅਦ, ਜਿਸ ਥਾਂ ’ਤੇ ਸਾਲਾਂ ਤੋਂ ਮੁਸਲਿਮ ਲੀਗ ਦਾ ਹਰਾ ਅਤੇ ਸਫ਼ੇਦ ਝੰਡਾ ਲਹਿਰਾਇਆ ਜਾਂਦਾ ਸੀ, ਹੁਣ ਉੱਥੇ ਹੀ ਗਊ ਰੱਖਿਆ ਸੰਘ ਦਾ ਝੰਡਾ ਲਹਿਰਾਇਆ ਜਾਣਾ ਸੀ।
ਡੋਮਿਨਿਕ ਲਾਪੀਅਰ ਅਤੇ ਲੈਰੀ ਕੋਲਿਨਜ਼ ਆਪਣੀ ਕਿਤਾਬ ‘ਫ੍ਰੀਡਮ ਐਟ ਮਿਡਨਾਈਟ’ ’ਚ ਲਿਖਦੇ ਹਨ, “ਜਿਨਾਹ ਦੇ ਏਡੀਸੀ ਸਈਅਦ ਅਹਿਸਨ ਨੇ ਸਾਨੂੰ ਦੱਸਿਆ ਸੀ ਕਿ ਜਹਾਜ਼ ਦੀਆਂ ਕੁਝ ਕੁ ਪੌੜੀਆਂ ਚੜ੍ਹਨ ਕਾਰਨ ਜਿਨਾਹ ’ਤੇ ਇੰਨਾਂ ਦਬਾਅ ਪਿਆ ਕਿ ਉਨ੍ਹਾਂ ਨੂੰ ਸਾਹ ਚੜ੍ਹ ਗਿਆ ਅਤੇ ਉਹ ਆਪਣੀ ਸੀਟ ’ਤੇ ਲਗਭਗ ਡਿੱਗ ਹੀ ਪਏ ਸਨ।”
“ਅੰਗਰੇਜ਼ ਪਾਇਲਟ ਨੇ ਜਹਾਜ਼ ਦਾ ਇੰਜਣ ਚਾਲੂ ਕੀਤਾ ਅਤੇ ਜਿਨਾਹ ਦੂਰ ਆਸਮਾਨ ਵੱਲ ਤੱਕਦੇ ਰਹੇ। ਬਿਨ੍ਹਾਂ ਕਿਸੇ ਨੂੰ ਸੰਬੋਧਿਤ ਕਰਦੇ ਹੋਏ, ਉਹ ਆਪਣੇ ਆਪ ’ਚ ਬੁੜਬੁੜਾਏ, “ਕਹਾਣੀ ਖ਼ਤਮ ਹੋ ਗਈ।”

ਤਸਵੀਰ ਸਰੋਤ, VIKAS PUBLISHING HOUSE
ਕਰਾਚੀ ’ਚ ਜਿਨਹਾ ਦਾ ਬੇਮਿਸਾਲ ਸਵਾਗਤ
ਜਦੋਂ ਜਹਾਜ਼ ਕਰਾਚੀ ਦੇ ਉੱਪਰ ਪਹੁੰਚਿਆ ਤਾਂ ਜਿਨਾਹ ਦੇ ਏਡੀਸੀ ਸਈਦ ਅਹਿਸਨ ਨੇ ਜਹਾਜ਼ ਦੀ ਖਿੜਕੀ ’ਚੋਂ ਹੇਠਾਂ ਵੱਲ ਵੇਖਿਆ। ਹੇਠਾਂ ਵਿਸ਼ਾਲ ਰੇਗਿਸਤਾਨ ਸੀ, ਜਿਸ ’ਚ ਕਈ ਥਾਵਾਂ ’ਤੇ ਰੇਤ ਦੇ ਛੋਟੇ-ਛੋਟੇ ਟਿੱਬੇ ਉੱਬਰੇ ਹੋਏ ਸਨ। ਹੌਲੀ-ਹੌਲੀ ਅਥਾਹ ਜਨ ਸਮੂਹ ਇੱਕ ਚਿੱਟੇ ਸਮੁੰਦਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਸੀ।
ਜਿਨਾਹ ਦੀ ਭੈਣ ਨੇ ਭਾਵੁਕ ਅਵਸਥਾ ’ਚ ਜਿਨਾਹ ਦਾ ਹੱਥ ਫੜ੍ਹਦਿਆਂ ਕਿਹਾ, “ਉਹ ਵੇਖੋ।"
ਜਦੋਂ ਜਹਾਜ਼ ਹੇਠਾਂ ਉਤਰ ਕੇ ਰੁਕਿਆ, ਉਦੋਂ ਤੱਕ ਜਿਨਾਹ ਬਹੁਤ ਥੱਕ ਚੁੱਕੇ ਸਨ। ਉਹ ਬਹੁਤ ਹੀ ਮੁਸ਼ਕਲ ਨਾਲ ਆਪਣੀ ਸੀਟ ਤੋਂ ਉੱਠੇ।
ਉਨ੍ਹਾਂ ਦੇ ਏਡੀਸੀ ਨੇ ਉਨ੍ਹਾਂ ਨੂੰ ਸਹਾਰਾ ਦੇਣ ਦਾ ਯਤਨ ਤਾਂ ਕੀਤਾ ਪਰ ਜਿਨਾਹ ਨੇ ਉਨ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਕਿਸੇ ਦੂਜੇ ਆਦਮੀ ਦੇ ਹੱਥ ਦਾ ਸਹਾਰਾ ਲੈ ਕੇ ਆਪਣੇ ਨਵੇਂ ਬਣਾਏ ਮੁਲਕ ਦੀ ਜ਼ਮੀਂਨ ’ਤੇ ਪਹਿਲਾ ਕਦਮ ਰੱਖਣ ਲਈ ਤਿਆਰ ਨਹੀਂ ਸਨ।

ਤਸਵੀਰ ਸਰੋਤ, Getty Images
ਹਵਾਈ ਅੱਡੇ ’ਤੇ ਉਨ੍ਹਾਂ ਦੇ ਹਜ਼ਾਰਾਂ ਹੀ ਪ੍ਰਸ਼ੰਸਕ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਸ ਸਮੇਂ ਸਥਿਤੀ ਇਹ ਸੀ ਕਿ ਭਾਰਤ ਤੋਂ ਆਏ ਸ਼ਰਨਾਰਥੀਆਂ ਦੇ ਕਾਰਨ ਕਰਾਚੀ ਦੀ ਆਬਾਦੀ ਕੁਝ ਹੀ ਮਹੀਨਿਆਂ ’ਚ ਦੁੱਗਣੀ ਹੋ ਗਈ ਸੀ।
ਸਟੈਨਲੀ ਵੋਲਪਰਟ ਆਪਣੀ ਕਿਤਾਬ ‘ਜਿਨਾਹ ਆਫ਼ ਪਾਕਿਸਤਾਨ’ ’ਚ ਲਿਖਦੇ ਹਨ, “ਹਵਾਈ ਅੱਡੇ ਤੋਂ ਸਰਕਾਰੀ ਰਿਹਾਇਸ਼ ਵੱਲ ਜਾਂਦੇ ਸਮੇਂ ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਲੋਕਾਂ ਨੇ ਜਿਨਾਹ ਦੇ ਸਵਾਗਤ ’ਚ ਨਾਅਰੇ ਲਗਾਏ।“
“ਪਹਿਲਾਂ ਇਸ ਸਰਕਾਰੀ ਰਿਹਾਇਸ਼ ’ਚ ਸਿੰਧ ਦੇ ਗਵਰਨਰ ਰਹਿੰਦੇ ਸਨ ਅਤੇ ਹੁਣ ਉਹ ਜਿਨਾਹ ਦਾ ਆਖਰੀ ਬੰਗਲਾ ਬਣਨ ਜਾ ਰਿਹਾ ਸੀ।”
ਵਿਕਟੋਰੀਅਨ ਸ਼ੈਲੀ ’ਚ ਬਣੀ ਇਸ ਚਿੱਟੇ ਰੰਗ ਦੀ ਇਮਾਰਤ ਦੀਆਂ ਪੌੜੀਆਂ ਚੜ੍ਹਦਿਆਂ ਜਿਨਾਹ ਨੇ ਆਪਣੇ ਏਡੀਸੀ ਨੂੰ ਕਿਹਾ, “ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਮੈਂ ਇਸ ਜ਼ਿੰਦਗੀ ’ਚ ਪਾਕਿਸਤਾਨ ਬਣਦਾ ਵੇਖਣ ਦੀ ਉਮੀਦ ਨਹੀਂ ਕੀਤੀ ਸੀ। ਇਸ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਉਸ ਖ਼ੁਦਾ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।”

ਤਸਵੀਰ ਸਰੋਤ, OXFORD
ਘੱਟ ਗਿਣਤੀਆਂ ਨੂੰ ਦਿਵਾਇਆ ਭਰੋਸਾ
11 ਅਗਸਤ ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਨੇ ਪਹਿਲੀ ਵਾਰ ਆਪਣੀ ਬੈਠਕ ਕੀਤੀ ਅਤੇ ਸਭਾ ਨੇ ਸਰਬਸੰਮਤੀ ਨਾਲ ਜਿਨਾਹ ਨੂੰ ਆਪਣਾ ਪ੍ਰਧਾਨ ਚੁਣਿਆ।
ਉਨ੍ਹਾਂ ਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ। ਬੋਲਦਿਆਂ-ਬੋਲਦਿਆਂ ਅਚਾਨਕ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਸੁਪਨਿਆਂ ਦੇ ਲੋਕ ’ਚ ਚਲੇ ਗਏ ਹੋਣ।
ਇਵੇਂ ਜਾਪਦਾ ਸੀ ਕਿ ਜਿਵੇਂ ਰਾਤੋਂ-ਰਾਤ ਹੀ ਉਹ ਹਿੰਦੂ-ਮੁਸਲਿਮ ਏਕਤਾ ਦੇ ਦੂਤ ਬਣ ਗਏ, ਜਿਵੇਂ ਕਿ ਸਰੋਜਨੀ ਨਾਇਡੂ ਉਨ੍ਹਾਂ ਨੂੰ ਕਿਹਾ ਕਰਦੇ ਸਨ।
ਜਿਨਾਹ ਬਿਨ੍ਹਾਂ ਪੜ੍ਹੇ ਹੀ ਲਗਾਤਾਰ ਬੋਲਦੇ ਜਾ ਰਹੇ ਸਨ, “ਤੁਸੀਂ ਲੋਕ ਆਪਣੇ ਮੰਦਰਾਂ ’ਚ ਜਾਣ ਲਈ ਆਜ਼ਾਦ ਹੋ। ਤੁਸੀਂ ਲੋਕ ਆਪਣੀਆਂ ਮਸਜਿਦਾਂ ਜਾਂ ਪਾਕਿਸਤਾਨ ਦੇ ਕਿਸੇ ਵੀ ਹੋਰ ਪੂਜਾ ਸਥਾਨ ’ਤੇ ਜਾਣ ਲਈ ਪੂਰੀ ਤਰ੍ਹਾਂ ਨਾਲ ਸੁੰਤਤਰ ਹੋ… ਤੁਸੀਂ ਕਿਸੇ ਵੀ ਧਰਮ, ਜਾਤੀ ਜਾਂ ਨਸਲ ਦੇ ਹੋ, ਉਸ ਦਾ ਹਕੂਮਤ ਚਲਾਉਣ ਨਾਲ ਕੋਈ ਲੈਣ-ਦੇਣ ਨਹੀਂ ਹੈ।”
“ਅਸੀਂ ਉਸ ਦੌਰ ਦਾ ਆਗਾਜ਼ ਕਰਨ ਜਾ ਰਹੇ ਹਾਂ ਜਿੱਥੇ ਨਾ ਕੋਈ ਵਿਤਕਰਾ ਹੋਵੇਗਾ ਅਤੇ ਨਾ ਹੀ ਦੋ ਭਾਈਚਾਰਿਆਂ ਪ੍ਰਤੀ ਕੋਈ ਫਰਕ ਕੀਤਾ ਜਾਵੇਗਾ। ਸਾਡੀ ਸ਼ੁਰੂਆਤ ਇਸ ਬੁਨਿਆਦੀ ਸਿਧਾਂਤ ਨਾਲ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਰਾਜ ਦੇ ਬਰਾਬਰ ਨਾਗਰਿਕ ਹਾਂ।”

ਤਸਵੀਰ ਸਰੋਤ, Getty Images
ਪਾਕਿਸਤਾਨ ’ਚ ਇਸ ਭਾਸ਼ਣ ਨੂੰ ਕੀਤਾ ਗਿਆ ਨਾਪਸੰਦ
ਉਨ੍ਹਾਂ ਵੱਲੋਂ ਦਿੱਤੇ ਇਸ ਭਾਸ਼ਣ ਨੂੰ ਸੁਣਨ ਤੋਂ ਬਾਅਦ ਮੁਸਲਿਮ ਲੀਗ ਦੇ ਹਲਕਿਆਂ ’ਚ ਸੰਨਾਟਾ ਹੀ ਛਾ ਗਿਆ।
ਖ਼ਾਲਿਦ ਅਹਿਮਦ ਆਪਣੀ ਕਿਤਾਬ ‘ਪਾਕਿਸਤਾਨ ਬਿਹਾਈਂਡ ਦਿ ਆਈਡਿਓਲੋਜੀਕਲ ਮਾਸਕ’ ’ਚ ਲਿਖਦੇ ਹਨ, “ਆਉਣ ਵਾਲੇ ਦਿਨਾਂ ’ਚ ਇਸ ਭਾਸ਼ਣ ਨੂੰ ਕਿਸੇ ਵੀ ਸਰਕਾਰੀ ਪ੍ਰਕਾਸ਼ਨ ’ਚ ਥਾਂ ਨਹੀਂ ਦਿੱਤੀ ਗਈ।“
“ਬਾਅਦ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਜਨਰਲ ਜ਼ਿਆ-ਉਲ-ਹੱਕ ਨੇ ਕੁਝ ਇਤਿਹਾਸਕਾਰਾਂ ਨੂੰ ਇਸ ਮੁਹਿੰਮ ’ਚ ਲਗਾਇਆ ਸੀ ਕਿ ਉਹ ਕਹਿਣ ਕਿ ਜਿਸ ਸਮੇਂ ਜਿਨਾਹ ਨੇ ਇਹ ਭਾਸ਼ਣ ਦਿੱਤਾ ਸੀ ਉਸ ਸਮੇਂ ਉਹ ਆਪਣੇ ਹੋਸ਼ ’ਚ ਨਹੀਂ ਸਨ।”
ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਇਸ ਭਾਸ਼ਣ ਦੀ ਤਾਰੀਫ਼ ਕਰਨ ਦੀ ਭਾਰੀ ਸਿਆਸੀ ਕੀਮਤ ਚੁਕਾਉਣੀ ਪਈ ਸੀ।
ਖ਼ਾਲਿਦ ਅਹਿਮਦ ਅੱਗੇ ਲਿਖਦੇ ਹਨ, “ਜਿਨਾਹ ਦੀ ਧੀ ਦੀਨਾ ਵਾਡੀਆ ਉਸ ਸਮੇਂ ਨਿਊਯਾਰਕ ’ਚ ਰਹਿ ਰਹੇ ਸਨ। ਉਨ੍ਹਾਂ ਨਾਲ ਸੰਪਰਕ ਕਰਕੇ ਜਿਨਾਹ ਦੀਆਂ ਖਾਣ-ਪੀਣ ਦੀਆਂ ਆਦਤਾਂ ’ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।”
“ਮਿਸਾਲ ਵੱਜੋਂ ਕਿ ਉਹ ਸ਼ਰਾਬ ਨਹੀਂ ਪੀਂਦੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਸੂਰ ਦਾ ਮਾਸ ਨਹੀਂ ਖਾਧਾ ਸੀ, ਪਰ ਜਿਨਾਹ ਦੀ ਧੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।”

ਤਸਵੀਰ ਸਰੋਤ, Getty Images
ਮਾਊਂਟਬੈਟਨ ਜੋੜੇ ਦੇ ਸਨਮਾਨ ’ਚ ਦਾਅਵਤ
ਜਦੋਂ 13 ਅਗਸਤ, 1947 ਨੂੰ ਮਾਊਂਟਬੈਟਨ ਜਿਨਾਹ ਨੂੰ ਗਵਰਨਰ ਜਨਰਲ ਦੇ ਅਹੁਦੇ ਦੀ ਸਹੁੰ ਚਕਾਉਣ ਲਈ ਕਰਾਚੀ ਪਹੁੰਚੇ ਤਾਂ ਜਿਨਾਹ ਉਨ੍ਹਾਂ ਦੇ ਸਵਾਗਤ ਲਈ ਹਵਾਈ-ਅੱਡੇ ’ਤੇ ਮੌਜੂਦ ਨਹੀਂ ਸਨ।
ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸਿੰਧ ਦੇ ਗਵਰਨਰ ਸਰ ਗ਼ੁਲਾਮ ਹੁਸੈਨ ਹਿਦਾਇਤੁੱਲਾ ਅਤੇ ਆਪਣੇ ਏਡੀਸੀ ਸਈਦ ਅਹਿਸਨ ਨੂੰ ਸੌਂਪ ਦਿੱਤੀ ਸੀ।
ਜਿਨਾਹ ਨੇ ਦਿੱਲੀ ਤੋਂ ਆਏ ਮਹਿਮਾਨਾਂ ਦੀ ਉਡੀਕ ਆਪਣੀ ਸਰਕਾਰੀ ਰਿਹਾਇਸ਼ ਦੇ ਪ੍ਰਵੇਸ਼ ਦੁਆਰ ਨਾਲ ਜੁੜੇ ਇੱਕ ਹਾਲ ’ਚ ਕੀਤੀ। ਰਾਤ ਨੂੰ ਜਿਨਾਹ ਨੇ ਮਾਊਂਟਬੈਟਨ ਜੋੜੇ ਦੇ ਸਨਮਾਨ ’ਚ ਰਾਤ ਦੇ ਖਾਣੇ ਦਾ ਆਯੋਜਨ ਵੀ ਕੀਤਾ।

ਤਸਵੀਰ ਸਰੋਤ, Getty Images
ਇਸ ਪਾਰਟੀ ’ਚ ਜਿਨਾਹ ਅਜੀਬ ਤਰੀਕੇ ਨਾਲ ਕੁਝ ਵੱਖਰੇ ਨਜ਼ਰ ਆਏ। ਖਾਣੇ ਦੌਰਾਨ ਮਾਊਂਟਬੈਟਨ ਫ਼ਾਤਿਮਾ ਜਿਨਾਹ ਅਤੇ ਬੇਗ਼ਮ ਲਿਆਕਤ ਅਲੀ ਦੇ ਵਿਚਕਾਰ ਬੈਠੇ ਹੋਏ ਸਨ।
ਮਾਊਂਟਬੈਟਨ ਲਿਖਦੇ ਹਨ, “ਉਹ ਦੋਵੇਂ ਅਗਲੇ ਹੀ ਦਿਨ ਦਿੱਲੀ ’ਚ ਅੱਧੀ ਰਾਤ ਨੂੰ ਹੋਣ ਵਾਲੇ ਸਮਾਗਮ ਦੇ ਬਾਰੇ ’ਚ ਇਹ ਕਹਿ ਕਿ ਮੇਰੀ ਲੱਤ ਖਿੱਚ ਰਹੀਆਂ ਸਨ ਕਿ ਇੱਕ ਜ਼ਿੰਮੇਵਾਰ ਸਰਕਾਰ ਦਾ ਜੋਤਸ਼ੀਆਂ ਵੱਲੋਂ ਕੱਢੇ ਮਹੂਰਤ ’ਤੇ ਚੱਲਣਾ ਕਿੰਨਾ ਅਜੀਬ ਹੈ।”
“ਮੈਂ ਉਨ੍ਹਾਂ ਨੂੰ ਇਹ ਜਵਾਬ ਦਿੰਦਾ-ਦਿੰਦਾ ਰਹਿ ਗਿਆ ਕਿ ਕਰਾਚੀ ’ਚ ਹੋਣ ਵਾਲੀ ਦਾਅਵਤ ਦਾ ਸਮਾਂ ਵੀ ਤਾਂ ਇਸ ਲਈ ਬਦਲਿਆ ਗਿਆ ਹੈ ਕਿਉਂਕਿ ਜਿਨਾਹ ਨੂੰ ਯਾਦ ਹੀ ਨਹੀਂ ਸੀ ਕਿ ਰਮਜ਼ਾਨ ਚੱਲ ਰਹੇ ਹਨ, ਨਹੀਂ ਤਾਂ ਉਹ ਤਾਂ ਦੁਪਹਿਰ ਦੇ ਖਾਣੇ ’ਤੇ ਸੱਦਣਾ ਚਾਹੁੰਦੇ ਸਨ। ਜਿਸ ਨੂੰ ਕਿ ਉਨ੍ਹਾਂ ਨੇ ਫਿਰ ਰਾਤ ਦੇ ਖਾਣੇ ਦੀ ਦਾਅਵਤ ’ਚ ਬਦਲ ਦਿੱਤਾ ਸੀ।”

ਤਸਵੀਰ ਸਰੋਤ, Getty Images
ਜਿਨਾਹ ਦੀ ਕੁਰਸੀ ਉੱਚੀ ਰੱਖਣ ’ਤੇ ਵਿਵਾਦ
ਸਹੁੰ ਚੁੱਕ ਸਮਾਗਮ ਦੌਰਾਨ ਜਿਨਾਹ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਕੁਰਸੀ ਮਾਊਂਟਬੈਟਨ ਦੀ ਕੁਰਸੀ ਤੋਂ ਉੱਚੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਪਾਕਿਸਤਾਨ ਦੇ ਗਵਰਨਰ ਜਨਰਲ ਅਤੇ ਪਾਕਿਸਤਾਨ ਸੰਵਿਧਾਨ ਸਭਾ ਦੇ ਮੁਖੀ ਸਨ।
ਖ਼ਾਨ ਅਬਦੁੱਲ ਵਲੀ ਖ਼ਾਨ ਆਪਣੀ ਕਿਤਾਬ ‘ਫੈਕਟਸ ਆਰ ਫੈਲਟਸ’ ’ਚ ਲਿਖਦੇ ਹਨ, “ਜਿਨਾਹ ਦੀ ਫਰਮਾਇਸ਼ ਤੋਂ ਅੰਗਰੇਜ਼ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ਜਿਨਾਹ ਗਵਰਨਰ ਜਨਰਲ ਦਾ ਅਹੁਦਾ ਉਦੋਂ ਹੀ ਸੰਭਾਲਣਗੇ ਜਦੋਂ ਮਾਊਂਟਬੈਟਨ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਉਣਗੇ।”
“ਜਦੋਂ ਤੱਕ ਅਜਿਹਾ ਨਹੀਂ ਹੁੰਦਾ ਅਤੇ ਸਾਰੀ ਸ਼ਕਤੀ ਉਨ੍ਹਾਂ ਦੇ ਹੱਥ ’ਚ ਨਹੀਂ ਆਉਂਦੀ, ਉਦੋਂ ਤੱਕ ਜਿਨਾਹ ਦਾ ਕੋਈ ਵੀ ਅਧਿਕਾਰਤ ਅਹੁਦਾ ਨਹੀਂ ਹੈ। ਜਿਨਾਹ ਨੇ ਬਹੁਤ ਹੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਇਸ ਦਲੀਲ ਨੂੰ ਮੰਨਿਆ ਸੀ।”

ਤਸਵੀਰ ਸਰੋਤ, Getty Images
ਜਿਨਾਹ ਦੇ ਕਤਲ ਦੇ ਯਤਨ ਦੀ ਖੁਫ਼ੀਆ ਰਿਪੋਰਟ
ਇਸ ਦੌਰਾਨ ਸੀਆਈਡੀ ਤੋਂ ਖ਼ਬਰ ਆਈ ਕਿ ਸਹੁੰ ਚੁੱਕ ਸਮਾਗਮ ’ਚ ਜਾਂਦੇ ਜਾਂ ਫਿਰ ਉੱਥੋਂ ਆਉਂਦੇ ਸਮੇਂ ਕੁਝ ਲੋਕ ਜਿਨਾਹ ’ਤੇ ਬੰਬ ਸੁੱਟ ਕੇ ਉਨ੍ਹਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨਗੇ।
ਸੀਆਈਡੀ ਅਧਿਕਾਰੀ ਨੇ ਮਾਊਂਟਬੈਟਨ ਨੂੰ ਦੱਸਿਆ, “ਜਿਨਾਹ ਖੁੱਲ੍ਹੀ ਕਾਰ ’ਚ ਜਾਣ ਲਈ ਜ਼ੋਰ ਦੇ ਰਹੇ ਹਨ। ਤੁਸੀਂ ਬਹੁਤ ਹੀ ਘੱਟ ਰਫ਼ਤਾਰ ਨਾਲ ਅੱਗੇ ਵਧੋਗੇ।“
“ਸਾਡੇ ਕੋਲ ਤੁਹਾਨੂੰ ਬਚਾਉਣ ਲਈ ਬਹੁਤ ਹੀ ਘੱਟ ਸਾਧਨ ਸਨ। ਤੁਸੀਂ ਜਿਨਾਹ ਨੂੰ ਜਲੂਸ ’ਚ ਜਾਣ ਦਾ ਵਿਚਾਰ ਛੱਡਣ ਲਈ ਗੁਜ਼ਾਰਿਸ਼ ਕਰੋ। ਪਰ ਜਿਨਾਹ ਨੇ ਮਾਊਂਟਬੈਟਨ ਦੀ ਇਹ ਗੱਲ ਨਾ ਮੰਨੀ।“
ਜਿਨਾਹ ਦਾ ਮੰਨਣਾ ਸੀ ਕਿ ਕਰਾਚੀ ਦੀਆਂ ਸੜਕਾਂ ’ਤੇ ਬੰਦ ਕਾਰ ’ਚ ਜਾਣਾ ਕਾਇਰਤਾ ਦੀ ਨਿਸ਼ਾਨੀ ਮੰਨਿਆ ਜਾਵੇਗਾ। ਉਹ ਇਸ ਤਰ੍ਹਾਂ ਦਾ ਕੰਮ ਕਰਕੇ ਨਵੇਂ ਮੁਲਕ ਦੇ ਉਭਾਰ ਨੂੰ ਨੀਵਾਂ ਨਹੀਂ ਵਿਖਾਉਣਗੇ।
ਫਿਰ ਜਿਨਾਹ ਨੂੰ ਸੰਵਿਧਾਨ ਸਭਾ ਦੇ ਹਾਲ ਤੱਕ ਇੱਕ ਅਜਿਹੇ ਰਸਤੇ ਰਾਹੀਂ ਲੈ ਕੇ ਗਏ ਜਿੱਥੇ ਭਾਰੀ ਸੁਰੱਖਿਆ ਤੈਨਾਤ ਸੀ।
ਸਹੁੰ ਚੁੱਕ ਸਮਾਗਮ ਦੌਰਾਨ ਨੇਵੀ ਦੀ ਚਿੱਟੀ ਵਰਦੀ ਪਹਿਨੇ ਮਾਊਂਟਬੈਟਨ ਦੇ ਨਾਲ ਦੀ ਕੁਰਸੀ ’ਤੇ ਜਿਨਾਹ ਬੈਠੇ। ਮਾਊਂਟਬੈਟਨ ਨੇ ਆਪਣੇ ਭਾਸ਼ਣ ’ਚ ਬ੍ਰਿਟੇਨ ਦੇ ਰਾਜਾ ਵੱਲੋਂ ਨਵੇਂ ਰਾਸ਼ਟਰ ਨੂੰ ਵਧਾਈ ਪੇਸ਼ ਕੀਤੀ।
ਜਿਨਾਹ ਨੇ ਕਿਹਾ, “ਪਾਕਿਸਤਾਨ ਦੀ ਸੰਵਿਧਾਨ ਸਭਾ ਅਤੇ ਮੈਂ ਆਪਣੇ ਵੱਲੋਂ ਹਿਜ਼ ਮੈਜੇਸਟੀ ਦਾ ਧੰਨਵਾਦ ਕਰਦਾ ਹਾਂ। ਅਸੀਂ ਦੋਸਤਾਂ ਦੀ ਤਰ੍ਹਾਂ ਵਿਦਾ ਲੈ ਰਹੇ ਹਾਂ।”
ਕੈਂਪਬੇਲ ਜੌਹਨਸਨ ਆਪਣੀ ਕਿਤਾਬ ‘ਮਾਊਂਟਬੈਟਨ’ ’ਚ ਲਿਖਦੇ ਹਨ, “ਜਿਵੇਂ ਹੀ ਜਿਨਾਹ ਆਪਣਾ ਸੰਬੋਧਨ ਪੂਰਾ ਕਰ ਕੇ ਬੈਠੇ, ਐਡਵਿਨਾ ਨੇ ਫ਼ਾਤਿਮਾ ਜਿਨਾਹ ਦਾ ਹੱਥ ਬਹੁਤ ਹੀ ਪਿਆਰ ਨਾਲ ਦਬਾਇਆ। ਜਿਨਾਹ ਦੀ ਸ਼ਖਸੀਅਤ ’ਚ ਇੱਕ ਠੰਡਾਪਨ ਅਤੇ ਦੂਰੀ ਜ਼ਰੂਰ ਸੀ ਪਰ ਉਸ ’ਚ ਇੱਕ ਵਿਲੱਖਣ ਆਕਰਸ਼ਣ ਵੀ ਮੌਜੂਦ ਸੀ।”

ਤਸਵੀਰ ਸਰੋਤ, Getty Images
ਮਾਊਂਟਬੈਟਨ ਅਤੇ ਜਿਨਾਹ ਦਰਮਿਆਨ ਤਣਾਅ
ਜਦੋਂ ਜਿਨਾਹ ਅਤੇ ਮਾਊਂਟਬੈਟਨ ਇਕੱਠੇ ਤੁਰਦੇ ਹੋਏ ਅਸੈਂਬਲੀ ਹਾਲ ਤੋਂ ਬਾਹਰ ਆਏ ਤਾਂ ਇੱਕ ਕਾਲੇ ਰੰਗ ਦੀ ਰੋਲਸ ਰਾਇਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।
ਮਾਊਂਟਬੈਟਨ ਦਾ ਮੰਨਣਾ ਸੀ ਕਿ ਜੇਕਰ ਜਿਨਾਹ ਨੂੰ ਮਾਰਨ ਦੀ ਕੋਸ਼ਿਸ਼ ਹੋਈ ਤਾਂ ਉਹ ਉਸ ਸਮੇਂ ਹੋਵੇਗੀ ਜਦੋਂ ਉਹ ਖੁੱਲ੍ਹੀ ਗੱਡੀ ’ਚ ਸਰਕਾਰੀ ਰਿਹਾਇਸ਼ ਵੱਲ ਪਰਤ ਰਹੇ ਹੋਣਗੇ।
ਮਾਊਂਟਬੈਟਨ ਲਿਖਦੇ ਹਨ, “ਮੈਨੂੰ ਲੱਗਿਆ ਕਿ ਜਿਨਾਹ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੋ ਸਕਦਾ ਸੀ ਕਿ ਮੈਂ ਜ਼ੋਰਦਾਰ ਢੰਗ ਨਾਲ ਇੱਕ ਹੀ ਗੱਡੀ ’ਚ ਉਨ੍ਹਾਂ ਦੇ ਨਾਲ ਜਾਣ ਦੀ ਇੱਛਾ ਪ੍ਰਗਟ ਕਰਾਂ।“
“ਮੈਨੂੰ ਪਤਾ ਸੀ ਕਿ ਭੀੜ ’ਚੋਂ ਕੋਈ ਵੀ ਵਿਅਕਤੀ ਮੇਰੇ ’ਤੇ ਗੋਲੀ ਚਲਾਉਣ ਜਾਂ ਫਿਰ ਬੰਬ ਸੁੱਟਣ ਦੀ ਹਿੰਮਤ ਨਹੀਂ ਕਰੇਗਾ।”
ਡੋਮਿਨਿਕ ਲਾਪੀਅਰ ਅਤੇ ਲੈਰੀ ਕੋਲਿਨਜ਼ ਲਿਖਦੇ ਹਨ, “ਕਾਰ ਬਹੁਤ ਹੀ ਹੌਲੀ ਚੱਲ ਰਹੀ ਸੀ। ਸੜਕ ਦੇ ਦੋਵੇਂ ਪਾਸਿਆਂ ਅਤੇ ਛੱਤਾਂ ’ਤੇ ਖੜ੍ਹੇ ਲੋਕ ਪਾਕਿਸਤਾਨ, ਜਿਨਾਹ ਅਤੇ ਮਾਊਂਟਬੈਟਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।“
“ਮਾਊਂਟਬੈਟਨ ਨੂੰ ਯਾਦ ਆਇਆ ਕਿ ਇੱਕ ਵਾਰ ਬੰਗਾਲ ਦੇ ਗਵਰਨਰ ਦੇ ਮਿਲਟਰੀ ਸਕੱਤਰ ਨੇ ਉਨ੍ਹਾਂ ’ਤੇ ਸੁੱਟੇ ਗਏ ਬੰਬ ਨੂੰ ਕੈਚ ਕਰ ਕੇ ਵਾਪਸ ਹਮਲਾਵਰ ’ਤੇ ਹੀ ਸੁੱਟ ਦਿੱਤਾ ਸੀ। ਪਰ ਫਿਰ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਉਨ੍ਹਾਂ ਨੂੰ ਤਾਂ ਕ੍ਰਿਕਟ ਦੀ ਗੇਂਦ ਤੱਕ ਕੈਚ ਕਰਨੀ ਨਹੀਂ ਆਉਂਦੀ ਹੈ।”

ਤਸਵੀਰ ਸਰੋਤ, Getty Images
ਮਾਊਂਟਬੈਟਨ ਅਤੇ ਜਿਨਾਹ ਦਰਮਿਆਨ ਟਕਰਾਅ
ਕਾਰ ’ਚ ਬੈਠੇ ਜਿਨਾਹ ਅਤੇ ਮਾਊਂਟਬੈਟਨ ਆਪਣੀ ਪਰੇਸ਼ਾਨੀ ਨੂੰ ਆਪਣੀ ਮੁਸਕਰਾਹਟ ਹੇਠ ਦਬਾਉਣ ਦਾ ਯਤਨ ਕਰ ਰਹੇ ਸਨ। ਉਹ ਦੋਵੇਂ ਇੰਨੇ ਤਣਾਅ ’ਚ ਸਨ ਕਿ ਇਸ ਪੂਰੇ ਸਫ਼ਰ ਦੌਰਾਨ ਉਨ੍ਹਾਂ ਦੋਵਾਂ ਨੇ ਇੱਕ-ਦੂਜੇ ਨਾਲ ਇੱਕ ਵੀ ਸ਼ਬਦ ਸਾਂਝਾ ਨਹੀਂ ਕੀਤਾ ਸੀ।
ਡੋਮਿਨਿਕ ਲਾਪੀਅਰ ਅਤੇ ਲੈਰੀ ਕੋਲਿਨਜ਼ ਅੱਗੇ ਲਿਖਦੇ ਹਨ, “ਜਿਵੇਂ ਹੀ ਕਾਰ ਆਪਣੀ ਮੰਜ਼ਿਲ ’ਤੇ ਆ ਕੇ ਰੁਕੀ, ਜਿਨਾਹ ਪਹਿਲੀ ਵਾਰ ਸਹਿਜ ਨਜ਼ਰ ਆਏ। ਆਦਤ ਦੇ ਉਲਟ ਪਹਿਲੀ ਵਾਰ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ। ਉਨ੍ਹਾਂ ਨੇ ਮਾਊਂਟਬੈਟਨ ਦੇ ਗੋਡਿਆਂ ’ਤੇ ਹੱਥ ਰੱਖਦਿਆਂ ਕਿਹਾ, “ਖ਼ੁਦਾ ਦਾ ਸ਼ੁਕਰ ਹੈ ਕਿ ਮੈਂ ਤੁਹਾਨੂੰ ਜ਼ਿੰਦਾ ਬਚਾ ਲਿਆਇਆ।”
ਮਾਊਂਟਬੈਟਨ ਦਾ ਜਵਾਬ ਸੀ, “ਜਾਣ ਦਿਓ, ਤੁਸੀਂ ਨਹੀਂ ਮੈਂ ਤੁਹਾਨੂੰ ਇੱਥੇ ਜ਼ਿੰਦਾ ਲੈ ਕੇ ਆਇਆ ਹਾਂ।”
ਜਿਨਾਹ ਆਪਣੇ ਆਖ਼ਰੀ ਸਾਹਾਂ ਤੱਕ ਇਹ ਹੀ ਮੰਨਦੇ ਰਹੇ ਕਿ ਪਾਕਿਸਤਾਨ ਉਨ੍ਹਾਂ ਤੋਂ ਬਿਨ੍ਹਾਂ ਨਹੀਂ ਬਣ ਸਕਦਾ ਸੀ।
ਇੱਕ ਵਾਰ ਇਸਕੰਦਰ ਮਿਰਜ਼ਾ, ਜੋ ਕਿ ਬਾਅਦ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ ਸਨ, ਨੇ ਉਨ੍ਹਾਂ ਨੂੰ ਕਿਹਾ ਸੀ, “ ਸਾਨੂੰ ਮੁਸਲਿਮ ਲੀਗ ਦਾ ਖਿਆਲ ਰੱਖਣਾ ਚਾਹੀਦਾ ਹੈ, ਆਖ਼ਰਕਾਰ ਉਨ੍ਹਾਂ ਨੇ ਸਾਨੂੰ ਪਾਕਿਸਤਾਨ ਦਿੱਤਾ ਹੈ।”
ਜਿਨਾਹ ਨੇ ਰੋਬ ਅਤੇ ਗੁੱਸੇ ’ਚ ਆ ਕੇ ਜਵਾਬ ਦਿੱਤਾ ਸੀ, “ਤੁਹਾਨੂੰ ਕਿਸੇ ਨੇ ਦੱਸਿਆ ਹੈ ਕਿ ਮੁਸਲਿਮ ਲੀਗ ਨੇ ਸਾਨੂੰ ਪਾਕਿਸਤਾਨ ਦਿੱਤਾ ਹੈ? ਮੈਂ ਪਾਕਿਸਤਾਨ ਨੂੰ ਹੋਂਦ ’ਚ ਲੈ ਕੇ ਆਇਆ ਹਾਂ ਅਤੇ ਇਸ ਮੁਹਿੰਮ ’ਚ ਮੇਰੇ ਸਟੇਨੋਗ੍ਰਾਫ਼ਰ ਨੇ ਮੇਰੀ ਮਦਦ ਕੀਤੀ ਹੈ।”
ਬੀਬੀਸੀ ਦੇ ਲਈ ਕੁਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












