ਕੇਕੀ ਮੂਸ: 50 ਸਾਲ ਤੱਕ ਹਰ ਰੋਜ਼ ਪੰਜਾਬ ਮੇਲ ਦੀ ਰਾਹ ਦੇਖਦਾ ਰਿਹਾ, ਆਖ਼ਰੀ ਸਾਹ ਤੱਕ ਪ੍ਰੇਮਿਕਾ ਦੀ ਉਡੀਕ ਕਰਨ ਵਾਲਾ 'ਵੱਡਾ ਕਲਾਕਾਰ'

ਕੇਕੀ ਮੂਸ

ਤਸਵੀਰ ਸਰੋਤ, KAMLAKAR SAMANT

ਤਸਵੀਰ ਕੈਪਸ਼ਨ, ਕੇਕੀ ਮੂਸ ਨੇ 50 ਸਾਲ ਤੱਕ ਆਪਣੀ ਪ੍ਰਮਿਕਾ ਦਾ ਇੰਤਜ਼ਾਰ ਕੀਤਾ
    • ਲੇਖਕ, ਪ੍ਰਿਅੰਕਾ ਜਗਤਾਪ
    • ਰੋਲ, ਬੀਬੀਸੀ ਪੱਤਰਕਾਰ

ਕੇਕੀ ਮੂਸ ਇੱਕ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਹੈ ਜਿਨ੍ਹਾਂ ਨੇ ਕਦੇ ਵੀ ਆਪਣੇ ਘਰ ਦੀ ਦਹਿਲੀਜ਼ ਪਾਰ ਨਹੀਂ ਕੀਤੀ, 50 ਸਾਲਾਂ ਤੋਂ ਚਾਲੀਸਗਾਓਂ ਵਰਗੀ ਥਾਂ ਵਿੱਚ ਆਪਣੇ ਪਿਆਰੇ ਦਾ ਇੰਤਜ਼ਾਰ ਕਰਦੇ ਰਹੇ, ਜਿਨ੍ਹਾਂ ਨੇ 300 ਤੋਂ ਵੱਧ ਮੈਡਲ ਜਿੱਤੇ।

ਉਨ੍ਹਾਂ ਨੇ ਉਸ ਪੱਥਰ ਦੀ ਹਵੇਲੀ ਵਿੱਚ ਕੈਦ ਰਹਿੰਦਿਆਂ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਕਲਾ ਕਿਰਤਾਂ ਨੂੰ ਜਨਮ ਦਿੱਤਾ। ਇਸ ਮਹਾਨ ਕਲਾਕਾਰ ਨੇ ਲਗਭਗ ਪੰਜ ਦਹਾਕੇ ਵਿਜਨਾਵਾਸ ਵਿੱਚ ਬਿਤਾਏ।

ਰੋਜ਼ ਅੱਧੀ ਰਾਤ ਨੂੰ ਆਉਣ ਵਾਲੀ ਟਰੇਨ ਦੇ ਡੱਬਿਆਂ 'ਤੇ ਨਜ਼ਰ ਰੱਖਣ ਵਾਲਾ ਇਹ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਸਵਾਗਤ ਲਈ ਰੋਜ਼ਾਨਾ ਤਿਆਰੀਆਂ ਕਰਦਾ ਸੀ।

ਆਓ ਜਾਣਦੇ ਹਾਂ ਕੇਕੀ ਮੂਸ ਬਾਰੇ ਜਿਨ੍ਹਾਂ ਨੇ ਆਪਣੇ ਆਖ਼ਰੀ ਸਾਹ ਤੱਕ ਖ਼ੁਦ ਨੂੰ ਕਲਾ ਅਤੇ ਪ੍ਰੇਮ ਲਈ ਸਮਰਪਿਤ ਕਰ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪ੍ਰੇਮਿਕਾ ਦਾ 50 ਸਾਲ ਤੱਕ ਇੰਤਜ਼ਾਰ

ਕੇਕੀ ਦੀ ਇਹ ਪ੍ਰੇਮ ਕਹਾਣੀ ਇੱਕ ਦੰਤਕਥਾ ਵਰਗੀ ਹੈ। ਆਪਣੀ ਪ੍ਰੇਮਿਕਾ ਵੱਲੋਂ ਕੀਤੇ ਵਾਅਦੇ 'ਤੇ ਯਕੀਨ ਕਰਦਿਆਂ ਲਗਭਗ 50 ਸਾਲਾਂ ਤੋਂ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਤੱਕ ਉਸ ਦਾ ਇੰਤਜ਼ਾਰ ਕਰਨ ਵਾਲੇ ਇਸ ਪ੍ਰੇਮੀ ਨੇ ਪੰਜਾਬ ਮੇਲ ਟਰੇਨ ਦੇ ਆਉਣ ਤੱਕ ਹਰ ਰੋਜ਼ ਰੋਟੀ ਨਹੀਂ ਖਾਧੀ ਸੀ।

ਖਾਨਦੇਸ਼ ਦੇ ਇੱਕ ਮਹਾਨ ਕਲਾਕਾਰ ਕਾਲ ਮਹਾਰਿਸ਼ੀ ਕੇਕੀ ਮੂਸ ਨੇ ਚਾਲੀਸਗਾਓਂ ਵਿੱਚ 'ਮੂਸ ਆਰਟ ਗੈਲਰੀ' ਬਣਾਈ।

ਕਲਾ ਮਹਾਰਿਸ਼ੀ ਕੇਕੀ ਮੂਸ ਆਰਟ ਗੈਲਰੀ ਦੇ ਟਰੱਸਟੀ ਅਤੇ ਕਾਰਜਕਾਰੀ ਸਕੱਤਰ ਕਮਲਾਕਰ ਸਾਮੰਤ ਕੇਕੀ ਮੂਸ ਨਾਲ ਪਹਿਲੀ ਵਾਰ ਉਨ੍ਹਾਂ ਦੇ ਸਕੂਲ ਦੇ ਦਿਨਾਂ ਵਿੱਚ ਚਾਲੀਸਗਾਓਂ ਵਿੱਚ ਮਿਲੇ ਸਨ।

ਉਨ੍ਹਾਂ ਦੀ ਜਾਣਕਾਰੀ ਮੁਤਾਬਕ ਕੇਕੀ ਦੀ ਗਰਲਫਰੈਂਡ ਸੀ।

ਜਿਸ ਦਿਨ ਕੇਕੀ ਮੁੰਬਈ ਤੋਂ ਚਾਲੀਸਗਾਓਂ ਲਈ ਇਕੱਲੇ ਨਿਕਲੇ, ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਨੂੰ ਮੁੰਬਈ ਦੇ ਵਿਕਟੋਰੀਆ ਟਰਮਿਸ, ਜੋ ਹੁਣ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਸ ਹੈ, ਛੱਡਣ ਆਈ ਸੀ।

ਫਿਰ ਉਸ ਨੇ ਕੇਕੀ ਮੂਸ ਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਉਸ ਨਾਲ ਵਾਅਦਾ ਕੀਤਾ ਕਿ ਇੱਕ ਦਿਨ ਉਹ ਪੰਜਾਬ ਮੇਲ ਰਾਹੀਂ ਚਾਲੀਸਗਾਓਂ ਜ਼ਰੂਰ ਆਵੇਗੀ ਅਤੇ ਉਨ੍ਹਾਂ ਨਾਲ ਖਾਣਾ ਖਾਵੇਗੀ।

ਇਸ ਲਈ ਕੇਕੀ ਮੂਸ, ਜੋ ਆਪਣੀ ਪ੍ਰਮਿਕਾ ਵੱਲੋਂ ਦਿੱਤੇ ਗਏ ਵਾਅਦੇ ʼਤੇ ਵਿਸ਼ਵਾਸ ਕਰਦੇ ਸਨ, ਟ੍ਰੇਨ ਆਉਣ ʼਤੇ ਬੰਗਲੇ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹ ਦਿੰਦੇ ਸਨ, ਜੋ ਪੂਰਾ ਦਿਨ ਬੰਦ ਰਹਿੰਦੇ ਸਨ।

ਲਾਈਟਾਂ ਜਗਾ ਦਿੱਤੀਆਂ ਜਾਂਦੀਆਂ ਸਨ, ਰੋਜ਼ਾਨਾ ਬਗ਼ੀਚੇ ʼਚੋਂ ਤਾਜ਼ੇ ਫੁੱਲ ਤੋੜ ਕੇ ਖ਼ੁਦ ਗੁਲਦਸਤਾ ਤਿਆਰ ਕਰਦੇ ਸਨ।

ਬਾਅਦ ਵਿੱਚ, ਜਦੋਂ ਉਨ੍ਹਾਂ ਦੇ ਬਗ਼ੀਚੇ ਵਿੱਚ ਫੁੱਲ ਘੱਟ ਹੋ ਗਏ ਤਾਂ ਉਨ੍ਹਾਂ ਨੇ ਸਜਾਵਟੀ ਕਾਗ਼ਜ਼ ਦੇ ਫੁੱਲਾਂ ਦਾ ਇੱਕ ਗੁੱਛਾ ਹਮੇਸ਼ਾ ਲਈ ਤਿਆਰ ਕਰ ਲਿਆ ਸੀ।

ਉਹ ਰੋਜ਼ ਰਾਤ ਨੂੰ ਦੋ ਲੋਕਾਂ ਲਈ ਖਾਣਾ ਵੀ ਬਣਾਉਂਦੇ ਸਨ। ਇਸ ਤਰ੍ਹਾਂ ਉਹ ਆਪਣੀ ਪ੍ਰਮਿਕਾ ਦੇ ਸੁਆਗਤ ਲਈ ਰੋਜ਼ਾਨਾ ਤਿਆਰੀ ਕਰਦੇ ਸਨ।

ਕਮਲਾਕਰ ਸਾਮੰਤ ਕਹਿੰਦੇ ਹਨ, "ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਕੀਤਾ ਵਾਅਦਾ ਅੰਤ ਤੱਕ ਨਿਭਾਇਆ। ਰੋਜ਼ਾਨਾ ਉਹ ਪੰਜਾਬ ਮੇਲ ਟਰੇਨ ਦੇ ਜਾਣ ਤੋਂ ਬਾਅਦ ਹੀ ਖਾਣਾ ਖਾਂਦੇ ਸਨ। ਇੱਥੋਂ ਤੱਕ ਉਨ੍ਹਾਂ ਦੀ ਆਖ਼ਰੀ ਰਾਤ ਵੀ 31 ਦਸੰਬਰ 1989 ਨੂੰ ਪੰਜਾਬ ਮੇਲ ਦੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਖਾਣਾ ਖਾਧਾ ਸੀ।"

ਸਾਮੰਤ ਮੁਤਾਬਕ ਕੇਕੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪੱਤਰ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਚਿੱਠੀ ਉਨ੍ਹਾਂ ਦੀ ਪ੍ਰੇਮਿਕਾ ਦੀ ਹੈ।

ਉਨ੍ਹਾਂ ਨੇ ਕਿਹਾ ਕਿ ਦੂਜਾ ਪੱਤਰ ਕਿਸੇ ਰਿਸ਼ਤੇਦਾਰ ਹਾਥੀਖਾਣ ਦਾ ਹੈ। ਉਸ ਚਿੱਠੀ ਵਿੱਚ ਹਾਥੀਖਾਣ ਵਾਲਾ ਨੇ ਕੇਕੀ ਨੂੰ ਲਿਖਿਆ ਸੀ ਕਿ ਉਨ੍ਹਾਂ ਦੀ ਪ੍ਰੇਮਿਕਾ ਨੂੰ ਲੰਡਨ ਭੇਜ ਦਿੱਤਾ ਗਿਆ ਹੈ ਅਤੇ ਉਸ ਦਾ ਵਿਆਹ ਉੱਥੇ ਹੀ ਕਰ ਦਿੱਤਾ ਗਿਆ ਹੈ।

ਹਾਲਾਂਕਿ, ਸਾਮੰਤ ਨੇ ਖੁਲਾਸਾ ਕੀਤਾ ਹੈ ਕਿ ਕੇਕੀ ਨੇ ਉਹ ਪੱਤਰ ਕਦੇ ਨਹੀਂ ਪੜਿਆ।

ਕੇਕੀ ਮੂਸ

ਤਸਵੀਰ ਸਰੋਤ, KAMLAKAR SAMANT

ਤਸਵੀਰ ਕੈਪਸ਼ਨ, ਨੀਲੋਫਰ ਦੇ ਮਾਤਾ-ਪਿਤਾ ਇਸ ਰਿਸ਼ਤੇ ਤੋਂ ਬਹੁਤੇ ਖੁਸ਼ ਨਹੀਂ ਸਨ

ʻਉਹʼ ਕੌਣ ਸੀ

ਮੁੰਬਈ 'ਚ ਪੜ੍ਹਦਿਆਂ ਕੇਕੀ ਦੀ ਦੋਸਤੀ ਨੀਲੋਫਰ ਮੋਦੀ ਨਾਂ ਦੀ ਕੁੜੀ ਨਾਲ ਹੋਈ। ਬਾਅਦ ਵਿੱਚ ਇਹ ਦੋਸਤੀ ਪਿਆਰ ਵਿੱਚ ਬਦਲ ਗਈ।

ਆਪਣੀ ਸਾਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਕੇਕੀ ਮੂਸ ਨੇ ਚਾਲੀਸਗਾਓਂ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਅਤੇ ਨੀਲੋਫਰ ਵਿਚਾਲੇ ਹਮੇਸ਼ਾ ਲਈ ਇੱਕ ਦਰਾਰ ਪੈਦਾ ਹੋ ਗਈ।

ਕਿਉਂਕਿ ਭਾਵੇਂ ਕੇਕੀ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਸੀ ਪਰ ਨੀਲੋਫਰ ਅਮੀਰ ਪਰਿਵਾਰ ਵਿੱਚੋਂ ਸੀ।

ਇਸ ਲਈ ਨੀਲੋਫਰ ਦੇ ਮਾਤਾ-ਪਿਤਾ ਇਸ ਰਿਸ਼ਤੇ ਤੋਂ ਬਹੁਤੇ ਖੁਸ਼ ਨਹੀਂ ਸਨ ਪਰ ਉਹ ਵਿਆਹ ਲਈ ਰਾਜ਼ੀ ਹੋ ਗਏ।

ਹਾਲਾਂਕਿ, ਨੀਲੋਫਰ ਦੇ ਮਾਤਾ-ਪਿਤਾ ਉਸ ਦੇ ਮੁੰਬਈ ਛੱਡ ਕੇ ਚਾਲੀਸਗਾਓਂ ਵਰਗੀ ਜਗ੍ਹਾ 'ਤੇ ਰਹਿਣ ਨਾਲ ਸਹਿਮਤ ਨਹੀਂ ਸਨ।

ਭਾਵੇਂ ਨੀਲੋਫਰ ਕੇਕੀ ਨਾਲ ਚਾਲੀਸਗਾਓਂ ਜਾਣ ਲਈ ਤਿਆਰ ਸੀ, ਪਰ ਉਨ੍ਹਾਂ ਦੇ ਮਾਪਿਆਂ ਨੇ ਨੀਲੋਫਰ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਪਰ ਜਦੋਂ ਕੇਕੀ ਮੁੰਬਈ ਤੋਂ ਚਾਲੀਸਗਾਓਂ ਲਈ ਰਵਾਨਾ ਹੋਏ ਤਾਂ ਨੀਲੋਫਰ ਨੇ ਇੱਕ ਦਿਨ ਉਨ੍ਹਾਂ ਨੂੰ ਮਿਲਣ ਲਈ ਚਾਲੀਸਗਾਓਂ ਆਉਣ ਦਾ ਵਾਅਦਾ ਕੀਤਾ।

ਉਸ ਇੱਕ ਵਾਅਦੇ ਤੋਂ ਬਾਅਦ ਕੇਕੀ ਨੇ ਆਪਣੀ ਪੂਰੀ ਜ਼ਿੰਦਗੀ ਇੰਤਜ਼ਾਰ ਵਿੱਚ ਬਿਤਾ ਦਿੱਤੀ।

ਨੀਲੋਫਰ ਮੋਦੀ

ਤਸਵੀਰ ਸਰੋਤ, KAMLAKAR SAMANT

50 ਸਾਲਾਂ ਵਿੱਚ ਸਿਰਫ਼ ਦੋ ਵਾਰ ਘਰੋਂ ਬਾਹਰ ਨਿੱਕਲੇ

ਕੇਕੀ 50 ਸਾਲਾਂ ਵਿੱਚ ਸਿਰਫ਼ ਦੋ ਵਾਰ ਹੀ ਘਰੋਂ ਬਾਹਰ ਗਏ ਸਨ। ਬੀਬੀਸੀ ਮਰਾਠੀ ਨਾਲ ਇਸ ਬਾਰੇ ਚਰਚਾ ਕਰਦੇ ਹੋਏ ਕਮਲਾਕਰ ਸਾਮੰਤ ਨੇ ਕਿਹਾ, "ਕੇਕੀ ਨੇ ਖੁਦ 50 ਸਾਲ ਦੀ ਸਜ਼ਾ ਸਵੀਕਾਰ ਕੀਤੀ ਹੈ।"

"1939 ਤੋਂ 1989 ਤੱਕ ਦੇ 50 ਸਾਲਾਂ ਵਿੱਚ ਉਹ ਸਿਰਫ਼ ਦੋ ਵਾਰ ਘਰੋਂ ਨਿਕਲੇ ਸਨ। ਇੱਕ ਵਾਰ 1957 ਵਿੱਚ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਲਈ ਔਰੰਗਾਬਾਦ ਗਏ।"

"ਦੂਜੀ ਵਾਰ 1970 ਵਿੱਚ ਭੂਦਨ ਅੰਦੋਲਨ ਦੌਰਾਨ, ਉਹ ਵਿਨੋਬਾ ਭਾਵੇ ਦੀ ਫੋਟੋ ਖਿੱਚਣ ਲਈ ਚਾਲੀਸਗਾਓਂ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਗਏ। ਦਰਅਸਲ, ਵਿਨੋਬਾ ਭਾਵੇ ਦੇ ਭਰਾ ਸ਼ਿਵਾਜੀ ਨਰਹਰ ਭਾਵੇ ਕੇਕੀ ਦੇ ਖ਼ਾਸ ਮਿੱਤਰ ਸਨ। ਇਸ ਲਈ ਸ਼ਿਵਾਜੀ ਰਾਓ ਦੇ ਕਹਿਣ 'ਤੇ ਉਹ ਘਰੋਂ ਬਾਹਰ ਗਏ ਸਨ।"

ਉਹ ਅੱਗੇ ਦੱਸਦੇ ਹਨ, "ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਨੇ ਕੇਕੀ ਨੂੰ ਚਾਲੀਸਗਾਓਂ ਰੇਲਵੇ ਸਟੇਸ਼ਨ 'ਤੇ ਮਿਲਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਨਿਮਰਤਾ ਨਾਲ ਉਨ੍ਹਾਂ ਦਾ ਸੱਦਾ ਅਸਵੀਕਾਰ ਕੀਤਾ।"

"ਇਸ ਦੇ ਨਾਲ ਹੀ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਜੇਕਰ ਤੁਹਾਨੂੰ ਮੇਰਾ ਬਣਾਇਆ ਚਿੱਤਰ ਚਾਹੀਦਾ ਹੈ ਤਾਂ ਤੁਹਾਨੂੰ ਮੇਰੇ ਘਰ ਆਉਣਾ ਪਵੇਗਾ। ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ। ਫਿਰ ਪੰਡਿਤ ਜਵਾਹਰ ਲਾਲ ਨਹਿਰੂ ਖ਼ੁਦ ਕੇਕੀ ਨੂੰ ਮਿਲਣ ਉਨ੍ਹਾਂ ਘਰ ਗਏ ਸਨ।

ਭਾਵੇਂ ਕੇਕੀ ਘਰੋਂ ਬਾਹਰ ਨਹੀਂ ਨਿਕਲਦੇ ਸਨ ਪਰ ਕਈ ਬਜ਼ੁਰਗ ਕੇਕੀ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ।

ਇਸ ਵਿੱਚ ਜਵਾਹਰ ਲਾਲ ਨਹਿਰੂ, ਬਾਬਾ ਆਮਟੇ, ਅਚਾਰੀਆ ਅਤਰੇ, ਜੈਪ੍ਰਕਾਸ਼ ਨਰਾਇਣ, ਸਾਨੇ ਗੁਰੂ ਜੀ, ਮਹਾਰਿਸ਼ੀ ਢੋਡੋ ਕੇਸ਼ਵ ਕਰਵੇ, ਵਸੰਤ ਦੇਸਾਈ, ਪੰਡਿਤ ਮਹਾਦੇਵ ਸ਼ਾਸਤਰੀ ਜੋਸ਼ੀ, ਸ਼੍ਰੀ. ਐਮ ਮੇਟ, ਬਾਲਗੰਧਰਵ ਵਰਗੇ ਕਈ ਲੋਕ ਸ਼ਾਮਲ ਹਨ।

ਕੇਕੀ ਨੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਦੀਆਂ ਤਸਵੀਰਾਂ ਆਪਣੇ ਅਜਾਇਬ ਘਰ ਵਿੱਚ ਲਗਾਈਆਂ ਹਨ।

ਇਹ ਵੀ ਪੜ੍ਹੋ-

ਕਲਾ ਨਾਲ ਪਿਆਰ ਕਰਨ ਵਾਲਾ ਸ਼ੌਦਾਈ

ਕੇਕੀ ਮੂਸਾ ਫੋਟੋਗ੍ਰਾਫਰ ਵਜੋਂ ਵਿਸ਼ਵ ਪ੍ਰਸਿੱਧ ਸੀ। ਉਹ ਇੱਕ ਚਿੱਤਰਕਾਰ, ਸੰਗੀਤ ਪ੍ਰੇਮੀ, ਸੰਗੀਤ ਸੰਗ੍ਰਹਿਕਾਰ, ਉੱਤਮ ਮੂਰਤੀਕਾਰ, ਲੱਕੜ ʼਤੇ ਨਕਾਸ਼ੀ ਕਰਨ ਵਾਲਾ ਅਤੇ ਓਰੀਗਾਮੀ ਕਲਾਕਾਰ ਸੀ।

(ਓਰੀਗਾਮੀ ਦਾ ਅਰਥ ਹੈ ਵੱਖ-ਵੱਖ ਕਿਸਮਾਂ ਦੇ ਕਾਗਜ਼ ਨੂੰ ਜੋੜ ਕੇ ਵੱਖ-ਵੱਖ ਆਕਾਰ ਬਣਾਉਣਾ)।

ਇਸ ਤੋਂ ਇਲਾਵਾ ਕੇਕੀ ਇੱਕ ਮਹਾਨ ਲੇਖਕ, ਅਨੁਵਾਦਕ, ਦੁਭਾਸ਼ੀਏ ਅਤੇ ਦਾਰਸ਼ਨਿਕ ਸੀ। ਉਨ੍ਹਾਂ ਨੇ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਸੀ।

ਉਹ ਅੰਗਰੇਜ਼ੀ, ਫਰੈਂਚ, ਜਰਮਨ, ਹਿੰਦੀ, ਗੁਜਰਾਤੀ, ਉਰਦੂ ਅਤੇ ਮਰਾਠੀ ਭਾਸ਼ਾਵਾਂ ਜਾਣਦੇ ਸਨ।

ਕਿਤਾਬਾਂ ਇਕੱਠੀਆਂ ਕਰਨ ਅਤੇ ਆਪਣੀ ਲਾਇਬ੍ਰੇਰੀ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੇ 4000 ਦੇ ਕਰੀਬ ਕਿਤਾਬਾਂ ਇਕੱਠੀਆਂ ਕੀਤੀਆਂ ਸਨ। ਉਹ ਉਰਦੂ ਸ਼ਾਇਰੀ ਦੇ ਬਹੁਤ ਵੱਡੇ ਪ੍ਰਸ਼ੰਸ਼ਕ ਸੀ।

ਉਨ੍ਹਾਂ ਨੇ ਹੋਰ ਕਲਾਕਾਰਾਂ ਦੀਆਂ ਰਚਨਾਵਾਂ, ਲੱਕੜ ਦੀ ਨਕਾਸ਼ੀ, ਮੂਰਤੀਆਂ ਅਤੇ ਪੁਰਾਣੀਆਂ ਚੀਜ਼ਾਂ, ਦੁਰਲਭ ਪੁਰਾਣੇ ਮਿੱਟੀ ਦੇ ਭਾਂਡੇ, ਖਿਡੌਣੇ, ਪੁਰਾਣਾ ਫਰਨੀਚਰ, ਸਿੱਕੇ ਇਕੱਠੇ ਕੀਤੇ।

ਕੇਕੀ ਨੂੰ ਸੰਗੀਤ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੈਸੇਟਾਂ ਅਤੇ ਗ੍ਰਾਮੋਫੋਨ ਰਿਕਾਰਡ ਇਕੱਠੇ ਕਰਨ ਦਾ ਸ਼ੌਕ ਸੀ।

ਉਨ੍ਹਾਂ ਕੋਲ ਹਿੰਦੀ, ਮਰਾਠੀ, ਗੁਜਰਾਤੀ, ਰਾਜਸਥਾਨੀ ਗੀਤਾਂ ਦੇ ਨਾਲ-ਨਾਲ ਬਾਲ ਗੀਤ, ਭਾਵ ਗੀਤ, ਭਗਤੀ ਗੀਤ, ਭਜਨ, ਅਭੰਗ, ਗ਼ਜ਼ਲ, ਕੱਵਾਲੀ, ਕਜਰੀ, ਠੁਮਰੀ, ਰਾਗਦਾਰੀ ਆਦਿ ਵੱਖ-ਵੱਖ ਕਿਸਮਾਂ ਦੇ ਸੰਗੀਤ ਦਾ ਭੰਡਾਰ ਸੀ।

ਮੌਕ ਫੋਟੋਗ੍ਰਾਫੀ, ਪੋਰਟਰੇਟ, ਪੋਰਟਰੇਟ, ਜਾਨਵਰਾਂ ਦਾ ਅਧਿਐਨ, ਵਿਅੰਗ ਫੋਟੋਗ੍ਰਾਫੀ ਵਰਗੀਆਂ ਉਨ੍ਹਾਂ ਦੀਆਂ ਫੋਟੋਗ੍ਰਾਫਿਕ ਸ਼ੈਲੀਆਂ ਵੀ ਪ੍ਰਸਿੱਧ ਸਨ। ਉਨ੍ਹਾਂ ਦੀਆਂ ਤਸਵੀਰਾਂ ਡੈਣ, ਬੈਗਰ ਵਿਦਾਊਟ, ਸ਼ਿਵ ਪਾਰਵਤੀ, ਵਿੰਟਰ, ਤ੍ਰਿਸ਼ਾਰਟ, ਵਾਤਸਲਿਆ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਸਨ।

ਕੇਕੀ ਮੂਸ

ਤਸਵੀਰ ਸਰੋਤ, KAMLAKAR SAMANT

ਤਸਵੀਰ ਕੈਪਸ਼ਨ, ਕੇਕੀ ਮੂਸ ਉਹ ਘਰ ਜਿੱਥੇ ਉਹ 50 ਸਾਲ ਤੱਕ ਰਿਹਾ।

ਟੇਬਲ-ਟੌਪ ਫੋਟੋਗ੍ਰਾਫੀ ਲਈ ਮਸ਼ਹੂਰ

ਉਹ ਆਪਣੀ ਟੇਬਲ-ਟੌਪ ਫੋਟੋਗ੍ਰਾਫੀ ਲਈ ਮਸ਼ਹੂਰ ਹੋ ਗਏ। ਟੇਬਲਟੌਪ ਫੋਟੋਗ੍ਰਾਫੀ ਵਿੱਚ ਭਾਰਤ ਦੇ ਪਹਿਲੇ ਮਹਾਨ ਕਲਾਕਾਰ, ਜੇ. ਐਨ. ਕੇਕੀ ਨੇ ਉਨਵਾਲਾ ਤੋਂ ਟੇਬਲਟੌਪ ਫੋਟੋਗ੍ਰਾਫੀ ਵੀ ਸਿੱਖੀ।

ਇਸ ਵਿੱਚ, ਵਸਤੂਆਂ ਦੀ ਰਚਨਾਤਮਕ ਵਿਵਸਥਾ ਕਰ ਕੇ ਅਤੇ ਪਰਛਾਵੇਂ 'ਤੇ ਵਿਸ਼ੇਸ਼ ਜ਼ੋਰ ਦੇ ਕੇ ਇੱਕ ਢੁਕਵੀਂ ਉਚਾਈ ਤੋਂ ਲਈ ਗਈ ਫੋਟੋ ਨੂੰ ਟੇਬਲਟੌਪ ਫੋਟੋ ਕਿਹਾ ਜਾਂਦਾ ਹੈ।

ਟੇਬਲਟੌਪ ਫੋਟੋਗ੍ਰਾਫੀ ਦੁਆਰਾ ਲਈਆਂ ਗਈਆਂ ਤਸਵੀਰਾਂ ਜ਼ਿੰਦਾ ਲੱਗਦੀਆਂ ਹਨ। ਉਨ੍ਹਾਂ ਨੇ ਇਸ ਟੇਬਲਟੌਪ ਫੋਟੋਗ੍ਰਾਫੀ ਲਈ ਲੋੜੀਂਦੀ ਸਮੱਗਰੀ ਘਰ ਵਿੱਚ ਹੀ ਇਕੱਠੀ ਕੀਤੀ ਸੀ।

ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਨ੍ਹਾਂ ਨੇ ਟੇਬਲਟੌਪ ਲਈ ਵਰਤੀਆਂ ਹਨ ਉਹ ਅਜੇ ਵੀ ਚਾਲੀਸਗਾਓਂ ਵਿੱਚ ਕੇਕੀ ਮੂਸ ਆਰਟ ਗੈਲਰੀ ਵਿੱਚ ਹਨ। ਇਸ ਗੈਲਰੀ ਵਿੱਚ ਉਸ ਦੀਆਂ ਲਗਭਗ 1500 ਕ੍ਰਿਤੀਆਂ ਰਚਨਾਤਮਕ ਤੌਰ 'ਤੇ ਵਿਵਸਥਿਤ ਕੀਤੀਆਂ ਗਈਆਂ ਹਨ।

ਉਸ ਸਮੇਂ ਕੇਕੀ ਦੀ ਤਸਵੀਰ 'ਦਿ ਵਿੱਚ ਆਫ਼ ਚਾਲੀਸਗਾਓਂ' ਨੂੰ 'ਬੈਲਜੀਅਨ ਫਾਈਨ ਆਰਟ ਸੁਸਾਇਟੀ' ਵੱਲੋਂ ਸੋਨੇ ਦਾ ਤਮਗਾ ਦਿੱਤਾ ਗਿਆ ਸੀ।

ਕੇਕੀ ਮੂਸ ਦੀ ਖੋਜ ਕਰਨ ਤੋਂ ਬਾਅਦ, ਸਲਾਹਕਾਰ ਕ੍ਰਾਂਤੀ ਅਠਾਵਲੇ-ਪਾਟਨਕਰ ਦਾ ਕਹਿਣਾ ਹੈ, "ਇੱਕ ਕਿੱਸਾ ਇਹ ਹੈ ਕਿ ਫੋਟੋਆਂ ਭੇਜਣ ਦੀ ਸਮਾਂ ਸੀਮਾ ਬੀਤ ਜਾਣ ਤੋਂ ਬਾਅਦ ਵੀ ਕੇਕੀ ਨੂੰ ਆਪਣੀ ਪਸੰਦ ਦੀ ਮਾਡਲ ਨਹੀਂ ਮਿਲ ਸਕੀ। ਉਨ੍ਹਾਂ ਨੇ ਰੱਬ ਅੱਗੇ ਮਾਡਲ ਭੇਜਣ ਦੀ ਅਰਦਾਸ ਕੀਤੀ।"

"ਫਿਰ ਅਗਲੀ ਸਵੇਰ ਕੇਕੀ ਆਪਣੇ ਘਰ ਦੇ ਵਰਾਂਡੇ ਵਿੱਚ ਆਪਣੇ ਵਾਲ ਸੁਕਾ ਰਹੇ ਸਨ। ਉੱਥੋਂ ਕੋਲੋਂ ਲੰਘ ਰਹੀ ਇੱਕ ਦਾਦੀ ਨੇ ਉਸ ਨੂੰ ਦੇਖਿਆ ਅਤੇ ਇਹ ਸੋਚ ਕੇ ਉਹ ਕੋਈ ਡਾਕਟਰ ਹੈ, ਦਵਾਈ ਮੰਗਣ ਲਈ ਘਰ ਵਿੱਚ ਵੜ ਗਈ।

ਕੇਕੀ ਨੂੰ ਤੁਰੰਤ ਅਹਿਸਾਸ ਹੋਇਆ ਹੈ ਕਿ ਮਾਡਲ ਮਿਲ ਗਈ। ਕੇਕੀ ਨੇ ਉਸ ਨੂੰ 4 ਆਨਿਆਂ ਦੀਆਂ ਲੱਕੜਾਂ ਦੇ 5 ਰੁਪਏ ਦਿੱਤੇ ਅਤੇ ਤਸਵੀਰਾਂ ਲੈਣ ਲਈ ਤਿਆਰ ਕੀਤਾ।

ਉਸ ਨੇ ਛਤ ʼਤੇ ਉਸ ਦੀਆਂ ਕਰੀਬ 40 ਤਸਵੀਰਾਂ ਲਈਆਂ ਅਤੇ ਫਿਰ ਆਪਣੇ ਹਨੇਰੇ ਕਮਰੇ ਵਿੱਚ 24 ਘੰਟੇ ਤੱਕ ਉਨ੍ਹਾਂ ʼਤੇ ਕੰਮ ਕੀਤਾ ਅਤੇ ਉਨ੍ਹਾਂ ਵਿੱਚੋਂ ਇੱਕ ਪ੍ਰਤੀਯੋਗਤਾ ਵਿੱਚ ਭੇਜਿਆ। ਇਸ ਤਸਵੀਰ ਨੇ ਗੋਲਡ ਮੈਡਲ ਜਿੱਤਿਆ ਸੀ।"

ਕੇਕੀ ਦੀ ਟੇਬਲਟੌਪ ਫੋਟੋਗ੍ਰਾਫੀ ਨੇ ਤਿੰਨ ਸੌ ਕੌਮੀ ਅਤੇ ਕੌਮਾਂਤਰੀ ਪੁਰਸਕਾਰ ਜਿੱਤੇ ਹਨ।

ਕੇਕੀ ਮੂਸ

ਤਸਵੀਰ ਸਰੋਤ, ADV KRANTI PATANAKAR

ਤਸਵੀਰ ਕੈਪਸ਼ਨ, ਕੇਕੀ ਮੂਸ ਫਾਊਂਡੇਸ਼ਨ ਹਰ ਸਾਲ 31 ਦਸੰਬਰ ਨੂੰ ਕੇਕੀ ਦੇ ਯਾਦਗਾਰੀ ਦਿਵਸ ਦੇ ਮੌਕੇ 'ਤੇ ਕਲਾ ਮਹਰਿਸ਼ੀ ਕੇਕੀ ਮੂਸ ਆਰਟ ਗੈਲਰੀ ਦੇ ਅਹਾਤੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ

ਕੇਕੀ ਚਾਲੀਸਗਾਓਂ ਕਿਵੇਂ ਪਹੁੰਚੇ

ਕੇਕੀ ਦਾ ਪੂਰਾ ਨਾਂ ਕੈਖੁਸਾਰੋ ਮਾਨੇਕਜੀ ਮੂਸ ਹੈ ਪਰ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ 'ਕੇਕੀ' ਕਹਿ ਕੇ ਬੁਲਾਉਂਦੀ ਹੁੰਦੀ ਸੀ। ਬਾਅਦ ਵਿੱਚ ਇਹ ਨਾਮ ਉਨ੍ਹਾਂ ਦੀ ਪਛਾਣ ਬਣ ਗਿਆ।

ਉਨ੍ਹਾਂ ਨੂੰ ਬਾਬੂਜੀ ਵੀ ਕਿਹਾ ਜਾਂਦਾ ਸੀ। ਉਹ ਚਾਲੀਸਗਾਓਂ ਸਟੇਸ਼ਨ ਦੇ ਕੋਲ ਇੱਕ ਪੱਥਰ ਦੇ ਬੰਗਲੇ ਵਿੱਚ ਰਹਿੰਦੇ ਸਨ।

ਕੇਕੀ ਦਾ ਜਨਮ 2 ਅਕਤੂਬਰ 1912 ਨੂੰ ਮਾਲਾਬਾਰ ਹਿੱਲ, ਮੁੰਬਈ ਦੇ ਕੁਲੀਨ ਖੇਤਰ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਪਿਰੋਜਾ ਅਤੇ ਮਾਨੇਕਜੀ ਫਰਾਮਜੀ ਮੂਸ ਦੇ ਘਰ ਹੋਇਆ ਸੀ।

ਆਰਸੀ ਨਰੀਮਨ, ਉਨ੍ਹਾਂ ਦੇ ਚਾਚਾ ਮੁੰਬਈ ਦੇ ਇੱਕ ਮਸ਼ਹੂਰ ਉਸਾਰੀ ਕਾਰੋਬਾਰੀ ਸਨ। ਤਤਕਾਲੀ ਟੀਵੀ ਸਟੇਸ਼ਨ ਭਾਵ ਅੱਜ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਉਨ੍ਹਾਂ ਵੱਲੋਂ ਬਣਾਈ ਗਈ ਇਮਾਰਤ ਹੈ।

ਮੁੰਬਈ ਦੇ ਵਿਲਸਨ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਕੇਕੀ ਉੱਚ ਸਿੱਖਿਆ ਲਈ ਇੰਗਲੈਂਡ ਚਲੇ ਗਏ। ਦਰਅਸਲ ਨੌਂ ਸਾਲ ਦੀ ਉਮਰ ਤੋਂ ਪੇਂਟਿੰਗ ਕਰਨ ਵਾਲੇ ਕੇਕੀ ਕਲਾਕਾਰ ਬਣਨਾ ਚਾਹੁੰਦੇ ਸਨ।

ਪਰ ਮਾਨੇਕਜੀ ਚਾਹੁੰਦੇ ਸਨ ਕਿ ਕੇਕੀ ਉਨ੍ਹਾਂ ਦੀ ਸੋਡਾ ਵਾਟਰ ਫੈਕਟਰੀ ਅਤੇ ਸ਼ਰਾਬ ਦੀ ਦੁਕਾਨ ਦਾ ਪ੍ਰਬੰਧਨ ਕਰਨ। ਇਸੇ ਦੌਰਾਨ 1934-35 ਦੇ ਆਸਪਾਸ ਮਾਨੇਕਜੀ ਦੀ ਮੌਤ ਤੋਂ ਬਾਅਦ ਪਿਰੋਜਾਜੀ ਨੇ ਦੁਕਾਨ ਦੀ ਜ਼ਿੰਮੇਵਾਰੀ ਸੰਭਾਲ ਲਈ।

ਆਪਣੇ ਪੁੱਤਰ ਨੂੰ ਆਪਣੇ ਸੁਪਨੇ ਲਈ ਇੰਗਲੈਂਡ ਜਾਣ ਦੀ ਇਜਾਜ਼ਤ ਦਿੱਤੀ। ਕੇਕੀ 1935 ਵਿੱਚ ਲੰਡਨ ਦੇ ਸ਼ੈਫੀਲਡ ਦੇ ਬੇਨੇਟ ਕਾਲਜ ਵਿੱਚ ਸ਼ਾਮਲ ਹੋਏ। ਕੇਕੀ ਨੇ ਚਾਰ ਸਾਲਾਂ ਵਿੱਚ ਕਮਰਸ਼ੀਅਲ ਆਰਟ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ।

ਇਸ ਕੋਰਸ ਵਿੱਚ ਫੋਟੋਗ੍ਰਾਫੀ ਵੀ ਇੱਕ ਵਿਸ਼ਾ ਸੀ। ਕੇਕੀ ਨੇ ਵੀ 1937 ਵਿੱਚ ਇਸ ਦਾ ਅਧਿਐਨ ਕੀਤਾ। ਬਾਅਦ ਵਿੱਚ 'ਰਾਇਲ ਸੋਸਾਇਟੀ ਆਫ਼ ਆਰਟ ਆਫ਼ ਗ੍ਰੇਟ ਬ੍ਰਿਟੇਨ' ਨੇ ਉਨ੍ਹਾਂ ਨੂੰ ਆਨਰੇਰੀ ਮੈਂਬਰਸ਼ਿਪ ਦਿੱਤੀ।

ਉਸ ਤੋਂ ਬਾਅਦ ਕੇਕੀ ਅਮਰੀਕਾ, ਜਾਪਾਨ, ਰੂਸ, ਸਵਿਟਜ਼ਰਲੈਂਡ ਗਏ। ਉੱਥੇ ਫੋਟੋਗ੍ਰਾਫੀ ਦੀਆਂ ਕਈ ਪ੍ਰਦਰਸ਼ਨੀਆਂ ਦੇਖੀਆਂ। ਬਹੁਤ ਸਾਰੇ ਕਲਾਕਾਰਾਂ ਨੂੰ ਮਿਲੇ ਅਤੇ 1938 ਵਿੱਚ ਭਾਰਤ ਵਾਪਸ ਪਰਤ ਆਏ।

ਇਸ ਤੋਂ ਬਾਅਦ ਉਹ ਬੰਬਈ ਤੋਂ ਸਿੱਧਾ ਚਾਲੀਸਗਾਓਂ ਆ ਗਏ ਅਤੇ ਇਸ ਤੋਂ ਬਾਅਦ ਲਗਭਗ ਪੰਜਾਹ ਸਾਲ ਤੱਕ ਆਪਣੇ ਬੰਗਲੇ ਤੱਕ ਸੀਮਤ ਰਹੇ।

ਡੱਚ ਪੇਂਟਰ ਰੇਮਬ੍ਰਾਂਟ ਕਿਕੀ ਉਨ੍ਹਾਂ ਦਾ ਪ੍ਰੇਰਨਾ ਸਰੋਤ ਸੀ। ਚਿੱਤਰਕਾਰ ਰੇਮਬ੍ਰਾਂਟ ਦਾ ਉਨ੍ਹਾਂ ਦੇ ਮਨ 'ਤੇ ਬਹੁਤ ਪ੍ਰਭਾਵ ਸੀ। ਇਸ ਲਈ ਉਨ੍ਹਾਂ ਨੇ ਆਪਣੇ ਬੰਗਲੇ ਦਾ ਨਾਂ 'ਆਸ਼ੀਰਵਾਦ' ਬਦਲ ਕੇ 'ਰੇਮਬਰੌਂਜ਼ ਰੀਟਰੀਟ' ਕਰ ਦਿੱਤਾ।

ਸਾਰੀ ਉਮਰ ਆਪਣੇ ਪਿਆਰੇ ਦੀ ਉਡੀਕ ਕਰਦਿਆਂ ਕਲਾ ਨੂੰ ਸਮਰਪਿਤ ਕਰਨ ਵਾਲਾ ਇਹ ਮਹਾਨ ਕਲਾਕਾਰ 31 ਦਸੰਬਰ 1989 ਨੂੰ ਸਵੇਰੇ 11 ਵਜੇ ਦੇ ਕਰੀਬ ਇਸੇ ਘਰ ਤੋਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਇਸ ਦੌਰਾਨ, ਮਹਾਰਾਸ਼ਟਰ ਰਾਜ ਸਾਹਿਤ ਅਤੇ ਸੱਭਿਆਚਾਰ ਬੋਰਡ ਨੇ 1983 ਵਿੱਚ ਕੇਕੀ ਅਤੇ ਉਨ੍ਹਾਂ ਦੀ ਫੋਟੋਗ੍ਰਾਫੀ 'ਤੇ ਇੱਕ ਕਿਤਾਬ 'ਕੇਕੀ ਮੂਜਸ - ਲਾਈਫ ਐਂਡ ਸਟਿਲ ਲਾਈਫ' ਪ੍ਰਕਾਸ਼ਿਤ ਕੀਤੀ ਹੈ।

ਕਮਲਾਕਰ ਸਾਮੰਤ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਕੇਕੀ ਦੀ ਆਤਮਕਥਾ ʻਵ੍ਹੈਨ ਆਈ ਸ਼ੇਡ ਮਾਈ ਟੀਅਰਸ' ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕੇਕੀ ਮੂਜਸ ਫਾਊਂਡੇਸ਼ਨ ਵੱਲੋਂ ਹਰ ਸਾਲ 31 ਦਸੰਬਰ ਨੂੰ ਕੇਕੀ ਦੇ ਯਾਦਗਾਰੀ ਦਿਵਸ ਮੌਕੇ ਕਲਾਮਹਰਿਸ਼ੀ ਕੇਕੀ ਮੂਸ ਆਰਟ ਗੈਲਰੀ ਦੇ ਵਿਹੜੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)